ਬਲਜੀਤ ਬਾਸੀ
ਇਹ ਸਾਰੀ ਕਾਇਨਾਤ ਵਿਭਿੰਨ ਤੱਤਾਂ ਦਾ ਮਹਾਂ ਜੋੜ ਹੈ। ਭਾਵੇਂ ਮੈਂ ਕਾਇਨਾਤ ਨੂੰ ਚਲਾਉਣ ਵਾਲੀ ਪਰਾਸਰੀਰਕ ਸ਼ਕਤੀ ਵਿਚ ਵਿਸ਼ਵਾਸ ਨਹੀਂ ਰੱਖਦਾ, ਭਲੇ ਹੀ ਇਹ ਇਕ ਰੱਬ ਹੋਣ ਵਾਲੀ ਸ਼ਕਤੀ ਦੇ ਰੂਪ ਵਿਚ ਹੀ ਹੋਵੇ ਪਰ ਮੈਂ ਗੁਰੂ ਨਾਨਕ ਦੇਵ ਦੀ ਇਸ ਧਾਰਨਾ ਦਾ ਕਾਇਲ ਹਾਂ ਕਿ ਇਹ ਸਾਰਾ ਪ੍ਰਪੰਚ ਇਕ ਏਕਤਾ ਵਿਚ ਬਝਾ ਹੋਇਆ ਹੈ, ਕੁਝ ਵੀ ਨਿਖੜਵਾਂ ਨਹੀਂ, “ਆਪੇ ਸਚੁ ਕੀਆ ਕਰ ਜੋੜਿ॥ ਅੰਡਜ ਫੋੜ ਜੋੜਿ ਵਿਛੋੜਿ॥” ਬ੍ਿਰਹਮੰਡ ਦਾ ਹਰ ਜੁਜ਼ ਇਕ ਦੂਜੇ ਨਾਲ ਇਕ ਅਦਿਖ ਢੰਗ ਨਾਲ ਜੁੜਿਆ ਹੋਇਆ ਹੈ। ਜੋੜ ਸ਼ਬਦ ਵੀ ਕੁਝ ਇਸੇ ਤਰ੍ਹਾਂ ਹੈ। ਇਸ ਦੇ ਅਰਥ-ਪਸਾਰ ਦਾ ਕੋਈ ਪਾਰਾਵਾਰ ਨਹੀਂ। ਜ਼ਿੰਦਗੀ ਦੇ ਕਿੰਨੇ ਹੀ ਪਹਿਲੂਆਂ ਵਿਚ ਅਸੀਂ ਇਸ ਦੀ ਵਰਤੋਂ ਦੇਖਦੇ ਹਾਂ। ਧਰਮੀ ਲੋਕ ਆਪਣੀ ਲਿਵ ਪਰਮਾਤਮਾ ਨਾਲ ਜੋੜਨ ਨੂੰ ਜਿੰਦਗੀ ਦਾ ਮੁਖ ਮੰਤਵ ਸਮਝਦੇ ਹਨ ਤੇ ਦੁਨਿਆਵੀ ਪੁਰਸ਼ ਮਾਇਆ ਜੋੜਨ ‘ਤੇ ਹੀ ਲੱਗੇ ਰਹਿੰਦੇ ਹਨ। ਮੇਰੇ ਵਰਗੇ ਜੋੜ-ਤੋੜ ਕਰਕੇ ਮਸਾਂ ਰੋਟੀ ਜੁੜਦੀ ਕਰਦੇ ਹਨ। ਦੁਨੀਆਂ ਅੱਗੇ ਤਾਂ ਹੀ ਤੁਰਦੀ ਹੈ ਜੇ ਵਿਪਰੀਤ ਲਿੰਗੀ ਵਿਆਹ ਕਰਕੇ ਜੋੜੀ ਬਣਾ ਲੈਣ ਭਾਵੇਂ ਇਹ ਜੋੜ ਅਣਜੋੜ ਹੀ ਕਿਉਂ ਨਾ ਹੋਵੇ। ਦੁਨੀਆਂ ਨੂੰ ਕੁਝ ਵਧੇਰੇ ਹੀ ਯੋਗਦਾਨ ਦੇਣ ਦੇ ਕਾਹਲੇ ਕਈ ਵਿਆਹੁਤਾ ਜੋੜੇ ਤਾਂ ਜੌੜੇ ਹੀ ਪੈਦਾ ਕਰ ਦਿੰਦੇ ਹਨ। ਕਈਆਂ ਦੀ ਜਿੰਦਗੀ ਜੋੜਾਂ ਦੇ ਦਰਦ ਨਾਲ ਦੁਭਰ ਹੋ ਜਾਂਦੀ ਹੈ। ਕੁਝ ਇਕਨਾਂ ਦੇ ਜੋੜ ਏਨੇ ਜੁੜ ਜਾਂਦੇ ਹਨ ਕਿ ਉਹ ਵਿਚਾਰੇ ਹਿਲਜੁਲ ਵੀ ਨਹੀਂ ਸਕਦੇ ਪਰ ਬੁਢੇਪੇ ਵਿਚ ਕਈ ਦੂਜਿਆਂ ਦੇ ਜੋੜ ਹਿੱਲਣ ਹੀ ਲੱਗ ਜਾਂਦੇ ਹਨ। ਨੰਗੇ ਪੈਰਾਂ ਨੂੰ ਮੌਸਮ ਦੇ ਕਹਿਰ ਤੋਂ ਬਚਾਉਣ ਲਈ ਜੋੜਿਆਂ ਦੀ ਜ਼ਰੂਰਤ ਪੈਂਦੀ ਹੈ। ਇਹ ਇੰਨੇ ਕੀਮਤੀ ਸਮਝੇ ਜਾਂਦੇ ਹਨ ਧਾਰਮਕ ਸਥਾਨਾਂ ‘ਤੇ ਇਨ੍ਹਾਂ ਦੇ ਰੱਖਣ ਲਈ ਰਾਖਵਾਂ ਥਾਂ ਹੁੰਦਾ ਹੈ ਤੇ ਕਈ ਵਾਰੀ ਟੋਕਨ ਲੈਣਾ ਪੈਂਦਾ ਹੈ। ਪੱਲਿਆਂ ਦੀ ਜੋੜੀ ਤੋਂ ਬਿਨਾਂ ਕਿਵਾੜ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੇ। ਵਿਆਹ ਵਿਚ ਜੋੜਾ ਜਾਮਾ ਨਾ ਲੈ ਕੇ ਜਾਵੋ ਤਾਂ ਨੱਕ ਨਹੀਂ ਰਹਿੰਦਾ। ਜੋੜ ਦੇ ਸਵਾਲ ਪਾਸ ਕਰੇ ਤੋਂ ਬਿਨਾਂ ਤੁਸੀਂ ਦੂਜੀ ਜਮਾਤ ਵੀ ਨਹੀਂ ਟੱਪ ਸਕਦੇ। ਕਈਆਂ ਨੂੰ ਕਵਿਤਾ ਜੋੜਨੀ ਆਉਂਦੀ ਹੈ। ਜੋ ਕਵਿਤਾ ਨਾ ਜੁੜਦੀ ਹੋਵੇ ਉਹ ਅਕਵਿਤਾ ਹੀ ਕਹਾਏਗੀ। ਮੁਕਾਬਲੇ ਜਾਂ ਬਰਾਬਰ ਦੀ ਚੀਜ਼ ਜੋੜ ਹੁੰਦੀ ਹੈ ਤੇ ਦੂਜੀ ਅਣਜੋੜ।
ਦੁਨੀਆਂ ਦੀ ਕੋਈ ਵੀ ਚੀਜ਼ ਜੋੜ ਲਾਏ ਬਿਨਾਂ ਨਹੀਂ ਬਣ ਸਕਦੀ। ਜੋੜ ਉਖੜ ਜਾਵੇ ਤਾਂ ਫਿਰ ਪਤਾ ਲਗਦਾ ਹੈ, ਕਿਵੇਂ ਝੁੱਗਾ ਚੌੜ ਹੁੰਦਾ ਹੈ। ਕਪੜਾ ਥੁੜ ਜਾਵੇ ਤਾਂ ਸਸਤੇ ਕਪੜੇ ਦਾ ਜੋੜ ਪਾਉਣਾ ਪੈਂਦਾ ਹੈ। ਜੋੜ-ਮੇਲੇ ਤੋਂ ਬਿਨਾਂ ਜ਼ਿੰਦਗੀ ਦਾ ਕਾਹਦਾ ਮਜ਼ਾ? ਜੋੜ ਤੋਂ ਵੀ ਅੱਗੇ ਜੇ ਗਠਜੋੜ ਕਰ ਲਿਆ ਜਾਵੇ ਤਾਂ ਦੁਸ਼ਮਣ ਮੈਦਾਨ ਵਿਚ ਖੜ ਨਹੀਂ ਸਕਦਾ। ਜੁੜਨਾ ਵਿਚ ਵੀ ਬਹੁਤ ਸਾਰੇ ਜੋੜ ਦੇ ਹੀ ਭਾਵ ਹਨ, ਜੇ ਕੋਈ ਕਸਰ ਸੀ ਤਾਂ ਜੂੜਨਾ ਨੇ ਪੂਰੀ ਕਰ ਦਿੱਤੀ। ਜੂੜਿਆ ਪਸ਼ੂ ਜਾਊ ਕਿਥੇ? ਇਸ ਦੀ ਲੱਖਣਾਤਮਕ ਵਰਤੋਂ ਦੇਖੋ, “ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਪਾਠਕ ਨੂੰ ਜੂੜ ਲੈਂਦੀਆਂ ਹਨ।” ਊਨੀ ਕਪੜੇ ਗਰਮ ਪਾਣੀ ਨਾਲ ਧੋਣ ਪਿਛੋਂ ਜੁੜ ਜਾਂਦੇ ਹਨ ਤੇ ਦੰਦਲ ਪੈਣ ਨਾਲ ਦੰਦ ਜੁੜ ਜਾਂਦੇ ਹਨ। ਜੋੜ ਦੇ ਭਾਵ ਤੋਂ ਬਹੁਤ ਸਾਰੇ ਮੁਹਾਵਰੇ ਤੇ ਅਖਾਣਾਂ ਦੀ ਸਿਰਜਣਾ ਹੋਈ ਹੈ। ਜਿਵੇਂ ਜੋੜ ਬਿਠਾਉਣਾ; ਜੋੜ ਲਾਉਣਾ; ਜੁੜ ਬੈਠਣਾ, ਜੁੜ ਜਾਣਾ; ਜੋੜ ਭਰਨਾ; ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ; ਰਾਮ ਬਣਾਈ ਜੋੜੀ ਇਕ ਅੰਨ੍ਹਾਂ ਤੇ ਇਕ ਕੋਹੜੀ; ਬੰਦਾ ਜੋੜੇ ਪਲੀ ਪਲੀ ਤੇ ਰਾਮ ਰੁੜਾਏ ਕੁੱਪਾ। ਰਾਮ ਸ਼ਾਇਦ ਇਹ ਜੋੜ-ਤੋੜ ਇਸ ਲਈ ਕਰਦਾ ਹੈ ਕਿ ਉਸ ਦੇ ਮਨ ਵਿਚ ਕੋਈ ਹੋਰ ਜੋੜ ਫਸੇ ਹੁੰਦੇ ਨੇ।
ਜੁੱਤੀ ਅਤੇ ਜੁਗਤੂ ਵਾਲੇ ਲੇਖਾਂ ਵਿਚ ਅਸੀਂ ਯੁੱਜ ਧਾਤੂ ਕਾਰਜਸ਼ੀਲ ਦੇਖਿਆ ਸੀ। ਇਹ ਧਾਤੂ ਮੂਲ ਰੂਪ ਵਿਚ ਜੁੜਨ ਦਾ ਭਾਵ ਦਿੰਦਾ ਹੈ। ਅਸਲ ਵਿਚ ਯੁੱਜ ਧਾਤੂ ਦਾ ਪਿਉ ਇਕ ਹੋਰ ਧਾਤੂ ਹੈ, ‘ਯੁ’ ਜਿਸ ਵਿਚ ਵੀ ਜੁੜਨ, ਮਿਲਣ ਆਦਿ ਦੇ ਭਾਵ ਹਨ। ਪਿਛਲੇ ਲੇਖਾਂ ਵਿਚ ਅਸੀਂ ਨਿਯਮਿਤ ਰੂਪ ਵਿਚ ਬਣੇ ਕੁਝ ਸ਼ਬਦਾਂ ਦਾ ਜ਼ਿਕਰ ਕੀਤਾ ਸੀ। ਅੱਜ ਅਸੀਂ ਇਸ ਦਾ ਹੋਰ ਵਿਸਥਾਰ ਦਿੰਦੇ ਹਾਂ। ‘ਯੁ’ ਧਾਤੂ ਤੋਂ ਇਕ ਹੋਰ ਉਪਧਾਤੂ ‘ਜੁਟ’ ਬਣਿਆ ਜਿਸ ਵਿਚ ਵੀ ਜੁੜਨ ਦਾ ਭਾਵ ਹੈ। ਇਸ ਤੋਂ ਪੰਜਾਬੀ ਦੇ ਕਈ ਸ਼ਬਦ ਬਣੇ ਹਨ। ਜੁੱਟ ਹੀ ਲੈ ਲਵੋ। ਇਸ ਦਾ ਅਰਥ ਇਕ ਤੋਂ ਵਧ ਵਸਤਾਂ ਖਾਸ ਕਰਕੇ ਵਿਅਕਤੀਆਂ ਦਾ ਮੇਲ ਹੈ। ਇਕ-ਜੁੱਟ ਸ਼ਬਦ ਵਿਚ ਇਹ ਵਧੇਰੇ ਚੰਗੀ ਤਰ੍ਹਾਂ ਉਜਾਗਰ ਹੁੰਦਾ ਹੈ। ਕੰਮ ਵਿਚ ਜੁੱਟਣ ਦਾ ਭਾਵ ਕੰਮ ਨਾਲ ਜੁੜਨ ਤੋਂ ਹੀ ਹੈ, “ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗ ਜੁਟੁ॥” -ਗੁਰੂ ਨਾਨਕ।
ਠੂਠੀ ਨੂੰ ਵੀ ਜੁੱਟ ਕਿਹਾ ਜਾਂਦਾ ਹੈ, ਇਥੇ ਠੂਠੀ ਨੂੰ ਦੋ ਅਧੇ ਟੁਕੜਿਆਂ ਦੇ ਜੋੜ ਵਜੋਂ ਦੇਖਿਆ ਗਿਆ ਹੈ। ਇਸੇ ਤੋਂ ਅੱਗੇ ਜੋਟੀ ਤੇ ਜੋਟੀਦਾਰ ਸ਼ਬਦ ਵਿਕਸਿਤ ਹੋ ਗਏ ਹਨ। ਵਿਚ ਰਾਰਾ ਪੈ ਕੇ ਵਾਧੂ ਦੇ ਸ਼ਬਦ ਜਰੁੱਟ ਤੇ ਜਰੋਟਾ ਆ ਧਮਕੇ। ਰਿਸ਼ੀਆਂ-ਮੁਨੀਆਂ ਦੇ ਗੁੱਥਮਗੁੱਥਾ ਹੋਏ ਵਾਲ ਜਟਾਂ ਕਹਾਉਂਦੇ ਹਨ। “ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ॥” -ਭਗਤ ਕਬੀਰ। ਇਸ ਦੇ ਹੋਰ ਰੂਪ ਜਟੂਆ ਤੇ ਜਟੂਰੀ ਹਨ। ਇਥੇ ਵੀ ਵਾਲਾਂ ਦੇ ਜੁੜਨ ਦਾ ਹੀ ਭਾਵ ਹੈ, “ਜਾ ਕੋ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ” -ਭਟ ਕਲਯ। “ਸੀਸ ਜਟਾਨ ਕੇ ਜੂਟ ਸੁਹਾਏ” -ਦਸਮ ਗ੍ਰੰਥ। ਸ਼ਿਵ ਦੇ ਅਜਿਹੇ ਭਗਤਾਂ ਨੂੰ ਅਸੀਂ ਜਟਾਜੂਟ ਜਾਂ ਜਟਾਧਾਰੀ ਵੀ ਆਖ ਦਿੰਦੇ ਹਾਂ। ਸ਼ਿਵ ਆਪ ਇਸ ਉਪਾਧੀ ਦਾ ਧਾਰਕ ਹੈ। ਜੂਟ ਸ਼ਬਦ ਦਾ ਅਸਲ ਵਿਚ ਮਤਲਬ ਜੂੜਾ ਹੈ ਤੇ ਜੂੜਾ ਵੀ ਜੂਟ ਦਾ ਅਗਲਾ ਰੂਪ ਹੀ ਹੈ। ਜਟਿਲ ਸ਼ਬਦ ਵੀ ਇਥੇ ਥਾਂ ਸਿਰ ਹੈ ਜੋ ਗੁੱਥਮਗੁੱਥਾ ਸਥਿਤੀ ਵੱਲ ਸੰਕੇਤ ਕਰਦਾ ਹੈ। ਪਟਸਨ ਲਈ ਅੰਗਰੇਜ਼ੀ ਸ਼ਬਦ ਜਿਊਟ (ਜੁਟe) ਵਰਤਿਆ ਜਾਂਦਾ ਹੈ। ਇਹ ਇਕ ਰੇਸ਼ੇਦਾਰ ਪੌਦਾ ਹੈ ਜਿਸ ਦਾ ਤਣਾ ਬਹੁਤ ਪਤਲਾ ਹੁੰਦਾ ਹੈ। ਇਸ ਦੀਆਂ ਗੱਠਾਂ ਬੰਨ੍ਹ ਕੇ ਪਾਣੀ ਵਿਚ ਰਖੀਆਂ ਜਾਂਦੀਆ ਹਨ ਤੇ ਬਾਅਦ ਵਿਚ ਰੇਸ਼ੇ ਉਤਾਰ ਲਏ ਜਾਂਦੇ ਹਨ। ਇਹ ਸਣ ਵਰਗਾ ਹੀ ਹੁੰਦਾ ਹੈ। ਇਸ ਤੋਂ ਬੋਰੀਆਂ, ਟਾਟ, ਰੱਸੀਆਂ, ਤਿਰਪਾਲਾਂ ਆਦਿ ਬਣਾਈਆਂ ਜਾਂਦੀਆਂ ਹਨ। ਬੰਗਾਲ ਵਿਚ ਇਸ ਦਾ ਖੂਬ ਉਤਪਾਦਨ ਹੁੰਦਾ ਹੈ। ਇਹ ਸ਼ਬਦ ਬੰਗਲਾ ਦੇ ਝੂਟੋ ਸ਼ਬਦ ਤੋਂ ਅੰਗਰੇਜ਼ੀ ਵਿਚ ਗਿਆ ਜੋ ਅੰਤਮ ਤੌਰ ‘ਤੇ ਜਟ ਨਾਲ ਹੀ ਜੁੜਿਆ ਹੋਇਆ ਹੈ। ਯੂਰਪ ਵਿਚ 18ਵੀਂ ਸਦੀ ਤੋਂ ਇਸ ਸ਼ਬਦ ਦੀ ਵਰਤੋਂ ਮਿਲਦੀ ਹੈ। ਅੰਗਰੇਜ਼ਾਂ ਨੇ ਇਸ ਜਿਣਸ ਅਤੇ ਸ਼ਬਦ ਨੂੰ ਯੂਰਪ ਵਿਚ ਲਿਆਂਦਾ। ਕਈ ਹੋਰ ਰੇਸ਼ੇਦਾਰ ਬੂਟੀਆਂ ਦਾ ਨਾਂ ਵੀ ਜਟ ਹੈ। ਦਸਮ ਗ੍ਰੰਥ ਵਿਚ ਇਕ ਥਾਂ ‘ਤੇ ਆਉਂਦਾ ਹੈ,
ਦਾਗੜਦੰਗ ਦੋਖੀ ਬਾਗੜਦੰਗ ਬੂਟੀ॥
ਆਗੜਦੰਗ ਹੈ ਏਕ ਤੇ ਏਕ ਜੂਟੀ॥
ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ॥
ਜਾਗੜਦੰਗ ਜੋਧਾ ਮਹਾਤੇਜ ਮੰਤਾ॥
ਇਸ ਵਿਚ ‘ਏਕ ਤੇ ਏਕ ਜੂਟੀ’ ਵਿਚ ਆਈ ਉਕਤੀ ਦਾ ਅਰਥ ‘ਮਹਾਨ ਕੋਸ਼’ ਅਨੁਸਾਰ ਹੈ, “ਪਹਾੜ ਦੀ ਬੂਟੀ ਇੱਕ ਤੋਂ ਇੱਕ ਚਮਕਦੀ ਹੋਈ।” ਸਪਸ਼ਟ ਹੈ ਇਥੇ ਜੂਟੀ ਦਾ ਅਰਥ ਚਮਕਦੀ, ਰੌਸ਼ਨ ਕੀਤਾ ਗਿਆ ਹੈ। ਪਰ ਮੈਨੂੰ ਇਸ ਸ਼ਬਦ ਦਾ ਅਰਥ ਚਮਕਣਾ ਕਿਤੇ ਨਹੀਂ ਮਿਲਿਆ। ਅਸਲ ਵਿਚ ਇਥੇ ਇਸ ਦਾ ਭਾਵ ਬਣਦਾ ਹੈ ਕਿ ਹਨੂਮਾਨ ਨੇ ਬਹੁਤ ਸਾਰੀਆਂ ਬੂਟੀਆਂ ‘ਗੁਥਮਗੁੱਥਾ’ ਹੋਈਆਂ ਦੇਖੀਆਂ। ਊਠ ‘ਤੇ ਲੱਦਿਆ ਲਾਂਗਾ ਉਤਾਰਨ ਲਈ ਵਰਤੇ ਜਾਂਦੇ ਇਕ ਸਿੰਗੜ ਵਾਲੇ ਸੰਦ ਨੂੰ ਜਟ ਕਿਹਾ ਜਾਂਦਾ ਹੈ। ਇਸ ਜਟ ਵਿਚ ਵੀ ਇਕ ਜੋੜ ਹੀ ਹੁੰਦਾ ਹੈ ਜਿਸ ਕਰਕੇ ਇਸ ਨੂੰ ਜਟ ਕਿਹਾ ਜਾਂਦਾ ਹੋਵੇਗਾ। ਅਸੀਂ ਜੜੀ-ਬੂਟੀ ਸ਼ਬਦ ਜੁੱਟ ਵਰਤਦੇ ਹਾਂ।
ਅਸਲ ਵਿਚ ਜੜ੍ਹ ਸ਼ਬਦ ਦਾ ਪਹਿਲਾ ਰੂਪ ਵੀ ਜਟ ਹੀ ਹੈ। ਜੜ੍ਹ ਕਿਸੇ ਵੀ ਬੂਟੇ ਨੂੰ ਧਰਤੀ ਨਾਲ ਜੋੜ ਕੇ ਰਖਦੀ ਹੈ। ਪੰਜਾਬੀ ਵਿਚ ਅਜਿਹੇ ਹੀ ਅਰਥਾਂ ਵਿਚ ਜੱਟਬੂਟ ਸ਼ਬਦ ਆਉਂਦਾ ਹੈ। ਆਮ ਧਾਰਨਾ ਹੈ ਕਿ ਇਸ ਦਾ ਅਰਥ ਬੂਟ (ਜੁੱਤੀ) ਵਰਗੀ ਮੱਤ ਵਾਲਾ ਜੱਟ ਹੈ। ਪਰ ਇਹ ਵਿਆਖਿਆ ਦਰੁਸਤ ਪ੍ਰਤੀਤ ਨਹੀਂ ਹੁੰਦੀ। ਅੰਗਰੇਜ਼ੀ ਦਾ ਬੂਟ ਸ਼ਬਦ ਸਾਡੇ ਸਭਿਆਚਾਰ ਵਿਚ ਆਮ ਪ੍ਰਚਲਤ ਨਹੀਂ ਕਿ ਇਸ ਨਾਲ ਜੱਟ ਸ਼ਬਦ ਜੁੜ ਕੇ ਇਕ ਹੋਰ ਸ਼ਬਦ ਬਣ ਜਾਵੇ। ਮੈਨੂੰ ਲਗਦਾ ਹੈ ਕਿ ਇਸ ਸ਼ਬਦ ਦਾ ਅਰਥ ਜੜ੍ਹ ਅਰਥਾਤ ਸਥਿਰ ਹੋਏ ਬੂਟੇ ਵਰਗੀ ਬੁਧੀ ਹੈ ਜਿਸ ਨੂੰ ਅਸੀਂ ਜੜ੍ਹਬੁਧੀ ਵੀ ਆਖ ਦਿੰਦੇ ਹਾਂ। ਬਾਅਦ ਵਿਚ ਇਸ ਨੂੰ ਜੱਟ ਜਾਤੀ ਨਾਲ ਮਿਲਾ ਲਿਆ ਗਿਆ।
ਸ਼ੁਰੂ ਵਿਚ ਅਸੀਂ ਜੋ ਜੋੜ ਸ਼ਬਦ ਦੀ ਚਰਚਾ ਕੀਤੀ ਸੀ ਉਹ ਅਸਲ ਵਿਚ ਜੁਟ ਉਪ ਧਾਤੂ ਤੋਂ ਹੀ ਉਪਜਿਆ ਹੈ। ਬਹੁਤ ਹਾਲਤਾਂ ਵਿਚ ‘ਟ’ ਧੁਨੀ ਪੰਜਾਬੀ ਵਿਚ ਆ ਕੇ ‘ੜ’ ਵਿਚ ਬਦਲ ਜਾਂਦੀ ਹੈ। ਕੜਾ ਸ਼ਬਦ ਕਟਕ ਤੋਂ ਬਣਿਆ ਹੈ। ਪਰ ‘ੜ’ ਧੁਨੀ ਅੱਗੇ ‘ਰ’ ਵਿਚ ਵੀ ਬਦਲ ਜਾਂਦੀ ਹੈ ਜਿਵੇਂ ਲੜਨਾ ਤੋਂ ਲਰਨਾ, “ਜੋ ਲਰੈ ਦੀਨ ਕੇ ਹੇਤੁ॥” ਗੁਰੂ ਗ੍ਰੰਥ ਸਾਹਿਬ ਵਿਚ ਜੁੜ ਦਾ ਇਕ ਰੁਪਾਂਤਰ ‘ਜੁਰ’ ਵੀ ਮਿਲਦਾ ਹੈ। “ਸਗਲ ਬਿਧੀ ਜਿਰ ਆਹਰੁ ਕਰਿਆ ਤਜਿਓ ਸਗਲ ਅੰਦੇਸਾ॥”, “ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ॥”, “ਹਰਿ ਸਿਉ ਜੁਰੈ ਤ ਸਭੁ ਕੋ ਮੀਤੁ॥” -ਗੁਰੂ ਅਰਜਨ ਦੇਵ। “ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ॥” -ਗੁਰੂ ਰਾਮ ਦਾਸ।
Leave a Reply