ਗਾਜ਼ਾ ਵਿਚ ਕਤਲੇਆਮ ਵਿਰੁੱਧ ਸੜਕਾਂ ’ਤੇ ਨਿੱਤਰੇ ਦਹਿ ਹਜ਼ਾਰਾਂ ਲੋਕ
-ਬੂਟਾ ਸਿੰਘ ਮਹਿਮੂਦਪੁਰ
ਜੇਕਰ ਦੁਨੀਆ ਭਰ ਦੀ ਨਿਆਂਪਸੰਦ ਲੋਕ-ਰਾਇ ਨੂੰ ਮੰਨਣ ਤੋਂ ਇਨਕਾਰੀ ਇਜ਼ਰਾਈਲ-ਅਮਰੀਕੀ ਗੱਠਜੋੜ ਵੱਲੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਹੋਰ ਵੀ ਕਰੂਰ ਰੂਪ ਦੇ ਕੇ ਤੇਜ਼ ਕੀਤੀ ਜਾ ਰਹੀ ਹੈ ਤਾਂ ਇਸਦਾ ਆਲਮੀ ਵਿਰੋਧ ਵੀ ਜ਼ੋਰ ਫੜ ਰਿਹਾ ਹੈ। ਇਜ਼ਰਾਈਲ ਦੇ ਇਕ ਸਾਬਕਾ ਫ਼ੌਜੀ ਕਮਾਂਡਰ ਦਾ ਕਹਿਣਾ ਹੈ ਕਿ ਮਾਰੇ ਗਏ ਫ਼ਲਸਤੀਨੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ।
ਇਨ੍ਹਾਂ ਹਾਲਾਤ ਉੱਪਰ ਲਗਾਤਾਰ ਨਜ਼ਰ ਰੱਖ ਰਹੇ ਹੋਣ ਕਾਰਨ ਗਾਜ਼ਾ ਉੱਪਰ ਥੋਪੀ ਭਿਆਨਕ ਭੁੱਖਮਰੀ ਤੋਂ ਬੇਚੈਨ ਲੋਕਾਂ ਵਿਚ ਗੁੱਸਾ ਵਧ ਰਿਹਾ ਹੈ। ਇਜ਼ਰਾਇਲੀ ਹਕੂਮਤ ਦੇ ਇਸ ਘਿਣਾਉਣੇ ਕਾਰੇ ਦੀ ਪੂਰੀ ਦੁਨੀਆ ਵਿਚ ਨਿਖੇਧੀ ਹੋ ਰਹੀ ਹੈ। ਯੂਰਪ ਦੇ ਲੋਕ ਬਹੁਤ ਵੱਡੀ ਗਿਣਤੀ ਵਿਚ ਮੁਜ਼ਾਹਰੇ ਕਰ ਰਹੇ ਹਨ। ਇਟਲੀ ਦੇ ਲੋਕਾਂ ਨੇ ਸੜਕਾਂ ਉੱਪਰ ਆ ਕੇ ਇਸ ਆਵਾਜ਼ ਵਿਚ ਆਪਣੀ ਆਵਾਜ਼ ਮਿਲਾ ਕੇ ਇਕਜੁੱਟਤਾ ਨੂੰ ਹੋਰ ਬੁਲੰਦ ਕੀਤਾ ਹੈ।
ਹਾਲ ਹੀ ਵਿਚ ਦਹਿ-ਹਜ਼ਾਰਾਂ ਲੋਕ ਇਟਲੀ ਦੇ ਦਰਜਨਾਂ ਸ਼ਹਿਰਾਂ ਦੀਆਂ ਸੜਕਾਂ ’ਤੇ ਨਿੱਕਲ ਆਏ– ਸਕੂਲ ਬੰਦ ਰਹੇ, ਰੇਲ ਸੇਵਾਵਾਂ ਠੱਪ ਰਹੀਆਂ ਅਤੇ ਬੰਦਰਗਾਹਾਂ ਤੇ ਸੜਕਾਂ ਵੀ ਰੋਕੀਆਂ ਗਈਆਂ– ਇਹ ਗਾਜ਼ਾ ਉੱਪਰ ਇਜ਼ਰਾਇਲੀ ਹਮਲੇ ਵਿਰੁੱਧ ਯੂਰਪ ਦੇ ਸਭ ਤੋਂ ਵੱਡੇ ਮੁਜ਼ਾਹਰਿਆਂ ਵਿਚੋਂ ਇਕ ਹੋ ਨਿੱਬੜਿਆ।
ਇਸ ਵਧ ਰਹੇ ਲੋਕ ਦਬਾਅ ਦਾ ਹੀ ਸਿੱਟਾ ਹੈ ਕਿ ਬਰਤਾਨੀਆ, ਆਸਟ੍ਰੇਲੀਆ, ਪੁਰਤਗਾਲ ਅਤੇ ਕੈਨੇਡਾ ਨੂੰ ਫ਼ਲਸਤੀਨੀ ਸਟੇਟ ਨੂੰ ਮਾਨਤਾ ਦੇਣ ਦਾ ਅੱਕ ਚੱਬਣਾ ਪਿਆ ਹੈ। ਫਰਾਂਸ ਅਤੇ ਕਈ ਹੋਰ ਮੁਲਕ ਵੀ 22 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਫ਼ਲਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਤਿਆਰੀ ’ਚ ਸਨ ਤਾਂ ਇਟਲੀ ਦੇ ਲੋਕਾਂ ਨੇ ਫ਼ਲਸਤੀਨ ਦੇ ਹੱਕ ’ਚ ਮੁਜ਼ਾਹਰੇ ਕਰ ਕੇ ਆਪਣੀ ਸਰਕਾਰ ਉੱਪਰ ਦਬਾਅ ਪਾਉਣ ਲਈ ਨਵਾਂ ਇਤਿਹਾਸ ਰਚਿਆ। ਪ੍ਰਧਾਨ ਮੰਤਰੀ ਮੇਲੋਨੀ ਨੇ ਪਿੱਛੇ ਜਿਹੇ ਬੇਸ਼ਰਮੀ ਨਾਲ ਬਿਆਨ ਦਿੱਤਾ ਸੀ ਕਿ ਫ਼ਲਸਤੀਨ ਦਾ ਰਾਜ ਅਧਿਕਾਰਿਕ ਤੌਰ ’ਤੇ ਸਥਾਪਤ ਨਾ ਕਾਰਨ ਉਸ ਨੂੰ ਮਾਨਤਾ ਦੇਣਾ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਪਹਿਲਾਂ ਹੀ ਟਰੰਪ ਨਾਲ ਆਪਣੇ ਹੁਕਮਰਾਨਾਂ ਦੀ ਮਿਲ਼ੀਭੁਗਤ ਤੋਂ ਅੱਕੇ ਇਤਾਲਵੀ ਲੋਕਾਂ ਦਾ ਗੁੱਸਾ ਹੋਰ ਵਧ ਗਿਆ।
ਸਾਰੇ ਇਟਲੀ ਦੀਆਂ ਜ਼ਮੀਨੀ ਪੱਧਰ ਦੀਆਂ ਯੂਨੀਅਨਾਂ ਨੇ 22 ਸਤੰਬਰ ਨੂੰ ਗਾਜ਼ਾ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ 24 ਘੰਟਿਆਂ ਦੀ ਆਮ ਹੜਤਾਲ ਦਾ ਇਹ ਕਹਿੰਦੇ ਹੋਏ ਐਲਾਨ ਕੀਤਾ ਕਿ ਇਟਲੀ ਅਤੇ ਯੂਰਪੀ ਸੰਘ ਦੀਆਂ ਸਰਕਾਰਾਂ ਦਾ ਗਾਜ਼ਾ ਦੇ ਮਾਨਵੀ ਸੰਕਟ ਪ੍ਰਤੀ ਘੇਸਲ ਵੱਟਣਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।
ਮਿਲਾਨ ਤੋਂ ਪਲੇਰਮੋ ਤੱਕ, ਮੁਲਕ ਦੀਆਂ ਘੱਟੋ-ਘੱਟ 75 ਮਿਉਂਸਪੈਲਿਟੀ ਵਿਚ ਲੋਕ ਸੜਕਾਂ ’ਤੇ ਉਤਰ ਆਏ। ਮਜ਼ਦੂਰਾਂ ਵੱਲੋਂ ਭਲੋਚਚਹiਅਮੋ ਟੁਟਟੋ (ਸੱਭ ਕੁਝ ਰੋਕ ਦਿਓ) ਦੇ ਨਾਅਰੇ ਹੇਠ ਬੰਦਰਗਾਹ, ਸੜਕਾਂ ‘ਤੇ ਕੰਮ-ਕਾਜ ਠੱਪ ਕਰ ਦਿੱਤੇ ਗਏ ਤਾਂ ਜੋ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਰੋਕੀ ਜਾਵੇ ਅਤੇ ਕੂਟਨੀਤਕ ਸੰਬੰਧ ਤੋੜੇ ਜਾਣ। 75 ਤੋਂ ਵੱਧ ਸ਼ਹਿਰਾਂ ਵਿਚ ਹੜਤਾਲ ਤੇ ਪ੍ਰਦਰਸ਼ਨ ਹੋਏ। ਡੌਕ ਮਜ਼ਦੂਰ, ਅਧਿਆਪਕ, ਧਾਤੂ ਮਜ਼ਦੂਰ ਅਤੇ ਸਰਕਾਰੀ ਮੁਲਾਜ਼ਮ ਸ਼ਾਮਲ ਹੋਏ; ਸਕੂਲ ਤੇ ਯੂਨੀਵਰਸਿਟੀਆਂ ਬੰਦ ਰਹੀਆਂ। ਇਹ ਸਭ ਉਸ ਮੁਲਕ ਵਿਚ ਹੋਇਆ ਜਿਸਦੀ ਸਰਕਾਰ ਨਵ-ਫ਼ਾਸੀਵਾਦੀ ਅਤੇ ਇਜ਼ਰਾਈਲ-ਪ੍ਰਸਤ ਹੈ।
ਆਯੋਜਕਾਂ ਦੇ ਅਨੁਸਾਰ ਉੱਤਰੀ ਸ਼ਹਿਰ ਮਿਲਾਨ ਵਿਚ 50,000 ਲੋਕ ਮੁਜ਼ਾਹਰੇ ਵਿਚ ਸ਼ਾਮਲ ਹੋਏ, ਜਦਕਿ ਬੋਲੋਨੀਆ ਵਿਚ ਪੁਲਿਸ ਨੇ ਇਹ ਗਿਣਤੀ 10,000 ਤੋਂ ਵੱਧ ਦੱਸੀ। ਮਿਲਾਨ ਵਿਚ ਕਾਲੇ ਕੱਪੜੇ ਪਹਿਨੀਂ ਅਤੇ ਡੰਡਿਆਂ ਨਾਲ ਲੈਸ ਮੁਜ਼ਾਹਰਾਕਾਰੀਆਂ ਨੇ ਗੁੱਸੇ ’ਚ ਆ ਕੇ ਸ਼ਹਿਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਉੱਪਰ ਧੂੰਏਂ ਦੇ ਬੰਬ, ਬੋਤਲਾਂ ਅਤੇ ਪੱਥਰ ਸੁੱਟੇ। ਬੋਲੋਨੀਆ ਵਿਚ ਸੜਕ ਰੋਕਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਪਾਣੀ ਦੀ ਤੋਪ ਵਰਤਦੀ ਦੇਖੀ ਗਈ। ਸਥਾਨਕ ਖ਼ਬਰਾਂ ਅਨੁਸਾਰ ਮਿਲਾਨ ਵਿਚ 10 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 60 ਪੁਲਸੀਏ ਜ਼ਖ਼ਮੀ ਹੋਏ। ਜੇਨੋਆ ਅਤੇ ਲਿਵੋਰਨੋ ਵਿਚ ਬੰਦਰਗਾਹ ਮਜ਼ਦੂਰ ਇਸ ਨੂੰ ਲੈ ਕੇ ਚਿੰਤਤ ਸਨ ਕਿ ਇਟਲੀ ਦਾ ਇਸਤੇਮਾਲ ਇਜ਼ਰਾਈਲ ਨੂੰ ਹਥਿਆਰ ਪਹੁੰਚਾਉਣ ਦੇ ਅੱਡੇ ਵਜੋਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਬੰਦਰਗਾਹਾਂ ਬੰਦ ਕਰ ਦਿੱਤੀਆਂ। ਰੋਮ ਵਿੱਚ 20,000 ਤੋਂ ਵੱਧ ਲੋਕ ਫ਼ਲਸਤੀਨੀ ਝੰਡੇ ਲਹਿਰਾਉਂਦੇ ਅਤੇ ‘ਫ਼੍ਰੀ ਫ਼ਲਸਤੀਨ’ ਦੇ ਨਾਅਰੇ ਲਗਾਉਂਦੇ ਹੋਏ ਟਰਮਿਨੀ ਰੇਲਵੇ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਅੱਲ੍ਹੜ ਵਿਦਿਆਰਥੀ ਕਹਿ ਰਹੇ ਸਨ ਕਿ ਉਹ ਉਸ ਅਬਾਦੀ ਦੀ ਹਮਾਇਤ ਕਰਨ ਆਏ ਹਨ ਜਿਨ੍ਹਾਂ ਦਾ ਕੁਲ-ਨਾਸ਼ ਕੀਤਾ ਜਾ ਰਿਹਾ ਹੈ। ਗਾਜ਼ਾ ਵਿਚ ਬੱਚਿਆਂ ਦੇ ਮਾਰੇ ਜਾਣ ਅਤੇ ਹਸਪਤਾਲਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਨੇ ਉਸਨੂੰ ਸੜਕਾਂ ’ਤੇ ਲਿਆਂਦਾ ਹੈ। ਵਿਦਿਆਰਥੀ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਹਾਲੀਆ ਰਿਪੋਰਟ ਤੋਂ ਬਖ਼ੂਬੀ ਜਾਣੂੰ ਸਨ। ਉਹ ਮੀਡੀਆ ਅਤੇ ਸਰਕਾਰਾਂ ਵੱਲੋਂ ਗਾਜ਼ਾ ਦੇ ਸੰਕਟ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਇਸ ਭਿਆਨਕ ਸੰਕਟ ਪ੍ਰਤੀ ਅੰਤਰਰਾਸ਼ਟਰੀ ਚੁੱਪ ਤੋਂ ਔਖੇ ਸਨ। ਉਹ ਇਸ ਬਾਰੇ ਵੀ ਸਪਸ਼ਟ ਸਨ ਕਿ ਉਹ ਯਹੂਦੀ ਲੋਕਾਂ ਦੇ ਨਹੀਂ ਸਗੋਂ ਕਤਲੇਆਮ ਮਚਾਉਣ ਵਾਲੀ ਇਜ਼ਰਾਈਲ ਸਰਕਾਰ ਦਾ ਵਿਰੋਧ ਕਰਨ ਲਈ ਆਏ ਹਨ। ਇਟਲੀ ਨੂੰ ਠੱਪ ਕਰਕੇ ਸਰਕਾਰ ਉੱਪਰ ਦਬਾਅ ਪਾਉਣ ਦਾ ਉਨ੍ਹਾਂ ਦਾ ਇਰਾਦਾ ਸਪਸ਼ਟ ਸੀ।
‘ਲੈੱਟਸ ਬਲੌਕ ਐਵਰੀਥਿੰਗ’ (ਸਭ ਕੁਝ ਰੋਕ ਦਿਉ) ਦੇ ਨਾਅਰੇ ਹੇਠ, ਹੜਤਾਲ ਵਿਚ ਸ਼ਾਮਲ ਲੋਕਾਂ ਨੇ ਸਰਕਾਰ ਨੂੰ ਇਜ਼ਰਾਈਲ ਨਾਲ ਵਪਾਰਕ ਅਤੇ ਫ਼ੌਜੀ ਸਹਿਯੋਗ ਮੁਅੱਤਲ ਕਰਨ ਦੀ ਮੰਗ ਕੀਤੀ ਅਤੇ ਗਲੋਬਲ ਸੁਮੂਦ ਫ਼ਲੋਟੀਲਾ ਦੀ ਹਮਾਇਤ ਕੀਤੀ– ਇਹ 51 ਛੋਟੀਆਂ ਕਿਸ਼ਤੀਆਂ ਦੀ ਅੰਤਰਰਾਸ਼ਟਰੀ ਪਹਿਲਕਦਮੀਂ ਹੈ ਜੋ ਇਜ਼ਰਾਈਲ ਦੀ ਸਮੁੰਦਰੀ ਨਾਕਾਬੰਦੀ ਤੋੜ ਕੇ ਗਾਜ਼ਾ ਵਿਚ ਮਾਨਵੀ ਸਹਾਇਤਾ ਪਹੁੰਚਾਉਣ ਦੇ ਮਿਸ਼ਨ ਤਹਿਤ ਗਾਜ਼ਾ ਨੂੰ ਜਾ ਰਹੇ ਹਨ। ਇਸ ਇਕਮੁੱਠਤਾ ਕਾਫ਼ਲੇ ਨੂੰ ਦਹਿਸ਼ਤਜ਼ਦਾ ਕਰਕੇ ਵਾਪਸ ਮੋੜਨ ਲਈ ਇਜ਼ਰਾਇਲੀ ਹਕੂਮਤ ਅੰਤਰਰਾਸ਼ਟਰੀ ਸਮੁੰਦਰੀ ਖੇਤਰ ਵਿਚ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ। ਡਰੋਨਾਂ ਰਾਹੀਂ ਕਾਫ਼ਲੇ ਦੀ ਨਿਗਰਾਨੀ ਕਰਕੇ ਅਤੇ ਧਮਾਕੇ ਕਰਕੇ ਰਸਦ ਲੈ ਕੇ ਜਾ ਰਹੇ ਲੋਕਾਂ ਨੂੰ ਡਰਾਉਣ-ਧਮਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਆਪਕ ਜਨਤਕ ਵਿਰੋਧ ਤੋਂ ਬੌਖਲਾਈ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਹੜਤਾਲ ਨੂੰ ‘ਖੱਬੇਪੱਖੀਆਂ ਦੀ ਰਾਜਨੀਤਕ ਲਾਮਬੰਦੀ’ ਕਰਾਰ ਦੇ ਕੇ ਇਸ ਦੇ ਮਹੱਤਵ ਨੂੰ ਘੱਟੇ ਰੋਲ਼ਣ ਦੀ ਕੋਸ਼ਿਸ਼ ਕੀਤੀ ਪਰ ਦੁਨੀਆ ਨੇ ਦੇਖ ਲਿਆ ਕਿ ਇਟਲੀ ਦੇ ਲੋਕ ਸਰਕਾਰ ਦੀ ਗਾਜ਼ਾ ਨੀਤੀ ਅਤੇ ਟਰੰਪ ਸਰਕਾਰ ਨਾਲ ਨੇੜਤਾ ਤੋਂ ਖ਼ਫ਼ਾ ਹਨ। ਫ਼ਲਸਤੀਨ ਨੂੰ ਮਾਨਤਾ ਦੇਣ ਤੋਂ ਪੈਰ ਖਿੱਚ ਰਹੀ ਸਰਕਾਰ ਨੂੰ ਲੋਕ ਐਕਸ਼ਨ ਦੇ ਦਬਾਅ ਹੇਠ ਸਮੂਦ ਫਲੋਟੀਲਾ ਦੀ ਰੱਖਿਆ ਲਈ ਇਟਲੀ ਦਾ ਸਮੁੰਦਰੀ ਬੇੜਾ ਭੇਜਣ ਨੂੰ ਮਨਜੂਰੀ ਦੇਣੀ ਪਈ। ਨਿਆਂਪਸੰਦ ਲੋਕਾਂ ਦੀ ਸੁਮੂਦ ਫਲੋਟਿਲਾ ਨੂੰ ਨੇਵੀ ਜਹਾਜ਼ਾਂ ਵੱਲੋਂ ਸੁਰੱਖਿਆ ਦੇਣ ਦੀ ਮੰਗ ਇਟਲੀ ਅਤੇ ਸਪੇਨ ਦੀਆਂ ਸਰਕਾਰਾਂ ਨੂੰ ਮੰਨਣੀ ਪਈ ਹੈ।
ਇਟਲੀ ਦੀ ਇਹ ਆਮ ਹੜਤਾਲ ਸਧਾਰਨ ਵਿਰੋਧ ਨਹੀਂ ਹੈ, ਅਮਰੀਕੀ-ਇਜ਼ਰਾਇਲੀ ਦਹਿਸ਼ਤਵਾਦ ਵਿਰੁੱਧ ਲੋਕ ਆਵਾਜ਼ ਪੱਖੋਂ ਇਸਦਾ ਬਹੁਤ ਵੱਡਾ ਮਹੱਤਵ ਹੈ। ਇਹ ਇਟਲੀ ਦੇ ਮਜ਼ਦੂਰਾਂ ਦੀ ਆਪਣੀ ਸਰਕਾਰ ਦੀ ਗਾਜ਼ਾ ਕਤਲੇਆਮ ਵਿਚ ਮਿਲੀਭੁਗਤ ਦੇ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਹੈ ਅਤੇ ਇਹ ਫ਼ਲਸਤੀਨ ਦੀ ਹਮਾਇਤ ’ਚ ਦੁਨੀਆ ਭਰ ਦਾ ਮਜ਼ਦੂਰ ਜਮਾਤ ਦਾ ਪਹਿਲਾ ਵੱਡਾ ਅੰਦੋਲਨ ਹੈ।
ਇਹ ਰਾਜਨੀਤਕ ਚੇਤਨਾ ਵਾਲੀ ਹੜਤਾਲ ਸੀ—ਇਹ ਤਨਖ਼ਾਹ ਜਾਂ ਆਰਥਕ ਮੰਗਾਂ ਲਈ ਨਹੀਂ ਸੀ, ਸਗੋਂ ਸਾਮਰਾਜੀ ਜੰਗਬਾਜ਼ ਹਮਲਿਆਂ ਦੇ ਖ਼ਿਲਾਫ਼ ਲੋਕ ਆਵਾਜ਼ ਸੀ ਅਤੇ ਇਹ ਦਰਸਾਉਂਦੀ ਹੈ ਕਿ ਦੱਬੀਆਂ-ਕੁਚਲੀਆਂ ਕੌਮਾਂ ਨਾਲ ਇਕਜੁੱਟਤਾ ਤਹਿਤ ਭਵਿੱਖ ’ਚ ਵਰਗ ਸੰਘਰਸ਼ ਤੇਜ਼ ਹੋਣ ਦੀ ਵੱਡੀ ਸੰਭਾਵਨਾ ਹੈ। ਇਹ ਹੜਤਾਲ ਫ਼ਲਸਤੀਨ ਨਾਲ ਅੰਤਰਰਾਸ਼ਟਰੀ ਏਕਤਾ ਦਾ ਇਕ ਇਤਿਹਾਸਕ ਅਤੇ ਨਵਾਂ ਪੜਾਅ ਹੈ, ਜੋ ਫ਼ਲਸਤੀਨੀ ਕਾਜ ਦੇ ਹੱਕ ਵਿਚ ਯਮਨ, ਇਰਾਨ, ਲਿਬਨਾਨ ਆਦਿ ਦੇ ਲੋਕਾਂ ਅਤੇ ਵਿਸ਼ਵ-ਵਿਆਪੀ ਵਿਦਿਆਰਥੀ ਅੰਦੋਲਨਾਂ ਵਾਂਗ ਮਹੱਤਵ ਰੱਖਦੀ ਹੈ। ਇਸ ਹੜਤਾਲ ਨੇ ਪੱਛਮੀ ਮੁਲਕਾਂ ਵੱਲੋਂ ‘ਫ਼ਲਸਤੀਨੀ ਰਾਜ’ ਨੂੰ ਝੂਠੀ ਮਾਨਤਾ ਦੇ ਢੌਂਗ ਨੂੰ ਬੇਨਕਾਬ ਕੀਤਾ, ਜਿਸਦਾ ਕੋਈ ਠੋਸ ਮਤਲਬ ਨਹੀਂ ਹੈ, ਸਗੋਂ ਇਹ ਸਿਰਫ਼ ਬਦਨਾਮ ਫ਼ਲਸਤੀਨੀ ਅਥਾਰਟੀ ਨੂੰ ਸਹਾਰਾ ਦੇਣ ਅਤੇ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦਾ ਹਥਕੰਡਾ ਹੈ। ਇਟਲੀ ਦੇ ਮਜ਼ਦੂਰਾਂ ਨੇ ਇਹ ਭਰਮ ਰੱਦ ਕਰਕੇ ਪੱਛਮੀ ਸਾਮਰਾਜੀ ਤਾਕਤਾਂ ਨੂੰ ਸੁਮੂਦ ਕਾਫ਼ਲੇ ਦੀ ਸੁਰੱਖਿਆ ਲਈ ਨੇਵੀ ਜਹਾਜ਼ ਭੇਜਣ ਵਰਗੇ ਠੋਸ ਫ਼ੈਸਲੇ ਲੈਣ ਲਈ ਮਜਬੂਰ ਕੀਤਾ ਹੈ ਅਤੇ ਇੰਝ ਆਪਣਾ ਇਤਿਹਾਸਕ ਫ਼ਰਜ਼ ਨਿਭਾਇਆ ਹੈ।
