ਬੂਟਾ ਸਿੰਘ ਮਹਿਮੂਦਪੁਰ
ਗਾਜ਼ਾ ਵਿਚ ਲਗਾਤਾਰ ਭਿਆਨਕ ਤਬਾਹੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਹੇਠ ਇਜ਼ਰਾਈਲ-ਹਮਾਸ ਵਿਚਕਾਰ ਯੁੱਧਬੰਦੀ ਨੂੰ ਆਸ ਦੀ ਕਿਰਨ ਦੇ ਰੂਪ ‘ਚ ਦੇਖਿਆ ਜਾਣਾ ਸੁਭਾਵਿਕ ਹੈ। ਕੀ ਟਰੰਪ ਦੀ ‘ਗਾਜ਼ਾ ਸ਼ਾਂਤੀ ਯੋਜਨਾ’ ਸਥਾਈ ਅਮਨ-ਚੈਨ ਦਾ ਸਾਧਨ ਬਣ ਸਕਦੀ ਹੈ ਜਾਂ ਇਸ ਪਿੱਛੇ ਕੋਈ ਹੋਰ ਸਾਮਰਾਜੀ ਗਿਣਤੀਆਂ-ਮਿਣਤੀਆਂ ਕੰਮ ਕਰਦੀਆਂ ਹਨ, ਇਨ੍ਹਾਂ ਸਵਾਲਾਂ ਦੀ ਚਰਚਾ ਇਤਿਹਾਸਕ ਹਵਾਲਿਆਂ ਨਾਲ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਇਸ ਲੇਖ ਵਿਚ ਕੀਤੀ ਹੈ।-ਸੰਪਾਦਕ॥
ਆਖਿæਰਕਾਰ ਗਾਜ਼ਾ ਪੱਟੀ ਵਿਚ ਦੋ ਸਾਲ ਲਗਾਤਾਰ ਭਿਆਨਕ ਤਬਾਹੀ ਮਚਾਉਣ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਨਾਲ ਯੁੱਧਬੰਦੀ ਕਰ ਲਈ ਹੈ। ਇਹ ਯੁੱਧਬੰਦੀ ਆਪੇ ਬਣੇ ‘ਸ਼ਾਂਤੀ ਦੂਤ’ ਡੋਨਡਲ ਟਰੰਪ ਦੀ 20 ਨੁਕਾਤੀ ‘ਸ਼ਾਂਤੀ ਯੋਜਨਾ’ ਦੀ ਉਪਜ ਹੈ ਅਤੇ ਯੁੱਧ ਲਈ ਬਜ਼ਿੱਦ ਨੇਤਨਯਾਹੂ ਨੂੰ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਤਹਿਤ ਵਾਈਟ ਹਾਊਸ ਦੀ ਮੱਧ ਪੂਰਬ ਨੀਤੀ ‘ਚ ਆਏ ਬਦਲਾਅ ਅਤੇ ਵਿਆਪਕ ਕੌਮਾਂਤਰੀ ਦਬਾਅ ਕਾਰਨ ਪਿੱਛੇ ਹਟਣਾ ਪਿਆ ਹੈ। 13 ਅਕਤੂਬਰ ਨੂੰ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਤੋਂ ਇਕਦਮ ਬਾਅਦ ਟਰੰਪ ਨੇ ਇਜ਼ਰਾਈਲ ਜਾ ਕੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ‘ਨਵੇਂ ਮੱਧ ਪੂਰਬ ਵਿਚ ਇਤਿਹਾਸਕ ਪਹੁ-ਫੁਟਾਲੇ’ ਦਾ ਐਲਾਨ ਕੀਤਾ ਅਤੇ ਫਿਰ ਆਪਣੀ ‘ਗਾਜ਼ਾ ਸ਼ਾਂਤੀ ਯੋਜਨਾ’ ਦੇ ਅਗਲੇ ਪੜਾਵਾਂ ਬਾਬਤ ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਮਿਸਰ ਨੂੰ ਰਵਾਨਾ ਹੋ ਗਿਆ। ਟਰੰਪ ਦੇ ਸੰਬੋਧਨ ਦੌਰਾਨ ਇਕ ਵਿਰੋਧੀ-ਧਿਰ ਮੈਂਬਰ ਨੇ ‘ਫ਼ਲਸਤੀਨ ਨੂੰ ਮਾਨਤਾ ਦਿਓ’ ਦਾ ਪੇਪਰ ਲਹਿਰਾ ਕੇ ਸਭ ਤੋਂ ਮਹੱਤਵਪੂਰਨ ਮੁੱਦਾ ਚੁੱਕਿਆ। ਠੱਗੀ ਦੀ ਜੈ-ਜੈਕਾਰ ਦੇ ਸ਼ੋਰ ਦੌਰਾਨ ਕੋਈ ਤਾਂ ਜਾਗਦੀ ਜ਼ਮੀਰ ਸੀ ਜਿਸਨੇ ਅਸਲ ਮੁੱਦੇ ਵੱਲ ਧਿਆਨ ਖਿੱਚਿਆ। ਸੰਮੇਲਨ ਵਿਚ ਮਿਸਰ, ਕਤਰ, ਤੁਰਕੀ ਅਤੇ ਅਮਰੀਕਾ ਨੇ ਯੁੱਧਬੰਦੀ ਦੇ ਗਾਰੰਟੀ ਦਾਤਿਆਂ ਦੇ ਰੂਪ ‘ਚ ਐਲਾਨਨਾਮੇ ਉੱਪਰ ਦਸਖ਼ਤ ਕੀਤੇ। ਟਰੁੱਥ ਸੋਸ਼ਲ ਉੱਪਰ ਟਰੰਪ ਨੇ ਇਸ ਨੂੰ ‘ਮਜ਼ਬੂਤ, ਹੰਢਣਸਾਰ ਅਤੇ ਸਥਾਈ ਸ਼ਾਂਤੀ ਵੱਲ ਪਹਿਲੇ ਕਦਮ’ ਕਿਹਾ ਅਤੇ ਇਸਦਾ ਸਿਹਰਾ ਆਪਣੇ ‘ਵੱਧ ਤੋਂ ਵੱਧ ਦਬਾਅ’ ਦੇ ਦਾਅਪੇਚਾਂ ਸਿਰ ਬੰਨਿ੍ਹਆ।
ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਹ ਸਮਝੌਤੇ ਵਿਚ ਦਰਜ ‘ਯੈਲੋ ਲਾਈਨ’ ਤੱਕ ਪਿੱਛੇ ਹਟ ਗਏ ਹਨ ਜੋ ਇਜ਼ਰਾਈਲੀ ਫ਼ੌਜ ਦੇ ਕੰਟਰੋਲ ਨੂੰ ਗਾਜ਼ਾ ਦੇ 53% ਹਿੱਸੇ ਤੱਕ ਸੀਮਤ ਕਰਦੀ ਹੈ। ਇਜ਼ਰਾਈਲੀ ਫ਼ੌਜ ਨੂੰ ਤਿੰਨ ਪੜਾਵਾਂ ‘ਚ ਵਾਪਸ ਬੁਲਾਏ ਜਾਣ ਦਾ ਇਹ ਪਹਿਲਾ ਪੜਾਅ ਹੈ ਅਤੇ ਅਗਲੇ ਦੋ ਪੜਾਅ ਟਰੰਪ ਦੀ ‘ਸ਼ਾਂਤੀ ਯੋਜਨਾ’ ਦੇ ਅੱਗੇ ਤੁਰਨ ਨਾਲ ਹੀ ਅਮਲ ‘ਚ ਆਉਣਗੇ। ਜਿੱਥੋਂ ਤੱਕ ਬਾਹਰਲੀ ਸਹਾਇਤਾ ਦਾ ਸਵਾਲ ਹੈ, ਇਜ਼ਰਾਈਲੀ ਫ਼ੌਜ ਅਨੁਸਾਰ ਇਸਦੀ ਵਧੇਰੇ ਮਾਤਰਾ ਖੇਤਰ ਵਿਚ ਪਹੁੰਚਣੀ ਸ਼ੁਰੂ ਹੋ ਗਈ ਹੈ। ਰਿਪੋਰਟਾਂ ਅਨੁਸਾਰ ਫ਼ਲਸਤੀਨੀਆਂ ਨੇ ਅਮਨ-ਚੈਨ ਦੀ ਆਸ ਨਾਲ ਮੁੜ ਗਾਜ਼ਾ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸਮਝੌਤੇ ਅਨੁਸਾਰ ਪਹਿਲੇ ਪੜਾਅ ਵਜੋਂ ਹਮਾਸ ਨੇ 20 ਜਿਉਂਦੇ ਬੰਧਕ ਅਤੇ ਇਜ਼ਰਾਈਲ ਨੇ ਇਸ ਬਦਲੇ 250 ਫ਼ਲਸਤੀਨੀ ਕੈਦੀ ਤੇ 1700 ਦੇ ਕਰੀਬ ਨਜ਼ਰਬੰਦ ਰਿਹਾਅ ਕਰ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਬੰਧਕਾਂ ਅਤੇ ਕੈਦੀਆਂ ਦੇ ਵਟਾਂਦਰੇ ਨਾਲ ਟਰੰਪ ਦੀ ਯੋਜਨਾ ਦਾ ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਅਗਲੇ ਦੋ ਪੜਾਅ ਫ਼ਲਸਤੀਨ ਦਾ ਕਿਹੋ ਜਿਹਾ ਭਵਿੱਖ ਤੈਅ ਕਰਦੇ ਹਨ।
ਟਰੰਪ ਦੀ ‘ਸ਼ਾਂਤੀ ਯੋਜਨਾ’ ਕੀ ਹੈ? ਯੋਜਨਾ ਦੇ ਪਹਿਲੇ ਪੜਾਅ ‘ਚ ਹਮਾਸ ਅਤੇ ਇਜ਼ਰਾਈਲ ਦਰਮਿਆਨ ਜਿਉਂਦੇ ਬੰਧਕਾਂ ਅਤੇ ਫ਼ਲਸਤੀਨੀ ਕੈਦੀਆਂ ਦੇ ਅਦਾਨ-ਪ੍ਰਦਾਨ ਦੇ ਨਾਲ ਬਾਕੀ ਇਜ਼ਰਾਈਲੀ ਬੰਧਕਾਂ ਦੀਆਂ ਅਸਥੀਆਂ ਇੰਟਰਨੈਸ਼ਨਲ ਰੈੱਡ ਕਰਾਡ ਕਮੇਟੀ ਰਾਹੀਂ ਇਜ਼ਰਾਈਲੀ ਫ਼ੌਜ ਦੇ ਸਪੁਰਦ ਕਰਨ ਦਾ ਸਵਾਲ ਵੀ ਹੈ। ਯੋਜਨਾ ਅਨੁਸਾਰ ਅਮਰੀਕੀ ਫ਼ੌਜ ਦੀ ਨਿਗਰਾਨੀ ਹੇਠ ਕੌਮਾਂਤਰੀ ਫੋਰਸ ਦੇ ਦੋ ਸੌ ਦੇ ਕਰੀਬ ਫ਼ੌਜੀ ਦਸਤੇ ਯੁੱਧਬੰਦੀ ਉੱਪਰ ਨਜ਼ਰ ਰੱਖਣਗੇ। ਯੋਜਨਾ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਧਿਰਾਂ ਸਹਿਮਤ ਹੋ ਜਾਣ ਤਾਂ ਯੁੱਧ ‘ਤੁਰੰਤ ਖ਼ਤਮ ਹੋ ਜਾਵੇਗਾ’; ਗਾਜ਼ਾ ਨੂੰ ਫ਼ੌਜ-ਮੁਕਤ ਕੀਤਾ ਜਾਵੇਗਾ ਅਤੇ ਕੁਲ ‘ਫ਼ੌਜੀ, ਦਹਿਸ਼ਤੀ ਅਤੇ ਹਮਲਾਵਰ ਢਾਂਚਾ’ ਨਸ਼ਟ ਕਰ ਦਿੱਤਾ ਜਾਵੇਗਾ। ਇਜ਼ਰਾਈਲੀ ਨਜਾਇਜ਼ ਅਬਾਦਕਾਰਾਂ ਦੇ ਕਬਜ਼ਿਆਂ, ਨਾਕਾਬੰਦੀ ਅਤੇ ਝਗੜੇ ਦੇ ਬੁਨਿਆਦੀ ਕਾਰਨ ਬਾਰੇ ਯੋਜਨਾ ਖ਼ਾਮੋਸ਼ ਹੈ।
ਗਾਜ਼ਾ ਦੇ ਪ੍ਰਸ਼ਾਸਨਿਕ ਪ੍ਰਬੰਧ ਬਾਰੇ ਯੋਜਨਾ ਕਹਿੰਦੀ ਹੈ ਕਿ ਸ਼ੁਰੂ ‘ਚ ਗਾਜ਼ਾ ਦਾ ਪ੍ਰਸ਼ਾਸਨ ਫ਼ਲਸਤੀਨੀ ਤਕਨੀਕੀ ਵਿਸ਼ੇਸ਼ਗਾਂ ਦੀ ਆਰਜ਼ੀ ਅੰਤਰਕਾਲੀ ਕਮੇਟੀ ਚਲਾਏਗੀ। ਇਸਦੀ ਨਿਗਰਾਨੀ ‘ਸ਼ਾਂਤੀ ਬੋਰਡ’ ਕਰੇਗਾ, ਜਿਸਦੀ ਅਗਵਾਈ ਟਰੰਪ ਕੋਲ ਹੋਵੇਗੀ ਅਤੇ ਜਿਸ ਵਿਚ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਸ਼ਾਮਲ ਹੋਵੇਗਾ। ‘ਗਾਜ਼ਾ ਦੀ ਮੁੜ-ਉਸਾਰੀ ਕਰਨ ਅਤੇ ਇਸ ਵਿਚ ਊਰਜਾ ਭਰਨ ਦੀ ਟਰੰਪ ਦੀ ਆਰਥਕ ਵਿਕਾਸ ਦੀ ਯੋਜਨਾ’ ਮਾਹਰਾਂ ਦੀ ਕਮੇਟੀ ਵੱਲੋਂ ਬਣਾਈ ਜਾਵੇਗੀ। ਆਖਿæਰਕਾਰ ਗਾਜ਼ਾ ਪੱਟੀ ਦਾ ਸ਼ਾਸਨ ਫ਼ਲਸਤੀਨੀਂ ਅਥਾਰਟੀ ਨੂੰ ਸੌਂਪ ਦਿੱਤਾ ਜਾਵੇਗਾ ਜੋ ਇਸ ਸਮੇਂ ਪੱਛਮੀ ਕੰਢੇ ਦਾ ਪ੍ਰਸ਼ਾਸਨ ਚਲਾ ਰਹੀ ਹੈ। ਇਹ ਤਾਂ ਹੀ ਹੋ ਸਕੇਗਾ ਜੇਕਰ ਟਰੰਪ ਦੀ ਯੋਜਨਾ ਦੇ ਸੁਧਾਰ ਮੁਕੰਮਲ ਹੋ ਜਾਂਦੇ ਹਨ! ਇਸਦਾ ਮਤਲਬ ਹੈ ਸੁਧਾਰਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ ਜਾਂ ਨਹੀਂ; ਭਾਵ ਪ੍ਰਸ਼ਾਸਨ ਫ਼ਲਸਤੀਨੀ ਅਥਾਰਟੀ ਨੂੰ ਸੌਂਪਣਾ ਹੈ ਜਾਂ ਨਹੀਂ, ਇਹ ਟਰੰਪ ਅਤੇ ਅਮਰੀਕੀ ਸਰਕਾਰ ਹੀ ਤੈਅ ਕਰੇਗੀ। ਫ਼ਲਸਤੀਨੀ ਲੋਕਾਂ ਨੂੰ ਇਸ ਵਿਚੋਂ ਬਿਲਕੁਲ ਬਾਹਰ ਰੱਖਿਆ ਗਿਆ ਹੈ ਕਿਉਂਕਿ ਯੋਜਨਾ ‘ਚ ਇਹ ਤੈਅ ਹੈ ਕਿ ਭਵਿੱਖ ‘ਚ ਹਮਾਸ ਦੀ ਇਸ ਖੇਤਰ ਦੇ ਰਾਜ-ਪ੍ਰਸ਼ਾਸਨ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਭੂਮਿਕਾ ਨਹੀਂ ਹੋਵੇਗੀ। ਜਦਕਿ ਹਮਾਸ 2007 ਤੋਂ ਲੈ ਕੇ ਇਸ ਖੇਤਰ ਦੀ ਚੁਣੀ ਹੋਈ ਸਰਕਾਰ ਹੈ ਅਤੇ ਉਹ ‘ਸੰਯੁਕਤ ਫ਼ਲਸਤੀਨੀ ਅੰਦੋਲਨ’ ਦੇ ਹਿੱਸੇ ਵਜੋਂ ਭਵਿੱਖ ‘ਚ ਗਾਜ਼ਾ ਵਿਚ ਕੁਝ ਭੂਮਿਕਾ ਦੀ ਉਮੀਦ ਰੱਖਦੇ ਹਨ।
ਪਹਿਲੀ ਨਜ਼ਰੇ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਯੋਜਨਾ ਦਾ ਕੇਂਦਰੀ ਨੁਕਤਾ ਫ਼ਲਸਤੀਨੀ ਲੋਕਾਂ ਦੀ ਪ੍ਰਭੂਸੱਤਾ ਅਤੇ ਇਜ਼ਰਾਈਲੀ ਕਬਜ਼ੇ ਵਿਰੁੱਧ ਉਨ੍ਹਾਂ ਦੇ ਹਥਿਆਰਬੰਦ ਟਾਕਰੇ ਨੂੰ ਖ਼ਤਮ ਕਰਨਾ ਅਤੇ ਅਮਰੀਕੀ ਦਖ਼ਲਅੰਦਾਜ਼ੀ ਵਧਾਉਣਾ ਹੈ। ਟਰੰਪ ਅਤੇ ਨੇਤਨਯਾਹੂ ਹਮਾਸ ਨੂੰ ਸੱਤਾ ਤੋਂ ਹਟਾਉਣਾ ਅਤੇ ਹਥਿਆਰਬੰਦ ਤਾਕਤ ਨੂੰ ਮਿਟਾਉਣਾ ਚਾਹੁੰਦੇ ਹਨ। ਹਮਾਸ ਦੀ ਲੀਡਰਸ਼ਿੱਪ ਦ੍ਰਿੜਤਾ ਨਾਲ ਕਹਿੰਦੀ ਰਹੀ ਹੈ ਕਿ ਉਹ ਫ਼ਲਸਤੀਨੀ ਰਾਜ ਸਥਾਪਤ ਹੋਣ ਤੋਂ ਬਾਅਦ ਹੀ ਹਥਿਆਰ ਸੁੱਟਣਗੇ। ਹਾਲ ਹੀ ਵਿਚ ਇਕ ਹਮਾਸ ਅਧਿਕਾਰੀ ਨੇ ਕਿਹਾ ਹੈ ਕਿ ਹਮਾਸ ਵੱਲੋਂ ਹਥਿਆਰ ਛੱਡਣ ਦਾ ‘ਸਵਾਲ ਹੀ ਪੈਦਾ ਨਹੀਂ ਹੁੰਦਾ।’ ਹੁਣ ਦੇਖਣਾ ਇਹ ਹੈ ਕਿ ਹਮਾਸ ਦੀ ਲੀਡਰਸ਼ਿੱਪ ਟਰੰਪ ਅਤੇ ਇਜ਼ਰਾਈਲ ਵੱਲੋਂ ਵਿਛਾਏ ਇਸ ਘਾਤਕ ਜਾਲ ਨਾਲ ਕਿਵੇਂ ਨਜਿੱਠਦੀ ਹੈ।
ਇਜ਼ਰਾਈਲੀ ਫ਼ੌਜ ਨੂੰ ਗਾਜ਼ਾ ਵਿਚੋਂ ਪੂਰੀ ਤਰ੍ਹਾਂ ਬਾਹਰ ਕੱਢਣ ਦਾ ਕੋਈ ਸਪਸ਼ਟ ਖ਼ਾਕਾ ਅਤੇ ਸਮਾਂ-ਸੂਚੀ ਨਹੀਂ ਹੈ। ਟਰੰਪ ਦੀ ਯੋਜਨਾ ਵਿਚ ਸਿਰਫ਼ ਪਹਿਲੇ ਪੜਾਅ ਦੇ 53% ਕੰਟਰੋਲ ਨੂੰ ਅੱਗੇ 40% ਅਤੇ ਫਿਰ 15% ਤੱਕ ਕਰਨ ਦਾ ਸੰਕੇਤ ਹੈ। ਆਖ਼ਰੀ ਪੜਾਅ ‘ਸੁਰੱਖਿਆ ਪੈਮਾਨੇ’ ਦਾ ਹੋਵੇਗਾ ਜੋ ਓਦੋਂ ਤੱਕ ਰਹੇਗਾ ‘ਜਦੋਂ ਤੱਕ ਗਾਜ਼ਾ ਕਿਸੇ ਦਹਿਸ਼ਤੀ ਖ਼ਤਰੇ ਦੇ ਮੁੜ ਉਭਰਨ ਤੋਂ ਉਚਿਤ ਰੂਪ ‘ਚ ਮਹਿਫੂਜ਼ ਨਹੀਂ ਹੋ ਜਾਂਦਾ।’ ਸਪਸ਼ਟ ਹੈ ਕਿ ਗਾਜ਼ਾ ਨੂੰ ਫ਼ੌਜ ਮੁਕਤ ਕਰਨ ਲਈ ਹਾਲਾਤ ਦਾ ਨਿਰਣਾ ਅਤੇ ਫ਼ਲਸਤੀਨ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ ਜਾਵੇਗਾ, ਇਹ ਅਮਰੀਕੀ ਸਾਮਰਾਜੀ ਹਾਕਮਾਂ ਦੇ ਹੱਥ ‘ਚ ਹੈ।
ਦੁਨੀਆ ਭਰ ਵਿਚ ਸਾਮਰਾਜੀ ਪ੍ਰਚਾਰਤੰਤਰ ਅਤੇ ‘ਮੁੱਖਧਾਰਾ’ ਮੀਡੀਆ ਵੱਲੋਂ ਇਹ ਬਿਰਤਾਂਤ ਧੂੰਆਂਧਾਰ ਪ੍ਰਚਾਰਿਆ ਜਾਂਦਾ ਹੈ ਕਿ ਹਥਿਆਰਬੰਦ ਸੰਘਰਸ਼ਾਂ/ਬਗ਼ਾਵਤਾਂ ਦੀ ਕੋਈ ਤੁਕ ਨਹੀਂ ਹੈ ਕਿਉਂਕਿ ਮਸਲੇ ਪੁਰਅਮਨ ਗੱਲਬਾਤ ਦੀ ਮੇਜ਼ ਉੱਪਰ ਬੈਠ ਕੇ ਹੱਲ ਕੀਤੇ ਜਾ ਸਕਦੇ ਹਨ। ਓਸਲੋ ਸਮਝੌਤਿਆਂ ਦੇ ਨਖਿੱਧ ਤਜਰਬੇ ਅਤੇ ਹਮਾਸ ਦੀ ਅਗਵਾਈ ਹੇਠ ਫ਼ਲਸਤੀਨੀ ਟਾਕਰੇ ਦੇ ਮੁੜ-ਸੁਰਜੀਤ ਹੋਣ ਨੇ ਸਾਬਤ ਕਰ ਦਿੱਤਾ ਹੈ ਕਿ ਮਜ਼ਲੂਮ ਧਿਰ ਸਿਰਫ਼ ਆਪਣੀ ਹਥਿਆਰਬੰਦ ਤਾਕਤ ਉਸਾਰ ਕੇ ਹੀ ਕੁਝ ਹਾਸਲ ਕਰ ਸਕਦੀ ਹੈ। ਕਥਿਤ ਜਮਹੂਰੀ ਹੱਲ ਹਾਕਮ ਜਮਾਤਾਂ ਦੀ ਚਲਾਕੀ ਭਰੀ ਜੁਗਤ ਹੈ ਜਿਸ ਨਾਲ ਮਾਨਵਤਾ ਵਿਰੋਧੀ ਜਾਬਰ-ਲੋਟੂ ਹਥਿਆਰਬੰਦ ਤਾਕਤ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਅਤੇ ਦੱਬੇ-ਕੁਚਲੇ ਲੋਕਾਂ/ਕੌਮਾਂ ਵੱਲੋਂ ਆਪਣੀ ਰਾਖੀ ਲਈ ਉਸਾਰੀ ਹਥਿਆਰਬੰਦ ਤਾਕਤ ਨੂੰ ਖ਼ਤਮ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਨਿਹੱਥਾ ਅਤੇ ਨਿਤਾਣਾ ਬਣਾਇਆ ਜਾਂਦਾ ਹੈ। ਇਸ ਜੁਗਤ ਨਾਲ ਜੁਝਾਰੂ ਲੀਡਰਸ਼ਿੱਪ ਨੂੰ ਗ਼ੈਰ-ਪ੍ਰਸੰਗਿਕ ਬਣਾ ਕੇ ਕਾਬਜ਼ ਧਿਰ ਦੀ ਇੱਛਾ ਅਨੁਸਾਰ ਕੰਮ ਕਰਨ ਵਾਲਿਆਂ ਨੂੰ ‘ਜਮਹੂਰੀ ਬਦਲ’ ਵਜੋਂ ਸ਼ਿੰਗਾਰ ਕੇ ਸੱਤਾ ‘ਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਸ਼ਾਨਾਮੱਤੇ ਸੰਘਰਸ਼ਾਂ ਨੂੰ ਜ਼ਲਾਲਤ ਭਰੇ ਸਮਝੌਤਿਆਂ ਰਾਹੀਂ ਤਬਾਹ ਕਰਨ ਦੀਆਂ ਬੇਸ਼ੁਮਾਰ ਮਿਸਾਲਾਂ ਹਨ। ਅਮਰੀਕੀ-ਪੱਛਮੀ ਸਾਮਰਾਜੀਆਂ ਦਾ ਇੱਕੋ-ਇਕ ਨਿਸ਼ਾਨਾ ਹਮੇਸ਼ਾ ਸ਼ਾਂਤੀ ਗੱਲਬਾਤ ਦੇ ਜਾਲ ‘ਚ ਫਸਾ ਕੇ ਫ਼ਲਸਤੀਨੀ ਮੁਕਤੀ ਸੰਘਰਸ਼ ਨੂੰ ਤਬਾਹ ਕਰਨਾ ਅਤੇ ਫ਼ਲਸਤੀਨੀ ਖੇਤਰ ਉੱਪਰ ਇਜ਼ਰਾਈਲ ਦੇ ਧਾੜਵੀ ਕਬਜ਼ੇ ਦਾ ਵਧਾਰਾ-ਪਸਾਰਾ ਕਰਨਾ ਰਿਹਾ ਹੈ। ਇਤਿਹਾਸਕ ਤਜਰਬੇ ਦੀ ਰੋਸ਼ਨੀ ‘ਚ ਦੇਖਿਆਂ ਟਰੰਪ ਦੀ ਅਜੋਕੀ ‘ਸ਼ਾਂਤੀ ਯੋਜਨਾ’ ਵੀ ਸਾਮਰਾਜੀ ਠੱਗੀ ਤੋਂ ਸਿਵਾਏ ਕੁਝ ਨਹੀਂ ਹੈ।
ਯਾਸਰ ਅਰਾਫ਼ਾਤ ਦੀ ਅਗਵਾਈ ਵਾਲੀ ਪੀ.ਐੱਲ.ਓ. (ਫ਼ਲਸਤੀਨ ਮੁਕਤੀ ਜਥੇਬੰਦੀ) ਅਤੇ ਇਜ਼ਰਾਈਲੀ ਸਰਕਾਰ ਦਰਮਿਆਨ 1993 ਦੇ ‘ਓਸਲੋ ਸਮਝੌਤੇ’ ਫ਼ਲਸਤੀਨੀ ਲੀਡਰਸ਼ਿੱਪ ਵੱਲੋਂ ਆਗਿਆਕਾਰੀ ਬਣ ਕੇ ਸੀਮਤ ਦਾਇਰੇ ਦੇ ਅੰਦਰ ਹੀ ਗੱਲਬਾਤ ਕਰਨ ਅਤੇ ਕੰਮ ਕਰਨ ਦੀਆਂ ਇਜ਼ਰਾਈਲ ਅਤੇ ਅਮਰੀਕਾ ਦੀਆਂ ਸ਼ਰਤਾਂ ਨੂੰ ਮੰਨ ਕੇ ਹੀ ਸੰਭਵ ਹੋਏ ਸਨ। ਗੱਲਬਾਤ ਫੇਰ ਹੀ ਕੀਤੀ ਗਈ ਜਦੋਂ ਤਤਕਾਲੀ ਫ਼ਲਸਤੀਨੀ ਲੀਡਰਸ਼ਿਪ ‘ਦਹਿਸ਼ਤਗਰਦੀ’ ਯਾਨੀ ਹਥਿਆਰਬੰਦ ਟਾਕਰਾ ਛੱਡਣ, ਹਥਿਆਰ ਸੁੱਟਣ, ਯਹੂਦੀ ਸਟੇਟ ਦੇ ਰੂਪ ‘ਚ ਇਜ਼ਰਾਈਲ ਦੀ ਹੋਂਦ ਦੇ ਕਥਿਤ ਅਧਿਕਾਰ ਨੂੰ ਮਾਨਤਾ ਦੇਣ ਅਤੇ ਇਜ਼ਰਾਈਲ ਤੇ ਅਮਰੀਕਾ ਵੱਲੋਂ ਤੈਅ ਕੀਤੀ ਭਾਸ਼ਾ ਦੀ ਪਾਲਣਾ ਕਰਨਾ ਮੰਨ ਗਈ। ਅਮਰੀਕਾ ਨੇ ਯਾਸਿਰ ਅਰਾਫ਼ਾਤ ਨਾਲ ‘ਗੱਲਬਾਤ’ ਓਦੋਂ ਹੀ ਸ਼ੁਰੂ ਕੀਤੀ ਜਦੋਂ ਉਸਨੇ ਅਧਿਕਾਰਕ ਤੌਰ ‘ਤੇ ‘ਦਹਿਸ਼ਤਵਾਦ’ ਤੋਂ ਤੌਬਾ ਕਰ ਲਈ ਅਤੇ ਫ਼ਲਸਤੀਨ ਸੰਬੰਧੀ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਸੀਮਿਤ ਵਿਆਖਿਆ ਸਵੀਕਾਰ ਕਰ ਲਈ। ਇਜ਼ਰਾਈਲ ਨੇ ਗੱਲਬਾਤ ਲਈ ਸਖ਼ਤ ਸ਼ਰਤਾਂ ਰੱਖੀਆਂ ਅਤੇ ਅਰਾਫ਼ਾਤ ਨੂੰ ਆਪਣੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਇਕਤਰਫ਼ਾ ਛੋਟਾਂ ਦੇਣੀਆਂ ਪਈਆਂ।
ਓਸਲੋ ਸਮਝੌਤਿਆਂ ਨੂੰ ਫ਼ਲਸਤੀਨ ਦੇ ਪੱਕੇ ਹੱਲ ਦੇ ਤੌਰ ‘ਤੇ ਪੇਸ਼ ਕੀਤਾ ਗਿਆ, ਪਰ ਹਕੀਕਤ ‘ਚ ਕੀ ਵਾਪਰਿਆ? ਇਸਨੇ ਫ਼ਲਸਤੀਨੀ ਸੰਘਰਸ਼ ਨੂੰ ਢਾਹ ਲਾਈ। ਇਨ੍ਹਾਂ ਸਮਝੌਤਿਆਂ ‘ਚੋਂ ਫ਼ਲਸਤੀਨ ਦੇ ਪੱਲੇ ਪੀ.ਏ. (‘ਫ਼ਲਸਤੀਨੀ ਅਥਾਰਟੀ’) ਬਣਾਏ ਜਾਣ ਤੋਂ ਸਿਵਾਏ ਕੁਝ ਨਹੀਂ ਪਿਆ, ਜੋ ਸਮੇਂ ਨਾਲ ਭ੍ਰਿਸ਼ਟਾਚਾਰ ਦਾ ਕੇਂਦਰ ਅਤੇ ਆਖਿæਰਕਾਰ ਇਜ਼ਰਾਈਲੀ ਕਬਜ਼ੇ ਦਾ ਹਿੱਸਾ ਬਣ ਗਈ। ਇਸ ਦੌਰਾਨ ਇਜ਼ਰਾਈਲ ਬੇਰੋਕ-ਟੋਕ ਹਮਲੇ ਤੇ ਕਤਲੇਆਮ ਕਰਦਾ ਰਿਹਾ। ਔਰਤਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਫ਼ਲਸਤੀਨੀ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਦਾ ਰਿਹਾ। ‘ਗੱਲਬਾਤ’ ਅਤੇ ‘ਸ਼ਾਂਤੀ ਪ੍ਰਕਿਰਿਆ’ ਦੇ ਨਾਂ ‘ਤੇ ਇਜ਼ਰਾਈਲ ਨੇ 1967 ਤੋਂ ਬਾਅਦ ਫ਼ਲਸਤੀਨੀ ਜ਼ਮੀਨ ਉੱਪਰ ਸਭ ਤੋਂ ਵੱਡੇ ਕਬਜ਼ੇ ਨੂੰ ਅੰਜਾਮ ਦਿੱਤਾ। ਇਸਨੇ ਪੂਰਬੀ ਯੇਰੂਸ਼ਲਮ, ਪੱਛਮੀ ਕੰਢੇ ਅਤੇ ਗਾਜ਼ਾ ਦੀ ਜ਼ਮੀਨ ‘ਤੇ ਕਬਜ਼ਾ ਪੱਕਾ ਕੀਤਾ। ਇਜ਼ਰਾਈਲ ਅਤੇ ਪੀ.ਏ. ਨੇ ਮਿਲ ਕੇ ਪੱਛਮੀ ਕੰਢੇ ਦੇ ਸ਼ਹਿਰਾਂ (ਜੇਨਿਨ, ਤੁਲਕਾਰਮ, ਨੇਬਲਸ) ਵਿਚ ਫ਼ਲਸਤੀਨੀ ਟਾਕਰੇ ਨੂੰ ਤਾਂ ਕੁਚਲ ਦਿੱਤਾ, ਪਰ ਹਥਿਆਰਬੰਦ ਟਾਕਰੇ ਦੀ ਮਜ਼ਬੂਤ ਪਰੰਪਰਾ ਵਾਲੇ ਗਾਜ਼ਾ ਨੂੰ ਉਹ ਕੁਚਲ ਨਹੀਂ ਸਕੇ।
2006 ‘ਚ ਜਦੋਂ ਹਮਾਸ ਨੇ ਚੋਣਾਂ ‘ਚ ਬਹੁਮਤ ਹਾਸਲ ਕਰਕੇ ਅਤੇ ਹਥਿਆਰਬੰਦ ਤਾਕਤ ਨਾਲ ਸੱਤਾਧਾਰੀ ‘ਫ਼ਤਾਹ’ ਪਾਰਟੀ ਨੂੰ ਖਦੇੜ ਕੇ ਗਾਜ਼ਾ ਦਾ ਕੰਟਰੋਲ ਆਪਣੇ ਹੱਥ ‘ਚ ਲੈ ਲਿਆ ਤਾਂ ਇਜ਼ਰਾਈਲ ਤੇ ਫ਼ਲਸਤੀਨੀ ਅਥਾਰਟੀ ਨੇ ਮਿਲ ਕੇ ਉਸ ਵਿਰੁੱਧ ਪੂਰੀ ਤਾਕਤ ਝੋਕ ਦਿੱਤੀ। ਗਾਜ਼ਾ ਨੂੰ 2008 ਤੋਂ ਲੈ ਕੇ ਲਗਾਤਾਰ ਇਜ਼ਰਾਈਲੀ ਯੁੱਧਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਦਹਿ-ਹਜ਼ਾਰ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ, ਪਰ ਗਾਜ਼ਾ ਨੇ ਵੱਡੇ ਸੰਕਟ ਦੇ ਬਾਵਜੂਦ ਗੋਡੇ ਨਹੀਂ ਟੇਕੇ ਅਤੇ ਉਹ ਫ਼ਲਸਤੀਨੀ ਸਿਰੜ ਦੀ ਮਿਸਾਲ ਬਣ ਗਿਆ। 7 ਅਕਤੂਬਰ 2023 ਦੇ ਹਮਲੇ ਨੇ ਨੇਤਨਯਾਹੂ ਦੇ ‘ਮੁਕੰਮਲ ਜਿੱਤ’ ਦੇ ਸੁਪਨੇ ਦੀ ਫੂਕ ਕੱਢ ਦਿੱਤੀ। ਜਿਸ ਤੋਂ ਬੁਖਲਾ ਕੇ ਅਮਰੀਕੀ-ਇਜ਼ਰਾਈਲੀ ਹਾਕਮਾਂ ਨੇ ਗਾਜ਼ਾ ਪੱਟੀ ਵਿਚ ਵਿਆਪਕ ਨਸਲਕੁਸ਼ੀ ਵਿੱਢ ਦਿੱਤੀ। ਅਰਬ ਤਾਨਾਸ਼ਾਹ ਵੀ ਭੈਭੀਤ ਸਨ ਕਿ ਲਿਬਨਾਨ ਅਤੇ ਯਮਨ ਵਿਚਲੇ ਹਥਿਆਰਬੰਦ ਗਰੁੱਪਾਂ ਨਾਲ ਹਮਾਸ ਦੇ ਗੱਠਜੋੜ ਦੀ ਇਹ ਅੱਗ ਕਿਤੇ ਪੂਰੇ ਮੱਧ-ਪੂਰਬ ਵਿਚ ਨਾ ਫੈਲ ਜਾਵੇ। ਇਸੇ ਵਿਚੋਂ ਇਜ਼ਰਾਈਲ ਨੇ ਅਮਰੀਕਾ ਦੀ ਸਿੱਧੀ ਹਿੱਸੇਦਾਰੀ ਅਤੇ ਪੱਛਮੀ ਤਾਕਤਾਂ ਤੇ ਅਰਬ ਤਾਨਾਸ਼ਾਹਾਂ ਦੀ ਅਸਿੱਧੀ ਮੱਦਦ ਨਾਲ ਦੋ ਸਾਲ ਤੱਕ ਲੱਖਾਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਤੇ ਗਾਜ਼ਾ ਦੀ ਤਬਾਹੀ ਕੀਤੀ। ਆਖਿæਰਕਾਰ ਇਸ ਮਾਨਵਤਾ ਵਿਰੋਧੀ ਗੱਠਜੋੜ ਨੂੰ ਦੁਨੀਆ ਭਰ ‘ਚ ਹੋ ਰਹੇ ਵਿਆਪਕ ਵਿਰੋਧ ਦੇ ਦਬਾਅ ਹੇਠ ਮੌਜੂਦਾ ‘ਸ਼ਾਂਤੀ ਪ੍ਰਕਿਰਿਆ’ ਪੇਸ਼ ਕਰਨੀ ਹੈ। ਟਰੰਪ ਨੇ ਮੱਧ ਪੂਰਬ ਵਿਚ ਆਪਣੇ ਹਿਤ ਪੂਰਤੀ ਯਕੀਨੀਂ ਬਣਾ ਕੇ ਹੀ ਵੀਹ-ਨੁਕਾਤੀ ‘ਸ਼ਾਂਤੀ ਯੋਜਨਾ’ ਪੇਸ਼ ਕੀਤੀ ਹੈ ਜੋ ਕੌਮਾਂਤਰੀ ਤੌਰ ‘ਤੇ ਅਲੱਗ-ਥਲੱਗ ਹੋਏ ਨੇਤਨਯਾਹੂ ਨੇ ਕਬੂਲ ਕਰ ਲਈ ਹੈ। ਜਦੋਂ ਵੀ ਅਮਰੀਕਾ, ਇਜ਼ਰਾਈਲ ਆਦਿ ‘ਸੰਵਾਦ’ ਜਾਂ ‘ਸ਼ਾਂਤੀ’ ਦੀ ਗੱਲ ਕਰਦੇ ਹਨ ਤਾਂ ਉਸਦੇ ਪਿੱਛੇ ਹਮੇਸ਼ਾ ਇਜ਼ਰਾਈਲੀ ਕਬਜ਼ੇ ਅਤੇ ਅਮਰੀਕੀ ਸਾਮਰਾਜੀ ਹਿਤਾਂ ਦੇ ਖ਼ਤਰਨਾਕ ਮਨਸੂਬੇ ਕੰਮ ਕਰ ਰਹੇ ਹੁੰਦੇ ਹਨ। ਜੰਗਬਾਜ਼ ਨੇਤਨਯਾਹੂ ਅਕਤੂਬਰ 2023 ਤੋਂ ਲੈ ਕੇ ਵਾਰ-ਵਾਰ ਦੁਹਰਾ ਰਿਹਾ ਸੀ ਕਿ ਉਹ ਹਮਾਸ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਯੁੱਧ ਬੰਦ ਕਰੇਗਾ। ਹੁਣ ਟਰੰਪ ਦੀ ਯੋਜਨਾ ਨਾਲ ਨੇਤਨਯਾਹੂ ਵੱਲੋਂ ਪ੍ਰਗਟਾਈ ਸਹਿਮਤੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਟਰੰਪ/ਅਮਰੀਕਾ ਹਾਕਮ ਚਾਹੁੰਦੇ ਤਾਂ ਯੁੱਧ ਬਹੁਤ ਪਹਿਲਾਂ ਬੰਦ ਕੀਤਾ ਜਾ ਸਕਦਾ ਸੀ ਪਰ ਉਹ ਤਾਂ ਗਾਜ਼ਾ ਨੂੰ ਤਬਾਹ ਕਰਕੇ ਫ਼ਲਸਤੀਨੀ ਟਾਕਰੇ ਨੂੰ ਫ਼ਨਾਹ ਕਰਨਾ ਚਾਹੁੰਦੇ ਸਨ ।
ਬੇਸ਼ੱਕ ਇਜ਼ਰਾਈਲੀ ਫ਼ੌਜਾਂ ਨੇ ਗਾਜ਼ਾ ਨੂੰ ਲਾਸ਼ਾਂ ਅਤੇ ਮਲ਼ਬੇ ਦਾ ਢੇਰ ਬਣਾ ਦਿੱਤਾ ਹੈ, ਪਰ ਗਾਜ਼ਾ ਦੇ ਲੋਕਾਂ ਦੇ ਸਿਦਕ ਅਤੇ ਸਿਰੜ ਨੇ ਜੰਗਬਾਜ਼ ਇਜ਼ਰਾਈਲੀ ਹਾਕਮਾਂ ਨੂੰ ਉਨ੍ਹਾਂ ਦੀ ਔਕਾਤ ਦਿਖਾ ਦਿੱਤੀ ਹੈ। ਅੱਜ ਸਾਰੇ ਜਾਬਰ ਪੱਖ— ਇਜ਼ਰਾਈਲ, ਅਮਰੀਕਾ, ਪੱਛਮੀ ਤਾਕਤਾਂ ਅਤੇ ਅਰਬ ਸਹਿਯੋਗੀ— ਇਸ ਗਹਿਰੇ ਡਰ ਵਿਚ ਜੀ ਰਹੇ ਹਨ ਕਿ ਗਾਜ਼ਾ ਵਿਚ ਇਜ਼ਰਾਈਲ ਦੀ ਹਾਰ ਪੂਰੇ ਮੱਧ ਪੂਰਬ ਦੇ ਤਾਕਤਾਂ ਦੇ ਤੋਲ ਉੱਪਰ ਅਸਰ-ਅੰਦਾਜ਼ ਹੋ ਸਕਦੀ ਹੈ। ਫ਼ਲਸਤੀਨੀਆਂ ਨੇ ਨਾ ਸਿਰਫ਼ ਆਪਣੀ ਰਾਜਨੀਤਿਕ ਸਰਗਰਮੀ ਅਤੇ ਸਵੈਨਿਰਣੇ ਦੀ ਭਾਵਨਾ ਮੁੜ ਸਥਾਪਤ ਕੀਤੀ ਹੈ ਸਗੋਂ ਇਹ ਵੀ ਸਾਬਤ ਕੀਤਾ ਹੈ ਕਿ ਇਜ਼ਰਾਈਲੀ ਬਸਤੀਵਾਦ ਅਤੇ ਅਮਰੀਕੀ–ਪੱਛਮੀ ਸਾਮਰਾਜਵਾਦ ਦੇ ਵਿਰੁੱਧ ਹਰ ਰੂਪ ‘ਚ ਟਾਕਰਾ ਜਾਇਜ਼ ਅਤੇ ਅਸਰਦਾਇਕ ਯੁੱਧਨੀਤੀ ਹੈ।
ਨੇਤਨਯਾਹੂ ਦੀ ਅਗਵਾਈ ਹੇਠ ਇਜ਼ਰਾਈਲੀ ਜ਼ਿਓਨਵਾਦ ਦੀ ਇਖ਼ਲਾਕੀ ਹਾਰ ਦੀ ਤੁਲਨਾ ‘ਚ ਗਾਜ਼ਾ ਵਿਚ ਭਿਆਨਕ ਨਸਲਕੁਸ਼ੀ ਤੇ ਤਬਾਹੀ ਦੇ ਬਾਵਜੂਦ ਫ਼ਲਸਤੀਨ ਦੀ ਇਖ਼ਲਾਕੀ ਜਿੱਤ ਬਹੁਤ ਵੱਡਾ ਹਾਸਲ ਹੈ। ਇਹ ਫ਼ਲਸਤੀਨੀ ਲੋਕਾਂ ਦੀ ਅਣਥੱਕ ਭਾਵਨਾ, ਉਨ੍ਹਾਂ ਦੀ ਅਟੁੱਟ ਇਕਜੁੱਟਤਾ, ਅਤੇ ਉਨ੍ਹਾਂ ਦੇ ਡੂੰਘੀਆਂ ਜੜਾਂ ਵਾਲੇ ਟਾਕਰੇ ਦੀ ਰਵਾਇਤ ਦੀ ਗੂੰਜਵੀਂ ਜਿੱਤ ਹੈ— ਜੋ ਕਿਸੇ ਇਕ ਧੜੇ, ਵਿਚਾਰਧਾਰਾ ਜਾਂ ਰਾਜਨੀਤੀ ਤੋਂ ਕਿਤੇ ਵੱਡੀ ਹੈ।
ਅਮਰੀਕਾ ਅਤੇ ਉਸਦੇ ਪੱਛਮੀ ਤੇ ਅਰਬ ਸੰਗੀ ਭਾਵੇਂ ਆਪਣੇ ਦਲਾਲ ਮਹਿਮੂਦ ਅੱਬਾਸ ਅਤੇ ਉਸਦੇ ‘ਓਸਲੋ ਮਾਡਲ’ ਨੂੰ ਫ਼ਲਸਤੀਨੀਆਂ ਲਈ ਵਾਹਦ ‘ਬਦਲ’ ਵਜੋਂ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਦੇ ਰਹਿਣ, ਪਰ ਇਸ ਯੁੱਧ ਦੇ ਚਿਰਕਾਲੀ ਪ੍ਰਭਾਵ ਬਿਲਕੁਲ ਹੀ ਵੱਖਰੀ ਹਕੀਕਤ ਉਜਾਗਰ ਕਰਨਗੇ ਕਿਉਂਕਿ ਓਸਲੋ ਸਮਝੌਤੇ ਅਤੇ ਉਸ ਨਾਲ ਜੁੜਿਆ ਭ੍ਰਿਸ਼ਟ ਪ੍ਰਬੰਧ ਫ਼ਲਸਤੀਨੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ।
ਅਮਰੀਕੀ ਸਾਮਰਾਜੀ ਨੀਤੀਆਂ ਅਤੇ ਟਰੰਪ ਦੀ ਧੌਂਸਬਾਜ਼ੀ ਨੂੰ ਦੇਖਦਿਆਂ ਕਿਸੇ ਨੂੰ ਵੀ ਭਰਮ ਨਹੀਂ ਪਾਲਣਾ ਚਾਹੀਦਾ ਕਿ ਗਾਜ਼ਾ ਵਿਚ ਮੌਜੂਦਾ ਯੁੱਧਬੰਦੀ ਕਿਸੇ ਵੀ ਤਰੀਕੇ ਨਾਲ ‘ਸ਼ਾਂਤੀ ਯੋਜਨਾ’ ਹੈ। ਇਹ ਸਿਰਫ਼ ਕਤਲੇਆਮ ਨੂੰ ਆਰਜ਼ੀ ਤੌਰ ‘ਤੇ ਰੋਕਣਾ ਹੈ। 9 ਅਕਤੂਬਰ ਨੂੰ ਟਰੰਪ ਨੇ ਖ਼ੁਦ ਮੰਨਿਆ ਕਿ ‘ਮੈਂ ਇਹ ਗਾਰੰਟੀ ਨਹੀਂ ਦੇ ਸਕਦਾ ਕਿ ਇਸ ਤੋਂ ਬਾਅਦ ਨੇਤਨਯਾਹੂ ਗਾਜ਼ਾ ਵਿਚ ਕਾਰਵਾਈ ਨਹੀਂ ਕਰੇਗਾ।’ ਫ਼ਲਸਤੀਨ ਉੱਪਰ ਫ਼ਲਸਤੀਨੀ ਲੋਕਾਂ ਦੇ ਵਾਹਦ ਹੱਕ ਨੂੰ ਮੰਨਣ ਅਤੇ ਨੇਤਨਯਾਹੂ ਤੇ ਉਸਦੀ ਸਰਕਾਰ ਨੂੰ ਜੰਗੀ ਜੁਰਮਾਂ ਦਾ ਦੋਸ਼ੀ ਕਰਾਰ ਦੇਣ ਨਾਲ ਹੀ ਸੱਚੇ ਅਮਨ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਦੀ ਅਣਹੋਂਦ ‘ਚ ‘ਸ਼ਾਂਤੀ ਯੋਜਨਾ’ ਅਗਲੇ ਇਜ਼ਰਾਈਲੀ ਹਮਲੇ ਤੋਂ ਪਹਿਲੀ ਖ਼ਾਮੋਸ਼ੀ ਤੋਂ ਸਿਵਾਏ ਕੁਝ ਨਹੀਂ ਹੈ। ਸੁਚੇਤ ਲੋਕ ਜਾਣਦੇ ਹਨ ਕਿ ਯੁੱਧਬੰਦੀ ਨਾਮਨਿਹਾਦ ਹੈ ਕਿਉਂਕਿ ਜਦੋਂ ਤੱਕ ਇਜ਼ਰਾਈਲੀ ਪਸਾਰਵਾਦ ਨੂੰ ਅਮਰੀਕੀ-ਪੱਛਮੀ ਸਾਮਰਾਜੀ ਥਾਪੜਾ ਹੈ, ਮੱਧ ਪੂਰਬ ਵਿਚ ਸਥਾਈ ਸ਼ਾਂਤੀ ਨਹੀਂ ਹੋ ਸਕਦੀ ਜਿਸਦੇ ਦਾਅਵੇ ਟਰੰਪ ਕਰ ਰਿਹਾ ਹੈ। ਜਦੋਂ ਤੱਕ ਫ਼ਲਸਤੀਨ, ਇਜ਼ਰਾਈਲੀ ਕਬਜ਼ੇ ‘ਚੋਂ ਆਜ਼ਾਦ ਨਹੀਂ ਹੁੰਦਾ, ਕਥਿਤ ਸ਼ਾਂਤੀ ਕੋਈ ਮਾਇਨੇ ਨਹੀਂ ਰੱਖਦੀ। ਟਰੰਪ ਅਤੇ ਕਾਰਪੋਰੇਟ ਗਿਰਝਾਂ ਦੀ ਹਾਬੜੀ ਨਜ਼ਰ ਹੁਣ ਗਾਜ਼ਾ ਦੀ ਮੁੜ-ਉਸਾਰੀ ਵਿਚੋਂ ਮੁਨਾਫ਼ੇ ਬਟੋਰਨ ਅਤੇ ਇੱਥੇ ਆਪਣੇ ਧਾੜਵੀ ਕਾਰੋਬਾਰੀ ਹਿਤਾਂ ਨੂੰ ਅੱਗੇ ਵਧਾਉਣ ਉੱਪਰ ਹੈ। ਅਮਰੀਕੀ ਸਾਮਰਾਜ ਹੁਣ ਗਾਜ਼ਾ ਯੁੱਧ ਅਤੇ ਨਸਲਕੁਸ਼ੀ ਵਿਚ ਕੀਤੇ ‘ਪੂੰਜੀ-ਨਿਵੇਸ਼’ ਵਿਚੋਂ ਇਰਾਕ ਦੀ ‘ਮੁੜ-ਉਸਾਰੀ’ ਦੇ ਨਮੂਨੇ ‘ਤੇ ਵੱਧ ਤੋਂ ਵੱਧ ਕਮਾਈ ਕਰੇਗਾ।
ਖ਼ੁਦ ਇਜ਼ਰਾਈਲ ਦੇ ਅੰਦਰ ਵੀ ਟਰੰਪ ਦੀ ਯੋਜਨਾ ਨੂੰ ਲੈ ਕੇ ਬਹੁਤੀ ਸੰਤੁਸ਼ਟੀ ਨਹੀਂ ਹੈ। ਇਜ਼ਰਾਈਲ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਇਜ਼ਰਾਈਲ ਹੇਯੋਮ’, ਜੋ ਮਰਹੂਮ ਕੈਸੀਨੋ ਧਨਾਢ ਸ਼ੈਲਡਨ ਐਡਲਸਨ ਵੱਲੋਂ ਨੇਤਨਯਾਹੂ ਦੇ ਬੁਲਾਰੇ ਦੀ ਭੂਮਿਕਾ ਨਿਭਾਉਣ ਅਤੇ ਜ਼ਿਓਨਵਾਦ ਨੂੰ ਪ੍ਰਚਾਰਨ ਲਈ ਸਥਾਪਤ ਕੀਤਾ ਗਿਆ ਸੀ, ਨੇ ਆਪਣੇ ਪਾਠਕਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਟਰੰਪ ਦੀ ਯੋਜਨਾ ਬਾਰੇ ਫ਼ਿਕਰਮੰਦ ਨਾ ਹੋਣ— ਕਿਉਂਕਿ ਇਹ ਸਿਰਫ਼ ‘ਲਫਾਜ਼ੀ’ ਹੀ ਹੈ।
ਆਉਣ ਵਾਲੇ ਸਮੇਂ ‘ਚ, ਖ਼ਾਸ ਕਰਕੇ ਪੱਛਮੀ ਕੰਢੇ ਅਤੇ ਪੂਰੇ ਖੇਤਰ ਵਿਚ ਜੋ ਕੁਝ ਹੋਵੇਗਾ, ਉਹੀ ਤੈਅ ਕਰੇਗਾ ਕਿ ਇੱਥੇ ਕਿਸ ਤਰ੍ਹਾਂ ਦਾ ਅਮਨ-ਅਮਾਨ ਹੋਵੇਗਾ ਜਾਂ ਇੱਥੇ ਸੰਘਰਸ਼ ਦਾ ਅਗਲਾ ਪੜਾਅ ਕਿਸ ਰੂਪ ‘ਚ ਤੇ ਕਦੋਂ ਵਾਪਰੇਗਾ। ਇਜ਼ਰਾਈਲ ਅਤੇ ਅਮਰੀਕੀ ਹਾਕਮ ਜਮਾਤ ਦੀ ਵਿਸ਼ਵਾਸਘਾਤੀ ਧਾੜਵੀ ਖ਼ਸਲਤ ਨੂੰ ਦੇਖਦਿਆਂ ਇਸ ਆਰਜ਼ੀ ਯੁੱਧਬੰਦੀ ਦੇ ਅਮਨ-ਚੈਨ ‘ਚ ਸਾਕਾਰ ਹੋਣ ਦੀ ਜ਼ਿਆਦਾ ਸੰਭਾਵਨਾ ਚਾਹੇ ਨਹੀਂ ਹੈ, ਪਰ ਦਿਨ-ਰਾਤ ਕਤਲੇਆਮ ਝੱਲ ਰਹੇ ਫ਼ਲਸਤੀਨੀ ਲੋਕਾਂ ਲਈ ਕਤਲੇਆਮ ‘ਤੋਂ ਮਾਮੂਲੀ ਰਾਹਤ ਵੀ ਮਹੱਤਵਪੂਰਨ ਹੈ।
