ਦਿਸ਼ਾ ਪਟਾਨੀ ਸਹਾਰਾ ਚਮਕ ਦਮਕ ਦਾ

ਤੇਲਗੂ ਤੇ ਹਿੰਦੀ ਫ਼ਿਲਮਾਂ ਦੀ ਲੋਕਪ੍ਰਿਯ ਹੀਰੋਇਨ ਦਿਸ਼ਾ ਪਟਾਨੀ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਭੈਣ ਖ਼ੁਸ਼ਬੂ ਪਟਾਨੀ ‘ਤੇ ਨਾਜ਼ ਹੈ,

ਜਿਸ ਨੇ ਭਾਰਤ-ਪਾਕਿ ਯੁੱਧ ਤੋਂ ਬਾਅਦ ਉਨ੍ਹਾਂ ਮਨਚਲਿਆਂ ਨੂੰ ਸਹੀ ਜਵਾਬ ਦਿੱਤਾ, ਜਿਹੜੇ ਰਹਿੰਦੇ ਇਸ ਮੁਲਕ ‘ਚ ਹਨ ਪਰ ਮਦਦ ਪਾਕਿਸਤਾਨ ਦੀ ਪ੍ਰਤੱਖ ਤੇ ਅਪ੍ਰਤੱਖ ਰੂਪ ‘ਚ ਕਰਦੇ ਹਨ। ਦਰਅਸਲ ਦਿਸ਼ਾ ਨੇ ਦੱਸਿਆ ਕਿ ਇਨ੍ਹਾਂ ਦੇਸ਼ ‘ਚ ਰਹਿ ਕੇ ਉਸ ਦੀ ਨੀਯਤ ‘ਤੇ ਸ਼ੱਕ ਕਰਨ ਵਾਲਿਆਂ ਨੇ ਇਸ ‘ਆਪ੍ਰੇਸ਼ਨ’ ਲਈ ਭੱਦੀ ਸ਼ਬਦਾਵਲੀ ਵਰਤੀ ਸੀ ਤਾਂ ਦਿਸ਼ਾ ਦੀ ਭੈਣ ਨੇ ਕਿਹਾ ਕਿ ਇੰਜ ਹੈ ਤਾਂ ਇੰਜ ਹੀ ਸਹੀ, ਫਿਰ ਉਮੀਦ ਹੈ ਕਿ ਭਾਰਤ ਨੇ ਗੁਆਂਢੀ ਮੁਲਕ ਨੂੰ ਸਹੀ ਜਵਾਬ ਦਿੱਤਾ ਹੋਵੇਗਾ। ਦਿਸ਼ਾ ਆਪਣੀ ਫ਼ਿਲਮ ਅਭਿਨੇਤਰੀ ਸਹੇਲੀ ਮੌਨੀ ਰਾਏ ਨਾਲ ਅੱਜਕਲ੍ਹ ਖੂਬ ਦੇਖੀ ਜਾਂਦੀ ਹੈ ਤੇ ਅਕਸਰ ਦੋਵੇਂ ਡਿਨਰ ਇਕੱਠੀਆਂ ਕਰਦੀਆਂ ਹਨ ਤੇ ਦੋਵਾਂ ਨੂੰ ਦੇਖ ਕੇ ਲੋਕ ਆਖਦੇ ਹਨ ਕਿ ਦੋ ਰਾਣੀਆਂ, ਫਰੇਮ ਇਕ ਅਰਥਾਤ ਦੋਵਾਂ ਨੂੰ ਦੇਖਣ ਵਾਲੇ ਲੋਕ ਹਰ ਮਾਮਲੇ ‘ਚ ਇਕੋ ਜਿਹੇ ਨੰਬਰ ਦਿੰਦੇ ਹਨ। ਇਸ ਸਮੇਂ ਦਿਸ਼ਾ ਕੋਲ ‘ਅਰਜਨ ਉਸਤਰਾ’ ਫ਼ਿਲਮ ਹੈ ਤੇ ਉਸ ‘ਚ ਵੀ ਉਹ ਇਕ ਖ਼ਾਸ ਰੋਲ ਕਰ ਰਹੀ ਹੈ। ਦੂਸਰੇ ਪਾਸੇ ਇੰਸਟਾਗ੍ਰਾਮ ‘ਤੇ ਦਿਸ਼ਾ ਪਟਾਨੀ ਦੀਆਂ ਬਹੁਤ ਹੀ ਜ਼ਿਆਦਾ ਹਾਟ (ਗਰਮ) ਤਸਵੀਰਾਂ ਦੇਖ ਕੇ ਸੋਸ਼ਲ ਮੀਡੀਆ ‘ਤੇ ਦਿਸ਼ਾ ਨੂੰ ਮੰਦਾ ਬੋਲਿਆ ਜਾ ਰਿਹਾ ਹੈ। ਇਕ ਨੇ ਕਿਹਾ ਕਿ ਵੈਸੇ ਇਸ ਦੀ ਭੈਣ ਸਾਧੂ-ਸੰਤਾਂ ‘ਤੇ ਉਂਗਲੀ ਉਠਾਉਂਦੀ ਹੈ ਪਰ ਉਹ ਆਪਣੀ ਭੈਣ ਦੀਆਂ ‘ਉਕਸਾਊ ਤਸਵੀਰਾਂ ‘ਤੇ ਚੁੱਪ ਕਿਉਂ ਹੈ? ਦਿਸ਼ਾ ਇਹ ਪੜ੍ਹ ਕੇ ਗੁੱਸੇ ‘ਚ ਤਾਂ ਹੈ ਪਰ ਗੱਲ ਭੈਣ ਖ਼ੁਸ਼ਬੂ ਤੇ ਸਾਧੂ ਸੰਤਾਂ ਨੂੰ ਲੈ ਕੇ ਹੈ, ਤਾਂ ਉਹ ਚੁੱਪ ਹੀ ਭਲੀ ਸਮਝ ਕੇ ਸਮਾਂ ਗੁਜ਼ਾਰ ਰਹੀ ਹੈ। ਉਧਰ ਦਿਸ਼ਾ ਨੂੰ ਹਾਲੀਵੁੱਡ ਦੀ ਇਕ ਫ਼ਿਲਮ ਮਿਲੀ ਹੈ, ਜਿਸ ਨੂੰ ਕੇਵਿਨ ਨਿਰਦੇਸ਼ਨ ਦੇ ਰਹੇ ਹਨ। ਗਲੋਬਲ ਪੱਧਰ ‘ਤੇ ਦਿਸ਼ਾ ਦੇ ਕਦਮ ਅੱਗੇ ਵਧ ਰਹੇ ਹਨ ਤੇ ਦਿਸ਼ਾ ਇਹ ਫ਼ਿਲਮ ਕਰ ਕੇ ਖ਼ੁਸ਼ ਹੈ। ਫ਼ਿਲਮ ਦੀ ਸ਼ੂਟਿੰਗ ਮੈਕਸੀਕੋ ਵਿਖੇ ਰੱਖੀ ਗਈ ਹੈ। ਤਾਜ਼ਾ ਖ਼ਬਰਾਂ ਅਨੁਸਾਰ ‘ਵੈਲਕਮ ਟੂ ਜੰਗਲ’ ਫ਼ਿਲਮ ‘ਚ ਵੀ ਦਿਸ਼ਾ ਨੂੰ ਲਿਆ ਗਿਆ ਹੈ। ਇਕ ਹਾਲੀਵੁੱਡ ਫ਼ਿਲਮ ਤੇ ਦੋ ਨਵੀਆਂ ਹਿੰਦੀ ਫ਼ਿਲਮਾਂ ਦਿਸ਼ਾ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਜਾ ਰਹੀਆਂ ਹਨ । ਦਿਸ਼ਾ ਪਟਾਨੀ ਨੂੰ ਵੈਸੇ ਆਮ ਤੌਰ ‘ਤੇ ਅਭਿਨੈ ‘ਚ ਜ਼ੀਰੋ ਤੇ ਗਲੈਮਰ (ਚਮਕ-ਦਮਕ) ‘ਚ ਹੀਰੋ ਕਿਹਾ ਜਾਂਦਾ ਹੈ। 9 ਵਰਿ੍ਹਆਂ ‘ਚ ਇਕ ਹਿੱਟ ਫ਼ਿਲਮ ਆਈ ਤਾਂ ਵੀ ਦਿਸ਼ਾ ਪਟਾਨੀ ਦੀ ਗੱਡੀ ਲੀਹ ਤੋਂ ਨਹੀਂ ਉਤਰੀ। ਬੇਸ਼ੱਕ ਟਾਈਗਰ ਸ਼ਰਾਫ਼ ਨਾਲੋਂ ਉਸ ਦੇ ਸੰਬੰਧ ਟੁੱਟ ਗਏ ਹਨ ਪਰ . ਦਿਸ਼ਾ ਨੇ ਆਪਣੇ-ਆਪ ਨੂੰ ਸੰਭਾਲ ਲਿਆ ਹੈ।