ਕਦੀ ਮੁੱਕਦੀ ਨਾ ਦਿਲਾਂ ਵਾਲੀ ਸਾਂਝ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸਾਰਾ ਪਿੰਡ ਉਹਨੂੰ ਨੱਥੂ ਆਖਦਾ ਸੀ ਪਰ ਦਾਦਾ ਜੀ ਹਮੇਸ਼ਾ ਨੱਥਾ ਸਿਆਂ ਆਖ ਕੇ ਬੁਲਾਉਂਦੇ। ਉਹ ਉਮਰ ਵਿਚ ਦਾਦਾ ਜੀ ਦਾ ਹਾਣੀ ਸੀ ਪਰ ਪੀੜ੍ਹੀ ਦੇ ਲਿਹਾਜ਼ ਨਾਲ ਉਨ੍ਹਾਂ ਦੇ ਭਤੀਜਿਆਂ ਦੇ ਥਾਂ ਸੀ। ਇਸ ਕਰ ਕੇ ਮੈਂ ਉਹਨੂੰ ਤਾਇਆ ਜੀ ਆਖਦਾ। ਮੈਂ ਆਪਣੀ ਸੁਰਤ ਸੰਭਾਲਣ ਤੋਂ ਬਾਅਦ ਵੀ ਤਾਏ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ ਸਮਝਦਾ ਰਿਹਾ। ਜਦੋਂ ਪੜ੍ਹਾਈ ਸ਼ੁਰੂ ਕੀਤੀ ਤਾਂ ਉਂਗਲੀਆਂ ‘ਤੇ ਹਿਸਾਬ-ਕਿਤਾਬ ਲਾਉਂਦਿਆਂ ਤਾਇਆ ਸਾਡੇ ਪਰਿਵਾਰ ਵਿਚੋਂ ਮਨਫ਼ੀ ਹੋ ਗਿਆ। ਘਰ ਦੇ ਜੀਆਂ ਦੀ ਗਿਣਤੀ ਵਿਚ ਮੈਂ ਤਾਏ ਨੂੰ ਗਿਣਦਾ ਪਰ ਅੜਬ ਸੁਭਾਅ ਦਾ ਮਾਸਟਰ ਸੂਰਤ ਸਿੰਘ ਆਖਦਾ, “ਆਹ ਦੇਖ ਲਓ ਕੁਲਾਰਾਂ ਦਾ ਗੋਰਾ ਪੁੱਤ, ਨੱਥੇ ਨੂੰ ਆਪਣੀ ਬੇਬੇ ਦਾ ਜੇਠ ਧੱਕੇ ਨਾਲ ਹੀ ਬਣਾਈ ਜਾਂਦੈ।” ਸਾਰੀ ਜਮਾਤ ਹੱਸ ਪੈਂਦੀ। ਮੇਰਾ ਦਿਲ ਕਰਦਾ ਕਿ ਅਣਪੋਚੀ ਫੱਟੀ ਮਾਸਟਰ ਦੇ ਨੱਕ ‘ਤੇ ਮਾਰ ਦਿਆਂ। ਫਿਰ ਉਹ ਕਹਿੰਦਾ, “ਪੁੱਤਰਾ, ਨੱਥਾ ਤੇਰਾ ਤਾਇਆ ਤਾਂ ਲੱਗਦਾ ਹੈ ਪਰ ਉਹ ਤੇਰੇ ਦਾਦੇ ਦਾ ਸਕਾ ਪੁੱਤ ਨਹੀਂ, ਤੁਹਾਡਾ ਸਾਂਝੀ ਐ।” ਮਾਸਟਰ ਸੂਰਤ ਸਿੰਘ ਨੇ ਮੇਰੇ ਦਿਮਾਗ ਵਿਚ ਤੇਰ-ਮੇਰ ਵਾੜ ਦਿੱਤੀ। ਜਾਤ-ਪਾਤ ਦਾ ਸਬਕ ਵੀ ਸਕੂਲੋਂ ਹੀ ਸਿੱਖਿਆ। ਸਾਡਾ ਮਾਸਟਰ ਜੇ ਕਿਸੇ ਮੁੰਡੇ ਨੂੰ ਸੱਦਦਾ ਤਾਂ ਕਹਿੰਦਾ, “ਉਏ ਘੁਮਿਆਰਾਂ ਦੇ ਬੱਬੂ! ਉਏ ਛੀਬਿਆਂ ਦੇ ਗੋਲਡੀ! ਜਾਂ ਫਿਰ ਕਹਿੰਦਾ, ਉਏ ਮਹਾਜਨਾਂæææ!” ਪੰਜਵੀਂ ਜਮਾਤ ਤੱਕ ਮਾਸਟਰ ਸੂਰਤ ਸਿੰਘ ਨੇ ਸਾਨੂੰ ਜਾਤ-ਪਾਤ ਦੀ ਸੁਰਤ ਲਿਆ ਦਿੱਤੀ ਸੀ।
ਖ਼ੈਰ! ਤਾਏ ਦੇ ਚਾਰ ਧੀਆਂ ਅਤੇ ਪੇਟ ਘਰੋੜੀ ਦਾ ਪੁੱਤ ਸੀ। ਉਹਨੇ ਬਹੁਤਾ ਸਮਾਂ ਸਾਡੇ ਨਾਲ ਸਾਂਝੀ ਰਲ ਕੇ ਹੀ ਲੰਘਾਇਆ। ਇਕ ਵਾਰੀ ਉਹਨੇ ਸਾਡੇ ਪਿੰਡ ਕਿਸੇ ਬੰਦੇ ਤੋਂ ਕੁੜੀ ਦੇ ਵਿਆਹ ਵਾਸਤੇ ਹਜ਼ਾਰ ਰੁਪਏ ਵਿਆਜ ‘ਤੇ ਲਏ। ਮੂਲ ਮੁੜਿਆ ਨਾ। ਵਿਆਜ ਦੀ ਰਕਮ ਨਾਲ ਤਾਏ ਦੀਆਂ ਦੋਵੇਂ ਛੋਟੀਆਂ ਧੀਆਂ ਕਈ ਸਾਲ ਉਸ ਬੰਦੇ ਦੇ ਘਰ ਗੋਹਾ-ਕੂੜਾ ਕਰਦੀਆਂ ਰਹੀਆਂ। ਪਿੰਡ ਦੇ ਕਈ ਬੰਦਿਆਂ ਨੇ ਉਸ ਨੂੰ ਕਿਹਾ ਵੀ, “ਲੱਖਾ ਸਿਆਂ! ਹੋਰ ਕਿੰਨਾ ਚਿਰ ਕੁੜੀਆਂ ਤੋਂ ਗੋਹਾ ਸੁਟਾਵੇਂਗਾ?। ਗਰੀਬ ਨੂੰ ਬਖ਼ਸ਼ ਦੇ ਹੁਣ!” ਪਰ ਉਹ ਬੰਦਾ ਪੈਸੇ ਦੀ ਹਉਮੈ ਵਿਚ ਹਮੇਸ਼ਾ ਸਫੈਦੇ ਵਾਂਗ ਹਿੱਕ ਤਾਣ ਕੇ ਖੜ੍ਹ ਜਾਂਦਾ। ਮੌਤ ਤੋਂ ਪਹਿਲਾਂ ਉਹਨੇ ਦੋਵੇਂ ਹੱਥ ਜੋੜੇ ਕੇ ਤਾਏ ਨੱਥੇ ਤੋਂ ਮੁਆਫ਼ੀ ਮੰਗੀ, “ਭਰਾਵਾ! ਮੈਨੂੰ ਬਖ਼ਸ਼ ਦੇ। ਮੈਂ ਤੇਰਾ ਬਹੁਤ ਲਹੂ ਪੀਤੈ।” ਤਾਏ ਨੇ ਕਿਹਾ, “ਸਰਦਾਰਾ ਦੇਖ ਲੈ! ਤੇਰੀਆਂ ਕੀਤੀਆਂ ਤੇਰੇ ਅੱਗੇ ਆ ਗਈਆਂ। ਮੈਂ ਮੁਆਫ਼ ਕਰਨ ਵਾਲਾ ਕੌਣ ਹੁੰਨਾ। ਵਾਹਿਗੁਰੂ ਅੱਗੇ ਹੱਥ ਜੋੜ ਕੇ ਮੁਆਫ਼ੀ ਮੰਗ ਤੇ ਆਖ, ਅੱਜ ਤੋਂ ਬਾਅਦ ਕੋਈ ਵੀ ਵਿਆਜੜੀਆ ਬੰਦਾ ਕਿਸੇ ਗਰੀਬ ਦਾ ਲਹੂ ਨਾ ਪੀਵੇ।” ਲੱਖਾ ਸਿੰਘ ਹੰਝੂਆਂ ਦੀ ਝੜੀ ਲਾਉਂਦਾ ਸਦਾ ਦੀ ਨੀਂਦ ਸੌਂ ਗਿਆ। ਇਹ ਗੱਲ ਤਾਏ ਨੇ ਮੈਨੂੰ ਸੁਣਾਈ ਸੀ ਜਿਹੜੀ ਅੱਜ ਵੀ ਦਿਲ ਵਿਚ ਬੈਠੀ ਹੈ ਕਿ ਵਿਆਜੜੀਆਂ ਦਾ ਅੰਤ ਚੰਗਾ ਨਹੀਂ ਹੁੰਦਾ।
ਤਾਇਆ ਹੱਸਮੁੱਖ, ਮਿਲਾਪੜਾ ਤੇ ਇਮਾਨਦਾਰ ਸੀ। ਉਹਨੇ ਅੰਮ੍ਰਿਤ ਤਾਂ ਨਹੀਂ ਸੀ ਛਕਿਆ ਪਰ ਅੱਜ ਦੇ ਕਈ ਸੰਤਾਂ ਨਾਲੋਂ ਚੰਗਾ ਸੀ। ਜਿਹੜੀਆਂ ਧਾਰਨਾ ਉਹ ਗਾਉਂਦਾ, ਉਨ੍ਹਾਂ ਦੀ ਸਮਝ ਬੇਸ਼ੱਕ ਘੱਟ ਆਉਂਦੀ ਸੀ ਪਰ ਅਨੰਦ ਬਹੁਤ ਆਉਂਦਾ। ਤਾਇਆ ਦੱਸਦਾ ਕਿ ਇਕ ਵਾਰੀ ਕਣਕ ਕੱਢ ਰਹੇ ਸੀ। ਥਰੈਸ਼ਰ ਨਵੇਂ ਨਵੇਂ ਹੀ ਆਏ ਸਨ। ਅਚਾਨਕ ਪਿੰਡ ਵਿਚ ਕਿਸੇ ਗੱਭਰੂ ਦੀ ਮੌਤ ਹੋ ਗਈ। ਤੇਰੇ ਦਾਦਾ ਜੀ ਤੇ ਪਿਤਾ ਜੀ ਪਿੰਡ ਨੂੰ ਆ ਗਏ ਤੇ ਮੈਨੂੰ ਖੇਤ ਰਾਖੀ ਕਰਨ ਵਾਸਤੇ ਛੱਡ ਗਏ। ਮੈਂ ਛੱਜ ਨਾਲ ਕਣਕ ਸੰਵਾਰਨ ਲੱਗ ਗਿਆ। ਆਪਣੇ ਧਿਆਨ ਲੱਗਿਆ ਹੋਇਆ ਸੀ ਕਿ ਤਿੰਨ ਸਾਧੂ ਖੜ੍ਹੇ ਦਿਖਾਈ ਦਿੱਤੇ। ਮੈਂ ਉਨ੍ਹਾਂ ਦਾ ਸਤਿਕਾਰ ਕੀਤਾ, ਤੂਤਾਂ ਦੀ ਛਾਂ ਥੱਲੇ ਬਿਠਾਇਆ। ਜਲ ਛਕਾਉਣ ਤੋਂ ਬਾਅਦ ਹੋਰ ਸੇਵਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਭਗਤਾ! ਭੁੱਖ ਬੜੀ ਲੱਗੀ ਐ। ਪ੍ਰਸ਼ਾਦਾ ਛਕਾ ਦੇ ਸਾਨੂੰ।’ ਮੈਂ ‘ਸੱਤ ਬਚਨ’ ਆਖ ਕੇ ਪਿੰਡ ਤੁਰਨ ਲੱਗਿਆ ਬੋਲਿਆ ਕਿ ‘ਮਹਾਂ ਪੁਰਸ਼ੋ! ਬੋਹਲ ਦਾ ਖਿਆਲ ਰੱਖਿਓ।’ ਪਰ ਪਿੰਡੋਂ ਪ੍ਰਸ਼ਾਦੇ ਲੈ ਕੇ ਖੇਤ ਮੁੜਿਆ ਤਾਂ ਸਾਧੂ ਤਿੰਨੇ ਗਾਇਬ। ਆਲਾ-ਦੁਆਲਾ ਦੇਖਿਆ, ਕੁਝ ਨਾ ਲੱਭਾ। ਬੋਹਲ ਦਾ ਅੰਦਾਜ਼ਾ ਲਾਇਆ। ਉਹ ਤਾਂ ਸਾਧੂ ਨਹੀਂ ਸਗੋਂ ਚੋਰ ਸਨ ਜਿਹੜੇ ਕਣਕ ਲੈ ਗਏ ਸਨ। ਉਸ ਦਿਨ ਪਿੱਛੋਂ ਜਦ ਕਦੀ ਮੇਰੀ ਚੋਰ ਦੇਖਣ ਦੀ ਤਮੰਨਾ ਹੁੰਦੀ, ਮੈਂ ਭਗਵੇਂ ਕੱਪੜਿਆਂ ਵਾਲਿਆਂ ਨੂੰ ਦੇਖ ਲੈਂਦਾ ਜਿਨ੍ਹਾਂ ਨੇ ਗਰੀਬ ਦੀ ਸ਼ਰਧਾ ਨੂੰ ਸਿਖ਼ਰ ਦੁਪਹਿਰੇ ਸੰਨ੍ਹ ਲਾ ਲਈ ਸੀ।
ਤਾਏ ਨੇ ਜ਼ਿਮੀਦਾਰਾਂ ਨਾਲ ਕੰਮ ਕਰਦਿਆਂ ਚਾਰੇ ਧੀਆਂ ਵਿਆਹ ਦਿੱਤੀਆਂ। ਪੁੱਤ ਫੌਜ ਵਿਚ ਭਰਤੀ ਹੋ ਗਿਆ। ਤਾਏ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਚੱਲੋ, ਸਾਡੇ ਹੱਥੋਂ ਵੀ ਦਾਤੀ-ਪੱਲੀ ਛੁੱਟੀ ਅਤੇ ਹੱਥ ਬੰਦੂਕ ਆ ਗਈ। ਉਹਦਾ ਮਤਲਬ ਸੀ ਕਿ ਪੁੱਤ ਨੂੰ ਮੇਰੇ ਵਾਂਗ ਸਾਂਝੀ ਨਹੀਂ ਰਲਣਾ ਪੈਣਾ।
ਦਾਦਾ ਜੀ ਅਤੇ ਤਾਇਆ ਹਾਣੀ ਹੋਣ ਕਰ ਕੇ ਮਖੌਲ ਵੀ ਬੜਾ ਕਰਦੇ। ਤਾਇਆ ਦੱਸਦਾ ਕਿ ਜਦੋਂ ਕਣਕ ਦੀ ਕਢਾਈ ਮੁੱਕ ਜਾਣੀ, ਮੈਂ ਤੂੜੀ ਦੀਆਂ ਦਸ-ਵੀਹ ਪੰਡਾਂ ਲਿਜਾਣੀਆਂ ਤਾਂ ਤੇਰੇ ਦਾਦੇ ਨੇ ਕਹਿਣਾ, ‘ਨੱਥਾ ਸਿਆਂ! ਤੂੜੀ ਘੱਟ ਹੋਈ ਐ, ਤੂੰ ਵੀ ਘੱਟ ਲੈ ਜਾ। ਤੇਰਾ ਘਾਟਾ-ਵਾਧਾ ਅਗਾਂਹ ਸਾਉਣੀ ਵਿਚ ਟਾਂਡਿਆਂ ਨਾਲ ਪੂਰਾ ਕਰ ਦਊਂ।’ ਤੇ ਜਦੋਂ ਸਾਉਣੀ ਆਉਣੀ ਤਾਂ ਕਹਿਣਾ, ‘ਨੱਥਾ ਸਿਆਂ! ਐਤਕੀਂ ਮੱਕੀ ਘੱਟ ਹੋਈ ਐ। ਟਾਂਡੇ ਵੀ ਘੱਟ ਹੋਏ ਆ, ਤੂੰ ਟਾਂਡੇ ਘੱਟ ਲੈ ਜਾ। ਤੇਰਾ ਘਾਟਾ-ਵਾਧਾ ਤੂੜੀ ‘ਚ ਪੂਰਾ ਕਰਾਂਗੇ।’ ਮੈਂ ਅੱਗਿਉਂ ਕਹਿਣਾ, ‘ਕਰਤਾਰ ਸਿਆਂ! ਤੂੰ ਮੈਨੂੰ ਦਿਲ ਖੋਲ੍ਹ ਕੇ ਟਾਂਡੇ ਦੇ ਦੇਹ। ਜੇ ਤੇਰੇ ਘਟਣਗੇ ਤਾਂ ਮੈਂ ਤੈਨੂੰ ਦੇ ਜਾਵਾਂਗਾ।’ ਤੇਰਾ ਦਾਦਾ ਵੀ ਦਿਲ ਦਰਿਆ ਸੀ, ਕਦੇ ਕਿਸੇ ਚੀਜ਼ ਤੋਂ ਜਵਾਬ ਨਹੀਂ ਸੀ ਦਿੱਤਾ।
ਜਦੋਂ ਮੈਂ ਉਡਾਰ ਹੋਇਆ ਤੇ ਖੇਤੀਬਾੜੀ ਦੇ ਕੰਮਾਂ ਵਿਚ ਹੱਥ ਵਟਾਉਣ ਲੱਗਾ, ਤਾਏ ਨਾਲ ਮਿਲਾਪ ਵਧ ਗਿਆ। ਮੈਂ ਤਾਏ ਤੇ ਦਾਦੇ ਵਿਚ ਫਰਕ ਲੱਭਦਾ। ਅਸਲ ਵਿਚ ਮਾਸਟਰ ਸੂਰਤ ਸਿੰਘ ਨੇ ਸਾਡੇ ਨਿਆਣੇ ਦਿਲਾਂ ਵਿਚ ਫਰਕ ਬਿਠਾ ਦਿੱਤਾ ਸੀ। ਮੈਨੂੰ ਦੋਵੇਂ ਜਣੇ ਸਕੇ ਭਰਾ ਲੱਗਦੇ; ਪਰ ਇਕ ਫਰਕ ਨਾ ਮਿਟਦਾ-ਜੱਟ ਤੇ ਹਰੀਜਨ ਦਾ। ਪਰ ਮੈਂ ਆਪਣੀ ਜ਼ਿੰਦਗੀ ਵਿਚ ਇਸ ਫਰਕ ਨੂੰ ਕਦੇ ਨਹੀਂ ਆਉਣ ਦਿੱਤਾ। ਹਮੇਸ਼ਾ ਹਰੀਜਨਾਂ ਦੇ ਮੁੰਡਿਆਂ ਨਾਲ ਖੰਡ-ਖੀਰ ਹੁੰਦਾ ਆਇਆ ਹਾਂ। ਸਕੂਲ ਕਾਲਜ ਵੇਲੇ ਇਕੱਠਿਆਂ ਇਕੋ ਕੌਲੀ ਵਿਚ ਖਾਂਦੇ। ਖ਼ੈਰ! ਜਦੋਂ ਮੈਂ ਟਰੈਕਟਰ-ਟਰਾਲੀ ਜੋੜ ਕੇ ਤਾਏ ਦੇ ਘਰ ਤੂੜੀ ਛੱਡਣ ਜਾਣਾ ਤਾਂ ਤਾਏ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ, ਤੇ ਤਾਈ ਨੇ ਸਵੇਰਿਉਂ ਹੀ ਕਮਰ-ਕੱਸਾ ਕਰ ਲੈਣਾ। ਤਾਈ ਨੇ ਪਹਿਲਾਂ ਆਪਣੀ ਹਿੱਕ ਨਾਲ ਲਾ ਕੇ ਪਿਆਰ ਦੇਣਾ, ਫਿਰ ਪਾਣੀ ਪਿਲਾਉਣਾ, ਫਿਰ ਗੁੜ ਦੀ ਰੋੜੀ ਦੇਣੀ ਤੇ ਫਿਰ ਕਹਿਣਾ, ‘ਮੈਂ ਤਾਂ ਰੋਟੀ ਖੁਆ ਕੇ ਤੋਰਨਾ।’ ਮੈਥੋਂ ਪਹਿਲਾਂ ਹੀ ਭੱਈਏ ਕਹਿ ਦਿੰਦੇ, ‘ਸਰਦਾਰ, ਰੋਟੀ ਖਾ ਕੇ ਹੀ ਜਾਵਾਂਗੇ।’ ਫਿਰ ਤਾਈ ਸ਼ੱਕਰ-ਘਿਉ ਨਾਲ ਰੋਟੀ ਖੁਆਉਂਦੀ, ਅਨੰਦ ਆ ਜਾਂਦਾ।
ਸਕੂਲ ਪੜ੍ਹਦਿਆਂ ਮੇਰੇ ਨਾਲ ਮੇਰੇ ਜਮਾਤੀ ਸਾਡੇ ਖੇਤ ਜਾਂਦੇ, ਗੰਨੇ ਚੂਪਦੇ, ਮੂਲੀਆਂ ਸ਼ਲਗਮ ਖਾਂਦੇ। ਉਨ੍ਹਾਂ ਨੂੰ ਖੇਤੀਂ ਜਾ ਕੇ ਚਾਅ ਚੜ੍ਹ ਜਾਂਦਾ। ਘੁਮਿਆਰਾਂ ਦਾ ਬੱਬੂ ਤਾਂ ਵੱਟਾਂ ਉਤੇ ਹੀ ਘੁੰਮੀ ਜਾਂਦਾ ਤੇ ਛੀਬਿਆਂ ਦਾ ਗੋਲਡੀ ਕਮਾਦ ਵਿਚ ਵੜ ਕੇ ਦੂਜੇ ਪਾਸਿਉਂ ਨਿਕਲ ਜਾਂਦਾ। ਮਹਾਜਨਾਂ ਦਾ ਪਵਨ ਹਰ ਚੀਜ਼ ਬਾਰੇ ਪੁੱਛੀ ਜਾਂਦਾ, ‘ਆਹ ਕੀ ਐ? ਅਹੁ ਕੀ ਐ?’ ਮੈਂ ਫੌਜ ਦੇ ਕਮਾਂਡਰ ਵਾਂਗ ਸਾਰਿਆਂ ਨੂੰ ਸਾਰੀਆਂ ਚੀਜ਼ਾਂ-ਵਸਤਾਂ ਤੋਂ ਜਾਣੂੰ ਕਰਾਉਂਦਾ। ਇਕ ਵਾਰ ਮੈਂ ਕਿਹਾ, ‘ਭੁੱਖਿਉ! ਸਾਡੇ ਖੇਤ ਆ ਜਾਂਦੇ ਓ ਖਾਣ ਨੂੰ, ਕਦੇ ਮੈਨੂੰ ਆਪਣੇ ਖੇਤ ਵੀ ਲਿਜਾਉ।’ ਬੱਬੂ ਕਹਿੰਦਾ, ‘ਸਾਲਿਆ! ਤੈਨੂੰ ਨ੍ਹੀਂ ਪਤਾ, ਖੇਤ ਤਾਂ ਜੱਟਾਂ ਕੋਲੇ ਹੁੰਦੇ ਆ। ਸੂਰਤੇ ਮਾਸਟਰ ਨੇ ਕਿਹਾ ਸੀ ਕਿ ਹੋਰ ਲੋਕ ਜ਼ਮੀਨ ਭਲਾ ਖਰੀਦ ਲੈਣ ਪਰ ਜੱਟ ਨਹੀਂ ਬਣ ਸਕਦੇ।’ ਉਦੋਂ ਤਾਂ ਅਸੀਂ ਨਿਆਣੇ ਸਾਂ, ਇਹ ਰਮਜ਼ਾਂ ਨਹੀਂ ਸਾਂ ਸਮਝਦੇ; ਪਰ ਅੱਜ ਇਹ ਗੱਲ ਬੜੀ ਰੜਕਦੀ ਹੈ ਕਿ ਰੱਬ ਨੇ ਤਾਏ ਨੂੰ ਕਿਉਂ ਨਹੀਂ ਮਾਸਟਰ ਬਣਾਇਆ, ਤੇ ਮਾਸਟਰ ਸੂਰਤ ਸਿੰਘ ਨੂੰ ਸਾਂਝੀ ਕਿਉਂ ਨਹੀਂ ਲਾਇਆ? ਤਾਏ ਨੇ ਸਦਾ ਇਨਸਾਨੀਅਤ ਨੂੰ ਪਿਆਰ ਕਰਨਾ ਸਿਖਾਇਆ, ਤੇ ਮਾਸਟਰ ਨੇ ਹਮੇਸ਼ਾ ਇਨਸਾਨ ਨੂੰ ਜਾਤ-ਪਾਤ ਵਿਚ ਵੰਡਣ ‘ਤੇ ਜ਼ੋਰ ਦੇਈ ਰੱਖਿਆ।
ਤਾਏ ਦਾ ਪੁੱਤ ਫੌਜ ਵਿਚੋਂ ਬੜਾ ਕੁਝ ਸਿੱਖ ਆਇਆ ਸੀ। ਉਹਨੇ ਤਾਏ ਦਾ ਪੁਰਾਣਾ ਘਰ ਢਾਹ ਕੇ ਨਵੇਂ ਕਮਰੇ ਬਣਾ ਲਏ। ਮਾਂ ਨੂੰ ਆਖ ਕੇ ਦੋਵੇਂ ਮੱਝਾਂ ਅਤੇ ਗਾਂ ਨੂੰ ਵੇਚਣ ‘ਤੇ ਲਾ ਦਿੱਤਾ। ਤਾਇਆ ਬਹੁਤ ਰੋਇਆ, ‘ਪੁੱਤਰਾ! ਜੇ ਤੈਨੂੰ ਪਰਮਾਤਮਾ ਨੇ ਰਿਜ਼ਕ ਦਿੱਤਾ ਹੈ ਤਾਂ ਸਾਡੇ ਕੋਲੋਂ ਰਿਜ਼ਕ ਦਾ ਸਾਧਨ ਨਾ ਖੋਹ! ਇਸ ਨਾਲ ਤਾਂ ਸਾਡਾ ਜੱਟ ਜ਼ਿਮੀਦਾਰਾਂ ਨਾਲ ਮੋਹ-ਪਿਆਰ ਬਣਿਆ ਹੋਇਐ।’ ਪੁੱਤ ਕਹਿੰਦਾ, ‘ਜੱਟਾਂ ਨੇ ਤੈਨੂੰ ਦਿੱਤਾ ਕੀ ਐ?’ ਤਾਇਆ ਕਹਿੰਦਾ, ‘ਜੋ ਤੂੰ ਹੈਂ, ਇਨ੍ਹਾਂ ਦੀ ਹੀ ਬਦੌਲਤ ਹੈਂ। ਮੇਰੇ ਪਿਆਰ ਸਦਕਾ ਹੀ ਤੂੰ ਆਹ ਵਰਦੀ ਪਾਈ ਐ; ਨਹੀਂ ਤਾਂ ਤੂੰ ਵੀ ਖੇਤਾਂ ਵਿਚ ਰੁਲਣਾ ਸੀ।’ ਫਿਰ ਦੋਵੇਂ ਜਣੇ ਜ਼ਿਦ ਕਰਦੇ ਗਏ। ਅਖੀਰ ਤਾਏ ਨੇ ਹਥਿਆਰ ਸੁੱਟ ਦਿੱਤੇ। ਮੱਝਾਂ ਵੇਚ ਦਿੱਤੀਆਂ ਤੇ ਵਿਹੜਾ ਖਾਲੀ ਹੋ ਗਿਆ। ਤਾਈ ਦਾ ਸਾਡੇ ਘਰਾਂ ਵੱਲ ਗੇੜਾ ਘਟਦਾ ਗਿਆ, ਪਰ ਤਾਇਆ ਰੋਜ਼ ਵਾਂਗ ਆ ਜਾਂਦਾ। ਗਿੱਲੇ ਗੋਹੇ ਵਾਂਗ ਧੁਖਦਾ ਰਹਿੰਦਾ। ਪੁੱਤ ਦੀ ਜਾਗ੍ਰਿਤੀ ‘ਤੇ ਝੂਰਦਾ ਰਹਿੰਦਾ। ਉਸ ਦਾ ਖੇਤਾਂ ਨਾਲ ਪਿਆਰ ਵੀ ਆਪਣੇ ਪਰਿਵਾਰ ਵਾਂਗ ਸੀ। ਜੇ ਮੈਂ ਕਿਤੇ ਜਾਣਾ-ਆਉਣਾ ਤਾਂ ਤਾਏ ਨੂੰ ਜ਼ਰੂਰ ਨਾਲ ਲਿਜਾਣਾ। ਤਾਏ ਨੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਲੈਣੀਆਂ ਤੇ ਸਾਡਾ ਸਫਰ ਮੁੱਕ ਜਾਣਾ। ਤਾਏ ਨੇ ਸਾਰੀ ਉਮਰ ਮੀਟ ਆਂਡਾ ਸ਼ਰਾਬ ਮੂੰਹ ‘ਤੇ ਨਹੀਂ ਰੱਖਿਆ ਪਰ ਮਾਸਟਰ ਸੂਰਤ ਸਿੰਘ ਪੀ ਕੇ ਸੁਰਤ ਗੁਆ ਲੈਂਦਾ। ਤਾਏ ਨੇ ਜੇ ਆਪਣੀਆਂ ਧੀਆਂ ਕੋਲ ਮਿਲਣ ਜਾਣਾ ਤਾਂ ਪਹਿਲਾਂ ਸਵੇਰਿਉਂ ਹੀ ਸਾਡੇ ਘਰ ਆ ਜਾਣਾ ਤੇ ਮੇਰੀ ਘਰਵਾਲੀ ਨੂੰ ਕਹਿਣਾ, ‘ਕੁੜੇ! ਸਾਨੂੰ ਦੋ-ਦੋ ਰੋਟੀਆਂ ਲਾਹ ਦੇ, ਅਸੀਂ ਬੀਤੋ ਕੋਲ ਜਾਣਾ।’ ਮੈਂ ਜਾਣ ਕੇ ਕਹਿਣਾ, ‘ਤਾਇਆ! ਦੋ-ਚਾਰ ਦਿਨ ਠਹਿਰ ਜਾ, ਕਣਕ ਨੂੰ ਪਾਣੀ ਲਾ ਕੇ ਜਾਵਾਂਗੇ।’ ਤਾਏ ਨੇ ਕਹਿਣਾ, ‘ਆਪਾਂ ਉਥੇ ਕਿਤੇ ਵਰ੍ਹੇ ਲਾਉਣੇ ਆæææ ਬੱਸ ਗਏ ਤੇ ਆਏ।’ ਤਾਏ ਨੇ ਸਕੂਟਰ ਦੇ ਪਿੱਛੇ ਬੈਠ ਕੇ ਮੇਰੇ ਦੋਵੇਂ ਮੋਢੇ ਹੱਥਾਂ ਨਾਲ ਘੁੱਟ ਲੈਣੇ। ਰਾਏਕੋਟ ਤਾਏ ਨੇ ਬੇਸਣ ਦੀ ਬਰਫੀ ਲੈ ਕੇ ਪਰਨੇ ਵਿਚ ਬੰਨ੍ਹ ਮੋਢੇ ‘ਤੇ ਲਮਕਾ ਲੈਣੀ। ਜਦੋਂ ਸਕੂਟਰ ਬੀਤੋ ਭੈਣ ਦੇ ਘਰ ਮੂਹਰੇ ਰੁਕਣਾ ਤਾਂ ਉਹਨੂੰ ਚਾਅ ਚੜ੍ਹ ਜਾਣਾ। ‘ਨੀ ਮੇਰਾ ਸੋਹਣਾ ਵੀਰਾ ਆਇਐ। ਨੀ ਮੇਰਾ ਬਾਬਲ ਆਇਆ।’ ਉਹਨੂੰ ਸਮਝ ਨਾ ਆਉਣੀ ਕਿ ਮੈਨੂੰ ਕਿਥੇ ਬਿਠਾਵੇ! ਉਹ ਚਾਈਂ-ਚਾਈਂ ਚਾਹ ਬਣਾਉਂਦੀ। ਕਾਹਲ ਤੇ ਚਾਅ ਵਿਚ ਸੀਖ ਵੀ ਨਾ ਮੱਚਦੀ। ਤਾਇਆ ਬੀਤੋ ਦੇ ਪਸ਼ੂਆਂ ਵੱਲ ਗੇੜੀ ਕੱਢਦਾ। ਆਪਣੀਆਂ ਸਲਾਹਾਂ ਦਿੰਦਾ। ਅਸੀਂ ਚਾਹ ਪੀਂਦੇ ਤੇ ਵਾਪਸ ਮੁੜਦੇ। ਬੀਤੋ ਤੁਰਨ ਲੱਗਿਆਂ ਨੂੰ ਆਖਦੀ, ‘ਵੀਰੇ, ਅਗਲੀ ਵਾਰੀ ਭਾਬੀ ਨੂੰ ਵੀ ਲੈ ਕੇ ਆਈਂ।’ ਮੈਂ ‘ਹਾਂ’ ਕਹਿੰਦਾ ਤੇ ਬੀਤੋ ਪੰਜਾਂ ਦਾ ਨੋਟ ਧੱਕੇ ਨਾਲ ਮੇਰੀ ਜੇਬ ਵਿਚ ਪਾ ਦਿੰਦੀ। ਬੀਤੋ ਦਾ ਪਿਆਰ ਮੇਰੀਆਂ ਅੱਖਾਂ ਰਾਹੀਂ ਵਗਦਾ। ਫਿਰ ਇਵੇਂ ਹੀ ਅਸੀਂ ਦੂਜੀਆਂ ਕੁੜੀਆਂ ਕੋਲ ਜਾ ਆਉਂਦੇ। ਤਾਇਆ ਮੇਰੇ ਨਾਲ ਸਾਰੀ ਕਣਕ ਨੂੰ ਪਾਣੀ ਲੁਆਉਂਦਾ। ਪਿਆਰ ਨਾਲ ਸਮਾਂ ਲੰਘਦਾ ਗਿਆ। ਪਹਿਲਾਂ ਤਾਈ ਤੁਰ ਗਈ ਤੇ ਫਿਰ ਤਾਇਆ। ਬੀਤੋ ਭੈਣ ਹੋਣੀ ਅੱਜ ਵੀ ਘਰ ਆਉਂਦੀਆਂ; ਪਰ ਤਾਏ ਦਾ ਫੌਜੀ ਪੁੱਤ ਤੇ ਨੂੰਹ ਸਾਡੇ ਘਰਾਂ ਵੱਲ ਮੂੰਹ ਨਹੀਂ ਕਰਦੇ। ਮੈਂ ਸੋਚਦਾਂ ਕਿ ਤਾਇਆ ਸਾਨੂੰ ਤਾਂ ਬਹੁਤ ਸਿੱਖਿਆ ਦੇ ਗਿਆ ਪਰ ਤਾਏ ਦਾ ਪੁੱਤ, ਮਾਸਟਰ ਸੂਰਤ ਸਿੰਘ ਦੇ ਬੋਲਾਂ ਨੂੰ ਦਿਲ ‘ਤੇ ਲਾ ਗਿਆ। ਤਾਏ ਵਰਗੇ ਸਤਿਯੁਗੀ ਬੰਦੇ ਦੀ ਘਾਟ ਕਿਸੇ ਵੀ ਕੀਮਤ ਨਾਲ ਪੂਰੀ ਨਹੀਂ ਹੋ ਸਕਦੀ!

Be the first to comment

Leave a Reply

Your email address will not be published.