ਡਾ ਗੁਰਬਖ਼ਸ਼ ਸਿੰਘ ਭੰਡਾਲ
ਅਸੀਂ ਅਕਸਰ ਬੰਦੇ ਦੇ ਮਰਨ ਦੀ ਖ਼ਬਰ ਸੁਣਦੇ। ਅਫਸੋਸ ਮਨਾਉਂਦੇ। ਤੁਰ ਜਾਣ ਦਾ ਮਾਤਮ ਮਨਾਉਂਦੇ। ਉਸਦੀ ਅਰਥੀ ਨੂੰ ਮੋਢਾ ਦਿੰਦੇ ਅਤੇ ਉਸਦੇ ਬਲਦੇ ਸਿਵੇ ਸਾਹਵੇਂ ਪਲ ਕੁ ਖੜ੍ਹ, ਸ਼ਰਧਾਂਜਲੀ ਅਰਪਿਤ ਕਰ, ਵਾਪਸ ਘਰ ਪਰਤ ਆਉਂਦੇ। ਮੌਤ ਨੂੰ ਅਟੱਲ ਸਚਾਈ ਅਤੇ ਜੀਵਨ ਦਾ ਸੱਚ ਸਮਝ, ਇਸ ਆਖ਼ਰੀ ਪੜਾਅ ਨਾਲ ਜੀਵਨ ਦੀ ਸੰਪੂਰਨਤਾ ਸਮਝਦੇ।
ਕਦੇ ਇਹ ਸੋਚਿਆ ਕਿ ਕੀ ਇਹ ਵਿਅਕਤੀ ਸਿਰਫ਼ ਅੱਜ ਹੀ ਮਰਿਆ ਏ? ਕੀ ਇਸ ਤੋਂ ਪਹਿਲਾਂ ਇਹ ਬੰਦਾ ਮਾਨਸਿਕ, ਭਾਵਨਾਤਮਿਕ, ਸਮਾਜਿਕ ਅਤੇ ਸੰਸਾਰਕ ਤੌਰ `ਤੇ ਕਿੰਨੀ ਵਾਰ ਮਰਿਆ? ਕਿੰਨੀ ਵਾਰ ਕੁੜੱਤਣਾਂ ਦਾ ਜ਼ਹਿਰ ਪੀਤਾ? ਕਿੰਨੀ ਵਾਰ ਆਪਣੇ ਸੁਪਨਿਆਂ ਦੀ ਖੁਦਕੁਸ਼ੀ ਕੀਤੀ ਅਤੇ ਆਪਣੀਆਂ ਸੰਵੇਦਨਾਵਾਂ ਸੰਗ ਖੁਦ ਵੀ ਸੂਲੀ `ਤੇ ਲਟਕਿਆ?
ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਸਿਵੇ ਵਿਚ ਸੜਿਆ ਜਦ ਉਸਦੇ ਭਾਵਾਂ ਨੂੰ ਹਾਵਿਆਂ ਦੀ ਭੱਠੀ ਵਿਚ ਸਾੜਿਆ ਗਿਆ? ਕਿੰਨੀ ਵਾਰ ਇਹ ਕਬਰੀਂ ਪਿਆ ਜਦ ਇਸ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਟੋਏ ਵਿਚ ਦਫ਼ਨਾਇਆ ਗਿਆ?
ਕਦੇ ਸੋਚਿਆ ਇਸਨੇ ਕਿੰਨੀ ਵਾਰ ਆਪਣਿਆਂ ਵਲੋਂ ਪੁੱਟੀ ਕਬਰ ਵਿਚ ਖ਼ੁਦ ਨੂੰ ਲਾਸ਼ ਬਣਾਇਆ? ਕਿੰਨੀ ਵਾਰ ਮਾਂ-ਜਾਇਆਂ ਦੀ ਬਦਨੀਤੀ ਦੇ ਦਰਦ ਵਿਚ ਆਪਣੇ ਆਪ ਨੂੰ ਪੀੜਾਂ ਵਿਚ ਪਰੁੰਨ, ਆਪਣੀ ਲਾਸ਼ ਨੂੰ ਆਪਣੇ ਹੀ ਮੋਢੇ `ਤੇ ਢੋਇਆ?
ਕਿੰਨੀ ਵਾਰ ਇਸ ਬੰਦੇ ਨੇ ਤੁਰਦੀ-ਫਿਰਦੀ ਲਾਸ਼ ਬਣ ਕੇ ਸਮਾਜ ਵਿਚ ਵਿਚਰਨ ਦਾ ਢੌਂਗ ਰਚਾਇਆ, ਜਦ ਸਬੰਧੀਆਂ ਨੇ ਇਸਨੂੰ ਵਰਤ ਕੇ ਕਿਸੇ ਡਸਟ ਬਿਨ ਦੇ ਲੇਖੇ ਲਾਇਆ?
ਕਿੰਨੀ ਵਾਰ ਇਸ ਨੇ ਖੁLਦ ਨੂੰ ਖਾਰੇ ਪਾਣੀਆਂ ਵਿਚ ਖੋਰਿਆ ਜਦ ਇਸਦੇ ਨੈਣਾਂ ਦੇ ਕੋਇਆਂ ਦਾ ਖਾਰਾ ਪਾਣੀ ਹਟਕੋਰੇ ਭਰਦਿਆਂ ਹੀ ਸੁੱਕ ਗਿਆ।
ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਇਕ ਵਾਰ ਨਹੀਂ ਮਰਦੇ। ਬਹੁਤ ਵਾਰ ਮਰਦੇ। ਤਾਂ ਹੀ ਵਾਰ-ਵਾਰ ਮਰਨਾ ਸਾਨੂੰ ਯਾਦ ਹੀ ਨਹੀਂ ਰਹਿੰਦਾ। ਜਿਊਣ ਦਾ ਆਹਰ ਕਰਦੇ ਰਹਿੰਦੇ ਕਿਉਂਂਕਿ ਮਰਨ ਵਿਚੋਂ ਜਿਊਣ ਦਾ ਸਬੱਬ ਬਣਾ ਲੈਣਾ, ਬੰਦੇ ਦੀ ਫ਼ਿਤਰਤ।
ਬਹੁਤੀ ਵਾਰ ਬੰਦਾ ਇਹ ਵੀ ਨਹੀਂ ਸਮਝਦਾ ਕਿ ਉਹ ਇੰਨੀ ਵਾਰ ਕਿਉਂ ਮਰਦਾ ਅਤੇ ਫਿਰ ਜਿਊਂਦਾ ਏ? ਦਰਅਸਲ ਅਸੀਂ ਆਪਣੇ ਆਪ ਲਈ ਤਾਂ ਜਿਉਂਦੇ ਹੀ ਨਹੀਂ। ਜਦ ਅਸੀਂ ਕਿਸੇ ਲਈ ਜਿਉਂਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੀ ਵਾਰ-ਵਾਰ ਮਰਨਾ ਪਵੇਗਾ ਅਤੇ ਜਿਊਂਦੇ ਜੀਅ ਖ਼ੁਦ ਨੂੰ ਲੋਥ ਬਣਾ ਕੇ ਚਿੱਟੀ ਚਾਦਰ ਵਿਚ ਢੱਕੇ ਰਹਿਣ ਲਈ ਮਜਬੂਰ ਹੋਣਾ ਪਵੇਗਾ।
ਆਮ ਲੋਕਾਂ ਲਈ ਸਾਹਾਂ ਦਾ ਬੰਦ ਹੋਣਾ ਅਤੇ ਦਿਲ ਦੀ ਨਬਜ਼ ਦਾ ਰੁਕ ਜਾਣਾ ਹੀ ਮੌਤ। ਜੀਵਨ-ਯਾਤਰਾ ਦਾ ਅੰਤ ਅਤੇ ਸੰਸਾਰ ਤੋਂ ਰੁਖ਼ਸਤਗੀ। ਦੁਨਿਆਵੀ ਝੰਜਟਾਂ ਤੋਂ ਛੁਟਕਾਰਾ। ਆਵਾਗੌਣ ਦੇ ਚੱਕਰ ਤੋਂ ਰਾਹਤ ਅਤੇ ਆਪਣੇ ਜੀਵਨ ਨੂੰ ਸਫ਼ਲਾ ਜਾਂ ਅਸਫ਼ਲਾ ਕਰ ਜਾਣ ਦੀ ਕਹਾਣੀ।
ਪਰ ਸੰਵੇਦਨਸ਼ੀਲ ਅਤੇ ਚਿੰਤਨਸ਼ੀਲ ਵਿਅਕਤੀ ਅਜੇਹਾ ਨਹੀਂ ਸੋਚਦੇ। ਉਹ ਤਾਂ ਕਿਸੇ ਦੇ ਚੀਥੜੇ ਦੇਖ ਹੀ ਅਧਮੋਏ ਹੋ ਜਾਂਦੇ। ਕਿਸੇ ਦੇ ਰਿਸਦੇ ਜ਼ਖ਼ਮ ਦੇਖ ਕੇ ਪੀੜਾ ਵਿਚ ਪਰੁੱਚੇ ਜਾਂਦੇ। ਕਿਸੇ ਦੀ ਰੋਂਦੀ ਅੱਖ ਦੇ ਹੰਝੂ ਪੂੰਝਣ ਤੋਂ ਉਕੇ ਹੋਏ ਖ਼ੁਦ ਹੀ ਹੰਝੂ ਬਣ ਜਾਂਦੇ।
ਅਜੇਹੇ ਵਿਅਕਤੀ ਦਰਅਸਲ ਰੋਬੋਟ ਨਹੀਂ। ਉਨ੍ਹਾਂ ਦਾ ਅੰਦਰ ਜਿਊਂਦਾ। ਉਨ੍ਹਾਂ ਦੀਆਂ ਭਾਵਨਾਵਾਂ ਦਾ ਮਾਨਵੀਕਰਣ, ਉਨ੍ਹਾਂ ਦਾ ਹਾਸਲ। ਉਨ੍ਹਾਂ ਦੀ ਦਰਿਆਦਿਲੀ ਦਾ ਆਵੇਗ ਉਨ੍ਹਾਂ ਦੀ ਇਲਹਾਮੀ ਅਮਾਨਤ। ਉਨ੍ਹਾਂ ਦੇ ਕਰਮ-ਧਰਮ ਵਿਚ ਧੜਕਦੀ ਹੈ ਸੁਪਨਸ਼ੀਲਤਾ, ਸਹਿਣਸ਼ੀਲਤਾ, ਸਮਰਪਣ ਅਤੇ ਸਦਭਾਵਨਾ। ਤਾਂ ਹੀ ਹਰੇਕ ਦੇ ਕੰਮ ਆਉਣ ਦੀ ਮਨਸ਼ਾ ਨਾਲ ਲਬਰੇਜ਼। ਉਨ੍ਹਾਂ ਦੇ ਕੋਮਲ ਅਹਿਸਾਸਾਂ ਅਤੇ ਸੂਖਮ ਸੋਚ ਨੂੰ ਲੱਗੀ ਹੋਈ ਠੇਸ ਹੀ ਉਨ੍ਹਾਂ ਦੀ ਮੌਤ ਹੁੰਦੀ ਅਤੇ ਉਹ ਇਸ ਮੌਤ ਵਿਚੋਂ ਹੀ ਜਿਊਣ ਦੀ ਨਿਸ਼ਾਨਦੇਹੀ ਕਰਦੇ।
ਬਹੁਤੀ ਵਾਰ ਬੰਦਾ
ਸਰੀਰਕ ਮੌਤੇ ਨਹੀਂ ਮਰਦਾ
ਉਹ ਮਰ ਜਾਂਦਾ ਹੈ
ਜਦ ਮੁਰਝਾਅ ਜਾਣ ਚਾਅ
ਸੂਤੇ ਜਾਣ ਸਾਹ
ਤੇ ਜਿਊਣ ਦੇ ਬੰਦ ਹੋਣ ਰਾਹ।
ਬੰਦਾ ਮਰ ਜਾਂਦਾ ਹੈ
ਜਦ ਸੁਪਨਿਆਂ ਦੀ ਰੁੱਤ ਬੇਵਾ ਹੋਵੇ
ਨੈਣਾਂ ਵਿਚ ਕੋਈ ਅੱਕ ਚੋਵੇ
ਤੇ ਕੋਈ ਵਰਾਉਣ ਵਾਲਾ ਨਾ ਹੋਵੇ
ਬੰਦਾ ਮਰ ਜਾਂਦਾ ਹੈ
ਜਦ ਮਨ `ਚ ਉਤਰਦੀ ਉਦਾਸੀ
ਰੁੱਸ ਜਾਂਦੀ ਮਨਮੋਹਣੀ ਹਾਸੀ
ਰੂਹ ਚਾਹੁੰਦੀ ਕਲਬੂਤ ਤੋਂ ਖਲਾਸੀ
ਬੰਦਾ ਮਰ ਜਾਂਦਾ ਹੈ
ਜਦ ਦੁਬਕੇ ਅੰਬਰੀਂ ਪਰਵਾਜ਼
ਵਿਸਰ ਜਾਵੇ ਜਿਊਣ ਅੰਦਾਜ਼
ਤੇ ਖਾਮੋਸ਼ ਹੋਣਾ ਚਾਹੇ ਸਾਹਾਂ ਦਾ ਸਾਜ਼
ਬੰਦਾ ਮਰ ਜਾਂਦਾ ਹੈ
ਜਦ ਸੰਦਲੀ ਰੁੱਤੇ ਪੱਤਝੜ ਆਵੇ
ਕੋਮਲ ਕਲੀਆਂ ਦਾ ਝੁੰਡ ਮੁਰਝਾਵੇ
ਤੇ ਚਮਨ ਮਹਿਕਾਂ ਦਾ ਮਾਤਮ ਮਨਾਵੇ।
ਬੰਦਾ ਸੱਚੀਂ ਮਰ ਜਾਂਦਾ ਹੈ
ਜਦ ਬੰਦਾ ਆਪਣਾ ਮੁੱਖ ਛੁਪਾਵੇ
ਖੁਦ ਨੂੰ ਮਿਲਣ ਤੋਂ ਸ਼ਰਮਾਵੇ
ਤੇ ਆਪਣੀ ਮੌਤ ਦਾ ਮਰਸੀਆ ਗਾਵੇ
ਬੰਦਾ ਮਰ ਜਾਂਦਾ ਹੈ
ਜਦ ਧੁਖਦੇ ਨੇ ਸੱਜਰੇ ਅਹਿਸਾਸ
ਸਹਿਕਦੀ ਹੋਵੇ ਮਿਲਣ ਦੀ ਆਸ
ਟੁੱਟ ਜਾਵੇ ਦਿਲਦਾਰ `ਤੇ ਵਿਸ਼ਵਾਸ।
ਬੰਦਾ ਮਰ ਜਾਂਦਾ ਹੈ
ਜਦ ਆਪਣੇ ਕਰਦੇ ਜੱਗ ਹਸਾਈ
ਰਿਸ਼ਤਿਆਂ `ਚ ਉਗੇ ਰੁਸਵਾਈ
ਪਾਸਾ ਵੱਟਦੀ ਮੋਹ-ਪੁਰਵਾਈ।
ਬੰਦਾ ਮਰ ਜਾਂਦਾ ਹੈ
ਜਦ ਵਿਚ ਚੌਰਾਹੇ ਉਛਲਣ ਪੱਗਾਂ
ਗ਼ੈਰ ਲਾਉਂਦੇ ਘਰਾਂ ਨੂੰ ਅੱਗਾਂ
ਬਾਂਹਾਂ ਬਹਿੰਦੀਆਂ ਵਾਂਗਰ ਝੱਗਾਂ।
ਬੰਦਾ ਮਰ ਹੀ ਜਾਂਦਾ ਹੈ
ਜਦ ਬੇਕਸੂਰਾ ਨਸ਼ਰ ਹੋ ਜਾਵੇ
ਖੁਦ ਤੋਂ ਹੀ ਬੇਖਬਰ ਹੋ ਜਾਵੇ
ਤੇ ਤੁਰਦੀ-ਫਿਰਦੀ ਕਬਰ ਹੋ ਜਾਵੇ
ਬੰਦਾ ਮਰ ਜਾਂਦਾ ਹੈ
ਜਦ ਰਾਹਾਂ ਦੇ ਵਿਚ ਉਗਦੇ ਖੱਡੇ
ਪੈਰਾਂ `ਚ ਕਿੱਲ ਜਾਵਣ ਗੱਡੇ
ਤੇ ਬੰਦਾ ਮੰਜ਼ਲ ਦੀ ਆਸ ਹੀ ਛੱਡੇ।
ਬੰਦਾ ਮਰ ਜਾਂਦਾ ਹੈ
ਜਦ ਸ਼ਬਦਾਂ ਨੂੰ ਸੱਪ ਸੁੰਘ ਜਾਵੇ
ਹੱਥ `ਚ ਫੜੀ ਕਲਮ ਕੁਰਲਾਵੇ
ਅਰਥ-ਲੋਅ ਛਲਾਵਾ ਬਣ ਜਾਵੇ।
ਬੰਦਾ ਮਰ ਜਾਂਦਾ ਹੈ
ਜਦ ਸੱਜਣਾਂ ਦੀ ਬੇਰੁਖ਼ੀ ਹੰਢਾਵੇ
ਹਿੱਕ ਦਾ ਨਿੱਘ ਯੱਖ਼ ਹੋ ਜਾਵੇ
ਰੂਹ ਦਾ ਫੱਟ ਨਾਸੂਰ ਬਣ ਜਾਵੇ।
ਬੰਦਾ ਮਰ ਜਾਂਦਾ ਹੈ
ਜਦ ਦੀਦਿਆਂ `ਚ ਮੌਤ ਉਗ ਆਵੇ
ਹੋਠਾਂ `ਤੇ ਪੇਪੜੀ ਜੰਮ ਜਾਵੇ
ਤੇ ਮੁੱਖ `ਤੇ ਬੇਬਸੀ ਫੈਲ ਜਾਵੇ।
ਬੰਦਾ ਮਰ ਜਾਂਦਾ ਹੈ
ਜਦ ਦਰਿਆ ਬਰੇਤਾ ਬਣ ਜਾਵੇ
ਬਿਰਖ਼ ਰੁੰਡ-ਮਰੁੰਡ ਹੋ ਜਾਵੇ
ਤੇ ਚਮਨ ਦਾ ਰੁਦਨ `ਵਾ ਰੁਆਵੇ
ਬੰਦਾ ਮਰ ਜਾਂਦਾ ਹੈ
ਜਦ ਮਿੱਟ ਜਾਣ ਮਸਤਕ ਰੇਖਾਵਾਂ
ਧੁੰਧਲੀਆਂ ਹੋ ਜਾਣ ਮੰਜ਼ਲ਼-ਰਾਹਵਾਂ
ਤੇ ਸਰਾਪ ਬਣ ਜਾਵਣ ਦੁਆਵਾਂ।
ਬੰਦਾ ਮਰ ਜਾਂਦਾ ਹੈ
ਜਦ ਉਸਦੀ ਸੰਵੇਦਨਾ ਸਿਸਕਦੀ
ਚਾਵਾਂ ਦੀ ਲਾਮਡੋਰੀ ਵਿਲਕਦੀ
ਸਾਹਾਂ ਦੀ ਡੋਰ ਹੱਥੋਂ ਖਿਸਕਦੀ।
ਬੰਦਾ ਮਰ ਜਾਂਦਾ ਹੈ
ਜਦ ਕਮਰੇ ਦੀ ਸੁੰਨ ਡਰਾਵੇ
ਕੰਧਾਂ ਦੀ ਚੁੱਪ ਹੌਲ਼ ਪਾਵੇ
ਤੇ ਸੇਜ-ਸੱਖਣਤਾ ਖਾਣ ਨੂੰ ਆਵੇ।
ਬੰਦਾ ਮਰ ਜਾਂਦਾ ਹੈ
ਜਦ ਚੇਤਨਾ ਅਧੂਰੀ ਰਹਿ ਜਾਵੇ
ਸੋਚਾਂ `ਚ ਬੇਰੁਖ਼ੀ ਲਹਿ ਜਾਵੇ
ਤੇ ਬੋਲਾਂ `ਚ ਸਹਿਮ ਛਾ ਜਾਵੇ।
ਬਹੁਤੀ ਵਾਰ ਬੰਦਾ
ਸਰੀਰਕ ਮੌਤੇ ਨਹੀਂ ਮਰਦਾ
ਅਕਸਰ ਬੰਦਾ ਇੰਝ ਹੀ
ਵਾਰ ਵਾਰ ਮਰਦਾ ਹੈ।
ਬੰਦਾ ਮਰ ਹੀ ਜਾਂਦਾ ਜਦ ਉਹ ਮੋਢਾ ਹੀ ਖਿਸਕ ਜਾਵੇ ਜਿਸ `ਤੇ ਸਿਰ ਰੱਖ ਕੇ ਰੋਇਆ ਜਾ ਸਕੇ, ਦਿਲ ਦੇ ਦਰਦ ਨੂੰ ਹਉਕਿਆਂ `ਚ ਪਰੋਇਆ ਜਾ ਸਕੇ ਅਤੇ ਮਨ ਦੇ ਭਾਰ ਨੂੰ ਘਟਾਇਆ ਜਾ ਸਕੇ।
ਬੰਦਾ ਮਰ ਹੀ ਜਾਂਦਾ ਜਦ ਕੋਈ ਦੁੱਖੜਾ ਨਾ ਸੁਣੇ, ਦਰਦਵੰਤੀ ਹੂਕ ਦਾ ਹੁੰਗਾਰਾ ਨਾ ਭਰੇ, ਕਿਸੇ ਦੀ ਚੀਖ਼ ਅਣਸੁਣੀ ਕਰੇ ਜਾਂ ਕਿਸੇ ਦੇ ਹਾੜਿਆਂ ਤੇ ਤਰਲਿਆਂ ਵੰਨੀਂ ਕੰਨ ਹੀ ਨਾ ਧਰੇ।
ਸਰੀਰਕ ਮੌਤ ਤੋਂ ਪਹਿਲਾਂ ਕਈ ਵਾਰ ਮਰਨਾ ਹੀ ਦਰਵੇਸ਼ ਵਿਅਕਤੀਆਂ ਦਾ ਸਭ ਤੋਂ ਵੱਡਾ ਹਾਸਲ ਕਿਉਂਕਿ ਉਹ ਜਾਣਦੇ ਕਿ ਦੁਨੀਆਂ ਦੀ ਨਕਾਰਾਤਮਿਕਤਾ ਅਤੇ ਦਵੇਸ਼ੀ ਮਾਨਸਿਕਤਾ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ। ਪਰ ਆਪਣੀ ਭਲਿਆਈ ਅਤੇ ਚੰਗਿਆਈ ਦਾ ਹੋਕਾ ਤਾਂ ਲਾਉਣਾ ਹੀ ਚਾਹੀਦਾ ਭਾਵੇਂ ਇਸ ਖਾਤਰ ਵਾਰ-ਵਾਰ ਮੌਤ ਕਿਉਂ ਨਾ ਵਿਹਾਜਣੀ ਪਵੇ। ਉਹ ਰੋਬੌਟੀ ਜੀਵਨ ਜਿਊਂਦਿਆਂ ਨਾਲੋਂ ਤਾਂ ਕਈ ਗੁਣਾ ਚੰਗੇ। ਭਾਵਹੀਣ ਹੋ ਕੇ ਜਿਊਣਾ, ਮੌਤ ਤੋਂ ਵੀ ਬਦਤਰ। ਕਈ ਵਾਰ ਤਾਂ ਕਬਰਾਂ ਵੀ ਸਿਸਕਦੀਆਂ ਨੇ। ਸਿਵੇ ਦਾ ਹਉਕਾ ਵੀ ਤੁਸੀਂ ਸੁਣਿਆ ਹੋਵੇਗਾ। ਲਾਸ਼ ਵਿਚਲੇ ਹਉਕੇ ਨੂੰ ਆਪਣੇ ਅੰਦਰ ਉਤਾਰਨਾ। ਜਾਂ ਮੋਢਿਆਂ `ਤੇ ਜਾ ਰਹੀ ਅਰਥੀ ਵਿਚ ਅਰਥੀ ਬਣ ਕੇ ਭਾਂਵਾਂ ਦੀ ਨਿਸ਼ਾਨਦੇਹੀ ਕਰਨਾ, ਤੁਹਾਨੂੰ ਪਤਾ ਲੱਗੇਗਾ ਕਿ ਅਹਿਸਾਸ ਨਾਲ ਭਰੇ ਬੰਦੇ ਮਰ ਕੇ ਵੀ ਕਬਰਾਂ ਨੂੰ ਧੜਕਣ ਲਾਉਂਦੇ।
ਅਕਸਰ ਹੀ ਸੁਣਦੇ ਕਿ ਕਈ ਵਾਰ ਅਗਲੀਆਂ ਨਸਲਾਂ ਆਪਣੇ ਪੁਰਖਿਆਂ ਦੀ ਵਿਰਾਸਤ ਪਛਾਨਣ ਲਈ ਉਨ੍ਹਾਂ ਦੀਆਂ ਕਬਰਾਂ ਦੀ ਨਿਸ਼ਾਨਦੇਹੀ ਕਰਦੀਆਂ। ਉਨ੍ਹਾਂ ਦੀਆਂ ਨਿਸ਼ਾਨੀਆਂ ਲੱਭਦੀਆਂ। ਬਜ਼ੁਰਗਾਂ ਦੀਆਂ ਪਹਿਨੀਆਂ ਵਸਤਾਂ ਨੂੰ ਢੂੰਡਣ ਲਈ ਕਈ ਯਤਨ ਕਰਦੀਆਂ। ਉਨ੍ਹਾਂ ਦੇ ਲਿਖੇ ਪੱਤਰਾਂ ਦੇ ਸ਼ਬਦਾਂ ਵਿਚੋਂ ਹੀ ਨਵੀਂ ਅਰਥਕਾਰੀ ਕਰਦਿਆਂ, ਉਨ੍ਹਾਂ ਦੀਆਂ ਲਾਜਵਾਬ ਕੀਰਤੀਆਂ ਦੀ ਨਿਸ਼ਾਨਦੇਹੀ ਕਰਦੀਆਂ। ਫਿਰ ਉਨ੍ਹਾਂ ਦੀਆਂ ਪ੍ਰਾਪਤੀਆਂ `ਤੇ ਨਾਜ਼ ਕਰਦੀਆਂ ਕਿਉਂਕਿ ਅਜੇਹੇ ਬਜ਼ੁਰਗ ਮਾਨਵੀ ਕਦਰਾਂ-ਕੀਮਤਾਂ ਦੇ ਪਹਿਰੇਦਾਰ, ਵਿਰਾਸਤ ਦੇ ਜਾਮਨ ਅਤੇ ਸਭਿਆਚਾਰ ਤੇ ਸਾਹਿਤ ਦੇ ਰਖਵਾਲੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਤਾਂ ਅਜੇਹਾ ਕਰ ਜਾਈਏ ਕਿ ਉਹ ਸਾਡੀਆਂ ਕਬਰਾਂ ਵਿਚੋਂ ਵੀ ਸੁਰਖ਼ ਰਾਹਾਂ ਅਤੇ ਮਾਣਮੱਤੇ ਦਿਸਹੱਦਿਆਂ ਨੂੰ ਆਪਣਾ ਨਾਮਕਰਣ ਦੇ ਸਕਣ।
ਬੰਦੇ ਦਾ ਮਰਨਾ ਨਿਸ਼ਚਿਤ। ਸਾਹਾਂ ਦੀ ਡੋਰ ਨੂੰ ਲਮਕਾਇਆ ਨਹੀਂ ਜਾ ਸਕਦਾ। ਪਰ ਇਸ ਡੋਰ ਰਾਹੀਂ ਆਪਣੀ ਮਰਨ ਆਦਤ ਨੂੰ ਤਾਂ ਬਦਲਿਆ ਹੀ ਜਾ ਸਕਦਾ।
ਬੰਦੇ ਦਾ ਵਾਰ-ਵਾਰ ਮਰਨਾ ਅਤੇ ਫਿਰ ਜਿਊਣ ਦਾ ਆਹਰ ਕਰਨਾ ਹੀ ਮਰਦਾਨਗੀ ਦਾ ਸੁੱਚਾ ਸਬਕ। ਉਹ ਮਰਨ ਵਿਚੋਂ ਅਜੇਹੀ ਅਦਾ ਨੂੰ ਆਪਣਾ ਅੰਦਾਜ਼ ਬਣਾਉਂਦੇ ਕਿ ਹਰ ਵਿਅਕਤੀ ਉਨ੍ਹਾਂ ਦੀ ਜੀਵਨ ਜਾਚ ਵਿਚੋਂ ਹੀ ਆਪਣੇ ਸਾਹਾਂ ਦਾ ਸਾਜ਼ ਵਜਾਉਂਦਾ। ਅਜੋਕੇ ਸਮਿਆਂ ਵਿਚ ਅਜੇਹੇ ਲੋਕ ਬਹੁਤ ਦੁਰਲੱਭ।
ਬੇਸ਼ਰਮ, ਬੇਈਮਾਨ, ਬੇਗੈਰਤ, ਅਤੇ ਬੇਹਯਾ ਲੋਕਾਂ ਦੀ ਦੁਨੀਆਂ ਵਿਚ ਕੋਈ ਵਿਰਲਾ ਹੀ ਹੁੰਦਾ ਜਿਸਦੇ ਮਰਨ `ਤੇ ਹਰ ਅੱਖ ਨਮ ਹੁੰਦੀ। ਹਰ ਦਿਲ ਵਿਚ ਗ਼ਮ ਪਨਪਦਾ। ਇਕ ਟੀਸ ਸੀਨੇ ਵਿਚ ਪੈਦਾ ਹੁੰਦੀ ਅਤੇ ਮਨ ਵਿਚੋਂ ਕੂਕ ਉਠਦੀ ਕਿ ਕਾਸ਼! ਅਜੇਹੇ ਸ਼ਖ਼ਸ ਵਰਗੇ ਲੋਕ ਕਬਰਾਂ ਵਿਚ ਪਏ ਵੀ ਜਾਗ ਪੈਣ ਅਤੇ ਆਪਣੀ ਲੋਅ ਨਾਲ ਹਨੇਰੇ ਵਕਤਾਂ ਨੂੰ ਰੁਸ਼ਨਾਉਣ। ਕਈ ਬੰਦੇ ਮੁਹੱਬਤ ਵਿਚ ਨਾਕਾਮ ਹੋਣ `ਤੇ, ਸ਼ਰਾਬ ਵਿਚੋਂ ਹੀ ਮੌਤ ਨੂੰ ਹਾਕਾਂ ਮਾਰਦੇ, ਖੁਦ ਨਾ ਜਿਊਂਦੇ ਨਾ ਮਰਦੇ ਸਗੋਂ ਖਲਾਅ ਵਿਚ ਭਟਕਦੇ, ਬੇਅਰਾਮ ਰੂਹਾਂ ਦੀ ਦਰਦ ਗਾਥਾ ਬਣ ਬਹਿੰਦੇ।
ਆਪਣੀ ਕੀਰਤੀ, ਸ਼ਬਦਾਂ ਅਤੇ ਬੋਲਾਂ `ਤੇ ਮੌਤ ਦਾ ਸਿਰਨਾਵਾਂ ਖੁਣਨ ਵਾਲਿਆਂ ਤੋਂ ਜਿਊਣ ਦੀ ਆਸ ਵੀ ਕਿਵੇਂ ਕੀਤੀ ਜਾ ਸਕਦੀ? ਉਨ੍ਹਾਂ ਦਾ ਮਰਨਾ ਹੀ ਕਹਿਰ ਦਾ ਸਭ ਤੋਂ ਸੂਖਮ ਸੰਦੇਸ਼ ਅਤੇ ਆਦੇਸ਼ ਹੁੰਦਾ।
ਬਾਰ-ਮ-ਬਾਰ ਮਰਨ ਵਾਲਿਆ! ਹਰ ਵਾਰ ਮਰ ਕੇ ਜਿਊਂਦਾ ਰਹਿ ਕਿਉਂਕਿ ਤੇਰੇ ਵਰਗਿਆਂ ਕਰਕੇ ਹੀ ਇਸ ਦੁਨੀਆਂ ਦੀ ਸੁੰਦਰਤਾ ਅਤੇ ਕਾਇਨਾਤ ਕਾਇਮ ਹੈ। ਤੇਰਾ ਮਰ ਕੇ ਜਿਊਣਾ ਮੁਬਾਰਕ। ਸਲਾਮ ਹੈ ਉਸ ਰੂਹ ਨੂੰ ਜੋ ਮਰਨ ਵਿਚੋਂ ਜਿਊਣ ਦੀ ਅਰਦਾਸ ਬਣਦੀ।
