ਚੇਤਿਆਂ `ਚ ਵੱਸਿਆ ਹਰਭਜਨ ਸੋਹੀ ਅਤੇ ਇਨਕਲਾਬੀ ਨਕਸਲੀ ਲਹਿਰ ਦਾ ਰੋਮਾਂਸ-6

ਅਤਰਜੀਤ
ਕਾਮਰੇਡ ਹਰਭਜਨ ਸੋਹੀ ਬਾਰੇ ਆਪਣੀਆਂ ਯਾਦਾਂ ਦੀ ਚੰਗੇਰ ਦੀ ਇਸ ਕਿਸ਼ਤ ਵਿਚ ਅਤਰਜੀਤ ਨੇ ਉਨ੍ਹਾਂ ਦਿਨਾਂ ਵਿਚ ਪੰਜਾਬ ਅੰਦਰ ਵਿਆਪਕ ਲੋਕਪੱਖੀ ਸਭਿਆਚਾਰ ਦੇ ਉਭਾਰ ਦਾ ਨਕਸ਼ਾ ਖਿਚਦਿਆਂ ਆਪਣੇ ਸਾਥੀ ਸੁਰੇਂਦਰ ਦੇ ‘ਹੇਮ ਜਯੋਤੀ’ ਰਸਾਲੇ ਦੀ ਭੂਮਿਕਾ ਅਤੇ ਸਰਕਾਰੀ ਧਿਰ ਵਲੋਂ ਉਸ ਦੀ ਆਵਾਜ਼ ਨੂੰ ਚੁਪ ਕਰਾਉਣ ਲਈ ਉਸ ਦੀ ਨਾਜਾਇਜ਼ ਗ੍ਰਿਫਤਾਰੀ ਦੀ ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗ੍ਰਿਫਤਾਰੀ ਵਿਰੁਧ ਉਦੋਂ ਲੁਧਿਆਣਾ ਸ਼ਹਿਰ ਵਿਚ ਕਿਵੇਂ ਨੌਜਵਾਨ ਵਰਗ ਆਪ-ਮੁਹਾਰੇ ਸੜਕਾਂ ‘ਤੇ ਆਇਆ ਤੇ ਕਿਵੇਂ ਉਸ ਜਲੂਸ ਦੀ ਅਗਵਾਈ ਪੰਜਾਬੀ ਸਾਹਿਤ ਦੇ ‘ਬਾਬਾ ਬੋਹੜ’ ਸੰਤ ਸਿੰਘ ਸੇਖੋਂ ਵਲੋਂ ਕੀਤੀ ਗਈ। ਇਸ ਦੇ ਨਾਲ ਹੀ ਉਸ ਸਮੇਂ ਉਭਰ ਰਹੇ ਆਪਣੇ ਸਮਕਾਲੀ ਕਹਾਣੀਕਾਰ ਵਰਿਆਮ ਸੰਧੂ ਦੀ ਚੜ੍ਹਤ ਦੀ ਵੀ ਅਤਰਜੀਤ ਨੇ ਬੜੇ ਮੋਹ ਭਰੇ ਅੰਦਾਜ਼ ਵਿਚ ਚਰਚਾ ਕੀਤੀ ਹੈ!-ਸੰਪਾਦਕ

ਸੁਰੇਂਦਰ ਹੇਮ ਜਯੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| ਬਹੁਤ ਫ਼ਿਕਰ ਵਾਲ਼ੀ ਗੱਲ ਸੀ| ਲੁਧਿਆਣੇ ਦੇ ਵਕੀਲਾਂ ਦੇ ਯਤਨਾਂ ਨਾਲ ੳਸ ਦੀ ਰਿਹਾਈ ਹੋਈ ਤਾਂ ਉਸ ਦੇ ਸੁਆਗਤ ਲਈ ਨੌਜੁਆਨਾਂ, ਵਿਦਿਆਰਥੀਆਂ ਦੁਆਰਾ ਬਹੁਤ ਵੱਡੇ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ| ਮੈਨੂੰ ਵੀ ਸਾਹਿਤ ਸੱਭਿਆਚਾਰ ਦਾ ਅੰਗ ਹੋਣ ਦੇ ਨਾਤੇ ਉਸ ਵਿਚ ਸ਼ਾਮਲ ਹੋਣ ਦਾ ਅਵਸਰ ਮਿiਲ਼ਆ| ਹਜ਼ਾਰ ਤੋਂ ਉੱਪਰ ਪ੍ਰਦਰਸ਼ਨਕਾਰੀ ਨੌਜੁਆਨਾਂ ਦਾ ਕਾਫ਼ਲਾ ਨਾਅਰੇ ਗੁੰਜਾਉਂਦਾ ਲੁਧਿਆਣੇ ਦੀਆਂ ਸੜਕਾਂ ’ਤੇ ਮਾਰਚ ਕਰ ਰਿਹਾ ਸੀ| ਇਸ ਮੁਜ਼ਾਹਰੇ ਦੀ ਅਗਵਾਈ ਪੰਜਾਬੀ ਦਾ ਸਿਰਮੌਰ ਆਲੋਚਕ ਤੇ ਲੇਖਕ ਪ੍ਰਿੰੰਸੀਪਲ ਸੰਤ ਸਿਘ ਸੇਖੋਂ ਕਰ ਰਿਹਾ ਸੀ| ਸੋਹੀ ਲਾਈਨ ਵਿਚ ਸ਼ਾਮਲ ਸੁਰੇਂਦਰ ਆਪ ਬਹੁਤ ਅਮੀਰ ਪਰਿਵਾਰ ਵਿਚੋਂ ਸੀ| ਉਸ ਦੇ ਬਾਪ ਦੇ ਭਾਰਤ ਦੇ ਕਈ ਇਲਾਕਿਆਂ ਵਿਚ ਪੈਟਰੋਲ ਪੰਪ ਸਨ, ਤੇ ਉਹ ਵੱਡੇ ਵੱਡੇ ਠੇਕੇ ਲੈ ਕੇ ਵੱਡੇ ਪ੍ਰੋਜੈਕਟਾਂ ’ਤੇ ਕੰਮ ਕਰਦਾ ਸੀ, ਪਰ ਸੁਰੇਂਦਰ ਨੇ ਇਸ ਅਮੀਰੀ ਨੂੰ ਪਰਵਾਨ ਨਾ ਕੀਤਾ ਤੇ ਖ਼ਰਚ ਚਲਾਉਣ ਲਈ ਆਂਡੇ ਵੇਚ ਕੇ ਗੁਜ਼ਾਰਾ ਕਰਨ ਲਈ ਆਪਣੇ ਘਰ ਵਿਚ ਕੁੱਝ ਮੁਰਗੀਆਂ ਰੱਖ ਲਈਆਂ| ਉਸ ਦੇ ਘਰ ਆਂਡੇ ਖਾਣ ਦਾ ਮੈਨੂੰ ਵੀ ਕਈ ਵਾਰ ਸੁਭਾਗ ਪ੍ਰਾਪਤ ਹੋਇਆ| ਉਸ ਦੇ ਇੱਕ ਮਿੱਤਰ ਹੋਮਿਓਪੈਥੀ ਦੇ ਡਾਕਟਰ ਹਰਬੰਸ ਸਿੰਘ ਸੰਧੂ ਦਾ ਘੁਮਾਰ ਮੰਡੀ ਦਾ ਕਲਿਨਿਕ ਹੇਮਜਯੋਤੀ ਪਰਚੇ ਦਾ ਦਫ਼ਤਰ ਸੀ| ਹਰਭਜਨ ਸੋਹੀ ਦੇ ਬਹੁਤ ਕਰੀਬੀ ਕਾਮਰੇਡ ਮਾਸਟਰ ਮੇਘ ਦੀ ਰਹਿਨੁਮਾਈ ਵਿਚ ਮੰਚ ਚਲਦਾ ਸੀ| ਮੇਰਾ ਤੇ ਵਰਿਆਮ ਸੰਧੂ ਦਾ ਕਹਾਣੀ ਦੇ ਖ਼ੇਤਰ ਵਿਚ ਨਾਂ ਚਮਕ ਰਿਹਾ ਸੀ| ਇੱਕ ਮੀਟਿੰਗ ਵਿਚ ਕਹਾਣੀ ਦੇ ਵਿਸ਼ੇ ਉੱਪਰ ਚਰਚਾ ਕਰਦਿਆਂ ਇਹ ਵਿਚਾਰ ਉਭਾਰਿਆ ਗਿਆ ਕਿ ਨਿੱਕੀ ਕਹਾਣੀ ਦੀ ਥਾਂ ਲੰਮੀਆਂ ਮਨੋ-ਵਿਗਿਆਨਕ ਕਹਾਣੀਆਂ ਲਿਖੀਆਂ ਜਾਣ। ਵਰਿਆਮ ਸੰਧੂ ਮੇਰੇ ਮੁਕਾਬਲੇ ਵੱਧ ਪ੍ਰਬੀਨ ਸੀ| ਉਸ ਦਾ ਜਿਸ ਪ੍ਰਕਾਰ ਦੇ ਮਾਹੌਲ ਵਿਚ ਪਾਲਣ-ਪੋਸ਼ਣ ਹੋਇਆ ਸੀ ਤੇ ਦੂਜੇ ਪਾਸੇ ਜਿਹੋ ਜਿਹੀਆਂ ਜੀਵਨ ਹਾਲਤਾਂ ਨਾਲ ਦੋ-ਚਾਰ ਹੁੰਦਿਆਂ ਮੈਂ ਸੁਰਤ ਸੰਭਾਲ਼ੀ ਸੀ, ਸਮਾਜਕ ਧਰਾਤਲ ਨੂੰ ਸਮਝਣ ਦੀ ਉਸ ਮੁਤਾਬਕ ਹੀ ਯੋਗਤਾ ਹਾਸਲ ਹੋਣੀ ਸੀ| ਫਿਰ ਵੀ ਹੇਮ ਜਯੋਤੀ ਵਿਚ ਛਪੀਆਂ ਮੇਰੀਆਂ ਤਿੰਨ ਕਹਾਣੀਆਂ-‘ਬਠਲ਼ੂ ਚਮਿਆਰ’, ‘ਟੁੱਟਦੇ ਬਣਦੇ ਰਿਸ਼ਤੇ’ ਅਤੇ ਸਰਪੰਚੀ ਦੀ ਚਰਚਾ ਹੋਣ ਲੱਗ ਪਈ ਸੀ| ਬੇਸ਼ੱਕ ਇਸ ਤੋਂ ਪਹਿਲਾਂ ਵੀ ਕੁੱਝ ਕਹਾਣੀਕਾਰਾਂ ਨੇ ਛੁੱਟ-ਪੁੱਟ ਲੰਮੀਆਂ ਕਹਾਣੀਆਂ ਲਿਖੀਆਂ ਸਨ, ਪਰ ਇੱਕ ਵਿਧਾ ਦੇ ਤੌਰ ’ਤੇ ਲੰਮੀ ਕਹਾਣੀ ਦਾ ਰਿਵਾਜ਼ ਸੋਹੀ ਗਰੁੱਪ ਦੀ ਲਾਈਨ ਤੋਂ ਆਰੰਭ ਹੋਇਆ| ਬਾਹਰ ਦਿਸਦੇ ਯਥਾਰਰਥ ਤਾਂ ਬਿਰਤਾਂਤਕ ਕਹਾਣੀ ਵਿਚ ਪੇਸ਼ ਹੋ ਹੀ ਰਿਹਾ ਸੀ ਪਰ ਪਾਤਰ ਦੇ ਅੰਦਰ ਚੱਲਦੇ ਵਿਰੋਧਾਂ-ਦੁਬਿਧਾ, ਤਿਰੁਬਿਧਾ ਨੂੰ ਪੇਸ਼ ਕਰਨਾ ਇਸ ਵਿਧਾ ਨਾਲ ਆਰੰਭ ਹੋਇਆ| ਉਸ ਵਿਚਾਰ ਚਰਚਾ ਵਿਚ ਸਾਨੂੰ ਵਿਆਖਿਆ ਸਾਹਿਤ ਸਮਝਾਇਆ ਗਿਆ ਕਿ ਜੀਵਨ ਇੱਕ ਪਰਤੀ ਨਹੀਂ| ਜਗੀਰੂ ਸਮਾਜ ਅਤੇ ਭਾਰਤੀ ਸਮਾਜ ਵਿਚ ਹੋ ਰਹੇ ਨਵੇਂ ਸਮਾਜਕ ਵਿਕਾਸ, ਨਵੇਂ ਰੂਪਾਂਤਰਨ, ਬਦਲ ਆਦਿ ਨਾਲ ਜੀਵਨ ਗੁੰਝਲ਼ਦਾਰ ਅਤੇ ਬਹੁ-ਪਰਤੀ ਯਥਾਰਥ ਵਿਚ ਢਲ਼ ਰਿਹਾ ਹੈ| ਇਸ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਯਥਾਰਥ ਨੂੰ ਪੇਸ਼ ਕਰਦਿਆਂ ਪਾਤਰਾਂ ਦੇ ਮਨ ਦੀਆਂ ਅੰਦਰਲੀਆਂ ਤਹਿਆਂ ਫਰੋਲ਼ੀਆਂ ਜਾਣ| ਇਹ ਸਿਰਫ਼ ਸੋਹੀ ਵਾਲ਼ੀ ਜਨਤਕ ਲਾਈਨ ਦਾ ਹੀ ਜਲੌਅ ਸੀ, ਜੋ ਮੈਂ ਕਹਾਣੀਕਾਰ ਦੇ ਤੌਰ ’ਤੇ ਪੈਰ ਜਮਾ ਰਿਹਾ ਸਾਂ, ਨਹੀਂ ਤਾਂ ਕਦੋਂ ਦਾ ਮੈਂ ਵੀ ਕਿਸੇ ਨਹਿਰ ਦਾ ਸ਼ਿਕਾਰ ਹੋ ਗਿਆ ਹੁੰਦਾ| ਮੈਂ ਤੇ ਵਰਿਆਮ ਸੰਧੂ ਲੰਮੀ ਕਹਾਣੀ ਲਿਖਣ ਦੇ ਮੋਢੀਆਂ ਵਿਚ ਗਿਣੇ ਜਾਣ ਲੱਗੇ| ਵਰਿਆਮ ਸੰਧੂ ਦੀ ਲੰਮੀ ਕਹਾਣੀ-ਕਲਾ ਦੇ ਝੰਡੇ ਗੱਡੇ ਗਏ| ਮੇਰੀ ਕਹਾਣੀ ‘ਬਠਲ਼ੂ ਚਮਿਆਰ’ ਕਹਾਣੀ ਖ਼ੇਤਰ ਵਿਚ ਵੱਡਾ ਵਿਸਫੋਟ ਸਾਬਤ ਹੋਈ, ਜਿਸ ਨੂੰ ਉਛਾਲ਼ਦਿਆਂ ਬੇਸ਼ੱਕ ਇੱਕ ਗੁੱਝੀ ਸਾਜ਼ਸ਼ ਅਧੀਨ ਮੈਨੂੰ ਕੇਵਲ ਇਸ ਕਹਾਣੀ ਤੱਕ ਸੀਮਤ ਕਰਨ ਦੇ ਯਤਨ ਆਰੰਭੇ ਗਏ| ਮੈਨੂੰ ਚਿੜਾਉਣ ਖਿਝਾਉਣ ਲਈ ਚੁਟਕਲੇ ਘੜੇ ਗਏ| ਸਮਾਗਮਾਂ ਵਿਚ ਮੈਨੂੰ ਛੁਟਿਆਇਆ ਜਾਂਦਾ ਰਿਹਾ|
ਸੱਟਾਂ ਵੱਜੀਆਂ ਹੋਣ ਕਾਰਨ ਮੈਨੂੰ ਸਰਵਾਈਕਲ ਅਤੇ ਕਮਰ ਦਰਦ ਦੀ ਬਹੁਤ ਤਕਲੀਫ਼ ਰਹਿਣ ਲੱਗੀ ਸੀ| ਹਰਭਜਨ ਹਲਵਾਰਵੀ ਦੇ ਛੋਟੇ ਭਾਈ ਮਰਹੂਮ ਡਾ. ਸੰਤੋਖ ਸਿੰਘ ਨੇ ਜੋ ਉਹ੍ਹੀਂਂ ਦਿਨੀਂ ਹੱਡੀਆਂ ਦੇ ਇਲਾਜ਼ ਦੀ ਐਮ.ਡੀ. ਕਰ ਰਹੇ ਸਨ, ਨੇ 1971-72 ਵਿਚ ਰਾਜਿੰਦਰਾ ਹਸਪਤਾਲ ਵਿਚ ਆਪਣੇ ਕੋਲ਼ ਰੱਖ ਕੇ, ਹੱਡੀਆਂ ਦੇ ਡਾਕਟਰ ਪ੍ਰੋ. ਹਰਦਾਸ ਸਿੰਘ ਤੋਂ ਮੇਰਾ ਇਲਾਜ਼ ਕਰਵਾਇਆ| ਉਨ੍ਹਾਂ ਮੈਨੂੰ ਕਹਿ ਛੱਡਿਆ ਸੀ ਕਿ ਡਾ. ਹਰਦਾਸ ਦੇ ਦੌਰੇ ਉਪਰੰਤ ਮੈਂ ਉਸ ਦੇ ਕਮਰੇ ਵਿਚ ਆ ਜਾਇਆ ਕਰਾਂ| ਡਾ. ਸੰਤੋਖ ਦੇ ਕਮਰੇ ਵਿਚ ਤਕਰੀਬਨ ਹਰ ਰੋਜ਼ ਹੀ ਡਾਕਟਰ ਪਿਆਰਾ ਲਾਲ ਗਰਗ, ਡਾਕਟਰ ਅਮਰ ਸਿੰਘ ਆਜ਼ਾਦ ਤੇ ਡਾਕਟਰ ਜਗਮੋਹਨ ਸਿੰਘ ਆਉਂਦੇ ਰਹਿੰਦੇ ਸਨ| ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਲਾਈਨ ਨਾਲ ਪੰਜਾਬ ਦੀ ਕਰੀਮ ਜੁੜ ਰਹੀ ਸੀ| ਵਿਚਾਰਧਾਰਕ ਪਕਿਆਈ ਨੂੰ ਤਰਜੀਹ ਦਿੰੰਦਿਆਂ ਬੌਧਿਕ ਕਿਸਮ ਦਾ ਕਾਡਰ ਇੱਧਰ ਖਿੱਚਿਆ ਆ ਰਿਹਾ ਸੀ| ਇਹ ਸਾਰੇ ਮੈਡੀਕਲ ਦੇ ਵਿਦਿਆਰਥੀ ਸਨ, ਯੂਕਰੀ ਭਾਵ ਬਠਿੰਡਾ ਨਾਗੀ ਰੈਡੀ ਗਰੁੱਪ ਮੈਡੀਕਲ ਦੇ ਵਿਦਿਅਰਥੀਆਂ ਦੀ ਯੂਨੀਅਨ ਬਣਾਉਣ ਵਿਚ ਸਫ਼ਲ ਹੋਈ ਸੀ| ਇਹ ਟੀਮ ਦੀਆਂ ਇਹ ਸ਼ਖ਼ਸੀਅਤਾਂ ਬਾਅਦ ਦੇ ਆਪਣੇ ਜੀਵਨ ਵਿਚ ਵੱਖ-ਵੱਖ ਖ਼ੇਤਰਾਂ ਵਿਚ ਆਪਣੀ ਸ਼ਾਨਦਾਰ ਭੂਮਿਕਾ ਨਿਭਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ|
ਗੁਰਸ਼ਰਨ ਭਾਅ ਜੀ ਨੇ ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਮਾਸ ਖੋਰੇ’ ਛਾਪ ਦਿੱਤਾ| ਬਠਿੰਡਾ ਗਰੁੱਪ ਵਿਚ ਇਸ ਦਾ ਵਿਆਪਕ ਸੁਆਗਤ ਹੋਇਆ| ਇਨਕਲਾਬੀ ਖੇਮੇ ਵਿਚ ਮੇਰੀ ਥਾਂ ਬਣ ਗਈ। ਇਸ ਤੋਂ ਪਹਿਲਾਂ ਜੇ ਮੈਂ ਕਿਸੇ ਮੈਗਜ਼ੀਨ ਨੂੰ ਆਪਣੀ ਰਚਨਾ ਭੇਜਦਾ ਤਾਂ ਇੱਕ ਪਰਚੀ ਨਾਲ ਨੱਥੀ ਹੋ ਕੇ ਵਾਪਸ ਆ ਜਾਂਦੀ-‘ਛਾਪ ਨਹੀਂ ਸਕਦੇ, ਵਾਪਸ ਭੇਜ ਰਹੇ ਹਾਂ ਤਾਂ ਜੋ ਕਿਤੇ ਹੋਰ ਕੰਮ ਆ ਸਕੇ|’ ਇਸ ਕਹਾਣੀ ਸੰਗ੍ਰਹਿ ਦਾ ਨਿਰੰਜਣ ਸਿੰਘ ਢੇਸੀ ਨੇ ਬੜਾ ਹੀ ਪ੍ਰਭਾਵਸ਼ਾਲੀ ਰੀਵੀਊ ਕੀਤਾ| ਇਹ ਕਹਾਣੀ ਸੰਗ੍ਰਹਿ ਇਨ੍ਹਾਂ ਡਾਕਟਰਾਂ ਕੋਲ਼ ਵੀ ਪਹੁੰਚ ਗਿਆ| ਮੈਂ ਇਨ੍ਹਾਂ ਲੋਕਾਂ ਵਿਚ ਵਿਚਰਦਿਆਂ ਬਹੁਤ ਕੁੱਝ ਨਵਾਂ ਸਿੱਖ ਰਿਹਾ ਸਾਂ ਤੇ ਬੀਮਾਰੀ ਦੇ ਬਾਵਜੂਦ ਆਪਣੇ ਆਪ ਨੂੰ ਤਕੜਾ ਕਰ ਰਿਹਾ ਸਾਂ| ਡਾ. ਸੰਤੋਖ ਸਿੰਘ ਨੇ ਆਪਣੇ ਵਿਭਾਗ ਦੀ ਵਰਕਸ਼ਾਪ ਵਿਚੋਂ ਮੇਰੇ ਲਈ ਸਰਵਾਈਕਲ ਕਾਲਰ ਅਤੇ ਲੰਬਰ ਬੈਲਟ (ਕਮਰ ’ਤੇ ਲਗਾਉਣ ਵਾਲ਼ੀ ਸਟੀਲ ਦੀ ਪੇਟੀ’) ਲਗਵਾ ਦਿੱਤੀ| ਨੌਜੁਆਨ ਭਾਰਤ ਸਭਾ ਦੀਆਂ ਵਧੀਆਂ ਸਰਗਰਮੀਆਂ ਕਾਰਨ ਮੈਨੂੰ ਥਾਂ-ਥਾਂ ਜਾਣਾ ਪੈਂਦਾ ਸੀ| ਸਾਡਾ ਢਾਡੀ ਜੱਥਾ ਇਸ ਵਿਚ ਪੂਰਾ ਟਿੱਲ ਲਾ ਕੇ ਯੋਗਦਾਨ ਪਾ ਰਿਹਾ ਸੀ| ਇਸ ਭੱਜ-ਦੌੜ ਕਾਰਨ ਆਰਾਮ ਦਾ ਸਮਾਂ ਨਾ ਮਿਲ਼ਦਾ, ਜਿਸ ਕਾਰਨ ਰੀੜ੍ਹ ਦੀ ਇਹ ਬੀਮਾਰੀ ਠੀਕ ਹੋਣ ਦਾ ਨਾਂ ਨਹੀਂ ਸੀ ਲੈਂਦੀ|
ਜਦੋਂ ‘ਹੇਮ ਜਯੋਤੀ’ ਵਿਚ ‘ਬਠਲ਼ੂ ਚਮਿਆਰ’ ਕਹਾਣੀ ਛਪੀ ਤਾਂ ਲੁੱਧਿਆਣੇ ਖੇਤੀ ਬਾੜੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿੱਥੇ ਇਸ ਕਹਾਣੀ ਦੀਆਂ ਮੀਢੀਆਂ ਗੁੰਦ ਕੇ ਸੱਗੀ-ਫੁੱਲ ਵੀ ਪਾਏ ਗਏ| ਇਹ ਮਾਣ ਜੇਕਰ ਮੈਨੂੰ ਹਾਸਲ ਹੋਇਆ ਤਾਂ ਇਸ ਲਾਈਨ ਦੀ ਵਿਗਿਆਨਕ ਸਮਝ ਕਰਕੇ ਹੀ, ਕਿਉਂਕਿ ਲੀਡਰਸ਼ਿੱਪ ਸਾਹਿਤ ਅਤੇ ਜੀਵਨ ਦੇ ਆਪਸੀ ਸਬੰਧਾਂ ਅਤੇ ਸਾਹਿਤ ਅਤੇ ਕਲਾ ਦੇ ਜ਼ਿੰਦਗੀ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਯੋਗਦਾਨ ਨੂੰ ਮਹੱਤਤਾ ਦੇ ਰਹੀ ਸੀ|
ਸਾਹਿਤ ਸੱਭਿਆਚਾਰ ਮੰਚ ਦੀਆਂ ਜ਼ਿਆਦਾਤਰ ਮੀਟਿੰਗਾਂ ਲੁਧਿਆਣੇ ਹੁੰਦੀਆਂ| ਇੱਕ ਮੀਟਿੰਗ ਮੇਰੇ ਕੋਲ਼ ਭੁੱਚੋ ਕਲਾਂ ਮੇਰੀ ਰਿਹਾਇਸ਼ ’ਤੇ ਵੀ ਹੋਈ, ਜਿੱਥੇ ਮੈਂ ਇੱਕ ਜ਼ਿਮੀਦਾਰ ਲਾਭ ਸਿੰਘ ਕਲਾਰ ਦੇ ਘਰ ਪਰਿਵਾਰ ਦਾ ਜੀਅ ਬਣ ਕੇ ਰਹਿ ਰਿਹਾ ਸਾਂ| ਇਸ ਮੀਟਿੰਗ ਵਿਚ ਸਾਹਿਤ ਸੱਭਿਆਅਚਾਰ ਮੰਚ ਦੀ ਵਰਿਆਮ ਸੰਧੂ ਅਤੇ ਸ਼ਵਿੰਦਰਜੀਤ ਸਾਗਰ ਨੂੰ ਛੱਡ ਕੇ ਸਾਰੀ ਹੀ ਟੀਮ ਪਹੁੰਚੀ ਹੋਈ ਸੀ| ਹਰਭਜਨ ਹਲਵਾਰਵੀ, ਡਾ. ਸੁਰਿੰਦਰ ਦੁਸਾਂਝ, ਸੁਰੇਂਦਰ ਹੇਮ ਜਯੋਤੀ, ਮਾਸਟਰ ਮੇਘ, ਅਜਮੇਰ ਔਲਖ, ਚਮਨ ਲਾਲ, ਅਮਰਜੀਤ ਚੰਦਨ, ਪਾਸ਼, ਬੂਟਾ ਰਾਮ ‘ਗਹਿਰੀ ਅੱਖ’ (ਉਸ ਦਾ ਪਹਿਲਾ ਤੇ ਆਖ਼ਰੀ ਕਾਵਿ ਸੰਗ੍ਰਹਿ ‘ਗਹਿਰੀ ਅੱਖ’ ਛਪਿਆ ਸੀ, ਜਿਸ ਨਾਲ ਗਹਿਰੀ ਅੱਖ ਉਸ ਦਾ ਤਖ਼ੱਲਸ ਹੀ ਬਣ ਗਿਆ) ਸੀ. ਮਾਰਕੰਡਾ ਵਗੈਰਾ| ਜ਼ਿਮੀਦਾਰ ਪਰਿਵਾਰ ਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ| ਆਖ਼ਰ ਉਨ੍ਹਾਂ ਦੇ ਖ਼ਿਆਲ ਵਿਚ ਇਸ ਘਰ ਏਡੇ ਵੱਡੇ ‘ਅਫ਼ਸਰ’ ਆਏ ਹੋਏ ਸਨ| ਸਾਹਿਤ ਜਾਂ ਲੇਖਕ ਸ਼ਬਦ ਤਾਂ ਉਨ੍ਹਾਂ ਦੇ ਜ਼ਿਹਨ ਦਾ ਹਿੱਸਾ ਨਹੀਂ ਸੀ ਬਣੇ, ਪਰ ਕੋਟ-ਪੈਂਟ ਵਾਲੇ ਬਾਬੂ ਉਨ੍ਹਾਂ ਲਈ ਵੱਡੇ ਅਫ਼ਸਰ ਤਾਂ ਲੱਗ ਹੀ ਸਕਦੇ ਸਨ| ਏਨੇ ਜਣਿਆਂ ਦੇ ਲੰਗਰ-ਪਾਣੀ ਦਾ ਪ੍ਰਬੰਧ ਆਪਣੇ ਜ਼ਿੰਮੇ ਲੈ ਕੇ ਉਸ ਪਰਿਵਾਰ ਨੇ ਚਾਅ ਹੀ ਮਨਾਇਆ ਸੀ| ਪੇਂਡੂ ਰਹਿਤਲ ’ਤੇ ਇਹ ਵੀ ਇੱਕ ਨਵਾਂ ਤਜਰਬਾ ਹੀ ਸੀ|
ਦੂਜੇ ਪਾਸੇ ਦਾ ਵਰਤਾਰਾ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖ ਹੀ ਆਇਆ ਸਾਂ ਕਿ ਜਿਸ ਘਰ ਵੀ ਕਿਸੇ ਹਮਦਰਦ ਨੇ ਕਾਮਰੇਡਾਂ ਨੂੰ ਰਾਤ ਕਟਾ ਦਿੱਤੀ, ਚੰਗੀ ਰੋਟੀ ਖਵਾ ਦਿੱਤੀ, ਉਸ ਨੂੰ ਗੁਰੀਲਾ ਬਣਾਉਣ ਦਾ ਯਤਨ ਕੀਤਾ ਜਾਂਦਾ ਸੀ| ਇਸ ਦੀ ਉਸ ਨਿਰੇ ਜੋਸ਼ ਵਾਲ਼ੀ ਲਹਿਰ ਨੂੰ ਜ਼ਰੂਰਤ ਵੀ ਸੀ| ਆਖ਼ਰ ਲੋਕ-ਯੁੱਧ ਤਾਂ ਭੂਮੀਗਤ ਵਿਅਕਤੀਆਂ ਨੇ ਹੀ ਭਖਾਉਣਾ ਸੀ| ਇੱਧਰ ਭਾਵੇਂ ਲਹਿਰ ਕੀੜੀ ਦੀ ਤੋਰ ਤੁਰ ਰਹੀ ਸੀ ਪਰ ਸਿੱਕੇਬੰਦ ਤਰੀਕਾ ਅਪਣਾਇਆ ਜਾ ਰਿਹਾ ਸੀ| ਲਿਆਕਤ ਦੀ ਕਰੀਮ ਹੀ ਇਸ ਪਾਸੇ ਖਿੱਚੀ ਆ ਰਹੀ ਸੀ |
ਅਮਰਜੀਤ ਚੰਦਨ ਵਿਹੜੇ ਤੋਂ ਬਾਹਰ ਬਣਾਈ ਗਰਕੀ ਤੋਂ ਉੱਠ ਬਾਹਰ ਆ ਹੀ ਨਹੀਂ ਸੀ ਰਿਹਾ, ਜਦੋਂ ਕਿ ਹੋਰ ਜਣਿਆ ਨੇ ਵੀ ਫ਼ਾਰਗ਼ ਹੋਣਾ ਸੀ| ਜਦ ਵੀ ਮੈਂ ਉੱਧਰ ਜਾ ਕੇ ਵੇਖਦਾ ਕਿ ਉਹ ਉਠਦਾ ਕਿਉਂ ਨਹੀਂ, ਦੋ ਇੱਟਾਂ ਦੀ ਸੀਟ ਉੱਪਰ ਬੈਠਾ ਮਸਤ ਹੋਇਆ, ਵਾਰ-ਵਾਰ ਨੀਲੇ ਲਫ਼ਾਫ਼ੇ ਦਾ ਖ਼ਤ ਪੜ੍ਹੀ ਜਾ ਰਿਹਾ ਸੀ| ਜਦ ਬਾਹਰ ਆ ਕੇ ਉਸ ਨਾਲ ਮੇਰੀਆਂ ਨਿਗਾਹਾਂ ਮਿਲ਼ੀਆਂ ਤਾਂ ਉਹ ਕਹਿ ਰਿਹਾ ਸੀ-‘ਐਵੇਂ ਭਾਵੁਕ ਹੋ ਕੇ ਕੋਈ ਕਦਮ ਨਾ ਚੁੱਕੀਂ| ਇਨ੍ਹਾਂ ਵਿਚ ਵੀ ਕੱਢਣ ਪਾਉਣ ਨੂੰ ਕੁੱਝ ਨਹੀਂ| ਮੈਂ ਹੈਰਾਨ ਸਾਂ ਕਿ ਫਿਰ ਉਹ ਇਸ ਮੀਟਿੰਗ ਵਿਚ ਸ਼ਾਮਲ ਹੀ ਕਿਉਂ ਹੋਇਆ, ਜੇ ਕੱਢਣ-ਪਾਉਣ ਨੂੰ ਕੁੱਝ ਨਹੀਂ ਤਾਂ| ਮੈਨੂੰ ਅਮਰਜੀਤ ਚੰਦਨ ਉੱਪਰ ਅਫ਼ਸੋਸ ਹੋ ਰਿਹਾ ਸੀ ਕਿ ਇਹ ਉਹੋ ਅਮਰਜੀਤ ਚੰਦਨ ਸੀ ਜੋ ਗੁਰਸ਼ਰਨ ਸਿੰਘ ਭਾਅ ਜੀ ਦੇ ਦਫ਼ਤਰ ਵਿਚ ਮੇਜ਼ ਉੱਪਰ ਹੈਂਡ ਗਰਨੇਡ ਘੁਮਾ ਰਿਹਾ ਸੀ|
‘ਹੇਮ ਜਯੋਤੀ’ ਮੈਗਜ਼ੀਨ ਦੀ ਏਨੀ ਚੜ੍ਹਤ ਹੋ ਗਈ ਕਿ ਮਹੀਨਾ ਖ਼ਤਮ ਹੁੰਦਿਆਂ ਹੀ ਪਾਠਕ ਇਸ ਦੀ ਉਡੀਕ ਕਰਨ ਲੱਗਦੇ| ਸਟਾਲਾਂ ’ਤੇ ਪਹੁੰਚਦੇ ਸਾਰ ਹੱਥੋ-ਹੱਥ ਵਿਕ ਜਾਂਦਾ| ਇਹ ਵੀ ਪਤਾ ਲੱਗਦਾ ਸੀ ਕਿ ਦੁਕਾਨਦਾਰ ਪਰਚਾ ਬਲੈਕ ਵਿਚ ਵੇਚਣ ਤੱਕ ਜਾਂਦੇ ਸਨ| ‘ਚਿੱਟੇ ਵਾਲਾਂ ਵਾਲ਼ੀ ਕੁੜੀ’ ਚੀਨੀ ਨਾਟਕ ਛਪਣ ਨਾਲ ਪਰਚੇ ਦੀ ਦਿੱਖ ਉੱਪਰ ਨਾਂਹ-ਪੱਖੀ ਅਸਰ ਹੋਇਆ| ਪਾਠਕ ਦਾ ਬੌਧਿਕ ਪੱਧਰ ਅਜੇ ਏਨਾ ਵਿਕਸਤ ਨਹੀਂ ਸੀ ਹੋਇਆ ਕਿ ਉਹ ਇੱਕ ਬਹੁਤ ਹੀ ਕਲਾਤਮਕ ਨਾਟਕ ਦੇ ਤੱਤ ਦੀ ਗਹਿਰਾਈ ਨੂੰ ਮਾਪ ਸਕਦੇ, ਜੋ ਇੱਕ ਕੁੜੀ ਸਾਮੰਤਸ਼ਾਹੀ ਦੇ ਖ਼ਿਲਾਫ਼ ਜੂਝ ਰਹੀ ਦਿਖਾਈ ਗਈ ਸੀ| ਫਿਰ ਇੱਕ ਚੀਨੀ ਨਾਵਲ ‘ਚਿੜੀਆਂ ਦੀ ਮੌਤ’ ਛਾਪਣ ਨਾਲ ਇਹ ਪਰਚਾ ਹਮੇਸ਼ ਲਈ ਬੇਹੋਸ਼ੀ ਦੀ ਅਵੱਸਥਾ ਵਿਚ ਚਲਾ ਗਿਆ|
ਫ਼ਖ਼ਰ ਹੁੰਦਾ ਹੈ, ਉਨ੍ਹਾਂ ਸਮਿਆਂ ’ਤੇ ਜਦੋਂ ਨਰਮਾ ਅੰਦੋਲਨ ਦੌਰਾਨ, ਕਿਸਾਨ ਰੋਸ ਵਜੋਂ ਸੜਕਾਂ ਉੱਪਰ ਨਰਮੇ ਨੂੰ ਅਗਨ ਭੇਟ ਕਰ ਰਹੇ ਸਨ, ਤਾਂ ਸੱਤਰਵਿਆਂ ਦੇ ਸ਼ੁਰੂਆਤੀ ਸਾਲ ਵਾਹੀਕਾਰਾ ਯੂਨੀਅਨ ਦਾ ਗਠਨ ਕਰ ਕੇ ਬਠਿੰਡੇ ਕਚਹਿਰੀਆਂ ਦਾ ਕਾਂਡ ਰਚਾਇਆ ਗਿਆ ਸੀ| ਖਾੜਕੂ ਗੁਰੀਲਾ ਲੋਕ ਯੁੱਧ ਦੇ ਬਦਲ ਵਜੋਂ ਇਹ ਦਰਸਾਇਆ ਗਿਆ ਸੀ ਕਿ ਵਿਅਕਤੀਗਤ ਖਾੜਕੂ ਐਕਸ਼ਨ ਇਨਕਲਾਬ ਦਾ ਸੰਦ ਨਹੀਂ, ਲੋਕ ਸ਼ਕਤੀ ਹੀ ਵਿਚਾਰਧਾਰਕ ਅਤੇ ਫੌਜੀ ਤਾਕਤ ਬਣਨੀ ਹੈ| ਸਾਡੇ ਜੱਥੇ ਨੂੰ ਹੁਕਮ ਹੋਇਆ ਸੀ ਕਿ ਅਸੀਂ ਢੱਡ-ਬੈਂਜੋ ਲੈ ਕੇ ਬਠਿੰਡਾ ਦਾਣਾ ਮੰਡੀ ਵਿਚ ਪਹੁੰਚੀਏ| ਸਾਡੇ ਜਾਂਦਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਚੁੱਕੇ ਸਨ| ਜਿਉਂ ਹੀ ਸਟੇਜੀ ਕਾਰਵਾਈ ਆਰੰਭ ਹੋਈ ਆਪਣੀ ਕਲਾ ਦਿਖਾਉਣ ਦਾ ਸੱਦਾ ਆਇਆ| ਅਸੀਂ ਪੰਦਰਾਂ ਵੀਹ ਮਿੰਟ ਲੋਕ ਗਾਇਨ ਦਾ ਰੰਗ ਦਿਖਾ ਹਟੇ ਤਾਂ ਹਰਭਜਨ ਮੈਨੂੰ ਇੱਕ ਪਾਸੇ ਲਿਜਾ ਕੇ ਮੋਢਾ ਥਾਪੜ ਕੇ ਬੋਲਿਆ-‘ਹੁਣ ਥੋਡਾ ਕੰਮ ਖ਼ਤਮ, ਉੱਡ ਜੋ| ਇੱਥੇ ਹੁਣ ਦਿਖਾਈ ਨਹੀਂ ਦੇਣੇ ਚਾਹੀਦੇ|’ ਉਸ ਦੇ ਉਹ ਬੋਲ ਅੱਜੇ ਵੀ ਯਾਦ ਆ ਜਾਂਦੇ | ਸ਼ਾਮ ਨੂੰ ਪਤਾ ਲੱਗਿਆ ਕਿ ਬਠਿੰਡੇ ਦੀਆਂ ਕਚਹਿਰੀਆਂ ਵਿਚ ਵਾਹੀਕਾਰਾ ਯੂਨੀਅਨ ਨੇ ਨੰਦ ਸਿੰਘ ਮਹਿਤਾ ਦੀ ਅਗਵਾਈ ਵਿਚ ਬਹੁਤ ਵੱਡਾ ਕਾਂਡ ਸਿਰਜਿਆ ਸੀ|
ਕਿਸਾਨਾਂ ਦੀ ਪੁਲਸ ਨਾਲ ਬੜੀ ਹੀ ਜ਼ਬਰਦਸਤ ਟੱਕਰ ਹੋਈ ਸੀ| ਕਿਸਾਨਾਂ ਨੇ ਕਚਹਿਰੀਆਂ ਦੀਆਂ ਕੰਧਾਂ ਤੋੜ ਕੇ ਰੋੜਿਆਂ ਦਾ ਮੀਂਹ ਵਰ੍ਹਾ ਕੇ ਪੁਲਸ ਨੂੰ ਲੁਕਣ ਲਈ ਮਜਬੂਰ ਕਰ ਦਿੱਤਾ ਸੀ| ਇਸ ਟਕਰਾ ਨੂੰ ਸਮੇਟ ਕੇ ਜਦ ਕਿਸਾਨ ਪਿੱਛੇ ਹਟੇ ਸਨ ਤਾਂ ਪੁਲਸ ਨੇ ਆਮ ਲੋਕਾਂ ਇੱਥੋਂ ਤੱਕ ਕਿ ਬੱਸ ਅੱਡੇ ਦੀਆਂ ਸਵਾਰੀਆਂ ਉੱਪਰ ਵੀ ਵਹਿਸ਼ੀ ਹਮਲਾ ਕਰ ਦਿੱਤਾ ਸੀ| ਜੋ ਟਰੈਕਟਰ ਟਰਾਲੀ ਨਿਗ੍ਹਾ ਚੜ੍ਹਿਆ, ਭੰਨ-ਤੋੜ ਕਰਕੇ ਨਕਾਰਾ ਕਰ ਦਿੱਤਾ ਕਰ ਦਿੱਤਾ ਗਿਆ| ਇਸ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ, ਲੋਕ ਤਾਕਤ ਮੂਹਰੇ ਕੋਈ ਜ਼ੁਲਮ-ਜ਼ਬਰ ਠਹਿਰ ਨਹੀਂ ਸਕਦਾ| ਤੇ ਇਹ ਵੀ ਸਰਕਾਰੀ ਮਸ਼ੀਨਰੀ ਦੇ ਅੱਖਾਂ ਨਹੀਂ ਹੁੰਦੀਆਂ, ਜੋ ਬਗੈਰ ਦੇਖੇ ਆਪਣੇ ਜ਼ੁਲਮ ਦਾ ਅੰਨ੍ਹੇਵਾਹ ਕੁਹਾੜਾ ਚਲਾਉਣਾ ਜਾਣਦੀ ਹੈ, ਜਿਸ ਨੂੰ ਵਿਅਕਤੀਗਤ ਸਫ਼ਾਏ ਦੀ ਲਾਈਨ ਨਾਲ ਨਹੀਂ, ਜੱਥੇਬੰਦਕ ਤਾਕਤ ਨਾਲ ਹੀ ਭਾਂਜ ਦਿੱਤੀ ਜਾ ਸਕਦੀ ਹੈ| ਇਸੇ ਤਰ੍ਹਾਂ ਨੌਜੁਆਨਾਂ ਦੀ ਮੋਗਾ ਰੈਲੀ ਅਤੇ ਖਾਲੜਾ ਮੰਡੀ ਵਿਚ ਜਸਵੰਤ ਖਾਲੜਾ ਦੀ ਅਗਵਾਈ ਵਿਚ ਹੋਇਆ ਨੌਜੁਆਨ ਭਾਰਤ ਸਭਾ ਦਾ ਇਜਲਾਸ, ਜਿੱਥੇ ਸਾਡੇ ਜੱਥੇ ਨੇ ਆਪਣੀ ਕਲਾ ਨਾਲ ਰੰਗ ਬੰਨਿ੍ਹਆ ਸੀ|
ਕੁੱਝ ਨਾ-ਖ਼ੁਸ਼ਗਵਾਰ ਘਟਨਾਵਾਂ, ਜਿਨ੍ਹਾਂ ਸਾਡੇ ਘਰ ਵਿਚ ਝੱਖੜ ਝੁਲਾ ਦਿੱਤਾ, ਤੋਂ ਔਖ ਮੰਨ ਕੇ ਮੈਂ ਘਰ ਬੈਠ ਗਿਆ| ਜਥੇਬੰਦੀ ਨਾਲ ਕੁੱਝ ਕੁੜੱਤਣ ਵੀ ਪੈਦਾ ਹੋ ਗਈ| ਮੈਂ ਇਹ ਨਹੀਂ ਕਹਾਂਗਾ ਕਿ ਅਜਿਹਾ ਸਾਡੇ ਸਮਾਜ ਵਿਚ ਨਹੀਂ ਹੁੰਦਾ, ਮੈਂ ਵੀ ਆਪਣੇ ਆਪ ਨੂੰ ਗ਼ਲਤੀਆਂ ਤੋਂ ਬਿੱਲਕੁੱਲ ਅਣਭਿੱਜ ਨਹੀਂ ਸਮਝਦਾ, ਆਪਣੀ ਆਤਮ ਕਥਾ ‘ਅੱਕ ਦਾ ਦੁੱਧ’ ਵਿਚ ਸਵੀਕਾਰ ਵੀ ਕੀਤੀਆਂ ਹਨ, ਪਰ ਤਾਂ ਵੀ ਉਹ ਗ਼ਲਤੀਆਂ ਬੱਜਰ ਗ਼ਲਤੀਆਂ ਸਨ, ਜਿਨ੍ਹਾਂ ਨੂੰ ਮੇਰੀ ਮਾਨਸਿਕਤਾ ਨੇ ਸਵੀਕਾਰ ਨਾ ਕੀਤਾ| ਮੈਂ ਵਿਆਹੁਤਾ ਜੀਵਨ ਜਿਉਣ ਦਾ ਫ਼ੈਸਲਾ ਕਰ ਲਿਆ| ਅਹਿਮਦਗੜ੍ਹ ਤੋ ਅਧਿਆਪਕਾ ਦਾ ਰਿਸ਼ਤਾ ਵੀ ਆ ਗਿਆ| ਬਜ਼ੁਰਗ ਆ ਕੇ ਰੋਕ ਰੁਕਾਈ ਵੀ ਕਰ ਗਿਆ|
25 ਜੂਨ 1975 ਨੂੰ ਮੈਂ ਧੂਰੀ ਵਾਲ਼ੀ ਭੂਆ ਨਾਲ ਕੁੜੀ ਨੂੰ ਮਿਲ਼ਣ ਦੀ ਵਿਉਂਤ ਬਣਾਈ ਤਾਂ ਮੈਂ ਪੁਲਸ ਦੇ ਅੜਿੱਕੇ ਚੜ੍ਹ ਗਿਆ| ਦਸ ਬਾਰਾਂ ਸਾਈਕਲਾਂ ਵਾਲੇ ਪੁਲਸੀਆਂ ਨੇ ਘੇਰੇ ਵਿਚ ਲੈ ਕੇ ਮੈਨੂੰ ਗ੍ਰਿਫ਼ਤਾਰ ਕਰ ਲਿਆ| ਮੁਆਫ਼ੀਨਾਮਾ ਲਿਖਣ ਦਾ ਦਬਾਅ ਪੈਣ ਲੱਗਿਆ| ਡਿਊਟੀ ਦੇ ਰਿਹਾ ਡੀ.ਐੱਸ.ਪੀ. ਕਾਗਜ਼ ਉੱਪਰ ਲਿਖਾਉਣਾ ਚਾਹੁੰਦਾ ਸੀ ਕਿ ਮੈਂ ਇਹ ਲਿਖ ਕੇ ਦਿਆਂ ਕਿ ਮੈਂ ਨਕਸਲਬਾੜੀ ਪਾਰਟੀ ਵਿਚ ਗ਼ਲਤੀ ਨਾਲ ਸ਼ਾਮਲ ਹੋ ਗਿਆ ਸਾਂ, ਅੱਗੋਂ ਤੋਂ ਇਸ ਪਾਰਟੀ ਵਿਚ ਨਹੀਂ ਜਾਵਾਂਗਾ|’ ਮੈਂ ਇਹ ਲਿਖ ਕੇ ਦੇਣ ਲਈ ਤਿਆਰ ਸਾਂ ਕਿ ਮੈਂ ਨਕਸਲਬਾੜੀ ਪਾਰਟੀ ਵਿਚ ਸ਼ਾਮਲ ਨਹੀਂ ਹੋਇਆ, ਚਾਰੂ ਮੌਜੂਮਦਾਰ ਵਾਲ਼ੀ ਨਕਸਲਬਾੜੀ ਪਾਰਟੀ ਨਾਲ ਉਦੋਂ ਤੱਕ ਮੇਰਾ ਵਾਸਤਾ ਨਹੀਂ ਸੀ ਰਿਹਾ| ਪਰ ਪੁਲਸ ਅਫ਼ਸਰ ਇਸ ਨਾਲ ਸਹਿਮਤ ਨਹੀਂ ਸੀ ਹੋ ਰਿਹਾ| ਤਿੰਨ ਚਾਰ ਦਿਨ ਫੂਲ ਦੇ ਕਿਲੇ ਦੀ ਉੱਕਾ ਹਨੇ੍ਹਰੀ ਗੁਫ਼ਾ ਵਿਚ ਬਹੁਤ ਡਰਾਇਆ ਗਿਆ| ਰਾਤ ਨੂੰ ਚੂਹੇ ਲੱਤਾਂ ’ਤੇ ਦੰਦੀਆਂ ਵੱਢੀ ਜਾਂਦੇ| ਅਖ਼ੀਰ ਚਲਾਨ ਪੇਸ਼ ਕਰ ਕੇ ਸੈਂਟਰਲ ਜੇਲ੍ਹ ਬਠਿੰਡਾ ਭੇਜ ਦਿੱਤਾ| ਲੰਮੀ ਚੌੜੀ ਜਿਸ ਬੈਰਕ ਵਿਚ ਮੈਨੂੰ ਥਾਂ ਦਿੱਤੀ ਗਈ, ਉਸ ਵਿਚ ਸਾਰੇ ਹੀ ਚਾਰੂ ਗਰੁੱਪ ਨਾਲ ਸਬੰਧਤ ਸਾਥੀ ਸਨ, ਜਿਨ੍ਹਾਂ ਨਾਲ ਮੇਰਾ ਕਰੂਰਾ ਨਹੀਂ ਸੀ ਰਲ਼ਦਾ| ਫਿਰ ਵੀ ਆਪਣੇ ਆਪ ਨੂੰ ਉਨ੍ਹਾਂ ਅਨੁਸਾਰ ਢਾਲਣਾ ਹੀ ਪੈਣਾ ਸੀ| ਪਤਾ ਲੱਗਿਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਹਰਭਜਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ| ਉਸ ਦੇ ਨਾਲ ਹੀ ਉਸ ਨੂੰ ਮਿਲ਼ਣ ਆਇਆ ਚਮਨ ਲਾਲ ਪ੍ਰਭਾਕਰ ਵੀ ਗ੍ਰਿਫ਼ਤਾਰ ਕਰ ਲਿਆ ਗਿਆ| ਤਕਰੀਬਨ ਸਾਰੀ ਹੀ ਇਨਕਲਾਬੀ ਕਰੀਮ ਜੇਲ੍ਹ ਵਿਚ ਹਾਜ਼ਰ ਸੀ| ਇੱਕਾ-ਦੁੱਕਾ ਨੂੰ ਛੱਡ ਕੇ ਸਾਰੇ ਹੀ ਮੇਰੇ ਵਾਕਫ਼ ਸਨ|
ਕਿਸੇ ਮੁੰਡੇ ਰਾਹੀਂ ਸੁਨੇਹਾ ਦੇ ਹਰਭਜਨ ਨੇ ਮੈਨੂੰ ਆਪਣੀ ਬੈਰਕ ਵਿਚ ਬੁਲਾਇਆ| ਉਸ ਬੈਰਕ ਵਿਚ ਕੁੱਝ ਅਕਾਲੀ ਅਤੇ ਬਾਕੀ ਸਾਰੇ ਨਾਗੀ ਰੈਡੀ ਗਰੁੱਪ ਦੇ ਸਾਥੀ ਹੀ ਸਨ| ਸੋਹੀ ਨੇ ਮੁਸਕਰਾ ਕੇ ਮੇਰਾ ਸੁਆਗਤ ਕੀਤਾ| ਉਹ ਮੁਸਕ੍ਰਾਹਟ ਤੇ ਉਸ ਵਿਚੋਂ ਲਿਸ਼ਕਦੇ ਉਸ ਦੇ ਚਿੱਟੇ ਦੰਦ ਮੈਨੂੰ ਅੱਜ ਵੀ ਉਸੇ ਤਰ੍ਹਾਂ ਦਿਖਾਈ ਦੇ ਰਹੇ ਹਨ| ‘ਅੱਛਾ ਇਹ ਦੱਸ ਅਤਰਜੀਤ ਹੁਣ ਜੇਲ੍ਹ ਵਿਚ ਆ ਕੇ ਕਿਵੇਂ ਸੋਚਦੈਂ| ਉਸ ਨੂੰ ਪਤਾ ਸੀ ਕਿ ਮੈਂ ਉਨ੍ਹਾਂ ਦੀ ਲਾਈਨ ਨਾਲੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਸੀ| ਫਿਰ ਵੀ ਉਹ ਮੈਨੂੰ ਟੋਹਣਾ ਚਾਹੁੰਦਾ ਸੀ|
‘ਦੇਖੋ ਮੈਂ ਤੁਹਾਡੀ ਲਾਈਨ ਨੂੰ ਛੱਡ ਦਿੱਤਾ ਸੀ| ਮੈਂ ਪਰਿਵਾਰਕ ਜੀਵਨ ਜਿਉਣ ਦਾ ਫ਼ੈਸਲਾ ਕਰ ਲਿਆ ਸੀ| ਪੁਲਸ ਅਫ਼ਸਰ ਮੇਰੇ ਕੋਲ਼ੋਂ ਜੋ ਲਿਖਵਾਉਣਾ ਚਾਹੁੰਦਾ ਸੀ, ਮੈਂ ਲਿਖ ਕੇ ਨਹੀਂ ਦਿੱਤਾ| ਹੁਣ ਮੇਰਾ ਨਕਸਲੀ ਹੋਣ ਦਾ ਦੋਸ਼ ਲਾ ਕੇ ਚਲਾਣ ਪੇਸ਼ ਕੀਤਾ ਗਿਆ ਹੈ ਤੇ ਮੈਂ ਇਹ ਸਵੀਕਾਰ ਕਰਦਾ ਹਾਂ ਕਿ ਮੈਂ ਨਕਸਲੀਆ ਹਾਂ| ਜੋ ਵੀ ਸੰਕਟ ਝੱਲਣਾ ਪਊ, ਝੱਲੂੰਗਾ|’ ਮੇਰਾ ਜਵਾਬ ਸੁਣ ਕੇ ਉਸ ਨੇ ਮੁਸਕਰਾ ਕੇ ਮੈਨੂੰ ਆਪਣੀਆਂ ਬਾਂਹਾਂ ਵਿਚ ਲੈ ਲਿਆ| ਮੈਨੂੰ ਜੇਲ੍ਹ ਵਿਚ ਉਸ ਦਾ ਇਹ ਵਤੀਰਾ ਇੱਕ ਵੱਡੇ ਪੁਰਸਕਾਰ ਵਾਂਗ ਜਾਪਿਆ|
ਕੁੱਝ ਦਿਨਾਂ ਬਾਅਦ ਹਰਭਜਨ ਨੇ ਸਾਡੀ ਮੀਟਿੰਗ ਬੁਲਾਈ| ਦੂਜੀ ਬੈਰਕ ਵਿਚ ਮੈਨੂੰ ਵੀ ਸੁਨੇਹਾਂ ਮਿਲ਼ ਗਿਆ| ਉਹ ਪੂਰੀ ਤਰ੍ਹਾਂ ਬੁਲੰਦ ਇਰਾਦੇ ਦਾ ਪ੍ਰਗਟਾਵਾ ਕਰਦਾ ਸਭ ਨੂੰ ਆਪਣੇ ਦੁਆਲ਼ੇ ਬਿਠਾ ਕੇ ਥੜ੍ਹੇ ’ਤੇ ਬੈਠਾ ਹੋਇਆ ਸੀ| ਮੈਨੂੰ ਇਹ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸੁਪਰਿਨਟੈਂਡ ਨੇ ਉਸ ਨੂੰ ਦਫ਼ਤਰ ਵਿਚ ਬੁਲਾ ਕੇ ਕਲਾਸ ਵੰਨ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਸ ਨੇ ਸਵੀਕਾਰ ਨਹੀਂ ਸੀ ਕੀਤੀ| ਬਰਾੜ ਨਾਂ ਦਾ ਸੁਪਰਿਨਟੈਂਡੈਂਟ ਸ਼ਾਇਦ ਜੇਲ੍ਹ ਵਿਚ ਅਮਨ-ਅਮਾਨ ਰੱਖਣ ਦੀ ਮਨਸ਼ਾ ਨਾਲ ਹਰਭਜਨ ਦਾ ਰੁਹਬ ਵੀ ਮੰਨਦਾ ਸੀ| ਉਸ ਨੂੰ ਦਫ਼ਤਰ ਵਿਚ ਬੁਲਾ ਆਦਰ ਨਾਲ ਪੇਸ਼ ਆਉਂਦਾ| ਹਾਲਾਤ ਦੇ ਮੱਦੇ ਨਜ਼ਰ ਅਫ਼ਸਰਸ਼ਾਹੀ ਇਹ ਵੀ ਸਮਝਣ ਲੱਗਦੀ ਹੈ ਕਿ ਕੱਲ੍ਹ-ਕਲੋਤਰ ਨੂੰ ਹਾਲਾਤ ਪਤਾ ਨਹੀਂ ਕਿਹੋ ਜਿਹੇ ਬਣਨੇ ਹਨ| ਵੱਡੇ ਲੀਡਰਾਂ ਨਾਲ ਭਾਵੇਂ ਦਿਖਾਵੇ ਲਈ ਹੀ ਸਹੀ, ਨਰਮ ਰਵੱਈਆ ਰੱਖਦੀ ਹੈ| ਉਂਝ ਭੁੱਲਰ ਬਾਰੇ ਮਸ਼ਹੂਰ ਸੀ ਕਿ ਬਹੁਤ ਖੂੰ-ਖਾਰ ਅਫ਼ਸਰ ਹੈ| ਹਰਭਜਨ ਨੇ ਬੋਲਣਾ ਸ਼ੁਰੂ ਕੀਤਾ-‘ਦੇਖੋ ਸਾਡੇ ਵਿਚੋਂ ਕੁੱਝ ਜ਼ਿਆਦਾ ਪੜ੍ਹੇ-ਲਿਖੇ ਬੰਦਿਆਂ ਨੂੰ ਉੱਪਰਲੇ ਦਰਜ਼ੇ ਦੀਆਂ ਸਹੂਲਤਾਂ ਮਿਲ਼ ਸਕਦੀਆਂ ਹਨ| ਦਫ਼ਤਰ ਵੱਲੋਂ ਮੈਨੂੰ ਕਲਾਸ ਵੰਨ ਲੈਣ ਅਤੇ ਕੈਦੀਆਂ ਵਿਚੋਂ ਇੱਕ ਲਾਂਗਰੀ ਦੇਣ ਲਈ ਕਿਹਾ ਗਿਆ ਹੈ, ਮੈਂ ਇਨਕਾਰ ਕਰ ਆਇਆ ਹਾਂ| ਪਰ ਆਪਾਂ ਸਮਾਜਵਾਦੀ ਪਾਰਟੀ ਦੇ ਲੀਡਰਾਂ ਵਾਂਗ ਕੋਈ ਵੱਖਰੀ ਸਹੂਲਤ ਨਹੀਂ ਲੈਣੀ| ਆਪਾਂ ਸਾਰੇ ਇੱਕੋ ਤਰ੍ਹਾਂ ਇਕੱਠੇ ਰਹਾਂਗੇ ਤੇ ਸੀਮਿੰਟ ਦੇ ਇਨ੍ਹਾਂ ਖੱਡਿਆਂ ’ਤੇ ਹੀ ਸੌਂਇਆ ਕਰਾਂਗੇ|’
ਹਰਭਜਨ ਦੀ ਗੱਲ ਜਾਰੀ ਸੀ-‘ਕੁੱਛ ਅਕਾਲੀ ਤੇ ਸਮਾਜਵਾਦੀ ਪਾਰਟੀ ਦੇ ਬੰਦਿਆਂ ਨੇ ਜ਼ਮਾਨਤ ਕਰਾਉਣ ਦਾ ਯਤਨ ਕੀਤਾ ਹੈ| ਇਸ ਹਾਲਤ ਵਿਚ, ਖ਼ਾਸ ਹਾਲਤਾਂ ਨੂੰ ਛੱਡ ਕੇ ਆਪਾਂ ਜ਼ਮਾਨਤਾਂ ਵੀ ਨਹੀਂ ਕਰਾਵਾਂਗੇ| ਜ਼ਮਾਨਤਾਂ ਕਰਾਉਣ ਦਾ ਕੋਈ ਲਾਭ ਨਹੀਂ, ਕਿਉਂਕਿ ਆਪਾਂ ਵੇਖ ਰਹੇ ਹਾਂ ਕਿ ਦੂਜੀਆਂ ਪਾਰਟੀ ਦੇ ਜਿਸ ਬੰਦੇ ਨੇ ਵੀ ਜ਼ਮਾਨਤ ਕਰਾਈ, ਪੁਲਸ ਪਹਿਲਾਂ ਹੀ ਗੇਟ ’ਤੇ ਖੜ੍ਹੀ ਹੁੰਦੀ ਹੈ, ਬੰਦਾ ਕਿਸੇ ਨਵੇਂ ਕੇਸ ਵਿਚ ਫਿਰ ਜੇਲ੍ਹ ਅੰਦਰ ਪਹੁੰਚ ਜਾਂਦਾ ਹੈ| ਦੂਜੀ ਗੱਲ ਜ਼ਮਾਨਤ ਕਰਾਉਣ ਦਾ ਮਤਲਬ ਹੋਵੇਗਾ ਕਿ ਅਸੀਂ ਔਖਾਂ ਤੋਂ ਘਬਰਾ ਗਏ ਹਾਂ| ਦੂਜੀ ਧਿਰ ਦੇ ਦੋ-ਤਿੰਨ ਜਣਿਆਂ ਦੇ ਮਾਮਲੇ ਵਿਚ ਆਪਾਂ ਦੇਖ ਹੀ ਚੁੱਕੇ ਹਾਂ| ਸਾਡਾ ਇਮਤਿਹਾਨ ਲਿਆ ਜਾ ਰਿਹਾ| ਡੋਲਣਾ ਨਹੀਂ| ਐਮਰਜੈਂਸੀ ਲੰਮਾ ਸਮਾਂ ਵੀ ਰਹਿ ਸਕਦੀ ਹੈ| ਇੰਦਰਾ ਗਾਂਧੀ ਦਾ ‘ਗਰੀਬੀ ਹਟਾਓ ਸਮਾਜਵਾਦ ਲਿਆਓ’ ਦਾ ਲਾਰਾ ਥੋਥਾ ਹੀ ਸੀ| ਭਾਰਤੀ ਸਟੇਟ ਹੱਥੋਂ ਸੱਤਾ ਜਾਂਦੀ ਵੇਖ ਕੇ ਫ਼ਾਸ਼ੀਵਾਦ ਦੇ ਰਾਹ ਪੈ ਚੁੱਕੀ ਹੈ| ਆਪਣੇ ਹੌਸਲੇ ਨੂੰ ਬਣਾਈ ਰੱਖਣਾ ਹੈ| ਹਰ ਮੁਸ਼ਕਲ ਦਾ ਮਿਲ਼ ਕੇ ਟਾਕਰਾ ਕਰਨਾ ਹੈ| ਜੇਲ੍ਹ ਵਿਚ ਲੰਮੇ ਸੰਘਰਸ਼ ਕਰਨੇ ਪੈ ਸਕਦੇ ਹਨ|’
ਉਸ ਨੇ ਸਾਂਝ ਦੀ ਭਾਵਨਾ ਪੈਦਾ ਕਰਨ ਬਾਰੇ ਵੀ ਬੜੀਆਂ ਨਿੱਗਰ ਗੱਲਾਂ ਕੀਤੀਆਂ-‘ਅਸੀਂ ਕਮਿਊਨਿਸਟ ਜੇਲ੍ਹ ਵਿਚ ਵੀ ਕਮਿਊਨ ਸਥਾਪਤ ਕਰ ਕੇ ਰਹਾਂਗੇ| ਕਈ ਸਾਥੀਆਂ ਨੂੰ ਘਰਦਿਆਂ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਵੀ ਆਉਣਗੀਆਂ| ਜੋ ਕੁੱਝ ਵੀ ਬਾਹਰੋਂ ਆਵੇ, ਉਹ ਸਭ ਦਾ ਸਾਂਝਾ ਹੋਊਗਾ| ਜੋ ਰੋਟੀ ਹੋਰਨਾਂ ਕੈਦੀਆਂ ਨੂੰ ਮਿਲ਼ਦੀ ਹੈ, ਆਪਾਂ ਉਹੀ ਖਾਣੀ ਹੈ| ਆਪਾਂ ਸਿਰਫ਼ ਇੱਕ ਗੱਲ ਕਰ ਸਕਦੇ ਹਾਂ ਕਿ ਦਾਲ਼-ਸਬਜ਼ੀ ਜਿਹੜੀ ਕੱਚਾ ਤੇਲ ਪਾ ਕੇ ਬਣਾਈ ਜਾਂਦੀ ਹੈ, ਆਪਾਂ ਕੋਈ ਇਹੋ ਜਿਹਾ ਪ੍ਰਬੰਧ ਕਰੀਏ ਜਿਸ ਨਾਲ ਉਸ ਨੂੰ ਦੁਬਾਰਾ ਤੜਕਾ ਲਾਇਆ ਜਾ ਸਕੇ|’
ਰਸੋਈ ਵਿਚ ਸਾਡੇ ਪਿੰਡ ਦਾ ਬਿੱਲੂ ਨਾਂ ਦਾ ਵੀਹ ਸਾਲੀ ਸਜ਼ਾ-ਜ਼ਾਫ਼ਤਾ ਕੈਦੀ ਸੀ| ਮੇਰੀ ਡਿਊਟੀ ਲਾਈ ਗਈ ਕਿ ਮੈਂ ਉਹਦੇ ਨਾਲ ਗੱਲ ਕਰਕੇ ਅੰਗੀਠੀ, ਕੋਲਿਆਂ ਤੇ ਅੱਗ ਦਾ ਪ੍ਰਬੰਧ ਕਰਾਂ| ਉਸ ਨੇ ਇਹ ਮੰਗ ਪੂਰੀ ਕਰ ਦਿੱਤੀ| ਰਸੋਈ ਵਿਚੋਂ ਕੋਲੇ ਮਿਲ਼ਣ ਲੱਗ ਪਏ| ਅੱਗ ਬਾਲਣ ਦਾ ਉਸ ਨੇ ਸਾਨੂੰ ਢੰਗ ਸਮਝਾ ਦਿੱਤਾ| ਕਿਉਂਕਿ ਮਾਚਸ ਜੇਲ੍ਹ ਦੇ ਕਾਨੂੰਨ ਅਨੁਸਾਰ ਅਸੀਂ ਰੱਖ ਨਹੀਂ ਸੀ ਸਕਦੇ| ਉਸ ਨੇ ਇੱਕ ਛੋਟੀ ਜਿਹੀ ਲੋਹੇ ਦੀ ਡੱਬੀ ਵਿਚ ਘਰ ਦਾ ਕੱਤਿਆ ਸੂਤ, ਇੱਕ ਪੱਥਰ ਤੇ ਇੱਕ ਲੋਹੇ ਦੀ ਪੱਤਰੀ ਦੇ ਕੇ ਅੱਗ ਬਾਲਣ ਦਾ ਢੰਗ ਸਮਝਾ ਦਿੱਤਾ| ਆਦਿ ਮਾਨਵ ਜੰਗਲੀ ਜੀਵਨ ਵਿਚ ਇਸ ਤਰ੍ਹਾਂ ਹੀ ਪੱਥਰ ’ਤੇ ਪੱਥਰ ਮਾਰ ਕੇ ਅੱਗ ਬਾਲਦਾ ਰਿਹਾ ਹੋਏਗਾ| ਅਸੀਂ ਸੂਤ ਵਾਲ਼ੀ ਡੱਬੀ ਦੇ ਨੇੜੇ ਕਰ ਕੇ ਪੱਤਰੀ ਪੱਥਰ ’ਤੇ ਮਾਰ ਕੇ ਅੱਗ ਬਾਲਣੀ ਸਿੱਖ ਗਏ| ਪੱਤਰੀ ਤੇ ਪੱਥਰ ਦੀ ਰਗੜ ਨਾਲ ਚੰਗਿਆੜੀ ਸੂਤ ਉੱਪਰ ਡਿੱਗਦੀ ਜਿਸ ਨੂੰ ਫੂਕਾਂ ਮਾਰ ਮਾਰ ਕੇ ਮਘਾ ਲਿਆ ਜਾਂਦਾ ਤੇ ਸਾਡੀ ਅੰਗੀਠੀ ਮਘਣ ਲੱਗਦੀ|
ਪਿੰਡੋਂ ਕਿਸੇ ਨਾ ਕਿਸੇ ਨੂੰ ਘਿਉ, ਕਿਸੇ ਨੂੰ ਖੋਆ, ਕਿਸੇ ਨੂੰ ਪੰਜੀਰੀ ਆਉਣ ਲੱਗੀ| ਸਾਰੇ ਰਲ਼-ਮਿਲ਼ ਕੇ ਛਕਦੇ| ਹਰਭਜਨ ਦੀ ਹਾਜ਼ਰੀ ਵਿਚ ਸਾਨੂੰ ਜੇਲ੍ਹ, ਜੇਲ੍ਹ ਤਾਂ ਲੱਗਦੀ ਹੀ ਨਹੀਂ ਸੀ| ਤਕਰੀਬਨ ਹਰ ਰੋਜ਼ ਹੀ ਸਾਹਿਤਕ ਜਾਂ ਸੱਭਿਆਚਾਰਕ ਪ੍ਰੋਗਰਾਮ ਹੋਣ ਲੱਗੇ| ਇਸ ਨਾਲ ਹੋਰ ਵੀ ਰੰਗ ਖਿੜ ਗਏ| ਮੈਨੂੰ ਸੁਖਮਣਾ ਨਾੜੀ (ਰੀੜ੍ਹ) ਦੀ ਤਕਲੀਫ਼ ਤਾਂ ਪਹਿਲਾਂ ਤੋਂ ਹੀ ਰਹਿੰਦੀ ਸੀ| ਇੱਥੇ ਤਕਲੀਫ਼ ਵਧਣੀ ਸ਼ੁਰੂ ਹੋ ਗਈ ਤਾਂ ਹਰਭਜਨ ਨੇ ਨੰਦ ਸਿੰਘ ਮਹਿਤਾ ਦੀ ਡਿਊਟੀ ਲਾਈ ਕਿ ਉਹ ਮੇਰਾ ਹਰ ਤਰ੍ਹਾਂ ਖ਼ਿਆਲ ਰੱਖੇ|