ਪੰਜਾਬ ਦੀ ਨਿਆਰੀ ਗਾਇਕਾ ਮੀਨੂ ਪੁਰਸ਼ੋਤਮ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਮੀਨੂ ਪੁਰਸ਼ੋਤਮ ਨੇ ਪੇਸ਼ੇਵਰ ਗਾਇਕੀ ਤੋਂ ਚੰਦ ਕੁ ਸਾਲ ਪਹਿਲਾਂ ਹੀ ਕਿਨਾਰਾਕਸ਼ੀ ਕੀਤੀ ਹੈ। ਫ਼ਿਲਮ ਸੰਗੀਤ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਕਈ ਸਾਲਾਂ ਤਕ ਮਹਿਫਿਲਾਂ, ਸੰਗੀਤ ਸ਼ੋਆਂ ਅਤੇ ਜਗਰਾਤਿਆਂ ਦੀ ਸ਼ਾਨ ਬਣਦੀ ਰਹੀ। ਉਸ ਵੱਲੋਂ ਗਾਈਆਂ ਗ਼ਜ਼ਲਾਂ, ਭਜਨ ਜਾਂ ਮਾਤਾ ਦੀਆਂ ਭੇਟਾਂ ਦੀਆਂ ਸੀæਡੀ’ਜ਼ ਤਾਂ ਹੁਣ ਵੀ ਮਾਰਕੀਟ ਵਿਚੋਂ ਮਿਲ ਜਾਂਦੀਆਂ ਹਨ ਪਰ ਉਸ ਦੇ ਫ਼ਿਲਮੀ ਗੀਤਾਂ ਦੀਆਂ ਸੀæਡੀ’ਜ਼ ਜਾਂ ਰਿਕਾਰਡ ਲੱਭਣੇ ਮੁਸ਼ਕਿਲ ਹਨ। ਇਸ ਦੀ ਇਕ ਵਜ੍ਹਾ ਹੈ: ਉਸ ਨੇ ਜਿਹੜੇ ਸੋਲੋ ਗੀਤ ਗਾਏ, ਉਹ ਬਹੁਤੇ ਮਕਬੂਲ ਨਹੀਂ ਹੋਏ। ਜਿਹੜੇ ਗੀਤ ਮਕਬੂਲ ਹੋਏ, ਉਹ ਦੋਗਾਣੇ ਸਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੋਗਾਣਿਆਂ ‘ਤੇ ਉਸ ਦੀ ਆਵਾਜ਼ ਦੀ ਨਿਵੇਕਲੀ ਛਾਪ ਮੌਜੂਦ ਸੀ ਅਤੇ ਇਸੇ ਲਈ ਗਾਇਕਾ ਦੇ ਰੂਪ ਵਿਚ ਉਸ ਦੀ ਵੱਖਰੀ ਪਛਾਣ ਸਥਾਪਤ ਹੋਈ। ਫ਼ਿਲਮ ‘ਤਾਜ ਮਹੱਲ’ ਦਾ ਗੀਤ ‘ਨਾ ਨਾ ਨਾ ਰੇ ਨਾ ਨਾ, ਹਾਥ ਨਾ ਲਗਾਨਾ’ (ਸਾਹਿਰ ਲੁਧਿਆਣਵੀ, ਰੌਸ਼ਨ), ‘ਹਜ਼ੂਰੇ ਵਾਲਾ, ਜੋ ਹੋਗੀ ਇਜਾਜ਼ਤ’ (ਯੇਹ ਰਾਤ ਫਿਰ ਨਾ ਆਏਗੀ; ਅਜ਼ੀਜ਼ ਕਸ਼ਮੀਰੀ, ਓæਪੀæ ਨਈਅਰ) ਅਤੇ ‘ਨੀ ਮੈਂ ਯਾਰ ਮਨਾਉਣਾ ਨੀ, ਚਾਹੇ ਲੋਗ ਬੋਲੀਆਂ ਬੋਲੇ’ (ਦਾਗ਼; ਸਾਹਿਰ ਲੁਧਿਆਣਵੀ, ਲਕਸ਼ਮੀਕਾਂਤ ਪਿਆਰੇਲਾਲ), ਉਹ ਦੋਗਾਣੇ ਹਨ ਜੋ ਉਸ ਨੇ ਸੁਮਨ ਕਲਿਆਣਪੁਰ, ਆਸ਼ਾ ਭੌਸਲੇ ਜਾਂ ਲਤਾ ਮੰਗੇਸ਼ਕਰ ਨਾਲ ਮਿਲ ਕੇ ਗਾਏ, ਪਰ ਇਨ੍ਹਾਂ ਨੂੰ ਮੀਨੂ ਪੁਰਸ਼ੋਤਮ ਦੀ ਪਛਾਣ ਵੀ ਮੰਨਿਆ ਜਾਂਦਾ ਹੈ।
ਦਰਅਸਲ ਫ਼ਿਲਮ ਗਾਇਕੀ ਦੇ ਖੇਤਰ ਵਿਚ ਮੀਨੂ ਪੁਰਸ਼ੋਤਮ ਦੀ ਆਮਦ ਗ਼ਲਤ ਸਮੇਂ ‘ਤੇ ਹੋਈ। ਉਹ 1960ਵਿਆਂ ਦੇ ਦਹਾਕੇ ਵਿਚ ਗਾਇਕੀ ਦੇ ਅੰਬਰ ‘ਤੇ ਉਭਰਨੀ ਸ਼ੁਰੂ ਹੋਈ। ਉਹ ਸਮਾਂ ਮੰਗੇਸ਼ਕਰ ਭੈਣਾਂ ਦਾ ਯੁੱਗ ਸੀ। ਜੋ ਕੁਝ ਉਨ੍ਹਾਂ ਦੀ ਝੋਲੀ ਵਿਚ ਨਹੀਂ ਸੀ ਸਮਾ ਸਕਦਾ, ਉਹ ਗੀਤਾ ਦੱਤ ਜਾਂ ਸੁਮਨ ਕਲਿਆਣਪੁਰ ਤਕ ਪਹੁੰਚ ਜਾਂਦਾ ਸੀ। ਬਾਕੀ ਜੋ ਬਚਦਾ ਸੀ, ਉਹ ਬੁਰਕੀਆਂ ਦੇ ਰੂਪ ਵਿਚ ਹੀ ਹੁੰਦਾ ਸੀ। ਲਿਹਾਜ਼ਾ, ਮੀਨੂ ਪੁਰਸ਼ੋਤਮ ਤੇ ਉਸ ਦੀਆਂ ਹਮਜੋਲੀਆਂ- ਕ੍ਰਿਸ਼ਨਾ ਕੱਲੇ, ਕਮਲ ਬਾਰੋਟ, ਲਕਸ਼ਮੀ ਸ਼ੰਕਰ ਆਦਿ ਨੂੰ ਇਨ੍ਹਾਂ ਬੁਰਕੀਆਂ ਨਾਲ ਹੀ ਗੁਜ਼ਾਰਾ ਚਲਾਉਣਾ ਪਿਆ।
ਮੀਨੂ ਦੀ ਆਵਾਜ਼ ਫ਼ਿਲਮ ਗਾਇਕੀ ਲਈ ਢੁਕਵੀਂ ਸੀ ਪਰ ਇਹ ਲਤਾ, ਆਸ਼ਾ, ਗੀਤਾ ਜਾਂ ਸੁਮਨ ਦੀ ਆਵਾਜ਼ ਵਾਂਗ ਸਧੀ ਹੋਈ ਨਹੀਂ ਸੀ। ਇਸ ਵਿਚ ਕੁਝ ਬੇਪੁਖ਼ਤਗੀ ਸੀ। ਇਹ ਬੇਪੁਖ਼ਤਗੀ ਜਾਂ ਕੱਚਾਪਣ ਸੰਗੀਤ ਦੀ ਪੇਸ਼ੇਵਾਰਾਨਾ ਸਿਖਲਾਈ ਜਾਂ ਰਿਆਜ਼ ਦੀ ਘਾਟ ਕਾਰਨ ਨਹੀਂ ਸੀ ਬਲਕਿ ਇਹ ਆਤਮ-ਵਿਸ਼ਵਾਸ ਦੀ ਘਾਟ ਦਾ ਨਤੀਜਾ ਸੀ। ਉਸ ਨੂੰ 1970ਵਿਆਂ ਦੇ ਅੰਤ ਤਕ ਇੱਕ ਵੀ ਅਜਿਹਾ ਸੋਲੋ ਨਹੀਂ ਮਿਲਿਆ ਜਿਹੜਾ ਉਸ ਦੇ ਗਲੇ ਅੰਦਰਲੇ ਸੋਜ਼ ਨਾਲ ਨਿਆਂ ਕਰ ਸਕਦਾ ਹੋਵੇ। ਇਹ ਨਹੀਂ ਕਿ ਉਸ ਨੂੰ ਸੋਲੋ ਗੀਤ ਮਿਲੇ ਨਹੀਂ; ਮਿਲੇ ਜ਼ਰੂਰ ਅਤੇ ਉਹ ਵੀ ਰਵੀ, ਐਸ਼ ਮਹਿੰਦਰ, ਹੰਸਰਾਜ ਬਹਿਲ ਅਤੇ ਬੱਪੀ ਲਹਿਰੀ ਵਰਗੇ ਸੰਗੀਤਕਾਰਾਂ ਦੇ ਸੰਗੀਤ ਵਿਚ ਢਲੇ ਹੋਏ, ਪਰ ਇਨ੍ਹਾਂ ਸਾਰੇ ਗੀਤਾਂ ਵਿਚ ਮਕਬੂਲ ਹੋਣ ਵਾਲੀ ਛੋਹ, ਭਾਵ ਪਾਪੂਲਰ ਫੀਲ ਨਹੀਂ ਸੀ। ਇਹੀ ਤੱਥ ਮੀਨੂ ਨੂੰ ਮਕਬੂਲ ਗਾਇਕਾ ਦਾ ਦਰਜਾ ਨਾ ਦਿਵਾ ਸਕਿਆ।
ਸੰਗੀਤਕਾਰ ਜੈਦੇਵ ਹਟਵੀਂ ਕਿਸਮ ਦਾ ਸੰਗੀਤ ਦੇਣ ਵਾਲੇ ਸਨ। ਉਹ ਗੀਤ ਦੀ ਰੂਹ ਤਕ ਉਤਰਨਾ ਤਾਂ ਪਸੰਦ ਕਰਦੇ ਸਨ ਪਰ ਮਕਬੂਲੀਅਤ ਦੀ ਖਾਤਰ ਸੰਗੀਤਕ ਸ਼ੁੱਧਤਾ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ ਹੁੰਦੇ। 1974 ਵਿਚ ਲੇਖਕ ਵੇਦ ਰਾਹੀ ਦੀ ਫ਼ਿਲਮਸਾਜ਼ ਵਜੋਂ ਪਹਿਲੀ ਫ਼ਿਲਮ ‘ਪ੍ਰੇਮ ਪਰਬਤ’ ਵਿਚ ਜੈਦੇਵ ਨੇ ਜਾਨ ਨਿਸਾਰ ਅਖ਼ਤਰ ਦੇ ਖੂਬਸੂਰਤ ਗੀਤ ‘ਰਾਤ ਪੀਆ ਕੇ ਸੰਗ ਜਾਗੀ ਰੇ ਸਖੀ, ਚੈਨ ਪੜਾ ਜੋ ਅੰਗ ਲਾਗੀ ਰੇ ਸਖੀ’ ਰਾਹੀਂ ਮੀਨੂ ਪੁਰਸ਼ੋਤਮ ਨੂੰ ਲੋਕਪ੍ਰਿਅਤਾ ਗ੍ਰਹਿਣ ਕਰਨ ਲਈ ਮੰਚ ਮੁਹੱਈਆ ਕੀਤਾ, ਪਰ ਇਹ ਗੀਤ ਇਸੇ ਫ਼ਿਲਮ ਦੇ ਦੋ ਹੋਰ ਗੀਤਾਂ ‘ਯੇਹ ਦਿਲ ਔਰ ਉਨਕੀ ਨਿਗਾਹੋਂ ਕੇ ਸਾਏ’ ਅਤੇ ‘ਯੇਹ ਨੀਰ ਕਹਾਂ ਸੇ ਬਰਸੇ, ਦੇਖੋ ਬਦਰੀ ਕਹਾਂ ਸੇ ਆਈ’ ਦੀ ਰਸੀਲੀ ਪਾਪੂਲਰ ਫੀਲ ਅੱਗੇ ਫਲੈਟ ਹੋ ਗਿਆ। ਜੈਦੇਵ ਪਹਿਲਾਂ ਮੀਨੂ ਨੂੰ ਖਵਾਜਾ ਅਹਿਮਦ ਅੱਬਾਸ ਦੀ ਫ਼ਿਲਮ ‘ਦੋ ਬੂੰਦ ਪਾਨੀ’ ਦੇ ਖਿਆਲਨੁਮਾ ਗੀਤ ‘ਪੀਤਲ ਕੀ ਮੇਰੀ ਗਾਗਰੀ’ (ਕੈਫੀ ਆਜ਼ਮੀ) ਵਿਚ ਸ਼ਾਸਤਰੀ ਗਾਇਕਾ ਪਰਵੀਨ ਸੁਲਤਾਨਾ ਨਾਲ ਅਜ਼ਮਾ ਚੁੱਕੇ ਸਨ। ਉਹ ਮੀਨੂ ਪੁਰਸ਼ੋਤਮ ਦੇ ਗਲੇ ਦੇ ਰੇਂਜ ਤੇ ਪਕੜ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਉਨ੍ਹਾਂ ਨੇ ਮੀਨੂ ਨੂੰ ‘ਪ੍ਰੇਮ ਪਰਬਤ’ ਦਾ ‘ਯੇਹ ਨੀਰ ਕਹਾਂ ਸੇ ਬਰਸੇ’ ਗੀਤ ਗਾਉਣ ਲਈ ਚੁਣਿਆ ਸੀ, ਪਰ ਗੀਤ ਦੀ ਰਚੇਤਾ ਪਦਮਾ ਸਚਦੇਵ (ਜੋ ਭਾਰਤੀ ਸ਼ਾਸਤਰੀ ਸੰਗੀਤ ਦੀ ਮਸ਼ਹੂਰ ਸਿੰਘ ਬੰਧੂ ਜੋੜੀ ਦੇ ਬੰਧੂ ਸੁਰਿੰਦਰ ਸਿੰਘ ਦੀ ਪਤਨੀ ਹੈ) ਆਪਣਾ ਪਲੇਠਾ ਫ਼ਿਲਮੀ ਗੀਤ ਲਤਾ ਮੰਗੇਸ਼ਕਰ ਤੋਂ ਹੀ ਗਵਾਉਣ ਦੀ ਚਾਹਤ ਰੱਖਦੀ ਸੀ। ਜੈਦੇਵ ਨੇ ਇਸ ਚਾਹਤ ਦੀ ਕਦਰ ਪਾਈ, ਪਰ ਮੀਨੂ ਲਈ ਇਹ ਫੈਸਲਾ ਤਕਦੀਰ ਦਾ ਪੁੱਠਾ ਗੇੜ ਸਾਬਤ ਹੋਇਆ।
20 ਨਵੰਬਰ 1944 ਵਿਚ ਪਟਿਆਲਾ ਦੇ ਜ਼ਿਮੀਂਦਾਰ ਪਰਿਵਾਰ ਵਿਚ ਜਨਮੀ ਮੀਨੂ ਪੁਰਸ਼ੋਤਮ ਨੂੰ ਸੰਗੀਤ ਦਾ ਸ਼ੌਕ ਬਚਪਨ ਵਿਚ ਹੀ ਲੱਗ ਗਿਆ। ਉਸ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਲੈਣ ਲਈ ਬੰਬਈ ਜਾ ਰਹਿਣਾ ਚੁਣਿਆ ਜਿੱਥੇ ਉਸ ਨੇ ਉਸ ਜ਼ਮਾਨੇ ਦੇ ਪ੍ਰਸਿੱਧ ਸ਼ਾਸਤਰੀ ਗਾਇਕ ਤੇ ਗੁਰੂ ਪੰਡਤ ਲਕਸ਼ਮਣ ਪ੍ਰਸਾਦ ਜੈਪੁਰਵਾਲੇ ਤੋਂ ਤਾਲੀਮ ਹਾਸਲ ਕੀਤੀ ਅਤੇ ਨਾਲ ਹੀ ਵਿਸ਼ਾਰਦ ਦੀ ਡਿਗਰੀ ਪ੍ਰਾਪਤ ਕੀਤੀ। ਉਹ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਕਰਦੀ ਸੀ। ਅਜਿਹੇ ਹੀ ਇੱਕ ਪ੍ਰੋਗਰਾਮ ਵਿੱਚ ਉਸ ਦੀ ਆਵਾਜ਼ ਅੰਦਰਲੀ ਲੈਅ ਤੋਂ ਪ੍ਰਭਾਵਿਤ ਹੋ ਕੇ ਸੰਗੀਤਕਾਰ ਰਵੀ ਨੇ ਉਸ ਨੂੰ ਫ਼ਿਲਮ ‘ਚਾਈਨਾ ਟਾਊਨ’ (1962) ਵਿਚ ਗਾਇਕਾ ਵਜੋਂ ਬ੍ਰੇਕ ਦਿੱਤਾ। ਮੀਨੂ ਨੇ ਇਸ ਫ਼ਿਲਮ ਲਈ ਮੁਹੰਮਦ ਰਫ਼ੀ ਦੇ ਨਾਲ ਡੁਏਟ ‘ਦੇਖੋ ਜੀ ਏਕ ਬਾਲਾ ਜੋਗੀ ਮਤਵਾਲਾ’ (ਮਜਰੂਹ ਸੁਲਤਾਨਪੁਰੀ) ਗਾਇਆ। ਇਸ ਤੋਂ ਅਗਲੇ ਸਾਲ (1963 ਵਿੱਚ) ਗੀਤਕਾਰ ਸਾਹਿਰ ਲੁਧਿਆਣਵੀ ਦੀ ‘ਸਿਫਾਰਸ਼’ ਉੱਤੇ ਸੰਗੀਤਕਾਰ ਰੌਸ਼ਨ ਨੇ ‘ਤਾਜ ਮਹੱਲ’ ਦੇ ਗੀਤ ‘ਨਾ ਨਾ ਨਾ ਰੇ ਨਾ ਨਾ’ ਵਿਚ ਸੁਮਨ ਕਲਿਆਣਪੁਰ ਤੇ ਮੀਨੂ ਦੀ ਸੰਗਤ ਕਰਵਾਈ। ਇਹ ਗੀਤ ਹੁਣ ਵੀ ਹਿੱਟ ਗੀਤ ਮੰਨਿਆ ਜਾਂਦਾ ਹੈ।
ਮੀਨੂ ਪੁਰਸ਼ੋਤਮ ਨੇ ਗਾਇਕਾ ਵਜੋਂ ਆਪਣੇ ਸਰਗਰਮ ਜੀਵਨ ਦੌਰਾਨ ਸਵਾ ਸੌ ਦੇ ਕਰੀਬ ਫ਼ਿਲਮੀ ਗੀਤ ਗਾਏ ਜਿਨ੍ਹਾਂ ਵਿਚੋਂ ਦੋ-ਤਿਹਾਈ ਡੁਏਟ ਸਨ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਬਹੁ-ਗਿਣਤੀ ਦੋਗਾਣੇ ਗਾਇਕਾਵਾਂ ਦੇ ਨਾਲ ਹਨ, ਗਾਇਕਾਂ ਦੇ ਨਾਲ ਨਹੀਂ। ਜਿੱਥੋਂ ਤਕ ਸੋਲੋ ਗੀਤ ਗਵਾਉਣ ਦਾ ਸਵਾਲ ਹੈ, ਸੰਗੀਤਕਾਰ ਰਵੀ ਨੇ ਫ਼ਿਲਮ ‘ਅਮਾਨਤ’ (1963) ਵਿਚ ਉਸ ਪਾਸੋਂ ‘ਹਰ ਏਕ ਦਿਲ ਮੇਂ ਕੋਈ ਅਮਾਨਤ ਹੈ’ ਅਤੇ ‘ਮਹਿਮਾਨ’ (1970) ਵਿਚ ‘ਖੁਲੇ ਗਗਨ ਕੇ ਨੀਚੇ ਪੰਛੀ ਝੂਮੇਂ’ ਗੀਤ ਗਵਾਏ ਪਰ ਇਹ ਹਿੱਟ ਨਹੀਂ ਹੋਏ। ਸੰਗੀਤਕਾਰ ਸੀæ ਅਰਜੁਨ ਨੇ ਮੀਨੂ ਨੂੰ ਫ਼ਿਲਮ ‘ਲਵ ਇਨ ਕਸ਼ਮੀਰ’ ਵਿਚ ਇਕ ਖੂਬਸੂਰਤ ਸੋਲੋ ‘ਆਈ ਫਿਰ ਏਕ ਸ਼ਾਮ, ਦਿਲਬਰ ਤੁਮਹਾਰੇ ਨਾਮ’ ਦਿੱਤਾ, ਪਰ ਫ਼ਿਲਮ ਦੇ ਪਿੱਟ ਜਾਣ ਕਾਰਨ ਇਹ ਗੀਤ ਵੀ ਪਿੱਟ ਗਿਆ।
ਮੀਨੂ ਦੇ ਕੁਝ ਹੋਰ ਸੋਲੋ ਗੀਤ ਹਨ: ‘ਹਾਲ ਪਰ ਯੇਹ ਗ਼ਮ ਕਿਆ ਹੈ’ (ਫਿਲਮ ਹਮ ਭੀ ਕੁਛ ਕਮ ਨਹੀਂ, ਸੰਗੀਤਕਾਰ ਹਰੀ ਅਰਜੁਨ), ‘ਜਾਨੇ ਨਾ ਦੂੰਗੀ’ (ਨਾਗਿਨ ਔਰ ਸਪੇਰਾ, ਹਰਬੰਸ ਲਾਲ), ‘ਭੋਲੇ ਭੋਲੇ ਜਵਾਬ ਨਹੀਂ ਤੇਰਾ’ (ਚਾਰ ਚਕਰਮ, ਸੁਰੇਸ਼ ਤਲਵਾੜ), ‘ਵਈ ਵਈ ਸਰਮਸਤਮ’ (ਦੁਨੀਆ ਹੈ ਦਿਲਵਾਲੋਂ ਕੀ, ਜਿਮੀ ਨਰੂਲਾ), ‘ਛੇੜੇਗਾ ਮੁਝ ਕੋ ਤੋਂ ਕਾਟੂੰਗੀ ਤੁਝ ਕੋ’ (ਰੰਗਾ ਖੁਸ਼, ਸੋਨਿਕ ਓਮੀ) ਅਤੇ ‘ਦਿਲ ਕੀਏ ਗੁੰਮ, ਆਂਖ ਬਚਾ ਕੇ’ (ਯੇਹ ਚੋਰ, ਯੇਹ ਲੁਟੇਰੇ; ਸ਼ੰਕਰ-ਗਣੇਸ਼)। ਸੰਗੀਤਕਾਰ ਜੋੜੀ ਲਕਸ਼ਮੀਕਾਂਤ ਪਿਆਰੇਲਾਲ ਨੇ ‘ਚੁਨੌਤੀ’ (1979) ਵਿਚ ਮੀਨੂ ਤੋਂ ਸੋਲੋ ‘ਹਰ ਸੁਬ੍ਹਾ ਤੇਰੀ ਮਹਿਫਿਲ ਮੇ’ ਗਵਾਇਆ। ਐਸ਼ ਮਹਿੰਦਰ ਨੇ ਪਹਿਲਾਂ ‘ਦਹੇਜ’ (1981) ਅਤੇ ਫਿਰ ‘ਸੰਦਲੀ’ (1986) ਵਿਚ ਮੀਨਾ ਪੁਰਸ਼ੋਤਮ ਤੋਂ ਸੋਲੋ ਗਵਾਏ।
ਮੀਨੂ ਨੇ ਆਪਣੀ ਮਾਂ-ਬੋਲੀ ਪੰਜਾਬੀ ਤੋਂ ਇਲਾਵਾ ਸਿੰਧੀ, ਮਰਾਠੀ, ਗੁਜਰਾਤੀ, ਭੋਜਪੁਰੀ ਤੇ ਬੰਗਲਾ ਵਿੱਚ ਵੀ ਗੀਤ ਗਾਏ। ਉਹ 1970ਵਿਆਂ ਵਿਚ ਸੰਗੀਤਕਾਰ ਹੰਸ ਰਾਜ ਬਹਿਲ ਦੀ ਸਹਾਇਕ ਵੀ ਰਹੀ। ਜਿਨ੍ਹਾਂ ਪੰਜਾਬੀ ਫ਼ਿਲਮਾਂ ਦੇ ਗੀਤ ਉਸ ਨੇ ਗਾਏ, ਉਨ੍ਹਾਂ ਵਿਚ ‘ਗੁਰੂ ਮਾਨਿਓ ਗ੍ਰੰਥ’, ‘ਭਗਤ ਧੰਨਾ ਜੱਟ’, ‘ਮੁਗ਼ਲਾਣੀ ਬੇਗ਼ਮ’ ਵਰਨਣਯੋਗ ਹਨ।

Be the first to comment

Leave a Reply

Your email address will not be published.