ਚੇਤਿਆਂ `ਚ ਵੱਸਿਆ ਹਰਭਜਨ ਸੋਹੀ ਅਤੇ ਇਨਕਲਾਬੀ ਨਕਸਲੀ ਲਹਿਰ ਦਾ ਰੋਮਾਂਸ-7

ਅਤਰਜੀਤ
ਕਾਮਰੇਡ ਹਰਭਜਨ ਸੋਹੀ ਬਾਰੇ ਆਪਣੀਆਂ ਯਾਦਾਂ ਦੇ ਬਿਰਤਾਂਤ ਦੀ ਆਖਰੀ ਕਿਸ਼ਤ ਵਿਚ ਅਤਰਜੀਤ ਨੇ ਆਪਣੇ ਮਹਿਬੂਬ ਆਗੂ ਨਾਲ ਜੇਲ੍ਹ ਅੰਦਰ ਬਿਤਾਏ ਆਪਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਯਾਦਾਂ ਵਿਚੋਂ ਵੀ ਉਸ ਦਾ ਕਾਮਰੇਡ ਸੋਹੀ ਪ੍ਰਤੀ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਕਈ ਗੱਲਾਂ ਦੇ ਨਾਲ ਉਹ ਜੇਲ੍ਹ ਅੰਦਰ ਪੜ੍ਹਨ ਲਈ ਪ੍ਰਾਪਤ ਹੋਏ ਮਹਾਨ ਫਰਾਂਸੀਸੀ ਨਾਵਲਕਾਰ ਫਲਾ ਬੇਅਰ ਦੇ ਜਗਤ ਪ੍ਰਸਿੱਧ ਨਾਵਲ ‘ਮਾਦਾਮ ਬਾਵਾਰੀ’ ਬਾਰੇ ਖੁLਦ ਆਪਣੀ ਅਤੇ ਕਾਮਰੇਡ ਸੋਹੀ ਦੀ ਸਮਝ ਬਾਰੇ ਵੀ ਚਰਚਾ ਕੀਤੀ ਹੈ।

ਮੈਨੂੰ ਮੁਅੱਤਲੀ ਭੱਤਾ ਮਿਲ਼ਣ ਲੱਗ ਪਿਆ| ਮੁੱਖ ਅਧਿਆਪਕਾ ਪ੍ਰਿਤਪਾਲ ਕੌਰ ਨੇ ਤਿੰਨ-ਚਾਰ ਅਧਿਆਪਕ ਮੇਰੀ ਮੁਲਾਕਾਤ ਲਈ ਭੇਜ ਕੇ ਹੌਸਲਾ-ਅਫ਼ਜ਼ਾਈ ਵੀ ਕੀਤੀ ਤੇ ਉਸ ਨੇ ਯਤਨ ਕਰ ਕੇ ਮੇਰਾ ਮੁਅੱਤਲੀ ਭੱਤਾ ਚਾਲੂ ਕਰਵਾ ਦਿੱਤਾ| ਮੈਂ ਹਰ ਮਹੀਨੇ ਰਸੀਦੀ ਟਿਕਟ ਉੱਪਰ ਦਸਤਖ਼ਤ ਕਰ ਕੇ ਮਾਸਟਰ ਮੇਘ, ਜੋ ਗ੍ਰਿਫ਼ਤਾਰੀ ਤੋਂ ਬਚਿਆ ਹੋਇਆ ਸੀ, ਕੋਲ਼ ਭੇਜ ਦਿੰਦਾ। ਉਸ ਕੋਲ਼ ਮੇਰੇ ਦੋ ਸੌ ਵੀਹ ਰੁਪਏ ਪਹੁੰਚ ਜਾਂਦੇ| ਮੇਘ ਇੱਕ ਸੌ ਵੀਹ ਰੁਪਏ ਮੇਰੀ ਮਤਰੇਈ ਭੈਣ ਮਹਿੰਦਰ, ਜੋ ਉਸ ਵਕਤ ਜੇ.ਬੀ.ਟੀ. ਕਰ ਰਹੀ ਨੂੰ ਦੇ ਦਿੰਦਾ ਤੇ ਸੌ ਰੁਪਿਆ ਮੇਰੇ ਕੋਲ਼ ਜੇਲ੍ਹ ਵਿਚ ਪਹੁੰਚਾ ਦਿੰਦਾ| ਮੈਂ ਉਹ ਪੈਸੇ ਸਾਡੇ ਕਮਿਊਨ ਵਿਚ ਦੇ ਦਿੰਦਾ| ਇਉਂ ਹਰਭਜਨ ਦੀ ਮੇਰੇ ਉੱਪਰ ਹੋਰ ਵੀ ਸਵੱਲੀ ਨਜ਼ਰ ਹੋ ਗਈ| ਬੀਮਾਰੀ ਦੇ ਕਾਰਨ ਕਮਜ਼ੋਰੀ ਬਹੁਤ ਹੋਈ ਜਾ ਰਹੀ ਸੀ| ਉਸ ਨੇ ਮੈਨੂੰ ਆਪਣੀ ਬੈਰਕ ਵਿਚ ਬੁਲਾਇਆ-‘ਇਨ੍ਹਾਂ ਪੈਸਿਆਂ ਵਿਚੋਂ ਕਿੱਲੋ ਦੁੱਧ ਲਵਾ ਲੈ| ਆਪਾਂ ਦੋਵੇਂ ਰਲ਼ ਕੇ ਪੀਆ ਕਰਾਂਗੇ|’ ਇਹ ਨਹੀਂ ਕਿ ਉਸ ਨੂੰ ਦੁੱਧ ਦਾ ਲਾਲਚ ਸੀ| ਉਹ ਮੇਰੀ ਨਬਜ਼ ਫੜੀ ਬੈਠਾ ਸੀ ਕਿ ਮੈਂ ਆਪਣੇ ਵਾਸਤੇ ਅੱਧਾ ਕਿੱਲੋ ਦੁੱਧ ਨਹੀਂ ਲਗਵਾਵਾਂਗਾ| ਦੋਵੇਂ ਰਲ਼ ਕੇ ਪੀਣ ਵਾਲ਼ੀ ਗੱਲ ਮਨੋਵਿਗਿਆਨਕ ਸਮਝ ਵਿਚੋਂ ਨਿੱਕiਲ਼ਆ ਬਿਰਤਾਂਤ ਸੀ| ਅਸੀਂ ਅਗਲੇ ਹੀ ਦਿਨ ਦੁੱਧ ਲਗਵਾ ਲਿਆ| ਦੋਵੇਂ ਰਲ਼ ਕੇ ਪੀਂਦੇ| ਮੈਂ ਸੱਚ ਕਹਿੰਦਾ ਹਾਂ ਕਿ ਮੈਨੂੰ ਚਾਅ ਜਿਹਾ ਚੜ੍ਹਿਆ ਰਹਿੰਦਾ| ਬਹੁਤ ਥੋੜ੍ਹੇ ਹੀ ਦਿਨਾਂ ਬਾਅਦ ਉਸ ਨੇ ਆਪ ਹੀ ਕਹਿ ਦਿੱਤਾ-‘ਅਤਰਜੀਤ ਤੂੰ ਆਪਣੇ ਜੋਗਾ ਦੁੱਧ ਮੰਗਵਾਇਆ ਕਰ, ਮੈਨੂੰ ਦੁੱਧ ਹਜ਼ਮ ਨਹੀਂ ਹੁੰਦਾ| ਇਹ ਵੀ ਉਸ ਦਾ ਝੂਠ ਸੀ, ਪਰ ਇਸ ਦੇ ਅਰਥ ਬਹੁਤ ਗਹਿਰੇ ਸਨ| ਮੇਰਾ ਖ਼ਿਆਲ ਰੱਖਣ ਲਈ ਹੀ ਉਸ ਨੇ ‘ਆਪਾਂ ਰਲ਼ ਕੇ ਦੁੱਧ ਪੀਆ ਕਰਾਂਗੇ’ ਬਿਰਤਾਂਤ ਸਿਰਜਿਆ ਸੀ|
ਜੇਲ੍ਹ ਦੀ ਲਾਇਬਰੇਰੀ ਵਿਚੋਂ ਸਾਥੀ ਬਾਰੂ ਸਤਵਰਗ ‘ਮਾਦਾਮ ਬਾਵਾਰੀ’ ਨਾਵਲ ਕਢਵਾ ਕੇ ਲਿਆਇਆ| ਉਹ ਨਾਵਲ ਪੜ੍ਹ ਕੇ ਮੇਰੇ ਕੋਲ਼ ਲੈ ਕੇ ਆਇਆ ਤੇ ਮੈਨੂੰ ਪੜ੍ਹਨ ਨੂੰ ਦਿੱਤਾ| ਸਾਡੇ ਵਿਚ ਨਾਵਲ ਦੇ ਵਿਸ਼ੇ ਉੱਪਰ ਬਹੁਤ ਨੋਕ-ਝੋਕ ਹੋਈ| ਉਹ ਨਾਵਲ ਨੂੰ ਲੱਚਰ ਕਹਿ ਰਿਹਾ ਸੀ| ਅਸ਼ਲੀਲ ਸ਼ਬਦ ਅਜੇ ਸਾਡੇ ਸ਼ਬਦ ਭੰਡਾਰ ਦਾ ਹਿੱਸਾ ਨਹੀਂ ਸੀ ਬਣਿਆ| ਮੈਂ ਉਸ ਨਾਲ ਸਹਿਮਤ ਨਹੀਂ ਸਾਂ| ਮੈਂ ਇਸ ਨਾਵਲ ਦੀ ਨਾਇਕ ਮਾਦਾਮ ਬਾਵਾਰੀ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਵੇਖਦਾ ਸਾਂ| ਬਾਰੂ ਸਤਵਰਗ ਨੇ ਖਿਝ ਕੇ ਇਹ ਵੀ ਕਹਿ ਦਿੱਤਾ ਸੀ ਕਿ ਤੂੰ ਤਾਂ ਮੈਰਿਜ ਬਿਉਰੋ ਵਾiਲ਼ਆਂ ਦਾ ਪੱਖ ਲੈ ਰਿਹੈਂ, ਜਿਹੜੇ ਔਰਤਾਂ ਨਾਲ ਖੁੱਲ੍ਹ ਮਾਣਨ ਦੀ ਗੱਲ ਕਹਿੰਦੇ ਨੇ| ਇਹੋ ਜਿਹਾ ਟਕਰਾ ਮੇਰੇ ਤੇ ਬਾਰੂ ਸਤਵਰਗ ਵਿਚ ਐਮਰਜੈਂਸੀ ਤੋਂ ਪਹਿਲਾਂ ਵੀ ਉਨ੍ਹਾਂ ਦੁਆਰਾ ਕੱਢੇ ਜਾਂਦੇ ਸਾਹਿਤਕ ਪਰਚੇ ਵਿਚ ਕਾਮਰੇਡ ਲੈਨਿਨ ਦੇ ਲੇਖ-‘ਪਾਰਟੀ ਜੀਵਨ ਤੇ ਪਾਰਟੀ ਸਾਹਿਤ’ ਛਪਣ ਸਮੇਂ ਵੀ ਪੈਦਾ ਹੋਇਆ ਸੀ| ਮੈਂ ਉਸ ਲੇਖ ਨੂੰ ਸਾਹਿਤਕ ਨਹੀਂ ਸੀ ਮੰਨਦਾ| ਬਾਰੂ ਸਤਵਰਗ ਦੇ ਨਾਲ ਖੜ੍ਹੇ ਸਾਰੇ ਸਾਥੀ ਹੀ ਮੇਰੀ ਸਮਝ ਨੂੰ ਸੋਧਵਾਦ ਦੀ ਉੱਲੀ ਲੱਗੀ ਸਾਬਤ ਕਰਨ ਲੱਗੇ ਹੋਏ ਸਨ| ਬਹੁਤ ਸਾਲਾਂ ਬਾਅਦ ਬਾਰੂ ਸਤਵਰਗ ਮੇਰੇ ਨਾਲ ਸਹਿਮਤ ਹੋਇਆ ਕਿ ਉਹ ਲੇਖ ਸਾਹਿਤਕ ਨਹੀਂ, ਪਾਰਟੀ ਸਾਹਿਤ ਅਤੇ ਪਾਰਟੀ ਜੀਵਨ ਦੇ ਵਿਸ਼ੇ ਨਾਲ ਸਬੰਧਤ ਸੀ|
ਮਾਦਾਮ ਬਾਵਾਰੀ ਨਾਵਲ ਮੈਂ ਹਰਭਜਨ ਕੋਲ਼ ਲੈ ਗਿਆ-‘ਇਹ ਨਾਵਲ ਪਹਿਲਾਂ ਪੜ੍ਹਿਆ ਹੈ ਕਿ ਨਹੀਂ|’ ਉਸ ਨੇ ਮੇਰੇ ਕੋਲ਼ੋਂ ਹਾਂ-ਹੂੰ ਕਹੇ ਬਗੈਰ ਨਾਵਲ ਲੈ ਲਿਆ ਤੇ ਦੋ ਤਿੰਨ ਦਿਨਾਂ ਵਿਚ ਪੜ੍ਹ ਕੇ ਮੈਨੂੰ ਆਪਣੇ ਕੋਲ ਬੁਲਾਇਆ| ਪਾਠਕ ਸੋਚ ਸਕਦੇ ਹਨ ਕਿ ਹਰਭਜਨ ਆਪ ਮੇਰੇ ਕੋਲ਼ ਕਿਉਂ ਨਹੀਂ ਸੀ ਆਉਂਦਾ| ਕੀ ਉਹ ਆਪਣੇ ਆਪ ਨੂੰ ਇੱਕ ਹਸਤੀ ਸਮਝ ਕੇ ਮੈਨੂੰ ਆਪਣੇ ਕੋਲ਼ ਬੁਲਾਉਂਦਾ ਸੀ| ਨਹੀਂ ਅਸਲ ਵਿਚ ਸਾਡੇ ਵਾਲ਼ੀ ਬੈਰਕ ਵਿਚ ਸਾਰੇ ਹੀ ਚਾਰੂਵਾਦੀ ਸਾਥੀ ਸਨ, ਜਿਨ੍ਹਾਂ ਦਾ ਆਗੂ ਮੱਘਰ ਕੁੱਲਰੀਆਂ ਸੀ| ਉਹ ਇਸ ਗਰੁੱਪ ਪ੍ਰਤੀ ਮੰਦ-ਭਾਵਨਾ ਰੱਖਦੇ ਸਨ, ਜਿਸ ਕਾਰਨ ਹਰਭਜਨ ਤੇ ਬਾਕੀ ਵੀ ਸਾਰੇ ਪਾਸਾ ਵੱਟ ਕੇ ਰੱਖਦੇ ਸਨ| ਮੈਂ ਜਾਂਦੇ ਸਾਰ ਪੁੱਛਿਆ-‘ਪੜ੍ਹ ਲਿਆ ਨਾਵਲ?’ ਉਹ ਮੁਸਕਰਾਇਆ-‘ਵਧੀਆ ਨਾਵਲ ਹੈ|’ ‘ਮੈਂ ਇਸ ਨਾਵਲ ਉੱਪਰ ਆਪਣੇ ਵਿਚਾਰ ਰੱਖਣਾ ਚਾਹੁਨਾ| ਹਰਭਜਨ ਤੂੰ ਨਾ ਬੋਲੀਂ| ਮੈਨੂੰ ਸੁਣੀਂ|’ ਅਸਲ ਵਿਚ ‘ਮਾਦਾਮ ਬਾਵਾਰੀ’ ਨਾਵਲ ਦੀ ਨਾਇਕਾ ਆਪਣੇ ਪਤੀ ਤੋਂ ਸੰਤੁਸ਼ਟ ਨਹੀਂ ਹੁੰਦੀ| ਉਹ ਇੱਕ ਤੋਂ ਬਾਅਦ ਇੱਕ ਬੰਦਿਆਂ ਨਾਲ ਰਹਿੰਦੀ ਜਹਾਜ਼ੀਆਂ ਨਾਲ ਚਲੀ ਜਾਂਦੀ ਹੈ| ਬਹੁਤਾ ਕੁੱਝ ਉਸ ਨਾਵਲ ਦੇ ਬਿਰਤਾਂਤ ਬਾਰੇ ਮੈਨੂੰ ਯਾਦ ਨਹੀਂ ਰਿਹਾ| ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿਚ ਇਹੋ ਕਿਹਾ ਜਾ ਸਕਦਾ ਹੈ, ਕਿ ਉਹ ਕਿਸੇ ਵੀ ਵਿਅਕਤੀ ਨਾਲ ਨਿਭ ਨਹੀਂ ਰਹੀ| ਮੈਂ ਹਰਭਜਨ ਨੂੰ ਕਿਹਾ-‘ਮੈਨੂੰ ਲੱਗਦੈ ਕਿ ਮਾਦਾਮ ਬਾਵਾਰੀ ਸਾਮੰਤੀ ਕਦਰਾਂ-ਕੀਮਤਾਂ ਨੂੰ ਵੰਗਾਰ ਰਹੀ ਹੈ| ਵੇਖਣ ਨੂੰ ਇਹ ਨਾਵਲ ਅਸ਼ਲੀਲ ਜਾਪਦਾ ਹੈ, ਪਰ ਮਾਦਾਮ ਬਾਵਾਰੀ ਦੀ ਨਾਇਕਾ ਰਾਹੀਂ ਲੇਖਕ ਨਵੀਆਂ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰ ਰਿਹਾ ਹੈ ਕਿ ਔਰਤ ਕਿਸੇ ਇੱਕ ਮਰਦ ਦੀ ਮਲਕੀਅਤ ਨਹੀਂ ਹੈ| ਜਗੀਰਦਾਰੀ ਸਮਾਜ ਵਿਚ ਔਰਤ ਨੂੰ ਦੋਮ ਦਰਜ਼ੇ ’ਤੇ ਰੱਖ ਕੇ ਉਸ ਉੱਪਰ ਮਰਦ ਦੀ ਮਾਲਕੀ ਦਰਸਾਈ ਜਾਂਦੀ ਹੈ, ਪਰ ਮਾਦਾਮ ਬਾਵਾਰੀ ਮਰਦਾਵੀਂ ਧੌਂਸ ਨੂੰ ਵੰਗਾਰਦੀ ਹੋਈ ਉਨ੍ਹਾਂ ਕਦਰਾਂ ਕੀਮਤਾਂ ਵਿਰੁੱਧ ਬਗ਼ਾਵਤ ਕਰਦੀ ਜਾਪਦੀ ਹੈ|’ ਹਰਭਜਨ ਮੁਸਕਰਾਇਆ, ਉਸ ਦੇ ਅਨਾਰ ਦੇ ਦਾਣਿਆਂ ਵਾਂਗ ਚਿਣੇ ਦੰਦ ਵੇਖ ਕੇ ਮੇਰਾ ਹੌਸਲਾ ਵਧਿਆ, ਕਿ ਇੱਕ ਉੱਚ ਕੋਟੀ ਦੀ ਸ਼ਖ਼ਸੀਅਤ ਦੀਆਂ ਨਜ਼ਰਾਂ ਵਿਚ ਮੇਰੀ ਆਲੋਚਨਾ ਪਰਵਾਨ ਚੜ੍ਹੀ ਸੀ| ਲੈਨਿਲ ਦੇ ਲੇਖ ਉੱਪਰ ਮੇਰੀ ਸਮਝ ਦੀ ਵੀ ਹਰਭਜਨ ਨੇ ਪ੍ਰਸੰਸਾ ਕੀਤੀ ਸੀ, ਤੇ ਹੁਣ ਦੂਜੀ ਵਾਰ ਜਦੋਂ ਮੈਂ ਕਿਸੇ ਪੁਸਤਕ ਦੀ ਸਮੀਖਿਆ ਕੀਤੀ-‘ਤੇਰਾ ਇਹ ਵਿਸ਼ਲੇਸ਼ਨ ਬਿੱਲਕੁੱਲ ਸਹੀ ਹੈ| ਇਹ ਇਨਕਲਾਬੀ ਸਾਥੀ ਬੇਸ਼ੱਕ ਇਨਕਲਾਬ ਕਰਨ ਤਾਂ ਚੱਲੇ ਹੋਏ ਨੇ ਪਰ ਸਾਮੰਤੀ ਸੱਭਿਆਚਾਰ ਵਿਚੋਂ ਬਾਹਰ ਨਿੱਕਲ਼ ਕੇ ਸੋਚਣ ਤੋਂ ਅਸਮਰੱਥ ਨੇ|’
ਬਾਰੂ ਸਤਵਰਗ ਕ੍ਰਾਂਤੀਕਾਰੀ ਖੇਮਿਆਂ ਵਿਚ ਵੱਡਾ ਨਾਂ ਸੀ| ਸਾਹਿਤਕ ਸਮਝ ਪੱਖੋਂ ਨਾ ਸਹੀ ਪਰ ਆਪਣੀ ਪ੍ਰਤੀਬੱਧਤਾ ਸਦਕਾ ਉਹ ਲਾਈਨ ਤੋਂ ਤੋੜ-ਵਿਛੋੜਾ ਕਰ ਗਏ ਮਾਸਟਰ ਮੇਘ ਨਾਲ ਮਿਲ਼ ਕੇ ਕ੍ਰਾਂਤੀਕਾਰੀ ਕਵੀ ਬਰਵਰਾ ਰਾਉ ਤੱਕ ਵੀ ਪਹੁੰਚ ਰੱਖਦਾ ਸੀ| ਉਹ ਆਪਣੇ ਸਾਹਿਤ ਵਿਚ ਕਲਾਤਮਿਕਤਾ ਨੂੰ ਨਹੀਂ, ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਤਰਜੀਹ ਦੇਣ ਵਾਲਾ ਪ੍ਰਤੀਬੱਧ ਨਾਵਲਕਾਰ ਸੀ| ਉਸ ਦੇ ਨਾਵਲ ਜ਼ਿਆਦਾਤਰ ਇਨਕਲਾਬੀ ਰਾਜਨੀਤੀ ਨਾਲ ਜੁੜੇ ਪਾਠਕਾਂ ਦੁਆਰਾ ਹੀ ਪੜ੍ਹੇ ਜਾਂਦੇ| ਬੌਧਿਕ ਜਾਂ ਕਲਾਤਮਕਤਾ ਦੀ ਘਾਟ ਹੋਣ ਕਰਕੇ ਸਾਹਿਤਕ ਹਲਕਿਆਂ ਵਿਚ ਉਸ ਦੇ ਨਾਵਲ ਪ੍ਰਵਾਨ ਨਹੀਂ ਚੜ੍ਹ ਸਕੇ| ਇਨਕਲਾਬੀ ਤਰਜ਼ ਦੇ ਸਾਹਿਤ ਨੂੰ ਛੱਡ ਕੇ ਉਹ ਧਿਰ, ਬਾਕੀ ਸਭ ਕਾਸੇ ਨੂੰ ਸੋਧਵਾਦ ਦੀ ਤੱਕੜੀ ਨਾਲ ਹੀ ਤੋਲਦੀ ਸੀ| ਹਰਭਜਨ ਮੇਰੇ ਵੱਲੋਂ ਕੀਤੀ ਆਲੋਚਨਾ ਤੋਂ ਸੰਤੁਸ਼ਟ ਸੀ| ਉਸ ਵੱਲੋਂ ਮਿiਲ਼ਆ ਥਾਪੜਾ ਮੇਰੇ ਲਈ ਵੱਡਾ ਸਰਟੀਫ਼ਿਕੇਟ ਸੀ| ਇਸ ਗਰੁੱਪ ਵਿਚ ਵਿਚਰਦਿਆਂ, ਸਾਹਿਤ ਸਭਾ ਰਾਮਪੁਰਾ ਫੂਲ, ਅਤੇ ਸਾਹਿਤ ਸੱਭਿਆਚਾਰ ਮੰਚ ਪੰਜਾਬ ਨੇ ਏਨੀ ਕੁ ਚੇਤਨਾ ਤਾਂ ਪੈਦਾ ਕਰ ਹੀ ਦਿੱਤੀ ਸੀ, ਕਿ ਸਾਹਿਤ ਅਤੇ ਕਲਾ ਦੀ ਭੂਮਿਕਾ ਬਾਰੇ ਮੇਰੀ ਸਮਝ ਕਾਫ਼ੀ ਹੱਦ ਤੱਕ ਵਿਕਾਸ ਕਰ ਚੁੱਕੀ ਸੀ| ਬਠਿੰਡਾਂ ਗਰੁੱਪ ਵਿਚ ਤਾਂ ਜੋ ਵੀ ਸ਼ਾਮਲ ਹੁੰਦਾ ਸੀ, ਆਪਣੀ ਲਿਆਕਤ ਦਾ ਲੋਹਾ ਜਮਾਉਣ ਦੀ ਹੀ ਕੋਸ਼ਿਸ਼ ਕਰਨ ਵਾਲਾ ਹੁੰਦਾ ਸੀ| ਸਿਦਕ ਦਿਲੀ ਨਾਲ ਇਨਕਲਾਬ ਨੂੰ ਸਮਰਪਿਤ ਚਾਰੂ ਗਰੁੱਪ ਦੇ ਸਾਥੀਆਂ ਨੂੰ ਇਨਕਲਾਬੀ ਸਰਗਰਮੀਆਂ ਦੀ ਧੁੱਸ ਕਾਰਨ ਚਿੰਤਨ ਦੇ ਵੀ ਘੱਟ ਮੌਕੇ ਮਿਲ਼ਦੇ ਸਨ| ਕੁਰਬਾਨੀ ਦਾ ਜੋਸ਼ ਤੇ ਜਜ਼ਬਾ ਹਾਵੀ ਹੋਣ ਕਰਕੇ ਬਾਕੀ ਗੱਲਾਂ ਦੋਮ ਦਰਜ਼ੇ ’ਤੇ ਰਹਿ ਜਾਂਦੀਆਂ ਸਨ| ਇਸ ਦੌਰਾਨ ਸਾਡੇ ਵਾਲ਼ੀ ਬੈਰਕ ਵਿਚ ਮਾਸਟਰ ਅਵਤਾਰ ਸਿੰਘ ਆਹਲੂਪੁਰ ਨੇ ਆਪਣੇ ਗਰੁੱਪ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ| ਮੱਘਰ ਸਿੰਘ ਕੁੱਲਰੀਆਂ ਉਸ ਗਰੁੱਪ ਦਾ ਵੱਡਾ ਆਗੂ ਜੇਲ੍ਹ ਵਿਚ ਬੰਦ ਸੀ| ਉਨ੍ਹਾਂ ਦੇ ਨਾਲ ਕੁੱਝ ਬੰਦੀ ਸੀਰੀ ਸਾਂਝੀ ਜਾਂ ਮਜ਼ਦੂਰ ਭਾਈਚਾਰੇ ਵਿਚੋਂ ਸਨ| ਜਦੋਂ ਲੰਗਰ ਵਰਤਾਇਆ ਜਾਂਦਾ ਤਾਂ ਉਨ੍ਹਾਂ ਦੀ ਅਲਹਿਦਾ ਪੰਗਤ ਲਵਾ ਕੇ ਬਿੱਲਕੁੱਲ ਉਵੇਂ ਹੀ ਵਰਤਾਉ ਕੀਤਾ ਜਾਂਦਾ, ਜਿਵੇਂ ਉਨ੍ਹਾਂ ਨਾਲ ਜ਼ਿਮੀਦਾਰਾਂ ਦੇ ਘਰਾਂ ਵਿਚ ਦੂਰੋਂ ਦਾਲ਼-ਰੋਟੀ ਦਿੱਤੀ ਜਾਂਦੀ ਸੀ| ਦੇਖਦਾ ਤਾਂ ਮੈਂ ਰੋਜ਼ ਸਾਂ| ਇਹ ਵੀ ਵੇਖ ਰਿਹਾ ਸਾਂ ਕਿ ਬਾਰੂ ਸਤਵਰਗ ਵੀ ਇਸ ਦਾ ਵਿਰੋਧ ਨਹੀਂ ਸੀ ਕਰ ਰਿਹਾ| ਮਾਸਟਰ ਅਵਤਾਰ ਸਿੰਘ ਭਾਪਾ ਸੀ, ਜਿਸ ਨੇ ਪਹਿਲੀ ਵਾਰ ਇਸ ਦਾ ਡਟ ਕੇ ਵਿਰੋਧ ਕੀਤਾ| ਰੋਣੀ ਜਿਹੀ ਸੂਰਤ ਬਣਾ ਕੇ ਉਹ ਹਰਭਜਨ ਕੋਲ਼ ਗਿਆ ਤੇ ਉਸ ਨੂੰ ਸਾਰਾ ਹਵਾਲ ਸੁਣਾਇਆ| ਸੋਹੀ ਨੇ ਉਸ ਦਾ ਦਿਲ ਵੀ ਧਰਾਇਆ ਤੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਵਾਲੇ ਪਾਸੇ ਰੋਟੀ ਖਾਇਆ ਕਰੇ| ਕਿਉਂਕਿ ਸਾਡੇ ਇਸ ਗਰੁੱਪ ਵਿਚ ਤਾਂ ਸਾਰੇ ਹੀ ਇੱਕ ਥਾਂ ਘੇਰਾ ਬਣਾ ਕੇ ਰੋਟੀ ਖਾਂਦੇ ਸਨ| ਪੰਜਾਬੀ ਅਖਾਣ ਮੁਤਾਬਕ ਤਾਂ ਇੱਕ ਦੂਜੇ ਦੇ ਮੂੰਹ ਵਿਚੋਂ ਕੱਢ ਕੇ ਖਾਣ ਵਾਲ਼ੀ ਹੀ ਗੱਲ ਸੀ| ਇਸ ਨਾਲ ਵੀ ਅਵਤਾਰ ਸਿੰਘ ਦੀ ਤਸੱਲੀ ਨਾ ਹੋਈ ਤੇ ਉਹ ਮੁਆਫ਼ੀ ਮੰਗ ਕੇ ਜ਼ਮਾਨਤ ਕਰਾ ਕੇ ਲਹਿਰ ਨੂੰ ਸਦਾ ਲਈ ਅਲਵਿਦਾ ਕਹਿ ਕੇ ‘ਅੰਮ੍ਰਿਤ’ ਛਕ ਕੇ ‘ਸਿੱਖੀ’ ਦੇ ਲੜ ਲੱਗ ਗਿਆ|
ਹਰਭਜਨ ਦੀ ਜ਼ਮਾਨਤ ਹੋ ਗਈ| ਇਸ ਨੂੰ ਬਹੁਤ ਗੁਪਤ ਰੱਖਿਆ ਗਿਆ| ਨੰਦ ਸਿੰਘ ਮਹਿਤਾ ਮੇਰੇ ਕੋਲ਼ ਆਇਆ ਤੇ ਇੱਕ ਪਾਸੇ ਲਿਜਾ ਕੇ ਦੱਸਣ ਲੱਗਿਆ-‘ਅੱਜ ਹਰਭਜਨ ਬਾਹਰ ਜਾ ਰਿਹਾ ਹੈ| ਕਿਸੇ ਨਾਲ ਗੱਲ ਨਹੀਂ ਕਰਨੀ| ਸਮਾਜਵਾਦੀ ਪਾਰਟੀ ਦੇ ਜਾਂ ਪਤਾ ਨਹੀਂ ਕਿਹੜੇ ਹਰਭਜਨ ਦੀ ਜ਼ਮਾਨਤ ਹੋਈ ਹੈ| ਭੁਲੇਖੇ ਨਾਲ ਜੇਲ੍ਹ ਅਧਿਕਾਰੀਆਂ ਨੇ ਹਰਭਜਨ ਨੂੰ ਸੂਚਿਤ ਕਰ ਦਿੱਤਾ ਹੈ| ਬਹੁਤ ਗੁਪਤ ਤਰੀਕੇ ਨਾਲ ਹਰਭਜਨ ਬਾਹਰ ਚਲਾ ਜਾਊਗਾ| ਉਸ ਦੀ ਬਾਹਰ ਜ਼ਿਆਦਾ ਜ਼ਰੂਰਤ ਹੈ| ਮੂਵਮੈਂਟ ਨੂੰ ਉਹਨੇ ਦਿਸ਼ਾ ਦੇਣੀ ਹੈ| ਮੈਨੂੰ ਬਹੁਤ ਖ਼ੁਸ਼ੀ ਹੋਈ, ਕਿਉਂਕਿ ਮੈਂ ਵੀ ਇਹੋ ਸੋਚਦਾ ਸਾਂ ਕਿ ਉਸ ਦਾ ਬਾਹਰ ਜਾਣਾ ਨਹਾਇਤ ਜ਼ਰੂਰੀ ਹੈ| ਸਾਨੂੰ ਕਿਸੇ ਨੂੰ ਵੀ ਮਿਲ਼ੇ ਬਗੈਰ ਹਰਭਜਨ ਜੇਲ੍ਹ ਵਿਚੋਂ ਬਾਹਰ ਜਾ ਚੁੱਕਾ ਸੀ ਤੇ ਰੋਹੀਆਂ ਦਾ ਰਾਹੀ ਬਣ ਕੇ ਲੋਕਾਂ ਦੇ ਜੰਗਲਾਂ ਵਿਚ ਜਾ ਛੁਪਿਆ ਸੀ|
ਮੇਰੀ ਤਕਲੀਫ਼ ਬਹੁਤ ਵਧ ਗਈ ਸੀ| ਇੱਕ ਲੱਤ ਤਾਂ ਸੁੰਨ ਹੀ ਰਹਿਣ ਲੱਗ ਪਈ ਤੇ ਕਮਰ ਵਿਚ ਏਨਾ ਦਰਦ ਹੁੰਦਾ ਕਿ ਝੱਲਿਆ ਨਾ ਜਾਂਦਾ| ਤਾਂ ਵੀ ਮੈਂ ‘ਚੜ੍ਹਦੀ ਕਲਾ’ ਵਿਚ ਸਾਂ| ਪਰਿਵਾਰ ਵਿਚ ਤਾਂ ਮੇਰੀ ਕਿਸੇ ਨਾਲ ਬਣਦੀ ਨਹੀਂ ਸੀ| ਮੈਂ ਮਹਿੰਦਰ ਨੂੰ ਜੇ.ਬੀ.ਟੀ. ਕਰਾਉਣ ਲਈ ਵਚਨਬੱਧ ਸਾਂ| ਉਸ ਨੂੰ ਲਗਾਤਾਰ ਖ਼ਰਚ ਮਿਲ਼ੀ ਜਾ ਰਿਹਾ ਸੀ| ਭਾਵੇਂ ਕੁੱਝ ਵੀ ਹੋ ਜਾਵੇ, ਮੈਂ ਕਿਸੇ ਤਰ੍ਹਾਂ ਵੀ ਜ਼ਮਾਨਤ ਕਰਾਉਣ ਦੇ ਪੱਖ ਵਿਚ ਨਹੀਂ ਸਾਂ| ਮੈਂ ਆਪਣੀ ਉਸ ਮਤ੍ਰੇਈ ਭੈਣ ਮਹਿੰਦਰ ਨੂੰ ਖ਼ਤ ਲਿਖਿਆ ਕਿ ਭੁੱਚੋ ਕਲਾਂ ਤੋਂ ਲਾਭ ਸਿੰਘ ਕਲਾਰ ਦੇ ਘਰੋਂ ਮੇਰਾ ਸਾਰਾ ਸਾਮਾਨ ਚੁੱਕ ਲਿਆਂਦਾ ਜਾਵੇ| ਟਰੰਕ ਤੇ ਲੋੜੀਂਦਾ ਸਾਮਾਨ ਉਹ ਆਪ ਰੱਖ ਲਵੇ ਤੇ ਕਿਤਾਬਾਂ ਮਨਜੀਤ (ਮੇਰਾ ਮਤ੍ਰੇਆ ਭਰਾ) ਨੂੰ ਸੌਂਪ ਦੇਵੇ| ਮੈਂ ਉਸ ਨੂੰ ਇਹ ਵੀ ਲਿਖਿਆ ਕਿ ਕਿਸੇ ਹੋਰ ਨਾਲ ਗੱਲ ਨਾ ਕਰੇ| ਉਸ ਨੇ ਆਪਣੇ ਬਾਪ ਮੇਰੇ ਤਾਏ ਬਖ਼ਤੌਰ ਸਿੰਘ ਨੂੰ ਚਿੱਠੀ ਪੜ੍ਹਾ ਦਿੱਤੀ| ਮਹਿੰਦਰ ਮੇਰੇ ਨਾਲ ਮੁਲਾਕਾਤ ਕਰਨ ਵੀ ਆਈ| ਮੈਨੂੰ ਨੰਦ ਸਿੰਘ ਮਹਿਤਾ ਮੁਲਾਕਾਤ ਵਾਲ਼ੀ ਥਾਂ ’ਤੇ ਲੈ ਗਿਆ| ਕੁੜੀ ਨੇ ਦੱਸਿਆ ਕਿ ਚਿੱਠੀ ਪੜ੍ਹ ਕੇ ਬਾਪੂ ਸਾਰੀ ਰਾਤ ਸੁੱਤਾ ਨਹੀਂ ਵਿਹੜੇ ਵਿਚ ਗੇੜੇ ਕੱਢਦਾ ਰਿਹਾ|
ਕੁੱਝ ਦਿਨਾਂ ਬਾਅਦ ਮੇਰਾ ਡਾਕਟਰੀ ਮੁਆਇਨਾ ਕਰਾਉਣ ਦੇ ਹੁਕਮ ਆ ਗਏ| ਪਤਾ ਲੱਗਿਆ ਕਿ ਮੇਰੇ ਤਾਏ ਕਿਸੇ ਵਕੀਲ ਨਾਲ ਗੱਲ ਕਰਕੇ ਸੈਸ਼ਨ ਜੱਜ ਦੇ ਅਰਜ਼ੀ ਦੇ ਦਿੱਤੀ ਸੀ| ਲੰਬੜਦਾਰ (ਵੀਹ ਸਾਲੀ ਸਜ਼ਾ-ਜ਼ਾਫ਼ਤਾ ਕੈਦੀ) ਨੇ ਮੈਨੂੰ ਡਿਊਢੀ ਵਿਚ ਜਾਣ ਲਈ ਕਿਹਾ| ਨੰਦ ਸਿੰਘ ਮਹਿਤਾ ਮੈਨੂੰ ਲੈ ਗਿਆ| ਉੱਥੇ ਕੁੱਝ ਜੇਲ੍ਹ ਮੁਲਾਜ਼ਮ ਤੇ ਚਿੱਟੀ ਵਰਦੀ ਵਾਲੇ ਕੈਦੀ ਮੇਰੇ ਪੈਰੀਂ ਬੇੜੀ ਪਾਉਣ ਲਈ ਖੜ੍ਹੇ ਸਨ| ਸੁਪਰਿਨਟੈਂਡੈਂਟ ਦਾ ਹੁਕਮ ਸੀ ਕਿ ਹੱਥਕੜੀ ਤੇ ਬੇੜੀ ਪਾ ਕੇ ਹੀ ਹਸਪਤਾਲ ਲਿਜਾਇਆ ਜਾਏ| ਜਦ ਬੇੜੀ ਲੈ ਕੇ ਸਿਪਾਹੀ ਮੇਰੇ ਨੇੜੇ ਆਇਆ ਤਾਂ ਮੈਂ ਬੇੜੀ ਪਵਾਉਣ ਤੋਂ ਜਵਾਬ ਦੇ ਦਿੱਤਾ| ਮੇਰੀ ਅੜੀ ਵੇਖ ਕੇ ਸੁਪਰਿਨਟੈਂਡੈਂਟ ਨੇ ਮੈਨੂੰ ਵਾਪਸ ਬੈਰਕ ਭੇਜਣ ਦਾ ਹੁਕਮ ਦੇ ਦਿੱਤਾ| ਦੋ ਕੁ ਵਾਰ ਫਿਰ ਇਹੋ ਬਿਰਤਾਂਤ ਦੁਹਰਾਇਆ ਗਿਆ| ਮੈਂ ਹਰ ਵਾਰ ਬੇੜੀ ਪਵਾਉਣ ਤੋਂ ਇਨਕਾਰ ਕਰਦਾ ਰਿਹਾ| ਫਿਰ ਸੈਸ਼ਨ ਜੱਜ ਦਾ ਸਖ਼ਤ ਹੁਕਮ ਆਇਆ ਕਿ ਮਰੀਜ਼ ਦਾ ਤੁਰੰਤ ਡਾਕਟਰੀ ਮੁਆਇਨਾ ਕਰਵਾ ਕੇ ਅੱਜ ਹੀ ਰਿਪੋਰਟ ਕੀਤੀ ਜਾਵੇ| ਸੁਪਰਿਨਟੈਂਡੈਂਟ ਭੁੱਲਰ ਨੇ ਹਥਿਆਰ ਸੁੱਟ ਦਿੱਤੇ ਤੇ ਫਿਰ ਸਿਰਫ਼ ਹੱਥਕੜੀਆਂ ਲਾ ਕੇ, ਦੋ ਸਿਪਾਹੀਆਂ ਦੇ ਵਿਚਕਾਰ ਰਿਕਸ਼ੇ ’ਤੇ ਬਿਠਾ ਕੇ ਮੈਨੂੰ ਸਿਵਲ ਹਸਪਤਾਲ ਲਿਜਾਇਆ ਗਿਆ| ਡਾਕਟਰੀ ਮੁਆਇਨਾ ਕਰਨ ਵਾਲੇ ਡਾਕਟਰ ਪੂਰੀ ਤਰ੍ਹਾਂ ਚੈੱਕ ਅੱਪ ਕੀਤਾ| ਮੇਰੇ ਗੋਡਿਆਂ ’ਤੇ ਰਬੜ ਦੀ ਹਥੌੜੀ ਨਾਲ ਠਕੋਰਿਆ ਗਿਆ| ਖੱਬੇ ਗੋਡੇ ’ਤੇ ਹਥੌੜੀ ਵੱਜਣ ਦਾ ਮੈਨੂੰ ਖੜਾਕ ਤਾਂ ਸੁਣਦਾ ਸੀ ਪਰ ਮਹਿਸੂਸ ਨਹੀਂ ਸੀ ਹੋ ਰਿਹਾ, ਜਦੋਂ ਕਿ ਸੱਜੇ ਗੋਡੇ ’ਤੇ ਹਥੌੜੀ ਵੱਜਣ ਨਾਲ ਲੱਤ ਬੁੜ੍ਹਕ ਜਾਂਦੀ ਸੀ| ਰਿਪੋਰਟ ਸੈਸ਼ਨ ਜੱਜ ਦੀ ਅਦਾਲਤ ਪਹੁੰਚ ਗਈ ਤੇ ਕੁੱਝ ਹੀ ਦਿਨਾਂ ਬਾਅਦ ਮੇਰੀ ਜ਼ਮਾਨਤ ਹੋ ਗਈ| ਇਹ ਗੱਲ ਪਾਰਟੀ ਖੇਮਿਆਂ ਵਿਚ ਪਹੁੰਚੀ ਤਾਂ ਹਰਦੀਪ ਮਹਿਣਾ ਦੀ ਡਿਉਟੀ ਲਾਈ ਕਿ ਉਹ ਕੰਬਲ਼ ਸਮੇਤ ਜੇਲ੍ਹ ਤੋਂ ਥੋੜ੍ਹਾ ਹਟਵਾਂ ਰਿਕਸ਼ਾ ਖੜ੍ਹਾ ਕਰੇ| ਜਿਉਂ ਹੀ ਜੇਲ੍ਹ ਦੇ ਗੇਟ ਤੋਂ ਬਾਹਰ ਕੱਢਿਆ ਜਾਵਾਂ, ਉਹ ਮੈਨੂੰ ਕੰਬਲ਼ ਵਿਚ ਲੁਕਾ ਕੇ ਰਿਕਸ਼ੇ ’ਤੇ ਬਿਠਾਵੇ ਤੇ ਚੋਰ ਰਸਤੇ ਮੈਨੂੰ ਆਪਣੇ ਪਿੰਡ ਮਹਿਣੇ (ਫੌਜੀ ਬਣਨ ਸਮੇਂ ਇਹ ਪਿੰਡ ਇੱਥੋਂ ਉਠਾ ਦਿੱਤਾ ਗਿਆ ਸੀ) ਲੈ ਜਾਵੇ| ਕੁੱਝ ਦਿਨ ਮਹਿਣੇ ਰੱਖ ਕੇ ਲੁਧਿਆਣੇ ਹਰਭਜਨ ਹਲਵਾਰਵੀ ਕੋਲ਼ ਛੱਡ ਆਂਦਾ ਗਿਆ| ਖੂਨ ਦੇ ਰਿਸ਼ਤੇ ਵੀ ਆਪਣੀ ਥਾਂ ਰੱਖਦੇ ਨੇ ਪਰ ਵਿਚਾਰਧਾਰਕ ਰਿਸ਼ਤੇ ਕਿਤੇ ਕਾਰਗਰ ਸਾਬਤ ਹੁੰਦੇ ਹਨ|
ਉੱਥੇ ਸੁਰੇਂਦਰ ਹੇਮ ਜਯੋਤੀ ਦੀ ਰਾਇ ਨਾਲ ਮੇਰਾ ਹੋਮਿਓਪੈਥੀ ਦੇ ਡਾਕਟਰ ਹਰਬੰਸ ਸਿੰਘ ਸੰਧੂ, ਜਿਸ ਦਾ ਘੁਮਾਰ ਮੰਡੀ ਵਾਲਾ ਕਲਿਨਿਕ ਹੇਮ ਜਯੋਤੀ ਮੈਗਜ਼ੀਨ ਦਾ ਦਫ਼ਤਰ ਸੀ, ਰਾਹੀਂ ਇਲਾਜ਼ ਆਰੰਭਿਆ ਗਿਆ| ਫਿਰ ਜੱਥੇਬੰਦੀ ਨੂੰ ਪਤਾ ਲੱਗਿਆ ਕਿ ਮਾਤਾ ਨੰਦ ਕੌਰ ਦੇ ਗੁਰਦੁਆਰੇ ਦੇ ਸਾਹਮਣੇ ਆਜ਼ਾਦੀ ਘੁਲਾਟੀਏ ਗਿਆਨ ਚੰਦ ਢੀਂਗਰਾ ਨੇ ਚਾਈਨਾ ਦੀ ਵਿਧੀ ਦਾ ਆਕੂਪੰਕਚਰ ਸੈਂਟਰ ਚਲਾਇਆ| ਮੇਰੇ ਸੂਈਆਂ ਲੱਗਣ ਲੱਗੀਆਂ ਤੇ ਕੁੱਝ ਕੁ ਹਫ਼ਤਿਆਂ ਵਿਚ ਮੈਂ ਬਹੁਤ ਠੀਕ ਹੋ ਗਿਆ| ਢੀਂਗਰਾ ਨਾਲ ਪਾਰਟੀ ਸਾਥੀਆਂ ਦੇ ਮੱਤ-ਭੇਦ ਖੜ੍ਹੇ ਹੋ ਗਏ ਤਾਂ ਮੈਨੂੰ ਕਲਕੱਤੇ ਦੀ ਗੱਡੀ ਚੜ੍ਹਾ ਦਿੱਤਾ ਗਿਆ, ਤਾਂ ਜੋ ਉੱਥੇ ਜਾ ਕੇ ਇੰਡੋ ਚਾਈਨਾ ਫਰੈਂਡਸ਼ਿੱਪ ਸੁਸਾਇਟੀ ਦੇ ਚੇਅਰਮੈਨ ਡਾਕਟਰ ਬਾਸੂ ਪਾਸੋਂ ਇਲਾਜ ਕਰਵਾ ਸਕਾਂ| ਇਹ ਸੀ ਹਰ ਮਸਲੇ ਨੂੰ ਵਿਗਿਆਨਕ ਨਜ਼ਰੀਏ ਵਾਲ਼ਾ ਦ੍ਰਿਸ਼ਟੀਕੋਣ| ਹਰਭਜਨ ਸੋਹੀ ਮੈਨੂੰ ਕਿਤੇ ਸਬੱਬ ਨਾਲ ਇੱਕ ਅੱਧ ਵਾਰ ਮਿiਲ਼ਆ ਹੋਵੇਗਾ ਪਰ ਮੈਂ ਮਹਿਸੂਸ ਕਰਦਾ ਰਿਹਾ ਜਿਵੇਂ ਉਹ ਇੱਥੇ ਕਿਤੇ ਹੀ ਸਾਡੇ ਵਿਚਕਾਰ ਜਾਂ ਇੱਧਰ-ਉੱਧਰ ਫਿਰ ਰਿਹਾ ਹੈ, ਹਨੇਰ੍ਹੀਆਂ ਗੁੱਠਾਂ ਵਿਚ ਮੋਮਬੱਤੀਆਂ ਬਾਲ਼ਦਾ| ਇੱਕ ਸੇਧ ਸੀ, ਜੋ ਉਸ ਨਾਲ ਜੁੜੇ ਸਾਥੀਆਂ ਨੇ ਤੈਅ ਕੀਤੀ ਸੀ, ਦੂਜਿਆਂ ਨੂੰ ਸੇਧ ਵਿਚ ਚੱਲਣ ਦੀ ਸੂਝ ਦੇਣ ਵਾਲ਼ੀ ਦਿਸ਼ਾ ਦਿਖਾਉਂਦਾ|
ਐਮਰਜੈਂਸੀ ਦੌਰਾਨ ਆਖ਼ਰੀ ਰਚਨਾ ‘ਚਿੜੀਆਂ ਦੀ ਮੌਤ’ ਨਾਲ ਪਰਚਾ ਬੰਦ ਹੋ ਗਿਆ| ਸੁਰੋਂਦਰ ਸਿਰ ਕਰਜ਼ਾ ਚੜ੍ਹ ਗਿਆ| ਪ੍ਰੈੱਸ ਵਿਕ ਗਈ| ਪਰਿਵਾਰ ਨੇ ਉਸ ਦਾ ਦਿਲ ਧਰਾਉਂਦਿਆਂ ਸਾਰਾ ਕਰਜ਼ਾ ਲਾਹੁਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਖੂਨ ਵਿਚ ਭਿੱਜੀ ਕਮਾਈ ਵਿਚੋਂ ਉਹ ਨਵਾਂ ਪੈਸਾ ਵੀ ਨਹੀਂ ਲਵੇਗਾ| ਮੈਨੂੰ ਯਾਦ ਆਉਂਦਾ ਹੈ ਕਿ ਆਸਾਮ ਵਿਚ ਕਿਸੇ ਵੱਡੇ ਪਰਾਜੈਕਟ ’ਤੇ ਸੁਰੇਂਦਰ ਨੂੰ ਪਿਤਾ ਨੇ ਨਿਗਰਾਨ ਰੱਖਿਆ ਹੋਇਆ ਸੀ| ਇੱਕ ਦਿਨ ਸ਼ਾਇਦ ਕਿਸੇ ਤਿੱਥ-ਤਿਉਹਾਰ ਕਰਕੇ ਮਜ਼ਦੂਰਾਂ ਨੇ ਅਗਾਊਂ ਪੈਸੇ ਮੰਗ ਲਏ| ਸੁਰੇਂਦਰ ਨੇ ਖ਼ੁਸ਼ੀ ਨਾਲ ਪੈਸੇ ਦੇ ਦਿੱਤੇ| ਪਿਤਾ ਨੇ ਕਲੇਸ਼ ਪਾ ਲਿਆ ਕਿ ਇਹ ਟਕੇ ਦੇ ਮਜ਼ਦੂਰ ਧੋਖਾ ਦੇ ਕੇ ਚਲੇ ਜਾਂਦੇ ਹਨ, ਇਨ੍ਹਾਂ ਨੂੰ ਅੱਗੋਂ ਲਈ ਐਡਵਾਂਸ ਪੇਸੇ ਨਹੀਂ ਦੇਣੇ| ਸੁਰੇਂਦਰ ਆਪਣੇ ਪਿਤਾ ਨੂੰ ਇਹ ਕਹਿ ਕੇ ਲੁਧਿਆਣੇ ਆ ਗਿਆ-‘ਜੇ ਇਹ ਗੱਲ ਹੈ ਤਾਂ ਮੈਂ ਤੁਹਾਡੇ ਨਾਲ ਕੰਮ ਨਹੀਂ ਕਰ ਸਕਦਾ|’
ਉਸ ਦੀ ਸ਼ਖ਼ਸੀਅਤ ਦੀ ਆਭਾ ਬਿਆਨ ਕਰਦੇ ਹੋਰ ਵੀ ਕਈ ਬਿਰਤਾਂਤ ਨੇ, ਪਰ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿੰਨੀ ਜ਼ਹੀਨ ਸ਼ਖ਼ਸੀਅਤ ਦਾ ਮਾਲਕ ਸੀ| ਗਿੱਲ ਰੋਡ ਉੱਪਰ ਨਹਿਰ ਦੇ ਪੁਲ਼ ’ਤੇ ਸਰੀਆਂ ਦਾ ਖੱਚਰ ਰੇੜ੍ਹਾ ਫਸ ਗਿਆ| ਚੜਾਈ ਚੜ੍ਹਦਿਆਂ ਖੱਚਰ ਦੀ ਬੇਵਸੀ ਕਰਕੇ ਰੇੜ੍ਹਾ ਪਿੱਛੇ ਨੂੰ ਰੁੜ੍ਹਨ ਲੱਗਿਆ| ਡਿਉਟੀ ਤੇ ਤਾਇਨਾਤ ਥਾਣੇਦਾਰ ਰੇੜ੍ਹੇ ਵਾਲੇ ਨੂੰ ਡੰੰਡੇ ਨਾਲ ਕੁੱਟਣ ਲੱਗਾ| ਸੁਰੇਂਦਰ ਨੇ ਥਾਣੇਦਾਰ ਤੋਂ ਡੰਡਾ ਖੋਹ ਕੇ ਗਰਜ਼ਦਿਆਂ ਕਿਹਾ-‘ਏੇਸ ਗ਼ਰੀਬ ਦਾ ਕੀ ਕਸੂਰ ਹੈ? ਰੇੜ੍ਹਾ ਖੱਚਰ ਤੋਂ ਨਹੀਂ ਖਿੱਚਿਆ ਜਾ ਰਿਹਾ ਤਾਂ ਤੂੰ ਮਗਰੋਂ ਧੱਕਾ ਲਵਾਉਣ ਦੀ ਥਾਂ ਵਿਚਾਰੇ ਰੇੜ੍ਹੇ ਵਾਲੇ ਨੂੰ ਕਸਾਈਆਂ ਵਾਂਗ ਕੁੱਟਣ ਲੱਗ ਪਿਆ ਹੈਂ|’ ਥਾਣੇਦਾਰ ਨੇ ਰੋਅਬ ਝਾੜਦਿਆਂ ਕਿਹਾ-‘ਤੂੰ ਕੌਣ ਹੈਂ ਮੈਨੂੰ ਰੋਕਣ ਵਾਲਾ?’ ‘ਮੇਰੇ ਬਾਰੇ ਜਾਣਨਾ ਹੈ ਤਾਂ ਕਚਹਿਰੀ ਵਿਚ ਫਲਾਂ ਚੈਂਬਰ ਵਿਚ ਆ ਜਾਈਂ|’
ਐਮਰਜੈਂਸੀ ਖ਼ਤਮ ਹੋ ਗਈ | ਸਾਡੇ ਕੇਸ ਵਾਪਸ ਲੈ ਲਏ ਸਨ| ਮੈਂ ਕਲਕੱਤੇ ਇਲਾਜ ਕਰਾਉਣ ਗਿਆ ਹੋਇਆ ਸਾਂ, ਵਾਪਸ ਆ ਗਿਆ| ਹੇਮ ਜਯੋਤੀ ਨੂੰ ਵਿਦੇਸ਼ ਜਾਣ ਲਈ ਪੈਸੇ ਦੀ ਲੋੜ ਸੀ| ਉਹ ਚਾਹੁੰਦਾ ਸੀ ਕਿ ਕਰਜ਼ੇ ਦੀ ਰਕਮ ਉਹ ਹੱਥੀਂ ਮਿਹਨਤ ਕਰ ਕੇ ਹੀ ਲਾਹੇਗਾ| ਉਸ ਨੇ ਮੇਰੇ ਨਾਲ ਗੱਲ ਕੀਤੀ| ਮੈਂ ਸਕੂਲ ਤਾਂ ਹਾਜ਼ਰ ਹੋ ਗਿਆ ਸਾਂ ਪਰ ਮੁਅੱਤਲੀ ਦਾ ਬਕਾਇਆ ਅਜੇ ਨਹੀਂ ਸੀ ਮਿiਲ਼ਆ, ਜਿਸ ਕਾਰਨ ਮੈਂ ਉਸ ਦੀ ਕੋਈ ਮੱਦਦ ਨਾ ਕਰ ਸਕਿਆ| ਜਰਮਨ ਜਾ ਕੇ ਉਸ ਨੇ ਕਿਸੇ ਹੋਟਲ਼ ਵਿਚ ਭਾਂਡੇ ਸਾਫ਼ ਕਰਨ ਦਾ ਕੰਮ ਕਰਨਾ ਆਰੰਭ ਕੀਤਾ ਪਰ ਬੀਮਾਰ ਰਹਿਣ ਲੱਗ ਪਿਆ| ਕੁੱਝ ਸਮਾਂ ਤਾਂ ਇਸੇ ਤਰ੍ਹਾਂ ਚੱਲਦਾ ਰਿਹਾ| ਜਿੰਨੇ ਕੁ ਕਮਾਉਂਦਾ ਇਲਾਜ਼ ’ਤੇ ਖ਼ਰਚ ਹੋ ਜਾਂਦੇ| ਉੱਥੋਂ ਸੁਰੇਂਦਰ ਨੇ ਮੈਨੂੰ ਧੰਨਵਾਦ ਦੀ ਚਿੱਠੀ ਲਿਖੀ ਜਿਸ ਵਿਚ ਮੈਂ ਮੁਆਫ਼ੀ ਮੰਗਦਿਆਂ ਵਿਭਾਗੀ ਅੜਚਣ ਦਾ ਵਾਸਤਾ ਪਾਇਆ ਪਰ ਉਸ ਨੇ ਮੇਰਾ ਧੰਨਵਾਦ ਕਰਦਿਆਂ ਇੱਕ ਹੋਰ ਖ਼ਤ ਪਾਇਆ ਕਿ ਮੈਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਤਾਂ ਨਹੀਂ ਸੀ ਕੀਤਾ| ਮੈਂ ਸੱਚ ਕਹਿੰਦਾ ਹਾਂ ਕਿ ਮੈਂ ਸ਼ਰਮਸ਼ਾਰੀ ਵਿਚ ਉਸ ਚਿੱਠੀ ਦਾ ਕੋਈ ਜਵਾਬ ਵੀ ਨਾ ਦਿੱਤਾ, ਇਹ ਸੋਚ ਕੇ ਉਹ ਮੇਰੀ ਝੂਠੀ ਵਡਿਆਈ ਕਰ ਕੇ ਸ਼ਰਮਸ਼ਾਰ ਕਰ ਰਿਹਾ ਹੈ| ਉਸ ਦੀ ਇਸ ਹਾਲਤ ਦਾ ਸਿਰਫ਼ ਦੋ ਜਣਿਆਂ ਨੂੰ ਪਤਾ ਹੁੰਦਾ ਸੀ-ਹਰਭਜਨ ਹਲਵਾਰਵੀ ਅਤੇ ਮਾਸਟਰ ਮੇਘ ਨੂੰ|
ਉਸ ਦੀ ਦੇਖ-ਭਾਲ਼ ਲਈ ਅਮਰਜੀਤ ਚੰਦਨ ਨੂੰ ਜਰਮਨ ਭੇਜਿਆ ਗਿਆ| ਇਹ ਗੱਲ ਅਮਰਜੀਤ ਚੰਦਨ ਨਹੀਂ ਮੰਨੇਗਾ ਕਿਉਂਕਿ ਇੱਕ ਵਾਰ ਪਹਿਲਾਂ ਵੀ ਇਨਕਾਰ ਕਰ ਚੁੱਕਾ ਹੈ| ਸੁਰੇਂਦਰ ਹੇਮ ਜਯੋਤੀ ਦੀ ਮੌਤ ਉਪਰੰਤ ਉਸ ਦਾ ਸੰਸਕਾਰ ਵਗੈਰਾ ਚੰਦਨ ਨੇ ਹੀ ਕੀਤਾ ਸੀ| ਸੁਰੇਂਦਰ ਦੀ ਹਦਾਇਤ ਅਨੁਸਾਰ ਉਸ ਦੀ ਮੌਤ ਦੀ ਸੂਚਨਾ ਕਾਮਰੇਡ ਮੇਘ ਅਤੇ ਹਰਭਜਨ ਹਲਵਾਰਵੀ ਤੋਂ ਬਗੈਰ ਕਿਸੇ ਨੂੰ ਨਹੀਂ ਸੀ ਦੇਣੀ| ਹਰਭਜਨ ਹਲਵਾਰਵੀ ਪਾਰਟੀ ਛੱਡ ਕੇ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਚੁੱਕਾ ਸੀ| ਉਸ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਖ਼ਬਰ ਲਗਾ ਦਿੱਤੀ-‘ਸੁਰੇਂਦਰ ਹੇਮ ਜਯੋਤੀ ਨਹੀਂ ਰਹੇ|’ ਖ਼ਬਰ ਉਸ ਦੇ ਪਰਿਵਾਰ ਤੱਕ ਪਹੁੰਚ ਗਈ| ਉਸ ਦੀ ਪਤਨੀ ਨਛੱਤਰ ਕੌਰ ਨੇ ਪਰਿਵਾਰ ਨਾਲ ਮਿਲ਼ ਕੇ ਮਾਡਲ ਟਾਊਨ ਦੇ ਗੁਰਦੁਆਰੇ ਵਿਚ ਰਸਮੀ ਸ਼ਰਧਾਂਜਲੀ ਦਾ ਪ੍ਰੋਗਰਾਮ ਕੀਤਾ, ਜਿਸ ਵਿਚ ਮੈਂ ਸ਼ਾਮਲ ਹੋਇਆ ਸਾਂ| ਜਰਮਨ ਜਾ ਕੇ ਉਸਨੇ ਆਪਣਾ ਇਹ ਰੰਗ ਉਦੋਂ ਵਿਖਾ ਹੀ ਦਿੱਤਾ ਸੀ, ਜਦੋਂ ਉਹ ਜਰਮਨ ਛੱਡ ਕੇ ਬੀਬੀਸੀ ਲੰਡਨ ਦੇ ਵਿਹੜੇ ਵਿਚ ਪਹੁੰਚ ਗਿਆ ਤੇ ਲਹਿਰ ਵਿਰੋਧੀ ਪੈਂਤੜਾ ਲੈ ਕੇ ਸਭ ਨੂੰ ਪੁਣਨ ਲੱਗ ਪਿਆ| ਹੋਰ ਤਾਂ ਹੋਰ ਸੁਰੇਂਦਰ ਉੱਪਰ ਵੀ ਊਝਾਂ ਲਾਉਣ ਲੱਗ ਪਿਆ ਸੀ|
ਸੁਰੇਂਦਰ ਚਲਾ ਗਿਆ| ਮੇਰਾ ਫਿਰ ਇਹੋ ਕਹਿਣਾ ਹੈ ਕਿ ਇਹ ਪਾਰਟੀ ਦੀ ਸਹੀ ਦਿਸ਼ਾ ਵਿਚ ਜਾਣ ਦੀ ਇਹ ਵੀ ਇੱਕ ਉਦਾਹਰਣ ਸੀ| ਸੂਲ਼ਾਂ ’ਤੇ ਕਦਮ ਟਿਕਾਈ ਭੂਮੀਗਤ ਹੋਈ ਆਗੂ ਟੀਮ ਆਪਣੀ ਮਰਜ਼ੀ ਨਾਲ ਔਕੜਾਂ ਦੇ ਪਹਾੜਾਂ ਨਾਲ ਟੱਕਰ ਲੈਣ ਲਈ ਜੋ ਆਪਣੀਆਂ ਜਾਨਾਂ ਜ਼ੋਖਮ ਵਿਚ ਪਾਈ ਫਿਰਦੀ ਸੀ, ਦਾ ਆਪਣਾ ਨਿੱਜੀ ਹਿਤ ਕੀ ਸੀ? ਕੀਹਦੇ ਘਰ ਰਾਤ ਕੱਟਦੇ ਹੋਣਗੇ? ਕਿੱਥੋਂ ਅੰਨ-ਪਾਣੀ ਛਕਦੇ ਹੋਣਗੇ? ਕਿਹੜੇ ਹਾਲੀਂ ਰਹਿ ਰਹੇ ਹੋਣਗੇ? ਚੰਗੀਆਂ ਨੌਕਰੀਆਂ ਅਤੇ ਸੁਖ ਦਾ ਜੀਵਨ ਤਿਆਗ਼ ਕੇ ਕੀ ਖੱਟ ਰਹੇ ਹਨ? ਮੇਰੇ ਮੂਹਰੇ ਬਹੁਤ ਵੱਡੇ ਸੁਆਲ ਉੱਠਦੇ ਰਹਿੰਦੇ ਹਨ ਕਿ ਭੂਮੀਵਤ ਹੋਈ ਇਹ ਲੀਡਰਸ਼ਿੱਪ ਨੂੰ ਤਾਂ ਆਮ ਜਨਤਾ ਜਾਣਦੀ ਵੀ ਨਹੀਂ| ਇਨ੍ਹਾਂ ਦੀ ਇਤਿਹਾਸਕ ਪਛਾਣ ਕਿਸੇ ਨੂੰ ਵੀ ਨਹੀਂ ਪਰ ਇਹ ਨੀਂਹਾਂ ਦੇ ਰੋੜੇ ਬਣਨ ਲਈ ਦਿਨ-ਰਾਤ ਜੰਗਲਾਂ ਵਿਚ ਛੁਪੇ ਇਤਿਹਾਸ ਨੂੰ ਪ੍ਰਭਾਵਤ ਕਰਨ ਲਈ ਨਹੀਂ ਬਦਲ਼ਣ ਤੁਰੇ ਹੋਏ ਸਨ| ਹਰਭਜਨ ਸੋਹੀ ਤੁਰ ਗਿਆ| ਇੱਕ ਖਿਲਾਅ ਆਪਣੇ ਪਿੱਛੇ ਛੱਡ ਗਿਆ| ਕਿੱਥੇ ਹੈ, ਉਸ ਦਾ ਕੋਈ ਇਤਿਹਾਸ? ਜਿਵੇਂ ਕਿ ਦੱਸਿਆ ਗਿਆ ਹੈ ਕਿ ਉਹ ਆਪਣੇ ਕਿਸੇ ਗੁਪਤ ਅੱਡੇ ’ਤੇ ਕੁੱਝ ਚਿਰ ਆਰਾਮ ਕਰਨ ਆਇਆ ਹੋੇਵੇਗਾ, ਜਿੱਥੇ ਆਮ ਤੌਰ ’ਤੇ ਦੂਜੇ ਸਾਥੀ ਵੀ ਆਉਂਦੇ ਜਾਂਦੇ ਰਹਿੰਦੇ ਸਨ| ਮੰਜੇ ’ਤੇ ਪਿਆ ਇੱਕ ਲੱਤ ਗੋਡੇ ’ਤੇ ਰੱਖ ਕੇ ਉਹ ਕੋਈ ਸਿਧਾਂਤਕ ਕਿਤਾਬ ਪੜ੍ਹ ਰਿਹਾ ਸੀ| ਉਹ ਤਾਂ ਪੈਦਾਵਾਰ ਹੀ ਸਿਧਾਂਤ ਦੀ ਸੀ| ਸਿਧਾਂਤ ਹੀ ਉਸਦੀ ਰੂਹ ਦੀ ਖ਼ੁਰਾਕ ਸੀ| ਉਸੇ ਅਵੱਸਥਾ ਵਿਚ ਉਹ ਹਮੇਸ਼ ਲਈ ਗੂੜ੍ਹੀ ਨੀਂਦ ਦੀ ਬੁੱਕਲ਼ ਵਿਚ ਚਲਾ ਗਿਆ| ਉਨ੍ਹਾਂ ਲੋਕਾਂ ਦੇ ਚੇਤਿਆਂ ਵਿਚ ਵਸ ਗਿਆ ਹੈ, ਜਿਨ੍ਹਾਂ ਦੇ ਪਿਆਰ ਵਿਚ ਤਾਰੀਆਂ ਲਾਉਂਦਾ ਉਹ ਰੋਹੀਆਂ ਦੇ ਲੰਮੇ ਪੰਧ ’ਤੇ ਤੁਰਦਾ ਰਿਹਾ|
ਉਸ ਦੀ ਸਿਧਾਂਤਕ ਸੂਝ ਨਾਲ ਇੱਕ-ਸੁਰ ਸਾਥੀਆਂ ਦੀ ਪਹੁੰਚ ਨਾਲ ਉਸਰਿਆ ਜਨਤਕ ਉਭਾਰ, ਉਹ ਆਪ ਵੇਖਣ ਨਹੀਂ ਆਏਗਾ ਪਰ ਉਸ ਦੇ ਉਸ ਸਿਧਾਂਤ ਦੀ ਮਹਿਕ ਫ਼ਿਜ਼ਾ ਨੂੰ ਮਹਿਕਾਉਂਦੀ ਰਹੇਗੀ| ਪਿੱਛੇ ਰਹਿ ਗਏ ਉਸ ਦੇ ਸਾਥੀ ਉਸ ਵੱਲੋਂ ਰਹਿ ਗਿਆ ਪਾੜਾ ਮੇਟ ਵੀ ਲੈਣਗੇ ਪਰ ਹਰਭਜਨ ਆਪਣੇ ਚਾਹੁਣ ਵਾiਲ਼ਆਂ ਦੇ ਸੀਨਿਆਂ ਵਿਚ ਧੜਕਦਾ ਰਹੇਗਾ|
ਉਹ ਆਪਣੇ ਪਿੱਛੇ ਬਹੁਤ ਕੁੱਝ ਛੱਡ ਗਿਆ, ਆਪਣੀ ਸਮੁੱਚੀ ਲਾਈਨ ਦਾ ਖ਼ਾਕਾ| ਹੁਣ ਉਸ ਦੇ ਬਾਕੀ ਸਾਥੀ ਜੋ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਲਹਿਰ ਦੇ ਪਾਹੀਏ ਬਣੇ ਹੋਏ ਸਨ, ਉਸ ਲਾਈਨ ਨੂੰ ਅੱਗੇ ਵਧਾਉਣਗੇ| ਮੇਰੇ ਸਾਹੀਂ ਜਿਉਂਦਾ ਇੱਕ ਹੋਰ ਆਗੂ ਠਾਣਾ ਸਿੰਘ ਵੀ ਕੈਂਸਰ ਨੇ ਖਾ ਲਿਆ| ਪਤਾ ਲੱਗਾ ਹੈ ਕਿ ਸੋਹੀ ਤੋਂ ਬਾਅਦ ਲਹਿਰ ਵਿਚ ਉਸੇ ਦਾ ਨਾਂ ਬੋਲਦਾ ਸੀ| ਜਨਤਕ ਲਹਿਰਾਂ ਉਸਾਰਨ ਵਿਚ ਸਮੁੱਚੀ ਟੀਮ ਹੀ ਆਪਣਾ ਆਦਰਸ਼ ਆਪ ਹੈ, ਮੇਰਾ ਵਿਸ਼ਵਾਸ ਹੈ|
ਦੋਸਤ ਬੁਰਾ ਨਾ ਮਨਾਉਣ, ਇੱਥੇ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ, ਕਿ ਜਿਹੜੀਆਂ ਧਿਰਾਂ ਜਨਤਕ ਲਾਈਨ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਤੋਂ ਵੇਖਦੀਆਂ ਸਨ ਤੇ ਇਸ ਧਿਰ ਨੂੰ ਛੱਜ ਵਿਚ ਪਾ ਕੇ ਛੰਡਦੀਆਂ ਸਨ, ਅੱਜ ਤਜਰਬਿਆਂ ਵਿਚੋਂ ਸਫ਼ਲਤਾ ਦੇ ਮੁਕਾਮ ’ਤੇ ਪਹੁੰਚੀ ਜਨਤਕ ਲਹਿਰ ਦਾ ਪਰਚਮ ਲਹਿਰਾਉਣ ਲੱਗੀਆਂ ਹੋਈਆਂ ਹਨ| ਇਸ ਧਿਰ ਦੀਆਂ ਜਨਤਕ ਜੱਥੇਬੰਧੀਆਂ ਵਧਵੇਂ ਪ੍ਰੋਗਰਾਮ ਦਿੰਦੀਆਂ ਹਨ| ਕੁੱਝ ਚਿਰ ਦੂਜੀਆਂ ਧਿਰਾਂ ਦੀ ਆਲੋਚਨਾ ਦਾ ਸ਼ਿਕਾਰ ਹੁੰਦੀਆਂ, ਪਰ ਦੂਜੇ ਚੌਥੇ ਦਿਨ, ਉਹ ਵੀ ਇਨ੍ਹਾਂ ਵਾਲੇ ਰਾਹ ’ਤੇ ਅਮਲ ਕਰਨ ਲੱਗਦੀਆਂ ਹਨ| ਇਹ ਹੈ ਵਿਗਿਆਨਕ ਤੌਰ-ਤਰੀਕਿਆਂ ਨਾਲ ਘੋਲ਼ ਸ਼ੁਰੂ ਕਰਨ ਅਤੇ ਅਗਲੀ ਦਿਸ਼ਾ ਦੇਣ ਦਾ ਕਮਾਲ| ਹਰਭਜਨ ਸੋਹੀ ਲਹਿਰ ਨੂੰ ਵਿਗੋਚਾ ਦੇ ਗਿਆ| ਸਾਨੂੰ ਛੱਡ ਕੇ ਜਾਣ ਦਾ ਰਾਹ ਵੀ ਉਸ ਨੇ ਅਜਿਹਾ ਚੁਣਿਆ ਕਿ ਸਾਡੇ ਹਿਰਦਿਆਂ ਉੱਪਰ ਵੱਡੇ ਸੱਲ ਛੱਡ ਗਿਆ| ਉਸ ਦਾ ਜੀਵਨ ਨਾਲੋਂ ਨਾਤਾ ਕਿਵੇਂ ਟੁੱਟਿਆ, ਇੱਕ ਬੁਝਾਰਤ ਬਣ ਕੇ ਰਹਿ ਗਈ| ਕਿਹੋ ਜਿਹੀ ਕਲਹਿਣੀ ਹਾਲਤ ਵਿਚ, ਲੁਕਵੇਂ ਢੰਗ ਨਾਲ, ਬਗੈਰ ਕਿਸੇ ਨੂੰ ਸੂਹ ਲੱਗਣ ਦਿੱਤੇ ਜਿਵੇਂ ਉਹ ਓਝਲ ਹੋਇਆ, ਉਸ ਦਾ ਸਸਕਾਰ ਕਰਨਾ ਪਿਆ ਸੀ, ਸਾਡੇ ਸਭ ਲਈ ਸਦਮੇਂ ਤੋ ਵੱਧ ਕੁੱਝ ਵੀ ਨਹੀਂ ਸੀ| ਪਰਿਵਾਰ ਵੱਲੋਂ ਰੱਖੇ ਗਏ ਉਸ ਦੇ ਸ਼ਰਧਾਂਜਲੀ ਸਮਾਗਮ ’ਤੇ ਮੈਂ ਇਹ ਗੀਤ ਪੇਸ਼ ਕੀਤਾ ਸੀ|
‘ਮਾਏ ਨੀ ਸਾਡੀ ’ਥੇਲ਼੍ਹੀ ਉੱਤੇ ਤੂੰ ਇੱਕ ਸੂਰਜ ਧਰਿਆ|
ਸੂਰਜ ਦੀ ਹਰ ਕਿਰਨ ਸੁਨਹਿਰੀ, ਧਰਤ ਨੂੰ ਰੋਸ਼ਨ ਕਰਿਆ|
ਵਾਹ ਨੀ ਮਾਏ ਤੂੰ ਚੱਜ ਜੀਣ ਦਾ ਕਿਤ ਵਿਧ ਮਾਏ ਸਿੱਖਿਆ?
ਨਿਰਾਪੁਰਾ ਇਤਿਹਾਸ ਤੂੰ ਮਾਏ ਜਾਏ ਨਾ ਮੈਥੋਂ ਲਿਖਿਆ|
ਤੇਰੀ ਕੁੱਖ ਸਵੱਲੀ ਮਾਏ ਜਿਸ ਨੇ ਸੂਰਜ ਜਣਿਆ|
ਉਦਾਸੀ ਕੁੱਲੀ ਲਈ ਉਹ, ਕਿੱਦਾਂ ਚਾਨਣ ਬਣਿਆ|
ਤੇਰੀ ਕੁੱਖ ਨੇ ਕਿਰਨ ਸੁਨਹਿਰੀ, ਇਸ ਧਰਤੀ ’ਤੇ ਬੀਜੀ|
ਤੂੰ ਕਿਰਨਾਂ ਦੀ ਜਣਨੀ ਮਾਏ ਤਾਂਹੀਓਂ ਸਭ ਦੀ ਬੀ- ਜੀ|
ਕਿਰਨਾਂ ਬੀਜਣ ਦਾ ਵੱਲ ਮਾਏ ਤੂੰ ਕਿਰਨਾਂ ਨੂੰ ਦੱਸਿਆ|
ਕਿਰਨਾਂ ਅੱਗੋਂ ਕਿਰਨਾਂ ਬੀਜਣ ਵੇਖ ਵੇਖ ਜੱਗ ਵਸਿਆ|
ਤੂੰ ਜੋ ਮਾਏ ਬੀਜਿਆ ਸੂਰਜ, ਸੂਰਜ ਹੋਰ ਉਗਾਏ|
ਚੱਪੇ-ਚੱਪੇ ਉਗਾਏ ਸੂਰਜ ਕਿਰਨ ਕਿਰਨ ਰੁਸ਼ਨਾਏ|
ਤੇਰੇ ਜਾਏ ਸੂਰਜ ਮਾਏ, ਅੱਗ ਬਰਫ਼ਾਂ ਨੂੰ ਲਾਵਣ|
ਕੁੱਲੀਆਂ ਸਾੜਨ ਆਈਆਂ ਅੱਗਾਂ, ਅੱਗਾਂ ਨੂੰ ਪਿਘਲਾਵਣ|
ਬਰਫ਼ਾਂ ਬਣੀਆਂ ਸੋਚਾਂ ਤਾਂਈਂ, ਸੂਰਜ ਉਹ ਗਰਮਾਵਣ|
ਸੋਚਾਂ ਦੀਆਂ ਹੁਣ ਉੱਗਣ ਫ਼ਸਲਾਂ, ਹਰ ਬੰਨੇ ਲਹਿਰਾਵਣ|
ਮਾਂ ਮੈਂ ਤੇਰੀ ਉਤਾਰਾਂ ਆਰਤੀ, ਥਾਲ਼ ਗਗਨ ਦਾ ਫੜ ਕੇ|
ਸੂਰਜ ਤਾਰੇ, ਚੰਨ ਵਿਚ ਸ਼ਰਧਾ ਦੇ ਫੁੱਲ ਧਰ ਕੇ|
ਮਾਏ ਸਿਜਦਾ ਕਰਾਂ ਮੈਂ ਤੈਨੂੰ, ਤੈਨੂੰ ਸੀਸ ਝੁਕਾਵਾਂਂ|
ਤੇਰੇ ਰਾਹ ’ਤੇ ਚੱਲਣ ਮਾਂਵਾਂ, ਇਹੀਓ ਬੋਲ ਸੁਣਾਵਾਂਂ|