ਜੇ ਹਿੰਦੀ ਦਾ ਨਾਮੀ ਲੇਖਕ ‘ਮੈਂ ਨਹੀਂ ਮਰੂੰਗਾ’ ਕਵਿਤਾ ਨਾ ਲਿਖਦਾ ਤਾਂ ਪੰਜਾਬੀ ਪਾਠਕਾਂ ਨੂੰ ‘ਸਾਹਿਤ ਸੰਜੀਵਨੀ’ ਵਰਗੀ ਕਿਤਾਬ ਨਹੀਂ ਸੀ ਮਿਲਣੀ

ਸਰਬਜੀਤ ਧਾਲੀਵਾਲ
ਮੈਂ ਨਹੀਂ ਮਰੂੰਗਾ,
ਜ਼ਿੰਦਗੀ ਭੀ,
ਕਯਾ ਕਹੇਗੀ,
ਕਿਤਨਾ ਦਗੇਬਾਜ਼ ਥਾ।
ਮੈਂ ਇਸ ਕਵਿਤਾ ਤੇ ਇਸ ਦੇ ਰਚੇਤਾ ਨੂੰ ਬੇਸ਼ੁਮਾਰ ਵਾਰ ਸਿਜਦਾ ਕਰ ਚੁੱਕਾ ਹਾਂ। ਇਹ ਹਿੰਦੀ ਦੇ ਇਕ ਨਾਮੀ ਸਾਹਿਤਕਾਰ ਨੇ ਲਿਖੀ ਹੈ। ਜੇ ਇਹ ਕਵਿਤਾ ਨਾ ਹੁੰਦੀ ਤਾਂ ਪੰਜਾਬੀ ਨੂੰ ਇਸ਼ਕ ਕਰਨ ਵਾਲਿਆਂ ‘ਚੋਂ ਬਹੁਤਿਆਂ ਨੇ ਵਿਸ਼ਵ ਸਾਹਿਤ ਦੇ ਮਹਾਨਾਇਕਾਂ ਦੀਆਂ ਮਿਆਰੀ ਰਚਨਾਵਾਂ ਤੋਂ ਵਾਂਝੇ ਰਹਿ ਜਾਣਾ ਸੀ।

ਇਸ ਕਵਿਤਾ ਕਰਕੇ ਉਹ ਸ਼ਖ਼ਸੀਅਤ ਅੱਜ ਜਿੰLਦਾ ਹੈ ਜਿਸ ਨੇ ਚੜ੍ਹਦੀ ਜਵਾਨੀ ‘ਚ ਆਪਣੀ ਜੀਵਨ ਲੀਲਾ ਨੂੰ ਖਤਮ ਕਰਨ ਦਾ ਇਰਾਦਾ ਬਣਾ ਲਿਆ ਸੀ। ਦਸਵੀਂ ਤਕ ਉਹ ਫਸਟ ਆਉਂਦਾ ਰਿਹਾ, ਗਿਆਰ੍ਹਵੀਂ ‘ਚ ਉਸ ਨੇ ਘਰਦਿਆਂ ਦੇ ਕਹਿਣ ‘ਤੇ ਸਾਇੰਸ ਲੈ ਲਈ, ਜਿਸ ਵਿਚ ਉਸਦੀ ਉਕਾ ਹੀ ਦਿਲਚਸਪੀ ਨਹੀਂ ਸੀ। ਕਲਾਸ ਵਿਚ ਉਸਦੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ। ਨਤੀਜਾ ਇਹ ਹੋਇਆ ਕਿ ਉਹ ਗਿਆਰ੍ਹਵੀਂ ‘ਚੋਂ ਫੇਲ੍ਹ ਹੋ ਗਿਆ। ਉਸਨੂੰ ਆਪਣੇ-ਆਪ ਨਾਲ ਨਫ਼ਰਤ ਹੋਣ ਲੱਗ ਪਈ। ਨਿਰਾਸ਼ਾ ਉਸ ‘ਤੇ ਇਸ ਕਦਰ ਭਾਰੂ ਪੈ ਗਈ ਕਿ ਉਸ ਨੇ ਦੁਨੀਆ ਛੱਡਣ ਦਾ ਮਨ ਬਣਾ ਲਿਆ।
ਉਸ ਦਾ ਪਰਿਵਾਰ ਪੜ੍ਹਿਆ-ਲਿਖਿਆ ਸੀ। ਉਸਦੇ ਘਰੇ ਹਿੰਦੀ ਦਾ ‘ਧਰਮ ਯੁਗ’ ਮੈਗਜ਼ੀਨ ਆਉਂਦਾ ਸੀ। ਉਸ ਵਿਚ ਉਸਨੇ ਕਵਿਤਾ ‘ਆਤਮ ਹੱਤਿਆ ਸੇ ਲੌਟਤੇ ਹੂਏ’ ਪੜ੍ਹੀ। ਇਹ ਕਵਿਤਾ ਉਸ ਲਈ ‘ਸੰਜੀਵਨੀ ਬੂਟੀ’ ਸਾਬਤ ਹੋਈ। ਨਮੋਸ਼ੀ ਦੀ ਥਾਂ ਜਿੰLਦਗੀ ਜਿਊਣ ਦੀ ਤਾਂਘ ਜ਼ੋਰ ਫੜ ਗਈ। ਉਸਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਅਣਆਈ ਮੌਤ ਮਰਨਾ ਜਿੰLਦਗੀ ਨਾਲ ਵੱਡੀ ਬੇਵਫ਼ਾਈ ਤੇ ਦਗਾਬਾਜ਼ੀ ਹੈ। ਇਸ ਕਵਿਤਾ ਕਰਕੇ ਉਸਨੂੰ ਮੌਤ ‘ਤੇ ਫਤਿਹ ਹਾਸਿਲ ਹੋਈ। ਉਸਨੇ ਮੁੜ ਸਾਇੰਸ ਵਿਚ ਦਾਖਲਾ ਲਿਆ। ਪ੍ਰੀ-ਮੈਡੀਕਲ ‘ਚੋਂ ਏਨੇ ਨੰਬਰ ਹਾਸਿਲ ਕੀਤੇ ਕਿ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿਚ ਡਾਕਟਰੀ ਦੀ ਪੜ੍ਹਾਈ ਲਈ ਦਾਖਲਾ ਮਿਲ ਸਕਦਾ ਸੀ। ਪਰ ਉਸਦੀ ਡਾਕਟਰ ਬਣਨ ਵਿਚ ਭੋਰਾ ਵੀ ਦਿਲਚਸਪੀ ਨਹੀਂ ਸੀ। ਉਸਨੇ ਆਪਣੀ ਰੁਚੀ ਅਨੁਸਾਰ ਆਰਟਸ ਵਿਚ ਦਾਖਲਾ ਲੈ ਲਿਆ ਤੇ ਕਾਲਜ ਵਿਚ ਵਿਦਿਅਕ, ਸਾਹਿਤਕ, ਸੱਭਿਆਚਾਰਕ ਇੰਨੀਆਂ ਪ੍ਰਾਪਤੀਆਂ ਕੀਤੀਆਂ ਕਿ ਬਰਜਿੰਦਰਾ ਕਾਲਜ, ਫਰੀਦਕੋਟ ਕਾਲਜ ਨੇ ਉਸਨੂੰ ‘ਕਲਰ’ ਤੇ ‘ਰੋਲ ਆਫ ਆਨਰ’ ਨਾਲ ਸਨਮਾਨਿਤ ਕੀਤਾ। ਇਨਾਮ ਵਿਚ ਉਸਨੂੰ ਕਈ ਵਿਸ਼ਵ ਸਾਹਿਤ ਦੇ ਕਲਾਸਿਕ ਦਿੱਤੇ। ਉਸ ਸਮੇ ਤੋਂ ਵਿਸ਼ਵ ਕਲਾਸਿਕ ਉਸਦੀ ਰੂਹ ਦਾ ਹਿੱਸਾ ਤੇ ਪਹਿਲਾ ਪਿਆਰ ਬਣੇ ਹੋਏ ਨੇ।
ਤੁਹਾਡੇ ‘ਚੋਂ ਕੁੱਝ ਤਾਂ ਸਮਝ ਗਏ ਹੋਣਗੇ ਕਿ ਕਿਸ ਦੀ ਗੱਲ ਹੋ ਰਹੀ ਹੈ। ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਨ੍ਹਾਂ ਨੂੰ ਦੱਸ ਦੇਵਾਂ ਕਿ ਜ਼ਿਕਰ ਜੰਗ ਬਹਾਦਰ ਗੋਇਲ ਦਾ ਹੋ ਰਿਹਾ ਹੈ, ਜਿਸਨੇ ਸਾਹਿਤ ਨੂੰ ਜੀਵਨ ਦਾਨੀ ਬੂਟੀ ਮੰਨਦੇ ਹੋਏ ਇਕ ਬਹੁਤ ਹੀ ਦਿਲਚਸਪ ਕਿਤਾਬ ‘ਸਾਹਿਤ ਸੰਜੀਵਨੀ’ ਪੰਜਾਬੀ ਪਿਆਰਿਆਂ ਦੀ ਝੋਲੀ ਪਾਈ ਹੈ। ਇਹ ਕਿਤਾਬ ‘ਕਰੋਸਿਨ’ ਦੀ ਗੋਲੀ ਵਰਗੀ ਹੈ, ਜੋ ਬੁਖਾਰ ਭਾਵੇਂ ਕਿਸੇ ਵੀ ਬਿਮਾਰੀ ਨਾਲ ਚੜ੍ਹਿਆ ਹੋਵੇ ਪਰ ਇਕ ਵਾਰ ਉਤਾਰ ਜ਼ਰੂਰ ਦਿੰਦੀ ਹੈ। ਜੰਗ ਬਹਾਦਰ ਗੋਇਲ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਹੈ। ਉਸਨੂੰ ਯੂਨੀਵਰਸਿਟੀਆਂ ਤੇ ਸਾਹਿਤ ਸਮਾਗਮਾਂ ਵਿਚ ਬੋਲਣ ਲਈ ਬੁਲਾਇਆ ਜਾਂਦਾ ਹੈ। ਪ੍ਰੋਫੈਸਰ ਅਤੇ ਸਿੰਘ ਨੇ ਉਨ੍ਹਾਂ ਦੀ ਸਾਹਿਤ ਸੰਜੀਵਨੀ ਕਿਤਾਬ ‘ਤੇ ‘ਇਕ ਅੰਤਰ ਝਾਤ’ ਨਾਮ ਦੀ ਬਹੁਤ ਅੱਛੀ ਕਿਤਾਬ ਵੀ ਲਿਖੀ ਹੈ।
ਸਾਹਿਤ ਸੰਜੀਵਨੀ ‘ਚ ਗੋਇਲ ਲਿਖਦੇ ਨੇ ‘ਮੈਂ ਆਪਣੇ ਵੱਡੇ ਭਰਾਵਾਂ ਦਰਮਿਆਨ ਸਾਹਿਤਕ ਤੇ ਬੌਧਿਕ ਵਿਸ਼ਿਆਂ ‘ਤੇ ਨਿਤ ਹੁੰਦੀਆਂ ਬਹਿਸਾਂ ‘ਚੋਂ ਬਹੁਤ ਕੁਝ ਸਿਖਿਆ। ਦੁਨੀਆ ਦੇ ਮਹਾਨ ਲੇਖਕ ਤੇ ਵਿਚਾਰਕ-ਪਲੈਟੋ, ਅਰਸਤੂ, ਹੀਗਲ, ਰੂਸੋ, ਮਾਰਕਸ, ਸ਼ੇਕਸਪੀਅਰ, ਉਮਰ ਖਯਾਮ, ਡਿਕਨਜ਼, ਕੀਟਸ, ਤਾਲਸਤਾਏ, ਬਾਲਜ਼ਾਕ, ਮਿਲਟਨ, ਵਰਡਜ਼ਵਰਥ, ਸ਼ੈਲੇ, ਨਿਰਾਲਾ ਤੇ ਹੋਰ ਬਹੁਤ ਸਾਰੇ ਮੈਨੂੰ ਇੰਜ ਯਾਦ ਹੋ ਗਏ ਸੀ ਜਿਵੇਂ ਸਾਡੇ ਗੁਆਂਢੀ ਹੋਣ। ਮੈਂ ਤਾਂ ਪੁਸਤਕਾਂ ਵਿਚ ਹੀ ਜਿਉਂਦਾ ਸੀ ਤੇ ਜਿੰLਦਗੀ ਨੂੰ ਕਿਤਾਬਾਂ ਦੀ ਨਜ਼ਰ ਨਾਲ ਹੀ ਦੇਖਦਾ ਸੀ। ਹੁਣ ਤਕ ਮੈਨੂੰ ਸਾਹਿਤ ਦੀ ਛਤਰੀ ਨੇ ਜ਼ਿੰਦਗੀ ਦੀ ਕਰੜੀ ਧੁੱਪ ਤੇ ਬਾਰਿਸ਼ ਤੋਂ ਹਮੇਸ਼ਾਂ ਬਚਾਈ ਰੱਖਿਆ ਹੈ।’
ਜੰਗ ਬਹਾਦਰ ਗੋਇਲ ਸਿਰਫ ਸਾਹਿਤਕਾਰ ਹੀ ਨਹੀਂ, ਪ੍ਰਸ਼ਾਸ਼ਕ ਵੀ ਰਿਹਾ ਤੇ ਆਈ.ਏ.ਐਸ. ਅਫਸਰ ਵਜੋਂ ਉਹ ਪੰਜਾਬ ਸਰਕਾਰ ‘ਚ ਉਚੇ ਅਹੁਦਿਆਂ ‘ਤੇ ਤਾਇਨਾਤ ਰਿਹਾ ਹੈ। 1972 ਵਿਚ ਉਸਨੇ ਆਲ ਇੰਡੀਆ ਸਿਵਲ ਸਰਵਿਸ, ਹਰਿਆਣਾ ਸਿਵਲ ਸਰਵਿਸ ਤੇ ਪੰਜਾਬ ਸਿਵਲ ਸਰਵਿਸ ਦਾ ਇਮਤਿਹਾਨ ਦਿੱਤਾ ਤੇ ਤਿੰਨਾਂ ‘ਚ ਹੀ ਪਾਸ ਹੋ ਗਿਆ। ਆਲ ਇੰਡੀਆ ਸਿਵਲ ਸਰਵਿਸ ਤੇ ਹਰਿਆਣਾ ਸਿਵਲ ਸਰਵਿਸ ਦਾ ਨਤੀਜਾ ਲਗਭਗ ਇਕੋ ਸਮੇਂ ਆਇਆ। ਇੰਡੀਆ ਸਿਵਲ ਸਰਵਿਸ ਦੇ ਇਮਤਿਹਾਨ ਵਿਚ ਰੈਂਕਿੰਗ ਮੁਤਾਬਿਕ ਉਸਨੂੰ ਇੰਡੀਅਨ ਰੈਵੇਨਿਊ ਸਰਵਿਸ (ਆਈ.ਆਰ.ਐਸ.) ਮਿਲੀ ਤੇ ਉਸਨੇ ਨਾਗਪੁਰ ਤੋਂ ਆਈ.ਆਰ.ਐਸ. ਅਫਸਰ ਵਜੋਂ ਟ੍ਰੇਨਿੰਗ ਕੀਤੀ ਤੇ ਉਨ੍ਹਾਂ ਦੀ ਪੋਸਟਿੰਗ ਡਾਇਰੈਕਟਰ ਟੈਕਸ ਹੋਣੀ ਸੀ। ਪਰ ਪੋਸਟਿੰਗ ਤੋਂ ਪਹਿਲਾਂ ਹੀ ਪੰਜਾਬ ਸਿਵਲ ਸਰਵਿਸ ਦਾ ਨਤੀਜਾ ਆ ਗਿਆ ਤੇ ਉਹ ਪੀ.ਸੀ.ਐੱਸ. ਅਫਸਰ ਬਣ ਗਏ ਤੇ ਆਈ.ਆਰ.ਐਸ. ਤੋਂ ਅਸਤੀਫਾ ਦੇ ਦਿੱਤਾ।
ਪੰਜਾਬੀ ਸਾਹਿਤ ਦੇ ਜ਼ਹੀਨ ਪੁੱਤਰ ਜੰਗ ਬਹਾਦਰ ਗੋਇਲ ਦਾ ਸੰਬੰਧ ਜੈਤੋ ਮੰਡੀ ਨਾਲ ਹੈ। ਇਹ ਉਹ ਜੈਤੋ ਹੈ ਜਿਸ ਦੀਆਂ ਪੰਜਾਬ ਦੇ ਇਤਿਹਾਸ ਵਿਚ ਡੂੰਘੀਆਂ ਪੈੜਾਂ ਹਨ। ਗੱਲ ਸੌ ਸਾਲ ਪੁਰਾਣੀ ਹੈ। 1923 ਵਿਚ ਅੰਗਰੇਜ਼ ਬ੍ਰਿਟਿਸ਼ ਸਰਕਾਰ ਨੇ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੇ ਹਮਾਇਤੀ ਨਾਭਾ ਦੇ ਰਾਜਾ ਰਿਪੂਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਸੀ। ਜੈਤੋ ਮੰਡੀ ਨਾਭਾ ਰਿਆਸਤ ਵਿਚ ਸੀ। ਸਾਰੀ ਜੈਤੋ ਮਹਾਰਾਜਾ ਦੇ ਹੱਕ ‘ਚ ਖੜ੍ਹੀ ਹੋ ਗਈ। ਬ੍ਰਿਟਿਸ਼ ਸਰਕਾਰ ਦੇ ਫੈਸਲੇ ਖ਼ਿਲਾਫ ਤੇ ਮਹਾਰਾਜਾ ਦੇ ਹੱਕ ਵਿਚ ਗੁਰਦੁਆਰਾ ਗੰਗਸਰ, ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰ ਦਿੱਤਾ ਗਿਆ, ਅੰਗਰੇਜ਼ਾਂ ਨੇ ਅਖੰਡ ਪਾਠ ਰੁਕਵਾ ਦਿੱਤਾ। ਲੋਕ ਅੰਗਰੇਜ਼ ਦੀ ਇਸ ਕਰਤੂਤ ਵਿਰੁੱਧ ਡਟ ਗਏ। ਮੋਰਚਾ ਲਾ ਦਿੱਤਾ ਗਿਆ। ਪੌਣੇ ਦੋ ਸਾਲ ਮੋਰਚਾ (1925) ਚੱਲਿਆ। ਲੋਕਾਂ ਦੀ ਜਿੱਤ ਹੋਈ। ਅਖੰਡ ਪਾਠ ਮੁੜ ਆਰੰਭ ਹੋਇਆ। ਇਹੀ ਮੋਰਚਾ ਸਿੱਖ ਗੁਰਦੁਆਰਾ ਐਕਟ, 1925 ਨੂੰ ਪਾਸ ਕਰਵਾਉਣ ਵਿਚ ਬੜੀ ਹੱਦ ਤਕ ਸਹਾਈ ਹੋਇਆ।
ਜੈਤੋ ਵਿਚ ਹੀ ਸਿਰੜੀ, ਸਿਦਕੀ ਤੇ ਪੰਜਾਬੀ ਤੇ ਪੰਜਾਬ ਨੂੰ ਅੰਤਾਂ ਦਾ ਮੋਹ ਕਰਨ ਵਾਲੀ ਸ਼ਖਸੀਅਤ ਸੇਠ ਰਾਮਨਾਥ ਦਾ ਜਨਮ ਹੋਇਆ। ਉਸਨੇ ਪੱਕੇ ਕਾਂਗਰਸੀ ਹੁੰਦੇ ਹੋਏ ਵੀ ਪੰਜਾਬੀ ਸੂਬਾ ਮੋਰਚਾ ਦਾ ਸਮਰਥਨ ਕੀਤਾ। ਪੰਜਾਬੀ ਸੂਬੇ ਦੀ ਮੰਗ ਠੁਕਰਾਉਣ ‘ਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਕੇਂਦਰੀ ਗ੍ਰਹਿ ਮੰਤਰੀ ਵੱਲਬ ਭਾਈ ਪੰਤ ਨਾਲ ਲੜਾਈ ਕੀਤੀ। ਹਮੇਸ਼ਾ ਪੰਜਾਬ ਨਾਲ ਖੜ੍ਹਿਆ। ਜੈਤੋ ਦੇ ਮੋਰਚੇ ਦਾ ਉਸਦੀ ਸ਼ਖ਼ਸੀਅਤ ‘ਤੇ ਪ੍ਰਭਾਵ ਪਿਆ। ਉਸ ਵੇਲੇ ਉਹ 8 ਕੁ ਸਾਲ ਦਾ ਸੀ ਤੇ ਉਸਨੇ ਜਥੇ ਮੋਰਚੇ ‘ਚ ਸ਼ਾਮਿਲ ਹੁੰਦੇ ਵੇਖੇ ਸੀ। ਜੰਗ ਬਹਾਦਰ ਗੋਇਲ ਸੇਠ ਰਾਮਨਾਥ ਦੇ ਸਕਿਆਂ ‘ਚੋਂ ਹੈ।
ਦਰਅਸਲ ਜੈਤੋ ‘ਚ ਪੰਜਾਬੀ ਸਾਹਿਤ ਦੇ ਅੰਮ੍ਰਿਤ ਦਾ ਝਰਨਾ ਵਗਦਾ ਹੈ। ਇਸ ਝਰਨੇ ‘ਚੋਂ ਪਾਣੀ ਪੀ ਕੇ ਗੁਰਦਿਆਲ ਸਿੰਘ ਨੇ ‘ਪਰਸਾ’, ‘ਅਣਹੋਏ’, ‘ਮੜੀ ਦਾ ਦੀਵਾ’, ‘ਅੱਧ ਚਾਨਣੀ ਰਾਤ’, ‘ਅੰਨੇ ਘੋੜੇ ਦਾ ਦਾਨ’ ਵਰਗੀਆਂ ਸਾਹਿਤਕ ਕਿਰਤਾਂ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੀ। ਗੁਰਦਿਆਲ ਸਿੰਘ ਨੂੰ ਦੇਸ਼ ਦਾ ਸਭ ਤੋਂ ਵੱਡਾ ਸਾਹਿਤਕ ਸਨਮਾਨ ਮਿਲਿਆ। ਉਨ੍ਹਾਂ ਦੀਆਂ ਕਿਤਾਬਾਂ ਦਾ ਕਈ ਭਾਸ਼ਾਵਾਂ `ਚ ਅਨੁਵਾਦ ਹੋ ਚੁੱਕਿਆ ਹੈ। ਪ੍ਰਸਿੱਧ ਨਾਟਕ ਲੇਖਕ, ਨਿਰਦੇਸ਼ਕ ਤੇ ਟਿੱਪਣੀਕਾਰ ਪਾਲੀ ਭੁਪਿੰਦਰ ਸਿੰਘ ਵੀ ਜੈਤੋ ਦਾ ਜੰਮਪਲ ਹੈ। 40-45 ਸਾਲ ਪਹਿਲਾਂ ਉਸਦਾ ਨਾਟਕ ‘ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ’ ਕਾਲਜਾਂ ਤੇ ਯੂਨੀਵਰਸਿਟੀਆਂ ਦੀਆ ਸਟੇਜਾਂ ‘ਤੇ ਧੁੰਮਾਂ ਪਾਉਂਦਾ ਦੇਖਿਆ ਗਿਆ। ਇਹ ਨਾਟਕ ਯੂਥ ਫੈਸਟੀਵਲਾਂ ਵਿਚ ਬਹੁਤ ਖੇਡਿਆ ਗਿਆ। ਇਸ ਨਾਟਕ ਨਾਲ ਉਹ ਨਾਟਕਕਾਰ ਵਜੋਂ ਸਥਾਪਤ ਹੋ ਗਿਆ। ਉਸਨੇ ਬਹੁਤ ਨਾਟਕ ਲਿਖੇ ਤੇ ਖੇਡੇ ਹਨ। ਹੁਣ ਉਹ ਨਾਟਕਕਾਰ ਦੇ ਨਾਲ ਸਮਾਜਿਕ ਟਿਪਣੀਕਰ ਤੇ ਚਿੰਤਕ ਵਜੋਂ ਵੀ ਵਿਚਰ ਰਿਹਾ ਹੈ।
ਇਸੇ ਝਰਨੇ ਦਾ ਪਾਣੀ ਪੀ ਕੇ ਦੀਪਕ ਜੈਤੋਈ ਦੀ ਕਲਮ ਨੇ ਗੀਤ ਦੇ ਆਹ ਬੋਲ ਸਿਰਜੇ:
‘ਤੱਕੇ ਸਾਡੀ ਹਵਾ ਵੱਲ, ਕਿਹਦੀ ਏ ਮਜਾਲ ਵੇ,
ਅਸੀਂ ਨਹੀਂ ਕੱਲੇ, ਸਾਰੀ ਜੈਤੋ ਸਾਡੇ ਨਾਲ ਵੇ।

ਕਾਫੀ ਹੁੰਦਾ ਹੈ ਸਿਆਣੇ ਨੂੰ ਇਸ਼ਾਰਾ,
ਵੇ ਅਸਾਂ ਨੀ ਕਨੌੜ ਝੱਲਣੀ,
ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ।’
ਨਰਿੰਦਰ ਬੀਬਾ ਨੇ ਬਹੁਤ ਹੀ ਸੁਰੀਲੀ ਆਵਾਜ਼ ‘ਚ ਇਹ ਗੀਤ ਗਾ ਕੇ ਸਦਾ ਲਈ ਅਮਰ ਕਰ ਦਿੱਤਾ। ਜੈਤੋ ਦਾ ਦੀਪਕ ਜੈਤੋਈ ਇਕ ਵੱਡਾ ਗ਼ਜ਼ਲਗੋ ਤੇ ਗੀਤਕਾਰ ਸੀ। ਉਸਨੇ ਪੰਜਾਬੀਆਂ ਨੂੰ ਬਹੁਤ ਹੀ ਖ਼ੂਬਸੂਰਤ ਗੀਤ ਦਿੱਤੇ ਨੇ। ਸਭ ਤੋਂ ਪਹਿਲਾ ਜੋ ਧੀਆਂ ਬਾਰੇ ਗੀਤ ਲੋਕਾਂ ਦੀ ਜੁLਬਾਨ `ਤੇ ਚੜ੍ਹਿਆ ਤੇ ਫਿਰ ਦਹਾਕਿਆਂ ਬੱਧੀ ਧੀਆਂ ਦੀ ਡੋਲੀ ਤੁਰਨ ਤੋਂ ਪਹਿਲਾਂ ਗਾਇਆ ਜਾਣ ਲੱਗਿਆ, ਉਹ ਵੀ ਦੀਪਕ ਜੈਤੋਈ ਦਾ ਲਿਖਿਆ ਸੀ:
ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ,
ਚਾਰ ਦਿਨ ਮੌਜ ਮਾਣ ਕੇ, ਲਾ ਕੇ ਸੁੱਖਾਂ ਦੇ ਸਮੁੰਦਰਾਂ ‘ਚ ਤਾਰੀ।
ਇਸੇ ਝਰਨੇ ‘ਚ ਪਾਣੀ ਪੀ ਕੇ ਜੰਗ ਬਹਾਦਰ ਗੋਇਲ ਨੇ ‘ਸਾਹਿਤ ਸੰਜੀਵਨੀ’ ਲਿਖੀ। ਯਕੀਨ ਕਰਨਾ ਇਹ ਕਿਤਾਬ ਬਹੁਤਿਆਂ ਲਈ ਸੱਚੀਂ-ਮੁੱਚੀਂ ‘ਸੰਜੀਵਨੀ’ ਬੂਟੀ ਸਾਬਿਤ ਹੋਵੇਗੀ। ਉਦਾਸ ਮਨਾਂ ਨੂੰ ਧਰਵਾਸ ਦੇਵੇਗੀ। ਮੁਰਝਾਏ ਚਿਹਰਿਆਂ ‘ਤੇ ਮੁਸਕਰਾਹਟ ਲਿਆਵੇਗੀ। ਡਿਗਦੇ ਮਨੋਬਲਾਂ ਨੂੰ ਬਲ ਬਖਸ਼ੇਗੀ। ਇਹ ਕਿਤਾਬ ਪੰਜਾਬੀ ਤੇ ਦੂਸਰੀਆਂ ਭਾਸ਼ਾਵਾਂ ਦਾ ਸਾਹਿਤ ਪੜ੍ਹਨ ਲਈ ਵੀ ਬੂਟੀ ਦਾ ਕੰਮ ਕਰੇਗੀ। ਜੋ ਵੱਡਾ ਕੰਮ ਮੇਰੀ ਨਜ਼ਰ ਵਿਚ ਜੰਗ ਬਹਾਦਰ ਕਰ ਰਹੇ ਹਨ, ਉਸ ਹੈ ਦੁਨੀਆ ਦੇ ਸ਼ਾਹਕਾਰ ਨਾਵਲਾਂ ਤੇ ਦੂਸਰੀਆਂ ਪੁਸਤਕਾਂ ਦਾ ਪੰਜਾਬੀ ‘ਚ ਅਨੁਵਾਦ। ਗੋਇਲ ਸਾਹਿਬ ਨੇ ਮਿਖ਼ਾਈਲ ਨਾਈਮੀ ਦੀ ਲਿਖੀ ਖ਼ਲੀਲ ਜਿਬਰਾਨ ਦੀ ਜੀਵਨੀ ਨੂੰ ਪੰਜਾਬੀ `ਚ ਅਨੁਵਾਦ ਕੀਤਾ ਹੈ। ਮਿਖ਼ਾਈਲ ਨਾਈਮੀ ਖ਼ਲੀਲ ਦਾ ਦੋਸਤ ਸੀ। ਗੋਇਲ ਸਾਹਿਬ ਲਿਖਦੇ ਨੇ ‘ਇਸ ਪੁਸਤਕ ਦੇ ਅਨੁਵਾਦ ਕਾਰਜ ‘ਚੋਂ ਲੰਘਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਜੇ ਦੋਸਤੀ ਹੋਵੇ ਤਾਂ ਜਿਬਰਾਨ-ਨਾਈਮੀ ਵਰਗੀ ਹੋਵੇ ਤੇ ਜੇਕਰ ਕੋਈ ਦੋਸਤ ਆਪਣੇ ਦੋਸਤ ਬਾਰੇ ਲਿਖੇ ਤਾਂ ਨਾਈਮੀ ਵਾਂਗ ਲਿਖੇ।
ਜਿਸ ਕਿਤਾਬ ‘ਤੇ ਜੰਗ ਬਹਾਦਰ ਗੋਇਲ ਦਾ ਨਾਂ ਲੇਖਕ ਜਾਂ ਅਨੁਵਾਦਕ ਦੇ ਤੌਰ ‘ਤੇ ਲਿਖਿਆ ਹੋਵੇ, ਉਸਨੂੰ ਤੁਸੀਂ ਅੱਖਾਂ ਮੀਚ ਕੇ ਖਰੀਦ ਸਕਦੇ ਹੋ। ਉਹ ਸਾਹਿਤ ਸੰਸਾਰ ਦੇ ਸੋਨੇ ਨੂੰ ਹੀ ਹੱਥ ਪਾਉਂਦਾ ਤੇ ਫਿਰ ਪੰਜਾਬੀ ਪਾਠਕਾਂ ਨੂੰ ਭੇਟ ਕਰ ਦਿੰਦਾ ਹੈ। ਉਸਦੀ ਸ਼ੈਲੀ ‘ਚ ਲੋਹੜੇ ਦੀ ਖਿੱਚ ਤੇ ਸਵਾਦ ਹੈ। ਉਸਦੇ ਵਾਕਾਂ ‘ਚੋਂ ਖੁਸ਼ਬੂ ਆਉਂਦੀ ਹੈ। ਕਿਸੇ ਸਮੇਂ ‘ਮੇਰਾ ਦਾਗਿਸਤਾਨ’ ਦਾ ਅਨੁਵਾਦ ਪੰਜਾਬੀ ‘ਚ ਗੁਰੂਬਖਸ਼ ਨੇ ਕੀਤਾ ਸੀ। ਲੋਕਾਂ ਨੂੰ ਲੱਗਿਆ ਸੀ ਕਿ ਅਸਲ ਵਿਚ ਇਹ ਕਿਤਾਬ ਰਸੂਲ ਹਮਜ਼ਾਤੋਵ ਨੇ ਪੰਜਾਬੀ ‘ਚ ਹੀ ਲਿਖੀ ਹੈ। ਇਹ ਕਿਤਾਬ ਦਹਾਕਿਆਂ ਤੋਂ ਪੜ੍ਹੀ ਜਾ ਰਹੀ ਹੈ। ਇਹ ਅਨੁਵਾਦ ਦਾ ਹੀ ਕਮਾਲ ਹੈ।
ਗੋਇਲ ਸਾਹਿਬ ਦਾ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਦਾ ਅਨੁਵਾਦ ਪੜ੍ਹ ਕੇ ਮਹਿਸੂਸ ਨਹੀਂ ਹੁੰਦਾ ਕਿ ਕਿਸੇ ਹੋਰ ਭਾਸ਼ਾ ‘ਚ ਲਿਖੇ ਹੋਏ ਨੇ। ਉਨ੍ਹਾਂ ਦੀ ਪੰਜਾਬੀ ਭਾਸ਼ਾ ਦੇ ਇਡੀਅਮ ਤੇ ਸ਼ਬਦਾਵਲੀ ‘ਤੇ ਡੂੰਘੀ ਪਕੜ ਹੈ। ਉਨ੍ਹਾਂ ਬਾਰੇ ਬਹੁਤ ਹੀ ਨਾਜ਼ਕ ਮਿਜ਼ਾਜ ਦੇ ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਲਿਖਿਆ ਹੈ ‘ਸਾਹਿਤ ਰਚਨ ਤੇ ਪੜ੍ਹਨ ਦੇ ਮਾਨਸਿਕ ਤੇ ਆਤਮਿਕ ਪਹਿਲੂ ਬਾਰੇ ਸਾਹਿਤ ਸੰਜੀਵਨੀ ਵਰਗੀ ਕੋਈ ਕਿਤਾਬ ਮੇਰੀਆਂ ਨਜ਼ਰਾਂ ‘ਚੋਂ ਅਜੇ ਤਕ ਨਹੀਂ ਗੁਜ਼ਰੀ। ਇਹੋ ਜਿਹੀ ਕਿਤਾਬ ਜੰਗ ਬਹਾਦਰ ਗੋਇਲ ਹੀ ਲਿਖ ਸਕਦੇ ਸਨ, ਕਿਉਂਕਿ ਸਾਹਿਤ ਨਾਲ ਏਨਾ ਗੂੜ੍ਹਾ ਤੇ ਏਨੀਆਂ ਪਰਤਾਂ ਵਾਲਾ ਰਿਸ਼ਤਾ ਮੇਰੇ ਜਾਣਕਾਰਾਂ ਵਿਚੋਂ ਉਨ੍ਹਾਂ ਦਾ ਹੀ ਹੈ।’
ਜੰਗ ਬਹਾਦਰ ਗੋਇਲ ਨੇ ਮਿਖਾਈਲ ਨਾਈਮੀ ਦੀ ਪੁਸਤਕ ‘ਇਕ ਅਵਾਰਾ ਰੂਹ ਦਾ ਰੋਜ਼ਨਾਮਚਾ’ ਦਾ ਵੀ ਅਨੁਵਾਦ ਕੀਤਾ ਹੈ। ਜਿਹੜੇ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਗੋਇਲ ਨੇ ਅਨੁਵਾਦ ਕੀਤੇ ਨੇ ਉਨ੍ਹਾਂ ਦੀ ਰੇਂਜ ਬਹੁਤ ਹੀ ਵਿਸ਼ਾਲ ਹੈ। ਸ਼ਾਇਦ ਹੀ ਕੋਈ ਵਿਸ਼ਵ ਸਾਹਿਤ ਦੇ ਮਹਾਨ ਸਾਹਿਤਕਾਰ ਦੀ ਕਲਾਸਿਕ ਕਿਰਤ ਗੋਇਲ ਸਾਹਿਬ ਦੇ ਕਲਾਵੇ ਤੋਂ ਬਾਹਰ ਰਹਿ ਗਈ ਹੋਵੇ। ਜਿਹੜੇ ਕਲਾਸਿਕ ਗੋਇਲ ਸਾਹਿਬ ਨੇ ਅਨੁਵਾਦ ਕੀਤੇ ਨੇ ਉਨ੍ਹਾਂ ਕੁਝ ਦੇ ਨਾਮ ਨੇ।
ਫ਼ਾਦਰਜ਼ ਐਂਡ ਸੰਨਜ਼ (ਇਵਾਨ ਤੁਰਗਨੇਵ); ਦ ਮਿਲ ਐਨ ਦ ਫਲੌਸ (ਜੌਰਜ ਐਲੀਅਟ), ਮਿਸਿਜ਼ ਡੈਲੋਵੇ (ਵਰਜੀਨੀਆ ਵੂਲਫ਼), ਦ ਗ੍ਰੇਟ ਗੈਟਸਬੀ (ਐਫ਼. ਸਕਾਟ ਫ਼ਿਟਸਜੈਰਲਡ); ਦ ਸਾਊਂਡ ਐਂਡ ਦ ਫ਼ਿਊਰੀ (ਵਿਲੀਅਮ ਫ਼ਾਕਨਰ); ਦ ਲਿਟਲ ਪ੍ਰਿੰਸ (ਏਂਟਨੀ ਦ ਸੇਂਟ ਐਕਸਪੇਰੀ); ਵਨ ਹੰਡਰਡ ਈਅਰਜ਼ ਆਫ਼ ਸੌਲੀਚਿਊਡ (ਗੈਬਰੀਅਲ ਗਾਰਸ਼ੀਆ ਮਾਰਕੁਏਜ਼); ਲਵ ਇਨ ਦ ਟਾਈਮ ਆਫ਼ ਕੌਲਰਾ (ਗੈਬਰੀਅਲ ਗਾਰਸ਼ੀਆ ਮਾਰਕੁਏਜ਼); ਥਿੰਗਜ਼ ਫ਼ਾਲ ਅਪਾਰਟ (ਸ਼ਿਨੂਆ ਅਸ਼ੀਬੀ); ਫ਼ਾਰਨਹੀਟ (ਰੇਅ ਬਰੈਡਬਰੀ); (ਡਾਨ ਕਵਿਗਜ਼ੋਟ ਸਰਵਾਨਤੀਸ), ਦ ਪਿਲਗਰਿਮ’ਜ਼ ਪਰੋਗਰੈੱਸ (ਜੌਨ ਬਨਿਯਨ), ਰੌਬਿਨਸਨ ਕਰੂਸੋ (ਡੇਲੀਜਲ ਡੈਡ), ਟੌਮ ਜੋਨਜ਼ (ਹੈਨਰੀ ਫੀਲਡਿੰਗ), ਪਰਾਈਡ ਐਂਡ ਪਰੈਜੂਡਿਸ (ਜੇਨ ਆਸਟਿਨ), ਓਲਡ ਗੋਰਿਓ (ਬਾਲਜ਼ਾਕ), ਡੈੱਡ ਸੋਲੲ (ਨਿਕੋਲਾਈ ਗੋਗੋਲ), ਡੇਵਿਡ ਕੌਪਰਫ਼ੀਲਡ (ਚਾਲਰਸ ਡਿਕਨਜ਼), ਮਾਦਾਮ ਬਾਵੇਰੀ (ਗੁਸਤਾਵ ਫਲਾਬੇਅਰ), ਕਰਾਈਮ ਐਂਡ ਪਨਿਸ਼ਮੈਂਟ (ਫਿਓਦੋਰ ਦੋਸਤੋਵਸਕੀ), ਵੈਨਿਟੀ ਫ਼ੇਅਰ (ਵਿਲੀਅਮ ਮੇਕਪੀਸ ਥੈਕਰੇ); ਅੰਕਲ ਟੌਮ’ਸ ਕਿਬਿਨ (ਹੈਰਿਅਟ ਬੀਚਰ ਸਟੋ); ਜੇਨ ਆਇਰ (ਸ਼ਾਰਲਟ ਬਰੌਂਟੇ); ਵੁਦਰਿੰਗ ਹਾਈਟਸ
(ਐਮਿਲੀ ਬਰੌਂਟੇ); ਯਾਮਾ ਦ ਪਿੱਟ (ਅਲੈਕਜ਼ਾਂਦਰ ਕੁਪਰਿਨ); ਦੇਵਦਾਸ (ਸ਼ਰਤਚੰਦਰ); ਆਲਕਵਾਇਅਟ ਔਨ ਦ ਵੈਸਟਰਨ ਫ਼ਰੰਟ (ਏਰਿਕ ਮਾਰੀਆ ਰੇਮਾਰਕ); ਐਨੀਮਲ ਫ਼ਾਰਮ (ਜਾਰਜ ਓਰਵੈੱਲ); ਐਂਡ ਕਵਾਇਅਟ ਫਲੋਜ਼ ਦੇ ਡਾਨ (ਸ਼ੋਲੋਖੋਵਿ); ਟੁ ਕਿੱਲ ਏ ਮੌਕਿੰਗ ਬਰਡ, (ਹਾਰਪਰ ਲੀ); ਗੇਂਜੀ ਦੀ ਕਹਾਣੀ (ਮੁਰਾਸਕੀ ਸ਼ਿਕਿਬੂ); ਸਕਾਰਲੈੱਟ ਲੈਟਰ (ਨੈਥੇਨਿਯਲ ਹਾਥਾਰਨ); ਦ ਬ੍ਰਦਰਜ਼ ਕਾਰਮਾਜ਼ੋਵ (ਫਿਓਦੋਰ ਦੋਸਤੋਵਸਕੀ); ਵਾਰ ਐਂਡ ਪੀਸ (ਲਿਓ ਟਾਲਸਟਾਏ); ਕਿਮ (ਰੁਡਯਾਰਡ ਕਿਪਲਿੰਗ); ਯੂਲੀਸਿਸ (ਜੇਮਸ ਜੁਆਇਸ); ਦ ਟਰਾਇਲ (ਫਰੈਂਜ਼ ਕਾਫ਼ਕਾ); ਐਰੋਸਮਿਥ (ਸਿੰਕਲੇਅਰ ਲੁਇਸ); ਗੌਨ ਵਿਚ ਦ ਵਿੰਡ (ਮਾਰਗਰੇਟ ਮਿਸ਼ੇਲ); ਨੋਸਿਆ (ਜਾਂ-ਪਾਲ ਸਾਰਤਰ); ਆਊਟਸਾਈਡਰ (ਅਲਬੇਯਰ ਕਾਮੁ); ਐਨਾ ਕਿਰੇਨੀਨਾ (ਲਿਓ ਟਾਲਸਟਾਏ); ਟੈਸ (ਥਾਮਸ ਹਾਰਡੀ); ਦ ਮਦਰ (ਮੈਕਸਿਮ ਗੋਰਕੀ); ਸੀਧਾਰਥ (ਹਰਮਨ ਹੈਸ); ਗੋਦਾਨ (ਮੁਨਸ਼ੀ ਪ੍ਰੇਮਚੰਦ); ਜ਼ੋਰਬਾ ਦ ਗਰੀਕ (ਨਿਕੋਸ ਕਜ਼ਾਨਜ਼ਾਕਿਸ); ਸੰਨਜ਼ ਐਂਡ ਲਵਰਜ਼ (ਡੀ.ਐੱਚ. ਲਾਰੈਂਸਂ); ਡਾਕਟਰ ਜਿਵਾਗੋ (ਬੋਰਿਸ ਪਾਸਤਰਨਾਕ); ਦੇ ਗੁੱਡ ਅਰਥ (ਪਰਲ ਸ. ਬੱਕ); ਬਰੇਵ ਨਿਊ ਵਰਲਡ (ਐਲਡਸ ਹਕਸਲੇ); ਦ ਓਲਡ ਮੈਨ ਐਂਡ ਦ ਸੀ (ਅਰਨੈਸਟ ਹੈਮਿੰਗਵੇ); ਦ ਗਰੇਪਸ ਆਫ ਰਾਥ (ਜੌਂਨ ਸਟੇਨਬੈਕ); ਲਸਟ ਵਾਰ ਲਾਈਫ਼ (ਇਰਵਿੰਗ ਸਟੋਨ); ਦ ਫ਼ਾਊਟੇਨਹੈਡ (ਆਈਨ ਰੈਡ); ਸਪਾਰਟਕਸ (ਹਾਵਰਡ ਪਾਸਟ)। ਇਹ ਦੁਨੀਆ ‘ਚ ਸਭ ਤੋਂ ਵੱਧ ਵਿਕਣ ਤੇ ਚਰਚਿਤ ਰਹੇ ਨਾਵਲ ਤੇ ਕਿਤਾਬਾਂ ਨੇ। ਪੰਜਾਬੀ ਪਾਠਕ ਇਹ ਮਾਰਫ਼ਤ ਜੰਗ ਬਹਾਦਰ ਗੋਇਲ ਪੜ੍ਹ ਰਹੇ ਹਨ। ਸਾਹਿਤ ਦਾ ਇਕ ਬਹੁਤ ਵੱਡਾ ਖਜ਼ਾਨਾ ਉਨ੍ਹਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਇਆ ਹੈ। ਸਾਨੂੰ ਉਮੀਦ ਹੈ ਕਿ ਕਾਮੁ, ਇਰਵਿੰਗ ਸਟੋਨ, ਕਾਫਕਾ, ਦਾਸਤੋਵਸਕੀ, ਲਿਓ ਤਾਲਸਤਾਏ, ਜੋਰਗੇ ਓਰਵੈਲ, ਗੋਰਕੀ ਹਰਮਨ ਹੈੱਸ, ਬਲਜ਼ਾਕ, ਗੋਗੋਲ, ਚਾਰਲਸ ਡੀਕਨਜ ਵਰਗਾ ਸਾਹਿਤਕਾਰ ਕਿਸੇ ਦਿਨ ਪੰਜਾਬ ਦੀ ਧਰਤੀ ‘ਤੇ ਵੀ ਪੈਦਾ ਹੋਵੇਗਾ। ਸ਼ਬਦ ਗੁਰੂ ਦੀ ਧਰਤੀ ‘ਤੇ ਇਹ ਭਾਣਾ ਕਿਸੇ ਦਿਨ ਜ਼ਰੂਰ ਵਰਤੇਗਾ।
ਹਾਲ ਦੀ ਘੜੀ ਅਸੀਂ ਗੋਇਲ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਲਿਖਣ ਵਾਲੇ ਸਾਹਿਤਕਾਰਾਂ ਨਾਲ ਸਾਡੀ ਮੁਲਾਕਾਤ ਕਰਾਈ ਹੈ ਤੇ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਹਵਾਲੇ ਕੀਤੀਆਂ ਹਨ। ਇਸ ਲਈ ਸੁਹਿਰਦ ਪੰਜਾਬੀ ਪਾਠਕ ਹਮੇਸ਼ਾਂ ਹੀ ਗੋਇਲ ਸਾਹਿਬ ਦੇ ਰਿਣੀ ਰਹਿਣਗੇ।
ਇਸ ਰਚਨਾ ਦੇ ਸ਼ੁਰੂ ‘ਚ ਮੈਂ ਲਿਖਿਆ ਸੀ:
ਮੈਂ ਨਹੀਂ ਮਰੂੰਗਾ,
ਜ਼ਿੰਦਗੀ ਭੀ,
ਕਯਾ ਕਹੇਗੀ,
ਕਿਤਨਾ ਦਗੇਬਾਜ਼ ਥਾ।
ਜੇਕਰ ਉਹ ਇਹ ਕਵਿਤਾ ਨਾ ਪੜ੍ਹਦਾ ਤਾਂ ਅਸੀਂ ਵਿਸ਼ਵ ਸਾਹਿਤ ਦੇ ਬਹੁਤ ਸਾਰੇ ਦਾਰਸ਼ਨਿਕ ਨਾਵਲ ਪੜ੍ਹਨ ਤੋਂ ਵਾਂਝੇ ਰਹਿ ਜਾਣਾ ਸੀ। ਸਾਹਿਤ, ਰਾਜਨੀਤੀ ਤੇ ਸਮਾਜ ਸ਼ਾਸਤਰ ਨਾਲ ਸੰਬੰਧਿਤ ਕਿਤਾਬਾਂ ਹੋਰ ਵੀ ਬਹੁਤ ਸਾਰੇ ਸੱਜਣ ਅਨੁਵਾਦ ਕਰ ਰਹੇ ਨੇ। ਬਹੁਤ ਚੰਗਾ ਕੰਮ ਹੋ ਰਿਹਾ ਹੈ। ਪਰ ਗੋਇਲ ਸਾਹਿਬ ਦੀ ਗੱਲ ਹੀ ਵੱਖਰੀ ਹੈ।