ਵਿਸ਼ਵ ਦੇ ਮਹਾਨ ਖਿਡਾਰੀ: ਟੈਨਿਸ ਦਾ ਗਲੋਬਲ ਆਈਕੋਨ ਲੀਏਂਡਰ ਪੇਸ

ਪ੍ਰਿੰ. ਸਰਵਣ ਸਿੰਘ
ਲੀਏਂਡਰ ਐਂਡਰੀਅਨ ਪੇਸ ਭਾਰਤ ਦਾ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰਿਹਾ। ਉਹ 30 ਵਰ੍ਹੇ ਸਿਰੇ ਦੀ ਟੈਨਿਸ ਖੇਡਿਆ। ਉਸ ਨੂੰ ਟੈਨਿਸ ਦਾ ਗਲੋਬਲ ਆਈਕੋਨ ਕਿਹਾ ਜਾਂਦਾ ਸੀ। 1991`ਚ ਪੇਸ਼ਾਵਰ ਖਿਡਾਰੀ ਬਣ ਕੇ ਉਹ 2020 ਵਿਚ ਰਿਟਾਇਰ ਹੋਇਆ। ਇੰਜ ਉਹ 30 ਸਾਲ ਟੈਨਿਸ ਦਾ ਸਟਾਰ ਖਿਡਾਰੀ ਬਣਿਆ ਰਿਹਾ।

ਉਹਦੀ ਜੈ ਜੈ ਕਾਰ ਕੁਲ ਦੁਨੀਆ `ਚ ਹੋਈ। ਉਸ ਨੇ 20 ਸਲੈਮ ਟਾਈਟਲ ਜਿੱਤੇ। ਉਹ ਬਾਰਸੀਲੋਨਾ-1992 ਦੀਆਂ ਓਲੰਪਿਕ ਖੇਡਾਂ ਤੋਂ ਰੀਓ-2016 ਦੀਆਂ ਓਲੰਪਿਕ ਖੇਡਾਂ ਤਕ 7 ਵਾਰ ਟੈਨਿਸ ਮੁਕਾਬਲਿਆਂ ਦਾ ਭਾਗੀਦਾਰ ਬਣਿਆ। ਟੋਕੀਓ-2020 ਦੀਆਂ ਓਲੰਪਿਕ ਖੇਡਾਂ ਵਿਚ ਉਹ ਅੱਠਵੀਂ ਵਾਰ ਭਾਗ ਲੈਣ ਲਈ ਵੀ ਤਿਆਰੀ ਕਰ ਰਿਹਾ ਸੀ ਪਰ ਕੋਵਿਡ ਕਾਰਨ ਓਲੰਪਿਕ ਖੇਡਾਂ ਮੁਲਤਵੀ ਹੋ ਗਈਆਂ। ਉਸ ਨੇ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿਚ ਸਿਰਫ ਭਾਗ ਹੀ ਨਹੀਂ ਲਿਆ ਬਲਕਿ ਉਨ੍ਹਾਂ ਵਿਚੋਂ 10 ਮੈਡਲ ਵੀ ਜਿੱਤੇ। 5 ਗੋਲਡ ਮੈਡਲ ਤੇ 5 ਬ੍ਰਾਂਜ਼ ਮੈਡਲ! ਕੀ ਕਿਹਾ ਜਾਏ ਅਜਿਹੇ ਅਫਲਾਤੂਨ ਖਿਡਾਰੀ ਬਾਰੇ?
ਉਹ ਨਾ ਸਿਰਫ਼ ਭਾਰਤ ਜਾਂ ਏਸ਼ੀਆ ਦਾ ਟੈਨਿਸ ਸਟਾਰ ਸੀ ਬਲਕਿ ਪੂਰੇ ਵਿਸ਼ਵ ਦਾ ਟੈਨਿਸ ਸਟਾਰ ਮੰਨਿਆ ਜਾਂਦਾ ਸੀ। ਜਿਵੇਂ ਕ੍ਰਿਕਟ ਵਿਚ ਸਚਿਨ ਤੇਂਦੁਲਕਰ ਦੀ ਤੂਤੀ ਬੋਲਦੀ ਰਹੀ ਉਵੇਂ ਟੈਨਿਸ ਵਿਚ ਲੀਏਂਡਰ ਪੇਸ ਦੀ ਗੁੱਡੀ ਚੜ੍ਹੀ ਰਹੀ। ਇਹ ਵੱਖਰੀ ਗੱਲ ਕਿ ਭਾਰਤ ਵਿਚ ਕ੍ਰਿਕਟ ਦਾ ਕਰੇਜ਼ ਟੈਨਿਸ ਨਾਲੋਂ ਵਧੇਰੇ ਹੋਣ ਕਰਕੇ ਸਚਿਨ ਦੀ ਮਹਿਮਾ ਲੀਏਂਡਰ ਨਾਲੋਂ ਵਧੇਰੇ ਹੋਈ। ਸਚਿਨ ਨੂੰ ‘ਕ੍ਰਿਕਟ ਦਾ ਭਗਵਾਨ’ ਕਿਹਾ ਗਿਆ ਤੇ ਭਾਰਤ ਦਾ ਸਰਬਉੱਚ ਸਨਮਾਨ ‘ਭਾਰਤ ਰਤਨ’ ਭਾਰਤ ਦੇ ਖਿਡਾਰੀਆਂ ਵਿਚੋਂ ਕੇਵਲ ਸਚਿਨ ਤੇਂਦੁਲਕਰ ਨੂੰ ਹੀ ਦਿੱਤਾ ਗਿਆ। ਫਰਕ ਇਹੋ ਰਿਹਾ ਕਿ ਦੋਹਾਂ ਸਮਕਾਲੀ ਖਿਡਾਰੀਆਂ `ਚੋਂ ਇਕ ਨੇ ਵਧੇਰੇ ਵੇਖੀ ਜਾਣ ਵਾਲੀ ਖੇਡ ਕ੍ਰਿਕਟ ਚੁਣ ਲਈ ਤੇ ਦੂਜੇ ਨੇ ਘੱਟ ਵੇਖੀ ਜਾਣ ਵਾਲੀ ਟੈਨਿਸ। ਸ਼ੁਕਰ ਹੈ ਕਿਤੇ ਆਪਣੇ ਬਾਪ ਵੇਸ ਵਾਂਗ ਹਾਕੀ ਨਹੀਂ ਸੀ ਚੁਣ ਬੈਠਾ। ਫੇਰ ਤਾਂ ਬਾਪ ਵਾਂਗ ਅਸਲੋਂ ਹੀ ਅਣਗੌਲੇ ਰਹਿ ਜਾਣਾ ਸੀ!
ਲੀਏਂਡਰ ਕੇਵਲ 17 ਸਾਲਾਂ ਦਾ ਸੀ ਜਦੋਂ ਵਿੰਬਲਡਨ ਜੂਨੀਅਰ ਦਾ ਖ਼ਿਤਾਬ ਜਿੱਤਿਆ। ਉਸ ਦੀ ਇਸ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਦਾ ਨਾਮੀ ਪੁਰਸਕਾਰ ‘ਅਰਜਨਾ ਅਵਾਰਡ’ ਦੇ ਦਿੱਤਾ। ਛੋਟੀ ਉਮਰ ਵਿਚ ਹੀ ਵੱਡਾ ਅਵਾਰਡ ਮਿਲਣ ਨਾਲ ਸੁਭਾਵਿਕ ਸੀ ਉਹਦਾ ਹੌਂਸਲਾ ਹੋਰ ਵਧ ਗਿਆ। 1992 `ਚ ਉਹ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ `ਚ ਚੁਣਿਆ ਗਿਆ। ਓਲੰਪਿਕ ਖੇਡਾਂ ਵਿਚ ਉਸ ਨੇ ਕਾਫੀ ਚੰਗੀ ਕਾਰਗੁਜ਼ਾਰੀ ਵਿਖਾਈ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਵਿਚ ਉਹ ਦੂਜੀ ਵਾਰ ਗਿਆ ਤਾਂ ਵਿਕਟਰੀ ਸਟੈਂਡ ਉਤੇ ਚੜ੍ਹਨ ਵਿਚ ਕਾਮਯਾਬ ਹੋ ਗਿਆ। ਉਥੇ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਤੋਂ ਪਹਿਲਾਂ ਭਾਰਤ ਦਾ ਕੇਵਲ ਇਕੋ ਖਿਡਾਰੀ ਕੇ.ਡੀ. ਯਾਦਵ ਸੀ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਹੈਲਸਿੰਕੀ-1952 ਦੀਆਂ ਖੇਡਾਂ ਵਿਚੋਂ ਕਿਸੇ ਵਿਅਕਤੀਗਤ ਖੇਡ `ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਸਰਕਾਰ ਵੱਲੋਂ ਉਸ ਨੂੰ 1996-97 ਦਾ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦਿੱਤਾ ਗਿਆ।
ਫਿਰ ਉਸ ਨੇ ਵਿਸ਼ਵ ਪੱਧਰ `ਤੇ ਏਨੀਆਂ ਜਿੱਤਾਂ ਜਿੱਤੀਆਂ ਕਿ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿਚ ‘ਬਹਿਜਾ ਬਹਿਜਾ’ ਕਰਵਾ ਦਿੱਤੀ। 2001 ਵਿਚ ਭਾਰਤ ਸਰਕਾਰ ਵੱਲੋਂ ਉਸ ਨੂੰ ‘ਪਦਮ ਸ੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ। ਹੋਰ ਜਿੱਤਾਂ ਹਾਸਲ ਕੀਤੀਆਂ ਤਾਂ 2014 ਵਿਚ ਲੀਏਂਡਰ ਪੇਸ ਨੂੰ ‘ਪਦਮ ਭੂਸ਼ਨ’ ਪੁਰਸਕਾਰ ਭੇਟ ਕੀਤਾ ਗਿਆ। ਉਸ ਨੇ ਟੈਨਿਸ ਦੇ ਮੁਕਾਬਲਿਆਂ ਵਿਚ ਭਾਗ ਲੈਂਦਿਆਂ, ਲਗਭਗ ਸਾਰੀ ਦੁਨੀਆ ਗਾਹੀ ਤੇ ਵਿਸ਼ਵ ਨਾਗ੍ਰਿਕ ਬਣਿਆ। 2020 ਵਿਚ ਉਸ ਨੂੰ ਨੈਲਸਨ ਮੰਡੇਲਾ ‘ਨੋਬੇਲ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।
ਲੀਏਂਡਰ ਪੇਸ ਦਾ ਜਨਮ 17 ਜੂਨ 1973 ਨੂੰ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿਚ ਹੋਇਆ। ਉਸ ਦਾ ਪਿਤਾ ਵੇਸ ਪੇਸ ਹਾਕੀ ਦਾ ਅੰਤਰਰਾਸ਼ਟਰੀ ਖਿਡਾਰੀ ਸੀ। ਉਸ ਨੇ ਮਿਊਨਿਖ ਦੀਆਂ ਓਲੰਪਿਕ ਖੇਡਾਂ `ਚ ਭਾਰਤੀ ਹਾਕੀ ਟੀਮ ਵੱਲੋਂ ਭਾਗ ਲਿਆ ਸੀ ਜਿਥੇ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੀਏਂਡਰ ਦੀ ਮਾਤਾ ਜੈਨੀਫਰ ਪੇਸ ਭਾਰਤੀ ਬਾਸਕਟਬਾਲ ਟੀਮ ਵੱਲੋਂ ਖੇਡਦੀ ਸੀ। 1980 ਵਿਚ ਉਹ ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਭਾਰਤੀ ਬਾਸਕਟਬਾਲ ਟੀਮ ਦੀ ਕਪਤਾਨ ਸੀ। ਜੈਨੀਫਰ ਦਾ ਬਾਪ ਮਾਈਕਲ ਮਧੂਸੂਦਨ ਦੱਤਾ ਬੰਗਾਲੀ ਦਾ ਪ੍ਰਸਿੱਧ ਕਵੀ ਸੀ। ਉਨ੍ਹਾਂ ਦਾ ਪਰਿਵਾਰ ਧਰਮਾਂ ਦਾ ਮਿਲਗੋਭਾ ਪਰਿਵਾਰ ਹੈ ਜਿਵੇਂ ਭਾਰਤ ਦਾ ਸੈਕੂਲਰ ਸੰਵਿਧਾਨ ਹੈ।
ਖਿਡਾਰੀ ਪਰਿਵਾਰ ਦਾ ਜੰਮਪਲ ਹੋਣਾ ਲੀਏਂਡਰ ਪੇਸ ਦੇ ਏਨਾ ਰਾਸ ਆਇਆ ਕਿ ਉਸ ਨੇ ਨਾ ਸਿਰਫ਼ ਭਾਰਤ ਤੇ ਏਸ਼ੀਆ ਵਿਚ ਹੀ ਨਾਮਣਾ ਖੱਟਿਆ ਬਲਕਿ ਵਿਸ਼ਵ ਪੱਧਰ `ਤੇ ਵੀ ਬੜਾ ਮਾਣ-ਸਨਮਾਨ ਹਾਸਲ ਕੀਤਾ। ਉਸ ਦੀਆਂ ਡਬਲਜ਼ ਤੇ ਮਿਕਸਡ ਡਬਲਜ਼ ਦੀਆਂ ਏਨੀਆਂ ਜਿੱਤਾਂ ਹਨ ਕਿ ਉਹ ਵਿਸ਼ਵ ਦਾ ਪਹਿਲੀ ਕਤਾਰ ਦਾ ਟੈਨਿਸ ਖਿਡਾਰੀ ਮੰਨਿਆ ਜਾਂਦਾ ਰਿਹਾ। 2024 ਵਿਚ ਉਸ ਦਾ ਨਾਮ ਇੰਟਰਨੈਸ਼ਨਲ ਟੈਨਿਸ ਦੇ ਹਾਲ ਆਫ਼ ਫੇਮ ਵਿਚ ਸਥਾਪਿਤ ਕੀਤਾ ਗਿਆ।
ਉਸ ਨੂੰ ਟੈਨਿਸ ਦੀ ਗੁੜ੍ਹਤੀ ਮਿਲੀ ਸੀ। ਜਦੋਂ ਪੰਜ ਸਾਲਾਂ ਦਾ ਹੋਇਆ ਤਾਂ ਰੈਕਟ ਫੜ ਕੇ ਟੈਨਿਸ ਖੇਡਣ ਵੀ ਲੱਗ ਪਿਆ। ਸ਼ੌਕੀਆ ਟੈਨਿਸ ਖੇਡਣੀ ਭਾਵੇਂ ਉਸ ਨੇ ਕਲਕੱਤੇ ਤੋਂ ਸ਼ੁਰੂ ਕੀਤੀ ਸੀ ਪਰ ਵਧੀਆ ਕੋਚਿੰਗ ਲੈਣ ਲਈ ਉਸ ਨੂੰ ਕੋਲਕਾਤਾ ਛੱਡਣਾ ਪਿਆ। 1985 ਵਿਚ ਉਸ ਨੂੰ ਗੋਆ ਦੀ ਬਰਤਾਨੀਆ ਅੰਮ੍ਰਿਤ ਰਾਜ ਟੈਨਿਸ ਅਕੈਡਮੀ ਵਿਚ ਦਾਖਲ ਕਰਾ ਦਿੱਤਾ ਗਿਆ। ਉਥੇ ਉਸ ਦੇ ਕੋਚ ਡੇਵ ਓ ਮੀਰਾ ਨੇ ਉਹਦਾ ਖੇਡ ਕੈਰੀਅਰ ਬਣਾਉਣ ਵਿਚ ਵਿਸ਼ੇਸ਼ ਰੋਲ ਨਿਭਾਇਆ। ਬੇਸ਼ੱਕ ਟੈਨਿਸ ਦੀ ਖੇਡ ਉਸ ਦਾ ਕਾਫੀ ਸਮਾਂ ਲੈ ਲੈਂਦੀ ਸੀ ਪਰ ਲੀਏਂਡਰ ਪੜ੍ਹਨ ਵਿਚ ਵੀ ਪੂਰਾ ਹੁਸ਼ਿਆਰ ਰਿਹਾ। ਮੁੱਢਲੀ ਪੜ੍ਹਾਈ ਉਸ ਨੇ ਕੋਲਕਾਤਾ ਦੇ ਮਾਰਟੀਨੀਅਰ ਸਕੂਲ ਤੋਂ ਹਾਸਲ ਕੀਤੀ ਸੀ ਪਰ ਅਗਲੀ ਪੜ੍ਹਾਈ ਮਦਰਾਸ ਦੇ ਕ੍ਰਿਸ਼ਚੀਅਨ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ। ਫਿਰ ਉਚੇਰੀ ਪੜ੍ਹਾਈ ਲਈ ਉਹ ਕਲਕੱਤਾ ਯੂਨੀਵਰਸਿਟੀ ਦੇ ਸੇਂਟ ਜ਼ੇਵੀਅਰ ਕਾਲਜ ਵਿਚ ਦਾਖਲ ਹੋਇਆ। ਉਚੇਰੀ ਪੜ੍ਹਾਈ ਕਰਨ ਦੇ ਨਾਲ ਨਾਲ ਉਸ ਨੇ ਟੈਨਿਸ ਖੇਡਣੀ ਵੀ ਜਾਰੀ ਰੱਖੀ।
ਲੀਏਂਡਰ ਤੇ ਸਚਿਨ ਨੇ 1989-90 ਵਿਚ ਹੀ ਆਪੋ ਆਪਣੀ ਖੇਡ `ਚ ਨਾਮਣਾ ਖੱਟਣਾ ਸ਼ੁਰੂ ਕਰ ਲਿਆ ਸੀ। ਫਿਰ ਭਾਰਤ ਦੇ ਇਹ ਦੋਹੇਂ ਮਹਾਨ ਖਿਡਾਰੀ ਆਪੋ ਆਪਣੀ ਖੇਡ ਦੀਆਂ ਲੰਮੀਆਂ ਪਾਰੀਆਂ ਖੇਡੇ। ਲੀਏਂਡਰ ਨੇ ਲਗਭਗ 30 ਸਾਲ ਅੰਤਰਰਾਸ਼ਟਰੀ ਟੈਨਿਸ ਮੁਕਾਬਲਿਆਂ ਵਿਚ ਭਾਗ ਲਿਆ। ਉਹ ਟੈਨਿਸ ਦੀ ਮੈਰਾਥਨ ਦੌੜ ਦਾ ਮਹਾਰਥੀ ਹੋ ਨਿਬੜਿਆ। 1990 ਵਿਚ ਉਹ ਟੈਨਿਸ ਦਾ ਪ੍ਰੋਫੈਸ਼ਨਲ ਖਿਡਾਰੀ ਬਣਿਆ ਸੀ। ਉਸ ਦੀ ਪਹਿਲੀ ਵੱਡੀ ਛਾਲ 17 ਸਾਲ ਦੀ ਉਮਰੇ ਵਿੰਬਲਡਨ ਦਾ ਜੂਨੀਅਰ ਖ਼ਿਤਾਬ ਜਿੱਤਣਾ ਸੀ। 1990 ਵਿਚ ਉਹ ਇੰਡੀਅਨ ਡੇਵਿਸ ਕੱਪ ਟੀਮ ਵਿਚ ਸ਼ਾਮਲ ਹੋਇਆ ਤੇ ਫਿਰ ਚੱਲ ਸੋ ਚੱਲ ਹੋ ਗਈ। ਉਹ ਸਿੰਗਲ ਵੀ ਖੇਡਦਾ ਰਿਹਾ ਤੇ ਡਬਲਜ਼ ਵੀ। ਦੁਨੀਆ ਦਾ ਸ਼ਾਇਦ ਹੀ ਕੋਈ ਵੱਡਾ ਵੱਕਾਰੀ ਟੈਨਿਸ ਟੂਰਨਾਮੈਂਟ ਹੋਵੇ ਜੋ ਉਹ ਖੇਡਿਆ ਨਾ ਹੋਵੇ। ਮਸਲਨ ਗ੍ਰੈਂਡ ਸਲੈਮ, ਵਰਲਡ ਟੂਰ ਫਾਈਨਲਜ਼, ਵਰਲਡ ਟੂਰ ਮਾਸਟਰਜ਼, ਏਟੀਪੀ ਚੈਲੇਂਜਰਜ਼, ਵਰਲਡ ਟੂਰ ਸੀਰੀਜ਼, ਡੇਵਿਸ ਕੱਪ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਓਲੰਪਿਕ ਖੇਡਾਂ। ਉਸ ਨੇ ਡੇਵਿਸ ਕੱਪ ਵਿਚ ਭਾਰਤੀ ਟੀਮਾਂ ਦੀ ਕਪਤਾਨੀ ਕੀਤੀ ਜਿਨ੍ਹਾਂ `ਚ ਡੇਵਿਸ ਕੱਪ ਡਬਲਜ਼ ਦੇ 43 ਮੈਚ ਜਿੱਤੇ ਜੋ ਸਭ ਤੋਂ ਵੱਧ ਸਨ।
ਲੀਏਂਡਰ ਨੇ ਚਾਰੇ ਗ੍ਰੈਂਡ ਸਲੈਮ ਖੇਡਦਿਆਂ ਬੇਸ਼ਕ ਮਰਦਾਂ ਦੇ ਸਿੰਗਲਜ਼ ਮੁਕਾਬਲਿਆਂ `ਚੋਂ ਕੋਈ ਖ਼ਿਤਾਬ ਨਹੀਂ ਜਿੱਤਿਆ ਪਰ ਭਾਰਤੀ ਟੈਨਿਸ ਨੂੰ ਵਿਸ਼ਵ ਪੱਧਰ ਤਕ ਪੁਚਾ ਦਿੱਤਾ। ਮਰਦਾਂ ਦੇ ਸਿੰਗਲਜ਼ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਉਹ ਆਸਟ੍ਰੇਲੀਅਨ ਓਪਨ ਵਿਚ 1997 ਤੇ 2000 ਦੇ ਦੂਜੇ ਗੇੜ ਵਿਚ ਪਹੁੰਚ ਗਿਆ ਸੀ। ਫ੍ਰੈਂਚ ਓਪਨ ਦੇ 1997 ਅਤੇ ਵਿੰਬਲਡਨ 2001 ਦੇ ਦੂਜੇ ਰਾਊਂਡ ਵਿਚ ਪਹੁੰਚ ਗਿਆ ਸੀ ਤੇ 2001 ਵਿਚ ਯੂ ਐਸ ਓਪਨ ਟੂਰਨਾਮੈਂਟ ਦੌਰਾਨ ਤੀਜੇ ਗੇੜ ਵਿਚ ਆਪਣੀ ਥਾਂ ਬਣਾ ਲਈ ਸੀ। ਉਸ ਦੇ ਸਿੰਗਲਜ਼ ਟੈਨਿਸ ਕੈਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਅਗਸਤ 1998 ਵਿਚ ਨਿਊ ਪੋਟ ਅਮਰੀਕਾ ਵਿਖੇ ਆਪਣਾ ਏਟੀਪੀ ਸਿੰਗਲਜ਼ ਖ਼ਿਤਾਬ ਜਿੱਤਣ ਨਾਲ ਹੋਈ ਸੀ। ਉਸ ਦੀ ਦੂਜੀ ਵੱਡੀ ਪ੍ਰਾਪਤੀ ਨਿਊ ਹੈਵਨ ਏਟੀਪੀ ਟੂਰਨਾਮੈਂਟ, ਪੇਨ ਪਾਈਲਟ ਇੰਟਰਨੈਸ਼ਨਲ ਸਿੰਗਲਜ਼ ਮੁਕਾਬਲੇ ਦੇ ਤੀਜੇ ਗੇੜ ਵਿਚ ਹੋਈ ਜੋ ਵਿੰਬਲਡਨ ਚੈਂਪੀਅਨ ਪੀਟ ਸੈਂਪਰਾਸ ਨੂੰ 6-3 ਤੇ 6-4 ਨਾਲ ਮਾਤ ਦੇ ਕੇ ਹਾਸਲ ਕੀਤੀ। ਇਸੇ ਤਰ੍ਹਾਂ 2000 ਵਿਚ ਇੰਡੀਅਨ ਵੇਲਜ਼ ਮਾਸਟਰਜ਼ ਸਿੰਗਲਜ਼ ਟੈਨਿਸ ਟੂਰਨਾਮੈਂਟ ਦੌਰਾਨ ਉਹ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰੌਜਰ ਫੈਡਰਰ ਨੂੰ ਹਰਾ ਕੇ ਲੋਹੜਾ ਮਾਰ ਚੁੱਕਾ ਸੀ।
ਡਬਲਜ਼ ਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿਚ ਲੀਏਂਡਰ ਪੇਸ ਨੇ ਜੋ ਜਿੱਤਾਂ ਹਾਸਲ ਕੀਤੀਆਂ ਉਹ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਾਣ ਦਿਵਾਉਣ ਵਾਲੀਆਂ ਸਨ। ਉਸ ਦੀ ਤੇਜ਼ੀ, ਫੁਰਤੀ ਤੇ ‘ਵਾਲੀ-ਪਲੇਅ’ ਨੇ ਉਸ ਨੂੰ ਡਬਲਜ਼ ਟੈਨਿਸ ਦਾ ਬੇਮਿਸਾਲ ਖਿਡਾਰੀ ਬਣਾ ਦਿੱਤਾ ਸੀ। ਉਸ ਦੀ ਖੇਡ ਸ਼ੈਲੀ ਨਿਆਰੀ ਸੀ। ਲੀਏਂਡਰ ਨੂੰ ‘ਨੈੱਟ ਪਲੇਅ’ ਦਾ ਮਾਹਿਰ ਮੰਨਿਆ ਜਾਂਦਾ ਸੀ। ਉਸ ਦਾ ਜੋਸ਼, ਤੇਜ਼ ਰਫਤਾਰੀ, ਸ਼ਾਰਪ ਵੌਲੀ `ਤੇ ਚੜ੍ਹ ਕੇ ਖੇਡਣਾ ਬੜੇ ਰੁਮਾਂਚਿਕ ਤੇ ਦਿਲਚਸਪ ਲੱਗੇ ਸਨ।
ਗ੍ਰੈਂਡ ਸਲੈਮ ਡਬਲਜ਼ ਮੁਕਾਬਲਿਆਂ ਦਾ ਉਹ ਸਭ ਤੋਂ ਸਫਲ ਖਿਡਾਰੀ ਰਿਹਾ। ਉਸ ਨੇ ਫਰੈਂਚ ਓਪਨ ਵਿਚ 1999, 2001 ਤੇ 2009 ਦੇ ਖ਼ਿਤਾਬ ਆਪਣੇ ਨਾਂ ਕਰ ਕੇ ਭਾਰਤ ਦਾ ਨਾਂ ਟੈਨਿਸ ਜਗਤ ਵਿਚ ਹੋਰ ਰੌਸ਼ਨ ਕੀਤਾ। ਉਸ ਨੇ ਯੂ ਐਸ ਓਪਨ ਖੇਡਦਿਆਂ 2006, 2009 ਤੇ 2013 ਵਿਚ ਵੀ ਜਿੱਤਾਂ ਹਾਸਲ ਕੀਤੀਆਂ। 2012 ਵਿਚ ਆਸਟ੍ਰੇਲੀਆ ਓਪਨ ਦਾ ਚੈਂਪੀਅਨ ਬਣਿਆ। ਟੈਨਿਸ ਦਾ ਸਭ ਤੋਂ ਵੱਕਾਰੀ ਟੂਰਨਾਮੈਂਟ ਵਿੰਬਲਡਨ ਜਿੱਤਣਾ ਵੀ ਉਹਦੇ ਹਿੱਸੇ ਆਇਆ। ਡਬਲਜ਼ ਵਿਚ ਉਸ ਦੀ ਦਰਜਾਬੰਦੀ ਕਈ ਵਾਰ ਅੱਵਲ ਨੰਬਰ ਰਹੀ।
ਉਸ ਦਾ ਗ੍ਰੈਂਡ ਸਲੈਮ ਮਿਕਸਡ ਡਬਲਜ਼ ਦਾ ਸਫ਼ਰ ਵੀ ਰੌਚਿਕ ਰਿਹਾ। ਉਸ ਨੇ ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਮਿਕਸਡ ਡਬਲਜ਼ ਦੀ ਸ਼ੁਰੂਆਤ 2000 ਵਿਚ ਕੀਤੀ। 2003 ਵਿਚ ਵਿਸ਼ਵ ਦੀ ਤਜਰਬੇਕਾਰ ਟੈਨਿਸ ਖਿਡਾਰਨ ਮਾਰਟੀਨਾ ਨਵਰਾਤੀਲੋਵਾ ਨਾਲ ਆਸਟ੍ਰੇਲੀਅਨ ਓਪਨ ਅਤੇ ਵਿੰਬਲਡਨ ਜਿੱਤਿਆ। ਏਧਰ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਨਾਮਵਰ ਖਿਡਾਰਨ ਸਾਨੀਆ ਮਿਰਜ਼ਾ ਨਾਲ ਜੋੜੀ ਬਣਾ ਕੇ ਸੋਨ ਮੈਡਲ ਭਾਰਤ ਦੀ ਝੋਲੀ ਪਾਇਆ। ਫਿਰ ਉਸ ਨੇ 2009 ਵਿਚ ਲੁਕਾਸ ਡਲੋਹੀ ਨਾਲ ਮਿਲ ਕੇ ਖੇਡਦਿਆਂ ਫ੍ਰੈਂਚ ਤੇ ਯੂ ਐਸ ਓਪਨ ਦੇ ਖ਼ਿਤਾਬ ਆਪਣੇ ਨਾਂ ਕੀਤੇ। 2010 ਵੀ ਉਹਦੇ ਲਈ ਕਰਮਾਂ ਵਾਲਾ ਰਿਹਾ। ਉਸ ਨੇ ਕਾਰਾ ਬਲੈਕ ਨਾਲ ਮਿਲ ਕੇ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ। ਫਿਰ ਉਸ ਨੇ ਰਾਡੇਕ ਸਟੇਪਨੇਕ ਨਾਲ ਭਾਈਵਾਲੀ ਕੀਤੀ ਤੇ ਉਸ ਜੋੜੀ ਨੇ 2013 ਵਿਚ ਯੂ ਐਸ ਓਪਨ ਟੂਰਨਾਮੈਂਟ ਜਿੱਤਿਆ। 2016 ਵਿਚ ਉਸ ਨੇ ਕਰੀਅਰ ਸਲੈਮ ਹਾਸਲ ਕੀਤਾ। ਉਦੋਂ ਉਸ ਨੇ ਵਿਸ਼ਵ ਦੀ ਪ੍ਰਸਿੱਧ ਟੈਨਿਸ ਖਿਡਾਰਨ ਮਾਰਟੀਨਾ ਹਿੰਗਜ਼ ਨਾਲ ਫ੍ਰੈਂਚ ਓਪਨ ਟੂਰਨਾਮੈਂਟ ਜਿੱਤਿਆ।
ਲੀਏਂਡਰ ਪੇਸ ਦੇ ਟੈਨਿਸ ਸਫਰ ਵਿਚ ਬੜੇ ਪਾਰਟਨਰ ਰਹੇ। ਜੇ ਸਾਰੇ ਗਿਣਨ ਲੱਗੀਏ ਤਾਂ ਗਿਣਤੀ 100 ਤੋਂ ਵੀ ਟੱਪ ਜਾਵੇਗੀ। ਪਰ ਜੋ ਜੋੜੀ ਮਹੇਸ਼ ਭੂਪਤੀ ਨਾਲ ਬਣੀ ਉਹ ਸਭ ਤੋਂ ਵੱਧ ਨਿਭੀ। ਉਸ ਜੋੜੀ ਨੇ ਭਾਰਤੀ ਟੈਨਿਸ ਨੂੰ ਤਕੜਾ ਹੁਲਾਰਾ ਦਿੱਤਾ। ਪੇਸ-ਭੂਪਤੀ ਜੋੜੀ ਦਾ ਨਾਂ ਡੇਵਿਸ ਕੱਪ ਮੈੱਨ ਡਬਲਜ਼ ਦੇ ਮੁਕਾਬਲਿਆਂ `ਚ 24 ਸਾਲ ਗੂੰਜਦਾ ਰਿਹਾ। ਪੇਸ ਤੇ ਭੂਪਤੀ ਦੀ ਜੋੜੀ ਨੇ 1994 ਵਿਚ ਡਬਲਜ਼ ਦੀ ਸ਼ੁਰੂਆਤ ਕੀਤੀ ਸੀ ਤੇ ਜੋੜੀ ਦਾ ਨਾਂ ‘ਇੰਡੀਅਨ ਐਕਸਪ੍ਰੈਸ’ ਪੈ ਗਿਆ ਸੀ। 1997-1998 ਵਿਚ ‘ਇੰਡੀਅਨ ਐਕਸਪ੍ਰੈਸ’ ਨੇ ਏਟੀਪੀ ਪ੍ਰੋਫੈਸ਼ਨਲਜ਼ ਦੇ 6 ਟੂਰਨਾਮੈਂਟ ਜਿੱਤ ਕੇ ਟੈਨਿਸ ਜਗਤ ਵਿਚ ਸਨਸਨੀ ਫੈਲਾਅ ਦਿੱਤੀ ਸੀ। ਉਦੋਂ ਉਹ 8 ਟੂਰਨਾਮੈਂਟਾਂ ਦੇ ਫਾਈਨਲ ਖੇਡੇ ਸਨ। 1999 ਵਿਚ ਉਹੀ ਜੋੜੀ ਚਾਰੇ ਗ੍ਰੈਂਡ ਸਲੈਮ ਡਬਲਜ਼ ਟੂਰਨਾਮੈਂਟਾਂ ਦੇ ਫਾਈਨਲ ਵਿਚ ਜਾ ਪੁੱਜੀ ਸੀ। ਓਸੇ ਸਾਲ ਉਸ ਜੋੜੀ ਨੇ ਏਟੀਪੀ ਡਬਲਜ਼ ਰੈਕਿੰਗ ਦਾ ਪਹਿਲਾ ਸਥਾਨ ਹਾਸਲ ਕੀਤਾ ਸੀ।
2001 ਵਿਚ ਵੀ ਪੇਸ-ਭੂਪਤੀ ਜੋੜੀ ਨੇ ਫ੍ਰੈਂਚ ਓਪਨ ਡਬਲਜ਼ ਦਾ ਟਾਈਟਲ ਵੀ ਆਪਣੇ ਨਾਂ ਕੀਤਾ ਤੇ 2002 ਦੀਆਂ ਏਸ਼ਿਆਈ ਖੇਡਾਂ `ਚੋਂ ਗੋਲਡ ਮੈਡਲ ਜਿੱਤਿਆ। ਫਿਰ ਉਨ੍ਹਾਂ ਵਿਚਕਾਰ ਮੱਤ-ਭੇਦ ਪੈਦਾ ਹੋ ਗਏ ਤੇ ਜੋੜੀ ਭੰਗ ਹੋ ਗਈ। ਫਿਰ ਦੇਸ਼ ਹਿੱਤ 2008 ਵਿਚ ਉਹ ਬੀਜਿੰਗ ਦੀਆਂ ਓਲੰਪਿਕ ਖੇਡਾਂ `ਚ ਮੁੜ ਜੋੜੀ ਬਣਾ ਕੇ ਖੇਡੇ। ਪਰ ਪਹਿਲਾਂ ਵਾਲੀ ਗੱਲ ਨਾ ਬਣੀ ਅਤੇ ਕੁਆਟਰ ਫਾਈਨਲ ਵਿਚ ਰੋਜਰ ਫੈਡਰਰ ਤੇ ਸਟੈਨਿਸਲਾਸ ਵਾਵਰਿੰਕਾ ਦੀ ਜੋੜੀ ਤੋਂ ਹਾਰ ਕੇ ਮੁਕਾਬਲੇ `ਚੋਂ ਬਾਹਰ ਹੋ ਗਏ। ਖੇਤਰ ਕੋਈ ਹੋਵੇ ਮੱਤ-ਭੇਦ ਵੱਡਿਆਂ-ਵੱਡਿਆਂ ਨੂੰ ਲੈ ਬਹਿੰਦੇ ਹਨ। ਫਿਰ ਵੀ ਲੰਮਾ ਸਮਾਂ ਖੇਡਣ ਵਾਲੇ ਲਿਏਂਡਰ ਤੇ ਭੂਪਤੀ ਜੋੜੀ ਨੂੰ ਸਲਾਮ ਹੈ।
ਲੀਏਂਡਰ ਪੇਸ ਅੱਜ-ਕੱਲ੍ਹ ਮੁੰਬਈ ਦਾ ਵਾਸੀ ਹੈ ਤੇ ਬੰਗਾਲ ਟੈਨਿਸ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਮਹੇਸ਼ ਭੂਪਤੀ, ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਉਹਦੇ ਸਮਕਾਲੀ ਖਿਡਾਰੀ ਰਹੇ ਹਨ। ਉਸ ਦਾ ਕੱਦ 5 ਫੁੱਟ 10 ਇੰਚ ਹੈ ਅਤੇ ਵਜ਼ਨ ਸਰਗਰਮ ਖੇਡ ਵੇਲੇ ਵੀ ਸਾਵਾਂ ਸੀ ਤੇ ਹੁਣ ਵੀ ਸਾਵਾਂ ਹੈ। ਨੈਣ ਨਕਸ਼ ਤਿੱਖੇ ਤੇ ਰੰਗ ਮੇਘਲਾ ਹੈ। ਉਸ ਦੀ ਪ੍ਰਾਈਜ਼ ਮਨੀ 8,587,586 ਡਾਲਰ ਹੈ। ਜਿਥੋਂ ਤਕ ਮੰਗਣਿਆਂ ਤੇ ਵਿਆਹ ਮੁਕਲਾਵਿਆਂ ਦੀ ਗੱਲ ਹੈ ਉਹ ਵੀ ਕਈ ਹੋਰਨਾਂ ਖਿਡਾਰੀਆਂ ਵਰਗਾ ਹੀ ਹੈ। ਵਿਆਹਿਆ ਵੀ ਗਿਆ ਤੇ ਸਮੇਂ-ਸਮੇਂ ਪਾਰਟਨਰਾਂ ਵੀ ਬਣਦੀਆਂ ਗਈਆਂ। 2021 ਵਿਚ ਜ਼ੀ5 ਨੇ ਪੇਸ ਤੇ ਭੂਪਤੀ ਦੇ ਬਣਦੇ ਵਿਗੜਦੇ ਸੰਬੰਧਾਂ ਬਾਰੇ ਡਾਕੂਮੈਂਟਰੀ ਬਣਾਈ। ਲੀਏਂਡਰ ਪੇਸ ਨੇ ਅਸ਼ੋਕ ਕੋਹਲੀ ਨਾਲ ਮਿਲ ਕੇ ‘ਸੋਸ਼ਿਓ-ਪੁਲੀਟੀਕਲ’ ਫਿਲਮ ‘ਰਾਜਧਾਨੀ ਐਕਸਪ੍ਰੈਸ’ ਵੀ ਬਣਾਈ ਜਿਸ ਵਿਚ ਉਸ ਨੇ ਕੇਸ਼ਵ ਦਾ ਰੋਲ ਅਦਾ ਕੀਤਾ। ਗੀਤਾ ਸੇਠੀ ਤੇ ਪ੍ਰਕਾਸ਼ ਪਾਡੂਕੋਨੇ ਵੱਲੋਂ ਸਥਾਪਿਤ ‘ਓਲੰਪਿਕ ਗੋਲਡ ਕੁਇਸਟ’ ਨਾਂ ਦੀ ਫਾਊਂਡੇਸ਼ਨ, ਜੋ ਭਾਰਤ ਦੇ ਹੋਣਹਾਰ ਖਿਡਾਰੀਆਂ ਨੂੰ ਸਪੋਰਟ ਕਰਦੀ ਹੈ, 2010 ਤੋਂ ਲੀਏਂਡਰ ਵੀ ਉਹਦਾ ਡਾਇਰੈਕਟਰ ਹੈ। ਹਾਲੇ ਉਹ 52 ਸਾਲਾਂ ਦਾ ਹੋਇਐ ਤੇ ਉਸ ਤੋਂ ਹੋਰ ਵੀ ਵੱਡੀਆਂ ਆਸਾਂ ਹਨ। ਜੁਗ ਜੁਗ ਜੀਵੇ ਟੈਨਿਸ ਦਾ ਆਈਕੋਨਿਕ ਖਿਡਾਰੀ ਲੀਏਂਡਰ ਪੇਸ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ। ਚੋਮ