ਕਾਹਲ ਨਹੀਂ ਕਰੀਦੀ ਬੀਬਾ!

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਸਾਨੂੰ ਕਾਹਲ ਹੁੰਦੀ ਕਿ ਸਾਡਾ ਹਰ ਕੰਮ ਸਾਡੀ ਮਰਜ਼ੀ ਮੁਤਾਬਕ ਜਲਦੀ ਪੂਰਾ ਹੋਵੇ। ਸਾਡੀਆਂ ਇਛਾਵਾਂ ਪੂਰੀਆਂ ਹੋਣ। ਸਾਡੇ ਸੁਪਨਿਆਂ ਦਾ ਸੱਚ ਅੱਖ ਝੱਪਕਦਿਆਂ ਸਾਡਾ ਹਾਸਲ ਬਣੇ। ਸਾਡੀਆਂ ਤਰਜੀਹਾਂ, ਮੱਥੇ ਦੀਆਂ ਤਕਦੀਰਾਂ ਬਣ ਜਾਣ। ਸਾਡੀਆਂ ਆਸਾਂ ਨੂੰ ਇਕ ਦਮ ਬੂਰ ਪਵੇ ਅਤੇ ਸਾਡੀ ਹਿੱਕ ਵਿਚ ਮਚਲਦੇ ਚਾਵਾਂ ਨੂੰ ਹੁਲਾਰਾ ਮਿਲੇ।

ਪਰ ਕਾਹਲ ਵਿਚ ਅਕਸਰ ਹੀ ਕੰਮ ਵਿਗੜ ਜਾਂਦੇ। ਧੀਰਜ ਰੱਖ ਕੇ ਤੁਰਦਿਆਂ ਨੂੰ ਮੰਜ਼ਲਾਂ ਦਾ ਸਿਰਾ ਥਿਆ ਜਾਂਦਾ। ਅਸੀਂ ਮਨਚਾਹੀਆਂ ਉਪਲੱਬਧੀਆਂ ਦਾ ਸਿਰਲੇਖ ਬਣਦੇ।
ਬੱਚਾ ਪਹਿਲੇ ਦਿਨ ਹੀ ਰਿੜ੍ਹਨਾ/ਤੁਰਨਾ ਨਹੀਂ ਸਿੱਖ ਜਾਂਦਾ। ਪਹਿਲਾਂ ਰਿੜ੍ਹਨਾ, ਫਿਰ ਖੜ੍ਹਾ ਹੋਣਾ ਅਤੇ ਫਿਰ ਹੌਲੀ-ਹੌਲੀ ਪਹਿਲਾ ਕਦਮ ਉਠਾ ਕੇ ਤੁਰਨਾ ਸਿੱਖਦਾ ਹੈ। ਕੁਝ ਸਮਾਂ ਤਾਂ ਲੱਗਦਾ ਹੀ ਹੈ।
ਨਿੱਕੇ ਜਹੇ ਬੱਚੇ ਦੀ ਜੀਭ ਦਾ ਤੰਦੂਆ ਕੱਟ ਰਿਹਾ ਡਾਕਟਰ, ਮਾਂ ਦੀ ਉਤਸੁਕਤਾ ਨੂੰ ਜਾਣ ਕੇ ਬੋਲਿਆ, ‘ਹੌਂਸਲਾ ਰੱਖੋ। ਬੱਚੇ ਨੂੰ ਬੋਲਣ ਲਈ ਕੁਝ ਸਮਾਂ ਤਾਂ ਲੱਗੇਗਾ। ਫਿਰ ਬੱਚੇ ਨੇ ਬੋਲਣਾ ਹੈ ਅਤੇ ਤੁਸੀਂ ਚੁੱਪ ਕਰਵਾਉਣਾ ਹੈ।’
ਬੀਜ ਨੂੰ ਧਰਤੀ ‘ਚ ‘ਕੇਰ ਕੇ ਬੋਹਲ ਵਿਚ ਤਬਦੀਲ ਹੋਣ ਲਈ ਕੁਝ ਸਮਾਂ ਤਾਂ ਲੱਗੇਗਾ। ਇਕ ਦਿਨ ਵਿਚ ਤਾਂ ਇਸਨੇ ਬੋਹਲ ਨਹੀਂ ਬਣ ਜਾਣਾ। ਕਿਸੇ ਦੀ ਤਰੱਕੀ ਨੂੰ ਦੇਖ ਕੇ ਈਰਖਾ ਕਰਨ ਵਾਲਿਆ! ਇਹ ਤਰੱਕੀ ਇਕ ਦਿਨ ਵਿਚ ਨਹੀਂ ਹੋਈ। ਫਰਸ਼ ਤੋਂ ਅਰਸ਼ ਤੀਕ ਪਹੁੰਚਣ ਲਈ ਕੁਝ ਸਮਾਂ ਤਾਂ ਲੱਗੇਗਾ ਹੀ। ਝੌਂਪੜੀ ਨੇ ਇਕ ਦਿਨ ਵਿਚ ਮਹਿਲ ਦਾ ਰੂਪ ਨਹੀਂ ਧਾਰਿਆ। ਪਤਾ ਨਹੀਂ ਝੌਂਪੜੀ ਦੇ ਵਾਸੀਆਂ ਨੇ ਕਿੰਨੇ ਸਮੇਂ ਅਤੇ ਕਿਹੜੀ ਮੁਸੱLਕਤ ਨਾਲ ਘਰ ਦੇ ਸੁਪਨੇ ਦੀ ਪੂਰਤੀ ਦਾ ਅਹਿਸਾਸ ਸਿਰਜਿਆ। ਸਮਾਂ ਤਾਂ ਲੱਗਦਾ ਹੈ।
ਪਾਣੀ ਕਦੇ ਵੀ ਇਕ ਪਲ ਵਿਚ ਬੱਦਲਾਂ ਦਾ ਰੂਪ ਨਹੀਂ ਧਾਰਦਾ। ਇਸਨੂੰ ਆਪਣਾ ਸਰੂਪ ਬਦਲਣ ਲਈ ਕੁਝ ਸਮਾਂ ਤਾਂ ਲੱਗਦਾ ਹੈ। ਤਿੱਤਰਖੰਭੀਆਂ ਨੂੰ ਅਸਮਾਨ ਵਿਚ ਦੇਖ ਕੇ ਉਦਾਸ ਨਾ ਹੋ, ਇਸਨੂੰ ਸਾਉਣ ਦੀ ਘਟਾ ਬਣਨ ਵਿਚ ਕੁਝ ਸਮਾਂ ਤਾਂ ਲੱਗੇਗਾ ਹੀ।
ਰੱਕੜ ਦੀ ਤਾਸੀਰ ਕਦੇ ਵੀ ਆਪਣੇ ਆਪ ‘ਤੇ ਝੁਰਦੀ ਨਹੀਂ। ਉਸਨੂੰ ਪਤਾ ਹੈ ਕਿ ਕੁਝ ਉਪਰਾਲਿਆਂ ਸਦਕਾ ਉਪਜਾਊ ਧਰਤ ਬਦਲਣ ਵਿਚ ਸਮਾਂ ਤਾਂ ਲੱਗੇਗਾ ਹੀ। ਆਪਣੀ ਲਾਡਲੀ ਧੀ ਸਹੁਰੀਂ ਤੋਰ ਕੇ ਮਾਪਿਆਂ ਦੇ ਸੀਨੇ ਵਿਚ ਉਗੀ ਚੀਸ ਨੇ ਇਕ ਦਮ ਸੁਖਨ ਵਿਚ ਤਾਂ ਨਹੀਂ ਬਦਲ ਜਾਣਾ। ਇਸਨੂੰ ਕੁਝ ਸਮਾਂ ਤਾਂ ਲੱਗਣਾ ਹੀ ਹੈ। ਧੀ ਦੀਆਂ ਗੁੱਡੀਆਂ/ਪਟੋਲਿਆਂ ਦੇ ਰੁਆਂਸੇ ਚਿਹਰਿਆਂ ਨੂੰ ਦੇਖ ਕੇ ਮਨ ਵਿਚ ਪੈਦਾ ਹੋਈ ਉਦਾਸੀ ਤੋਂ ਨਿਜ਼ਾਤ ਪਾਉਣ ਲਈ ਧੀ ਦੇ ਖਿਡੌਣਿਆਂ ਨੂੰ ਸੰਭਾਲਦੀ ਮਾਂ ਨੂੰ ਸੰਭਲਣ ਲਈ ਕੁਝ ਸਮਾਂ ਤਾਂ ਲੱਗਦਾ ਹੀ ਆ।
ਪੁੱਤ ਦੀਆਂ ਪ੍ਰਦੇਸ ਜਾਂਦੀਆਂ ਪੈੜਾਂ ਨੂੰ ਨਿਹਾਰਦੀ, ਦਰਾਂ ‘ਤੇ ਖੜ੍ਹੀ ਮਾਂ ਦੇ ਨੈਣਾਂ ਵਿਚ ਛਲਕਦੇ ਹੰਝੂਆਂ ਨੂੰ ਸੁੱਕਣ ਵਿਚ ਕੁਝ ਸਮਾਂ ਤਾਂ ਲੱਗੇਗਾ ਹੀ ਜਦ ਨੈਣਾਂ ਤੋਂ ਦੂਰ ਗਿਆ ਲਾਡਲਾ, ਫਿਰ ਪੋਲੇ ਕਦਮੀਂ ਘਰ ਦੀਆਂ ਬਰੂਹਾਂ ਦੀ ਦਸਤਕ ਬਣੇਗਾ।
ਛੁੱਟੀ ਮੁੱਕਣ ‘ਤੇ ਆਪਣੇ ਦਿਲਜਾਨੀ ਨੂੰ ਤੋਰ ਕੇ ਪਲੰਘ ‘ਤੇ ਲੇਟੀ, ਹੰਝੂਆਂ ਨਾਲ ਸਿਰਹਾਣਾ ਭਿਉਂਦੀ ਸਾਥਣ ਦੀਆਂ ਹਿਚਕੀਆਂ ਨੂੰ ਥੰਮ੍ਹਣ ਵਿਚ ਕੁਝ ਸਮਾਂ ਤਾਂ ਲੱਗੇਗਾ, ਜਦ ਉਸਦਾ ਮਨ ਮਾਹੀ ਨੂੰ ਮੁੜ ਮਿਲਣ ਦੀ ਆਸ ‘ਚ ਚਹਿਕਣ ਲੱਗ ਪਵੇਗਾ। ਉਸ ਦੀਆਂ ਬਾਹਾਂ ਵਿਚ ਪਾਏ ਰੰਗਲੇ ਚੂੜੇ ਦੀ ਖਣਕਾਰ ਵਿਚ ਘਰ ਦੀਆਂ ਕੰਧਾਂ ਗਾਉਣ ਲੱਗ ਪੈਣਗੀਆਂ।
ਨਦੀਆਂ ਨਾਲੇ ਇਕ ਦਮ ਤਾਂ ਦਰਿਆ ਬਣ ਨਹੀਂ ਜਾਂਦੇ। ਇਨ੍ਹਾਂ ਨੂੰ ਦਰਿਆ ਬਣ ਕੇ ਆਪਣੇ ਰਾਹ ਖੁLਦ ਸਿਰਜਣ ਅਤੇ ਆਪਣੀ ਰਵਾਨਗੀ ਨੂੰ ਨਵੀਂ ਪਹਿਚਾਣ ਦੇਣ ਵਿਚ ਕੁਝ ਸਮਾਂ ਤਾਂ ਲੱਗੇਗਾ ਹੀ।
ਤਿੜਕੇ ਸੁਪਨੇ ਦੇ ਦਰਦ ਵਿਚ ਕਰਾਹੁੰਦੇ ਸ਼Lਖਸ ਨੂੰ ਫਿਰ ਤੋਂ ਆਪਣੇ ਸੁਪਨੇ ਦੀ ਪੂਰਨਤਾ ਦਾ ਰਾਹੀ ਬਣ ਕੇ ਇਸਦੀ ਪ੍ਰਾਪਤੀ ਦੇ ਮਾਣ ਵਿਚ ਕੁਝ ਸਮਾਂ ਤਾਂ ਲੱਗੇਗਾ। ਕਈ ਵਾਰ ਤਾਂ ਸੁਪਨੇ ਦੇ ਸੱਚ ਲਈ ਕਈ ਸਾਲ ਵੀ ਲੱਗ ਜਾਂਦੇ।
ਹਾਬੜਿਆਂ ਵਾਂਗ ਤੱਤਾ ਭੋਜਨ ਖਾਣ ਨਾਲ ਜੀਭ ‘ਤੇ ਛਾਲੇ ਪੈ ਜਾਂਦੇ। ਇਸਨੂੰ ਠੰਢਾ ਹੋਣ ਅਤੇ ਲਜ਼ੀਜ਼ਤਾ ਨੂੰ ਮਾਨਣ ਲਈ ਕੁਝ ਸਮਾਂ ਤਾਂ ਲੱਗੇਗਾ ਹੀ।
ਅਕਸਰ ਹੀ ਲੋਕ ਕੱਚਘਰੜ ਲਿਖ ਅਤੇ ਛਪਵਾ ਕੇ, ਵੱਡਾ ਲੇਖਕ ਹੋਣ ਦਾ ਭਰਮ ਪਾਲਣ ਲੱਗਦੇ। ਸ਼ਬਦਕਾਰੀ ਨੂੰ ਸੰਵੇਦਨਾ, ਸੁਚੇਤਨਾ ਅਤੇ ਸਾਰਥਿਕਤਾ ਵਿਚ ਰੰਗ ਕੇ, ਇਸਦੀ ਸੁੱਚਮ ਅਤੇ ਉਤਮ ਅਰਥਕਾਰੀ ਕਰਨ ਵਿਚ ਕੁਝ ਸਮਾਂ ਤਾਂ ਲੱਗੇਗਾ ਹੀ। ਕਈ ਵਾਰ ਤਾਂ ਉਮਰਾਂ ਬੀਤ ਜਾਂਦੀਆਂ ਨੇ ਕੁਝ ਨਵਾਂ ਲਿਖਣ ਅਤੇ ਵਿਲੱਖਣ ਸਿਰਜਣ ਲਈ।
ਗਰੀਬੀ ਤੋਂ ਅਮੀਰੀ ਦਾ ਸਫ਼ਰ ਬਹੁਤ ਸੰਘਰਸ਼ਪੂਰਨ, ਸੇਧਮਈ, ਸਿਰੜ/ਸਾਧਨਾ ਅਤੇ ਸਮਰਪਿਤਾ ‘ਚ ਰੰਗਿਆ ਹੁੰਦਾ। ਇਸ ਸਫ਼ਰ ਨੂੰ ਕੁਝ ਸਮਾਂ ਤਾਂ ਲੱਗਦਾ ਹੀ ਹੈ। ਇਕ ਦਮ ਅਮੀਰ ਬਣਨ ਦੀ ਲਾਲਸਾ ਪਾਲਣ ਵਾਲੇ ਅਕਸਰ ਹੀ ਗਲਤ ਰਾਹਾਂ ਦੇ ਵਣਜਾਰੇ ਬਣ ਕੇ ਖੁLਦ ਨੂੰ ਸਮਾਜਿਕ ਕਲੰਕ ਦਾ ਨਾਮ ਦੇ ਦਿੰਦੇ ਅਤੇ ਬਦਨਾਮੀ ਦਾ ਸਬੱਬ ਵੀ ਬਣਦੇ।
ਆਪਣਿਆਂ ਦੇ ਲਾਏ ਫੱਟਾਂ ਦਾ ਦਰਦ ਬਹੁਤ ਬੁਰਾ। ਅਜੇਹੇ ਅੱਲ੍ਹੇ ਜ਼ਖ਼ਮਾਂ ਨੂੰ ਭਰਨ ਵਿਚ ਕੁਝ ਵਕਤ ਤਾਂ ਲੱਗਦਾ ਹੀ ਹੈ। ਪਰ ਬਹੁਤੀ ਵਾਰ ਭਰ ਚੁੱਕੇ ਜ਼ਖ਼ਮਾਂ ਦੇ ਨਿਸ਼ਾਨ ਸਾਰੀ ਉਮਰ ਹੀ ਰੜਕਦੇ ਰਹਿੰਦੇ।
ਬੋਲਾਂ ਦੀ ਕੁੜੱਤਣ ਨੂੰ ਮਿਠਾਸ ਵਿਚ ਬਦਲਣ ਲਈ ਕੁਝ ਤਾਂ ਸਮਾਂ ਲੱਗਦਾ ਕਿਉਂਕਿ ਬੋਲਾਂ ਦੀ ਮਿਠਾਸ ਅੰਤਰੀਵ ਵਿਚ ਪਨਪਦੀ। ਕੁੜੱਤਣ ਤੇ ਪਾਖੰਡ ਦੀ ਲੇਪ ਬੜੀ ਜਲਦੀ ਉਤਰ ਜਾਂਦੀ ਅਤੇ ਬੰਦੇ ਦੇ ਅੰਦਰਲੀ ਕਮੀਨਗੀ ਜੱਗ-ਜ਼ਾਹਰ ਹੋ ਜਾਂਦੀ।
ਔਰਤ ਨੂੰ ਮਾਂ ਬਣਨ ਦਾ ਮਾਣ ਇਕਦਮ ਨਹੀਂ ਮਿਲਦਾ। ਮਾਂ ਦਾ ਰੁਤਬਾ ਹਾਸਲ ਕਰਨ ਲਈ ਕੁੱਖ ਵਿਚ ਬੱਚੇ ਨੂੰ ਪਾਲ ਕੇ, ਇਕ ਔਰਤ ਮਾਂ ਅਤੇ ਮਮਤਾ ਦੀ ਸੁੰਦਰ ਮੂਰਤ ਬਣਦੀ। ਸਮਾਂ ਤਾਂ ਲੱਗਣਾ ਹੁੰਦਾ। ਕਾਹਲ ਕਿਸੇ ਸਥਿਰ ਪ੍ਰਾਪਤੀ ਦਾ ਆਧਾਰ ਨਹੀਂ ਹੁੰਦੀ।
ਬਰਫ਼ ਨਾਲ ਝੰਬਿਆ ਬਿਰਖ਼ ਯੱਕਦਮ ਪੱਤਿਆਂ, ਫੁੱਲਾਂ ਅਤੇ ਫਲਾਂ ਦਾ ਵਰਦਾਨ ਨਹੀਂ ਹੁੰਦਾ। ਉਸਨੂੰ ਬਹਾਰ ਦੀ ਉਡੀਕ ਕਰਨੀ ਪੈਂਦੀ ਤਾਂ ਹੀ ਕੁਦਰਤ ਮਿਹਰਬਾਨ ਹੋ ਕੇ ਬਿਰਖ਼ ਦੀ ਝੋਲੀ ਕੁਦਰਤੀ ਨਿਆਮਤਾਂ ਨਾਲ ਭਰਦੀ।
ਆਦਤਾਂ ਇਕ ਦਮ ਨਹੀਂ ਬਣਦੀਆਂ ਤੇ ਨਾ ਹੀ ਬਦਲਦੀਆਂ। ਨਵੀਂ ਆਦਤ ਬਣਨ ਨੂੰ ਸਮਾਂ ਤਾਂ ਲੱਗਦਾ ਹੀ ਏ। ਖਾਸ ਕਰਕੇ ਮਾੜੀਆਂ ਆਦਤਾਂ ਨੂੰ ਛੱਡਣ ਅਤੇ ਚੰਗੀਆਂ ਨੂੰ ਅਪਨਾਉਣ ਲਈ।
ਸਮਾਂ ਤਾਂ ਲੱਗਦਾ ਹੀ ਏ ਜਦ ਕਿਸੇ ਮੰਜ਼ਲ ਨੂੰ ਪਾਉਣ ਦਾ ਖਿਆਲ, ਸੱਚ ਦਾ ਸਿਰਨਾਵਾਂ ਬਣ ਕੇ ਤੁਹਾਡੇ ਮਸਤਕ ‘ਤੇ ਉਕਰਿਆ ਜਾਵੇ।
ਵਕਤ ਤਾਂ ਲੱਗਦਾ ਹੀ ਹੈ ਵਕਤ ਕੱਢਣ ਲਈ ਤਾਂ ਕਿ ਮਿਥੇ ਵਕਤ ‘ਤੇ ਸੱਜਣ ਨੂੰ ਮਿਲ ਕੇ ਵਕਤ ਨੂੰ ਵਕਤ ਦੀ ਤਹਿਰੀਕ ਬਣਾਇਆ ਜਾਵੇ ਅਤੇ ਇਸਦੀ ਇਬਾਦਤ ਕਰਦਿਆਂ, ਵਕਤ ਦਾ ਨਗ਼ਮਾ ਗਾਇਆ ਜਾਵੇ।
ਵਕਤ ਤਾਂ ਲੱਗੇਗਾ ਹੀ ਪਹਿਲੀ ਵਾਰ ਮਿਲਣ ਤੋਂ ਬਾਅਦ ਕਿਸੇ ਦੇ ਮਨ ਵਿਚ ਪੈਦਾ ਹੋਈ ਕਸ਼ਿਸ਼ ਨੂੰ ਮੁਹੱਬਤ ਦਾ ਰੂਪ ਵਟਾਉਣ ਵਿਚ ਅਤੇ ਦਿਲ ਨਾਲ ਦਿਲ ਵਟਾਉਣ ਵਿਚ। ਕਾਹਲੀ ਨਾਲ ਬਹੁਤ ਸਾਰੇ ਕਾਰਜ ਅਕਸਰ ਵਿਗੜ ਹੀ ਜਾਂਦੇ।
ਸਮਾਂ ਤਾਂ ਲੱਗਣਾ ਹੁੰਦਾ ਜਦ ਕੋਈ ਝੁੱਗੀ ਦੇ ਤੁਸੱਵਰ ਵਿਚ ਮਹਿਲ ਬਣਨ ਦਾ ਸੁਪਨਾ ਅੰਗੜਾਈ ਭਰੇ ਅਤੇ ਫਿਰ ਝੁੱਗੀ ਦਾ ਵਜੂਦ ਮਹਿਲਾਂ ਨੂੰ ਮਾਤ ਕਰੇ।
ਸਮਾਂ ਤਾਂ ਲੱਗੇਗਾ ਹੀ ਜਦ ਕਿਸੇ ਦਾ ਦੁਰਕਾਰਨਾ, ਦੁਰਕਾਰੇ ਮਨ ਵਿਚ ਅਜੇਹੀ ਧੁਨ ਅਤੇ ਸਾਧਨਾ ਪੈਦਾ ਕਰੇ ਕਿ ਦੁਰਕਾਰੇ ਬੰਦੇ ਦੇ ਸਾਹਵੇਂ, ਦੁਰਕਾਰਨ ਵਾਲਾ ਸਿਰ ਝੁਕਾਉਣ ਅਤੇ ਮਾਫ਼ੀ ਮੰਗਣ ਲਈ ਮਜਬੂਰ ਹੋ ਜਾਵੇ।
ਸਮਾਂ ਤਾਂ ਲੱਗਦਾ ਹੈ ਪਰ ਵਕਤ ਜ਼ਰੂਰ ਆ ਜਾਂਦਾ ਜਦ ਵਕਤ ਤੋਂ ਮਿਟੇ ਅੱਖਰਾਂ ਦੀ ਸਿਸਕਦੀ ਲੋਅ ਲਾਟ ਬਣ ਕੇ ਵਰਕਿਆਂ ਨੂੰ ਚਾਨਣ ਰੱਤਾ ਕਰਦੀ ਅਤੇ ਸੁੱਤਿਆਂ ਨੂੰ ਜਗਾ ਕੇ ਵਕਤ ਦੀ ਤਹਿਜ਼ੀਬ ਹੀ ਬਦਲ ਦਿੰਦੀ।
ਸਮਾਂ ਜ਼ਰੂਰ ਲੱਗਦਾ ਜਦ ਇਕ ਹੀ ਵਿਅਕਤੀ ਕਿਸੇ ਕੌਮ, ਦੇਸ਼ ਜਾਂ ਖਿੱਤੇ ਦੀ ਤਕਦੀਰ ਨੂੰ ਲਿਖਦਾ ਜਿਸ ਨਾਲ ਬਦਲ ਜਾਂਦੀਆਂ ਕਈਆਂ ਦੀਆਂ ਤਦਬੀਰਾਂ, ਤਰਜੀਹਾਂ ਅਤੇ ਤਕਦੀਰਾਂ। ਸਾਨੂੰ ਵਕਤ ਦੀ ਉਡੀਕ ਤਾਂ ਕਰਨੀ ਹੀ ਪੈਣੀ ਕਿਉਂਕਿ ਹਰ ਪੱਤਝੜ ਤੋਂ ਬਾਅਦ ਹੀ ਬਹਾਰ ਆਉਂਦੀ। ਹਰ ਰਾਤ ਤੋਂ ਬਾਅਦ ਦਿਨ ਅਤੇ ਹਰ ਮੱਸਿਆ ਤੋਂ ਬਾਅਦ ਪੁੰਨਿਆ ਨੇ ਧਰਤ ਨੂੰ ਰੁਸ਼ਨਾਉਣਾ ਹੀ ਹੁੰਦਾ।
ਵਕਤ ਇੰਤਜ਼ਾਰ ਜ਼ਰੂਰ ਕਰਵਾਉਂਦਾ, ਬੰਦੇ ਦੀ ਪਰਖ ਲਈ। ਵਕਤ ਦੀ ਝੋਲੀ ਵਿਚ ਕਿਸੇ ਲਈ ਕੀ ਕੁਝ ਪਿਆ ਅਤੇ ਕਿਹੜੇ ਵਕਤ ਉਸਨੂੰ ਮਿਲਣਾ ਹੈ, ਇਹ ਸਭ ਕੁਝ ਮਿਲਣਾ ਹੀ ਹੁੰਦਾ। ਸਿਰਫ਼ ਬੰਦੇ ਦੀ ਉਡੀਕ ਨੂੰ ਵਕਤ ਪਰਖਣਾ ਤਾਂ ਚਾਹੁੰਦਾ। ਸਮਾਂ ਤਾਂ ਜ਼ਰੂਰ ਲੱਗਾ ਹੋਵੇਗਾ। ਐਂਵੇਂ ਨਹੀਂ ਕਿਸੇ ਦੀਆਂ ਉਪਲੱਬਧੀਆਂ ਨੂੰ ਦੇਖ ਕੇ ਝੂਰੀਦਾ। ਐ ਬੰਦੇ! ਬੜਾ ਲੰਮਾ ਸਫ਼ਰ ਅਤੇ ਸਮਾਂ ਲੱਗਦਾ ਕਿਸੇ ਅਜਨਬੀ ਦਾ ਮਹਾਨ ਹੋ ਜਾਣਾ ਅਤੇ ਫਿਰ ਵੀ ਖੁLਦ ਨੂੰ ਆਮ ਕਹਾਣਾ।
ਸੁੰਦਰ ਇਮਾਰਤ ਨੂੰ ਦੇਖ ਕੇ ਦੰਗ ਹੋਣ ਵਾਲਿਆ ਤੂੰ ਸੋਚਦਾ ਤਾਂ ਹੋਵੇਂਗਾ ਕਿ ਇਹ ਤਾਂ ਖਾਲੀ ਜਗ੍ਹਾ ਸੀ। ਪਰ ਖਾਲੀ ਜਗ੍ਹਾ ‘ਤੇ ਉਸਰੀ ਬਹੁ-ਮੰਜ਼ਲੀ ਇਮਾਰਤ ਬਣਨ ਵਿਚ ਕੁਝ ਸਮਾਂ ਤਾਂ ਲੱਗਿਆ ਹੀ ਹੈ।
ਸਮਾਂ ਲੱਗਦਾ ਹੈ ਕਿਸੇ ਲਈ ਅਪਣੱਤ ਦਾ ਪੈਦਾ ਹੋਣਾ, ਮਨ ਵਿਚ ਚਿਣਗ ਉਪਜਣੀ ਅਤੇ ਫਿਰ ਇਸਦੇ ਸੇਕ ਵਿਚ ਪਿਘਲ ਕੇ ਇਕ ਦੂਜੇ ਵਿਚ ਸਮਾ ਜਾਣਾ। ਕਦੇ ਭਰ ਵਗਦਾ ਦਰਿਆ ਇਕ ਦਿਨ ਵਿਚ ਬਰੇਤਾ ਨਹੀਂ ਬਣਦਾ। ਮਨੁੱਖੀ ਅਵੱਗਿਆਵਾਂ ਦਾ ਸਾਹਮਣਾ ਕਰਦਿਆਂ ਦਰਿਆ ਦੇ ਹਾਰ ਜਾਣ ਅਤੇ ਬਰੇਤਾ ਬਣ ਜਾਣ ਨੂੰ ਸਮਾਂ ਤਾਂ ਲੱਗਦਾ ਹੀ ਹੈ।
ਬੰਦੇ ਜੰਮਣ ਵਾਲੀ ਜ਼ਮੀਨ ਇਕ ਦਿਨ ਵਿਚ ਵਿਚ ਬੰਜਰ ਨਹੀਂ ਬਣੀ। ਮਨੁੱਖੀ ਹਵਸ ਨੇ ਇਸਦੀ ਕੁੱਖ ਵਿਚ ਜ਼ਹਿਰਾਂ ਅਤੇ ਖਾਦਾਂ ਪਾ ਕੇ ਇਸਨੂੰ ਬੰਜਰ ਤੇ ਰੱਕੜ ਬਣਾਉਣ ਵਿਚ ਸਮਾਂ ਤਾਂ ਲਾਇਆ ਹੀ ਏ।
ਬੰਦੇ ਦੇ ਵਿਚ ਮਾਨਵੀ ਸਰੋਕਾਰਾਂ ਦਾ ਬੀਜ ਨਾਸ਼ ਹੋਣਾ ਅਤੇ ਸੰਵੇਦਨਾਵਾਂ ਦਾ ਮਰ ਜਾਣਾ ਯਕਦਮ ਨਹੀਂ ਹੋਇਆ। ਸਮਾਂ ਤਾਂ ਲੱਗਿਆ ਹੀ ਏ ਕਿ ਇਕ ਸੰਵੇਦਨਸ਼ੀਲ ਮਨੁੱਖ ਹੌਲੀ-ਹੌਲੀ ਰੋਬੋਟ ਬਣ ਗਿਆ।
ਸਮਾਂ ਤਾਂ ਲੱਗਦਾ ਹੀ ਏ ਜਦ ੳ, ਅ, ਲਿਖਦਾ ਅਤੇ ਮੁਹਾਰਨੀ ਪੜ੍ਹਦਾ ਪੜ੍ਹਦਾ ਬੱਚਾ ਹੌਲੀ-ਹੌਲੀ ਅੱਖਰਕਾਰੀ ਕਰਨ ਲੱਗ ਜਾਂਦਾ। ਫਿਰ ਆਪਣੇ ਸ਼ਬਦਾਂ ਵਿਚ ਗਿਆਨ ਦੀਆਂ ਕਲਮਾਂ ਲਾਉਂਦਾ, ਵਰਕਿਆਂ ਤੇ ਮੋਮਬੱਤੀਆਂ ਜਗਾਉਣ ਲੱਗ ਪੈਂਦਾ।
ਵਕਤ ਤਾਂ ਲੱਗਣਾ ਹੀ ਹੋਇਆ ਜਦੋਂ ਬਾਪ ਦੀ ਛਾਂ ਮਾਣਦਾ ਬੱਚਾ, ਖੁਦ ਛਾਂ ਬਣ ਕੇ ਆਪਣੇ ਬੱਚਿਆਂ ਲਈ ਧੁੱਪਾਂ ਅਤੇ ਛਾਵਾਂ ਨੂੰ ਪਿੰਡੇ ‘ਤੇ ਹੰਢਾਉਣ ਲੱਗਦਾ ਅਤੇ ਬੱਚੇ ਤੋਂ ਬਾਪ ਬਣ ਕੇ ਆਪਣੇ ਬੱਚਿਆਂ ਲਈ ਸੁਖਨ ਅਤੇ ਸਕੂਨ ਦਾ ਪੈਗੰਬਰ ਬਣ ਜਾਂਦਾ।
ਵਕਤ ਤਾਂ ਲੱਗਦਾ ਹੈ ਜਦ ਹੱਥੀਂ ਲਾਈ ਕਲਮ ਇਕ ਬਿਰਖ ਬਣ ਜਾਵੇ ਅਤੇ ਫਿਰ ਉਸ ਬਿਰਖ਼ ਦੀਆਂ ਬਹੁਤ ਸਾਰੀਆਂ ਕਲਮਾਂ ਮਨ ਦੀ ਵੱਤਰ ਜ਼ਮੀਨ ‘ਤੇ ਫੈਲਰਣ ਲਈ ਕਾਹਲੀਆਂ ਹੋ ਜਾਣ। ਵਕਤ ਤਾਂ ਲੱਗਣਾ ਹੀ ਹੈ ਬਾਰਸ਼ ਦੀਆਂ ਕਣੀਆਂ ਨਾਲ ਇਕ ਤਲਾਬ ਨੂੰ ਭਰਨ ਅਤੇ ਫਿਰ ਇਹ ਕੰਢਿਆਂ ਤੋਂ ਉਛਲਦਾ, ਆਪਣੀਆਂ ਛੱਲਾਂ ਨਾਲ ਕੰਢੇ ‘ਤੇ ਬੈਠਿਆਂ ਨੂੰ ਭਿਊਣ ਲੱਗ ਪਵੇ।
ਟਾਈਮ ਤਾਂ ਲੱਗਦਾ ਹੈ ਜਦੋਂ ਮਾਪਿਆਂ ਦੀਆਂ ਮੱਤਾਂ ਵਿਚ ਖੁਦ ਨੂੰ ਸਿਰਜਣ ਵਾਲਾ ਬੱਚਾ, ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਵਿਚ ਵਲਗਣਾਂ ਨੂੰ ਤੋੜਦਾ, ਆਪਣੀਆਂ ਸਿਆਣਪਾਂ ਅਤੇ ਨੇਕ ਸਲਾਹਾਂ ਰਾਹੀਂ ਆਲੇ-ਦੁਆਲੇ ਨੂੰ ਪ੍ਰਭਾਵਤ ਕਰਦਾ, ਖ਼ੁਦ ਲਈ ਆਪਣਾ ਅੰਬਰ ਅਤੇ ਧਰਤ ਲੱਭ ਲੈਂਦਾ।
ਸਮਾਂ ਤਾਂ ਲੱਗਣਾ ਹੀ ਹੋਇਆ ਜਦ ਘਰ ਦਾ ਸਰਬਰਾਹ ਅੱਖਾਂ ਮੀਟ ਜਾਵੇ, ਉਸਦੀਆਂ ਅੰਤਮ ਰਸਮਾਂ, ਵੰਡ-ਵੰਡਾਈ ਅਤੇ ਆਪਣੇ ਹਿੱਸੇ ‘ਤੇ ਆਪਣੀ ਸਲਤਨਤ ਕਾਇਮ ਕਰਨ ਵਿਚ। ਕਈ ਤਾਂ ਆਪਣੇ ਬਾਪ ਦੀ ਲਾਸ਼ ਨੂੰ ਮੋਢਾ ਦੇਣ ਦੀ ਬਜਾਏ ਜਾਅਲੀ ਵਸੀਹਤ ਰਾਹੀਂ ਸਭ ਕੁਝ ‘ਤੇ ਕਾਬਜ਼ ਹੋਣ ਲਈ ਬਾਪ ਦਾ ਸਿਵਾ ਵੀ ਠੰਢਾ ਨਹੀਂ ਹੋਣ ਦਿੰਦੇ। ਪਰ ਫਿਰ ਵੀ ਕੁਝ ਸਮਾਂ ਤਾਂ ਲੱਗਦਾ ਹੀ ਹੈ ਜਦ ਸੱਚ ਸਾਹਮਣੇ ਆ ਜਾਂਦਾ। ਅਜੇਹੀ ਕਾਹਲ ਵਿਚ ਬੰਦਾ ਆਪਣਾ ਸਭ ਕੁਝ ਗਵਾ ਕੇ ਖੁਦ ਸਾਹਵੇਂ ਸਾਰੀ ਉਮਰ ਹੀ ਸ਼ਰਮਸਾਰ ਹੁੰਦਾ।
ਸਮਾਂ ਤਾਂ ਲੱਗਦਾ ਹੀ ਹੈ ਕਿਸੇ ਵਿਚਾਰ ਦੇ ਪੈਦਾ ਹੋਣ, ਨਵੀਂ ਤਹਿਜ਼ੀਬ ਦੇ ਜਨਮ ਲੈਣ ਅਤੇ ਨਵੀਆਂ ਧਾਰਨਾਵਾਂ ਤੇ ਨਵੀਆਂ ਪਹਿਲਕਦਮੀਆਂ ਵਿਚੋਂ ਨਵੀਂ ਵਿਚਾਰਧਾਰਾ ਦੇ ਪੈਦਾ ਹੋਣ ਵਿਚ, ਜਿਸ ਨੇ ਨਵੀਆਂ ਸੰਭਾਵਨਾਵਾਂ ਤੇ ਸੁਪਨਿਆਂ ਦੀ ਸਰਜ਼ਮੀਂ ਬਣਨਾ ਹੁੰਦਾ।
ਸਮਾਂ ਸਮੇਂ ਤੋਂ ਪੁਛਣ ਲੱਗਾ, ਸਮੇਂ ਦੀ ਕੀ ਤਕਦੀਰ?
ਕਿਹੜੇ ਸਮੇਂ ‘ਚ ਸਮਾਂ ਵਿਹਾਜੇ, ਸਮਿਆਂ ਦੀ ਤਸਵੀਰ?
ਕਿਸ ਵਕਤ ਦੀ ਵਹਿੰਗੀ ਬਹਿ, ਖੁਦ ਹੋਈਏ ਦਿਲਗੀਰ?
ਅਤੇ ਕਿਹੜੇ ਪਲ ‘ਚ ਲੁੱਟੀ ਜਾਣੀ, ਸਾਹਾਂ ਦੀ ਜਾਗੀਰ?
ਵਕਤ ਬੋਲਿਆ ਜੇ ਮੈਂ ਦੱਸ ਦਿਆਂ, ਕਿ ਮੇਰੇ ਅੰਦਰ ਕੀ?
ਤਾਂ ਮੇਰੀ ਔਕਾਤ ਨੂੰ ਕਿਸੇ ਨੇ, ਭਲਾ ਸਮਝਣਾ ਕੀ?
ਵਕਤ ਵਿਹਾਜਿਆਂ ਸਾਹਮਣੇ ਆਉਂਦਾ, ਕੀ ਤੋਂ ਹੋਜੇ ਕੀ।
ਤੇ ਹੱਥਾਂ ‘ਤੇ ਖੁਣਿਆ ਜਾਵੇ ਜੋ, ਮਸਤਕ ਲੇਖੀਂ ਸੀ।
ਵਕਤ ਨੇ ਬੋਲਿਆ;
ਤਦਬੀਰਾਂ ਬਣਦੀਆਂ ਤਕਦੀਰਾਂ, ਜੇ ਵਕਤ ਦਾ ਰੱਖੀਏ ਮਾਣ।
ਹਰ ਪਲ ਤੇ ਹਰ ਪਹਿਰ ਮਾਣਦੇ, ਕਰੀਏ ਵਕਤ ਦਾ ਸਨਮਾਨ।
ਸਮਾਂ ਤਾਂ ਲੱਗਦਾ ਹੀ ਹੈ ਜਦ ਬਾਹਰੀ ਭਟਕਣ ਤੋਂ ਅੱਕਿਆ ਬੰਦਾ ਕਦੇ ਨਾ ਕਦੇ ਆਪਣੇ ਅੰਦਰ ਵੱਲ ਨੂੰ ਅਹੁਲਦਾ। ਖੁLਦ ਨੂੰ ਮਿਲਦਾ ਅਤੇ ਵਿਸਾਰੇ ਹੋਏ ਖ਼ੁਦ ਦਾ ਹਾਲ-ਚਾਲ ਪੁੱਛ, ਇਸਦੀ ਸਿਹਤਯਾਬੀ ਲਈ ਅਰਦਾਸ ਕਰਦਾ। ਆਪਣੇ ਅੰਤਰੀਵ ਦੇ ਆਖੇ ਲੱਗ ਕੇ ਸੁੱਚੀਆਂ ਸੱਚੀਆਂ ਰਾਹਾਂ ਦਾ ਸ਼ਾਹ-ਅਸਵਾਰ ਬਣਦਾ।