-ਰਮਜ਼ੀ ਬਾਰੌਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਉੱਘੇ ਪੱਤਰਕਾਰ, ਛੇ ਮਕਬੂਲ ਕਿਤਾਬਾਂ ਦੇ ਲੇਖਕ ਅਤੇ ਦ ਪਾਲਿਸਤਾਈਨ ਕ੍ਰੋਨਿਕਲ ਦੇ ਸੰਪਾਦਕ ਡਾ. ਰਮਜ਼ੀ ਬਾਰੌਦ ਨੇ ਆਲਮੀ ਇਕਜੁੱਟਤਾ ਫ਼ਲੋਟੀਲਾ ਦੇ ਵੱਡੇ ਮਹੱਤਵ ਨੂੰ ਬਖ਼ੂਬੀ ਪਛਾਣਿਆ ਹੈ । ਉਹ ਸੈਂਟਰ ਫ਼ਾਰ ਇਸਲਾਮ ਐਂਡ ਗਲੋਬਲ ਅਫੇਅਰਜ਼ (CIGA) ਵਿਚ ਨਾਨ-ਰੈਜ਼ੀਡੈਂਟ ਸੀਨੀਅਰ ਰਿਸਰਚ ਫੈਲੋ ਹਨ ਅਤੇ ਫ਼ਲਸਤੀਨੀਂ ਮੁਕਤੀ ਕਾਜ ਦੀ ਡੂੰਘੀ ਸਮਝ ਰੱਖਦੇ ਹਨ। ਦੁਨੀਆ ਭਰ ’ਚ ਇਜ਼ਰਾਇਲੀ-ਅਮਰੀਕੀ ਨਸਲਵਾਦੀ ਧਾੜਵੀ ਹਮਲੇ ਨੂੰ ਚੁਣੌਤੀ ਦੇ ਰਹੇ ਲੋਕ ਅੰਦੋਲਨਾਂ ਵਿਚ ਮੌਜੂਦਾ ਫ਼ਲੋਟੀਲਾ ਦੇ ਮਹੱਤਵ ਨੂੰ ਸਮਝਣ ਲਈ ਇਸ ਟਿੱਪਣੀ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜਿਸਦਾ ਅਨੁਵਾਦ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਉਚੇਚੇ ਤੌਰ ’ਤੇ ਕੀਤਾ ਹੈ।-ਸੰਪਾਦਕ॥
ਇਜ਼ਰਾਈਲ ਸਰਕਾਰ ਦੀਆਂ ਕਾਰਵਾਈਆਂ ਅਤੇ ਬਿਆਨਬਾਜ਼ੀ ਨੂੰ ਵੇਖਣਾ ਹੀ ਗਾਜ਼ਾ ਵੱਲ ਰਵਾਨਾ ਹੋ ਰਹੇ ਇਕਜੁੱਟਤਾ ਫ਼ਲੋਟੀਲਾ ਦੇ ਡੂੰਘੇ ਮਹੱਤਵ ਨੂੰ ਸਮਝਣ ਲਈ ਕਾਫ਼ੀ ਹੈ। ਜਿਉਂ ਹੀ ਸਭ ਤੋਂ ਨਵਾਂ ਅਤੇ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਯਤਨ— ਗਲੋਬਲ ਸੌਲਿਡੈਰਿਟੀ ਫ਼ਲੋਟੀਲਾ — ਸਮੁੰਦਰੀ ਸਫ਼ਰ ਲਈ ਰਵਾਨਾ ਹੋਇਆ, ਇਜ਼ਰਾਈਲ ਦੀ ਦੁਸ਼ਮਣਾਨਾ ਸੁਰ ਹੋਰ ਵੀ ਤਿੱਖੀ ਹੋ ਗਈ ਹੈ, ਜੋ ਕੌਮੀ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵੀਰ ਦੀ ਬੋਲ ਬਾਣੀ ’ਚ ਸਭ ਤੋਂ ਤਿੱਖੇ ਅੰਦਾਜ਼ ਵਿਚ ਸਾਹਮਣੇ ਆਈ।
ਇਸ ਅਤਿਵਾਦੀ ਮੰਤਰੀ ਨੇ ਡਰਾਉਣਾ ਐਲਾਨ ਕੀਤਾ ਹੈ ਕਿ ਫ਼ਲੋਟੀਲਾ ‘ਤੇ ਸਵਾਰ ਸਾਰੇ ਵਾਲੰਟੀਅਰ ‘ਦਹਿਸ਼ਤਗਰਦ’ ਹਨ ਅਤੇ ਉਨ੍ਹਾਂ ਨਾਲ ਇਸੇ ਤਰ੍ਹਾਂ ਨਜਿੱਠਿਆ ਜਾਵੇਗਾ। ਅਹਿੰਸਕ ਕਾਰਕੁਨਾਂ ਨੂੰ ਦਹਿਸ਼ਤਗਰਦ ਮੰਨਣ ਦੇ ਭਿਆਨਕ ਮਤਲਬ ਨੂੰ ਸਮਝਣ ਲਈ ‘ਦ ਗਾਰਡੀਅਨ’ ਅਖ਼ਬਾਰ ਦੀ ਹਾਲੀਆ ਜਾਂਚ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਰਿਪੋਰਟ ਵਿਚ ਖ਼ੁਲਾਸਾ ਹੋਇਆ ਕਿ ਕਤਲੇਆਮ ਦੇ ਪਹਿਲੇ 19 ਮਹੀਨਿਆਂ ਵਿਚ ਗਾਜ਼ਾ ’ਚ ਕੈਦ ਕੀਤੇ ਗਏ 6,000 ਫ਼ਲਸਤੀਨੀਆਂ ਨੂੰ ਅਜਿਹੇ ਕਾਨੂੰਨ ਦੇ ਤਹਿਤ ਬੰਦ ਕੀਤਾ ਗਿਆ ਸੀ ਜੋ ਉਨ੍ਹਾਂ ਨੂੰ ‘ਗੈਰ-ਕਾਨੂੰਨੀ ਲੜਾਕੂ’-ਭਾਵ ਦਹਿਸ਼ਤਗਰਦ ਵਜੋਂ ਦਰਜ ਕਰਦਾ ਹੈ ਅਤੇ ਇਸ ਤਰ੍ਹਾਂ ਅਨਿਸ਼ਚਿਤ ਸਮੇਂ ਲਈ ਕੈਦ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਦਰ ਅਸਲ ਆਮ ਨਾਗਰਿਕਾਂ ਦੀ ਹੈ— ਜਿਸ ਵਿਚ ਡਾਕਟਰ, ਅਧਿਆਪਕ, ਪੱਤਰਕਾਰ, ਸਰਕਾਰੀ ਨੌਕਰਸ਼ਾਹ ਅਤੇ ਬੱਚੇ ਸ਼ਾਮਲ ਹਨ। ਇਹ ਤੱਥ ਕਿ ਇਜ਼ਰਾਈਲ ਨੇ ਇਹੋ ਜਿਹੀ ਸਖ਼ਤ ਪਰਿਭਾਸ਼ਾ ਅੰਤਰਰਾਸ਼ਟਰੀ ਕਾਰਕੁਨਾਂ ਲਈ ਵੀ ਲਾਗੂ ਕਰ ਦਿੱਤੀ ਹੈ ਜਿਨ੍ਹਾਂ ਦਾ ਐਲਾਨਿਆ ਮਿਸ਼ਨ ਗਾਜ਼ਾ ਦੀ ਨਾਕਾਬੰਦੀ ਤੋੜਨਾ ਹੈ, ਇਜ਼ਰਾਈਲ ਦੀਆਂ ਨਜ਼ਰਾਂ ’ਚ ਇਨ੍ਹਾਂ ਯਤਨਾਂ ਦੇ ਰਾਜਨੀਤਕ ਅਤੇ ਯੁੱਧਨੀਤਕ ਮਹੱਤਵ ਨੂੰ ਹੋਰ ਵੀ ਸਪੱਸ਼ਟ ਕਰਦਾ ਹੈ।
ਸਿਵਲ ਸੁਸਾਇਟੀ ਦੇ ਵਿਰੋਧ ਵਿਚ ਹਿੱਸਾ ਲੈਣ ਤੋਂ ਇਜ਼ਰਾਈਲ ਦਾ ਭੈਅ ਨਵੀਂ ਗੱਲ ਨਹੀਂ ਹੈ। ਲਗਾਤਾਰ ਜਾਰੀ ਨਸਲਕੁਸ਼ੀ ਨੇ ਸਿਰਫ਼ ਅੰਤਰਰਾਸ਼ਟਰੀ ਕਾਨੂੰਨੀ ਅਤੇ ਰਾਜਨੀਤਕ ਪ੍ਰਣਾਲੀ ਦੀ ਮੁਕੰਮਲ ਨਾਕਾਮੀ ਅਤੇ ਮੋੜਵੇਂ ਰੂਪ ’ਚ ਨਾਗਰਿਕ ਸਮਾਜ ਦੇ ਵਧਦੇ ਮਹੱਤਵ ਨੂੰ ਹੀ ਉਜਾਗਰ ਕੀਤਾ ਹੈ।
ਜਦੋਂ ਫਰੀ ਗਾਜ਼ਾ ਮੂਵਮੈਂਟ ਦੀ ਪਹਿਲੀ ਬੇੜੀ 2008 ’ਚ ਗਾਜ਼ਾ ਪਹੁੰਚੀ ਸੀ, ਤਾਂ ਇਜ਼ਰਾਈਲ ਭੜਕ ਗਿਆ ਸੀ। ਕਾਰਕੁਨ ਆਪਣੇ ਸਮਾਜਾਂ ਨੂੰ ਗਾਜ਼ਾ ਪੱਟੀ ‘ਤੇ ਥੋਪੀ ਇਜ਼ਰਾਈਲੀ ਨਾਕਾਬੰਦੀ ਬਾਰੇ ਜਾਗਰੂਕ ਕਰਨ ਵਾਲੇ ਮਹੱਤਵਪੂਰਨ ਰਾਜਦੂਤ ਬਣ ਗਏ। 2010 ਦੇ ਗਾਜ਼ਾ ਫਰੀਡਮ ਫ਼ਲੋਟੀਲਾ — ਜਿਸ ਵਿਚ ਐੱਮਵੀ ਮਾਵੀ ਮਰਮਾਰਾ ਸ਼ਾਮਲ ਸੀ— ਪ੍ਰਤੀ ਤੇਲ ਅਵੀਵ ਦਾ ਪ੍ਰਤੀਕਰਮ ਘਾਤਕ ਸੀ। ਇਜ਼ਰਾਈਲੀ ਕਮਾਂਡੋਆਂ ਨੇ 10 ਕਾਰਕੁਨਾਂ ਨੂੰ ਕਤਲ ਕਰ ਦਿੱਤਾ ਅਤੇ ਇਸ ਨਾਲ ਇਹ ਸਖ਼ਤ ਸੁਨੇਹਾ ਦਿੱਤਾ ਕਿ ਇਜ਼ਰਾਈਲ ਫ਼ਲਸਤੀਨੀਆਂ ਵਿਰੁੱਧ ਛੇੜੀ ਜੰਗ ਵਿਚ ਕੋਈ ਵੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ, ਭਾਵੇਂ ਇਹ ਜਾਣੀਆਂ-ਪਛਾਣੀਆਂ ਅਤੇ ਸਤਿਕਾਰਤ ਪੱਛਮੀ ਸੰਸਥਾਵਾਂ ਵੱਲੋਂ ਹੀ ਕਿਉਂ ਨਾ ਹੋਵੇ।
ਓਦੋਂ ਤੋਂ ਲੈ ਕੇ ਕਾਰਕੁਨਾਂ ਨੂੰ ਮੁਜਰਮ ਮੰਨ ਕੇ ਸਲੂਕ ਕਰਨਾ ਇਜ਼ਰਾਈਲ ਦੀ ਆਮ ਨੀਤੀ ਬਣ ਗਿਆ ਹੈ। ਇਸ ਦੀ ਪੁਸ਼ਟੀ ਇਹ ਤੱਥ ਵੀ ਕਰਦਾ ਹੈ ਕਿ ਨਾਗਰਿਕਾਂ ਉੱਪਰ ਕੀਤੀ ਗਈ ਇਸ ਘੋਰ ਹਿੰਸਾ ਲਈ ਅੱਜ ਤੱਕ ਕਦੇ ਵੀ ਕਿਸੇ ਇਜ਼ਰਾਈਲੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਫਿਰ ਵੀ, ਇਕਜੁੱਟਤਾ ਕਾਰਕੁਨ 2011, 2015 ਅਤੇ 2018 ’ਚ ਵਾਰ-ਵਾਰ ਸਮੁੰਦਰ ਵਿਚ ਠਿੱਲਦੇ ਰਹੇ। ਇਨ੍ਹਾਂ ਮਿਸ਼ਨਾਂ ਦੇ ਮੁੜ-ਮੁੜ ਜਾਣ ਦੀ ਗਿਣਤੀ ਘੱਟ ਹੋਣ ਦਾ ਕਾਰਨ ਰੁਚੀ ਦੀ ਘਾਟ ਨਹੀਂ ਸੀ, ਬਲਕਿ ਇਹ ਸੀ ਕਿ ਕੁਝ ਯੂਰਪੀ ਮੁਲਕਾਂ ਨੇ, ਇਜ਼ਰਾਈਲ ਨਾਲ ਮਿਲ ਕੇ ਕਾਰਕੁਨਾਂ ਨੂੰ ਸਮੁੰਦਰੀ ਸਫ਼ਰ ਤੋਂ ਰੋਕਣ ਲਈ ਹਰ ਹਰਬਾ ਵਰਤਿਆ।
ਮੌਜੂਦਾ ਨਸਲਕੁਸ਼ੀ ਨਾਲ ਇਹ ਸਥਿਤੀ ਨਾਟਕੀ ਤੌਰ ‘ਤੇ ਬਦਲ ਗਈ ਹੈ। ਗਾਜ਼ਾ ਵਿਚ ਫ਼ਲਸਤੀਨੀਆਂ ਨਾਲ ਇਕਜੁੱਟਤਾ ਯੂਰਪੀ ਸਮਾਜਾਂ ਵਿਚ ਡੂੰਘੀਆਂ ਜੜਾਂ ਲਾ ਚੁੱਕੀ ਹੈ ਅਤੇ ਆਖਿæਰਕਾਰ ਇਸ ਮਿਸ਼ਨ ਨੇ ਸਪੇਨ ਸਮੇਤ ਵੱਖ-ਵੱਖ ਸਰਕਾਰਾਂ ਦੀ ਹਮਾਇਤ ਹਾਸਲ ਕਰ ਲਈ ਹੈ, ਜਿੱਥੋਂ ਤਾਜ਼ਾ ਆਲਮੀ ਇਕਜੁੱਟਤਾ ਫ਼ਲੋਟੀਲਾ ਰਵਾਨਾ ਹੋਇਆ। ਬਾਰਸੀਲੋਨਾ ਤੋਂ ਸ਼ੁਰੂ ਹੋ ਕੇ, ਰਸਤੇ ਵਿਚ ਹੋਰ ਜਹਾਜ਼ ਵੀ ਜੁੜਦੇ ਜਾ ਰਹੇ ਹਨ। ਇਹ ਸਭ ਮਿਲ ਕੇ ਗਾਜ਼ਾ ਲਈ ਲੋੜੀਂਦਾ ਸਮਾਨ ਲੈ ਕੇ ਜਾ ਰਹੇ ਹਨ, ਇਹ ਭਲੀ ਪ੍ਰਕਾਰ ਜਾਣਦੇ ਹੋਏ ਵੀ ਕਿ ਜੀਵਨ-ਬਚਾਓ ਸਮਾਨ ਸਮੇਤ ਉਨ੍ਹਾਂ ਨੂੰ ਰੋਕੇ ਜਾਣ ਜਾਂ ਕਬਜ਼ੇ ਵਿਚ ਲੈ ਲਏ ਜਾਣ ਦੀ ਸੰਭਾਵਨਾ ਗਾਜ਼ਾ ਤੱਕ ਪਹੁੰਚਣ ਨਾਲੋਂ ਕਈ ਗੁਣਾ ਵੱਧ ਹੈ।
ਤਾਜ਼ਾ ਘਟਨਾਵਾਂ ਨੇ ਇਹ ਉੱਘੜਵੀਂ ਹਕੀਕਤ ਹੋਰ ਵੀ ਪੱਕੀ ਕਰ ਦਿੱਤੀ ਹੈ। ਇਸ ਸਾਲ ਮਈ ਮਹੀਨੇ ਕੌਨਸਾਇੰਸ ਫ਼ਲੋਟੀਲਾ ‘ਤੇ ਮਾਲਟਾ ਦੇ ਸਮੁੰਦਰੀ ਕੰਢੇ ਉੱਤੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸੇ ਦੌਰਾਨ ਕ੍ਰਮਵਾਰ ਜੂਨ ਅਤੇ ਜੁਲਾਈ ਵਿਚ ਮੈਡਲੀਨ ਅਤੇ ਹੰਡਾਲਾ ਨੂੰ ਜ਼ਬਤ ਕਰ ਲਿਆ ਗਿਆ। ਮੈਡਲੀਨ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ, ਰੱਖਿਆ ਮੰਤਰੀ ਇਜ਼ਰਾਈਲ ਕੈਟਜ਼ ਨੇ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਕਾਰਕੁਨ ਗਰੇਟਾ ਥਨਬਰਗ, ਜੋ ਫ਼ਲੋਟੀਲਾ ਵਿਚ ਸ਼ਾਮਲ ਸੀ, ਨੂੰ ‘ਯਹੂਦੀ ਵਿਰੋਧੀ’ ਕਿਹਾ ਅਤੇ ਧਮਕੀ ਦਿੱਤੀ: ‘ਚੰਗਾ ਹੋਵੇਗਾ ਕਿ ਤੁਸੀਂ ਵਾਪਸ ਮੁੜ ਜਾਓ… ਕਿਉਂਕਿ ਤੁਹਾਨੂੰ ਗਾਜ਼ਾ ਨਹੀਂ ਪਹੁੰਚਣ ਦਿੱਤਾ ਜਾਵੇਗਾ। ਇਜ਼ਰਾਈਲ ਨਾਕਾਬੰਦੀ ਤੋੜਨ ਜਾਂ ‘ਦਹਿਸ਼ਤਗਰਦ ਜਥੇਬੰਦੀਆਂ’ ਦੀ ਮਦਦ ਕਰਨ ਦੀ ਹਰੇਕ ਕੋਸ਼ਿਸ਼ ਖ਼ਿਲਾਫ਼ ਕਾਰਵਾਈ ਕਰੇਗਾ।’
ਇਹ ਗੁੱਸਾ ਉਸੇ ਕ੍ਰੋਧੀ ਭਾਸ਼ਾ ਅਤੇ ਹਿੰਸਕ ਕਾਰਵਾਈਆਂ ਦੀ ਗੂੰਜ ਹੈ, ਜਿਨ੍ਹਾਂ ਦੀ ਵਰਤੋਂ ਇਜ਼ਰਾਈਲੀ ਸਰਕਾਰਾਂ ਲਗਾਤਾਰ ਉਨ੍ਹਾਂ ਸਭ ਦੇ ਖ਼ਿਲਾਫ਼ ਕਰਦੀਆਂ ਆ ਰਹੀਆਂ ਹਨ ਜੋ ਗਾਜ਼ਾ ਦੀ ਨਾਕਾਬੰਦੀ ਨੂੰ ਚੁਣੌਤੀ ਦੇਣ ਦਾ ਜੇਰਾ ਕਰਦੇ ਹਨ। ਪਰ ਏਨਾ ਕ੍ਰੋਧ ਕਿਉਂ? ਇਹ ਛੋਟੇ-ਛੋਟੇ, ਸੀਮਤ ਵਸੀਲਿਆਂ ਵਾਲੇ ਯਤਨ ਆਪਣੇ ਆਪ ’ਚ ਨਾਕਾਬੰਦੀ ਤੋੜਨ ਜਾਂ ਨਸਲਕੁਸ਼ੀ ਤੇ ਅਕਾਲ ਝੱਲ ਰਹੀ 20 ਲੱਖ ਆਬਾਦੀ ਨੂੰ ਭੋਜਨ ਮੁਹੱਈਆ ਕਰਨ ਦੇ ਸਮਰੱਥ ਨਹੀਂ ਹਨ।
ਦਰ ਅਸਲ, ਇਜ਼ਰਾਈਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਫ਼ਲਸਤੀਨ ਦੇ ਮਾਮਲੇ ਵਿਚ ਨਾਗਰਿਕ ਸਮਾਜ ਦੀ ਕਾਰਵਾਈ ਕਿੰਨੀ ਪ੍ਰਭਾਵਸ਼ਾਲੀ ਹੈ। ਦੁਨੀਆ ਭਰ ’ਚ ਫ਼ਲਸਤੀਨੀਆਂ ਦੇ ਹੱਕਾਂ ਲਈ ਸਭ ਤੋਂ ਵੱਧ ਵਕਾਲਤ ਉਨ੍ਹਾਂ ਵੱਲੋਂ ਨਹੀਂ ਆਉਂਦੀ ਜੋ ਫ਼ਲਸਤੀਨੀ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ, ਬਲਕਿ ਮੁੱਖ ਤੌਰ ’ਤੇ ਨਾਗਰਿਕ ਸਮਾਜ ਵੱਲੋਂ ਆਉਂਦੀ ਹੈ। ਇਸ ਵਿਚ ਸ਼ਾਮਲ ਹਨ: ਸਰਕਾਰਾਂ ‘ਤੇ ਦਬਾਅ ਪਾਉਣ ਵਾਲੀ ਰਾਜਨੀਤਕ ਵਕਾਲਤ, ਰਾਜਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਲਈ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਕਾਨੂੰਨੀ ਕਾਰਵਾਈਆਂ, ਨਿਵੇਸ਼-ਵਾਪਸੀ ਅਤੇ ਬਾਈਕਾਟ ਰਾਹੀਂ ਆਰਥਕ ਦਬਾਅ, ਸੱਭਿਆਚਾਰਕ ਅਤੇ ਅਕਾਦਮਿਕ ਬਾਈਕਾਟ, ਅਤੇ ਜ਼ਮੀਨੀਂ ਪੱਧਰ ’ਤੇ ਵਿਆਪਕ ਲੋਕ-ਲਾਮਬੰਦੀ।
ਲਿਹਾਜ਼ਾ, ਇਕਜੁੱਟਤਾ ਫ਼ਲੋਟੀਲਾ ਇਸ ਗੱਲ ਦੇ ਜ਼ੋਰਦਾਰ ਪ੍ਰਤੀਕ ਹਨ ਕਿ ਨਾਗਰਿਕ ਸਮਾਜ ਉਹ ਕੰਮ ਕਰਨ ਲਈ ਕਿੰਨੀ ਦੂਰ ਤੱਕ ਜਾਣ ਲਈ ਤਿਆਰ ਹੈ ਜੋ ਦਰ ਅਸਲ ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ। ਬੇਨ-ਗਵੀਰ ਦੀ ਇਹ ਜ਼ਾਹਰਾ ਧਮਕੀ ਕਿ ਕਾਰਕੁਨਾਂ ਨੂੰ ‘ਦਹਿਸ਼ਤਗਰਦ’ ਮੰਨ ਕੇ ਨਜਿੱਠਿਆ ਜਾਵੇਗਾ, ਦਰ ਅਸਲ ਇਜ਼ਰਾਈਲ ਦੇ ਡੂੰਘੇ ਡਰਾਂ-ਫ਼ਿਕਰਾਂ ਦਾ ਸਿੱਧਾ ਪ੍ਰਤੀਬਿੰਬ ਹੈ ਅਤੇ ਵਿਰੋਧਾਭਾਸੀ ਤੌਰ ‘ਤੇ ਇਹ ਅੰਤਰਰਾਸ਼ਟਰੀ ਇਕਜੁੱਟਤਾ ਅੰਦੋਲਨ ਦੇ ਵਧਦੇ ਪ੍ਰਭਾਵ ਦਾ ਜ਼ੋਰਦਾਰ ਇਕਬਾਲ ਵੀ ਹੈ।
ਆਖਿæਰਕਾਰ ਫ਼ਲਸਤੀਨੀ ਲੋਕ, ਉਨ੍ਹਾਂ ਦੀ ਸੁਮੂਦ (ਦ੍ਰਿੜਤਾ), ਸਿਰੜ ਅਤੇ ਸਹਿਨਸ਼ੀਲਤਾ ਹੀ ਇਜ਼ਰਾਈਲ ਦੀ ਯੁੱਧਨੀਤੀ ਨੂੰ ਹਰਾ ਦੇਵੇਗੀ, ਪਰ ਅੰਤਰਰਾਸ਼ਟਰੀ ਇਕਜੁੱਟਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਘਟਾ ਕੇ ਨਹੀਂ ਅੰਗਣਾ ਚਾਹੀਦਾ। ਫਰੀਡਮ ਫ਼ਲੋਟੀਲਾ ਨੂੰ ਸਿਰਫ਼ ਇਸ ਆਧਾਰ ‘ਤੇ ਨਹੀਂ ਅੰਗਣਾ ਚਾਹੀਦਾ ਕਿ ਉਹ ਗਾਜ਼ਾ ਤੱਕ ਪਹੁੰਚਦੇ ਹਨ ਜਾਂ ਨਹੀਂ। ਬਲਕਿ, ਉਹ ਇਕ ਜਟਿਲ ਆਲਮੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹਨ ਜੋ ਆਖਿæਰਕਾਰ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਡੂੰਘੀ ਅਲੱਗ-ਥਲੱਗਤਾ ਵੱਲ ਲੈ ਜਾਵੇਗੀ, ਅਤੇ ਇਹ ਪ੍ਰਕਿਰਿਆ ਪਹਿਲਾਂ ਹੀ ਕਾਫ਼ੀ ਕਾਮਯਾਬੀ ਨਾਲ ਸ਼ੁਰੂ ਹੋ ਚੁੱਕੀ ਹੈ।
