ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦਾ ਸੱਤਾ `ਚ ਆਉਣਾ ਜ਼ਰੂਰੀ: ਸੁਖਬੀਰ ਬਾਦਲ

ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਬ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਉਹਨਾਂ ਦਾ ਜੰਮਣਾ ਤੇ ਮਰਨਾ ਪੰਜਾਬ ਲਈ ਹੀ ਹੈ, ਜਦ ਕਿ ਬਾਕੀ ਪਾਰਟੀਆਂ ਵਾਲੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਲਈ ਹੀ ਆਉਂਦੀਆਂ ਹਨ। ਇਸ ਲਈ ਪੰਜਾਬ ਨੂੰ ਬਚਾਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਬਹੁਤ ਹੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਭਲਾਈ ਲਈ ਕੀਤਾ ਹੈ, ਉਹ ਅੱਜ ਤੱਕ ਕਿਸੇ ਹੋਰ ਪਾਰਟੀ ਦੀ ਸਰਕਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਝਾੜੂ ਵਾਲੇ ਪੰਜਾਬ ਨੂੰ ਸਿਰਫ਼ ਲੁੱਟਣ ਲਈ ਆਏ ਹਨ। ਉਹਨਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਹੁਣ ਵੀ ਅਸੀਂ ਵੇਲਾ ਖੁੰਝਾ ਲਿਆ, ਤਾਂ ਸਾਨੂੰ ਪਛਤਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਸ ਦੀ ਸਰਕਾਰ ਬਣਾਈਏ, ਤਾਂ ਜੋ ਪੰਜਾਬ ਨੂੰ ਮੁੜ ਤੋਂ ਹੱਸਦਾ ਵੱਸਦਾ ਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਲਿਆ ਸਕਦੀ ਹੈ।
ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ, ਨਰੇਸ਼ ਧੀਂਗਾਨ ਪ੍ਰਬੰਧਕ ਤੇ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਰਣਜੀਤ ਸਿੰਘ ਢਿੱਲੋਂ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਆਦਿ ਹਾਜ਼ਰ ਸਨ।