ਨਵੀਂ ਦਿੱਲੀ:ਭਾਰਤ ਸਰਕਾਰ ਨੇ ਸਿੱਖ ਜਥੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਯਾਤਰਾ 1974 ‘ਚ ਦੋਵਾਂ ਦੇਸ਼ਾਂ ਵਿਚਾਲੇ ਤੀਰਥ ਯਾਤਰਵਾਂ ਸਬੰਧੀ ਸਮਝੌਤੇ ਤਹਿਤ ਹੀ ਹੋਵੇਗੀ।ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਇਸ ਯਾਤਰਾ ‘ਤੇ ਰੋਕ ਲਗਾ ਦਿੱਤੀ ਸੀ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਸਿਖ ਜਥੇਬੰਦੀਆਂ ਨੇ ਸ਼ਲਾਘਾ ਕੀਤੀ ਹੈ ਤੇ ਇਸ ਨੂੰ ਸਿੱਖ ਭਾਵਨਾਵਾਂ ਦਾ ਸਨਮਾਨ ਦੱਸਿਆ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ 12 ਸਤੰਬਰ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ ਪਾਕਿਸਤਾਨ ‘ਚ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਸਿੱਖ ਜਥੇ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਦਾ। ਸਰਕਾਰ ਦੇ ਇਸ ਫੈਸਲੇ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਤੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤਾਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਕਿਉਂ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਖਿੱਤੇ ‘ਚ ਸ਼ਾਂਤੀ ਤੇ ਤਰੱਕੀ ਚਾਹੁੰਦੀ ਹੈ ਤਾਂ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਧਾਰ ਕੇ ਵਪਾਰ ਵਧਾਉਣਾ ਚਾਹੀਦਾ ਹੈ। ਸਿੱਖ ਜਥੇਬੰਦੀਆਂ ਵੱਲੋਂ ਤਿੱਖੇ ਪ੍ਰਤੀਕ੍ਰਮ ਮਗਰੋਂ ਕੇਂਦਰ ਸਰਕਾਰ ਨੇ ਹੁਣ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ 200 ਤੋਂ ਵੱਧ ਜਮ੍ਹਾ ਕਰਵਾ ਚੁਕੇ ਹਨ, ਪਰ ਅਸੀਂ ਕੇਂਦਰ ਵੱਲੋਂ ਨਾਂਹ ਕਰਨ ਮਗਰੋਂ ਸਾਰੀ ਪ੍ਰਕਿਰਿਆ ਰੋਕ ਦਿੱਤੀ ਸੀ। ਹੁਣ ਕੇਂਦਰ ਵਲੋਂ ਇਜਾਜ਼ਤ ਮਿਲ ਜਾਣ ਮਗਰੋਂ ਅਸੀਂ ਵੀਜ਼ਾ ਪ੍ਰਕਿਰਿਆ ਤੇਜ਼ ਕਰ ਦੇਵਾਂਗੇ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਬਾਅਦ ਜਥਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਰਵਾਨਾ ਕੀਤਾ ਜਾਏਗਾ ਤੇ ਪਾਕਿਸਤਾਨ ‘ਚ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਨੁਮਾਇੰਦੇ ਉਨ੍ਹਾਂ ਦਾ ਸਵਾਗਤ ਕਰਨਗੇ।
