ਗੁਰਦਾਸਪੁਰ:ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਦਾ ਜਾਇਜ਼ਾ ਲੈਣ ਸੋਮਵਾਰ ਨੂੰ ਪੰਜਾਬ ਦੇ ਦੌਰੇ ‘ਤੇ ਆਏ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਗੁਰਦਾਸਪੁਰ ਦੇ ਮਕੌੜਾ ਪੱਤਣ ਪੁੱਜੇ। ਇੱਥੇ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ‘ਚ ਜਾਣ ਲਈ ਰਾਹੁਲ ਤੇ ਕਾਂਗਰਸ ਨੇਤਾਵਾਂ ਦੀ ਪੁਲਿਸ ਨਾਲ ਬਹਿਸ ਚਰਚਾ ਦਾ ਵਿਸ਼ਾ ਬਣ ਗਈ ਹੈ।
ਰਾਹੁਲ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਦਾ ਹਾਲ ਜਾਣਨਾ ਚਾਹੁੰਦੇ ਸਨ ਪਰ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਇਹ ਕਹਿ ਕੇ ਉਨ੍ਹਾਂ ਨੂੰ ਬੇੜੀ ਰਾਹੀਂ ਦਰਿਆ ਪਾਰ ਜਾਣ ਤੋਂ ਰੋਕ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਰਾਹੁਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕਿਸ਼ਤੀ ਨਾ ਦਿੱਤੀ ਗਈ ਤਾਂ ਉਹ ਖ਼ੁਦ ਤੈਰ ਕੇ ਦਰਿਆ ਪਾਰ ਕਰ ਲੈਣਗੇ। ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪੁੱਜ ਗਿਆ ਜਿਨ੍ਹਾਂ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਫੋਨ ਕਰ ਕੇ ਕਿਹਾ ਕਿ ਉਹ ਰਾਹੁਲ ਨੂੰ ਦਰਿਆ ਪਾਰ ਕਰਨ ਦੀ ਜ਼ਿੱਦ ਨਾ ਕਰਨ ਲਈ ਕਹਿਣ। ਖੜਗੇ ਦੇ ਕਹਿਣ ‘ਤੇ ਰਾਹੁਲ ਨੇ ਦਰਿਆ ਪਾਰ ਜਾਣ ਦੀ ਜ਼ਿੱਦ ਛੱਡੀ। ਹੜ੍ਹ ਪ੍ਰਭਾਵਿਤ ਪੰਜਾਬ ਦੇ ਦੌਰੇ ਦੌਰਾਨ ਰਾਹੁਲ ਗਾਂਧੀ ਦਾ ਆਖਰੀ ਪੜਾਅ ਮਕੌੜਾ ਪੱਤਣ ਸੀ।
ਦੁਪਹਿਰ ਸਮੇਂ ਜਦੋਂ ਰਾਹੁਲ ਗਾਂਧੀ ਆਪਣੇ ਕਾਫ਼ਲੇ ਨਾਲ ਮਕੌੜਾ ਪੱਤਣ ਪੁੱਜੇ ਤਾਂ ਉੱਥੇ ਐੱਸ.ਐੱਸ.ਪੀ ਗੁਰਦਾਸਪੁਰ ਆਦਿੱਤਯ, ਐੱਸ.ਪੀ ਜੁਗਰਾਜ ਸਿੰਘ, ਐੱਸ.ਪੀ ਗੁਰਪ੍ਰਤਾਪ ਸਿੰਘ, ਐੱਸ.ਡੀ.ਐੱਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਮੌਜੂਦ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਰਾਵੀ ਪਾਰ ਵੱਸਦੇ 7 ਪਿੰਡਾਂ ਦੇ ਹਾਲਾਤ ਜਾਣਨ ਦੀ ਇੱਛਾ ਜਤਾਈ। ਉਨ੍ਹਾਂ ਪ੍ਰਸ਼ਾਸਨ ਨੂੰ ਬੇੜੀ ਮੁਹੱਈਆ ਕਰਵਾਉਣ ਲਈ ਕਿਹਾ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਤੋਂ ਸਾਫ਼ ਮਨਾਂ ਕਰ ਦਿੱਤਾ।
ਇਸ ‘ਤੇ ਰਾਹੁਲ ਤੇ ਕਾਂਗਰਸ ਦੇ ਹੋਰ ਆਗੂਆਂ ਦੀ ਐੱਸਐੱਸਪੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਲੰਬੀ ਬਹਿਸ ਹੋਈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਜਿੰਨਾਂ ਪਿੰਡਾਂ ‘ਚ ਰਾਹੁਲ ਗਾਂਧੀ ਜਾਣਾ ਚਾਹੁੰਦੇ ਹਨ ਉਹ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਹਨ। ਇਸ ਕਾਰਨ ਖ਼ੁਫ਼ੀਆ ਏਜੰਸੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਜਾਣ ਤੋਂ ਅਲਰਟ ਭੇਜਿਆ ਹੈ। ਇਸ ਉਪਰੰਤ ਕਾਂਗਰਸ ਲੀਡਰਸ਼ਿਪ ਨੇ ਐੱਨਡੀਆਰਐੱਫ ਨੂੰ ਸਪੈਸ਼ਲ ਬੋਟ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਵੀ ਮਨਾਂ ਕਰ ਦਿੱਤਾ। ਰਾਹੁਲ ਗਾਂਧੀ ਸਮੇਤ ਹੋਰਨਾਂ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਪਾਰ ਵੀ ਹਿੰਦੁਸਤਾਨ ਦੇ ਹੀ ਪਿੰਡ ਹਨ ਤੇ ਹਿੰਦੁਸਤਾਨੀ ਲੋਕ ਰਹਿ ਰਹੇ ਹਨ। ਉਨ੍ਹਾਂ ਦਾ ਹਾਲ ਜਾਣਨਾ ਕਿਵੇਂ ਗ਼ਲਤ ਹੋ ਗਿਆ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਆਈਜੀ ਅੰਮ੍ਰਿਤਸਰ ਨਾਨਕ ਸਿੰਘ ਨੂੰ ਫੋਨ ਕੀਤਾ। ਇਸ ਉਪਰੰਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਡੀਜੀਪੀ ਗੌਰਵ ਯਾਦਵ ਨੂੰ ਫੋਨ ਕਰ ਕੇ ਦੱਸਿਆ ਕਿ ਰਾਹੁਲ ਗਾਂਧੀ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਨ ਤੇ ਉਨ੍ਹਾਂ ਦਾ ਇਕ ਅਹਿਮ ਸਥਾਨ ਹੈ, ਅੱਜ ਉਹ ਪੰਜਾਬ ਦੀ ਸੰਕਟ ‘ਚ ਘਿਰੀ ਜਨਤਾ ਦਾ ਦੁੱਖ ਦਰਦ ਜਾਣਨ ਆਏ ਹਨ ਤਾਂ ਉਨ੍ਹਾਂ ਨੂੰ ਬਿਨਾਂ ਕਾਰਨ ਰੋਕਿਆ ਜਾ ਰਿਹਾ ਹੈ।
ਪਰ ਕਾਂਗਰਸ ਲੀਡਰਸ਼ਿਪ ਵੱਲੋਂ ਕਈ ਯਤਨ ਕਰਨ ਦੇ ਬਾਵਜੂਦ ਆਖਰ ਰਾਹੁਲ ਗਾਂਧੀ ਨੂੰ ਰਾਵੀ ਪਾਰ ਨਹੀਂ ਜਾਣ ਦਿੱਤਾ ਗਿਆ। ਜਦੋਂ ਕੋਈ ਹੋਰ ਰਾਹ ਨਿਕਲਦਾ ਨਾ ਦਿਸਿਆ ਤਾਂ ਰਾਹੁਲ ਨੇ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਬੇੜੀ ਨਾ ਦਿੱਤੀ ਗਈ ਤਾਂ ਉਹ ਤੈਰ ਕੇ ਰਾਵੀ ਪਾਰ ਚਲੇ ਜਾਣਗੇ। ਇਸਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜ਼ਾਜਤ ਨਹੀਂ ਦਿੱਤੀ। ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ ਨੇ ਪੁਸ਼ਟੀ ਕੀਤੀ ਕਿ ਰਾਵੀ ਦਰਿਆ ਪਾਰ ਜਾਣ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪੁੱਜ ਗਿਆ ਜਿਨ੍ਹਾਂ ਨੇ ਮੱਲਿਕਾਰਜੁਨ ਖੜਗੇ ਨਾਲ ਗੱਲ ਕੀਤੀ। ਖੜਗੇ ਦੇ ਫੋਨ ਤੋ ਬਾਅਦ ਰਾਹੁਲ ਨੇ ਰਾਵੀ ਪਾਰ ਜਾਣ ਦਾ ਪ੍ਰੋਗਰਾਮ ਰੱਦ ਕੀਤਾ।
ਅਖ਼ੀਰ ਮੌਕੇ ‘ਤੇ ਵੱਡੀ ਗਿਣਤੀ ‘ਚ ਮੌਜੂਦ ਆਸਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ। ਉਨ੍ਹਾਂ ਦੀਆਂ ਤਕਲੀਫ਼ਾਂ ਤੇ ਮੁਸ਼ਕਲਾਂ ਸੁਣੀਆਂ। ਇਸ ਤੋਂ ਪਹਿਲਾਂ ਸਵੇਰੇ 9.30 ਵਜੇ ਰਾਹੁਲ ਗਾਂਧੀ ਅੰਮ੍ਰਿਤਸਰ ਪੁੱਜੇ। ਸਭ ਤੋਂ ਪਹਿਲਾਂ ਉਹ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਰਮਦਾਸ ਦੇ ਪਿੰਡਾਂ ਘੋਨੇਵਾਲ ਤੇ ਮਾਛੀਵਾਲ ਗਏ। ਉੱਥੇ 45 ਮਿੰਟ ‘ਤੇ ਰਾਹੁਲ ਨੇ ਸੱਤ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਰਾਹੁਲ ਨੇ ਕਿਹਾ, ਮੈਨੂੰ ਤਾਂ ਦਰਿਆ ‘ਸਮੂਦ’ ਲੱਗ ਰਿਹੈ
ਰਾਵੀ ਪਾਰ ਜਾਣ ਲਈ ਬਹਿਸ ਦੌਰਾਨ ਐਸਪੀ ਜੁਗਰਾਜ ਸਿੰਘ ਨੇ ਸੁਰੱਖਿਆ ਕਾਰਨਾਂ ਤੋਂ ਇਲਾਵਾ ਦਰਿਆ ਦੇ ਖ਼ਤਰਨਾਕ ਵਹਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ‘ਰਫ’ ਹੈ। ਇਸ ‘ਤੇ ਰਾਹੁਲ ਨੇ ਜਵਾਬ ਦਿੱਤਾ- ਮੈਨੂੰ ਤਾਂ ਦਰਿਆ ਦਾ ਪਾਣੀ ਰਫ਼ ਨਹੀਂ ਲੱਗ ਰਿਹਾ, ਇਹ ਸਮੂਦ (ਸਹਿਜ) ਹੈ। ਰਾਹੁਲ ਨੇ ਐਸਪੀ ਨੂੰ ਕਿਹਾ ਕਿ ਤੁਸੀਂ ਦਰਿਆ ਦਾ ਪਾਣੀ ਰੱਫ ਹੋਣ ਦੀ ਗੱਲ ਕਹਿ ਕੇ ਮੈਨੂੰ ਪਾਰ ਵਸੇ ਪਿੰਡਾਂ ‘ਚ ਜਾਣ ਤੋਂ ਰੋਕ ਰਹੇ ਹੋ ਪਰ ਮੈਨੂੰ ਦਰਿਆ ਦੇਖ ਕੇ ਇਸ ਤਰ੍ਹਾਂ ਬਿਲਕੁਲ ਨਹੀਂ ਲੱਗਦਾ। ਮੈਨੂੰ ਰੋਕਣ ਦਾ ਕਾਰਨ ਇਹ ਨਹੀਂ ਲੱਗ ਰਿਹਾ। ਰਾਹੁਲ ਨਾਲ ਹਾਜ਼ਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐੱਸਪੀ ਨੂੰ ਕਿਹਾ ਕਿ ਉਹ (ਰਾਹੁਲ) ਦਰਿਆ ਪਾਰ ਜਾਣਾ ਚਾਹੁੰਦੇ ਹਨ। ਜੇਕਰ ਤੁਸੀਂ ਅੱਗੇ ਨਹੀਂ ਜਾਣ ਦੇਣਾ ਚਾਹੁੰਦੇ ਤਾਂ ਲਿਖ ਕੇ ਦੇ ਦਿਓ।
ਕਾਂਗਰਸੀਆਂ ਦੀਆਂ ਕਿਸ਼ਤੀਆਂ ਪ੍ਰਸ਼ਾਸਨ ਨੇ ਕੀਤੀਆਂ ਜ਼ਬਤ
ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੂੰ ਇਸ ਗੱਲ ਦੀ ਭਿਣਕ ਇਕ ਦਿਨ ਪਹਿਲਾਂ ਹੀ ਮਿਲ ਗਈ ਸੀ ਕਿ ਰਾਹੁਲ ਨੂੰ ਰਾਵੀ ਪਾਰ ਨਹੀਂ ਜਾਣ ਦਿੱਤਾ ਜਾਵੇਗਾ। ਇਸਦੇ ਮੱਦੇਨਜ਼ਰ ਕਾਂਗਰਸ ਆਗੂਆਂ ਨੇ ਤਿੰਨ ਕਿਸ਼ਤੀਆਂ ਪਹਿਲਾਂ ਹੀ ਗੁਪਚੁਪ ਤਰੀਕੇ ਨਾਲ ਮੰਗਵਾ ਕੇ ਆਪਣੇ ਕਿਸੇ ਸਰਪੰਚ ਦੇ ਘਰ ਰਖਵਾ ਦਿੱਤੀਆਂ ਸਨ। ਇਸਦੀ ਸੂਹ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਗ ਗਈ ਤੇ ਉਨ੍ਹਾਂ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਹੀ ਇਹ ਬੇੜੀਆਂ ਆਪਣੇ ਕਬਜ਼ੇ ‘ਚ ਲੈ ਲਈਆਂ। ਹਲਕਾ ਦੀਨਾਨਗਰ ਦੀ ਵਿਧਾਇਕ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਹ ਬੇੜੀਆਂ ਜ਼ਬਤ ਕਰਨ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਰਾਹੁਲ ਗਾਂਧੀ ਦੀ ਇਸ ਫੇਰੀ ਤੋਂ ਘਬਰਾਹਟ ‘ਚ ਹਨ।
