ਅਲਵਿਦਾ ਪਿਆਰੇ ਰਾਜਵੀਰ!

ਡਾ. ਆਤਮਜੀਤ
ਉਹਦੀ ਸੂਰਤ ਸੱਚਮੁੱਚ ਸੁਹਣੀ ਸੀ, ਉਹਦੀ ਸੀਰਤ ਸਾਫ਼ ਤੇ ਸੁਥਰੀ ਸੀ, ਉਹਦੀ ਗਾਇਕੀ ਸ਼ਹਿਦ ‘ਚ ਗੁੰਨ੍ਹੀ ਹੋਈ ਸੀ ਅਤੇ ਉਸਦੇ ਗੀਤ ਪਾਕੀਜ਼ਗੀ ਦੇ ਪਹਿਰੇਦਾਰ ਸਨ। ਉਹ ਛੋਟੀ ਉਮਰ ਵਾਲਾ ਵੱਡਾ ਗਾਇਕ ਸੀ ਜੋ 37 ਸਾਲਾਂ ਦੀ ਉਮਰੇ ਸਰੀਰਕ ਤੌਰ `ਤੇ ਸਾਥੋਂ ਵਿਦਾ ਹੋ ਗਿਆ।

ਉਹਦੀ ਕਿਸਮਤ ਫ਼ਿੱਕੀ ਸੀ ਪਰ ਪਛਾਣ ਗੂੜ੍ਹੀ ਸੀ। ਉਸਦੀ ਮੌਤ ਇਕ ਹਾਦਸੇ ਵਿਚ ਹੋਈ ਪਰ ਇਹ ਹਾਦਸਾ ਸਿਰਫ਼ ਨਿਜੀ ਜਾਂ ਪਰਿਵਾਰਕ ਨਹੀਂ ਹੈ, ਸਾਡੇ ਸਭਿਆਚਾਰ, ਪਰੰਪਰਾ ਅਤੇ ਲੋਕ-ਵਿਸ਼ਵਾਸ ਨਾਲ ਵੀ ਹੋਇਆ ਹੈ। ਉਹ ਇਸ ਮਿਥਿਆ ਨੂੰ ਪੂਰੀ ਤਰ੍ਹਾਂ ਤੋੜ ਰਿਹਾ ਸੀ ਕਿ ਪੰਜਾਬੀ ਗਾਇਕੀ ਸ਼ੋਰ, ਦਾਰੂ, ਜੱਟ, ਬੰਦੂਕ, ਨੰਗੇਜ਼ ਅਤੇ ਹਿੰਸਾ ਦੇ ਆਸਰੇ ਹੀ ਚੱਲ ਸਕਦੀ ਹੈ। ਇਹ ਮੰਨ ਲਿਆ ਗਿਆ ਸੀ ਕਿ ਜੇਕਰ ਕਮਰਸ਼ੀਅਲ ਤੌਰ ‘ਤੇ ਹਿੱਟ ਹੋਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਆਸਰਾ ਲੈਣਾ ਹੀ ਪਵੇਗਾ, ਨਹੀਂ ਤਾਂ ਤੁਸੀਂ ਪਹਿਲੇ ਦਰਜੇ ਦੇ ਕਮਰਸ਼ੀਅਲ ਗਾਇਕ ਨਹੀਂ ਬਣ ਸਕਦੇ। ਉਹ ਆਪਣੀ ਗਾਇਕੀ ਨਾਲ ਪੰਜਾਬੀ ਦੀ ਅਜੋਕੀ ਗੀਤ-ਸੰਗੀਤ ਇੰਡਸਟਰੀ ਨੂੰ ਇਕ ਨਵੀਂ ਆਸ ਦੇ ਰਿਹਾ ਸੀ। ਸ਼ੁੱਧ ਰੂਪ ਵਿਚ ਲੋਕ-ਗਾਇਕ ਨਾ ਹੁੰਦਿਆਂ ਅਤੇ ਗਾਇਕੀ ਦੇ ਆਧੁਨਿਕ ਅੰਦਾਜ਼ ਵਿਚ ਵਿਚਰਦਿਆਂ ਵੀ ਉਹ ਪਾਪੂਲਰ ਹੋਣ ਦੀ ਜਾਚ ਦਸ ਰਿਹਾ ਸੀ। ਉਹ ਚੁਪ-ਚਪੀਤੇ ਸਾਬਤ ਕਰ ਰਿਹਾ ਸੀ ਕਿ ਸਾਫ਼-ਸੁਥਰੀ ਗਾਇਕੀ ਦਾ ਵੀ ਵੱਡਾ ਮੁੱਲ ਹੁੰਦਾ ਹੈ। ਪਰ ਲੋਕ-ਮਨਾਂ ਤਕ ਪਹੁੰਚਣ ਵਾਸਤੇ ਗੀਤ ਵਿਚ ਸਾਫ਼-ਸੁਥਰਾ ਹੁੰਦਾ ਕੀ ਹੈ, ਇਹ ਵੱਡਾ ਸਵਾਲ ਹੈ। ਜਵੰਦਾ ਇਸ ਦੀ ਵੀ ਬੜੀ ਸਪਸ਼ਟ ਪਰਿਭਾਸ਼ਾ ਸਿਰਜ ਚੁੱਕਾ ਸੀ। ਜੇਕਰ ਉਸਦੇ ਗਾਣੇ ਸੌ ਮਿਲੀਅਨ ਭਾਵ ਦਸ ਕਰੋੜ ਦਰਸ਼ਕਾਂ ਦੀ ਗਿਣਤੀ ਨੂੰ ਛੂਹਣ ਲੱਗ ਪਏ ਸਨ ਤਾਂ ਇਸ ਭੇਦ ਨੂੰ ਸਮਝਣ-ਸਮਝਾਉਣ ਦੀ ਬਹੁਤ ਲੋੜ ਹੈ। ਪੁੱਤਰਾਂ ਜੇਹੇ ਰਾਜਵੀਰ ਨੂੰ ਸ਼ਰਧਾਂਜਲੀ ਦੇਂਦਿਆਂ ਅਸੀਂ ਇਸੇ ਗੱਲ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ।
ਗਾਇਕ ਦੀ ਸਫ਼ਲਤਾ ਦਾ ਪਹਿਲਾ ਪੈਮਾਨਾ ਤਾਂ ਉਸਦੀ ਗਾਇਕੀ ਹੀ ਹੈ ਜਿਸ ਵਿਚ ਸੁਰ ਦੀ ਸ਼ੁੱਧਤਾ ਅਤੇ ਤਾਲ ਦੀ ਸਮਝ ਮੁੱਢਲੀਆਂ ਸ਼ਰਤਾਂ ਹਨ। ਬਹੁਤ ਸਾਰੇ ਗਾਇਕਾਂ ਕੋਲ ਇਹ ਗੁਣ ਹੁੰਦੇ ਹਨ। ਉਂਜ ਇਸ ਗੁਣ ਤੋਂ ਬਿਨਾਂ ਵੀ ਗਾਇਕੀ ਹੋ ਰਹੀ ਹੈ, ਕੰਪੋਜ਼ੀਸ਼ਨਾਂ ਨੂੰ ਬਹੁਤ ਸਿੱਧ-ਪਧਰਾ ਰੱਖ ਕੇ ਜਾਂ ਕੰਪਿਊਟਰੀ ਸੋਧਾਂ ਕਰਕੇ। ਪਰ ਅੱਜ ਗੱਲ ਰਾਜਵੀਰ ਦੀ ਕਰਨੀ ਹੈ ਜੋ ਸੁਰ ਅਤੇ ਤਾਲ ਵਿਚ ਬੱਝ ਕੇ ਤਾਰ ਸਪਤਕ ਵਿਚ ਜਾ ਕੇ ਵੀ ਆਸਾਨੀ ਨਾਲ ਗਾ ਸਕਦਾ ਸੀ, ਉਸੇ ਤਰ੍ਹਾਂ ਜਿਵੇਂ ਰਣਜੀਤ ਬਾਵਾ, ਕੁਲਵਿੰਦਰ ਬਿੱਲਾ ਅਤੇ ਨਿੰਜਾ ਵਰਗੇ ਪ੍ਰਮੁੱਖ ਗਾਇਕ ਗਾਉਂਦੇ ਹਨ। ਉਸਦੀ ਆਵਾਜ਼ ਵਿਚ ਦਮ ਵੀ ਸੀ ਅਤੇ ਰਸ ਵੀ। ਮੈਨੂੰ ਨਹੀਂ ਪਤਾ ਕਿ ਉਸਨੇ ਇਹ ਗਾਇਕੀ ਕਿਸ ਕੋਲੋਂ ਸਿੱਖੀ। ਖ਼ਬਰਾਂ ਤਾਂ ਏਹੋ ਦੱਸਦੀਆਂ ਹਨ ਕਿ ਪੁਲੀਸ-ਕਰਮੀ ਪਿਤਾ ਬਚਪਨ ਵਿਚ ਉਹਨੂੰ ਮੇਲਿਆਂ-ਮੁਸਾਵਿਆਂ ਵਿਚ ਲਿਜਾਂਦਾ ਹੁੰਦਾ ਸੀ; ਉੱਥੋਂ ਹੀ ਰਾਜਵੀਰ ਨੂੰ ਚੇਟਕ ਲੱਗੀ। ਪਰ ਇਹ ਗੱਲ ਤੈਅ ਹੈ ਕਿ ਉਸਦੀ ਸ਼ਖ਼ਸੀਅਤ ਵਿਚ ਵੀ ਸਰੋਦ ਸੀ। ਉਸਦੇ ਵਰਤਾਰੇ ਵਿਚ ਲੈਅ ਸੀ ਜੋ ਕੁਦਰਤ ਦੀ ਬਖ਼ਸ਼ਿਸ਼ ਸੀ। ਉਸਦੀ ਆਵਾਜ਼ ਘੱਗੀ ਜਾਂ ਖਰਖਰੀ ਨਹੀਂ ਸੀ, ਉਸਦੀ ਟੋਨ ਵਿਚ ਸਵੱਛਤਾ ਸੀ। ਉਸ ਕੋਲ ਇਸ ਤੋਂ ਵੀ ਵੱਡੀ ਦੌਲਤ ਇਹ ਸੀ ਕਿ ਉਹ ਆਪਣੇ ਸੁਰ, ਤਾਲ ਅਤੇ ਆਵਾਜ਼ ਦੀ ਬੜੇ ਸਹਿਜ ਨਾਲ ਗਲਵਕੜੀ ਪਵਾ ਦੇਂਦਾ ਸੀ। ਜਦੋਂ ਉਹ ਮਿਰਜ਼ੇ ਦੀ ਤਰਜ਼ ‘ਤੇ ਬੰਦਾ ਬਹਾਦਰ ਦੀ ਵਾਰ ਗਾਉਂਦਾ ਹੈ ਜਾਂ ‘ਨੀ ਇਕ ਬੱਲੀਏ ਜਨੂੰਨ ਪਿਆਰ ਦਾ, ਦੂਜੀ ਕਰੇ ਸਰਦਾਰੀ ਗੱਭਰੂ’ ਗਾਉਂਦਾ ਹੈ ਤਾਂ ਤਾਲ ਦੀ ਪਾਬੰਧੀ, ਸੁਰ ਦੀ ਸ਼ੁੱਧਤਾ ਤੇ ਬੁਲੰਦੀ ਅਤੇ ਗਲੇ ਵਿਚ ਘੁਲੇ ਹੋਏ ਸ਼ਹਿਦ ਦਾ ਸਹਿਜ-ਮਿਸ਼ਰਣ ਸੁਣਨ ਵਾਲੇ ਨੂੰ ਧੁਰ ਅੰਦਰ ਤਕ ਟੁੰਬਦਾ ਹੈ।
ਮੈਨੂੰ ਉਸਦਾ ਗਾਇਆ ਇਕ ਵੀ ਸ਼ਬਦ ਅਜਿਹਾ ਨਹੀਂ ਮਿਲਿਆ ਜਿਸ ਵਿਚੋਂ ਕਾਮੁਕਤਾ ਦਿਸਦੀ ਹੋਵੇ। ਉਹ ਪਿਆਰ ਦੇ ਸੱਚੇ-ਸੁੱਚੇ ਅਹਿਸਾਸ ਨੂੰ ਪ੍ਰਗਟਾਉਣ ਵਾਲਾ ਗਾਇਕ ਸੀ। ਉਹ ਮਰਦ ਦੀਆਂ ਔਰਤ ਵਾਸਤੇ ਖਿੱਚ ਦੀਆਂ ਭਾਵਨਾਵਾਂ ਨੂੰ ਬਹੁਤ ਸੰਭਲ ਕੇ ਪੇਸ਼ ਕਰਦਾ ਹੈ। ਇਸ ਪੇਸ਼ਕਾਰੀ ਵਿਚੋਂ ਪਿਆਰ ਪੁੰਗਰਦਾ ਹੈ, ਹਵਸ ਦੀ ਹਵਾੜ ਨਹੀਂ ਉੱਠਦੀ। ਉਸਦਾ ਵੱਧ ਤੋਂ ਵੱਧ ਖੁਲ੍ਹਾ ਗੀਤ ਹੈ ‘ਮੈਂ ਪੱਟਿਆ ਨੀ ਪੱਟਿਆ ਨੀ; ਗੋਰੇ ਚਿੱਟੇ ਰੰਗ ਨੇ’। ਇਸ ਵਿਚ ਉਹ ਕੁੜੀ ਦੇ ਗੋਰੇ-ਚਿੱਟੇ ਰੰਗ, ਕੱਦ ਦੇ ਅੰਦਾਜ਼ੇ, ਗੱਲ੍ਹਾਂ ਦੇ ਟੋਇਆਂ, ਨੈਣਾਂ, ਜ਼ੁਲਫ਼ਾਂ ਆਦਿ ਦੀ ਗੱਲ ਕਰਦਾ ਹੈ। ਪਤਲੇ ਲੱਕ ਦੀ ਗੱਲ ਕਰਦਿਆਂ ਨਸੀਹਤ ਦੇਂਦਾ ਹੈ ਕਿ ਉਹ ਤੰਗ ਸੂਟ ਨਾ ਪਾਇਆ ਕਰੇ। ਦੂਜੇ ਪਾਸੇ ਦਿਲਜੀਤ ਅਤੇ ਹਨੀ ਸਿੰਘ ਦਾ ਗੀਤ ਕੁੜੀ ਦੇ ਲੱਕ ਦਾ ਪੂਰਾ-ਪੂਰਾ ਮੇਚਾ ਦੱਸਣਾ ਸ਼ੁਰੂ ਕਰ ਦੇਂਦਾ ਹੈ ਅਤੇ ਉਸਦੇ ਭਾਰ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਮੈਂ ਹੁਣ ਵੇਟ ਕਿਵੇਂ ਕਰਾਂ। ਇਹ ਫ਼ਰਕ ਹੈ ਸੁਹੱਪਣ ਅਤੇ ਕਾਮੁਕਤਾ ਦਾ ਚਿਤਰ ਖਿੱਚਣ ਦਾ। ਜਵੰਦਾ ਦਾ ਗੀਤ ਲੜਕੀ ਦੀ ਸੰਗ ਨੂੰ ਉਸਦੀ ਖ਼ੂਬਸੂਰਤੀ ਦਾ ਸਿਖ਼ਰ ਮੰਨਦਾ ਹੈ। ਇੰਜ ਜ਼ਾਹਰ ਹੁੰਦੀਆਂ ਹਨ ਉਸਦੇ ਗੀਤਾਂ ਅੰਦਰਲੀਆਂ ਕਦਰਾਂ-ਕੀਮਤਾਂ।
ਦਰਅਸਲ ਉਸਦੇ ਗੀਤ ਰਿਸ਼ਤਿਆਂ ਦੇ ਰਾਖੇ ਹਨ। ਉਹ ਆਪਣੇ-ਆਪ ਨੂੰ ਸੱਚੇ-ਸੁੱਚੇ ਨਾਤਿਆਂ ਦੇ ਅੰਦਰਵਾਰ ਰੱਖ ਕੇ ਹੀ ਗੀਤ ਗਾਉਂਦਾ ਸੀ। ਉਹ ਔਰਤ ਦੇ ਰੂਪ ਵਿਚ ਗਾਉਂਦਾ ਹੈ:
‘ਮੇਰੀ ਰੂਹ ਦਿਆ ਪ੍ਰਾਹੁਣਿਆਂ, ਵੇ ਕੁੱਲ ਦੁਨੀਆਂ ਤੋਂ ਸੁਹਣਿਆਂ,
ਜੀਹਨੂੰ ਕਹਿੰਦੇ ਅੰਗਰੇਜ਼ੀ ਵਿਚ, ਮੂਨ ਰੱਖ ਦੇਵਾਂ;
ਮੇਰਾ ਦਿਲ ਕਰੇ, ਤੇਰਾ ਨਾਂ ਸਕੂਨ ਰੱਖ ਦੇਵਾਂ’ (ਸਿੰਘਜੀਤ)
ਇਸ ਨਾਲ ਉਹ ਪਾਪੂਲਰ ਪੰਜਾਬੀ ਗਾਇਕੀ ਵਿਚ ਇਕ ਵੱਢ ਪਾਉਂਦਾ ਹੈ। ਉਹ ਸਰੀਰ ਦੇ ਅੰਗਾਂ ਉੱਤੇ ਛਟਪਟਾਉਂਦੀ ਸਾਡੀ ਗਾਇਕੀ ਨੂੰ ਰੂਹ ਵੱਲ ਤੋਰਦਾ ਹੈ। ਆਪਣੇ ਮਰਦ ਸਾਥੀ ਨੂੰ ‘ਰੂਹ ਦਾ ਪ੍ਰਾਹੁਣਾ’ ਕਹਿਣਾ ਵੀ ਲਾਜਵਾਬ ਹੈ ਅਤੇ ਉਸ ਨੂੰ ਉਸੇ ਰੰਗ ਵਿਚ ਗਾਉਣਾ ਉਸਤੋਂ ਵੀ ਵੱਡੀ ਗੱਲ ਹੈ। ਕੀ ਪਤਾ ਸੀ ਕਿ ਉਸਦਾ ਗਾਇਆ ਗੀਤ ‘ਮਿੱਟੀ ਨਾ ਫ਼ਰੋਲ ਜੋਗੀਆ’ ਉਸੇ ਦੀ ਮੌਤ ਦੀ ਸ਼ਰਧਾਂਜਲੀ ਬਣ ਜਾਵੇਗਾ! ਇਸ ਵਿਚ ਵੀ ਉਹ ਸੁੱਚੇ ਰਿਸ਼ਤਿਆਂ ਨੂੰ ਯਾਦ ਕਰਦਾ ਹੈ: ‘ਮਾਪਿਆਂ ਨਾਲ ਸੰਘਣੀਆਂ ਛਾਵਾਂ, ਰੋਂਦੀਆਂ ਭੈਣਾਂ ਬਾਝ ਭਰਾਵਾਂ; ਪੁੱਤ ਮਰ ਗਏ ਮਾਵਾਂ ਦਾ ਮੰਦਾ ਹਾਲ।’ ਉਸਦੇ ਗੀਤਾਂ ਵਿਚ ਇਕ ਜਾਦੂਮਈ ਓਹਲਾ ਹੈ। ਉਹ ਪਿਆਰ ਦਾ ਇਜ਼ਹਾਰ ਕਰਨ ਵਾਸਤੇ ਨਾਅਰੇ ਜਾਂ ਲਲਕਾਰੇ ਨਹੀਂ ਮਾਰਦੇ। ਪਿਆਰ ਨਾ ਤਾਂ ਤਜਾਰਤ ਹੁੰਦਾ ਹੈ, ਨਾ ਸਿਆਸਤ ਤੇ ਨਾ ਹਵਸ ਜਿਸ ਵਿਚ ਬੋਲੀ ਲਾਉਣੀ ਪਵੇ, ਭਾਸ਼ਨ ਦੀ ਲੋੜ ਹੋਵੇ ਜਾਂ ਫ਼ਿਰ ਨੰਗੇਜ਼ ਦਾ ਆਸਰਾ ਲਿਆ ਜਾਵੇ। ਜਦੋਂ ਔਰਤ ਦੇ ਦਿਲ ਦੀ ਰੀਝ ਪੂਰੀ ਹੋ ਜਾਂਦੀ ਹੈ ਤਾਂ ਉਹ ਬਹੁਤ ਹੀ ਖ਼ੂਬਸੂਰਤੀ ਨਾਲ ਔਰਤ ਵੱਲੋਂ ਗਾਉਂਂਦਾ ਹੈ:
‘ਫ਼ੋਨ ਵਾਰ-ਵਾਰ ਫਿਰਾਂ ਵੇ ਮੈਂ ਚੁਮੰਦੀ,
ਭੇਜੀ ਤੂੰ ਜਦੋਂ ਹਾਂ ਲਿਖ ਕੇ;
ਵੇ ਮੈਂ ਸੁਹਣਿਆਂ ਬਣਾਉਣੀ ਦੇ’ਤੀ ਕੰਗਣੀ,
ਵੇ ਤੇਰਾ-ਮੇਰਾ ਨਾਂ ਲਿਖ ਕੇ।’
ਇਹ ਹੈ ਰਿਸ਼ਤੇ ਦੀ ਪਾਕੀਜ਼ਗੀ ਜਿਸਨੂੰ ਉਹ ਵੀਣੀ ਉੱਤੇ ਚੜ੍ਹਾ ਕੇ ਰੱਖਣਾ ਚਾਹੁੰਦੀ ਹੈ। ਇਹੋ ਹੈ ਰਿਸ਼ਤੇ ਦੀ ਮਜ਼ਬੂਤੀ ਦਾ ਵਿਸ਼ਵਾਸ। ‘ਖੁਲ੍ਹੇ ਨਾਪੇ ਦਾ ਕੜਾ’ ਗਭਰੂ ਦੇ ਕੱਦ-ਕਾਠ ਨੂੰ ਕਿੰਨੀ ਪ੍ਰਬਲਤਾ ਨਾਲ ਸਾਡੇ ਸਾਹਮਣੇ ਲੈ ਆਉਂਦਾ ਹੈ! ਇਸ ਤਰ੍ਹਾਂ ਸਭਿਆਚਾਰਕ ਇਸ਼ਾਰਿਆਂ ਨਾਲ ਹੀ ਉਹ ਪਿਆਰ ਦੀ ਮੋਹ-ਭਿੱਜੀ ਤਸਵੀਰ ਨੂੰ ਸਾਡੀਆਂ ਅੱਖਾਂ ਅੱਗੇ ਖੜ੍ਹਾ ਕਰ ਦੇਂਦਾ ਹੈ। ਆਪਣੀ ਕਲੀ ਵਿਚ ਉਹ ਇਕ ਪਾਸੇ ਦਾਦੀ ਦਾ ਪੋਤੀ ਨਾਲ ਤੇ ਦਾਦੇ ਦਾ ਪੋਤੇ ਨਾਲ ਪਿਆਰ ਪਰਿਭਾਸ਼ਿਤ ਕਰਦਾ ਹੈ ਦੂਜੇ ਪਾਸੇ ਕਾਵਾਂ ਤੇ ਘੁੱਗੀਆਂ ਦੇ ਰਿਸ਼ਤੇ ਦਾ ਜ਼ਿਕਰ ਕਰਕੇ ਸੱਤਾਵਾਨ ਤੇ ਬਲਹੀਣ ਲੋਕਾਂ ਦੇ ਸਮਾਜੀ ਅਤੇ ਰਾਜਸੀ ਰਿਸ਼ਤਿਆਂ ਦੀਆਂ ਪਰਤਾਂ ਖੋਲ੍ਹਦਾ ਹੈ।
ਤੁਸੀਂ ਸਵਾਲ ਕਰੋਗੇ ਕਿ ਇਹ ਸਾਰੀਆਂ ਗੱਲਾਂ ਤਾਂ ਸਿੰਘਜੀਤ ਵਰਗੇ ਸੁਲਝੇ ਗੀਤਕਾਰ ਲਿਖ ਰਹੇ ਹਨ; ਇਸ ਵਿਚ ਜਵੰਦਾ ਦੀ ਕੀ ਦੇਣ ਹੈ? ਬਹੁਤ ਸਾਰੇ ਗਾਇਕ ਵੀ ਇਹ ਦਲੀਲ ਦੇਂਦੇ ਹਨ ਕਿ ਉਹ ਤਾਂ ਲਿਖਿਆ ਹੋਇਆ ਗਾਉਂਦੇ ਹਨ, ਉਨ੍ਹਾਂ ਦਾ ਕੀ ਕਸੂਰ? ਪਰ ਜਵੰਦਾ ਨੇ ਰਿਸ਼ਤਿਆਂ ਨੂੰ ਸਾਫ਼ ਰੱਖਣ ਵਾਲੇ ਗੀਤ ਚੁਣ ਕੇ ਇਸ ਦਲੀਲ ਦਾ ਗਲ ਘੁੱਟ ਦਿੱਤਾ ਹੈ। ਉਹ ਗੰਦੇ ਗੀਤਾਂ ਦੀ ਚੋਣ ਹੀ ਨਹੀਂ ਕਰਦਾ। ਉਸਦੀ ਗਾਇਕੀ ਗੀਤ ਦੇ ਸ਼ਬਦਾਂ ਦੀ ਗੁਲਾਮ ਨਹੀਂ ਸੀ; ਉਹ ਗੀਤ ਦੇ ਬੋਲਾਂ ਦਾ ਹਮਸਫ਼ਰ ਸੀ, ਜਿਸਦੀ ਉਹ ਖ਼ੁਦ ਚੋਣ ਕਰਦਾ ਸੀ। ਜੇ ਉਸਦੇ ਲਈ ਕੋਈ ਹੋਰ ਇਹ ਚੋਣ ਕਰਦਾ ਸੀ ਤਾਂ ਵੀ ਉਸਦੀ ਮਨਜ਼ੂਰੀ ਉਹ ਖ਼ੁਦ ਦੇਂਦਾ ਸੀ ਕਿਉਂਕਿ ਉਸਨੇ ਗੀਤਾਂ ਦੇ ਬੋਲਾਂ ਨੂੰ ਪੂਰੀ ਤਰ੍ਹਾਂ ਅਪਣਾ ਕੇ ਗਾਇਆ ਹੈ। ਉਸਦਾ ਆਤਮ-ਵਿਸ਼ਵਾਸ ਵੀ ਬਹੁਤ ਵੱਡਾ ਹੋਵੇਗਾ। ਉਹ ਇਕ ਇੰਟਰਵਿਊ ਵਿਚ ਦੱਸਦਾ ਹੈ ਕਿ ਉਸਨੇ ਇਸ ਰਾਏ ਨੂੰ ਸਵੀਕਾਰ ਕੀਤਾ ਕਿ ਸਫ਼ਲਤਾ ਦੀ ਚੋਟੀ ਵੱਲ ਹੌਲੀ-ਹੌਲੀ ਚੜ੍ਹਿਆ ਜਾਵੇ। ਉਹ ਆਪਣੇ ਕਦਮਾਂ ਨੂੰ ਹਮੇਸ਼ਾ ਮਜ਼ਬੂਤ ਰੱਖ ਕੇ ਚੱਲਦਾ ਰਿਹਾ। ਰਿਸ਼ਤਿਆਂ ਦੀ ਪਵਿੱਤਰਤਾ ਦੀ ਪਾਲਣਾ ਰਾਜਵੀਰ ਦੀ ਚੋਣ ਸੀ ਜਿਸ ਵਾਸਤੇ ਉਸਨੂੰ ਪ੍ਰਣਾਮ ਕਰਨਾ ਬਣਦਾ ਹੈ। ਉਹ ਆਪਣੇ ਹਾਣ ਦੇ ਗਾਇਕਾਂ ਦੀ ਭੀੜ ਤੋਂ ਹਟ ਕੇ ਖੜ੍ਹਨ ਦੀ ਜੁਰਅੱਤ ਰੱਖਦਾ ਸੀ। ਗੀਤ ‘ਕਮਲਾ’ ਵਿਚ ਤਾਂ ਉਸਨੇ ਕਮਾਲ ਹੀ ਕੀਤੀ ਹੋਈ ਹੈ। ਆਪਣੇ ਪਿਆਰ ਦੀ ਸੁੱਚਮਤਾ ਦੇ ਨਾਲ-ਨਾਲ ਜ਼ਮਾਨੇ ਦੇ ਕਰੂਰ ਨੂੰ ਜਿਸ ਤਰ੍ਹਾਂ ਉਸਨੇ ਗਾਇਆ ਹੈ, ਉਹ ਉਸਨੂੰ ਚੋਟੀ ਦੀ ਗਾਇਕੀ ਵਿਚ ਪੁਚਾ ਦੇਂਦਾ ਹੈ:
‘ਅੱਜਕਲ੍ਹ ਕਮਲੇ ਨਹੀਂ ਲੱਭਦੇ, ਕਿ ਦੁਨੀਆਂ ਬਹੁਤ ਸਿਆਣੀ ਆਂ;
ਕਾਹਦਾ ਮਾਣ ਰਾਜਿਆਂ ਦਾ, ਬਦਲਦੇ ਨਿੱਤ ਹੀ ਰਾਣੀ ਆਂ।’
ਸਿੰਘਜੀਤ ਵਰਗੇ ਗੀਤਕਾਰਾਂ ਨਾਲ ਮਿਲ ਕੇ ਉਹ ਸਾਹਿਤਕ ਅਤੇ ਪਾਪੂਲਰ ਗੀਤਕਾਰੀ ਦੇ ਫ਼ਰਕ ਨੂੰ ਤਾਕਤ ਨਾਲ ਮਿਟਾ ਰਿਹਾ ਸੀ।
ਬਹੁਤ ਸਾਰੇ ਪੁਰਸ਼-ਗਾਇਕਾਂ ਨੇ ਔਰਤ ਵੱਲੋਂ ਬੋਲੇ ਜਾਂਦੇ ਸ਼ਬਦਾਂ ਨੂੰ ਗਾਇਆ ਹੈ। ਰਾਜਵੀਰ ਦੀ ਵੱਖਰੀ ਗੱਲ ਇਹ ਹੈ ਕਿ ਉਸਦੇ ਅਜਿਹੇ ਗੀਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਸਨੇ ਆਪਣੇ ਗੀਤਾਂ ਵਿਚ ਔਰਤ ਦੇ ਜਜ਼ਬਿਆਂ ਨੂੰ ਭਰਪੂਰ ਜ਼ੁਬਾਨ ਦਿੱਤੀ ਹੈ। ਅਸੀਂ ਉਸਦੇ ਗੀਤ ‘ਸਕੂਨ’ ਦੀ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ। ‘ਕੰਗਣੀ’ ਵੀ ਔਰਤ ਦਾ ਗੀਤ ਹੈ। ਇਵੇਂ ਹੀ ਉਸਦੇ ਗੀਤਾਂ ਵਿਚਲੀ ਔਰਤ ਕਹਿੰਦੀ ਹੈ:
‘ਖ਼ੁਸ਼ ਰਿਹਾ ਕਰ, ਖ਼ੁਸ਼ ਰੱਖਿਆ ਕਰ;
ਛੱਡ ਦੇ ਆਦਤਾਂ ਰੁੱਸਣ ਦੀਆਂ।’
ਇਕ ਹੋਰ ਔਰਤ ਪਿਆਰ ਦੇ ਸਾੜੇ ਵਿਚ ਬੋਲਦੀ ਹੈ,
‘ਰੱਬ ਕਰਕੇ ਉਹ ਮਰ ਜਾਣ,
ਜੋ ਤੇਰੇ ‘ਤੇ ਮਰਦੀਆਂ ਨੇ।’
ਗੀਤ ‘ਦਿਲ ਮੰਗਿਆ’ ਵਿਚ ਉਸਨੇ ਇਕ ਤਕੜਾ ਸੁਨੇਹਾ ਘੜਿਆ ਹੈ ਕਿ ਜਦੋਂ ਮੁੰਡੇ ਦੀ ਟੋਨ ਬਦਮਾਸ਼ਾਂ ਵਾਲੀ ਹੁੰਦੀ ਹੈ ਤਾਂ ਅਕਸਰ ਉਹ ਕਿਸੇ ਇੱਜ਼ਤਦਾਰ ਕੁੜੀ ਦੀ ਪਸੰਦ ਨਹੀਂ ਰਹਿੰਦਾ। ਇਸ ਤਰ੍ਹਾਂ ਦੇ ਗੀਤਾਂ ਨੇ ਸਹਿਜ ਸੁਭਾਵਕ ਉਸਦੀ ਗਾਇਕੀ ਨੂੰ ਪਰਿਵਾਰਕ ਅਤੇ ਪਾਕੀਜ਼ਗੀ ਵਾਲਾ ਰੰਗ ਦੇ ਦਿੱਤਾ। ਉਸਦੇ ਦ੍ਰਿਸ਼ਟੀਕੋਣ ਨਾਲ ਕੋਈ ਸਹਿਮਤ ਹੋਵੇ ਜਾਂ ਨਾਂਹ, ਉਹ ਸਭਿਆਚਾਰਕ ਮੁੱਲਾਂ ਦੀ ਡਟ ਕੇ ਰਾਖੀ ਕਰਦਾ ਹੈ। ਉਹ ਸਿਰ `ਤੇ ਦੁਪੱਟਾ ਰੱਖਣ ਅਤੇ ਗਲੇ ਦੀ ਕਟਾਈ ਦਾ ਧਿਆਨ ਰੱਖਣ ਦੀ ਗੱਲ ਕਰਦਾ ਹੈ। ਹਿੰਸਾ ਦਾ ਵਿਰੋਧੀ ਹੁੰਦਿਆਂ ਵੀ ਨਸ਼ਈਆਂ ਨੂੰ ਠੋਕਰਾਂ ਮਾਰਦਾ ਹੈ। ਗੱਲ ਉਸਦੇ ਬੋਲਾਂ `ਤੇ ਹੀ ਖ਼ਤਮ ਨਹੀਂ ਹੁੰਦੀ; ਉਸਦੇ ਸੰਗੀਤ ਨੂੰ ਵੀ ਧਿਆਨ ਨਾਲ ਦੇਖੋ। ਕਿੰਨਾ ਸੰਜਮ ਅਤੇ ਠਹਿਰਾਉ ਹੈ ਉਸ ਵਿਚ! ਉਹ ਬੀਟ ਨੂੰ, ਗਾਣੇ ਨੂੰ ਸ਼ਿੰਗਾਰਨ ਵਾਸਤੇ ਵਰਤਦਾ ਹੈ, ਵਿਆਹ ਦੀ ਸਟੇਜ ਵਾਸਤੇ ਨਹੀਂ। ਉਸਦੇ ਸਾਜ਼ਾਂ ਦੀ ਚੋਣ ਵਿਚ ਸ਼ੋਰ ਨਹੀਂ ਹੈ, ਉਨ੍ਹਾਂ ਵਿਚ ਸੁਹਜ ਹੈ। ਇਹ ਠੀਕ ਹੈ ਕਿ ਉਸਦੇ ਸੰਗੀਤਕਾਰਾਂ ਨੇ ਆਪਣੇ ਇੰਟਰਲਿਊਡ ਸਿਰਜਣ ਵਾਸਤੇ ਪ੍ਰਚਲਿਤ ਫਿਲਮੀ ਧੁਨੀਆਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਹੈ; ਪਰ ਜਿਵੇਂ ਉਹ ਤੰਤੀ ਸਾਜ਼ਾਂ ਨਾਲ ਮੈਲੋਡੀ ਪੈਦਾ ਕਰਦੇ ਹਨ ਉਹ ਜਵੰਦਾ ਦੇ ਗੀਤਾਂ ਨੂੰ ਬਹੁਤ ਸ਼ਿੰਗਾਰ ਜਾਂਦੇ ਹਨ। ਜਵੰਦੇ ਦੀ ਗਾਇਕੀ ਵਿਚ ਕੋਈ ਕਮਜ਼ੋਰੀਆਂ ਜਾਂ ਕਚਿਆਈਆਂ ਨਹੀਂ ਹਨ; ਇਸ ਲਈ ਸੰਗੀਤਕਾਰਾਂ ਨੂੰ ਉਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਪਈ। ਉਨ੍ਹਾਂ ਨੇ ਸੰਜਮ ਵਿਚ ਰਹਿ ਕੇ ਉਸਦੀ ਗਾਇਕੀ ਨੂੰ ਉਭਾਰਿਆ ਹੈ। ਉਨ੍ਹਾਂ ਨੇ ਉਸਦੀ ਟੋਨ ਅਤੇ ਸੁਭਾਵਿਕਤਾ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਫੜਿਆ ਹੈ। ਇਸੇ ਤਰ੍ਹਾਂ ਗਾਇਕੀ, ਗੀਤਕਾਰੀ ਅਤੇ ਸੰਗੀਤ ਦੇ ਨਾਲ-ਨਾਲ ਗੀਤਾਂ ਦੇ ਫ਼ਿਲਮਾਂਕਣ ਵਿਚ ਵੀ ਉਹੀ ਸੰਜਮ ਅਤੇ ਠਹਿਰਾਉ ਦਿਸਦਾ ਹੈ। ਇਹ ਸਾਰਾ ਕੁਝ ਅਚਾਨਕ ਨਹੀਂ ਵਾਪਰਿਆ; ਇਹ ਸਿਰਫ਼ ਮੌਕਾ ਮੇਲ ਨਹੀਂ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਇਹ ਜਵੰਦਾ ਦੀ ਆਪਣੀ ਚੋਣ ਹੈ ਜੋ ਗਾਇਕ ਦੇ ਰੂਪ ਵਿਚ ਉਸਦਾ ਕੱਦ ਵੱਡਾ ਕਰਦੀ ਹੈ।
ਨਾਂ ਉਸਦਾ ਜਵੰਦਾ ਸੀ; ਆਪਣੇ ਗੀਤਾਂ ਵਿਚ ਉਹ ਹੁਣ ਵੀ ‘ਜੀਵੰਦਾ’ ਹੈ। ਪਰ ਇਸ ਤਰ੍ਹਾਂ ਦੇ ਗਾਇਕ ਦੇ ਬੇਵਕਤ ਤੁਰ ਜਾਣ ਉੱਤੇ ਕਿਸ ਪੰਜਾਬੀ ਦਾ ਰੁੱਗ ਨਹੀਂ ਭਰਿਆ ਜਾਵੇਗਾ? ਸੇਜਲ ਅੱਖਾਂ ਨਾਲ ਤੈਨੂੰ ਅਲਵਿਦਾ ਪੁੱਤਰਾ!