ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਸਾਰੀਆਂ ਵਿਦੇਸ਼ੀ ਫਿਲਮਾਂ ‘ਤੇ 100 ਫ਼ੀਸਦੀ ਟੈਰਿਫ ਲਗਾਉਣਗੇ। ਇਹ ਇਕ ਬੇਮਿਸਾਲ ਕਦਮ ਹੈ ਜਿਸ ਨਾਲ ਹਾਲੀਵੁੱਡ ਦੇ ਵਿਸ਼ਵ ਵਪਾਰ ਮਾਡਲ ‘ਤੇ ਖਤਰਾ ਮੰਡਰਾ ਸਕਦਾ ਹੈ। ਇਹ ਕਦਮ ਸੁਰੱਖਿਆਵਾਦੀ ਵਪਾਰ ਨੀਤੀਆਂ ਦਾ ਸਭਿਆਚਾਰਕ ਉਦਯੋਗ ਤੱਕ ਵਿਸਥਾਰ ਕਰਨ ਦੀ ਟਰੰਪ ਦੀ ਇੱਛਾ ਦਾ ਸੰਕੇਤ ਹੈ।
ਇਸ ਨਾਲ ਉਨ੍ਹਾਂ ਸਟੂਡੀਓਜ਼ ਲਈ ਅਨਿਸ਼ਚਿਤਤਾ ਵਧੀ ਹੈ, ਜਿਹੜੇ ਅੰਤਰਰਾਸ਼ਟਰੀ ਬਾਕਸ ਆਫਿਸ ਦੇ ਮਾਲੀਏ ਤੇ ਵਿਦੇਸ਼ ‘ਚ ਸਹਿ ਨਿਰਮਾਣ ‘ਤੇ ਬਹੁਤ ਜ਼ਿਆਦਾ ਨਿਰਭਰ ਹਨ। ਇਸ ਫ਼ੈਸਲੇ ਦਾ ਅਸਰ ਭਾਰਤੀ ਫਿਲਮ ਇੰਡਸਟਰੀ ‘ਤੇ ਤੇ ਵੀ ਪੈਣ ਦੀ ਸੰਭਾਵਨਾ ਹੈ, ਕਿਉਂਕਿ ਇਹ ਫਿਲਮਾਂ ਅਮਰੀਕਾ ‘ਚ ਪਰਵਾਸੀ ਭਾਰਤੀਆਂ ‘ਚ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਅਮਰੀਕਾ ਵਲੋਂ ਕਿਹਾ ਗਿਆ, ‘ਸਾਡੇ ਫਿਲਮ ਨਿਰਮਾਣ ਕਾਰੋਬਾਰ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਚੋਰੀ ਕਰ ਲਿਆ ਹੈ, ਠੀਕ ਉਸੇ ਤਰ੍ਹਾਂ ਹੀ ਜਿਵੇਂ ਬੱਚੇ ਤੋਂ ਕੈਂਡੀ ਚੋਰੀ ਕਰਨਾ। ਆਪਣੇ ਕਮਜ਼ੋਰ ਤੇ ਅਸਮਰੱਥ ਗਵਰਨਰ ਦੇ ਕਾਰਨ ਕੈਲੀਫੋਰਨੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਲਈ ਇਸ ਦੀਰਘਕਾਲੀ ਤੇ ਕਦੇ ਨਾ ਖ਼ਤਮ ਹੋਣ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਅਮਰੀਕਾ ਤੋਂ ਬਾਹਰ ਬਣਨ ਵਾਲੀਆਂ ਸਾਰੀਆਂ ਫਿਲਮਾਂ ‘ਤੇ 100 ਫ਼ੀਸਦੀ ਟੈਰਿਫ ਲਗਾਵਾਂਗਾ। ਇਸ ਮਾਮਲੇ ‘ਤੇ ਧਿਆਨ ਦੇਣ ਲਈ ਧੰਨਵਾਦ।’ਅਮਰੀਕਾ ਨੂੰ ਮੁੜ ਮਹਾਨ ਬਣਾਓ!“ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਵਿਦੇਸ਼ੀ ਫਿਲਮਾਂ ‘ਤੇ 100 ਫ਼ੀਸਦੀ ਟੈਰਿਫ ਲਗਾਉਣ ਲਈ ਕਿਸ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨਗੇ। ਵ੍ਹਾਈਟ ਹਾਊਸ ਨੇ ਟੈਰਿਫ ਲਾਗੂ ਕਰਨ ਦੇ ਤਰੀਕੇ ‘ਤੇ ਸਵਾਲ ਦਾ ਜਵਾਬ ਨਹੀਂ ਦਿੱਤਾ। ਵਾਰਨਰ ਬ੍ਰਦਰਸ਼ ਡਿਸਕਵਰੀ, ਕਾਮਕਾਸਟ, ਪੈਰਾਮਾਊਂਟ ਸਕਾਈਡਾਂਸ ਤੇ ਨੈੱਟਫਲਿਕਸ ਨੇ ਵੀ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ। ਪੀ.ਪੀ. ਫੋਰਸਾਈਟ ਦੇ ਵਿਸ਼ਲੇਸ਼ਕ ਪਾਓਲੋ ਪੇਸਕਾਟੋਰੇ ਨੇ ਕਿਹਾ, ‘ਬੇਯਕੀਨੀ ਬਹੁਤ ਜ਼ਿਆਦਾ ਹੈ ਤੇ ਇਹ ਤਾਜ਼ਾ ਕਦਮ ਜਵਾਬਾਂ ਤੋਂ ਜ਼ਿਆਦਾ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਜਿਹੋ ਜਿਹੀ ਸਥਿਤੀ ਹੈ, ਲਾਗਤ ਵਧਣ ਦੀ ਸੰਭਾਵਨਾ ਹੈ । ਇਸਦਾ ਬੋਝ ਲਾਜ਼ਮੀ ਤੌਰ ‘ਤੇ ਖਪਤਕਾਰਾਂ ‘ਤੇ ਪਵੇਗਾ।’ ਸ਼ੁਰੂਆਤੀ ਕਾਰੋਬਾਰ ‘ਚ ਨੈੱਟਫਲਿਕਸ ਦੇ ਸ਼ੇਅਰ 1.5 ਫ਼ੀਸਦੀ ਹੇਠਾਂ ਆ ਗਏ। ਪੈਰਾਮਾਊਂਟ ਸਕਾਈਡਾਂਸ ਤੇ ਵਾਰਨਰ ਬ੍ਰਦਰਸ ਡਿਸਕਵਰੀ ਦੇ ਸ਼ੇਅਰਾਂ ‘ਚ ਕ੍ਰਮਵਾਰ 2.1 ਫ਼ੀਸਦੀ ਤੇ 1.3 ਫ਼ੀਸਦੀ ਦੀ ਗਿਰਾਵਟ ਆ ਗਈ। ਟਰੰਪ ਨੇ ਫਿਲਮ ਟੈਰਿਫ ਦਾ ਵਿਚਾਰ ਪਹਿਲੀ ਵਾਰੀ ਮਈ ‘ਚ ਪੇਸ਼ ਕੀਤਾ ਸੀ, ਪਰ ਬਹੁਤ ਘੱਟ ਵੇਰਵੇ ਦਿੱਤੇ ਸਨ। ਇਸ ਨਾਲ ਮਨੋਰੰਜਨ ਅਧਿਕਾਰੀਆਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਖਾਸ ਦੇਸ਼ਾਂ ‘ਤੇ ਲਾਗੂ ਹੋਵੇਗਾ ਜਾਂ ਵਿਦੇਸ਼ਾਂ ‘ਚ ਬਣੀਆਂ ਸਾਰੀਆਂ ਫਿਲਮਾਂ ‘ਤੇ। ਸਟੂਡੀਓ ਦੇ ਅਧਿਕਾਰੀਆਂ ਨੇ ਇਸ ਸਾਲ ਦੀ ਸ਼ੁਰੂਆਤ ‘ਚ ਦੱਸਿਆ ਸੀ ਕਿ ਉਹ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਫਿਲਮ ਟੈਰਿਫ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਆਧੁਨਿਕ ਫਿਲਮਾਂ ‘ਚ ਅਕਸਰ ਕਈ ਦੇਸ਼ਾਂ ਦੇ ਪ੍ਰੋਡਕਸ਼ਨ, ਫਾਈਨਾਂਸਿੰਗ, ਪੋਸਟ ਪ੍ਰੋਡਕਸ਼ਨ ਤੇ ਵਿਜ਼ੁਅਲ ਇਫੈਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲੀਵੁੱਡ ਨੇ ਕੈਨੇਡਾ, ਬਰਤਾਨੀਆ ਤੇ ਆਸਟ੍ਰੇਲੀਆ ਵਰਗੇ ਵਿਦੇਸ਼ੀ ਪ੍ਰੋਡਕਸ਼ਨ ਕੇਂਦਰਾਂ ‘ਤੇ ਨਿਰਭਰਤਾ ਤੇਜ਼ੀ ਨਾਲ ਵਧਾਈ ਹੈ। ਉੱਥੇ ਟੈਕਸ ਪ੍ਰੋਤਸਾਹਨਾਂ ਨੇ ਸੁਪਰਹੀਰੋ ਬਲਾਕਬਸਟਰ ਤੋਂ ਲੈ ਕੇ ਸਟ੍ਰੀਮਿੰਗ ਡਰਾਮਾ ਤੱਕ ਵੱਡੇ ਬਜਟ ਦੀਆਂ ਫਿਲਮਾਂ ਦੀ ਸ਼ੂਟਿੰਗ ਨੂੰ ਆਕਰਸ਼ਿਤ ਕੀਤਾ ਹੈ। ਨਾਲ ਹੀ ਵਿਦੇਸ਼ੀ ਸਟੂਡੀਓ ਦੇ ਨਾਲ ਕੋ-ਪ੍ਰੋਡਕਸ਼ਨ ਜ਼ਿਆਦਾ ਆਮ ਹੋ ਗਿਆ ਹੈ। ਉਦਯੋਗਾਂ ਨੇ ਚਿਤਾਵਨੀ ਦਿੱਤੀ ਹੈ ਕਿ ਟੈਰਿਫ ਨਾਲ ਵਿਦੇਸ਼ੀ ਸ਼ੂਟਿੰਗ ‘ਚ ਕੰਮ ਕਰ ਰਹੇ ਹਜ਼ਾਰਾਂ ਅਮਰੀਕੀ ਮੁਲਾਜ਼ਮ ਪ੍ਰਭਾਵਿਤ ਹੋ ਸਕਦੇ ਹਨ, ਜਿਨ੍ਹਾਂ ‘ਚ ਵਿਚੁਅਲ ਇਫੈਕਟ ਆਰਟਿਸਟ ਤੋਂ ਲੈ ਕੇ ਪ੍ਰੋਡਕਸ਼ਨ ਕਰੂ ਤੱਕ ਸ਼ਾਮਲ ਹਨ। ਕੁੱਝ ਕਾਨੂੰਨੀ ਤੇ ਵਪਾਰ ਵਿਸ਼ਲੇਸ਼ਕਾਂ ਦੀ ਦਲੀਲ ਹੈ ਕਿ ਫਿਲਮਾਂ ਬੌਧਿਕ ਸੰਪਦਾ ਦਾ ਇਕ ਰੂਪ ਹਨ।
