ਪੰਜ ਆਬ ਬਨਾਮ ਮਿੱਤਰ ਪਿਆਰੇ

ਗੁਲਜ਼ਾਰ ਸਿੰਘ ਸੰਧੂ
ਬੱਦਲਾਂ ਦਾ ਫਟਣਾ ਤੇ ਹੜ੍ਹਾਂ ਦਾ ਕਹਿਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ| ਇਹ ਕੁਦਰਤੀ ਆਫਤਾਂ ਹਿਮਾਚਲ, ਹਰਿਆਣਾ ਤੇ ਪੰਜਾਬ ਵਿਚੋਂ ਹੁੰਦੀਆਂ ਹੋਈਆਂ ਉਤਰਾਖੰਡ ਪਹੁੰਚ ਗਈਆਂ ਹਨ| ਦੇਸ਼ ਵੰਡ ਦੇ ਦਿਨਾਂ ਵਿਚ ਇਹੋ ਜਿਹੇ ਹੜ੍ਹਾਂ ਨੇ ਕਰਤਾਰ ਸਿੰਘ ਚਰਖਾ ਨਾਂ ਦੇ ਕਵੀਸ਼ਰ ਤੋਂ ਹੇਠ ਲਿਖੇ ਬੋਲ ਲਿਖਵਾਏ ਤੇ ਬੁਲਵਾਏ ਸਨ|

ਕੰਧਾਂ ਕੋਠੇ ਸਾਰੇ ਹਿੱਲ ਗਏ
ਲੱਗੀਆਂ ਸਾਉਣ ਦੀਆਂ ਝੜੀਆਂ
ਗਲੀਆਂ ’ਚ ਗੋਹਾ ਤਰਦਾ
ਕੱਠੀਆਂ ਹੋ ਕੇ ਗਵਾਂਢਣਾ ਲੜੀਆਂ।
ਤਿੰਨ-ਚਾਰ ਸਾਲ ਸੀਮਾ ਪਾਰ ਤੋਂ ਆਏ ਸ਼ਰਨਾਰਥੀ ਆਪੋ ਆਪਣੇ ਕੈਂਪਾਂ ਵਿਚ ਹੀ ਖਾਂਦੇ, ਪੀਂਦੇ ਤੇ ਸੌਂਦੇ ਰਹੇ| ਅਜੋਕੇ ਜ਼ੀਰਕਪੁਰ ਨੇੜਲੇ ਘੱਗਰ (ਮੁਬਾਰਕਪੁਰ) ਵਾਲੇ ਕੈਂਪ ਵਿਚ ਝੰਗ ਤੋਂ ਆਈਆਂ ਮਹਿਲਾਵਾਂ ਨੂੰ ਧੋਤੀ ਟੁੰਗ ਕੇ ਨੰਗੇ ਪੈਰੀਂ ਕੰਮ ਕਰਦੀਆਂ ਮੈਂ ਦੇਖਦਾ ਰਿਹਾ ਹਾਂ| ਪਰ ਉਹ ਵਾਲਾ ਦ੍ਰਿਸ਼ ਅਜੋਕੇ ਕਹਿਰ ਤੋਂ ਬਹੁਤ ਘੱਟ ਸੀ| ਕਹਿੰਦੇ ਹਨ ਕਿ ਅੱਜ ਵਾਲਾ ਕਹਿਰ ਪਰਬਤਾਂ ਅਤੇ ਇਨ੍ਹਾਂ ਦੇ ਪੈਰਾਂ ਵਿਚ ਉੱਗੇ ਰੁੱਖਾਂ `ਤੇ ਜੜੀ ਬੂਟੀਆਂ ਦੀ ਅੰਨ੍ਹੇਵਾਹ ਕਟਾਈ ਦਾ ਨਤੀਜਾ ਹੈ; ਜਾਂ ਫੇਰ ਦਰਿਆਵਾਂ ਦੇ ਕੁਦਰਤੀ ਵਹਿਣ ਨਾਲ ਕੀਤੀ ਮਾਨਵੀ ਛੇੜਛਾੜ ਦਾ| ਪਰਬਤ ਪਾੜ ਕੇ ਬਣਾਏ ਮਾਲ, ਰੈਸਟੋਰੈਂਟ ਤੇ ਰੈਣ ਬਸੇਰੇ ਅਤੇ ਕਈ-ਕਈ ਮਾਰਗਾਂ ਵਾਲੀਆਂ ਖੁੱਲ੍ਹੀਆਂ ਸੜਕਾਂ ਇਸਦਾ ਮੂਲ ਕਾਰਨ ਮੰਨੀਆਂ ਜਾਂਦੀਆਂ ਹਨ|
ਧਰਮ ਅਸਥਾਨਾਂ `ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਰਗੀਆਂ ਗੈਰ-ਸਰਕਾਰੀ ਜਥੇਬੰਦੀਆਂ ਤੇ ਸੰਸਥਾਵਾਂ ਟਰੱਕਾਂ ਵਿਚ ਰਾਸ਼ਨ-ਪਾਣੀ, ਵਸਤਰ ਤੇ ਦਵਾਈਆਂ ਲੈ ਕੇ ਪੀੜਤ ਪਰਿਵਾਰਾਂ ਦਾ ਦੁਖ ਵੰਡਾਉਣ ਨਿਕਲ ਤੁਰੀਆਂ ਤਾਂ ਗਵਾਂਢੀ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਆਪਣੇ ਮੰਤਰੀਆਂ ਨੂੰ ਮੌਕਾ ਵੇਖਣ ਦੇ ਵਸੀਲੇ ਜੁਟਾ ਦਿੱਤੇ ਹਨ| ਇੰਟਰਨੈੱਟ ਦੀ ਯੂ-ਟਿਯੂਬ ਦਾ ਜਾਣਿਆ-ਪਛਾਣਿਆ ਚਿਹਰਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੀ ਪ੍ਰਭਾਵਿਤ ਖੇਤਰਾਂ ਵਿਚ ਗੱਡੀ ਰੋਕ ਕੇ ਬਣਦੀਆਂ ਸਰਦੀਆਂ ਹਦਾਇਤਾਂ ਦੇ ਰਿਹਾ ਹੈ| ਦੁਬਈ ਵਿਚ ਵਡੇਰੇ ਪ੍ਰਾਜੈਕਟਾਂ ਨੂੰ ਹੱਥ ਪਾਉਣ ਵਾਲਾ ਐਸ.ਪੀ. ਸਿੰਘ ਓਬਰਾਏ 55 ਟਨ ਸੁੱਕਾ ਚਾਰਾ ਲੈ ਕੇ ਤਰਨਤਾਰਨ ਤੇ ਪੱਟੀ ਪਹੁੰਚਿਆ ਅਤੇ ਬੀ.ਐਸ.ਐਫ. ਦੀਆਂ 155 ਤੇ 99 ਬਟਾਲੀਅਨਾਂ ਦੀਆਂ 54 ਤੋਂ ਵੱਧ ਚੌਕੀਆਂ ਲਈ ਦੋ ਟਰੱਕ ਰਾਸ਼ਨ, ਵਸਤਰ ਤੇ ਦਵਾਈਆਂ ਹੁਸੈਨੀ ਵਾਲਾ ਬਾਰਡਰ ਤੱਕ ਪੁਜਦੇ ਕੀਤੇ; ਖਾਸ ਕਰਕੇ ਬਲੀਚਿੰਗ ਪਾਊਡਰ, ਕਲੋਰੀਨ ਦੀਆਂ ਟੇਬਲੇਟਸ, ਕਾਰਬੌਨਿਕ ਐਸਿਡ, ਨਾਈਲੋਨ ਰੱਸੇ, ਪੀਣ ਵਾਲਾ ਪਾਣੀ, ਦਸਤਾਨੇ, ਡਰੈਸਿੰਗ ਮੈਟੀਰੀਅਲ ਤੇ ਪਲਾਸਟਿਕ ਡਰੰਮ| ਬੀ.ਐਸ.ਐਫ. ਦੀਆਂ ਲੋੜਾਂ ਨੂੰ ਗੌਲਣਾ ਇਕ ਅਜਿਹਾ ਕਾਰਜ ਸੀ ਜਿਸ ਵੱਲ ਕੇਂਦਰੀ ਤੇ ਰਾਜ ਸਰਕਾਰਾਂ ਦਾ ਧਿਆਨ ਨਹੀਂ ਸੀ ਗਿਆ|
ਦੂਸ਼ਿਤ ਪਾਣੀ ਪੀਣ ਨਾਲ ਦਸਤ, ਹੈਜ਼ਾ, ਟਾਈਫਾਇਡ ਜਿਹੀਆਂ ਬਿਮਾਰੀਆਂ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ| ਖੜ੍ਹੇ ਪਾਣੀ ਵਿਚ ਮੱਛਰ ਦੇ ਲਾਰਵਾ ਪਨਪਣ ਨਾਲ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ| ਜਿਸ ਨਾਲ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਵਧ ਜਾਂਦਾ ਹੈ| ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫੋਗਿੰਗ ਸਪਰੇਅ ਅਤੇ ਮੱਛਰਾਂ ਦੀ ਰੋਕਥਾਮ ਵੱਲ ਖਾਸ ਧਿਆਨ ਦੇਣਾ ਪੈਂਦਾ ਹੈ| ਗਿੱਲੀਆਂ-ਸਿੱਲ੍ਹੀਆਂ ਅਤੇ ਸੈਲਾਬੀਆਂ ਥਾਵਾਂ ਉਪਰ ਰਹਿੰਦੇ ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਅਤੇ ਫੰਗਲ ਇਨਫੈਕਸ਼ਨ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਹਨ| ਇਸੇ ਪ੍ਰਕਾਰ ਡੰਗਰਾਂ ਵਿਚ ਵੀ ਬਹੁਤ ਸਾਰੀਆਂ ਬਿਮਾਰੀਆਂ ਉਤਪੰਨ ਹੋ ਸਕਦੀਆਂ ਹਨ| ਮਨੁੱਖੀ ਵਸੋਂ ਅਤੇ ਪਸ਼ੂ ਧਨ ਦੀ ਦੇਖਭਾਲ ਹੜ੍ਹਾਂ ਪਿੱਛੋਂ ਵੀ ਕਰਨੀ ਪੈ ਸਕਦੀ ਹੈ|
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਨ੍ਹਾਂ ਲੋੜਾਂ ਨੂੰ ਮੁੱਖ ਰਖਦਿਆਂ ਚੈਰੀਟੇਬਲ ਲੈਬਾਟਰੀਆਂ, ਫਿਜ਼ੀਓ ਥੈਰੇਪੀ ਸੈਂਟਰ ਤੇ ਡੈਂਟਲ ਕਲੀਨਿਕ ਸਥਾਪਤ ਕਰ ਕੇ ਇਨ੍ਹਾਂ ਲਈ ਐਂਬੂਲੈਂਸ ਵੈਨਾਂ ਵੀ ਦਾਨ ਕੀਤੀਆਂ ਹਨ| ਕੁਦਰਤੀ ਕਰੋਪੀ ਨਾਲ ਨਿਪਟਣ ਲਈ ਟਰੱਸਟ ਵਲੋਂ ਅਜਿਹੀ ਸੁਵਿਧਾ ਅਖਨੂਰ (ਜੰਮੂ) ਦੇ ਗੁਰਦਵਾਰਾ ਤਪੋ ਸਥਾਨ ਵਾਲੇ ਸੰਤ ਬਾਬਾ ਸੁੰਦਰ ਸਿੰਘ ਅਲੀਬੇਗ ਲਈ ਜੁਟਾਉਣਾ ਖਾਸ ਧਿਆਨ ਮੰਗਦਾ ਹੈ| ਇਸ ਔਖੀ ਘੜੀ ਵਿਚ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਅਤੇ ਧਿਆਨ ਰੱਖਣ ਕਿ ਖੇਤ ਮਜ਼ਦੂਰ ਅਤੇ ਹੋਰ ਪ੍ਰਭਾਵਿਤ ਲੋਕ ਵੀ ਵਿਸਰ ਨਾ ਜਾਣ| ਸਮਾਜ ਸੇਵੀ ਸੰਸਥਾਵਾਂ ਨੂੰ ਪਾਣੀ ਉਤਰਨ ਤੋਂ ਬਾਅਦ ਵੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ| ਪੈਲੀਆਂ ਨੂੰ ਪੱਧਰੀਆਂ ਕਰ ਕੇ ਵਾਹੀਯੋਗ ਬਣਾਉਣ ਲਈ ਸਮਾਂ ਲੱਗੇਗਾ| ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਚੌਕਸੀ ਵਰਤਣ ਦੀ ਜ਼ਰੂਰਤ ਰਹੇਗੀ| ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਵਧ ਜਾਣਗੀਆਂ| ਲਾਜ਼ਮੀ ਹੈ ਕਿ ਜ਼ਹਿਰੀਲੇ ਪਦਾਰਥਾਂ ਦੇ ਮਿਲਣ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ| ਏਸ ਪਾਸੇ ਧਿਆਨ ਦੇਣ ਦੀ ਉਚੇਚੀ ਲੋੜ ਹੈ| ਹੋਮੀਓਪੈਥੀ ਦੀਆਂ ਦਵਾਈਆਂ ਦੇਣ ਵਾਲੇ ਮੇਰੇ ਮਿੱਤਰ ਚੰਦਰ ਤ੍ਰਿਖਾ ਨੇ 1947 ਵਿਚ ਅਖੰਡ ਹਿੰਦੁਸਤਾਨ ਦੇ ਟੁਕੜੇ ਕਰਨ ਵਾਲੇ ਬਰਤਾਨਵੀ ਅਧਿਕਾਰੀ ਉੱਤੇ ਵਿਅੰਗ ਕਸਦਿਆਂ ਇਹ ਵੀ ਸਵਾਲ ਪੈਦਾ ਕੀਤਾ ਹੈ ਕਿ ਉਹਦੇ ਵੱਲੋਂ 78 ਸਾਲ ਪਹਿਲਾਂ ਖਿੱਚੀ ਗਈ ਵੰਡ ਦੀ ਲਕੀਰ ਕਿਥੇ ਹੈ| ਹੜ੍ਹਾਂ ਦੇ ਪਾਣੀ ਨੇ ਐਲਓਸੀ ਤੇ ਐਲਏਸੀ ਧੋ ਛੱਡੀਆਂ ਹਨ| ਹੁਣ ਤਾਂ ਇਨ੍ਹਾਂ ਉਤੇ ਆਮ ਜਨਤਾ ਹੀ ਪਹਿਰਾ ਦੇ ਸਕਦੀ ਹੈ|
ਅੰਤਿਕਾ
ਸੁਰਜੀਤ ਪਾਤਰ॥
ਸਤਲੁਜ ਨੂੰ ਕੁਝ ਸਮਝ ਨਾ ਆਵੇ, ਜਸ਼ਨਾਂ ਵਿਚ ਕਿੰਝ ਰੋਵੇ
ਨਾ ਵੀ ਰੋਵੇ ਤਾਂ ਲਹਿਰਾਂ ਵਿਚ, ਲਾਸ਼ਾਂ ਕਿਵੇਂ ਲੁਕੋਵੇ
ਨਾਲ ਨਮੋਸ਼ੀ ਪਾਣੀ ਪਾਣੀ, ਹੋਏ ਝਨਾਂ ਦੇ ਪਾਣੀ
ਨਫਰਤ ਦੇ ਵਿਚ ਡੁੱਬ ਕੇ ਮਰ ਗਈ, ਹਰ ਇਕ ਪ੍ਰੀਤ ਕਹਾਣੀ
ਕਹੇ ਬਿਆਸਾ ਮੈਂ ਬੇਆਸਾ, ਮੈਂ ਕੀ ਧੀਰ ਧਰਾਵਾਂ
ਇਹ ਰੱਤ ਰੰਗੇ ਆਪਣੇ ਪਾਣੀ, ਕਿੱਥੇ ਧੋਵਣ ਜਾਵਾਂ
ਜਿਹਲਮ ਆਖੇ ਚੁੱਪ ਕਰਾਓ, ਪਾਣੀ ਦਾ ਕੀ ਰੋਣਾ
ਕਿਸ ਤੱਕਣਾ ਪਾਣੀ ਦਾ ਹੰਝੂ, ਪਾਣੀ ਵਿਚ ਸਮੋਣਾ।