ਚੀਨ ਅਤੇ ਬਰਤਾਨੀਆ ਨੇ ਰੁਜ਼ਗਾਰ ਵੀਜ਼ੇ ਲਈ ਦਰਵਾਜ਼ੇ ਖੋਲ੍ਹੇ

ਬੀਜਿੰਗ:ਅਮਰੀਕਾ ਵਲੋਂ ਪੈਦਾ ਕੀਤੇ ਗਏ ਐੱਚ-1ਬੀ ਵੀਜ਼ਾ ਸੰਕਟ ਵਿਚਾਲੇ ਚੀਨ ਤੇ ਬ੍ਰਿਟੇਨ ਨੇ ਹੁਨਰੀ ਰੁਜ਼ਗਾਰ ਲਈ ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਚੀਨ ਜਿਥੇ ਅਗਲੇ ਮਹੀਨੇ ਤੋਂ ਨਵੇਂ ਰੁਜ਼ਗਾਰ ਵੀਜ਼ਾ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਉਥੇ ਹੀ ਬ੍ਰਿਟੇਨ ਸਰਕਾਰ ਵੀਜ਼ਾ ਫ਼ੀਸ ਮਾਫੀ ‘ਤੇ ਵਿਚਾਰ ਕਰ ਰਿਹਾ ਹੈ।

ਹੈਰਾਨ ਕਰਨ ਵਾਲੀ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਅਮਰੀਕੀ ਵੀਜ਼ਾ ‘ਤੇ ਇਕ ਲੱਖ ਡਾਲਰ ਦੀ ਫ਼ੀਸ ਲਗਾ ਦਿੱਤੀ ਹੈ। ਇਹ ਫੀਸ ਸਿਰਫ ਇਕ ਵਾਰ ਦੇਣੀ ਪਵੇਗੀ ਅਤੇ ਨਵੀਂ ਅਰਜ਼ੀ ‘ਤੇ ਲਾਗੂ ਹੋਵੇਗੀ। ਸਾਰੇ ਐੱਚ-1ਬੀ ਵੀਜ਼ਾ ‘ਚ ਭਾਰਤੀਆਂ ਦੀ ਹਿੱਸੇਦਾਰੀ ਲਗਪਗ 71 ਫ਼ੀਸਦੀ (2.8 ਲੱਖ ਤੋਂ ਵੱਧ) ਹੈ, ਜਿਸ ਤੋਂ ਬਾਅਦ ਚੀਨੀ ਪੇਸ਼ੇਵਰਾਂ ਦੀ ਹਿੱਸੇਦਾਰੀ ਲਗਪਗ 11.7 ਹੈ।
ਚੀਨ ਨੇ ਟਰੰਪ ਵੱਲੋਂ ਐੱਚ-1ਬੀ ਵੀਜ਼ਾ ਲਈ ਭਾਰੀ ਫ਼ੀਸ ਲਗਾਉਣ ਦੇ ਕਦਮ ‘ਤੇ ਸੋਮਵਾਰ ਨੂੰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਚੀਨ ‘ਚ ਕੰਮ ਕਰਨ ਲਈ ਆਲਮੀ ਹੁਨਰ ਨੂੰ ਸੱਦਾ ਦਿੱਤਾ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਬੀਜਿੰਗ ਆਲਮੀ ਹੁਨਰ ਦਾ ਸਵਾਗਤ ਕਰਦਾ ਹੈ। ਉਹ ਚੀਨ ਆਉਣ ਤੇ ਇਥੇ ਰਹਿ ਕੇ ਮਨੁੱਖੀ ਸਮਾਜ ਦੀ ਤਰੱਕੀ ‘ਚ ਸਾਂਝੇ ਤੌਰ ‘ਤੇ ਯੋਗਦਾਨ ਦੇਣ ਤੇ ਆਪਣੇ ਕਰੀਅਰ ‘ਚ ਸਫਲਤਾ ਹਾਸਲ ਕਰਨ।
ਚੀਨ ਨੇ ਕੀਤਾ ‘ਕੇ-ਵੀਜ਼ਾ’ ਦਾ ਐਲਾਨ
ਜਿਥੇ ਅਮਰੀਕਾ ਆਪਣੇ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਰਿਹਾ ਹੈ, ਉਥੇ ਹੀ ਚੀਨ ਨੇ ‘ਕੇ-ਵੀਜ਼ਾ’ ਨਾਮੀ ਨਵੇਂ ਵਰਕ ਪਰਮਿਟ ਦਾ ਐਲਾਨ ਕੀਤਾ ਹੈ,ਜਿਸਦੇ ਤਹਿਤ ਯੋਗ ਪੇਸ਼ੇਵਰ ਦੁਨੀਆ ਭਰ ਤੋਂ ਚੀਨ ‘ਚ ਆ ਕੇ ਮੌਕਿਆਂ ਦੀ ਭਾਲ ਕਰ ਸਕਦੇ ਹਨ। ‘ਕੇ-ਵੀਜ਼ਾ’ ਇਕ ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਵੀਜ਼ਾ ਵਿਦੇਸ਼ੀ ਨੌਜਵਾਨ ਹੁਨਰ ਤੇ ਵਿਗਿਆਨੀਆਂ ਲਈ ਉਪਲੱਬਧ ਹੋਵੇਗਾ। ਇਸਦੇ ਲਈ ਕਿਸੇ ਘਰੇਲੂ ਕੰਪਨੀ ਤੋਂ ਸੱਦੇ ਦੀ ਲੋੜ ਨਹੀਂ ਹੋਵੇਗੀ। ਸਰਕਾਰੀ ਸ਼ਿਨਹੂਆ ਖ਼ਬਰ ਏਜੰਸੀ ਅਨੁਸਾਰ, ਨਵੇਂ ਵੀਜ਼ਾ ਵਰਗ ਨੂੰ ਸਟੇਟ ਵਾਰ ਕੌਂਸਲ ਨੇ ਮਨਜ਼ੂਰੀ ਦੇ ਦਿੱਤੀ ਹੈ। ਮੌਜੂਦਾ ਵੀਜ਼ਾ ਦੇ ਮੁਕਾਬਲੇ ‘ਕੇ-ਵੀਜ਼ਾ’ ਧਾਰਕਾਂ ਨੂੰ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਚੀਨ ਨੇ 40 ਤੋਂ ਵੱਧ ਦੇਸ਼ਾਂ ਦੇ ਸੈਲਾਨੀਆਂ ਲਈ ਲੰਬੇ ਸਮੇਂ ਦੇ ਪਰਵਾਸ ਲਈ ਵੀਜ਼ਾ ਮੁਕਤ ਦਾਖ਼ਲੇ ਦਾ ਐਲਾਨ ਕੀਤਾ ਹੈ।
ਵੀਜ਼ਾ ਫ਼ੀਸ ਮਾਫ਼ੀ ਨਾਲ ਹੁਨਰ ਨੂੰ ਆਕਰਸ਼ਤ ਕਰਨ `ਤੇ ਵਿਚਾਰ ਕਰ ਰਿਹੈ ਬ੍ਰਿਟੇਨ
ਲੰਡਨ:ਬ੍ਰਿਟੇਨ ਸਰਕਾਰ ਆਲਮੀ ਹੁਨਰ ਨੂੰ ਆਕਰਸ਼ਤ ਕਰਨ ਲਈ ਵੀਜ਼ਾ ਫ਼ੀਸ ਮਾਫ਼ੀ ‘ਤੇ ਵਿਚਾਰ ਕਰ ਰਹੀ ਹੈ। ਫਾਈਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਇਸ ਸਾਲ ਤੋਂ ਸ਼ੁਰੂ ਕੀਤੇ ਗਏ ਗਲੋਬਲ ਟੇਲੈਂਟ ਫੰਡ ਦੇ ਸਮਰਥਨ ਵਾਲੇ ਗਲੋਬਲ ਟੇਲੈਂਟ ਟਾਸਕਫੋਰਸ, ਭਾਰਤੀਆਂ ਸਮੇਤ ਅੰਤਰਰਾਸ਼ਟਰੀ ਮਾਹਿਰਾਂ ਨੂੰ ਆਕਰਸ਼ਤ ਕਰਨ ਲਈ ਹੋਰ ਵੱਧ ਸਰਗਰਮ ਹੋ ਰਿਹਾ ਹੈ। ਬ੍ਰਿਟੇਨ ਦੇ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਦੇ ਤਰੀਕਿਆਂ ਦਾ ਪਤਾ ਲਗਾਉਣ ਲਈ ਇਹ ਟਾਸਕ ਫੋਰਸ, ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਰਿਪੋਰਟ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸਦੀ ਪ੍ਰਧਾਨਗੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਵਪਾਰ ਸਲਾਹਕਾਰ ਵਰੁਣ ਚੰਦਰਾ ਤੇ ਵਿਗਿਆਨ ਮੰਤਰੀ ਲਾਰਡ ਪੈਟ੍ਰਿਕ ਵੈਲੇਂਸ ਕਰਦੇ ਹਨ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਵੀਜ਼ਾ ਲਾਗਤ ਨੂੰ ਸਿਫ਼ਰ ਕਰਨ ‘ਤੇ ਵਿਚਾਰ ਕਰ ਰਹੇ ਹਾਂ। ਅਸੀਂ ਉਨ੍ਹਾਂ ਲੋਕਾਂ ਦੇ ਸੰਬੰਧ ‘ਚ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਦੁਨੀਆ ਦੀਆਂ ਟੌਪ ਪੰਜ ਯੂਨੀਵਰਸਿਟੀਆਂ ‘ਚ ਪੜ੍ਹਾਈ ਕੀਤੀ ਹੈ ਜਾਂ ਵੱਕਾਰੀ ਇਨਾਮ ਜਿੱਤੇ ਹਨ।
-ਇਸ ਲਈ ਖ਼ਾਸ ਹੈ ਚੀਨ ਦਾ ‘ਕੇ-ਵੀਜ਼ਾ’ ਇਹ ‘ਕੇ-ਵੀਜ਼ਾ’ ਵਿਦੇਸ਼ੀ ਨੌਜਵਾਨ ਹੁਨਰਮੰਦਾਂ ਤੇ ਵਿਗਿਆਨੀਆਂ ਲਈ ਉਪਲੱਬਧ ਹੋਵੇਗਾ।
-ਇਸਦੇ ਲਈ ਲਈ ਕਿਸੇ ਘਰੇਲੂ ਕੰਪਨੀ ਤੋਂ ਸੱਦੇ ਦੀ ਲੋੜ ਨਹੀਂ ਹੋਵੇਗੀ।
-ਨਵੇਂ ਵੀਜ਼ਾ ਵਰਗ ਨੂੰ ਸਟੇਟ ਕੌਂਸਲ ਨੇ ਮਨਜ਼ੂਰੀ ਦੇ ਦਿੱਤੀ ਹੈ।ਮੌਜੂਦਾ ਵੀਜ਼ਾ ਦੇ ਮੁਕਾਬਲੇ ‘ਕੇ- ਵੀਜ਼ਾ ਧਾਰਕਾਂ ਨੂੰ ਮਿਲਣਗੀਆਂ ਕਈ ਸਹੂਲਤਾਂ।