ਆਪ ਵਿਧਾਇਕ ਲਾਲਪੁਰਾ ਨੂੰ 4 ਸਾਲ ਕੈਦ; ਵਿਧਾਇਕੀ ਗਈ

ਤਰਨਤਾਰਨ:ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਉਸਮਾਂ ਵਾਸੀ ਅਨੁਸੂਚਿਤ ਵਰਗ ਨਾਲ ਸਬੰਧਤ ਲੜਕੀ ਨਾਲ 12 ਸਾਲ ਪਹਿਲਾਂ ਕੁੱਟਮਾਰ, ਛੇੜ ਛਾੜ ਕਰਨ ਤੇ ਜਾਤੀ ਸੂਚਕ ਸ਼ਬਦ ਬੋਲੇ ਜਾਣ ਦੇ ਮਾਮਲੇ ‘ਚ ਸਥਾਨਕ ਅਦਾਲਤ ਨੇ

ਸ਼ੁੱਕਰਵਾਰ ਨੂੰ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸੱਤ ਦੋਸ਼ੀਆਂ ਨੂੰ ਚਾਰ-ਚਾਰ ਸਾਲ ਦੀ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਦੋਸ਼ੀ ਏ.ਐੱਸ.ਆਈ ਸਮੇਤ ਤਿੰਨ ਨੂੰ ਇਕ-ਇਕ ਸਾਲ ਕੈਦ ਦੀ ਸਜ਼ਾ ਵੀ ਦਿੱਤੀ ਗਈ ਹੈ। ਤਿੰਨਾਂ ਨੂੰ ਮੌਕੇ ‘ਤੇ ਜ਼ਮਾਨਤ ਮਿਲ ਗਈ। ਸਜ਼ਾ ਮਿਲਣ ਤੋਂ ਬਾਅਦ ਹੁਣ ਲਾਲਪੁਰਾ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਵੀ ਚਲੀ ਗਈ ਤੇ ਉਹ ਛੇ ਸਾਲ ਤੱਕ ਕੋਈ ਚੋਣ ਨਹੀਂ ਲੜ ਸਕਣਗੇ। ਅਜਿਹਾ ਸੁਪਰੀਮ ਕੋਰਟ ਦੇ ਹੁਕਮ ‘ਤੇ ਹੋਇਆ ਹੈ।
ਸੁਪਰੀਮ ਕੋਰਟ ਦੇ ਸਪਸ਼ਟ ਨਿਰਦੇਸ਼ ਹਨ ਕਿ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ, ਪਛਾਣ ਲੁਕਾਉਣ, ਜਬਰ ਜਨਾਹ ਤੇ ਮਹਿਲਾ ਨਾਲ ਕਰੂਰਤਾ ਦਾ ਦੋਸ਼ੀ ਪਾਇਆ ਜਾਂਦਾ ਹੈ ਤੇ ਜੇ ਉਸ ਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਵਿਧਾਇਕ ਜਾਂ ਸੰਸਦ ਮੈਂਬਰੀ ਆਪਣੇ ਆਪ ਖ਼ਤਮ ਹੋ ਜਾਵੇਗੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਲਾਲਪੁਰਾ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਨੂੰ ਹਾਈ ਕੋਰਟ ‘ਚ ਚੁਣੌਤੀ ਦੇਵੇਗਾ।
ਐਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ‘ਚ 10 ਸਤੰਬਰ ਨੂੰ ਵਿਧਾਇਕ ਸਣੇ 12 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਚੁੱਕੀ ਹੈ। ਸੁਣਵਾਈ ਦੌਰਾਨ ਪੀੜਤ ਮਹਿਲਾ ਹਰਬਿੰਦਰ ਕੌਰ ਤੋਂ ਇਲਾਵਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਡੀ ਗਿਣਤੀ ਸਮਰਥਕ ਵੀ ਅਦਾਲਤ ਕੰਪਲੈਕਸ ਵਿਚ ਹਾਜ਼ਰ ਰਹੇ। ਹਰਬਿੰਦਰ ਕੌਰ ਦੇ ਵਕੀਲ ਅਮਿਤ ਧਵਨ ਨੇ ਦੱਸਿਆ ਕਿ ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ‘ਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਦਵਿੰਦਰ ਕੁਮਾਰ, ਸਾਰਜ ਸਿੰਘ, ਕਵਲਦੀਪ ਸਿੰਘ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਤੇ ਤਰਸੇਮ ਕੁਮਾਰ ਨੂੰ ਐੱਸਸੀ, ਐੱਸਟੀ ਐਕਟ ਤਹਿਤ 4 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ, ਧਾਰਾ 354 ਆਈਪੀਸੀ ਤਹਿਤ 3 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ ਲਾਇਆ।
ਧਾਰਾ 506 ਤਹਿਤ ਸਾਲ ਦੀ ਕੈਦ ਤੇ ਧਾਰਾ 323 ਆਈ.ਪੀ.ਸੀ. ਤਹਿਤ 1 ਸਾਲ ਦੀ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨੂੰ ਅਦਾਲਤ ‘ਚੋਂ ਹੀ ਜੇਲ੍ਹ ਭੇਜਿਆ ਗਿਆ। ਜਦ ਕਿ ਨਰਿੰਦਰ ਸਿੰਘ, ਗੁਰਦੀਪ ਰਾਜ ਤੇ ਗਗਨਦੀਪ ਸਿੰਘ ਨੂੰ ਐੱਸ.ਸੀ, ਐੱਸ.ਟੀ ਐਕਟ ਤਹਿਤ ਸਜ਼ਾ ਨਹੀਂ ਸੁਣਾਈ ਗਈ। ਉਨ੍ਹਾਂ ਦੱਸਿਆ ਕਿ ਇਕ ਮੁਲਜ਼ਮ ਪਰਮਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਹਰਵਿੰਦਰ ਸਿੰਘ ਸ਼ੋਸ਼ੀ ਪਹਿਲਾਂ ਹੀ ਤਿਹਾੜ ਜੇਲ੍ਹ ‘ਚ ਬੰਦ ਹੈ। ਦੱਸ ਦਈਏ ਕਿ ਹਰਬਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਉਸਮਾਂ 3 ਮਾਰਚ 2013 ਨੂੰ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਮਾਰਗ ‘ਤੇ ਸਥਿਤ ਪੈਲੇਸ ‘ਚ ਆਪਣੇ ਮਾਸੀ ਦੇ ਲੜਕੇ ਦੇ ਵਿਆਹ ‘ਚ ਪਰਿਵਾਰ ਸਮੇਤ ਪੁੱਜੀ ਸੀ। ਇੱਥੇ ਲਾਲਪੁਰਾ ਨੇ ਹਰਬਿੰਦਰ ਕੌਰ ਨਾਲ ਛੇੜ-ਛਾੜ ਤੇ ਕੁੱਟਮਾਰ ਕੀਤੀ ਸੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਵੀ ਹਰਬਿੰਦਰ ਕੌਰ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਸੀ। ਸਮਾਗਮ ‘ਚ ਪੁੱਜੇ ਫੋਟੋ ਗ੍ਰਾਫਰ ਨੇ ਮਹਿਲਾ ਨਾਲ ਕੁੱਟਮਾਰ ਦੀ ਵੀਡੀਓ ਬਣਾ ਲਈ ਤੇ ਜਦੋਂ ਇਹ ਵੀਡੀਓ ਚੈਨਲਾਂ ‘ਤੇ ਪ੍ਰਸਾਰਿਤ ਹੋਈ ਤਾਂ ਸੁਪਰੀਮ ਕੋਰਟ ਨੇ ਇਸਦਾ ਨੋਟਿਸ ਲੈ ਲਿਆ। ਇਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ‘ਚ ਐੱਸ.ਸੀ,ਐੱਸ.ਟੀ ਐਕਟ ਤੋਂ ਇਲਾਵਾ ਛੇੜ-ਛਾੜ ਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਕਰਮਚਾਰੀਆਂ ਸਮੇਤ ਕੇਸ ‘ਚ ਨਾਮਜ਼ਦ ਕੀਤੇ ਗਏ ਟੈਕਸੀ ਡਰਾਈਵਰਾਂ ‘ਚ ਮਨਜਿੰਦਰ ਸਿੰਘ ਵੀ ਸ਼ਾਮਲ ਸਨ। ਜੋ 2022 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਵਧਾਇਕ ਚੁਣਿਆ ਗਿਆ। ਇਹੀ ਨਹੀਂ, ਲਾਲਪੁਰਾ ਅਦਾਲਤ ‘ਚ ਇਹ ਵੀ ਦਾਅਵਾ ਕਰਦਾ ਰਿਹਾ ਕਿ ਐੱਫ.ਆਈ.ਆਰ. ‘ਚ ਜਿਹੜਾ ਸਾਹਬਾ ਨਾਂ ਲਿਖਿਆ ਗਿਆ ਹੈ, ਉਹ ਉਸਦਾ ਨਹੀਂ ਹੈ ਜਦਕਿ ਪੀੜਤਾ ਨੇ ਉਸ ਦੀ ਪਛਾਣ ਵੀ ਕੀਤੀ ਸੀ। ਪਛਾਣ ਲੁਕਾਉਣਾ ਤੇ ਕੁੜੀ ਨਾਲ ਕਰੂਰਤਾ ਲਾਲਪੁਰਾ ‘ਤੇ ਵੀ ਭਾਰੀ ਪੈ ਗਈ। ਲਾਲਪੁਰਾ ਉਸ ਵੇਲੇ ਟੈਕਸੀ ਚਾਲਕ ਸੀ।