ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਮੈਂ ਸਰਬਜੀਤ ਛੀਨਾ ਨੂੰ ਆਪਣੇ ਖੱਬੇ-ਪੱਖੀ ਵਿਚਾਰਧਾਰਾ ਵਾਲੇ ਮਿੱਤਰਾਂ ਰਾਹੀਂ ਜਾਣਦਾ ਸਾਂ| ਜਲੰਧਰ ਨੇੜਲੇ ਗੜ੍ਹਾ ਨਿਵਾਸੀ ਨੇਤਾ ਹਰਦਿਆਲ ਤੇ ਨੌਨਿਹਾਲ ਚੱਠਾ ਰਾਹੀਂ| ਉਨ੍ਹਾਂ ਦੱਸਿਆ ਸੀ ਕਿ ਸਰਬਜੀਤ ਦੇ ਬਚਪਨ ਵਿਚ ਕਾਮਰੇਡ ਦਲੀਪ ਸਿੰਘ ਟਪਿਆਲਾ ਤੇ ਹਰਕਿਸ਼ਨ ਸਿੰਘ ਸੁਰਜੀਤ, ਸਰਬਜੀਤ ਦੇ ਪਿਤਾ ਕੋਲ ਅਕਸਰ ਜਾਂਦੇ ਹੁੰਦੇ ਸਨ|
ਇਹੀਓ ਕਾਰਨ ਹੈ ਕਿ ਉਸ ਦੀਆਂ ਅੰਗਰੇਜ਼ੀ ਤੇ ਪੰਜਾਬੀ ਰਚਨਾਵਾਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਕੰਵਰ ਦਲੀਪ ਸਿੰਘ ਤੇ ਰਾਮ ਮਨੋਹਰ ਲੋਹੀਆ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਹਨ|
ਇਸ ਤੋਂ ਬਿਨਾਂ ਜਲਿ੍ਹਆਂਵਾਲਾ ਬਾਗ, ਵਾਘਾ ਬਾਰਡਰ ਤੇ ਉਸਦੇ ਬਚਪਨ ਦੇ ਪਿੰਡ ਬਾਰੇ ਹੀ ਨਹੀਂ, ਗਾਇਕਾ ਸੁਰਿੰਦਰ ਕੌਰ ਤੇ ਦੂਰ-ਦੁਰਾਡੇ ਦੇਸ਼ਾਂ ਵਿਚ ਨਾਮਣਾ ਖੱਟਣ ਵਾਲੇ ਪੰਜਾਬੀ ਪਿਆਰਿਆਂ ਬਾਰੇ ਵੀ ਪੁਸਤਕਾਂ ਸ਼ਾਮਲ ਹਨ| ਚੇਤੇ ਰਹੇ ਕਿ ਇਹ ਸਾਰੀਆਂ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿਚ ਹਨ ਤੇ ਹਨ ਵੀ ਇਤਿਹਾਸਕ ਦੇ ਰਾਜਨੀਤਕ ਪਿਛੋਕੜ ਵਾਲੀਆਂ| ਉਂਝ ਉਸਦੇ ਪਾਠਕ ਤੇ ਵਿਦਿਆਰਥੀ ਭਲੀ-ਭਾਂਤ ਜਾਣਦੇ ਹਨ ਕਿ ਉਸਦੀ ਸਮੁੱਚੀ ਵਿਦਿਆ ਤੇ ਸਿਖਲਾਈ ਇਨ੍ਹਾਂ ਵਿਸ਼ਿਆਂ ਤੋਂ ਵੱਖਰੀ ਹੈ; ਐਗਰੀਕਲਚਰਲ ਇਕਨਾਮਿਕਸ ਵਾਲੀ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਕਾਂ ਦੀ ਲਿਸਟ ਵੀ ਪ੍ਰਭਾਵੀ ਹੈ| ਸਰਬਤ ਦਾ ਭਲਾ ਚੈਰੀਟੇਬਲ ਟਰੱਸਟ, ਪਟਿਆਲਾ, ਮਨਪ੍ਰੀਤ ਪਬਲਿਸ਼ਰਜ਼, ਯੂਨੀਸਟਾਰ ਬੁਕਸ ਤੇ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ਨਵਯੁਗ ਪਬਲਿਸ਼ਰਜ਼, ਦਿੱਲੀ, ਚੀਫ ਖਾਲਸਾ ਦੀਵਾਨ ਤੇ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ, ਨਵੀਂ ਦਿੱਲੀ| 13 ਪੁਸਤਕਾਂ ਅਮਰੀਕਾ ਦੇ ਅੰਤਰਰਾਸ਼ਟਰੀ ਪਬਲਿਸ਼ਰਜ਼ ਕਿੰਡਲ ਪ੍ਰਕਾਸ਼ਕ ਨੇ ਸਜਿਲਦ, ਪੇਪਰ ਬੈਕ ਤੇ ਈ-ਬੁੱਕ ਰਾਹੀਂ ਜਾਰੀ ਕਰਕੇ ਐਮੇਜ਼ੋਨ ਦੁਆਰਾ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਈਆਂ ਹਨ|
ਖੂLਬੀ ਇਹ ਕਿ ਇਨ੍ਹਾਂ ਰਚਨਾਵਾਂ ਦਾ ਆਧਾਰ ਸੁਤੰਤਰਤਾ ਸੰਗਰਾਮ ਤੇ ਦੇਸ਼ ਭਗਤੀ ਹੀ ਨਹੀਂ ਸੁਰਿੰਦਰ ਕੌਰ ਵਰਗੀਆਂ ਗਾਇਕਾਵਾਂ ਤੇ ਲੇਖਕਾਂ ਦੇ ਆਪਣੇ ਸਫਰ ਵੀ ਹਨ ਜਿਨ੍ਹਾਂ ਵਿਚੋਂ ਪਾਕਿਸਤਾਨ ਦਾ ਸਫਰਨਾਮਾ ਤੇ ਅੰਡੇਮਾਨ ਦਾ ਬਿਰਤਾਂਤ ਬੜੇ ਮਕਬੂਲ ਹੋਏ| ਰੂਹਾਨੀਅਤ ਦਾ ਗੁਣਗਾਇਨ ਕਰਨ ਵਾਲੀ ਪੁਸਤਕ ‘ਵਿੰਟੇਜ ਆਫ ਸਪਿਰਿਚੂਐਲਿਟੀ’ ਏਨੀ ਪਰਵਾਨ ਹੋਈ ਕਿ ਮੇਰੇ ਪਰਦੇਸਾਂ ਵਿਚ ਬੈਠੇ ਰਿਸ਼ਤੇਦਾਰ ਤੇ ਮਿੱਤਰ ਮੇਰੇ ਕੋਲੋਂ ਮੰਗਵਾਉਂਦੇ ਰਹਿੰਦੇ ਹਨ| ਇਹੀਓ ਰਚਨਾ ਹੈ ਜਿਸਨੇ ਮੈਨੂੰ ਹਥਲੀ ਟਿੱਪਣੀ ਲਈ ਪ੍ਰੇਰਿਆ ਹੈ|
ਓਧਰਲੇ ਪੰਜਾਬ ਦੇ ਸਰਗੋਧਾ ਖੇਤਰ ਤੋਂ ਉਜੜ ਕੇ ਆਏ ਪਰਿਵਾਰ ਦਾ ਜੰਮਪਲ ਸਾਡਾ ਇਹ ਲੇਖਕ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਿਆ ਤੇ ਓਥੇ ਹੀ ਐਗਰੀਕਲਚਰਲ ਇਕਨਾਮਿਕਸ ਪੜ੍ਹਾਉਂਦਾ ਡੀਨ ਦੀ ਪਦਵੀ ਤੱਕ ਪਹੁੰਚਿਆ|
ਸ਼ਾਇਦ ਹੀ ਕਿਸੇ ਲੇਖਕ ਦੀਆਂ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ 90 ਪੁਸਤਕਾਂ ਛਪੀਆਂ ਹੋਣ| ਖੂਬੀ ਇਹ ਕਿ ਇਨ੍ਹਾਂ ਵਿਚੋਂ 13 ਪੁਸਤਕਾਂ ਅਮਰੀਕਾ ਦੇ ਪ੍ਰਕਾਸ਼ਕਾਂ ਨੇ ਛਾਪ ਕੇ ਖ਼ੁਦ ਵੀ ਜੱਸ ਖਟਿਆ ਤੇ ਲੇਖਕ ਦਾ ਨਾਂ ਵੀ ਰੌਸ਼ਨ ਕੀਤਾ| ਜਿੱਥੋਂ ਤੱਕ ਕਾਲਮਨਵੀਸੀ ਦਾ ਸਬੰਧ ਹੈ ਉਸਦੇ ਕਾਲਮ 45 ਸਾਲਾਂ ਤੇ ਵੱਖ-ਵੱਖ ਪੱਤਰਾਂ ਵਿਚ ਛਪ ਰਹੇ ਹਨ ਤੇ ਪੜ੍ਹੇ ਜਾਂਦੇ ਹਨ|
ਡਾਕਟਰ ਛੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਲਈ ਤੇ ਏਸ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਵੀ ਰਿਹਾ| ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਹ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰੋਫੈਸਰ ਵੀ ਰਿਹਾ ਤੇ ਇਸ ਕਾਲਜ ਦੀ ਮੈਨੇਜਮੈਂਟ ਤੇ ਗਵਰਨਿੰਗ ਕੌਂਸਲ ਦਾ ਮੈਂਬਰ ਵੀ| ਇਹ ਮਾਣ ਵੀ ਕੇਵਲ ਛੀਨਾ ਨੂੰ ਹੀ ਪ੍ਰਾਪਤ ਹੈ ਜਿਹੜਾ ਚੀਫ ਖਾਲਸਾ ਦੀਵਾਨ ਜਿਹੀ ਸੁਪ੍ਰਸਿੱਧ ਸੰਸਥਾ ਦਾ ਆਨਰੇਰੀ ਸੈਕਟਰੀ (ਐਜੂਕੇਸ਼ਨ) ਦੀ ਪਦਵੀ ਤੱਕ ਪਹੁੰਚਿਆ|
ਡਾਕਟਰ ਛੀਨਾ ਦੀ ਉਤਮਤਾਈ ਉਸਦੀ ਲਿਖਣ ਸ਼ੈਲੀ ਨਾਲੋਂ ਤੱਥਾਂ ਦੀ ਪੇਸ਼ਕਾਰੀ ਸਦਕਾ ਹੈ ਜਿਹੜੀ ਉਸਨੂੰ ਪਲ ਭਰ ਵੀ ਵਿਹਲਾ ਨਹੀਂ ਬੈਠਣ ਦਿੰਦੀ|
ਅੰਤ ਵਿਚ ਮੈਂ ਇਹ ਵੀ ਦੱਸ ਦਿਆਂ ਕਿ ਉਹ ਉਮਰ ਵਿਚ ਮੇਰੇ ਨਾਲੋਂ ਦਸ ਵਰ੍ਹੇ ਛੋਟਾ ਹੈ| ਉਸਦੀ ਪਹੁੰਚ ਤੇ ਪ੍ਰਾਪਤੀਆਂ ਆਪਾਂ ਸਾਰੇ ਹੀ ਜਾਣਦੇ ਹਾਂ| ਸਰਬਜੀਤ ਛੀਨਾ ਜ਼ਿੰਦਾਬਾਦ!
ਸਾਡੇ ਰਸਮ ਰਿਵਾਜ ਤੇ ਸੜਕ ਹਾਦਸੇ
ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਤੇ ਮੀਡੀਆ ਵਿਚ ਹਾਦਸਿਆਂ ਦੀ ਭਰਮਾਰ ਹੈ| ਇਸਦਾ ਮੁੱਖ ਕਾਰਨ ਧਰਮ ਅਸਥਾਨਾਂ ਦੀ ਯਾਤਰਾ ਹੀ ਨਹੀਂ ਜਨਮ-ਮਰਨ ਤੇ ਵਿਆਹ ਸ਼ਾਦੀ ਦੀਆਂ ਰਸਮਾਂ ਵੀ ਹਨ| ਧਾਰਮਿਕ ਰਹੁ-ਰੀਤਾਂ ਮੰਨਣ ਵਾਲੇ ਮ੍ਰਿਤਕ ਨੂੰ ਮੁਕਤ ਹੋਇਆ ਕਹਿ ਕੇ ਆਪਣੇ ਮਨ ਨੂੰ ਸਮਝਾ ਲੈਂਦੇ ਹਨ ਪਰ ਹੋਰ ਵੀ ਅਨੇਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੇ ਜੀਵਤ ਰਹਿ ਗਏ ਸਬੰਧੀ ਹਰ ਪਾਸੇ ਤੋਂ ਬਰਬਾਦ ਹੋ ਜਾਂਦੇ ਹਨ| ਜੇ ਕਿਸੇ ਨੂੰ ਕਹੀਏ ਕਿ ਆਪਣੀਆਂ ਭਾਵਨਾਵਾਂ ਨੂੰ ਨੱਥ ਪਾਓ ਤਾਂ ਸੁਣਨ ਵਾਲੇ, ਕਹਿਣ ਵਾਲੇ ਨੂੰ ਮੱਤ ਮਾਰੀ ਜਾਣ ਦਾ ਦੋਸ਼ੀ ਕਰਾਰ ਦੇ ਦਿੰਦੇ ਹਨ| ਫੇਰ ਵੀ ਇਹ ਸਮੱਸਿਆ ਏਨੀ ਗੰਭੀਰ ਹੈ ਕਿ ਇਹਦੇ ਬਾਰੇ ਕਹਿਣਾ, ਸੁਣਨਾ ਤੇ ਲਿਖਣਾ ਬਣਦਾ ਹੈ| ਜੇ ਅੱਜ ਨਹੀਂ ਕਰਾਂਗੇ ਤਾਂ ਹੋਰ ਕਦ ਕਰਾਂਗੇ। ਜੀ ਸਦਕੇ ਸਫਰ ਕਰੋ, ਪਰ ਊਧਮ ਨਾ ਮਚਾਓ!
ਵਿਗਿਆਨੀਆਂ ਨੇ ਮੋਟਰ-ਗੱਡੀਆਂ ਦੀਆਂ ਸੁਵਿਧਾਵਾਂ ਸਾਡੇ ਵਾਸਤੇ ਏਸ ਲਈ ਈਜਾਦ ਕੀਤੀ ਹੈ ਕਿ ਅਸੀਂ ਜੀਵਨ ਦਾ ਮਜ਼ਾ ਲੈ ਸਕੀਏ| ਏਸ ਲਈ ਨਹੀਂ ਕਿ ਅਸੀਂ ਆਪਣੇ ਜੀਵਨ ਤੋਂ ਹੀ ਹੱਥ ਧੋ ਲਈਏ|
ਅੰਤਿਕਾ
ਅਗਿਆਤ ਕਵੀ॥
ਬੱਦਲ ਕਾਲੇ ਬੋਲੇ ਹੋ ਗਏ ਫੁੱਲਾਂ ਵਿਚ ਨਾ ਮਹਿਕਾਂ
ਇਉਂ ਲਗਦੈ ਜਿਉਂ ਬਦਲ ਗਏ ਨੇ ਧਰਤੀ ਤੇ ਅਸਮਾਨ।
