ਅਮਰੀਕਾ ਵਲੋਂ ਰੂਸ ਅਤੇ ਚੀਨ ਵਿਰੁੱਧ ਨਵੇਂ ਟੈਰਿਫ਼ ਦੀ ਤਿਆਰੀ

ਮਾਸਕੋ:ਯੂਕਰੇਨ ਜੰਗ ਖ਼ਤਮ ਕਰਵਾਉਣ ‘ਚ ਲੱਗਾ ਅਮਰੀਕਾ ਰੂਸ ਤੇ ਚੀਨ ‘ਤੇ ਨਵੀਆਂ ਪਾਬੰਦੀਆਂ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਪਰ ਰੂਸ ਤੇ ਚੀਨ ਨੇ ਮਿਲ ਕੇ ਪਹਿਲਾਂ ਹੀ ਇਸਦੀ ਕਾਟ ਲੱਭ ਲਈ ਹੈ।

ਦੋਵੇਂ ਦੇਸ਼ ਵਸਤੂ ਵਟਾਂਦਰਾ ਪ੍ਰਣਾਲੀ ਦੇ ਤਹਿਤ ਆਪਸੀ ਲੈਣ-ਦੇਣ ਨੂੰ ਵਧਾ ਰਹੇ ਹਨ। ਰੂਸ ਤੋਂ ਵੱਡੀ ਮਾਤਰਾ ‘ਚ ਕਣਕ ਤੇ ਅਲਸੀ ਤੋਂ ਇਲਾਵਾ ਕੱਚਾ ਮਾਲ ਚੀਨ ਭੇਜਿਆ ਜਾ ਰਿਹਾ ਹੈ, ਜਿਸਦੇ ਬਦਲੇ ਚੀਨ ਰੂਸ ਨੂੰ ਆਪਣੀਆਂ ਕਾਰਾਂ, ਮਸ਼ੀਨਰੀ, ਘਰੇਲੂ ਯੰਤਰ ਤੇ ਨਿਰਮਾਣ ਸਮੱਗਰੀ ਸਪਲਾਈ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਮਹੀਨੇ ਚੀਨ ਦੀ ਹੈਨਾਨ ਲਾਂਗਪੈਨ ਆਇਲਫੀਲਡ ਟੈਕਨਾਲੋਜੀ ਕੰਪਨੀ ਨੇ ਸਮੁੰਦਰੀ ਇੰਜਣਾਂ ਦੇ ਬਦਲੇ ਸਟੀਲ ਤੇ ਐਲਿਊਮੀਨੀਅਮ ਮਿਸ਼ਰਤ ਧਾਤਾਂ ਦੇ ਵਪਾਰ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਹਨ। ਵਪਾਰ ਸੋਮਿਆਂ, ਕਸਟਮ ਸੇਵਾਵਾਂ ਦੇ ਬਿਆਨਾਂ ਦੇ ਆਧਾਰ ‘ਤੇ ਇਸ ਤਰ੍ਹਾਂ ਦੇ ਅੱਠ ਤਰ੍ਹਾਂ ਦੇ ਲੈਣ-ਦੇਣ ਦੀ ਪਛਾਣ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਚੀਨੀ ਕਾਰਾਂ ਦਾ ਰੂਸੀ ਕਣਕ ਦੇ ਬਦਲੇ ਵਪਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸਦੀ ਮਾਤਰਾ ਦਾ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਿਸ ਆਧਾਰ ‘ਤੇ ਭਾਅ ਤੈਅ ਕਰ ਰਹੇ ਹਨ। ਦੋ ਹੋਰਨਾਂ ਲੈਣ-ਦੇਣ ‘ਚ ਅਲਸੀ ਦੇ ਬੀਜਾਂ ਦਾ ਚੀਨ ਨਾਲ ਘਰੇਲੂ ਯੰਤਰਾਂ ਤੇ ਉਸਾਰੀ ਸਮੱਗਰੀ ਵਰਗੀਆਂ ਚੀਜ਼ਾਂ ਨਾਲ ਲੈਣ-ਦੇਣ ਹੋਇਆ। ਚੀਨ ‘ਚ ਵੱਡੇ ਪੱਧਰ ‘ਤੇ ਰੂਸ ਦੀ ਕਣਕ ਤੇ ਅਲਸੀ ਦੀ ਮੰਗ ਰਹਿੰਦੀ ਹੈ। ਇਸ ਤੋਂ ਇਲਾਵਾ ਚੀਨ ਤੋਂ ਮਸ਼ੀਨ ਦੇ ਬਦਲੇ ਰੂਸ ਤੋਂ ਧਾਤਾਂ ਦਾ ਆਦਾਨ-ਪ੍ਰਦਾਨ ਹੋਇਆ। ਚੀਨ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਦੇ ਬਦਲੇ ਰੂਸ ਨੇ ਐਲਿਊਮਿਨੀਅਮ ਦੀ ਬਰਾਮਦ ਕੀਤੀ ਹੈ।
ਸੰਨ 2014 ‘ਚ ਕ੍ਰੀਮੀਆ ਨੂੰ ਰੂਸ ‘ਚ ਮਿਲਾਉਣ ਤੇ 2022 ‘ਚ ਯੂਕਰੇਨ ਜੰਗ ਸ਼ੁਰੂ ਕਰਨ ਕਾਰਨ ਰੂਸ ‘ਤੇ ਅਮਰੀਕਾ ਤੇ ਯੂਰੋਪ ਨੇ ਮਿਲ ਕੇ 22 ਹਜ਼ਾਰ ਤੋਂ ਵੱਧ ਪਾਬੰਦੀਆਂ ਲਗਾਈਆਂ ਹੋਈਆਂ ਹਨ। ਮਕਸਦ ਰੂਸ ਦੇ 2.2 ਟ੍ਰਿਲੀਅਨ ਡਾਲਰ ਦੇ ਅਰਥਚਾਰੇ ‘ਤੇ ਸੱਟ ਮਾਰਨ ਦਾ ਸੀ। ਇਸ ਤੋਂ ਇਲਾਵਾ ਵਾਸ਼ਿੰਗਟਨ ਨੇ ਰੂਸ ਤੋਂ ਤੇਲ ਖ਼ਰੀਦਣ ਦੇ ਵਿਰੋਧ ‘ਚ ਭਾਰਤ ‘ਤੇ ਵੀ ਪਾਬੰਦੀ ਮੜ੍ਹੀਆਂ ਹੋਈਆਂ ਹਨ। ਹਾਲਾਂਕਿ, ਪੁਤਿਨ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਦੇਸ਼ਾਂ ਦੇ ਅੰਦਾਜ਼ਿਆਂ ਦੇ ਉਲਟ ਰੂਸ ਦਾ ਅਰਥਚਾਰਾ ਪਿਛਲੇ ਦੋ ਸਾਲਾਂ ‘ਚ ਜੀ7 ਦੇਸ਼ਾਂ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਅਮਰੀਕਾ ਨੇ ਯੂਕਰੇਨ ਜੰਗ ਨਾ ਰੋਕੇ ਜਾਣ ‘ਤੇ ਰੂਸ ਦੇ ਬੈਂਕਾਂ ਨੂੰ ਸਵਿਫਟ 1 ਭੁਗਤਾਨ ਪ੍ਰਣਾਲੀ ਤੋਂ ਵੱਖ ਕਰ ਦਿੱਤਾ 1 ਸੀ। ਉਥੇ ਹੀ ਚੀਨ ਦੇ ਬੈਂਕਾਂ ਨੂੰ ਰੂਸ ਦਾ ਸਮਰਥਨ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਅਮਰੀਕੀ ਸੈਕੰਡਰੀ ਸੈਂਕਸ਼ਨ ਦੇ ਖ਼ਦਸ਼ੇ ‘ਚ ਚੀਨ ਦੇ ਬੈਂਕ ਰੂਸ ਤੋਂ ਪੈਸਾ ਲੈਣ ਤੋਂ ਕੰਨੀ ਕਤਰਾ ਰਹੇ ਹਨ। ਇਸਦੇ ਚੱਲਦਿਆਂ ਦੋਵੇਂ ਦੇਸ਼ ਵਸਤੂ ਵਟਾਂਦਰਾ ਪ੍ਰਣਾਲੀ ਤਹਿਤ ਲੈਣਦੇਣ ਕਰ ਰੇਹ ਹਨ, ਜਿਨ੍ਹਾਂ ਦਾ ਪਤਾ ਲਗਾਉਣਾ ਵੱਧ ਔਖਾ ਹੈ। 2024 ‘ਚ ਰੂਸ ਦੇ ਅਰਥਚਾਰੇ ਮੰਤਰਾਲੇ ਨੇ 14 ਸਫ਼ਿਆਂ ਦੀ ਵਿਦੇਸ਼ੀ ਵਸਤੂ ਵਟਾਂਦਰਾ ਪ੍ਰਣਾਲੀ ਲਈ ਗਾਈਡ ਜਾਰੀ ਕੀਤੀ।
ਚੀਨ ਦੀ ਚਿਤਾਵਨੀ-ਟੈਰਿਫ ਲੱਗਾ ਤਾਂ ਹੋਵੇਗਾ ਪਲਟਵਾਰ
ਚੀਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜੀ7 ਤੇ ਨਾਟੋ ਦੇਸ਼ਾਂ ਰਾਹੀਂ ਰੂਸ ਤੋਂ ਤੇਲ ਲੈਣ ਵਾਲੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦੀ ਸਲਾਹ ਦੇਣ ਤੋਂ ਪਰਹੇਜ਼ ਕਰਨ, ਨਹੀਂ ਤਾਂ ਅਸੀਂ ਵੀ ਪ੍ਰਤੀਕਿਰਿਆ ਵਜੋਂ ਕਾਰਵਾਈ ਤੋਂ ਬਾਜ਼ ਨਹੀਂ ਆਵਾਂਗੇ। ਕਿਹਾ ਹੈ ਕਿ ਅਮਰੀਕਾ ਦੀ ਇਕਪਾਸੜ ਧੌਂਸ ਤੇ ਆਰਥਿਕ ਦਬਾਅ ਦੀ ਸਿਆਸਤ ਦਾ ਠੋਸ ਜਵਾਬ ਦਿੱਤਾ ਜਾਵੇਗਾ। ਸਪੇਨ ‘ਚ ਆਰਥਿਕ ਤੇ ਵਪਾਰਕ ਮੁੱਦਿਆਂ ‘ਤੇ ਚੀਨ ਤੇ ਅਮਰੀਕੀ ਵਫਦਾਂ ਦੀ ਮੁਲਾਕਾਤ ਦੇ ਦੂਜੇ ਦਿਨ ਚੀਨ ਵੱਲੋਂ ਇਹ ਬਿਆਨ ਆਇਆ ਹੈ।
ਅਮਰੀਕੀ ਡੇਅਰੀ ਉਤਪਾਦਾਂ ਨੂੰ ਨਹੀਂ ਮਿਲੇਗੀ ਮਨਜ਼ੂਰੀ
ਖੇਤੀਬਾੜੀ ਅਤੇ ਡੇਅਰੀ ਖੇਤਰਾਂ ਨੂੰ ਖੋਲ੍ਹਣ ਦੀ ਅਮਰੀਕੀ ਮੰਗ ‘ਤੇ ਭਾਰਤ ਦੇ ਕੁਝ ਇਤਰਾਜ਼ ਹਨ।ਕਿਸਾਨੀ ਅਤੇ ਡੇਅਰੀ ਭਾਰਤ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਦੋਹਾਂ ਖੇਤਰ ਲੋਕਾਂ ਦੇ ਇਕ ਵੱਡੇ ਵਰਗ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ। ਸੂਤਰਾਂ ਦੇ ਅਨੁਸਾਰ, ਅਮਰੀਕਾ ਆਪਣੇ ਸੋਇਆਬੀਨ ਅਤੇ ਮੱਕੀ ਦੀ ਭਾਰਤ ਦੇ ਬਾਜ਼ਾਰ ਵਿਚ ਬਿਕਵਾਲੀ ਲਈ ਟੈਕਸ ਵਿਚ ਕਟੌਤੀ ਚਾਹੁੰਦਾ ਹੈ। ਸੰਭਵ ਹੈ ਕਿ ਭਾਰਤ ਗੈਰ ਜੇਨੈਟਿਕਲੀ ਮੋਡੀਫਾਈਡ ਸੋਇਆਬੀਨ ਤੇ ਮੱਕੀ ਨੂੰ ਇਥੇ ਆਉਣ ਦੀ ਇਜਾਜ਼ਤ ਦੇ ਦੇਵੇ ਪਰ ਡੇਅਰੀ ਉਤਪਾਦਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।