ਇਸ ਸਾਲ ਦਾ ‘ਨੋਬੇਲ ਸ਼ਾਂਤੀ ਪੁਰਸਕਾਰ’ ਵੀ ਪਿਛਲੇ ਕਈ ਸਾਲਾਂ ਵਾਂਗ ਹੀ ਬੇਹੱਦ ਚਰਚਾ ਵਿਚ ਰਿਹਾ ਹੈ। ਇਸ ਦਾ ਕਾਰਨ ਸ਼ਾਇਦ ਇਹ ਵੀ ਸੀ ਕਿ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਪੁਰਸਕਾਰ ਉੱਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਹੋਇਆ ਕਿ ਕਿਸੇ ਨੇ ਇਹ ਪੁਰਸਕਾਰ ਏਨੀ ਸਪੱਸ਼ਟਤਾ ਨਾਲ ਮੰਗਿਆ ਹੋਵੇ। ਟਰੰਪ ਨੂੰ ਭਾਵੇਂ ਇਹ ਪੁਰਸਕਾਰ ਨਹੀਂ ਮਿਲਿਆ ਪਰ ਜਿਸਨੂੰ ਮਿਲਿਆ, ਉਹ ਵੀ ਨਿਰਪੱਖਤਾ ਤੋਂ ਕੋਹਾਂ ਦੂਰ ਜਾਪ ਰਿਹਾ ਹੈ। ਐਲਾਨ ਕੀਤਾ ਗਿਆ ਕਿ ਇਹ ਪੁਰਸਕਾਰ ਵੈਨੇਜ਼ੁਏਲਾ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਦਿੱਤਾ ਜਾਵੇਗਾ। ਨੋਬੇਲ ਕਮੇਟੀ ਨੇ ਮਚਾਡੋ ਨੂੰ ਇਹ ਪੁਰਸਕਾਰ ਦੇਣ ਦਾ ਕਾਰਨ ਇਹ ਦੱਸਿਆ ਸੀ ਕਿ ਉਹ ਵੈਨੇਜ਼ੁਏਲਾ ਵਿਚ ਲੋਕਤੰਤ੍ਰਿਕ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ, ਅਤੇ ਤਬਦੀਲੀ ਲਈ ਸੰਘਰਸ਼ ਨੂੰ ਅੱਗੇ ਵਧਾਉਣ ਵਿਚ ਲੱਗੀ ਹੋਈ ਹੈ। ਉਸ ਨੂੰ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ 15 ਸਾਲਾਂ ਲਈ ਚੋਣਾਂ ਲੜਨ ਤੋਂ ਅਯੋਗ ਐਲਾਨ ਕੀਤਾ ਹੋਇਆ ਹੈ। ਕਿਹਾ ਗਿਆ ਹੈ ਕਿ ਮਚਾਡੋ ਨੇ ਜਿਸ ਤਰ੍ਹਾਂ ਦੇਸ਼ ਦੇ ਅੰਦਰ ਰਹਿ ਕੇ ਸੰਘਰਸ਼ ਕੀਤਾ, ਉਹ ਉਸ ਨੂੰ ਇਹ ਪੁਰਸਕਾਰ ਲੈਣ ਦੇ ਯੋਗ ਬਣਾਉਂਦਾ ਹੈ। ਪਰ ਕੁਝ ਲੋਕਾਂ ਨੇ ਇਸ ਫ਼ੈਸਲੇ ‘ਤੇ ਸਵਾਲ ਉਠਾਏ ਹਨ, ਉਨ੍ਹਾਂ ਦਾ ਤਰਕ ਇਹ ਸੀ ਕਿ ਅਸਲ ਵਿਚ ਨੋਬੇਲ ਪੁਰਸਕਾਰ ਕਮੇਟੀ ਦੁਆਰਾ ਮਚਾਡੋ ਨੂੰ ਦਿੱਤਾ ਗਿਆ ਸ਼ਾਂਤੀ ਪੁਰਸਕਾਰ, ਸ਼ਾਂਤੀ ਦੇ ਉਦੇਸ਼ਾਂ ਨਾਲ ਮੇਲ ਨਹੀਂ ਖਾਂਦਾ, ਸਗੋਂ ਇਹ ਇਕ ਸੱਜੇ-ਪੱਖੀ ਸ਼ਖ਼ਸੀਅਤ ਨੂੰ ਰਾਜਨੀਤਕ ਤੌਰ ‘ਤੇ ਦਿੱਤਾ ਗਿਆ ਪੁਰਸਕਾਰ ਹੈ ਅਤੇ ਇਸ ਦੇ ਪਿੱਛੇ ਇਕ ਖ਼ਾਸ ਤਰ੍ਹਾਂ ਦੀ ਰਾਜਨੀਤੀ ਹੈ। ਇਸ ਐਲਾਨ ਦੇ ਨਾਲ ਹੀ ਮਚਾਡੋ ਇਸ ਲਈ ਵੀ ਵਿਵਾਦ ਦਾ ਵਿਸ਼ਾ ਬਣ ਗਈ ਕਿਉਂਕਿ ਉਸ ਨੇ ਡੋਨਲਡ ਟਰੰਪ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਨੂੰ ਨਾ ਸਿਰਫ਼ ਇਕ ਦੂਰਦਰਸ਼ੀ ਵਿਸ਼ਵ ਨੇਤਾ ਕਿਹਾ ਸੀ, ਸਗੋਂ ਉਸ ਨੂੰ ਆਪਣੇ ਅੰਦੋਲਨ ਦਾ ਸਹਿਯੋਗੀ ਵੀ ਕਰਾਰ ਦਿੱਤਾ ਸੀ। ਕਈ ਮੰਚਾਂ ‘ਤੇ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਹੀ ਦਾਅਵੇ ਕੀਤੇ ਜਾ ਰਹੇ ਸਨ ਕਿ ਮਾਰੀਆ ਕੋਰੀਨਾ ਮਚਾਡੋ ਇਸ ਸਾਲ ਦਾ ‘ਨੋਬੇਲ ਸ਼ਾਂਤੀ ਪੁਰਸਕਾਰ’ ਪ੍ਰਾਪਤ ਕਰਨ ਵਾਲੀ ਹੈ। ਸੱਜੇ-ਪੱਖੀ ਵਿਚਾਰਧਾਰਾ ਵਾਲੀ ਮਚਾਡੋ ਨੇ ਇਕ ਬਿਆਨ ਵਿਚ ਅਰਜਨਟੀਨਾ ਨੂੰ ਵੈਨੇਜ਼ੁਏਲਾ ‘ਤੇ ਹਮਲਾ ਕਰਨ ਤੱਕ ਦਾ ਸੱਦਾ ਦੇ ਦਿੱਤਾ ਸੀ। ਮਚਾਡੋ ਨਾ ਸਿਰਫ਼ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਮਰਥਕ ਹੈ, ਸਗੋਂ ਇਜ਼ਰਾਈਲ ਦੀ ਲਿਕਵਿਡ ਪਾਰਟੀ ਦੀ ਵੀ ਕੱਟੜ ਸਮਰਥਕ ਹੈ।
ਪੁਰਸਕਾਰਾਂ ਦੀ ਸਿਆਸਤ ਦਾ ਦੂਸਰਾ ਪਹਿਲੂ ਉਦੋਂ ਸਾਹਮਣੇ ਆਇਆ ਜਦੋਂ ਮਚਾਡੋ ਬਾਰੇ ਐਲਾਨ ਤੋਂ ਤੁਰੰਤ ਬਾਅਦ ਨੇਤਨਯਾਹੂ ਨੇ ਡੋਨਲਡ ਟਰੰਪ ਲਈ ਇਜ਼ਰਾਈਲ ਦਾ ਸਰਬਉੱਚ ਪੁਰਸਕਾਰ ਐਲਾਨ ਦਿੱਤਾ ਅਤੇ ਟਰੰਪ ਨੂੰ ਇਜ਼ਰਾਈਲ ਵਿਖੇ ਬੁਲਾ ਕੇ ਭੇਟ ਵੀ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਪੁਰਸਕਾਰ ਬਰਾਕ ਓਬਾਮਾ ਨੂੰ ਦਿੱਤਾ ਗਿਆ ਸੀ।
‘ਨੋਬੇਲ ਸ਼ਾਂਤੀ ਪੁਰਸਕਾਰ’ ਬਾਰੇ ਆਮ ਧਾਰਨਾ ਇਹ ਹੈ ਕਿ ਇਹ ਪੁਰਸਕਾਰ ਉਨ੍ਹਾਂ ਯਤਨਾਂ ਨੂੰ ਇਨਾਮ ਦੇਣਾ ਮੰਨਿਆ ਜਾਂਦਾ ਹੈ, ਜੋ ਹਿੰਸਾ ਨੂੰ ਘਟਾਉਂਦੇ ਹਨ ਅਤੇ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਲਈ ਇਕ ਮਾਹੌਲ ਬਣਾਉਂਦੇ ਹਨ, ਯੁੱਧ ਦੇ ਮਾਹੌਲ ਨੂੰ ਰੋਕਦੇ ਹਨ।
ਮਚਾਡੋ ਸ਼ਾਂਤੀ ਦੇ ਸੰਘਰਸ਼ ਵਿਚ ਨਹੀਂ, ਸਗੋਂ ਸ਼ਕਤੀ ਸੰਘਰਸ਼ ਦੀ ਰਾਜਨੀਤਕ ਲੜਾਈ ਦਾ ਹਿੱਸਾ ਹੈ। ਉਹ ਸ਼ਾਂਤੀ, ਵਿਚੋਲਗੀ ਜਾਂ ਸੰਘਰਸ਼ ਮੁਕਤੀ ਦੀ ਭੂਮਿਕਾ ‘ਚ ਖ਼ਰੀ ਨਹੀਂ ਉਤਰਦੀ, ਸਗੋਂ ਆਪਣੇ ਵਿਰੋਧੀਆਂ ਨਾਲ ਇਸ ਲੜਾਈ ਨੂੰ ਨਜਿੱਠਣ ਦੀ ਇੱਛਾ ਵੀ ਰੱਖਦੀ ਹੈ। ਇਸ ਕਰਕੇ ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਰੜਕਦਾ ਹੈ, ਜੋ ਇਹ ਚਾਹੁੰਦੇ ਹਨ ਕਿ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਵੇ, ਜੋ ਦੁਨੀਆ ਭਰ ‘ਚ ਰਾਜਨੀਤਕ ਟਕਰਾਅ ਨੂੰ ਖ਼ਤਮ ਕਰਨ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਹੋਣ। ਮਚਾਡੋ ਨੇ ਜਿਸ ਤਰ੍ਹਾਂ ਆਪਣੇ ਦੇਸ਼ ਵਿਚ ਵਿਦੇਸ਼ੀ ਦਖ਼ਲ ਦੀ ਵਕਾਲਤ ਕੀਤੀ ਹੈ ਜਾਂ ਕਠੋਰ ਆਰਥਿਕ ਪਾਬੰਦੀਆਂ ਦੀ ਮੰਗ ਕੀਤੀ ਹੈ, ਉਹ ਵੀ ਉਸ ਦੇ ਵਿਰੋਧ ਦਾ ਇਕ ਵੱਡਾ ਕਾਰਨ ਹੈ। ਇਸ ਲਈ ਵੱਡੀ ਪੱਧਰ ‘ਤੇ ਲੋਕ ਮਚਾਡੋ ਨੂੰ ‘ਨੋਬੇਲ ਸ਼ਾਂਤੀ ਪੁਰਸਕਾਰ’ ਦੇਣ ਦਾ ਵਿਰੋਧ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਚਾਡੋ ਵਲੋਂ ਪ੍ਰਸ਼ੰਸਾ ਕਰਨਾ ਅਤੇ ਆਪਣੇ ਦੇਸ਼ ਦੇ ਅੰਦਰੂਨੀ ਸੰਘਰਸ਼ ਵਿਚ ਉਸ ਤੋਂ ਸਮਰਥਨ ਮੰਗਣ ਕਾਰਨ ਵੀ ਮਚਾਡੋ ਦੀ ਆਲੋਚਨਾ ਹੋ ਰਹੀ ਹੈ। ਇਸ ਕਾਰਨ ਖ਼ੁਦ ਉਸ ਦੇ ਦੇਸ਼ ਦੇ ਲੋਕ ਉਸ ਦਾ ਵਿਰੋਧ ਕਰ ਰਹੇ ਹਨ। ਮਚਾਡੋ ਨੂੰ ਪੁਰਸਕਾਰ ਦੇਣ ਕਾਰਨ ਨਾਰਵੇਜੀਅਨ ਨੋਬੇਲ ਕਮੇਟੀ ਦੀ ਗੁਪਤਤਾ ਵੀ ਦਾਅ ‘ਤੇ ਲੱਗ ਚੁੱਕੀ ਹੈ। ਨੋਬਲ ਚੋਣ ਪ੍ਰਕਿਰਿਆ ਬੇਹੱਦ ਗੁਪਤ ਹੁੰਦੀ ਹੈ। ਇਸ ਸੰਬੰਧ ‘ਚ ਐਲਾਨ ਕੀਤੇ ਜਾਣ ਤੋਂ ਪਹਿਲਾਂ ਨਾਮਜ਼ਦਗੀ, ਚਰਚਾ, ਵੋਟ ਵੰਡ ਆਦਿ ਅੰਦਰੂਨੀ ਸਰਗਰਮੀਆਂ ਸੰਬੰਧੀ ਜਨਤਕ ਤੌਰ ‘ਤੇ ਚਰਚਾ ਨਹੀਂ ਹੁੰਦੀ। ਪਰ ਇਸ ਸਾਲ ‘ਨੋਬੇਲ ਸ਼ਾਂਤੀ ਪੁਰਸਕਾਰ’ ਦੇ ਐਲਾਨ ਤੋਂ ਪਹਿਲਾਂ ਹੀ ਆਨਲਾਈਨ ਵੋਟਿੰਗ ਮੰਚ ‘ਤੇ ਮਚਾਡੋ ਦੀ ਦਾਅਵੇਦਾਰੀ ‘ਤੇ ਬਹੁਤ ਜ਼ੋਰ ਦਿੱਤਾ ਗਿਆ ਸੀ। ਉਸ ‘ਤੇ ਵੱਡੇ-ਵੱਡੇ ਸੱਟੇ ਲੱਗੇ ਹੋਏ ਸਨ। ਯੂਰਪੀ ਮੀਡੀਆ ਵਿਸ਼ੇਸ਼ ਕਰਕੇ ‘ਗਾਰਡੀਅਨ’ ਅਤੇ ‘ਰਾਇਟਰਸ’ ਵਿਚ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਹੀ ਮਚਾਡੋ ਨੂੰ ਪੁਰਸਕਾਰ ਮਿਲਣ ਦੀ ਅੰਦਰੂਨੀ ਜਾਣਕਾਰੀ ਲੀਕ ਹੋਈ ਸੀ, ਜਿਸ ਨਾਲ ਇਹ ਇਕ ਬਹੁਤ ਵੱਡਾ ਆਨਲਾਈਨ ਜੂਆ ਸਿੱਧ ਹੋਇਆ ਹੈ। ਇਹ ਪਹਿਲਾ ਅਜਿਹਾ ਮੌਕਾ ਹੈ ਜਦ ਖੁੱਲ੍ਹ ਕੇ ਨੋਬਲ ਕਮੇਟੀ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਵੈਸੇ ਵੇਖਿਆ ਜਾਵੇ ਤਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਦਿੱਤੇ ਜਾਂਦੇ ਸਭ ਤਰ੍ਹਾਂ ਦੇ ਛੋਟੇ ਵੱਡੇ ਪੁਰਸਕਾਰ ਸਿਆਸਤ ਤੋਂ ਅਛੂਤੇ ਨਹੀਂ ਹਨ।
