ਜ਼ਿੰਦਗੀ ਦੀ ਬਾਜ਼ੀ ਹਾਰ ਗਿਆ – ਰਾਜਵੀਰ ਜਵੰਦਾ

ਪਾਲੀ ਭੁਪਿੰਦਰ ਸਿੰਘ
ਇੱਕ ਸ਼ਾਨਦਾਰ ਨੌਜਵਾਨ ਦੀ ਬੇਵਕਤੀ ਮੌਤ ਦਾ ਕਿਸ ਨੂੰ ਦੁੱਖ ਨਹੀਂ! ਉਸਦਾ ਮੁਸਕਰਾਉਂਦਾ ਚਿਹਰਾ ਵੇਖ ਕੇ ਹੀ ਕਲੇਜੇ ਨੂੰ ਧੂਹ ਪੈਂਦੀ ਹੈ। ਪਰ ਕੀ ਤੁਹਾਡਾ ਸਾਰਾ ਗੁੱਸਾ ਪਸ਼ੂਆਂ ‘ਤੇ ਕੱਢਣਾ ਜਾਇਜ਼ ਹੈ? ‘ਅਵਾਰਾ ਪਸ਼ੂ’ ਇਹ ਕਹਿ ਕੇ ਤੁਹਾਡਾ ਕਥਾਰਸਿਜ਼ ਹੁੰਦਾ ਹੈ, ਪਰ ਇਹ ਵੀ ਤਾਂ ਸੋਚੋ, ਉਨ੍ਹਾਂ ਨੂੰ ਅਵਾਰਾ ਬਣਾਇਆ ਕਿਸੇ ਨੇ? ਅਸੀਂ ਇਨਸਾਨਾਂ ਨੇ।

ਸਾਨੂੰ ਗੁੱਸਾ ਹੈ ਕਿ ਉਹ ਸਾਡੀਆਂ ਸੜਕਾਂ ‘ਤੇ ਆਣ ਚੜ੍ਹਦੇ ਨੇ। ਪਰ ਇਹ ਵੀ ਨਾ ਭੁੱਲੋ ਕਿ ਅਸੀਂ ਸੜਕਾਂ ਕੱਢੀਆਂ ਹੀ ਉਨ੍ਹਾਂ ਦੇ ਘਰਾਂ ਵਿਚ ਦੀ ਨੇ। ਜਦੋਂ ਅਸੀਂ ਕਲੋਨੀਆਂ ਕੱਟ-ਕੱਟ ਜੰਗਲ-ਬੇਲੇ ਹੀ ਮੁਕਾ ਛੱਡੇ, ਉਹ ਜਾਣਗੇ ਵੀ ਕਿੱਥੇ? ਸੜਕਾਂ ‘ਤੇ ਹੀ ਆਉਣਗੇ। ਤੁਸੀਂ ਉਨ੍ਹਾਂ ਨੂੰ ਘਰ ਦੇ ਦਿਓ, ਉਹ ਨਹੀਂ ਆਉਂਦੇ ਤੁਹਾਡੀਆਂ ਸੜਕਾਂ ‘ਤੇ!
ਕਿੰਨਾ ਪਖੰਡ ਹੈ ਇਹ! ਅਸੀਂ ਉਨ੍ਹਾਂ ਪਸੂਆਂ ਨੂੰ ਪਾਲਦੇ ਹਾਂ, ਜੋ ਸਾਡੇ ਕੰਮ ਦੇ ਨੇ। ਜੋ ਸਾਡੇ ਕੰਮ ਦੇ ਨਹੀਂ, ਉਹ ਸਾਡੇ ਲਈ ਅਵਾਰਾ ਨੇ। ਇਹ ਅਸੀਂ ਹੀ ਤਾਂ ਹਾਂ ਜੋ ਇਨ੍ਹਾਂ ਗਊਆਂ ਨੂੰ ਉਦੋਂ ਸੜਕਾਂ ‘ਤੇ ਛੱਡ ਦਿੰਦੇ ਹਾਂ, ਜਦੋਂ ਉਹ ਫੰਡਰ ਹੋ ਜਾਂਦੀਆਂ ਹਨ। ਕੀ ਤੁਹਾਨੂੰ ਇਹ ਸੋਚ ਜਾਇਜ਼ ਲੱਗਦੀ ਹੈ?
ਕੀ ਤੁਹਾਨੂੰ ਪਤਾ ਹੈ, ਪਿਛਲੇ ਸਾਲਾਂ ਵਿਚ ਕਿੰਨੇ ਜੰਗਲ ਸਰਕਾਰਾਂ ਨੇ ਅਦਾਨੀ-ਅੰਬਾਨੀਆਂ ਨੂੰ ਦਿੱਤੇ ਨੇ ਤਾਂ ਕਿ ਉਹ ਓਥੇ ਫੈਕਟਰੀਆਂ ਲਾ ਸਕਣ! ਕੀ ਤੁਸੀਂ ਉਦੋਂ ਇਹ ਸਵਾਲ ਕੀਤਾ ਸੀ, ਉੱਥੇ ਰਹਿਣ ਵਾਲੇ ਹਜ਼ਾਰਾਂ ਜਾਨਵਰ ਕਿੱਥੇ ਜਾਣਗੇ! ਜਦੋਂ ਤੁਸੀਂ ਵੱਡੇ-ਵੱਡੇ ਹਾਈਵੇ ਵੇਖ ਖੁਸ਼ ਹੁੰਦੇ ਹੋ, ਕਦੇ ਨਹੀਂ ਸੋਚਦੇ ਕਿ ਇਨ੍ਹਾਂ ‘ਤੇ ਆ ਸਕਣ ਵਾਲੇ ਜਾਨਵਰ ਵੀ ਹੁਣ ਸ਼ਹਿਰਾਂ ‘ਤੇ ਪਿੰਡਾਂ ਦੀਆਂ ਸੜਕਾਂ ‘ਤੇ ਆ ਜਾਣਗੇ। ਹਿੰਦੂ ਸੰਗਠਨਾਂ ਦੀ ਨਿੰਦਾ ਕਰ ਕੇ ਵੀ ਕੁੱਝ ਨਹੀਂ ਹੋਣਾ। ਸਗੋਂ ਸ਼ੁਕਰ ਕਰੋ ਕਿ ਉਨ੍ਹਾਂ ਨੇ ਧਰਮ ਜਾਂ ਪੁੰਨ ਦੇ ਨਾਂ ‘ਤੇ ਗਊਸ਼ਾਲਾਵਾਂ ਬਣਾ ਕੇ ਘੱਟੋ-ਘੱਟ ਇੱਕ ਜੀਵ-ਪ੍ਰਜਾਤੀ ਤਾਂ ਥੋੜ੍ਹੀ ਬਹੁਤ ਸਾਂਭ ਲਈ। ਬਾਕੀ ਤੁਸੀਂ ਸਾਂਭ ਲਵੋ। ਕਿੰਨੇ ਕੁੱਤੇ ਵੀ ਨੱਸੇ ਫਿਰਦੇ ਨੇ ਸੜਕਾਂ ‘ਤੇ। ਉਨ੍ਹਾਂ ਕਰਕੇ ਵੀ ਬਥੇਰੇ ਹਾਦਸੇ ਹੁੰਦੇ ਨੇ। ਪਰ ਵੇਖੀ ਹੈ ਕਦੇ ਕਿਸੇ ਨੇ ਕੋਈ ਕੁੱਤ-ਸ਼ਾਲਾ!
ਬਹੁਤ ਇਨਸਾਨ ਵੀ ਸੜਕਾਂ ‘ਤੇ ਅਵਾਰਾ ਪਸ਼ੂਆਂ ਵਾਂਗ ਹੀ ਨੱਸੇ ਫਿਰਦੇ ਨੇ ਜਨਾਬ! ਪੁੱਠੇ-ਸਿੱਧੇ ਕੱਟ ਮਾਰਦੇ ‘ਤੇ ਗਲਤ ਮੋੜ ਮੁੜਦੇ ਨੇ। ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ‘ਤੇ ਰੇਸਾਂ ਲਾਉਂਦੇ ਨੇ। ਉਨ੍ਹਾਂ ਕਰਕੇ ਵੀ ਬਹੁਤ ਹਾਦਸੇ ਹੁੰਦੇ ਨੇ। ਕਿਸਮਤ ਹੀ ਹੁੰਦੀ ਹੈ ਕਿ ਉਸ ਸਮੇਂ ਅਸੀਂ ਉਸ ਥਾਂ ‘ਤੇ ਨਹੀਂ ਹੁੰਦੇ। ਰਾਜਬੀਰ ਵਿਚਾਰੇ ਦੀ ਇਹ ਬਦਕਿਸਮਤੀ ਸੀ ਕਿ ਇੱਕ ਅਜਿਹੇ ਸਮੇਂ ਅਜਿਹੀ ਥਾਂ ਤੋਂ ਲੰਘ ਰਿਹਾ ਸੀ।
ਹਾਂ, ਸੜਕੀ ਅੱਤਵਾਦ ਬਹੁਤ ਭਿਆਨਕ ਹੈ ਪਰ ਇਸਨੂੰ ਰੋਕਣਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ। ਸਰਕਾਰਾਂ ਰੋਡ-ਟੈਕਸ ਲੈ ਕੇ ‘ਰੋਡ’ ਬਣਾ ਦੇਣ, ਇੰਨਾ ਹੀ ਕਾਫੀ ਹੈ। ਪਰ ਕਰੋੜਾਂ ਜਾਨਵਰਾਂ ਨੂੰ ਸੜਕਾਂ ‘ਤੇ ਆ ਜਾਣ ਤੋਂ ਰੋਕ ਲੈਣਾ, ਇਹ ਸ਼ਾਇਦ ਤਾਂ ਹੀ ਸੰਭਵ ਹੈ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ ਤੇ ਅਸੀਂ ਸਾਰੀ ਧਰਤੀ ਦੇ ਇਕੱਲੇ ਮਾਲਕ ਹੋ ਜਾਈਏ। ਜਾਂ ਇਹ ਇੱਕ ਚੋਣ ਹੈ ਕਿ ਅਸੀਂ ਆਪਣੇ ਪਸਾਰ ਉੱਤੇ ਕੰਟਰੋਲ ਕਰ ਲਈਏ ਤੇ ਉਨ੍ਹਾਂ ਲਈ ਵੀ ਕੁੱਝ ਜੰਗਲ-ਬੇਲੇ ਛੱਡ ਦੇਈਏ।
ਪਰ ਪਤਾ ਇਹ ਤੁਹਾਨੂੰ ਵੀ ਹੈ ‘ਤੇ ਮੈਨੂੰ ਵੀ, ਸਾਡੀ ਚੋਣ ਸ਼ਰਤੀਆ ਪਹਿਲੀ ਹੋਵੇਗੀ। ਕਿਹਾ ਨਾ, ਇਨਸਾਨ ਕੁਦਰਤ ਦੀ ਸਭ ਤੋਂ ਕਮੀਨੀ ਔਲਾਦ ਹੈ।