ਸਰਬਜੀਤ ਧਾਲੀਵਾਲ
ਫੋਨ: 98141-23338
ਆ ਗਏ, ਆ ਗਏ। ਹਾਲ ਵਿਚ ਖੜ੍ਹੇ ਸਾਰੇ ਲੋਕਾਂ ਦੀਆਂ ਗਰਦਨਾਂ ਇਕ ਦਮ ਉਸ ਬਜ਼ੁਰਗ ਵੱਲ ਘੁੰਮ ਗਈਆਂ ਜੋ ਹੁਣੇ ਹੀ ਅੰਦਰ ਆਇਆ ਹੈ। ਦੁੱਧ ਚਿੱਟੀ ਪੱਗ ਤੇ ਉਸੇ ਰੰਗ ਦੇ ਕੁੜਤੇ-ਪਜਾਮੇ ਵਾਲਾ ਵਡੇਰੀ ਉਮਰ ਦਾ ਬਜ਼ੁਰਗ ਲੰਬੀਆਂ ਪੁਲਾਂਘਾਂ ਪੁੱਟਦਾ ਕਾਹਲੀ-ਕਾਹਲੀ ਤੁਰਦਾ ਹਾਲ ਵਿਚ ਦੀ ਹੁੰਦਾ ਹੋਇਆ ਨਾਲ ਲੱਗਦੇ ਕੋਰੀਡੋਰ ਦੇ ਸਿਰੇ `ਤੇ ਲੱਗੀ ਲਿਫਟ ਵਿਚ ਜਾ ਚੜ੍ਹਿਆ।
ਲੋਕਾਂ ਦੀਆਂ ਨਜ਼ਰਾਂ ਉਸਦਾ ਲਿਫਟ ਤੱਕ ਪਿੱਛਾ ਕਰਦੀਆਂ ਗਈਆਂ। ਕਈਆਂ ਦੇ ਬੁੱਝੇ-ਬੁੱਝੇ ਜਿਹੇ ਚਿਹਰੇ ਖਿੜ ਗਏ। ਕੋਈ ਵੱਡੀ ਉਮੀਦ ਨਾਲ ਆਏ ਲੱਗਦੇ ਸੀ ਇਹ ਲੋਕ ਏਥੇ। ਉਨ੍ਹਾਂ `ਚੋਂ ਬਹੁਤਿਆਂ ਦੇ ਨਾਲ 15-16 ਸਾਲ ਦੇ ਬੱਚੇ ਹਨ। ਫਿਰ ਲੋਕ ਆਪਸ ਵਿਚ ਗੱਲਾਂ ਕਰਨ ਲੱਗ ਪਏ, ਕੁਝ ਨਾਲ ਲੱਗਦੀ ਕੰਟੀਨ ਵਿਚ ਚਾਹ ਪੀਣ ਤੇ ਪਰਾਉਂਠੇ ਛਕਣ ਚਲੇ ਗਏ। ਕੁਝ ਉਥੇ ਪਈਆਂ ਕੁਰਸੀਆਂ ਅਤੇ ਬੈਂਚਾਂ `ਤੇ ਬੈਠ ਕੇ ਸੁਸਤਾਣ ਲੱਗ ਪਏ।
ਮੈਂ ਥੋੜ੍ਹੀ ਦੇਰ ਲਈ ਹਾਲ `ਚ ਰੁਕ ਗਿਆ। ਇਹ ਹਾਲ ਚੰਡੀਗੜ੍ਹ ਦੇ 28 ਸੈਕਟਰ ਦੇ ਪਲਾਟ ਨੰਬਰ ਇਕ `ਚ ਬਣੇ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਵਿਚਲੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੀ ਵੱਡੀ ਇਮਾਰਤ ਦਾ ਪ੍ਰਵੇਸ਼ ਦੁਆਰ ਹੈ। ਮੈਂ ਕਈ ਵਾਰ ਪਹਿਲਾਂ ਵੀ ਇਸ ਬਜ਼ੁਰਗ ਨੂੰ ਲੰਬੀਆਂ ਪੁਲਾਂਘਾਂ ਭਰਦੇ ਹੋਏ ਕਾਹਲੀ-ਕਾਹਲੀ ਤੁਰਦੇ ਜਾਂਦੇ ਵੇਖਿਆ ਸੀ, ਪਰ ਸਰਸਰੀ ਜਿਹੀ। ਕਦੇ ਬਹੁਤੀ ਤਵੱਜੋਂ ਨਹੀਂ ਸੀ ਦਿਤੀ। ਹਾਂ ਏਨਾ ਜ਼ਰੂਰ ਸੀ ਕਿ ਜਦੋਂ ਮੈਂ ਉਨ੍ਹਾਂ ਨੂੰ ਹਾਲ ਦੇ ਕੋਰੀਡੋਰ ਵਿਚ ਦੀ ਵਿਚਰਦਾ ਦੇਖਦਾ ਸੀ ਤਾਂ ਮੈਨੂੰ ਉਨ੍ਹਾਂ ਦੀ ਖੁੰਡੀ ਦਾ ਖੜਾਕ ਸੁਣ ਕੇ ਤੇ ਤੋਰ ਵਿਚਲੀ ਬਰਕਤ ਦੇਖ ਕੇ ਹੈਰਾਨੀ ਜ਼ਰੂਰ ਹੁੰਦੀ, ਨਾਲੇ ਖੁਸ਼ੀ ਵੀ।
ਹਾਲ ਵਿਚ ਖੜ੍ਹੇ ਕੁਝ ਮਾਂ-ਪਿਓ ਵਾਰ-ਵਾਰ ਬੇਚੈਨ ਜਿਹੇ ਹੋਏ ਅੰਦਰ ਵੱਲ ਦੇਖ ਰਹੇ ਸੀ। ਕੁਝ ਆਪਣੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਿਚ ਰੁੱਝੇ ਹੋਏ ਸੀ। ਕਹਿ ਰਹੇ ਸੀ ਘਬਰਾਉਣਾ ਨਹੀਂ। ਹਰ ਸਵਾਲ ਦਾ ਜਵਾਬ ਸੋਚ ਸਮਝ ਕੇ ਦੇਣਾ। ਕਾਹਲੀ ਨਹੀਂ ਕਰਨੀ। ਪਹਿਲਾਂ ਧਿਆਨ ਨਾਲ ਸਵਾਲ ਸਮਝਣਾ ਤੇ ਫਿਰ ਉੱਤਰ ਦੇਣਾ। ਗੱਲਬਾਤ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਸੀ ਕਿ ਇਹ ਬੱਚੇ ਕੋਈ ਟੈਸਟ ਦੇਣ ਆਏ ਨੇ। ਪਰ ਅੰਦਰ ਤਾਂ ਕੋਈ ਸਕੂਲ ਜਾਂ ਕਾਲਜ ਨਹੀਂ। ਨਾ ਹੀ ਇਨ੍ਹਾਂ ਬੱਚਿਆਂ ਦੀ ਅਜੇ ਕਿਸੇ ਅਦਾਰੇ `ਚ ਨੌਕਰੀ ਲਈ ਭਰਤੀ ਹੋਣ ਵਾਲੀ ਉਮਰ ਲਗਦੀ ਹੈ। ਸਾਰੇ ਸਧਾਰਨ ਜਿਹੇ ਪਰਿਵਾਰਾਂ ਦੇ ਬੱਚੇ ਲੱਗ ਰਹੇ ਨੇ। ਕੋਈ ਜ਼ਿਆਦਾ ਸ਼ੂ-ਪਾਂ ਨਜ਼ਰ ਨਹੀਂ ਆਉਂਦੀ। ਮੇਰੀ ਜਗਿਆਸਾ ਇਸ ਸਾਰੇ ਵਰਤਾਰੇ ਬਾਰੇ ਵਧ ਜਾਂਦੀ ਹੈ।
ਮੈਂ ਇਕ ਲੜਕੇ ਦੇ ਪਿਤਾ ਤੋਂ ਪੁੱਛਦਾ ਹਾਂ ਕਿ ਉਹ ਇਥੇ ਕਿਸ ਸਿਲਸਿਲੇ `ਚ ਆਏ ਨੇ? ਅਸੀਂ ਆਪਣੇ ਬੱਚੇ ਨੂੰ ਇਥੇ ਭਾਈ ਜੈਤਾ ਫਾਊਂਡੇਸ਼ਨ `ਚ ਦਾਖ਼ਲਾ ਦਿਵਾਉਣ ਆਏ ਹਾਂ। ਜਿਹੜੇ ਬਜ਼ੁਰਗ ਥੋੜ੍ਹੀ ਦੇਰ ਪਹਿਲਾਂ ਇਥੋਂ ਦੀ ਲੰਘ ਕੇ ਗਏ ਨੇ ਉਹ ਇਸ ਫਾਊਂਡੇਸ਼ਨ ਦੇ ਕਰਤਾ-ਧਰਤਾ ਨੇ। ਮੈਂ ਲੜਕੇ ਦੇ ਪਿਤਾ ਨੂੰ ਪੁੱਛਦਾ ਹਾਂ ਕਿ ਉਹ ਕਿਥੋਂ ਆਏ ਨੇ ਤਾਂ ਉਹ ਦੱਸਦਾ ਹੈ ਕਿ ਮਾਨਸਾ ਨੇੜੇ ਇਕ ਪਿੰਡ ਤੋਂ ਆਏ ਨੇ। ਏਡੀ ਦੂਰੋਂ ਇਥੇ ਦਾਖਲਾ ਲੈਣ ਆਏ ਹੋ? ਜੀ ਹਾਂ, ਇਥੇ ਤਾਂ ਬਹੁਤ ਦੂਰ-ਦੂਰ ਤੋਂ ਪਠਾਨਕੋਟ, ਫ਼ਿਰੋਜ਼ਪੁਰ, ਬਠਿੰਡਾ, ਸੰਗਰੂਰ ਤੇ ਪੰਜਾਬ ਦੇ ਲਗਭਗ ਸਾਰੇ ਜ਼ਿਲਿ੍ਹਆਂ ਤੋਂ ਹੀ ਬੱਚੇ ਆਏ ਹੋਏ ਨੇ। ਕੁਝ ਬੱਚੇ ਹਰਿਆਣੇ ਤੋਂ ਵੀ ਆਏ ਨੇ। ਇਥੇ ਦਾਖਲਾ ਮਿਲ ਗਿਆ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਣ ਜਾਵੇਗੀ ਤੇ ਨਾਲੇ ਖਰਚਾ ਵੀ ਮਾਮੂਲੀ ਹੈ। ਠੇਠ ਮਲਵਈ ਲਹਿਜ਼ੇ `ਚ ਗੱਲ ਕਰਦੇ ਹੋਏ ਉਸਨੇ ਕਿਹਾ ਕਿ ਬਾਹਰ ਟਿਊਸ਼ਨ ਸੈਂਟਰਾਂ ਵਾਲ਼ੇ ਦੋ ਸਾਲਾਂ `ਚ ਮਾਂ-ਪਿਓ ਤੋਂ ਤਿੰਨ ਤੋਂ ਚਾਰ ਲੱਖ ਡੁੱਕ ਲੈਂਦੇ ਨੇ ਤੇ ਇਥੇ ਸਾਰਾ ਕੁਝ ਮੁਫ਼ਤ ਹੀ ਸਮਝੋ ਤੇ ਨਾਲੇ ਕੋਚਿੰਗ ਵੀ ਸਿਰੇ ਦੀ ਹੈ। ਏਨੇ ਨੂੰ ਸਾਰੇ ਬੱਚਿਆਂ ਨੂੰ ਅੰਦਰ ਬੁਲਾ ਲਿਆ ਜਾਂਦਾ ਹੈ। ਤੇ ਉਹ ਮੇਰੇ ਨਾਲ ਗੱਲਬਾਤ ਵਿਚੇ ਛੱਡ ਕੇ ਆਪਣੇ ਬੱਚੇ ਨੂੰ ਛੱਡਣ ਚਲੇ ਜਾਂਦੇ ਨੇ।
ਭਾਈ ਜੈਤਾ (ਭਾਈ ਜੀਵਨ ਸਿੰਘ) ਦਾ ਨਾਂ ਸੁਣ ਕੇ ਮੇਰੀ ਦਿਲਚਸਪੀ ਹੋਰ ਗਹਿਰੀ ਹੋ ਗਈ। ਭਾਈ ਜੈਤਾ ਗੁਰੂ ਕਾਲ ਦਾ ਅਤੇ ਸਿੱਖ ਇਤਿਹਾਸ ਦਾ ਮਹਾਂ ਨਾਇਕ ਹੈ। ਉਸਦੀ ਯਾਦ ਵਿਚ ਫਾਊਂਡੇਸ਼ਨ ਬਣਾਉਣ ਵਾਲਾ ਜ਼ਰੂਰ ਕੋਈ ਗੁਰੂਆਂ ਦੀ ਸੋਚ ਦਾ ਧਾਰਨੀ ਵਿਅਕਤੀ ਹੋਵੇਗਾ। ਨਾਲ ਹੀ ਮੈਂ ਉਸ ਬਜ਼ੁਰਗ ਨੂੰ ਮਿਲਣ ਬਾਰੇ ਸੋਚਣ ਲੱਗ ਪੈਂਦਾ ਹਾਂ। ਮੈਂ ਪੰਜਾਬੀ ਦੇ ਨਾਮਵਰ ਲੇਖਕ ਰਾਜਿੰਦਰ ਸਿੰਘ ਰਾਹੀ, ਜਿਸਨੇ ਹਰਮਨ-ਪਿਆਰੇ ਨਾਵਲਕਾਰ ਜਸਵੰਤ ਸਿੰਘ ਕੰਵਲ ਬਾਰੇ ‘ਪੰਜਾਬ ਦੀ ਪੱਗ’ ਕਿਤਾਬ ਲਿਖੀ ਹੈ, ਨੂੰ ਉਨ੍ਹਾਂ ਨੂੰ ਮਿਲਦੇ ਵੇਖਿਆ ਸੀ। ਰਾਹੀ ਮੇਰੇ ਵੀ ਮਿੱਤਰ ਨੇ। ਉਹ ਮੈਨੂੰ ਦੱਸਦੇ ਨੇ ਕਿ ਜੋ ਭਾਈ ਜੈਤਾ ਫਾਊਂਡੇਸ਼ਨ ਚਲਾ ਰਹੇ ਨੇ ਉਨ੍ਹਾਂ ਦਾ ਨਾਮ ਸਰਦਾਰ ਹਰਪਾਲ ਸਿੰਘ ਹੈ। ਉਹ ਬੜੇ ਪੜ੍ਹੇ-ਲਿਖੇ ਵਿਅਕਤੀ ਨੇ। ਉਨ੍ਹਾਂ ਨੇ ਦੁਨੀਆ ਭਰ ਵਿਚ ਮਸ਼ਹੂਰ ਹਾਵਰਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਹੈ। ਅਮਰੀਕਾ ਜਾਣ ਤੋਂ ਪਹਿਲਾਂ ਇਨ੍ਹਾਂ ਨੇ ਪੈਕ (ਪੀ ਈ ਸੀ), ਜੋ ਸੱਤ ਸਾਲ ਰੁੜਕੀ ਇੰਜੀਨੀਅਰਿੰਗ ਕਾਲਜ ਵਿਚ ਚਲਦਾ ਰਿਹਾ, ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਇਸ ਉਪਰੰਤ ਪੀ.ਡਬਲਯੂ.ਡੀ. ਵਿਭਾਗ ਵਿਚ ਐਸ.ਡੀ.ਓ. ਭਰਤੀ ਹੋ ਗਏ। 1952 ਤੋਂ 1965 ਤਕ ਇਸ ਵਿਭਾਗ `ਚ ਰਹੇ ਤੇ ਫਿਰ ਐਕਸੀਅਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਮਰੀਕਾ ਪੜ੍ਹਨ ਚਲੇ ਗਏ।
ਉਨ੍ਹਾਂ ਦੇ ਜੀਵਨ ਦਾ ਅਕੀਦਾ ਸਾਧਾਰਨ ਘਰਾਂ ਦੇ ਲਾਇਕ ਬੱਚਿਆਂ ਤੇ ਖਾਸ ਕਰਕੇ ਹੁਸ਼ਿਆਰ ਪੇਂਡੂ ਗਰੀਬ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਬਣਾਉਣਾ ਅਤੇ ਦੇਸ਼ ਤੇ ਦੁਨੀਆ ਦੀਆਂ ਵਧੀਆ ਯੂਨੀਵਰਸਿਟੀਆਂ `ਚ ਵਿਦਿਆ ਹਾਸਿਲ ਕਰਨ `ਚ ਉਨ੍ਹਾਂ ਦੀ ਮਦਦ ਕਰਨਾ ਹੈ। ਉਹ ਇਸ ਸੰਬੰਧ `ਚ ਕਈ ਪ੍ਰੋਜੈਕਟ ਚਲਾ ਰਹੇ ਨੇ ਤੇ ਹਰ ਸਾਲ ਕਈ ਕਰੋੜ ਰੁਪਏ ਖਰਚ ਕਰਦੇ ਨੇ। ਇਸ ਵਿਚ ਸਭ ਤੋਂ ਵੱਧ ਯੋਗਦਾਨ ਇਨ੍ਹਾਂ ਦੇ ਇੱਥੇ ਰਹਿੰਦੇ ਪਰਿਵਾਰ, ਖਾਸ ਕਰਕੇ ਇਨ੍ਹਾਂ ਦੀ ਪਤਨੀ ਹਰਦਰਸ਼ਨ ਕੌਰ ਤੇ ਇਨ੍ਹਾਂ ਦੇ ਅਮਰੀਕਾ ਰਹਿੰਦੇ ਲੜਕੇ ਕੁਲਮੀਤ ਸਿੰਘ ਦਾ ਹੈ। ਯਾਰ ਦੋਸਤ ਵੀ ਮਦਦ ਕਰਦੇ ਹਨ।
ਕੁਝ ਦਿਨਾਂ ਬਾਅਦ ਮੈਨੂੰ ਉਨ੍ਹਾਂ ਦਾ ਸਹਿਯੋਗੀ ਸ. ਜਸਵਿੰਦਰ ਸਿੰਘ ਪਸਰੀਚਾ ਨੂੰ ਮਿਲ ਗਿਆ। ਮੈਂ ਉਸਨੂੰ ਕਿਹਾ ਕਿ ਮੈਂ ਸਰਦਾਰ ਹਰਪਾਲ ਸਿੰਘ ਨੂੰ ਮਿਲਣਾ ਚਾਹੁੰਦਾ ਹਾਂ। ਮੁਲਾਕਾਤ ਤੈਅ ਹੋ ਗਈ। ਗੱਲਬਾਤ ਦੇ ਸ਼ੁਰੂ `ਚ ਹੀ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੀ ਉਮਰ ਦੇ 95 ਸਾਲ ਪੂਰੇ ਕਰਨ ਵੱਲ ਵਧ ਰਹੇ ਨੇ। ਉਨ੍ਹਾਂ ਦਾ ਪਿੰਡ/ਜਾਂ ਸ਼ਹਿਰ ਕਹਿ ਲਵੋ ਫਰੀਦਕੋਟ ਹੈ। “ਉਥੇ ਸਾਡੇ ਕੋਲ ਚੰਗੀ ਗੁਜ਼ਾਰੇ ਜੋਗੀ ਜ਼ਮੀਨ ਸੀ ਤੇ ਮੈਂ ਪੜ੍ਹਾਈ ਨਾਲ ਕੁਝ ਸਾਲ ਖੇਤੀ ਵੀ ਕੀਤੀ। ਪੜ੍ਹਨ ਵਿਚ ਮੈਂ ਸ਼ੁਰੂ ਤੋਂ ਹੀ ਚੰਗਾ ਸੀ। ਦਸਵੀਂ ਤੋਂ ਬਾਅਦ ਨੌਨ-ਮੈਡੀਕਲ ਲਿਆ। ਸਿਵਲ ਇੰਜੀਨੀਅਰਿੰਗ ਕਰ ਕੇ 13 ਕੁ ਸਾਲ ਪੀ.ਡਬਲਯੂ.ਡੀ. ਵਿਚ ਨੌਕਰੀ ਕੀਤੀ ਤੇ ਫਿਰ ਅਮਰੀਕਾ `ਚ ਹਾਵਰਡ ਯੂਨੀਵਰਸਿਟੀ ਤੋਂ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕਰ ਕੇ ਉਥੇ ਹੀ ਕੰਮ ਸ਼ੁਰੂ ਕਰ ਲਿਆ। ਮੈਨੂੰ ਹਾਵਰਡ ਬਿਜ਼ਨੈੱਸ ਸਕੂਲ ਦੇ ਪਹਿਲੇ ਪਗੜੀਧਾਰੀ ਵਿਦਿਆਰਥੀ ਹੋਣ ਦਾ ਗੌਰਵ ਪ੍ਰਾਪਤ ਹੈ। ਮੇਰਾ ਪਰਿਵਾਰ ਓਥੇ ਮੇਰੇ ਨਾਲ ਸੀ। ਉਥੇ ਹੀ ਮੇਰਾ ਲੜਕਾ ਕੁਲਮੀਤ ਸਿੰਘ ਪੈਦਾ ਹੋਇਆ। ਮੈਂ ਅਮਰੀਕਾ ਰਹਿ ਰਿਹਾ ਸੀ। ਕੰਮ ਵੀ ਚੰਗਾ ਚੱਲ ਪਿਆ, ਪਰ ਪੰਜਾਬ ਹਰ ਵੇਲੇ ਦਿਮਾਗ `ਤੇ ਭਾਰੂ ਰਹਿੰਦਾ ਸੀ। ਸੋਚਿਆ ਕਿ ਪੰਜਾਬ ਦੇ ਹੁਸ਼ਿਆਰ ਪੇਂਡੂ ਬੱਚਿਆਂ ਨੂੰ ਵਧੀਆ ਨੌਕਰੀਆਂ ਹਾਸਲ ਕਰਨ ਦੇ ਯੋਗ ਬਣਾਉਣ `ਚ ਮਦਦ ਕੀਤੀ ਜਾਵੇ।”
ਅਮਰੀਕਾ `ਚ ਰਹਿੰਦੇ ਹੀ ਭਾਈ ਜੈਤਾ ਫਾਊਂਡੇਸ਼ਨ ਬਣਾਈ। ਅਮਰੀਕਾ ਰਹਿੰਦੇ ਹੋਏ ਹੀ ਲਾਇਕ ਗਰੀਬ ਬੱਚਿਆਂ ਨੂੰ ਮੈਡੀਕਲ ਕਾਲਜਾਂ, ਇੰਜੀਨੀਅਰਿੰਗ ਕਾਲਜਾਂ `ਚ ਦਾਖਲੇ ਦੇ ਯੋਗ ਬਣਾਉਣ ਲਈ ਦੋਸਤਾਂ ਦੀ ਮਦਦ ਨਾਲ ਪੰਜਾਬ `ਚ ਮੁਫ਼ਤ ਟਿਊਸ਼ਨ ਪੜ੍ਹਾਉਣ ਦਾ ਇੰਤਜ਼ਾਮ ਕੀਤਾ। ਬਹੁਤੀ ਕਾਮਯਾਬੀ ਨਹੀਂ ਮਿਲੀ ਤੇ ਤਸੱਲੀ ਵੀ ਨਾ ਹੋਈ। ਫੈਸਲਾ ਕਰ ਲਿਆ ਕਿ ਪੰਜਾਬ ਵਾਪਿਸ ਪਰਤਿਆ ਜਾਵੇ ਤੇ ਉਥੇ ਜਾ ਕੇ ਨਿੱਠ ਕੇ ਕੰਮ ਕੀਤਾ ਜਾਵੇ। ਵਾਪਿਸ ਆ ਗਿਆ। ਦੁਬਾਰਾ ਸਰਕਾਰੀ ਨੌਕਰੀ ਨਹੀਂ ਕੀਤੀ। ਇਥੇ ਮੈਨੂੰ ਕੰਸਲਟੈਂਸੀ ਦਾ ਠੀਕ-ਠਾਕ ਕੰਮ ਮਿਲ ਗਿਆ। 2011 ਵਿਚ ਮੈਂ ਪੱਕੇ ਤੌਰ `ਤੇ ਪੰਜਾਬ ਦੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਲਾਇਕ ਬੱਚਿਆਂ ਨੂੰ ਵਧੀਆ ਕਿੱਤਿਆਂ ਜਿਵੇਂ ਡਾਕਟਰ, ਇੰਜੀਨੀਅਰ ਬਣਾਉਣ ਲਈ ਮੁਫ਼ਤ ਕੋਚਿੰਗ ਦਾ ਪ੍ਰਬੰਧ ਕਰਨ ਦਾ ਬੀੜਾ ਚੁੱਕ ਲਿਆ। ਮੇਰਾ ਲੜਕਾ ਜਿਸ ਨੇ ਸ਼ਿਕਾਗੋ ਤੇ ਕੋਲੰਬੀਆ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਤੇ ਇਕਨੌਮਿਕਸ ਦੀ ਡਿਗਰੀ ਹਾਸਿਲ ਕੀਤੀ ਹੈ, ਅਮਰੀਕਾ `ਚ ਕੰਪਨੀ ਚਲਾ ਰਿਹਾ ਹੈ ਤੇ ਆਪਣੀ ਕਮਾਈ `ਚੋਂ 90 ਫ਼ੀਸਦੀ ਹਿੱਸਾ ਮੈਨੂੰ ਭਾਈ ਜੈਤਾ ਫਾਊਂਡੇਸ਼ਨ ਚਲਾਉਣ ਲਈ ਦੇ ਰਿਹਾ ਹੈ। ਮੇਰੇ ਕੋਲ ਇਸ ਲਈ ਇਨਕਮ ਟੈਕਸ ਐਕਟ, ਸੀ.ਐਸ.ਆਰ. ਤੇ ਐਫ.ਸੀ.ਆਰ.ਏ. ਤਹਿਤ ਇਜਾਜ਼ਤ ਹੈ।”
ਅਸੀਂ ਇਸ ਵੇਲੇ ਕਈ ਕੰਮ ਕਰ ਰਹੇ ਹਾਂ। ਸਭ ਤੋਂ ਪ੍ਰਮੁੱਖ ਹੈ ਬੱਚਿਆਂ ਨੂੰ IIT JEE qy Neet ਦੇ ਟੈਸਟਾਂ ਵਾਸਤੇ ਤਿਆਰ ਕਰਨਾ। ਲੜਕੇ ਤੇ ਲੜਕੀਆਂ ਦੇ ਠਹਿਰਨ ਦਾ ਇੰਤਜ਼ਾਮ ਸਾਡਾ ਹੈ। ਅਸੀਂ ਚੰਡੀਗੜ੍ਹ `ਚ ਹੀ ਵਧੀਆ ਸਕੂਲ `ਚ ਇਨ੍ਹਾਂ ਬੱਚਿਆਂ ਨੂੰ ਦਾਖ਼ਲ ਕਰਵਾਉਂਦੇ ਹਾਂ। ਸਾਡੇ ਚੈਰਿਟੀ ਵਾਲੇ ਕੰਮ ਨੂੰ ਦੇਖਦੇ ਹੋਏ ਸਕੂਲ ਵਾਲੇ ਸਾਨੂੰ ਫੀਸ ਵਗੈਰਾ `ਚ ਕਾਫੀ ਰਿਆਇਤ ਦੇ ਦਿੰਦੇ ਨੇ। ਅਸੀਂ ਆਪਣੀ ਫਾਊਂਡੇਸ਼ਨ `ਚ ਦਸਵੀਂ ਪਾਸ ਬੱਚੇ ਲੈਂਦੇ ਹਾਂ ਤੇ ਉਸ ਲਈ ਮਾਪਦੰਡ ਤੈਅ ਕੀਤੇ ਹੋਏ ਨੇ। ਟੈਸਟ ਹੁੰਦਾ ਹੈ ਤੇ ਉਸਦੇ ਅਧਾਰ `ਤੇ ਹੀ ਦਾਖਲਾ। ਸਿਫਾਰਿਸ਼ ਨਹੀਂ ਚਲਦੀ। ਵਿਦਿਆਰਥੀ ਦੀ ਯੋਗਤਾ ਹੀ ਉਸਦੀ ਸਿਫਾਰਿਸ਼ ਹੈ। ਤੇ ਫਿਰ ਦੋ ਸਾਲ ਦੱਬ ਕੇ ਤਿਆਰੀ ਕਰਾਉਂਦੇ ਹਾਂ।
ਹੁਣ ਤੱਕ ਸਾਡੇ ਕੋਲ 433 (231 ਇੰਜੀਨੀਅਰਿੰਗ ਸਟ੍ਰੀਮ ਤੇ 202 ਮੈਡੀਕਲ ਸਟ੍ਰੀਮ ਲਈ) ਬੱਚੇ (ਲੜਕੇ, ਲੜਕੀਆਂ) ਕੋਚਿੰਗ ਲੈ ਚੁਕੇ ਨੇ। ਸਾਲ 2014 ਤੋਂ ਲੈ ਕੇ ਹੁਣ ਤਕ ਇਨ੍ਹਾਂ `ਚੋਂ 33 ਬੱਚਿਆਂ ਨੂੰIITs ਵਿਚ, 32 ਨੂੰ IIITs ਵਿਚ, 79 ਨੂੰ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਵਿਚ, 2 ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ ਵਿਚ, 14 ਨੂUIET ਵਿਚ, 14 ਨੂੰ CCET ਵਿਚ, 1 ਨੂੰ ਇੰਡੀਅਨ ਇੰਸਟੀਚਿਊਟ ਆਫ ਸਪੇਸ ਟੈਕਨੋਲੌਜੀ ਵਿਚ ਤੇ 17 ਨੂੰ ਹੋਰ ਇੰਜੀਨੀਅਰਿੰਗ ਕਾਲਜਾਂ ਵਿਚ ਦਾਖਲਾ ਮਿਲ ਚੁੱਕਿਆ ਹੈ। ਹੁਣ ਤਕ ਸਾਡੇ 9 ਬੱਚਿਆਂ ਨੂੰ AIIMS ਵਿਚ, 67 ਨੂੰ ਸਰਕਾਰੀ ਮੈਡੀਕਲ ਕਾਲਿਜਾਂ ਵਿਚ, 11 ਨੂੰ ਗੈਰ-ਸਰਕਾਰੀ ਮੈਡੀਕਲ ਕਾਲਜਾਂ, 10 ਸਰਕਾਰੀ ਡੈਂਟਲ ਕਾਲਜਾਂ, 4 ਨੂੰ ਗੈਰ-ਸਰਕਾਰੀ ਡੈਂਟਲ ਕਾਲਜਾਂ, 4 ਨੂੰ ਵੈਟਰਨਰੀ ਸਾਇੰਸ ਵਿਚ, 21 ਨੂੰ ਬੀ.ਐਸ.ਸੀ. ਨਰਸਿੰਗ (ਪੀ ਜੀ ਆਈ ਤੇ ਏਮਜ਼) ਵਿਚ, 12 ਨੂੰ ਸਰਕਾਰੀ ਨਰਸਿੰਗ ਕੋਰਸ ਵਿਚ ਤੇ ਚਾਰ ਨੂੰ ਗੈਰ-ਸਰਕਾਰੀ ਨਰਸਿੰਗ ਕਾਲਜਾਂ ਵਿਚ ਦਾਖਲਾ ਮਿਲ ਚੁੱਕਿਆ ਹੈ। ਜਿਨ੍ਹਾਂ ਬੱਚੀਆਂ ਨੂੰ ਮਰਜ਼ੀ ਦੇ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਨਹੀਂ ਮਿਲਦਾ ਜਾਂ ਫਿਰ ਇੱਛਾ ਮੁਤਾਬਿਕ ਸਫਲਤਾ ਨਹੀਂ ਮਿਲਦੀ ਉਨ੍ਹਾਂ ਲਈ ਰੀਪੀਟਰ ਬੈਚ 2019 ਤੋਂ ਸ਼ੁਰੂ ਕੀਤਾ ਗਿਆ ਹੈ। ਕੁੱਝ ਸਾਬਕਾ ਵਿਦਿਆਰਥੀ ਕੈਲੀਫੋਰਨੀਆ, ਬ੍ਰਿਟਿਸ਼ ਕੋਲੰਬੀਆ, ਕੈਰੋਲਾਈਨਾ, ਇੰਡੀਅਨਐਪੋਲਿਸ ਤੇ ਜਰਮਨੀ ਵਿਖੇ ਸਥਿਤ ਯੂਨੀਵਰਸਿਟੀਆਂ ਵਿਚ ਪੀਐਚ. ਡੀ, ਐਮ.ਐਸ., ਐਮ.ਬੀ.ਏ. ਕਰ ਰਹੇ ਨੇ। ਤੇ ਕੁਝ IIT ਖੜਗਪੁਰ, ਬਿਟਸ ਪਿਲਾਨੀ,IIM ਮੁੰਬਈ,NIPER; AIIMS; ਪੀ ਜੀ ਆਈ ਤੇ ਹੋਰ ਨਾਮੀ ਵਿੱਦਿਅਕ ਅਦਾਰਿਆਂ ਵਿਚ ਐਮ ਟੈਕ, ਐਮ ਐਸ, ਐਮ ਡੀ, ਐਮ ਫਾਰਮਾ ਕਰ ਰਹੇ ਨੇ।
ਸਾਡੀ ਸਫਲਤਾ ਦੀ ਦਰ ਹੁਣ ਤਕ 87.20 ਪ੍ਰਤੀਸ਼ਤ ਹੈ। ਕੋਚਿੰਗ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਰਹਿਣ ਦਾ ਪ੍ਰਬੰਧ ਮੁਫ਼ਤ ਹੈ। ਖਾਣ-ਪੀਣ ਮੁਫ਼ਤ। ਜਿਹੜੇ ਮਾਂ-ਪਿਓ ਕੁਝ ਵਿੱਤੀ ਯੋਗਦਾਨ ਪਾਉਣ ਦੇ ਸਮਰੱਥ ਹਨ ਉਹ ਪਾ ਸਕਦੇ ਨੇ ਤੇ ਪਾਉਂਦੇ ਵੀ ਨੇ। ਖਰਚਾ ਕਾਫੀ ਜ਼ਿਆਦਾ ਹੁੰਦਾ ਹੈ ਪਰ ਭਾਈ ਜੈਤਾ ਫਾਊਂਡੇਸ਼ਨ ਕਿਸੇ ਤੋਂ ਦਾਨ ਨਹੀਂ ਮੰਗਦੀ। ਕਈ ਦਿਆਨਤਦਾਰ ਤੇ ਪੰਜਾਬ ਤੇ ਕੌਮ ਦਾ ਫ਼ਿਕਰ ਰੱਖਣ ਵਾਲੇ ਆਪਣਾ ਵਿੱਤੀ ਯੋਗਦਾਨ ਪਾਉਂਦੇ ਨੇ। ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ. ਬੀ.ਐਨ.ਐਸ. ਵਾਲੀਆ ਨੇ ਵੱਡਾ ਵਿਤੀ ਯੋਗਦਾਨ ਪਾਇਆ ਹੈ। ਅਸੀਂ ਹੋਰ ਵੀ ਬਹੁਤ ਕੁਝ ਪੇਂਡੂ ਬੱਚਿਆਂ ਲਈ ਕਰਨਾ ਚਾਹੁੰਦੇ ਹਾਂ ਪਰ ਸੀਮਤ ਵਿਤੀ ਸਾਧਨ ਅੜਿੱਕਾ ਬਣ ਰਹੇ ਨੇ।
ਨੌਵੀਂ ਤੇ ਦਸਵੀਂ ਦੇ ਬੱਚਿਆਂ ਦਾ ਸਾਇੰਸ ਤੇ ਮੈਥ ਵਿਚ ਆਧਾਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੈਥ, ਸਾਇੰਸ ਤੇ ਹੋਰ ਵਿਸ਼ਿਆਂ `ਚ ਕੋਚਿੰਗ ਦੇਣ ਲਈ ਆਨਲਾਈਨ ਕਲਾਸਾਂ 100 ਸਕੂਲਾਂ ਦੇ ਲਗਭਗ 1000 ਵਿਦਿਆਰਥੀਆਂ ਲਈ ਸਾਲ 2020 ਤੋਂ ਚਲਾਈਆਂ ਜਾ ਰਹੀਆਂ ਨੇ। ਭਾਈ ਜੈਤਾ ਫਾਊਂਡੇਸ਼ਨ ਨੇ ‘ਮਿਸ਼ਨ ਨਵੋਦਿਆ’ ਵੀ ਸ਼ੁਰੂ ਕੀਤਾ ਹੋਇਆ ਹੈ। ਪੇਂਡੂ ਬੱਚਿਆਂ ਨੂੰ ਨਵੋਦਿਆ ਸਕੂਲਾਂ `ਚ ਦਾਖਲੇ ਲਈ ਤਿਆਰ ਕਰਨ ਵਾਸਤੇ ਪੰਜਵੀਂ ਦੇ ਬੱਚਿਆਂ ਲਈ ਕੋਚਿੰਗ ਦਾ ਪ੍ਰਬੰਧ ਹੈ। 2014 ਤੋਂ ਲੈ ਕੇ ਹੁਣ ਤੱਕ ਫਾਊਂਡੇਸ਼ਨ ਵੱਲੋਂ 1452 ਬੱਚਿਆਂ ਨੂੰ ਕੋਚਿੰਗ ਦੇ ਕੇ ਨਵੋਦਿਆ ਸਕੂਲਾਂ ਵਿਚ ਦਾਖ਼ਲ ਕਰਵਾਇਆ ਜਾ ਚੁਕਾ ਹੈ।
ਇਕ ਹੋਰ ਵੱਡਾ ਉਪਰਾਲਾ ਭਾਈ ਜੈਤਾ ਫਾਊਂਡੇਸ਼ਨ ਨੇ ਜੋ ਕੀਤਾ ਹੈ, ਉਹ ਹੈ ਚਾਰ ਸਾਲਾ ਕੋਚਿੰਗ ਪ੍ਰੋਗਰਾਮ। ਇਹ ਨੌਵੀਂ ਤੋਂ ਬਾਰ੍ਹਵੀਂ ਕਲਾਸ ਤਕ ਹੈ। ਪਹਿਲੀ ਵਾਰ ਇਸ ਸਾਲ ਭਾਈ ਜੈਤਾ ਫਾਊਂਡੇਸ਼ਨ ਨੇ ਅੱਠਵੀਂ ਪਾਸ ਬੱਚਿਆਂ ਨੂੰ ਚੁਣਿਆ ਹੈ। ਇਨ੍ਹਾਂ ਲਈ ਵੱਖਰਾ ਪ੍ਰਬੰਧ ਚੰਡੀਗੜ੍ਹ ਕੀਤਾ ਗਿਆ ਹੈ। ਇਨ੍ਹਾਂ ਨੂੰ ਪਲੱਸ ਟੂ ਤੱਕ ਫਾਊਂਡੇਸ਼ਨ ਚੰਡੀਗੜ੍ਹ ਹੀ ਪੜ੍ਹਾਏਗੀ। ਮਕਸਦ ਇਨ੍ਹਾਂ ਨੂੰ ਦੁਨੀਆ ਦੀਆਂ ਸਭ ਤੋਂ ਬੇਹਤਰ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਤਿਆਰ ਕਰਨਾ ਹੈ। ਸਰਦਾਰ ਹਰਪਾਲ ਸਿੰਘ ਦਾ ਮੰਨਣਾ ਹੈ ਕਿ ਇਸ ਵੇਲੇ ਚੀਨ ਦੀਆਂ ਯੂਨੀਵਰਸਿਟੀਆਂ ਵਿਚ ਸਭ ਤੋਂ ਵਧੀਆ ਪੜ੍ਹਾਈ ਹੋ ਰਹੀ ਹੈ। “ਇਹ ਮੇਰੀ ਸੋਚ ਹੈ ਕਿ ਸਾਡੀ ਕੌਮ ਦੇ ਸਾਧਾਰਣ ਘਰਾਂ ਦੇ ਲਾਇਕ ਬੱਚੇ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ `ਚ ਪੜ੍ਹਨ।” ਇਸ ਤੋਂ ਇਲਾਵਾ ਮੈਂ ਇਨ੍ਹਾਂ ਬੱਚਿਆਂ ਨੂੰ ਹੁਣੇ ਤੋਂ ਹੀ ਪ੍ਰਸ਼ਾਸਨਿਕ ਸੇਵਾਵਾਂ ਲਈ ਤਿਆਰੀ ਕਰਨ ਦਾ ਜਾਗ ਵੀ ਲਾ ਰਿਹਾ ਹਾਂ।
ਭਾਈ ਜੈਤਾ ਦੇ ਨਾਮ `ਤੇ ਫਾਊਂਡੇਸ਼ਨ ਬਣਾਉਣ ਦਾ ਖਿਆਲ ਕਿਵੇਂ ਆਇਆ?
ਮੈਂ ਪੜ੍ਹਾਈ ਨਾਲ ਖੇਤੀ ਦਾ ਕੰਮ ਵੀ ਦੇਖਦਾ ਸੀ। ਸਾਡੇ ਨਾਲ ਖੇਤ ਵਿਚ ਹਿੱਸੇ `ਤੇ ਅਰਾਈਂ ਮੁਸਲਿਮ ਭਾਈਚਾਰੇ ਦੇ ਲੋਕ ਕੰਮ ਕਰਦੇ ਸੀ। 1947 ਵਿਚ ਉਹ ਪਾਕਿਸਤਾਨ ਚਲੇ ਗਏ। ਫਿਰ ਮੇਰੇ ਨਾਲ ਸਾਂਝੀ ਦੇ ਤੌਰ `ਤੇ ਦਲਿਤ ਭਾਈਚਾਰੇ ਦੇ ਲੋਕ ਖੇਤੀ ਦਾ ਕੰਮ ਕਰਨ ਲੱਗ ਪਏ। ਉਹ ਗਰੀਬ ਜ਼ਰੂਰ ਸਨ ਪਰ ਮੈਂ ਉਨ੍ਹਾਂ ਦੀ ਇਮਾਨਦਾਰੀ, ਕੰਮ ਕਰਨ ਦੀ ਲਗਨ ਤੇ ਚਾਲ-ਚਲਣ (ਕਰੈਕਟਰ) ਤੋਂ ਬਹੁਤ ਪ੍ਰਭਾਵਿਤ ਹੋਇਆ। ਮੇਰੇ ਪਿਤਾ ਸਰਦਾਰ ਮਨੋਹਰ ਸਿੰਘ ‘ਵੰਡ ਛਕੋ’ ਸੋਚ ਦੇ ਧਾਰਨੀ ਸਨ। ਮੈਨੂੰ ਲਗਦਾ ਹੈ ਕਿ ਚੜ੍ਹਦੀ ਜਵਾਨੀ ਵਿਚ ਮੈਂ ਜਿਹੜੇ ਇਹ ਪ੍ਰਭਾਵ ਗ੍ਰਹਿਣ ਕੀਤੇ ਉਨ੍ਹਾਂ ਵਿਚੋਂ ਭਾਈ ਜੈਤਾ ਫਾਊਂਡੇਸ਼ਨ ਦਾ ਉਦੇ ਹੋਇਆ। ਸਵਰਗਵਾਸੀ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਮੇਰੇ ਨਜ਼ਦੀਕੀ ਮਿੱਤਰ ਸਨ। ਅਸੀਂ ਅਕਸਰ ਮਿਲਦੇ ਸੀ ਤੇ ਹਿਊਮਨ ਰਿਸੋਰਸ ਡਿਵੈਲਪਮੈਂਟ ਬਾਰੇ ਗੱਲਾਂ ਕਰਦੇ ਸੀ।”
ਫਾਊਂਡੇਸ਼ਨ ਵਲੋਂ ਚੰਡੀਗੜ੍ਹ ਵਿਚ ਸਥਿਤ ਨਾਮੀ ਇੰਡੋ-ਸਵਿਸ ਸੈਂਟਰ `ਚ ਦਾਖਲੇ ਲਈ ਵੀ 40 ਦਿਨਾਂ ਦੀ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤਕ 23 ਬੱਚੇ ਇਸ ਵਿਚ ਦਾਖਲਾ ਲੈ ਚੁੱਕੇ ਨੇ। ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤੇ ਹੈਲਥ ਤੇ ਫਿੱਟਨੈੱਸ ਪ੍ਰੋਗਰਾਮ ਵੀ ਚਲਦੇ ਨੇ। ਬਾਕੀ ਜਾਣਕਾਰੀ www.bjfindia.com `ਤੇ ਮਿਲ ਸਕਦੀ ਹੈ। “ਮੈਂ ਬਹੁਤ ਕੋਸ਼ਿਸ਼ ਕਰ ਰਿਹਾਂ ਕਿ ਸਾਡੇ ਕੋਲ ਲਾਇਕ ਪੇਂਡੂ ਬੱਚੇ ਵੱਧ ਤੋਂ ਵੱਧ ਆਉਣ। ਜੇਕਰ ਤੁਸੀਂ ਸਾਧਾਰਨ ਘਰਾਂ ਦੇ ਲਾਇਕ ਪੇਂਡੂ ਬੱਚੇ ਸਾਡੇ ਕੋਲ ਵੱਧ ਤੋਂ ਵੱਧ ਭੇਜੋਗੇ ਤਾਂ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਸਾਡੀ ਸਾਰੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ।” ਹਰਪਾਲ ਸਿੰਘ ਨੇ ਗੱਲ ਖਤਮ ਕਰਦੇ ਹੋਏ ਕਿਹਾ।
