ਅੰਡੇਮਾਨ ਦੇ ਕਾਲੇ ਪਾਣੀਆਂ ਤੋਂ ਸਿਆਲਕੋਟ ਦੇ ਗਲੋਟੀਆਂ ਤੱਕ

ਗੁਲਜ਼ਾਰ ਸਿੰਘ ਸੰਧੂ
ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੇ ਇੰਡੋ ਤਿਬਤਨ ਬਾਰਡਰ ਫੋਰਸ ਤੋਂ ਤਬਦੀਲ ਹੋ ਕੇ ਪੰਜਾਬ ਪਹੁੰਚਣ ਨੇ ਮੇਰੀਆਂ ਯਾਦਾਂ ਦੇ ਅੱਧੀ ਸਦੀ ਪੁਰਾਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ| ਉਹ ਸੁਪ੍ਰਸਿੱਧ ਪੰਜਾਬੀ ਕਵੀ ਦੀਵਾਨ ਸਿੰਘ ਕਾਲੇਪਾਣੀ ਦੀ ਧੀ ਇੰਦਰਾ ਬਲ ਦਾ ਜੁਆਈ ਹੈ| ਮੇਰੇ ਇਸ ਪਰਿਵਾਰ ਨਾਲ ਸਬੰਧ ਨਵੀਂ ਦਿੱਲੀ ਦੇ ਇੰਡੀਆ ਕਾਫੀ ਹਾਊਸ ਰਾਹੀਂ ਅਜਿਹੇ ਬਣੇ ਕਿ ਸਮੇਂ ਨਾਲ ਹੋਰ ਗੂੜ੍ਹੇ ਹੁੰਦੇ ਰਹੇ ਹਨ| ਹਰਪ੍ਰੀਤ ਦਾ ਸਹੁਰਾ ਆਨੰਦ ਕੁਮਾਰ ਸਿੰਘ ਬਲ ਉਰਫ ਨੰਦੀ ਜਲੰਧਰ ਵਾਲੇ ਇੰਡੀਆ ਕਾਫੀ ਹਾਊਸ ਦਾ ਚਰਚਿਤ ਪਾਤਰ ਸੀ|

ਜਿਸ ਮੇਜ਼ ਉੱਤੇ ਉਹ ਬਹਿੰਦਾ ਜਲੰਧਰ ਦੇ ਲੇਖਕ ਤੇ ਪੱਤਰਕਾਰ ਇਕੱਠੇ ਬਹਿ ਕੇ ਦੁਨੀਆ ਭਰ ਦੇ ਵਿਕਾਸ ਕਾਰਜਾਂ ਤੇ ਰਾਜਨੀਤੀ ਦਾ ਲੇਖਾ-ਜੋਖਾ ਕਰਦੇ| ਜਦੋਂ ਕਦੀ ਮੇਰਾ ਵੀ ਦਿੱਲੀ ਤੋਂ ਪੰਜਾਬ ਗੇੜਾ ਲਗਦਾ ਤਾਂ ਮੈਂ ਇਸ ਮਹਿਫਿਲ ਵਿਚ ਹਾਜ਼ਰ ਹੋ ਕੇ ਖੁਸ਼ ਹੁੰਦਾ|
ਜਿੱਥੋਂ ਤੱਕ ਦੀਵਾਨ ਸਿੰਘ ਕਾਲੇਪਾਣੀ ਦਾ ਸਬੰਧ ਹੈ, ਉਹ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿਚ ਪੈਂਦੇ ਪਿੰਡ ਗਲੋਟੀਆਂ ਦੇ ਰਹਿਣ ਵਾਲੇ ਸਨ| ਉਨ੍ਹਾਂ ਦਾ ਕਾਵਿ-ਸੰਗ੍ਰਹਿ ‘ਵਗਦੇ ਪਾਣੀ’ ਮੇਰੀ ਕਾਲਜ ਦੀ ਪੜ੍ਹਾਈ ਸਮੇਂ ਮੇਰੇ ਪਾਠਕ੍ਰਮ ਦਾ ਹਿੱਸਾ ਸੀ| ਸਾਨੂੰ ਪੜ੍ਹਾਉਣ ਵਾਲਾ ਅਧਿਆਪਕ ਦਸਦਾ ਹੁੰਦਾ ਸੀ ਦੀਵਾਨ ਸਿੰਘ ਪੇਸ਼ੇ ਵਜੋਂ ਡਾਕਟਰ ਸਨ ਤੇ ਪੋਰਟ ਬਲੇਅਰ (ਅੰਡੇਮਾਨ ਤੇ ਨਿਕੋਬਾਰ) ਵਿਚ ਡਾਕਟਰੀ ਕਰਦਿਆਂ ਉਹ ਪੰਜਾਬ ਸਟੱਡੀ ਸਰਕਲ ਪੋਰਟ ਬਲੇਅਰ ਦੀ ਪ੍ਰਧਾਨਗੀ ਤੇ ਸਮਾਜ ਸੇਵਾ ਵੀ ਕਰਦੇ ਸਨ| ਉੁਨ੍ਹਾਂ ਨੂੰ ਜਪਾਨੀਆਂ ਨੇ ਕੈਦ ਕਰਕੇ ਏਨੇ ਤਸੀਹੇ ਦਿੱਤੇ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ| ਅੱਜ ਤਾਂ ਉਨ੍ਹਾਂ ਦੇ ਨਾਂ ਉੱਤੇ ਪੋਰਟ ਬਲੇਅਰ ਵਿਚ ਗੁਰਦਵਾਰਾ ਹੈ ਤੇ ਚੰਡੀਗੜ੍ਹ ਨੇੜੇ ਸਿਸਵਾ (ਕੁਰਾਲੀ ਕਾਲਕਾ ਮਾਰਗ) ਨੇੜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਸੁਸ਼ੋਭਿਤ ਹੈ ਜਿੱਥੇ ਉਨ੍ਹਾਂ ਦੇ ਜੀਵਨ ਉੱਤੇ ਬਣੀ ਫਿਲਮ ਵੀ ਦਿਖਾਈ ਜਾਂਦੀ ਹੈ| ਉਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਪੁਸਤਕਾਂ ਲਿਖਣ ਵਾਲਿਆਂ ਵਿਚੋਂ ਸੁਰਿੰਦਰ ਗਿੱਲ ਤੇ ਸਵਰਗਵਾਸੀ ਸੂਬਾ ਸਿੰਘ ਪੰਜਾਬੀ ਸਾਹਿਤ ਸੰਸਾਰ ਦੇ ਜਾਣੇ ਪਹਿਚਾਣੇ ਨਾਂ ਹਨ| ਹਰਦਿਆਲ ਸਿੰਘ ਨੇ ਤਾਂ ਉਨ੍ਹਾਂ ਬਾਰੇ ਆਪਣੀ ਰਚਨਾ ਦਾ ਨਾਂ ਹੀ ‘ਇੱਕ ਸੁਨਹਿਰੀ ਦਿਲ’ ਰਖਿਆ ਹੈ|
ਹਰਪ੍ਰੀਤ ਸਿੱਧੂ ਨੂੰ ਜੀਵਨ ਦਾ ਸਾਥ ਦੇਣ ਵਾਲੀ ਪਾਰੋ ਬਲ ਸਿੱਧੂ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿਚ ਏਨਸ਼ੀਐਂਟ ਹਿਸਟਰੀ ਡਿਪਾਰਟਮੈਂਟ (ਪੁਰਾਤਨ ਇਤਿਹਾਸ ਵਿਭਾਗ) ਦੀ ਮੁਖੀ ਹੈ ਜਿਸਦੇ ਮਾਮਾ ਜੀ ਹਰਵੰਤ ਸਿੰਘ ਢਿੱਲੋਂ ਕਨਾਟ ਪਲੇਸ ਨਵੀਂ ਦਿੱਲੀ ਵਾਲੇ ਇੰਡੀਆ ਕਾਫੀ ਹਾਊਸ ਵਿਚ ਮੈਨੂੰ ਮਿਲੇ ਅਤੇ ਮਈ ਮਹੀਨੇ ਸੁਆਸ ਤਿਆਗਣ ਤੱਕ ਅਜਿਹੇ ਮਿੱਤਰ ਰਹੇ ਕਿ ਮੈਂ ਪੰਜਾਹ ਤੋਂ ਵੱਧ ਸਾਲਾਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਚਲਿਆ ਆ ਰਿਹਾ ਹਾਂ| ਹਰਵੰਤ ਸਮਾਜ ਵਿਗਿਆਨ ਦਾ ਮਾਹਿਰ ਸੀ ਜਿਹੜਾ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਸੈਂਟਰਲ ਹੈਲਥ ਐਜੂਕੇਸ਼ਨ ਬਿਊਰੋ (3852) ਦਾ ਮੁਖੀ ਰਿਹਾ| ਇਹ ਸਬੱਬ ਦੀ ਗੱਲ ਹੈ ਕਿ ਮੇਰੀ ਜੀਵਨ ਸਾਥਣ ਸੁਰਜੀਤ ਕੌਰ ਵੀ ਉਸ ਤੋਂ ਪਿੱਛੋਂ ਇਸ ਬਿਊਰੋ ਦੀ ਮੁਖੀ ਰਹਿ ਚੁੱਕੀ ਹੈ ਜਿਸ ਨਾਤੇ ਮੇਰਾ ਢਿੱਲੋਂ ਪਰਿਵਾਰ ਨਾਲ ਦੂਹਰਾ ਸਬੰਧ ਬਣ ਗਿਆ ਤੇ ਅੱਜ ਤੱਕ ਹੈ| ਇਹ ਗੱਲ ਵੀ ਦੱਸਣ ਵਾਲੀ ਹੈ ਕਿ ਹਰਵੰਤ ਕਈ ਸਾਲ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਿਚ ਤਾਇਨਾਤ ਰਿਹਾ ਹੈ ਜਿਸ ਨਾਤੇ ਉਸਨੇ ਮੇਰੀ ਪਤਨੀ ਸੁਰਜੀਤ ਨੂੰ ਦੋ ਮਹੀਨੇ ਲਈ ਮਾਲਦੀਵ ਦੇ ਟਾਪੂਆਂ ਵਿਚ ਭਿਜਵਾਇਆ| ਮਾਲਦੀਵ ਦੀ ਰਹਿਣੀ-ਸਹਿਣੀ ਤੇ ਰਸਮ ਰਿਵਾਜ ਏਨੇ ਵਖਰੇ ਹਨ ਕਿ ਮੈਂ ਵੀ ਦੋ ਹਫਤੇ ਲਈ ਓਥੇ ਗਿਆ ਸਾਂ ਅਤੇ ਅੱਜ ਤੱਕ ਮਾਲਦੀਵੀ ਜੀਵਨ ਤੇ ਸਭਿਆਚਾਰ ਬਾਰੇ ਸਮੇਂ-ਸਮੇਂ ਕੁੱਝ ਨਾ ਕੁੱਝ ਲਿਖਦਾ ਰਹਿੰਦਾ ਹਾਂ|
ਡਾਕਟਰ ਦੀਵਾਨ ਸਿੰਘ ਦਾ ਪਰਿਵਾਰ ਖੁੱਲ੍ਹੇ-ਡੁਲ੍ਹੇ ਵਿਚਾਰਾਂ ਵਾਲਾ ਹੈ ਤੇ ਜਿਸ ਕਿਸੇ ਨੂੰ ਆਪਣਾ ਬਣਾਉਂਦਾ ਹੈ ਉਸ ਨਾਲ ਪੂਰਾ ਨਿਭਦਾ ਤੇ ਨਿਭਾਉਂਦਾ ਹੈ| ਉਸਦਾ ਇੱਕ ਬੇਟਾ ਮਹਿੰਦਰ ਸਿੰਘ ਪੋਰਟ ਬਲੇਅਰ ਦੇ ਕਾਲਜ ਦਾ ਪ੍ਰਿੰਸੀਪਲ ਰਿਹਾ ਹੈ ਤੇ ਉਸਦੀ ਜੀਵਨ ਸਾਥਣ ਗੁਰਦਰਸ਼ਨ ਕੌਰ ਉਸ ਕਾਲਜ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ| ਮਹਿੰਦਰ ਸਿੰਘ ਦਾ ਜਨਮ ਡਸਕਾ ਤਹਿਸੀਲ ਦੇ ਪਿੰਡ ਗਲੋਟੀਆਂ ਦਾ ਸੀ ਜਿੱਥੇ ਮੈਂ ਆਪਣੀ ਪਾਕਿਸਤਾਨ ਫੇਰੀ ਸਮੇਂ ਜਾ ਨਹੀਂ ਸਕਿਆ ਜਿਸਦਾ ਮੈਨੂੰ ਬੜਾ ਅਫਸੋਸ ਹੈ| ਡਾਕਟਰ ਦੀਵਾਨ ਸਿੰਘ ਦੀ ਵੱਡੀ ਧੀ ਸੁਦਰਸ਼ਨ ਕੌਰ ਦੇ ਸੁਭਾਅ ਦੀ ਮਿਸਾਲ ਦੇਣੀ ਹੋਵੇ ਤਾਂ ਉਸਨੇ ਜਾਤ ਬਰਾਦਰੀ ਤੋਂ ਬਾਹਰ ਦੇ ਵਿਅਕਤੀ ਸ੍ਰੀ ਸਦਨ ਮੋਹਨ ਪਾਂਡੇ ਨਾਲ ਵਿਆਹ ਕੀਤਾ ਸੀ ਜਿਹੜਾ ਵਧੀਆ ਨਿਭਿਆ| ਮੈਂ ਲਿਖ ਚੁੱਕਾ ਹਾਂ ਕਿ ਹਥਲੇ ਕਾਲਮ ਦਾ ਨਾਇਕ ਹਰਪ੍ਰੀਤ ਸਿੰਘ ਸਿੱਧੂ ਹੈ ਜਿਸਦੀ ਪੰਜਾਬ ਵਾਪਸੀ ਨੇ ਮੈਨੂੰ ਭੁੱਲੀਆਂ ਵਿਸਰੀਆਂ ਗੱਲਾਂ ਯਾਦ ਕਰਵਾ ਦਿੱਤੀਆਂ ਹਨ| ਉਸਨੂੰ ਮੈਂ ਕੇਵਲ ਉਸਦੇ ਵਿਆਹ ਵਾਲੀ ਪਾਰਟੀ ਵਿਚ ਹੀ ਮਿਲਿਆ ਸਾਂ ਜਿੱਥੇ ਅਸੀਂ ਦੋਵਾਂ ਨੇ ਇੱਕ ਦੋ ਮਜ਼ਾਕ ਹੀ ਸਾਂਝੇ ਕੀਤੇ ਸਨ| ਉਨ੍ਹਾਂ ਦੀ ਗੱਲ ਵੀ ਕਰਾਂਗੇ ਪਰ ਇਸ ਤੋਂ ਪਹਿਲਾਂ ਮੈਂ ਏਨਾ ਦਸ ਦਿਆਂ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹਰਪ੍ਰੀਤ ਨਸ਼ਾ ਛੁਡਾਊ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਰਹਿ ਚੁੱਕਾ ਹੈ ਤੇ ਛੱਤੀਸਗੜ੍ਹ ਵਿਖੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਅਧਿਕਾਰੀ ਵੀ| ਉਸਦੀ ਸਿੱਧੀ ਪੱਧਰੀ ਵਾਰਤਾਲਾਪ ਤੇ ਹਾਜ਼ਰ ਜਵਾਬੀ ਉਸਦਾ ਪ੍ਰਮੁੱਖ ਗੁਣ ਹੈ ਤੇ ਉਲਟੇ ਅਰਥ ਕਢਣ ਵਾਲੇ ਇਸ ਗੁਣ ਨੂੰ ਉਸਦੇ ਵਿਰੋਧ ਵਿਚ ਵੀ ਵਰਤਦੇ ਰਹੇ ਹਨ|
ਹੁਣ ਪੰਜਾਬ ਸਰਕਾਰ ਉਸਨੂੰ ਕਿਹੜੀ ਪਦਵੀ ਦਿੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਮੈਂ ਹਥਲਾ ਕਾਲਮ ਉਨ੍ਹਾਂ ਦੋ ਫਿਕਰਿਆਂ ਨਾਲ ਸਮਾਪਤ ਕਰਦਾ ਹਾਂ ਜਿਹੜੇ ਉਸਦੇ ਵਿਆਹ ਵਾਲੀ ਪਾਰਟੀ ਸਮੇਂ ਅਸੀਂ ਇੱਕ ਦੂਜੇ ਨਾਲ ਸਾਂਝੇ ਕੀਤੇ ਹਨ| ਮੈਂ ਉਸਨੂੰ ਮਿਲਦੇ ਸਾਰ ਕੇਵਲ ਏਨਾ ਹੀ ਕਿਹਾ ਸੀ, ‘ਚਲੋ! ਇੱਕ ਗਲ ਤਾਂ ਹੋਈ ਕਿ ਹੁਣ ਮੈਂ ਆਪਣੇ ਵਿਰੋਧੀ ਦਾ ਕਤਲ ਬੜੀ ਬੇਫਿਕਰੀ ਨਾਲ ਕਰ ਸਕਦਾ ਹਾਂ|’
ਮੈਂ ਹਾਲੀ ਪੂਰਾ ਸਾਹ ਵੀ ਨਹੀਂ ਸੀ ਲਿਆ ਕਿ ਮੈਨੂੰ ਉਤਰ ਮਿਲਿਆ, ‘ਤੁਸੀਂ ਇਹ ਕੰਮ ਖੁਦ ਕਿਉਂ ਕਰੋਗੇ! ਸਾਨੂੰ ਦੱਸ ਛੱਡਣਾ|’

ਅੰਤਿਕਾ
ਬਾਬਾ ਨਜ਼ਮੀ॥
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ|
ਮੰਜਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ|