ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਸੋਮਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਿੜ ਗਏ। ਦੋਵਾਂ ਨੇ ਇਕ-ਦੂਸਰੇ ‘ਤੇ ਗੰਭੀਰ ਦੋਸ਼ ਲਾਏ। ਚੀਮਾ ਤੇ ਬਾਜਵਾ ਵਿਚ ਨਿੱਜੀ ਤੋਹਮਤਬਾਜ਼ੀ ਐਨੀ ਵੱਧ ਗਈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ
ਨੇ ਸਦਨ ਦੀ ਕਾਰਵਾਈ ਦਸ ਮਿੰਟ ਲਈ ਮੁਲਤਵੀ ਕਰ ਦਿੱਤੀ।ਹੋਇਆ ਇੰਝ ਕਿ ਹੜ੍ਹਾਂ ਦੇ ਮੁੱਦੇ ਅਤੇ ਪੰਜਾਬ ਦੇ ਪੁਨਰਵਾਸ ‘ਤੇ ਚੱਲ ਰਹੀ ਬਹਿਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਫੂਲਨ ਪਿੰਡ ਵਿਚ ਧੁੱਸੀ ਬੰਨ੍ਹ ਦੇ ਨਾਲ ਲੱਗਦੀ ਜ਼ਮੀਨ ਅਤੇ ਗੁਰਦਾਸਪੁਰ ਦੇ ਇੱਕ ਪਿੰਡ ਵਿਚ ਜ਼ਮੀਨ ਖਰੀਦਣ ਦੀ -ਗੱਲ ਕਹੀ। ਚੀਮਾ ਨੇ ਕਿਹਾ ਕਿ ਦਰਿਆ ਦੇ ਕਿਨਾਰੇ ਇਹ ਜ਼ਮੀਨ ਮਾਈਨਿੰਗ ਕਰਨ ਲਈ ਖਰੀਦੀ ਗਈ ਅਤੇ ਪਿਛਲੀ ਸਰਕਾਰ ਨੇ ਇਸ ਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ 1.12 ਕਰੋੜ ਰੁਪਏ ਜ਼ਮੀਨ ਬਚਾਉਣ ਯਾਨੀ ਦਰਿਆ ਦਾ ਰੁਖ਼ ਮੋੜਨ ਲਈ ਪੱਥਰਾਂ ਦਾ ਬੰਨੂ ਲਗਾਉਣ ‘ਤੇ ਖਰਚ ਕੀਤੇ ਸਨ। ਉਨ੍ਹਾਂ ਕਿਹਾ ਕਿ ਬਾਜਵਾ ਲਗਾਤਾਰ ਸਰਕਾਰ ਦੇ ਕੰਮ ਵਿਚ ਨੁਕਸ ਕੱਢਦਾ ਹੈ, ਜਦਕਿ ਦਰਿਆ ਦੇ ਕਿਨਾਰੇ ਸਸਤੇ ਭਾਅ ਵਿਚ ਜ਼ਮੀਨ ਖਰੀਦੀ ਹੈ। ਇਸ ਦੇ ਜਵਾਬ ਵਿਚ ਬਾਜਵਾ ਨੇ ਨਾ ਸਿਰਫ਼ ਚੀਮਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰੱਦ ਕੀਤਾ ਬਲਕਿ ਉਲਟਾ ਚੀਮਾ ‘ਤੇ ਹੀ ਗੰਭੀਰ ਦੋਸ਼ ਲਾ ਦਿੱਤੇ। ਬਾਜਵਾ ਨੇ ਕਿਹਾ, ‘ਮੈਂ ਜ਼ਮੀਨ ਖਰੀਦੀ ਅਤੇ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ ਹੈ. ਮੈਂ ਨਿੱਜੀ ਵਿਅਕਤੀਆਂ ਤੋਂ ਜ਼ਮੀਨ ਖਰੀਦੀ ਹੈ, ਉਸ ਨੂੰ ਪੈਸੇ ਅਦਾ ਕੀਤੇ ਹਨ ਅਤੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਪਾਰਟੀ ਦੇ ਸਾਰੇ ਆਗੂ ਆਬਕਾਰੀ ਘੁਟਾਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ ਪਰ ਤੁਹਾਨੂੰ ਬਚਾਇਆ ਗਿਆ ਕਿਉਂਕਿ ਤੁਹਾਡੇ ਭਾਜਪਾ ਨਾਲ ਸਬੰਧ ਹਨ। ਉਨ੍ਹਾਂ ਸ਼ਰਾਬ ਦੀ ਫੈਕਟਰੀ ਤੋਂ ਕਥਿਤ ਰੂਪ ਵਿਚ ਮਹੀਨਾ ਲੈਣ ਦਾ ਦੋਸ਼ ਵੀ ਲਾਇਆ। ਇਸ ‘ਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਛਿੜ ਪਈ।ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੋਵਾਂ ਧਿਰਾਂ ਨੂੰ ਬੈਠਣ ਲਈ ਕਿਹਾ ਤਾਂ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਨੇ ਸਪੀਕਰ ‘ਤੇ ਪੱਖਪਾਤ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦੇ ਰਹੇ। ਇਸ ਦੌਰਾਨ ਬਾਜਵਾ ਅਤੇ ਚੀਮਾ ਦਰਮਿਆਨ ਬਹਿਸ ਐਨੀ ਤਿੱਖੀ ਹੋ ਗਈ ਕਿ ਦੋਵੇਂ ਇਕ-ਦੂਜੇ ਨੂੰ ਲਲਕਾਰਨ ਲੱਗੇ ਪਏ। ਚੀਮਾ ਆਪਣੀ ਸੀਟ ਛੱਡ ਕੇ ਅੱਗੇ ਆ ਗਏ ਅਤੇ ਪਾਰਟੀ ਦੇ ਹੋਰ ਵਿਧਾਇਕ ਵੀ ਉਨ੍ਹਾਂ ਦੇ ਸਮੱਰਥਨ ਵਿਚ ਅੱਗੇ ਆ ਗਏ। ਦੋਵਾਂ ਪਾਸਿਓ ਤਿੱਖੀ ਬਹਿਸ ਹੋਈ। ਸਪੀਕਰ ਨੇ ਮਾਹੌਲ ਸ਼ਾਂਤ ਕਰਨ ਲਈ ਸਦਨ ਦੀ ਕਾਰਵਾਈ ਦਸ ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਸਪੀਕਰ ਨੇ ਦੋਵਾਂ ਧਿਰ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਚਰਚਾ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਹੜ੍ਹਾਂ ਦੌਰਾਨ ਉਚੇਚੇ ਪ੍ਰਬੰਧ ਨਾ ਕੀਤੇ ਜਾਣ ਕਰ ਕੇ ਇਕ ਦੂਜੇ ‘ਤੇ ਮਿਹਣੋ ਮੇਹਣੀ ਹੋਈ। ਗੋਇਲ ਨੇ ਕਿਹਾ ਕਿ ਬਾਜਵਾ ਨੂੰ ਸਦਨ ਵਿਚ ਝੂਠ ਬੋਲਣ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ।
