ਭਾਰਤ ਦੀ ਦਸ਼ਾ ਅਤੇ ਦਿਸ਼ਾ

ਭਾਰਤ ਇਨ੍ਹੀਂ ਦਿਨੀਂ ਬੇਹੱਦ ਦੁਖਦਾਈ ਸਥਿਤੀ ਵਿਚੀਂ ਗ਼ੁਜ਼ਰ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇੱਥੇ ਵਾਪਰ ਰਹੀਆਂ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਵੇਖ ਕੇ ਮਨ ਚਿੰਤਾ ਵਿਚ ਡੁੱਬ ਜਾਂਦਾ ਹੈ ਕਿ ਇਥੇ ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਸੰਸਥਾਵਾਂ ਵੀ ਸੁਰੱਖਿਅਤ ਨਹੀਂ ਹਨ। ਇਸ ਦੇਸ਼ ਵਿਚ ਵਾਪਰੀ ਤਾਜ਼ਾ ਘਟਨਾ ਬੇਹੱਦ ਘਿਨਾਉਣੀ ਹੈ।

ਦੇਸ਼ ਦੀ ਸਰਬਉੱਚ ਅਦਾਲਤ ਦੇ ਚੀਫ਼ ਜਸਟਿਸ, ਸ੍ਰੀ ਬੀ.ਆਰ. ਗਵਈ ਵੱਲ ਅਦਾਲਤੀ ਕਾਰਵਾਈ ਦੌਰਾਨ ਹੀ, ਇਕ ਵਕੀਲ ਵਲੋਂ ਜੁੱਤੀ ਸੁੱਟਣ ਦੀ ਕੋਸ਼ਿਸ਼ ਬੇਹੱਦ ਸ਼ਰਮਨਾਕ ਘਟਨਾ ਹੈ। ਇਹ ਮਾਣਯੋਗ ਜਸਟਿਸ ਸ੍ਰੀ ਗਵਈ ਦਾ ਘੋਰ ਨਿਰਾਦਰ ਤਾਂ ਹੈ ਹੀ, ਸਗੋਂ ਦੇਸ਼ ਦੇ ਸੰਵਿਧਾਨ ਤੇ ਸਾਡੀ ਨਿਆਂਇਕ ਵਿਵਸਥਾ ਦਾ ਵੀ ਅਪਮਾਨ ਹੈ। ਜਦੋਂ ਜੁੱਤੀ ਸੁੱਟਣ ਵਾਲੇ ਵਕੀਲ ਨੂੰ ਸੁਰੱਖਿਆ ਕਰਮੀ ਅਦਾਲਤੀ ਕੰਪਲੈਕਸ ਵਿਚੋਂ ਬਾਹਰ ਲੈ ਕੇ ਜਾ ਰਹੇ ਸਨ ਤਾਂ ਉਹ ਨਾਅਰੇ ਲਾ ਰਿਹਾ ਸੀ ‘ਸਨਾਤਨ ਧਰਮ ਦਾ ਅਪਮਾਨ ਨਹੀਂ ਸਹਾਂਗੇ’। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਘਟਨਾ ਹੰਕਾਰੀ ਤੇ ਅਸਹਿਣਸ਼ੀਲ ਪ੍ਰਵਿਰਤੀ ਦਾ ਸਿੱਟਾ ਹੈ। ਸਰਬਉੱਚ ਅਦਾਲਤ ਵਿਚ ਵਕਾਲਤ ਕਰਦੇ ਵਕੀਲ ਨੂੰ ਕਿਹੜਾ ਪਤਾ ਨਹੀਂ ਹੋਣਾ ਕਿ ਉਹ ਜੋ ਕਰ ਰਿਹਾ ਹੈ, ਉਹ ਸੰਵਿਧਾਨ ਦੀ ਸਰਵਉੱਚਤਾ ਤੇ ਨਿਆਂਇਕ ਪ੍ਰਣਾਲੀ ਦੀ ਗਰਿਮਾ ਦੇ ਉਲਟ ਹੈ। ਪਰ ਇਹ ਗੱਲ ਸਪੱਸ਼ਟ ਹੈ ਕਿ ਇਸ ਪਿੱਛੇ ਉਹ ਫਿਰਕੂ ਏਜੰਡਾ ਹੀ ਕੰਮ ਕਰ ਰਿਹਾ ਹੈ, ਜਿਹੜਾ ਪਹਿਲਾਂ ਵੀ ਇਸ ਰਾਹ ਤੁਰਿਆ ਹੋਇਆ ਹੈ।
ਇਹ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਇਸ ਘਟਨਾ ਤੋਂ ਬਾਅਦ ਮਾਣਯੋਗ ਜਸਟਿਸ ਗਵਈ ਬਿਲਕੁਲ ਸ਼ਾਂਤ ਰਹੇ, ਤੇ ਉਨ੍ਹਾਂ ਨੇ ਅਦਾਲਤੀ ਕਾਰਵਾਈ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ‘ਇਨ੍ਹਾਂ ਸਾਰੀਆਂ ਗੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੀਆਂ ਚੀਜ਼ਾਂ ਨਾਲ ਸਾਡਾ ਧਿਆਨ ਨਹੀਂ ਵੰਡੇਗਾ। ਇਨ੍ਹਾਂ ਗੱਲਾਂ ਦਾ ਮੇਰੇ `ਤੇ ਕੋਈ ਅਸਰ ਨਹੀਂ ਹੁੰਦਾ ਹੈ।’ ਕੁਝ ਵੀ ਹੋਵੇ ਇਸ ਘਟਨਾ ਨਾਲ ਹਰ ਭਾਰਤੀ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਇਹੋ ਜਿਹੀਆਂ ਅਪਮਾਨਜਨਕ ਗੱਲਾਂ ਦੇਸ਼ ਦੀ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਹਨ।
ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ `ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਨਿਆਂ ਵਿਵਸਥਾ ਦੀ ਸੁਤੰਤਰਤਾ `ਤੇ ਅਜਿਹਾ ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ। ਅਜੋਕੇ ਸਮਿਆਂ ਵਿੱਚ, ਦੇਸ਼ ਅਜਿਹੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਲੋਕਾਂ ਦੀ ਇੱਕੋ ਇੱਕ ਆਸ ਨਿਆਂ ਪ੍ਰਣਾਲੀ ਉੱਤੇ ਹੀ ਹੈ।
ਇਸ ਘਟਨਾ ਦੇ ਵਿਸਥਾਰ ਵੱਲ ਜਾਈਏ ਤਾਂ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਫ ਜਸਟਿਸ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦਾ ਬੈਂਚ ਕੇਸਾਂ ਦੀ ਸੁਣਵਾਈ ਕਰ ਰਿਹਾ ਸੀ। ਮਯੂਰ ਵਿਹਾਰ ਨਿਵਾਸੀ ਮੁਲਜ਼ਮ ਵਕੀਲ ਰਾਕੇਸ਼ ਕਿਸ਼ੋਰ ਡਾਇਸ ਨੇੜੇ ਪਹੁੰਚਿਆ ਅਤੇ ਆਪਣੀ ਜੁੱਤੀ ਕੱਢ ਕੇ ਉਸ ਨੂੰ ਜੱਜਾਂ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ।
ਅਦਾਲਤ ਦੇ ਕਮਰੇ ‘ਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਹਰਕਤ ‘ਚ ਆਉਂਦਿਆਂ ਹਮਲੇ ਨੂੰ ਰੋਕ ਲਿਆ। ਸੂਤਰਾਂ ਮੁਤਾਬਕ ਪੁਲੀਸ ਸੁਪਰੀਮ ਕੋਰਟ ਦੇ ਰਜਿਸਟਰਾਰ ਜਨਰਲ ਨਾਲ ਤਾਲਮੇਲ ਬਣਾ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਕਾਰੇ ਨੂੰ ਮੰਦਭਾਗਾ ਤੇ ਨਿੰਦਣਯੋਗ ਦੱਸਿਆ ਅਤੇ ਇਸ ਨੂੰ ਗੁਮਰਾਹਕੁੰਨ ਜਾਣਕਾਰੀ ਦਾ ਸਿੱਟਾ ਤੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਦੱਸਿਆ। ਮਹਿਤਾ ਨੇ ਕਿਹਾ, “ਮੈਂ ਨਿੱਜੀ ਤੌਰ ‘ਤੇ ਚੀਫ ਜਸਟਿਸ ਨੂੰ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ‘ਤੇ ਪੂਰੀ ਸ਼ਰਧਾ ਨਾਲ ਜਾਂਦਿਆਂ ਦੇਖਿਆ ਹੈ। ਚੀਫ ਜਸਟਿਸ ਨੇ ਵੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ।” ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਇਸ ਘਟਨਾ ਨੂੰ ਪੂਰੀ ਸੰਸਥਾ ‘ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੀਫ ਜਸਟਿਸ ਖ਼ਿਲਾਫ਼ ਜਾਤੀਵਾਦੀ ਟਿੱਪਣੀ ਵਾਂਗ ਹੈ ਅਤੇ ਇਹ ਖਜੁਰਾਹੋ ‘ਚ ਵਿਸ਼ਨੂ ਭਗਵਾਨ ਦੀ ਮੂਰਤੀ ਦੇ ਪੁਨਰਸਥਾਪਨ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ’ਤੇ ਮੁਲਜ਼ਮ ਵਕੀਲ ਦੀ ਨਾਰਾਜ਼ਗੀ ਨਾਲ ਜੁੜੀ ਹੋ ਸਕਦੀ ਹੈ। ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਮੱਧ ਪ੍ਰਦੇਸ਼ ‘ਚ ਯੂਨੈਸਕੋ ਵਿਸ਼ਵ ਵਿਰਾਸਤ ਖਜੁਰਾਹੋ ਮੰਦਰ ਕੰਪਲੈਕਸ ਦੇ ਜਵਾਰੀ ਮੰਦਰ ‘ਚ ਭਗਵਾਨ ਵਿਸ਼ਨੂ ਦੀ ਸੱਤ ਫੁੱਟ ਦੀ ਮੂਰਤੀ ਦੇ ਪੁਨਰ ਨਿਰਮਾਣ ਅਤੇ ਸਥਾਪਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕਰਨ ਵਾਲੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਚੀਫ ਜਸਟਿਸ ਨੇ ਕਿਹਾ ਸੀ, “ਇਹ ਪੂਰੀ ਤਰ੍ਹਾਂ ਨਾਲ ਪ੍ਰਚਾਰ ਹਾਸਲ ਕਰਨ ਲਈ ਦਾਖ਼ਲ ਕੀਤੀ ਗਈ ਅਰਜ਼ੀ ਹੈ। ਜਾ ਕੇ ਖੁਦ ਭਗਵਾਨ ਨੂੰ ਕੁਝ ਕਰਨ ਲਈ ਆਖੋ। ਜੇ ਤੁਸੀਂ ਆਖ ਰਹੇ ਹੋ ਕਿ ਤੁਸੀਂ ਭਗਵਾਨ ਵਿਸ਼ਨੂ ਪ੍ਰਤੀ ਡੂੰਘੀ ਆਸਥਾ ਰੱਖਦੇ ਹੋ ਤਾਂ ਪ੍ਰਾਰਥਨਾ ਕਰੋ ਅਤੇ ਥੋੜ੍ਹਾ ਧਿਆਨ ਲਗਾਓ।” ਆਪਣੀਆਂ ਟਿੱਪਣੀਆਂ ਦੀ ਸੋਸ਼ਲ ਮੀਡੀਆ ‘ਤੇ ਹੋਈ ਆਲੋਚਨਾ ਮਗਰੋਂ ਚੀਫ ਜਸਟਿਸ ਨੇ ਕਿਹਾ ਸੀ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸ ਸੀ ਪੀ) ਦੇ ਮੁਖੀ ਸ਼ਰਦ ਪਵਾਰ ਅਤੇ ਕੇਰਲਾ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਚੀਫ ਜਸਟਿਸ ਬੀ ਆਰ ਗਵਈ ‘ਤੇ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜੁਡੀਸ਼ਰੀ ਅਤੇ ਕਾਨੂੰਨ ਦੇ ਸ਼ਾਸਨ ਦੀ ਮਰਿਆਦਾ ‘ਤੇ ਹਮਲਾ ਹੈ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਹ ਚੀਫ ਜਸਟਿਸ ‘ਤੇ ਨਹੀਂ ਸਗੋਂ ਦੇਸ਼ ਦੇ ਸੰਵਿਧਾਨ ‘ਤੇ ਹਮਲੇ ਦੀ ਕੋਸ਼ਿਸ਼ ਸੀ। ਇਹ ਹਮਲਾ ਦੇਸ਼ ਲਈ ਖ਼ਤਰੇ ਦੀ ਘੰਟੀ ਹੈ। ਲੋਕਤੰਤਰ ਦੇ ਥੰਮ੍ਹ ਨਿਆਂਪਾਲਿਕਾ ਦਾ ਨਿਰਾਦਰ ਹੈ, ਸੰਵਿਧਾਨ ਦਾ ਅਪਮਾਨ ਹੈ। ਇਹ ਘਟਨਾ ਵੰਡਪਾਊ ਅਤੇ ਜ਼ਹਿਰੀਲੀ ਸਿਆਸਤ ਦੇ ਗੰਭੀਰ ਖ਼ਤਰੇ ਨੂੰ ਉਜਾਗਰ ਕਰਦੀ ਹੈ। ਅਜੇਹਾ ਘਟਨਾਕ੍ਰਮ ਭਾਰਤ ਦੀ ਵਰਤਮਾਨ ਦਸ਼ਾ ਦਾ ਸ਼ੀਸ਼ਾ ਹੋਣ ਦੇ ਨਾਲ-ਨਾਲ ਭਾਰਤ ਦੇ ਭਵਿੱਖ ਦੀ ਦਿਸ਼ਾ ਨੂੰ ਵੀ ਭਲੀਭਾਂਤ ਉਜਾਗਰ ਕਰਦਾ ਹੈ।