ਡਾ. ਐਸ.ਪੀ.ਐਸ. ਬਰਾੜ
ਨਿਰਦੇਸ਼ਕ ਪਾਮੇਤੀ (ਸੇਵਾਮੁਕਤ)
ਪੀ.ਏ.ਯੂ, ਲੁਧਿਆਣਾ
ਫੋਨ: 99151-94104
ਗੁਰਬਾਣੀ ਵਿਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਕਾਰਨ ਹੈ ਕਿ ਇਨਸਾਨ ਜਦੋਂ ਪੈਦਾ ਹੁੰਦਾ ਹੈ ਉਸ ਨੂੰ ਮਾਂ ਦੀ ਗੋਦ ਵਿਚੋਂ ਸਾਰੀਆਂ ਦੁਨਿਆਵੀ ਅਤੇ ਸਰੀਰਕ (ਖਾਣ-ਪੀਣ) ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਪਰ ਜਦੋਂ ਉਹ ਧਰਤੀ ‘ਤੇ ਪੈਰ ਰੱਖਦਾ ਹੈ ਤਾਂ ਉਸ ਦੀਆਂ ਇਹ ਸਾਰੀਆਂ ਜ਼ਰੂਰਤਾਂ ਧਰਤੀ ਉਪਰੋਂ ਜਾਂ ਵਿਚੋਂ ਪੈਦਾ ਹੁੰਦੀਆਂ ਹਨ।
ਇਸ ਵੇਲੇ ਧਰਤੀ ਦਾ ਆਕਾਰ 51 ਕਰੋੜ ਵਰਗ ਕਿਲੋਮੀਟਰ ਹੈ ਜਿਸ ਦਾ ਦੋ-ਤਿਹਾਈ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਅਤੇ ਇੱਕ-ਤਿਹਾਈ ਹਿੱਸੇ ਵਿਚ ਪਹਾੜ, ਜੰਗਲ, ਸ਼ਹਿਰ-ਪਿੰਡ ਵਸਦੇ ਹਨ ਅਤੇ ਖੇਤੀ ਹੁੰਦੀ ਹੈ ਜਿਸ ਤੋਂ ਰੋਟੀ ਅਤੇ ਕੱਪੜਾ ਮਿਲਦਾ ਹੈ। ਇਸ ਵੇਲੇ ਧਰਤੀ ‘ਤੇ ਕੁੱਲ ਅਬਾਦੀ 820 ਕਰੋੜ ਦੀ ਹੈ। ਇਹ ਅਬਾਦੀ ਸਾਧਨਾਂ ਅਨੁਸਾਰ ਕਿਤੇ ਸੰਘਣੀ ਅਤੇ ਕਿਤੇ ਵਿਰਲੀ ਹੈ। ਏਸ ਕਰਕੇ ਇਸ ਦੀ ਕੀਮਤ ਵੀ ਵੱਧ-ਘੱਟ ਹੈ। ਜਿੱਥੇ ਅਬਾਦੀ ਸੰਘਣੀ ਹੈ ਉਥੇ ਜ਼ਿਆਦਾ ਅਤੇ ਜਿੱਥੇ ਵਿਰਲੀ ਹੈ ਉੱਥੇ ਘੱਟ ਹੈ। ਅਬਾਦੀ ਤੋਂ ਇਲਾਵਾ ਧਰਤੀ ਦੀ ਕੀਮਤ ਖਰੀਦਣ ਵਾਲੇ ਦੀ ਲੋੜ ਅਤੇ ਵੇਚਣ ਵਾਲੇ ਦੀ ਇੱਛਾ ‘ਤੇ ਵੀ ਨਿਰਭਰ ਕਰਦੀ ਹੈ। ਛੋਟੇ ਸਾਬਿਜ਼ਾਦਿਆਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਮੁਗ਼ਲਾਂ ਕੋਲੋਂ ਜ਼ਮੀਨ ਸੋਨੇ ਦੀਆਂ ਮੋਹਰਾਂ ਨਾਲ ਢੱਕ ਕੇ ਖਰੀਦੀ ਸੀ।
ਧਰਤੀ ਅਤੇ ਜ਼ਮੀਨ ਵਿਚ ਫ਼ਰਕ:
ਸੌਰ ਮੰਡਲ ਵਿਚ ਪ੍ਰਿਥਵੀ ਇਕ ਗ੍ਰਹਿ ਹੈ ਜੋ ਸੂਰਜ ਦੁਆਲੇ ਘੁੰਮਦੀ ਹੈ। ਪਰ ਨਿੱਤ ਵਰਤੋਂ ਵਿਚ ਸ਼ਬਦ ‘ਧਰਤੀ’ ਪ੍ਰਿਥਵੀ ਦੇ ਉਸ ਹਿੱਸੇ ਲਈ ਵਰਤਿਆ ਜਾਂਦਾ ਹੈ ਜੋ ਪਾਣੀ ਹੇਠ ਨਹੀਂ ਹੈ ਭਾਵ ਸਮੁੰਦਰ ਤੋਂ ਪਾਸੇ ਹੈ । ਮੁੱਖ ਤੌਰ ‘ਤੇ ਘਰ, ਸੜਕਾਂ, ਪਹਾੜ ਆਦਿ ਸਭ ਧਰਤੀ ਉੱਪਰ ਹੀ ਹਨ। ਧਰਤੀ ਵਿਚੋਂ ਹੀ ਕਈ ਪ੍ਰਕਾਰ ਦੇ ਖਣਿਜ ਅਤੇ ਧਾਤਾਂ ਕੱਢੀਆਂ ਜਾਂਦੀਆਂ ਹਨ।
ਦੂਜੇ ਪਾਸੇ ਜ਼ਮੀਨ ਧਰਤੀ ਦਾ ਉਹ ਉੱਪਰਲਾ ਹਿੱਸਾ ਹੈ ਜੋ ਉੱਪਜਾਊ ਹੈ ਅਤੇ ਬਨਾਸਪਤੀ ਉਗਾਉਣ ਦੇ ਅਨੁਕੂਲ ਹੈ ਭਾਵ ਧਰਤੀ ਦੀ ਉਹ ਉੱਪਰਲੀ ਪਰਤ ਜਿਸ ਵਿਚ ਤੁਸੀਂ ਅਨਾਜ, ਫਲ, ਫੁੱਲ, ਸਬਜ਼ੀਆਂ ਆਦਿ ਉਗਾ ਸਕੋ, ਉਸ ਨੂੰ ਜ਼ਮੀਨ ਕਿਹਾ ਜਾਂਦਾ ਹੈ ਜਾਂ ਕਹਿ ਲਿਆ ਜਾਵੇ ਜ਼ਮੀਨ ਗਲਤ ਵਰਤੋਂ ਕਾਰਨ ਜਾਂ ਸੇਮ ਕਾਰਨ ਬੰਜਰ ਹੋ ਸਕਦੀ ਹੈ, ਪਰ ਧਰਤੀ ਤਾਂ ਰਹੇਗੀ। ਧਰਤੀ ਤੋਂ ਉਪਜਾਊ ਜ਼ਮੀਨ ਬਣਦਿਆਂ ਹਜ਼ਾਰਾਂ ਸਾਲ ਲੱਗ ਜਾਂਦੇ ਹਨ। ਜਦੋਂ ਮਨੁੱਖ ਨੇ ਇੱਕ ਜਗ੍ਹਾ ਰਹਿਣਾ ਸ਼ੁਰੂ ਕੀਤਾ ਤਾਂ ਵਸੋਂ ਉਥੋਂ ਸ਼ੁਰੂ ਹੋਈ ਜਿੱਥੇ ਜ਼ਮੀਨ ੳੁੱਪਜਾਊ ਸੀ ਅਤੇ ਪੀਣ ਲਈ ਪਾਣੀ ਉੱਪਲਬਧ ਸੀ। ਇਹ ਵੀ ਕਥਨ ਹੈ ‘ਜਿਹੋ ਜਿਹੀ ਜ਼ਮੀਨ, ਉਹੋ ਜਿਹੇ ਮਨੁੱਖ’ ਮਤਲਬ ਜੇ ਜ਼ਮੀਨ ਸਿਹਤਮੰਦ ਹੈ ਤਾਂ ਉੱਥੇ ਅਬਾਦੀ ਵੀ ਸਿਹਤਮੰਦ ਹੋਵੇਗੀ।
ਜ਼ਮੀਨ ਦੇ ਪ੍ਰਬੰਧ ਲਈ ਕਈ ਤਰ੍ਹਾਂ ਦੇ ਸਿਸਟਮ ਚਲਾਏ ਗਏ। ਜ਼ਮੀਂਦਾਰੀ, ਜਾਗੀਰਦਾਰੀ, ਮਹਾਲਵਾਰੀ ਆਦਿ ਅਤੇ ਕਈ ਤਰ੍ਹਾਂ ਦੇ ਕਰਮਚਾਰੀ/ਅਹੁਦੇਦਾਰ ਵੀ ਨਿਯੁਕਤ ਕੀਤੇ ਗਏ ਜਿਵੇਂ ਕਿ ਕਰੋੜੀ, ਆਮੀਲ ਅਤੇ ਪਟਵਾਰੀ ਆਦਿ। ਕਿਸਾਨ ਕੋਲ ਜ਼ਮੀਨ ਵਾਹੁਣ ਦਾ ਹੱਕ ਓਨਾ ਚਿਰ ਹੀ ਸੀ ਜਿੰਨਾ ਚਿਰ ਉਹ ਮਾਲੀਆ ਦਿੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ (1709-15) ਆਪਣੇ ਰਾਜਕਾਲ ਵਿਚ ਪੰਜਾਬ ਵਿਚ ਜਿਮੀਂਦਾਰੀ ਸਿਸਟਮ ਖ਼ਤਮ ਕਰ ਦਿੱਤਾ। ਇਸ ਲਈ ਜ਼ਮੀਨੀ ਭਾਵ ਜ਼ਮੀਨ ਦੀ ਮਾਲਕੀ ਸਰਕਾਰ ਤੋਂ ਕਿਸਾਨ ਨੂੰ ਮਿਲ ਗਈ ਜੋ ਸਿਸਟਮ ਅੱਜ ਵੀ ਚੱਲ ਰਿਹਾ ਹੈ।
ਦੇਸ਼ ਦੀ ਵੰਡ:
ਸੰਨ 1947 ਵਿਚ ਦੇਸ਼ ਦੀ ਵੰਡ ਸਮੇਂ ਸਾਂਝੇ ਪੰਜਾਬ ਦਾ ਉਹ ਹਿੱਸਾ ਜਿਹੜਾ ਜ਼ਿਆਦਾ ਵਿਕਸਤ ਸੀ, ਜ਼ਮੀਨ ਜ਼ਿਆਦਾ ਉਪਜਾਊ ਅਤੇ ਪਾਣੀ ਦੇ ਸਾਧਨ ਜ਼ਿਆਦਾ ਸਨ ਉਹ ਪਾਕਿਸਤਾਨ ਵਿਚ ਚਲਾ ਗਿਆ। ਏਧਰਲੇ ਪੰਜਾਬ ਵਿਚ ਜ਼ਮੀਨ ਜ਼ਿਆਦਾਤਰ ਰੇਤਲੀ, ਟਿੱਬੇ, ਉੱਚੀ-ਨੀਵੀਂ ਅਤੇ ਕੱਲਰ ਵਾਲੀ ਸੀ। ਖ਼ਾਸ ਕਰਕੇ ਮਾਲਵੇ ਦਾ ਬਹੁਤਾ ਹਿੱਸਾ ਰੇਤਲਾ ਅਤੇ ਖ਼ੁਸ਼ਕੀ ਦਾ ਮਾਰਿਆ ਸੀ। ਅੱਜ ਜੋ ਪੱਧਰ ਜ਼ਮੀਨ ਉੱਪਰ ਇਕਸਾਰ ਕਣਕ-ਝੋਨਾ ਦਿਸਦਾ ਹੈ ਇਹ ਕਿਸਾਨਾਂ ਦੀ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ ਜਿਸ ਵਿਚ ਸਮੇਂ ਦੀ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਸ ਨੇ ਮੁਰੱਬਾਬੰਦੀ ਕਰਵਾਈ ਤਾਂ ਕਿ ਕਿਸਾਨਾਂ ਦੀ ਵੱਖ-ਵੱਖ ਟੁੱਕੜਿਆਂ ਵਿਚ ਪਈ ਜ਼ਮੀਨ ਇਕੱਠੀ ਹੋ ਸਕੇ। ਇਸ ਨਾਲ ਪਿੰਡਾਂ ਅਤੇ ਖੇਤਾਂ ਨੂੰ ਜਾਂਦੇ ਰਸਤੇ ਵੀ ਸਿੱਧੇ ਹੋਏ। ਤਕਨੀਕੀ ਵਿਕਾਸ ਲਈ ਯੂਨੀਵਰਸਿਟੀਆਂ, ਇੰਜਨੀਅਰਿੰਗ ਕਾਲਜ, ਆਈ.ਟੀ.ਆਈ. ਵਰਗੇ ਅਦਾਰੇ ਖੋਲ੍ਹੇ। ਪਾਣੀ ਦੇ ਇੰਤਜ਼ਾਮ ਲਈ ਸੱਤ-ਰੋਜ਼ੀ ਵਾਰੀ ਚਲਾਈ। ਕਿਸਾਨਾਂ ਦੀ ਸਹੂਲਤ ਲਈ ਪੀ.ਏ. ਡੀ.ਬੀ. (ਪੰਜਾਬ ਐਗਰੀਕਲਚਰ ਡੀਵੈਲਪਮੈਂਟ ਬੈਂਕ) ਅਤੇ ਕੋਆਪਰੇਟਿਵ ਬੈਂਕ ਅਤੇ ਕੋਆਪਰੇਟਿਵ ਸੋਸਾਇਟੀਆਂ ਖੋਲ੍ਹੀਆਂ। ਪਿੰਡਾਂ ਨੂੰ ਲਿੰਕ ਸੜਕਾਂ ਬਣਾਈਆਂ। ਮੰਡੀਕਰਨ ਸੁਧਾਰਿਆ, ਫ਼ੋਕਲ ਪੋਆਇੰਟ ਬਣਾਏ ਜਿਸ ਦੇ ਸਿੱਟੇ ਵਜੋਂ ਹਰੀ ਕ੍ਰਾਂਤੀ ਆਈ। ਦੇਸ਼ ਦੀ ਭੁੱਖ ਮਿਟੀ। ਸੂਬਾ ਖੇਤੀ, ਇੰਡਸਟਰੀ ਅਤੇ ਪ੍ਰਤੀ ਜੀਅ ਆਮਦਨ ਵਿਚ ਨੰਬਰ ਇੱਕ ਬਣਿਆ। ਸਭ ਤੋਂ ਵੱਡੀ ਗੱਲ, ਇਹ ਸਾਰੀ ਤਰੱਕੀ ਬਿਨਾਂ ਕੋਈ ਕਰਜ਼ਾ ਲਏ ਹੋਈ ਜਿੰਨਾ ਚਿਰ ਸਰਕਾਰ ਨੇ ਕੋਈ ਕਰਜ਼ਾ ਨਹੀਂ ਲਿਆ; ਸੂਬਾ ਇੱਕ ਨੰਬਰ ਰਿਹਾ। ਕਰਜ਼ਾ ਲੈਣ ਦੀ ਐਸੀ ਆਦਤ ਪਈ ਕਿ 1990 ਦੇ ਦਹਾਕੇ ਤੋਂ ਬਾਅਦ ਸਰਕਾਰ ਨੇ ਛਿੱਕ ਵੀ ਮਾਰਨੀ ਹੈ ਤਾਂ ਕਰਜ਼ਾ ਲੈ ਕੇ।
ਜ਼ਮੀਨ ਦੀ ਬਣਤਰ:
ਪੰਜਾਬ ਦੀ ਜ਼ਮੀਨ ਦਰਿਆਵਾਂ ਦੀ ਰੋਹੜ ਨਾਲ ਲਿਆਂਦੀ ਮਿੱਟੀ ਤੋਂ ਬਣੀ ਹੈ ਅਤੇ ਇਸ ਨੂੰ ‘ਅਲੂਵੀਅਲ ਸਾਇਲ’ ਕਿਹਾ ਜਾਂਦਾ ਹੈ। ਏਸੇ ਕਰਕੇ ਇਸ ਵਿਚ ਚੀਕਣੀ ਮਿੱਟੀ (ਕਲੇਅ) ਪਣਾ (ਸਿਲਟ) ਅਤੇ ਰੇਤੇ ਦੀ ਮਾਤਰਾ ਵਿਚ ਜਗ੍ਹਾ-ਜਗ੍ਹਾ ‘ਤੇ ਫ਼ਰਕ ਹੈ। ਸਾਇੰਸਦਾਨਾਂ ਨੇ ਜਿੰਨੇ ਕੁਦਰਤੀ ਤੱਤਾਂ ਦੀ ਹੁਣ ਤੱਕ ਪਹਿਚਾਣ ਕੀਤੀ ਹੈ ਉਨ੍ਹਾਂ ਵਿਚੋਂ ਬਹੁਤੇ ਜ਼ਮੀਨ ਵਿਚ ਪਾਏ ਜਾਂਦੇ ਹਨ, ਜੋ ਬਨਸਪਤੀ ਦੀ ਖੁਰਾਕ ਦਾ ਹਿੱਸਾ ਬਣਦੇ ਹਨ। ਬੂਟੇ ਦੇ ਵਧਣ-ਫੁਲਣ ਲਈ ਭਾਵੇਂ 16 ਤੱਤ ਜ਼ਰੂਰੀ ਹਨ ਪਰ ਆਮ ਬੂਟੇ ਵਿਚ 70 ਦੇ ਕਰੀਬ ਤੱਤ ਪਾਏ ਜਾਂਦੇ ਹਨ। ਇਨ੍ਹਾਂ 70 ਤੱਤਾਂ ਵਿਚੋਂ ਇਨਸਾਨਾਂ ਵਿਚ ਅੱਗੋਂ 60 ਤੱਤ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ ਜ਼ਰੂਰੀ ਸਿਰਫ 25 ਤੱਤ ਹੀ ਗਿਣੇ ਜਾਂਦੇ ਹਨ। ਬਹੁਤਾ ਇਨਸਾਨੀ ਢਾਂਚਾ ਸਿਰਫ਼ 6 ਤੱਤਾਂ ਦਾ ਬਣਿਆ ਹੈ ਜਿਸ ਵਿਚ ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਕੈਲਸ਼ੀਅਮ ਅਤੇ ਫਾਸਫੋਰਸ ਹਨ। ਇਸ ਦੇ ਨਾਲ ਗੰਧਕ (ਸਲਫ਼ਰ), ਪੋਟਾਸ਼ੀਅਮ, ਸੋਡੀਅਮ, ਕਲੋਰੀਨ ਅਤੇ ਮੈਗਨੀਸ਼ੀਅਮ। ਇਨ੍ਹਾਂ ਤੋਂ ਇਲਾਵਾ ਕੁਝ ਸੂਖਮ ਤੱਤ ਜਿਨ੍ਹਾਂ ਦੀ ਮਾਤਰਾ 0.01 ਪ੍ਰਤੀਸ਼ਤ ਤੋਂ ਘੱਟ ਹੁੰਦੀ ਹੈ। ਉਹ ਹਨ ਬੋਰੋਨ, ਕੈਡਮੀਅਮ, ਕਰੋਮੀਅਮ, ਕੋਬਾਲਟ, ਕਾਪਰ, ਫਲੋਰੀਨ, ਆਇਓਡੀਨ, ਆਇਰਨ, ਮੈਗਨੀਜ਼, ਮੋਲੀਬਡਿਨਮ, ਸਿਲੀਕੋਨ, ਟਿਨ, ਵਨੇਡੀਅਮ ਅਤੇ ਜ਼ਿੰਕ। ਏਸੇ ਕਰਕੇ ਸ਼ਾਕਾਹਾਰੀ ਲੋਕ ਬਨਸਪਤੀ ਵਿਚੋਂ ਵੀ ਸੰਤੁਲਤ ਖੁਰਾਕ ਲੈ ਲੈਂਦੇ ਹਨ। ਜਿਹੜੇ ਪੰਜਾਬੀ ਫ਼ੌਜੀਆਂ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਅਤੇ ਜੰਗਲਾਂ ਵਿਚ ਘਿਰ ਗਏ ਉਨ੍ਹਾਂ ਨੇ ਕਈ-ਕਈ ਦਿਨ ਕੱਚੀ ਬਨਸਪਤੀ ‘ਤੇ ਹੀ ਗੁਜ਼ਾਰਾ ਕੀਤਾ।
ਅੱਜ ਜ਼ਮੀਨ ਦੀ ਸਿਹਤ
ਅੱਜ-ਕਲ੍ਹ ਹਰ ਪੰਜਾਬੀ ਜਾਂ ਭਾਰਤੀ ਜੋ ਜ਼ਮੀਨ ਦੀ ਗੱਲ ਕਰਦਾ ਹੈ, ਉਹ ਇੱਕੋ ਗੱਲ ਕਰਦਾ ਹੈ ਕਿਸਾਨਾਂ ਨੇ ਰਸਾਇਣਕ ਖਾਦਾਂ ਅਤੇ ਜ਼ਹਿਰਾਂ (ਪੈਸਟੀਸਾਈਡ) ਪਾ ਕੇ ਜ਼ਮੀਨ ਦੀ ਸਿਹਤ ਖ਼ਰਾਬ ਕਰ ਦਿੱਤੀ/ਕਮਜ਼ੋਰ ਕਰ ਦਿੱਤੀ। ਇੱਥੋਂ ਤੱਕ ਕਹਿਣ ਵਿਚ ਵੀ ਗੁਰੇਜ਼ ਨਹੀਂ ਕਰਦੇ ਕਿ ਜ਼ਮੀਨਾਂ ਬੰਜਰ ਬਣਾ ਦਿੱਤੀਆਂ। ਇਨ੍ਹਾਂ ਲੋਕਾਂ ਕੋਲ ਪੇਸ਼ ਕਰਨ ਲਈ ਕੋਈ ਜਾਂਚ ਰਿਪੋਰਟ ਨਹੀਂ, ਬੱਸ, ਜੋ ਬੀਕਾਨੇਰ ਵਾਲੀ ਗੱਡੀ ਦੀ ਉਦਾਹਰਣ ਹੀ ਹੈ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੀਕਾਨੇਰ ਨੂੰ ਜਾਂਦੀ ਕੈਂਸਰ ਦੇ ਇਲਾਜ ਲਈ ਗੱਡੀ ਜਾਂ ਇਥੋਂ ਦੇ ਹਸਪਤਾਲਾਂ ਵਿਚ ਵਧਦੇ ਮਰੀਜ਼ਾਂ ਲਈ ਜ਼ਿੰਮੇਵਾਰ ਕਿਸਾਨ ਨਹੀਂ ਬਲਕਿ ਇਥੋਂ ਦੀ ਇੰਡਸਟਰੀ, ਕਾਰਪੋਰੇਸ਼ਨਾਂ, ਨਗਰ ਪਾਲਿਕਾਵਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ। ਪੰਜਾਬ ਦੀ ਜ਼ਮੀਨ ਦੀਆਂ ਰਸਾਇਣਕ ਅਤੇ ਭੌਤਿਕ ਵਿਸ਼ੇਸ਼ਤਾਈਆਂ ਵਿਚ ਹਰੀ ਕ੍ਰਾਂਤੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸੁਧਾਰ ਹੋਇਆ ਹੈ। ਜਿਹੜੀ ਜ਼ਮੀਨ ਔਸਤ ਹੈਕਟੇਅਰ ਦੇ 12 ਟਨ ਦਾਣੇ ਹਰ ਸਾਲ ਪੈਦਾ ਕਰਦੀ ਹੈ ਉਹ ਮਾੜੀ ਕਿਵੇਂ ਹੋ ਸਕਦੀ ਹੈ। ਰਹੀ ਗੱਲ ਰਸਾਇਣਕ ਖਾਦਾਂ ਦੀ, ਪੰਜਾਬ ਵਿਚ ਬਹੁਤੇ ਦੋ ਤੱਤ ਨਾਈਟਰੋਜਨ ਅਤੇ ਫਾਸਫੋਰਸ ਵਰਤੇ ਜਾਂਦੇ ਹਨ ਇਨ੍ਹਾਂ ਤੋਂ ਕਿਤੇ ਘੱਟ ਪੋਟਾਸ਼, ਜ਼ਿੰਕ, ਮੈਗਨੀਜ਼, ਆਇਰਨ ਜਾਂ ਕਾਪਰ ਆਦਿ। ਇਹ ਸਾਰੇ ਹੀ ਤੱਤ ਸਾਡੀ ਖ਼ੁਰਾਕ ਦਾ ਜ਼ਰੂਰੀ ਅੰਗ ਹਨ ਅਤੇ ਕਿਸੇ ਜ਼ਮੀਨ ਜਾਂ ਪਾਣੀ ਵਿਚ ਇਹ ਸਬੂਤ ਨਹੀਂ ਆਇਆ ਕਿ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਜਾਂ ਪਾਣੀ ਖ਼ਰਾਬ ਹੋ ਗਿਆ। ਜਿੱਥੋਂ ਤੱਕ ਪੈਸਟੀਸਾਈਡ ਦੀ ਵਰਤੋਂ ਦੀ ਗੱਲ ਹੈ, ਪੰਜਾਬ ਵਿਚ ਪੈਸਟੀਸਾਈਡ ਸਿਰਫ਼ 665 ਗ੍ਰਾਮ ਪ੍ਰਤੀ ਹੈਕਟੇਅਰ ਸਾਲਾਨਾ ਵਰਤੇ ਜਾਂਦੇ ਹਨ। ਜਦ ਕਿ ਚੀਨ ਵਿਚ 13 ਕਿਲੋ ਅਤੇ ਯੂ.ਕੇ., ਇੰਗਲੈਂਡ ਵਿਚ 6 ਕਿਲੋ ਪ੍ਰਤੀ ਹੈਕਟੇਅਰ ਹੈ। ਦੁਨੀਆ ਭਰ ਦੀ ਔਸਤ 2.37 ਕਿਲੋ ਪ੍ਰਤੀ ਹੈਕਟੇਅਰ ਹੈ। ਇਸ ਤੋਂ ਉਪਰ ਅੱਜ ਤੱਕ ਪੰਜਾਬ ਵਿਚ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸੇ ਵੀ ਇਹੋ ਜਿਹੇ ਰਸਾਇਣ ਦੀ ਵਰਤੋਂ ਦੀ ਸਿਫ਼ਾਰਿਸ਼ ਨਹੀਂ ਹੋਈ, ਜਿਹੜਾ ਬਾਇਉਡੀਗਰੇਡੇਬਲ ਨਾ ਹੋਵੇ। ਮਤਲਬ ਜਿਹੜਾ ਰਸਾਇਣ ਬੂਟੇ ਜਾਂ ਜ਼ਮੀਨ ਵਿਚ ਪਾਇਆ ਜਾਵੇਗਾ, ਉਸ ਦਾ ਮਾਲੀਕਿਊਲ ਸਮੇਂ ਨਾਲ ਐਲੀਮੈਟਲ ਫਾਰਮ (ਭਾਵ ਤੱਤ) ਵਿਚ ਬਦਲ ਜਾਵੇਗਾ ਜਾਂ ਕਹਿ ਲਓ ਉਸ ਦਾ ਜ਼ਹਿਰੀਲਾਪਣ ਖ਼ਤਮ ਹੋ ਜਾਵੇਗਾ। ਕੀ ਐਂਟੀਬਾਉਟਿਕ ਜਾਂ ਫੂਡ ਪਰੇਜ਼ਰਵੇਟਿਵ ਜ਼ਹਿਰ ਨਹੀਂ ਹਨ। ਏਸੇ ਵੇਲੇ ਭਾਰਤ ਦੀ ਪੈਸਟੀਸਾਈਡ ਇੰਡਸਟਰੀ 24500 ਕਰੋੜ ਦੀ ਹੈ ਅਤੇ ਰਸਾਇਣਕ ਖਾਦਾਂ ਦੀ 92000 ਕਰੋੜ ਦੀ। ਦੂਜੇ ਪਾਸੇ ਮਨੁੱਖੀ ਦਵਾਈਆਂ ਦਾ ਕੁੱਲ ਕਾਰੋਬਾਰ 5,16,000 ਕਰੋੜ ਦਾ ਹੈ ਜਿਸ ਵਿੱਚੋਂ ਤਕਰੀਬਨ ਅੱਧੇ ਮੁੱਲ ਦੀਆਂ ਦਵਾਈਆਂ ਬਾਹਰ ਭੇਜੀਆਂ ਜਾਂਦੀਆਂ ਹਨ।
ਜ਼ਮੀਨ ਦੀ ਸੁਚੱਜੀ ਵਰਤੋਂ
ਪੰਜਾਬ ਦੀ ਅਬਾਦੀ 1971 ਵਿਚ ਇੱਕ ਕੋਰੜ ਪੈਂਤੀ ਲੱਖ ਸੀ ਜੋ 2023 ਵਿਚ ਵਧ ਕੇ ਤਿੰਨ ਕਰੋੜ ਬਾਰਾਂ ਲੱਖ ਹੋ ਗਈ। ਖੇਤੀਬਾੜੀ ਵਾਲੀ ਜ਼ਮੀਨ ਜੋ ਉਸ ਵਕਤ ਪ੍ਰਤੀ ਜੀਅ 0.311 ਹੈਕਟੇਅਰ (ਤਕਰੀਬਨ 6 ਕਨਾਲ) ਸੀ ਉਹ ਘਟ ਕੇ 0.134 ਹੈਕਟੇਅਰ (2 ਕਨਾਲ 13 ਮਰਲੇ) ਰਹਿ ਗਈ। ਖੇਤੀਬਾੜੀ ਵਾਲੀ ਜ਼ਮੀਨ 43 ਫੀਸਦੀ ਤੱਕ ਹੀ ਰਹਿ ਗਈ ਜਿਸ ਵਿਚੋਂ ਹਰ ਪੰਜਾਬੀ ਨੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ, ਜਿਸ ਤੋਂ ਮੇਰਾ ਮਤਲਬ ਹੈ ਕਿ ਅੱਗੋਂ ਤੋਂ ਜ਼ਰਖੇਜ਼ ਜ਼ਮੀਨ ਵੀ ਵਰਤੋਂ ਘਰਾਂ, ਸੜਕਾਂ ਅਤੇ ਹੋਰ ਡਿਵੈਲਪਮੈਂਟ ਲਈ ਪਾਸੇ ਨੂੰ ਖਿਲਾਰਨ ਦੀ ਬਜਾਏ ਉੱਪਰ ਨੂੰ ਵਧਣਾ ਚਾਹੀਦਾ ਹੈ। ਅੱਜ-ਕਲ੍ਹ ਤਾਂ ਖੇਤੀ ਵਿਚ ਵੀ ਵਰਟੀਕਲ ਕਲਟੀਵੇਸ਼ਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪਰ ਪੰਜਾਬੀਆਂ ਦਾ ਖਰਚੀਲਾ ਸੁਭਾਅ ਅਤੇ ਵਿਤੋਂ ਬਾਹਰਾ ਵਿਖਾਵਾ ਕਰਨਾ ਹਰ ਵਪਾਰੀ ਕਾਰਪੋਰੇਟ ਘਰਾਣੇ ਅਤੇ ਮਜ਼ਦੂਰ ਨੂੰ ਆਵਦੇ ਵੱਲ ਖਿਚਦਾ ਹੈ। ਹਰ ਇੱਕ ਨੂੰ ਪੈਰ ਧਰਨ ਲਈ ਜ਼ਮੀਨ ਚਾਹੀਦੀ ਹੈ। ਜੇ ਬਚਦੀ ਹੈ ਬਚਾ ਲਓ। ਜ਼ਮੀਨ ਤੋਂ ਬਿਨਾ ਕਿਸਾਨ/ਜ਼ਿਮੀਂਦਾਰ/ਸਰਦਾਰ ਜੀ ਕੁੱਝ ਵੀ ਨਾਮ ਨਾਲ ਨਹੀਂ ਲੱਗਣਾ।
ਖ਼ਿਆਲ ਰਹੇ ਹੋਰ ਹਰ ਚੀਜ਼ ਵਧਾ ਸਕਦੇ ਹੋ, ਜ਼ਮੀਨ ਨਹੀਂ।
