ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਪ੍ਰਧਾਨ ਮੰਤਰੀ, ਸੰਸਦ ਭੰਗ

ਬੀਰਗੰਜ (ਨੇਪਾਲ):ਜੈੱਨ-ਜ਼ੀ ਅੰਦੋਲਨ ‘ਚ ਪੰਜ ਦਿਨਾਂ ਤੱਕ ਸੁਲਗਣ ਵਾਲੇ ਨੇਪਾਲ ਦਾ ਸੰਵਿਧਨਾਕ ਸੰਕਟ ਖ਼ਤਮ ਹੋ ਗਿਆ ਹੈ।

ਰਾਸ਼ਟਰਪਤੀ ਰਾਮਚੰਦਰ ਪੌਡੇਲ, ਫ਼ੌਜ ਮੁਖੀ ਅਸ਼ੋਕ ਰਾਜ ਸਿਗਡੇਲ, ਕਾਨੂੰਨ ਮਾਹਰ ਓਮ ਪ੍ਰਕਾਸ਼ ਆਰਯਾਲ ਤੇ ਜੈੱਨ-ਜ਼ੀ ਦੇ ਨੁਮਾਇੰਦਿਆਂ ਦੀ ਸੱਤ ਘੰਟਿਆਂ ਤੱਕ ਚੱਲੀ ਮੈਰਾਥਨ ਬੈਠਕ ਦੇ ਬਾਅਦ ਨੇਪਾਲ ਦੀ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤ੍ਰਿਮ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁਕਾਈ ਗਈ। ਨੇਪਾਲ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣਨ ਵਾਲੀ ਕਾਰਕੀ ਹੁਣ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵੀ ਬਣ ਗਈ ਹੈ। ਭਾਰਤੀ ਸਮੇਂ ਮੁਤਾਬਕ ਰਾਤ ਪੌਣੇ ਨੌਂ (ਨੇਪਾਲੀ ਸਮਾਂ ਰਾਤ ਦੇ ਨੌਂ ਵਜੇ) ਰਾਸ਼ਟਰਪਤੀ ਨੇ ਸ਼ੀਤਲ ਭਵਨ ‘ਚ ਕਾਰਕੀ ਨੂੰ ਅਹੁਦੇ ਦੀ ਸਹੁੰ ਚੁਕਾਈ। ਨਾਲ ਹੀ ਨੇਪਾਲੀ ਸੰਸਦ ਨੂੰ ਭੰਗ ਵੀ ਕਰ ਦਿੱਤਾ, ਜਿਹੜੀ ਜੈੱਨ ਜ਼ੀ ਸਮੂਹਾਂ ਦੀ ਸਭ ਤੋਂ ਪ੍ਰਮੁੱਖ ਮੰਗ ਸੀ। ਵੀਰਵਾਰ ਰਾਤ ਨੂੰ ਸੁਸ਼ੀਲਾ ਕਾਰਕੀ ਦੇ ਨਾਂ ‘ਤੇ ਸਹਿਮਤੀ ਬਣਨ ਦੇ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਹੁੰ ਚੁਕਾਏ ਜਾਣ ਦੇ ਰਾਹ ‘ਚ ਆਉਣ ਵਾਲੀਆਂ ਸੰਵਿਧਾਨਕ ਰੁਕਾਵਟਾਂ ਨੂੰ ਦੂਰ ਕਰਨ ‘ਤੇ ਮੰਥਨ ਹੁੰਦਾ ਰਿਹਾ। ਇਸ ਬੈਠਕ ‘ਚ ਕਾਰਕੀ ਵੀ ਹਾਜ਼ਰ ਸਨ। ਜੈੱਨ-ਜ਼ੀ ਦੀਆਂ ਕਈ ਮੰਗਾਂ ‘ਚੋਂ ਹਾਲੇ ਸਿਰਫ਼ ਕਾਰਕੀ ਨੂੰ ਅੰਤ੍ਰਿਮ ਪ੍ਰਧਾਨ ਮੰਤਰੀ ਬਣਾਉਣ ਤੇ ਸੰਸਦ ਭੰਗ ਕਰਨ ‘ਤੇ ਹੀ ਫ਼ੈਸਲਾ ਹੋਇਆ ਹੈ। ਕਾਰਕੀ ਦੀ ਮੰਤਰੀ ਪ੍ਰੀਸ਼ਦ ਤਿੰਨ ਮੈਂਬਰੀ ਹੋ ਸਕਦੀ ਹੈ, ਪਰ ਕਿਹੜੇ-ਕਿਹੜੇ ਚਿਹਰੇ ਹੋਣਗੇ, ਹਾਲੇ ਇਸ ‘ਤੇ ਫ਼ੈਸਲਾ ਹੋਣਾ ਬਾਕੀ ਹੈ। ਨਾਲ ਹੀ ਦੇਸ਼ ਚੋਣਾਂ ਵੱਲ ਕਦੋਂ ਤੇ ਕਿਵੇਂ ਵਧੇਗਾ, ਇਸ ‘ਤੇ ਮੰਤਰੀ ਪ੍ਰੀਸ਼ਦ ਦੇ ਗਠਨ ਦੇ ਬਾਅਦ ਫ਼ੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਤ੍ਰਿਮ ਸਰਕਾਰ ਦੇ ਗਠਨ ਦੇ ਬਾਅਦ ਦੇਸ਼ ‘ਚ ਸਿਆਸੀ ਸਥਿਰਤਾ ਸਥਾਪਤ ਹੋਵੇਗੀ। ਨਾਲ ਹੀ ਨੇਪਾਲ ਨੂੰ ਲੋਕਤੰਤਰੀ ਪ੍ਰਕਿਰਿਆ ਵੱਲ ਵਧਾਉਣ ‘ਚ ਮਦਦ ਮਿਲੇਗੀ। ਨਵੀਂ ਸਰਕਾਰ ਤੋਂ ਪਾਰਦਰਸ਼ਿਤਾ ਤੇ ਸੁਸ਼ਾਸਨ ਦੀ ਉਮੀਦ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਅੰਤ੍ਰਿਮ ਪ੍ਰਧਾਨ ਮੰਤਰੀ ਨੂੰ ਲੈ ਕੇ ਜੈੱਨ-ਜ਼ੀ ਸਮੂਹਾਂ ਦੇ ਮਤਭੇਦ ਤੇ ਫ਼ੌਜ ਦੇ ਹੈੱਡਕੁਆਰਟਰ ਦੇ ਸਾਹਮਣੇ ਉਨ੍ਹਾਂ ‘ਚ ਭੇੜ ਦੇ ਬਾਅਦ ਸਥਿਤੀ ਬੇਕਾਬੂ ਹੁੰਦੀ ਦਿਖ ਰਹੀ ਸੀ। ਰਾਤ ਤੱਕ ਕਿਸੇ ਫ਼ੈਸਲੇ ਤੱਕ ਨਹੀਂ ਪਹੁੰਚਣ ਦੀ ਸਥਿਤੀ ‘ਚ ਸ਼ੁੱਕਰਵਾਰ ਸਵੇਰ ਤੋਂ ਅੰਦੋਲਨ ਤੇਜ਼ ਕਰਨ ਦੀ ਜੈੱਨ-ਜ਼ੀ ਦੀ ਚਿਤਾਵਨੀ ਨਾਲ ਸਥਿਤੀ ਗੰਭੀਰ ਹੋ ਗਈ ਸੀ। ਇਸ ਦੇ ਬਾਅਦ ਰਾਸ਼ਟਰਪਤੀ ਰਾਮਚੰਦਰ ਪੌਡੇਲ, ਫ਼ੌਜ ਮੁਖੀ ਅਸ਼ੋਕ ਰਾਜ ਸਿਗਡੇਲ ਤੇ ਕਾਨੂੰਨ ਮਾਹਰ ਓਮ ਪ੍ਰਕਾਸ਼ ਆਰਯਾਲ ਦੇ ਨਾਲ ਜੈੱਨ-ਜ਼ੀ ਸਮੂਹਾਂ ਦੀ ਬੈਠਕ ਹੋਈ। ਸਾਰੀਆਂ ਧਿਰਾਂ ਸੰਵਿਧਾਨਕ ਮਰਿਆਦਾ ਦੇ ਮੁਤਾਬਕ ਰਸਤਾ ਕੱਢਣ ‘ਤੇ ਸਹਿਮਤ ਸਨ। ਸਥਾਨਕ ਜਨਤਾ ਨੇ ਵੀ ਰਾਸ਼ਟਰੀ ਭਾਵਨਾ, ਸੰਵਿਧਾਨਕ ਅਦਾਰਿਆਂ ਦੀ ਰਾਖੀ ਨੂੰ ਮੁੱਖ ਰੱਖਣ ਤੇ ਹਰ ਸਥਿਤੀ ‘ਚ ਲੋਕਤੰਤਰੀ ਪ੍ਰਕਿਰਿਆ ਨੂੰ ਤਰਜੀਹ ਦੇਣ ਦੀ ਗੱਲ ਕਹੀ। ਸਾਰਿਆਂ ਨਾਲ ਗੱਲ ਕਰ ਕੇ ਸੁਸ਼ੀਲਾ ਕਾਰਕੀ ਦੇ ਨਾਂ ‘ਤੇ ਅੰਤਿਮ ਸਹਿਮਤੀ ਬਣਾ ਲਈ ਗਈ। ਇਨ੍ਹਾਂ ਸਾਰੇ ਨੁਕਤਿਆਂ ਨੂੰ ਇਕੱਠੇ ਕਰ ਕੇ ਕਈ ਸੰਵਿਧਾਨ ਮਾਹਰਾਂ ਨੇ ਸੁਝਾਅ ਦਿੱਤਾ ਕਿ ਜ਼ਰੂਰਤ ਪੈਣ ‘ਤੇ ਸੰਗਰਾਂਦੀ ਦੌਰ ਵਾਲੀ ਵਿਵਸਥਾ ਅਪਣਾ ਕੇ ਗ਼ੈਰ-ਸੰਸਦੀ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। ਜੇਕਰ ਸੰਸਦ ਭੰਗ ਕਰਨ ਦੀ ਲੋੜ ਪਈ ਤਾਂ ਉਸ ਤੋਂ ਪਹਿਲਾਂ ਬੈਠਕ ਬੁਲਾ ਕੇ ਸੰਵਿਧਾਨ ‘ਚ ਸੋਧ ਰਾਹੀਂ ਨਾਗਰਿਕ ਸਰਕਾਰ ਦੇ ਬਦਲ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਵਿਵਸਥਾ ਬਣਾਉਣ ਲਈ ਸ਼ੁੱਕਰਵਾਰ ਸਵੇਰ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਦੁਪਹਿਰ ਦੋ ਵਜੇ ਫ਼ੌਜ ਮੁਖੀ ਤੇ ਦੇਸ਼ ਦੇ ਪ੍ਰਮੁੱਖ ਸੰਵਿਧਾਨਕ ਮਾਹਰ ਸ਼ੀਤਲ ਨਿਵਾਸ ਪੁੱਜੇ ਜਿੱਥੇ ਸ਼ਾਮ ਤੱਕ ਬੈਠਕ ਚੱਲਦੀ ਰਹੀ।