ਨਵੀਂ ਦਿੱਲੀ:ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਬਾਰੇ ਇੱਕ ਬਹਿਸ ਦੌਰਾਨ ਪਾਕਿਸਤਾਨ ਦੇ ਖੋਖਲੇ ਦਾਅਵਿਆਂ ਦਾ ਇੱਕ ਵਾਰ ਫਿਰ ਪਰਦਾਫਾਸ਼ ਕੀਤਾ ਹੈ। ਯੂ ਐੱਨ ਐੱਸ ਸੀ ਦੀ ਬਹਿਸ ਵਿੱਚ ਬੋਲਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਥਾਨੇਨੀ ਹਰੀਸ਼ ਨੇ ਪਾਕਿਸਤਾਨ ਨੂੰ ਭਾਰਤ, ਖਾਸ ਕਰਕੇ ਜੰਮੂ ਅਤੇ ਕਸ਼ਮੀਰ ਦੇ ਖ਼ਿਲਾਫ਼ ਇਸ ਦੀ ‘ਭੁਲੇਖੇ ਵਾਲੀ ਬਕਵਾਸ’ ਲਈ ਕਰਾਰਾ ਜਵਾਬ ਦਿੱਤਾ।
ਰਾਜਦੂਤ ਹਰੀਸ਼ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਨੇ 1971 ਵਿੱਚ ‘ਅਪਰੇਸ਼ਨ ਸਰਚਲਾਈਟ’ ਕਿਵੇਂ ਚਲਾਇਆ ਸੀ, ਜਿਸ ਵਿੱਚ ਪਾਕਿਸਤਾਨ ਦੀ ਆਪਣੀ ਫ਼ੌਜ ਵੱਲੋਂ 4,00,000 ਔਰਤ ਨਾਗਰਿਕਾਂ ਨਾਲ ਨਸਲਕੁਸ਼ੀ ਭਰਿਆ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ । ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਪਾਕਿਸਤਾਨ ਦੇ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਕਿਹਾ ਕਿ ਪਾਕਿਸਤਾਨ ਅਤਿਕਥਨੀ ਰਾਹੀਂ ਦੁਨੀਆ ਦਾ ਧਿਆਨ ਭਟਕਾਉਂਦਾ ਹੈ ।
ਉਨ੍ਹਾਂ ਕਿਹਾ, “ ਬਦਕਿਸਮਤੀ ਨਾਲ ਹਰ ਸਾਲ ਅਸੀਂ ਆਪਣੇ ਦੇਸ਼, ਖਾਸ ਕਰਕੇ ਜੰਮੂ ਅਤੇ ਕਸ਼ਮੀਰ ਦੇ ਖ਼ਿਲਾਫ਼ ਪਾਕਿਸਤਾਨ ਦੀ ਭੁਲੇਖੇ ਵਾਲੀ ਬਕਵਾਸ ਸੁਣਨ ਲਈ ਮਜਬੂਰ ਹੁੰਦੇ ਹਾਂ। ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਏਜੰਡੇ ‘ਤੇ ਸਾਡਾ ਮੋਹਰੀ ਰਿਕਾਰਡ ਨਿਰਦੋਸ਼ ਅਤੇ ਬੇਦਾਗ਼ ਹੈ।“ ਭਾਰਤ ਦਾ ਜਵਾਬ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਦੀ ਕੌਂਸਲਰ ਸਾਇਮਾ ਸਲੀਮ ਦੀਆਂ ਟਿੱਪਣੀਆਂ ‘ਤੇ ਆਇਆ ਹੈ।
ਔਰਤਾਂ, ਸ਼ਾਂਤੀ ਅਤੇ ਸੁਰੱਖਿਆ ‘ਤੇ ਯੂ ਐੱਨ ਐਸ ਸੀ ਦੀ ਬਹਿਸ ਮਤੇ 1325 ਦੇ 25 ਸਾਲ ਪੂਰੇ ਹੋਣ ‘ਤੇ ਆਯੋਜਿਤ ਕੀਤੀ ਗਈ ਸੀ । ਇਹ ਯੂ ਐੱਨ ਮਤਾ ਸਾਲ 2000 ਵਿੱਚ ਅਪਣਾਇਆ ਗਿਆ ਸੀ ਅਤੇ ਔਰਤਾਂ ਅਤੇ ਕੁੜੀਆਂ ‘ਤੇ ਹਥਿਆਰਬੰਦ ਸੰਘਰਸ਼ਾਂ ਦੇ ਅਸਮਾਨ ਅਤੇ ਵਿਲੱਖਣ ਪ੍ਰਭਾਵ ਨੂੰ ਦਰਸਾਉਂਦਾ ਹੈ।
ਇਹ ਮਤਾ ਮੁੱਖ ਤੌਰ ‘ਤੇ ਔਰਤਾਂ ਦੇ ਅਧਿਕਾਰਾਂ ਦੀ ਕਿਸੇ ਵੀ ਉਲੰਘਣਾ ਦੀ ਰੋਕਥਾਮ ‘ਤੇ ਕੇਂਦਰਿਤ ਹੈ।
