ਲੰਡਨ ਦੇ ਅਦਬੀ ਮੇਲੇ ਵਿਚ ਡਾ. ਆਤਮਜੀਤ

ਨਿਰਮਲ ਜੌੜਾ
ਫੋਨ: 98140-78799
ਪਿਛਲੇ ਦਿਨੀਂ ਲੰਡਨ ਵਿਚ ਹੋਏ ਕੌਮਾਂਤਰੀ ਅਦਬੀ ਮੇਲੇ ਦਾ ਸੱਦਾ ਪੱਤਰ ਮਿਲਿਆ ਤਾਂ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਇਸ ਵਿਸ਼ਵ ਪੱਧਰੀ ਸਾਹਿਤਕ ਮੇਲੇ ਦਾ ਉਦਘਾਟਨ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਸਿੰਘ ਕਰ ਰਹੇ ਹਨ। ਖੁਸ਼ ਹੋਣ ਦੇ ਦੋ ਕਾਰਨ ਸਨ, ਪਹਿਲਾ ਇਹ ਕਿ ਮੁੱਖ ਮਹਿਮਾਨ ਦੇ ਤੌਰ ‘ਤੇ ਡਾ. ਆਤਮਜੀਤ ਦੀ ਚੋਣ ਨਾਲ ਪ੍ਰਬੰਧਕਾਂ ਦੀ ਪੰਜਾਬੀ ਸਾਹਿਤ ਅਤੇ ਭਾਸ਼ਾ ਨਾਲ ਪ੍ਰਤੀਬੱਧਤਾ ਦਾ ਉੱਚਾ-ਸੁੱਚਾ ਮਿਆਰ ਦਿਸਿਆ, ਸਮਾਗਮ ਪ੍ਰਤੀ ਉਨ੍ਹਾਂ ਦੀ ਸੰਜੀਦਗੀ ਨਜ਼ਰ ਆਈ।

ਦੂਸਰਾ ਜੇ ਡਾ. ਆਤਮਜੀਤ ਨੇ ਇਸ ਮੇਲੇ ’ਤੇ ਆਉਣ ਦੀ ਹਾਮੀ ਭਰੀ ਹੈ ਤਾਂ ਇਸ ਮੇਲੇ ਨੇ ਅਦਬ ਦੀ ਦੁਨੀਆਂ ਵਿਚ ਆਪਣੀ ਥਾਂ ਬਣਾ ਲਈ ਹੈ। ਪੂਰੇ ਮੇਲੇ ਵਿਚ ਡਾ. ਆਤਮਜੀਤ ਦਾ ਬਣਿਆ ਸਾਹਿਤਕ ਔਰਾ ਮੇਰੀ ਇਸ ਖੁਸ਼ੀ ਦਾ ਪ੍ਰਮਾਣ ਸੀ।
ਉਦਘਾਟਨ ਮੌਕੇ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ,‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ ਬੰਦੇ ਦੇ ਬਾਹਰ ਹੈ। ਬਾਹਰੀ ਕੁਦਰਤ ਨੂੰ ਲੋੜੋਂ ਵੱਧ ਕਾਬੂ ਕਰਨ ਅਤੇ ਅੰਦਰ ਵਾਲੀ ਕੁਦਰਤ ਨੂੰ ਲੋੜੋਂ ਵੱਧ ਖੁੱਲ੍ਹੀ ਛੱਡਣ ਦੇ ਨਤੀਜੇ ਖਤਰਨਾਕ ਹੋ ਰਹੇ ਨੇ। ਆਰਟੀਫੀਸ਼ਲ ਇੰਟੈਲੀਜੈਂਸ ਤੋਂ ਫਾਇਦਾ ਉਠਾਉਣ ਦੀ ਲੋੜ ਹੈ ਨਾ ਕਿ ਡਰਨ ਦੀ, ਇਹ ਮਾਨਵੀ ਵਿਕਾਸ ਲਈ ਵਧੀਆ ਵੀ ਹੋ ਸਕਦੀ ਹੈ, ਇਸ ਤੋਂ ਸੰਵੇਦਨਸ਼ੀਲਤਾ ਅਤੇ ਰਚਨਾਤਮਿਕਤਾ ਨੂੰ ਕੋਈ ਖ਼ਤਰਾ ਨਹੀਂ। ਘਰਾਂ ਵਿਚ ਅੰਬੀ ਦੇ ਬੂਟੇ ਦੀ ਜਗ੍ਹਾ ਏਅਰ ਕੰਡੀਸ਼ਨਰ ਦਾ ਆਉਣਾ ਸਾਡੇ ਬਦਲ ਰਹੇ ਜੀਵਨ ਢੰਗ ਦਾ ਪ੍ਰਤੀਕ ਹੈ ਪਰ ਮਸ਼ੀਨ ਦਾ ਅੰਨਾ ਵਿਰੋਧ ਨਹੀਂ ਕੀਤਾ ਜਾ ਸਕਦਾ। ਅਦਬ ਆਕਸੀਜਨ ਪੈਦਾ ਕਰਦਾ ਹੈ, ਸਾਹਿਤ ਮਨੁੱਖ ਨੂੰ ਜਗਾਉਂਦਾ ਹੈ, ਸੁਚੇਤ ਕਰਦਾ ਹੈ, ਚਾਨਣ ਦਿੰਦਾ ਹੈ’।
ਉਨ੍ਹਾਂ ਦੀ ਗੱਲਬਾਤ ਮਾਨਵੀ ਸਰੋਕਾਰਾਂ ਅਤੇ ਨਵੀਆਂ ਕੰਪਿਊਟਰੀ ਜੁਗਤਾਂ ਬਾਰੇ ਸੀ ਪਰ ਉਨ੍ਹਾਂ ਦਾ ਅੰਦਾਜ਼ ਰੰਗਮੰਚੀ ਹੋਣ ਕਰਕੇ ਦਿਲਚਸਪ ਸੀ, ਸੰਚਾਰ ਸਮਰੱਥਾ ਤਕੜੀ ਹੋਣ ਕਰਕੇ ਹਰ ਗੱਲ ਫੱਟੀ ਦੇ ਕਿੱਲ ਵਾਂਗੂੰ ਦਿਮਾਗਾਂ ਵਿਚ ਠੁਕ ਰਹੀ ਸੀ। ਖੂLਬਸੂਰਤੀ ਵਾਲੀ ਗੱਲ ਇਹ ਸੀ ਕਿ ਡਾ. ਆਤਮਜੀਤ ਨੇ ਵੱਖ-ਵੱਖ ਮੁਲਕਾਂ ਤੋਂ ਆਏ ਸਾਹਮਣੇ ਬੈਠੇ ਪੰਜਾਬੀ ਸ਼ਾਇਰਾਂ ਦੀਆਂ ਕਾਵਿ ਟੁਕੜੀਆਂ ਨੂੰ ਆਪਣੇ ਪੇਪਰ ਦਾ ਹਿੱਸਾ ਬਣਾਇਆ, ਨਵੀਆਂ ਕਵਿਤਾਵਾਂ ਨੂੰ ਤਕਨਾਲੌਜੀ ਨਾਲ ਜੋੜ ਕੇ ਆਪਣੀ ਗੱਲ ਰੱਖੀ।
ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੋਰਮ ਯੂ.ਕੇ. ਵੱਲੋਂ ਕਰਵਾਏ ਇਸ ਅਦਬੀ ਮੇਲੇ ਦੀ ਮਹੱਤਵਪੂਰਨ ਅਤੇ ਕਮਾਲ ਦੀ ਗੱਲ ਇਹ ਰਹੀ ਕਿ ਡਾ. ਆਤਮਜੀਤ ਹਰ ਪਲ-ਹਰ ਘੜੀ ਇਸ ਮੇਲੇ ਵਿਚ ਹਾਜ਼ਰ ਰਹੇ। ਸਿਰਫ ਹਾਜ਼ਰ ਨਹੀਂ ਸਗੋਂ ਪਰਿਵਾਰ ਦੇ ਵਡੇਰਿਆਂ ਵਾਂਗ ਹਰ ਇੱਕ ਦੇ ਸਿਰ ‘ਤੇ ਹੱਥ ਰੱਖਿਆ ਉਨ੍ਹਾਂ ਨੇ। ਮੰਚ ਤੋਂ ਕੋਈ ਵੀ ਕੁਝ ਪੇਸ਼ ਕਰਦਾ, ਕਵਿਤਾ, ਗੀਤ, ਵਿਚਾਰ, ਸ਼ੇਅਰ ਜਾਂ ਕੋਈ ਗੱਲ ਬਾਤ ਤਾਂ ਡਾਕਟਰ ਸਾਹਿਬ ਉਸਨੂੰ ਉਸਰ-ਉਸਰ ਕੇ ਦਾਦ ਦਿੰਦੇ, ਕਈਆਂ ਤੋਂ ਦੁਬਾਰਾ ਸ਼ੇਅਰ ਸੁਣੇ, ਕਈਆਂ ਨੂੰ ਹੱਲਾ-ਸ਼ੇਰੀ ਦਿੱਤੀ, ਕਈਆਂ ਨੂੰ ਭੱਜ ਕੇ ਸਟੇਜ ’ਤੇ ਜਾ ਕੇ ਕਲਾਵੇ ’ਚ ਲਿਆ, ਕਿਸੇ ਨਾਲ ਸਟੇਜ ਤੋਂ ਉਤਰਦਿਆਂ ਹੱਥ ਮਿਲਾਏ, ਮੁਹੱਬਤ ਨਾਲ ਜੱਫੀ ਪਾਈ, ਮੱਥਾ ਚੁੰਮਿਆ। ਯਾਨੀ ਅਦਬੀ ਮੇਲੇ ਵਿਚ ਡਾ. ਆਤਮਜੀਤ ਐਸੇ ਪ੍ਰੇਰਣਾਦਾਇਕ ਤਰਲ ਵਾਂਗ ਫੈਲ ਗਏ ਕਿ ਮੇਲੇ ਦੇ ਹਰ ਸਾਹ ਵਿਚੋਂ ਉਨ੍ਹਾਂ ਦੀ ਮੌਜੂਦਗੀ ਝਲਕ ਰਹੀ ਸੀ। ਮੇਲੇ ਦੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਲਈ ਉਹ ਵੱਡੀ ਧਿਰ ਬਣੇ ਰਹੇ। ਜਿਵੇਂ ਬਜ਼ੁਰਗ ਹੌਸਲੇ ਬੁਲੰਦ ਕਰਦਾ ਹੋਇਆ ਔਕੜਾਂ ਵਿਚ ਵੀ ਟੱਬਰ ਨੂੰ ਡੋਲਣ ਨੀ ਦਿੰਦਾ, ‘ਕੱਲੇ ’ਕੱਲੇ ਜੀਅ ਨੂੰ ਪ੍ਰੇਰਦਾ, ਇਸ ਤਰ੍ਹਾਂ ਦੀ ਹਾਜ਼ਰੀ ਸੀ ਉਨ੍ਹਾਂ ਦੀ। ਸਿਰਫ ਪ੍ਰੋਗਰਾਮ ਵਾਲੇ ਹਾਲ ਵਿਚ ਹੀ ਨਹੀਂ ਬਲਕਿ ਚਾਹ ਪਾਣੀ ਪੀਂਦਿਆਂ, ਰੋਟੀ ਖਾਂਦਿਆਂ, ਡਾ. ਆਤਮਜੀਤ ਦੇ ਦੁਆਲੇ ਮਹਿਫਲ ਜੁੜ ਜਾਂਦੀ, ਹੋਈਆਂ ਪੇਸ਼ਕਾਰੀਆਂ ’ਤੇ ਡਾ. ਸਾਹਿਬ ਤਬਸਰਾ ਕਰਦੇ। ਨਾਟਕ, ਰੰਗਮੰਚ, ਕਵਿਤਾ, ਗੀਤ-ਸੰਗੀਤ, ਕਹਾਣੀ, ਨਾਵਲ, ਲੋਕ ਧਾਰਾ, ਫਿਲਮਾਂ ਤੋਂ ਇਲਾਵਾ ਇਤਿਹਾਸ ਮਥਿਹਾਸ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਦਾ ਗਿਆਨ ਭੰਡਾਰ ਹੈ ਉਨ੍ਹਾਂ ਕੋਲ। ਚਾਹ-ਕੌਫੀ ਦੀਆਂ ਚੁਸਕੀਆਂ ਲੈਂਦਿਆਂ ਉਹ ਕਿਸੇ ਕੋਲ ਵੀ ਜਾ ਬੈਠਦੇ, ਭਵਿੱਖ ਵਿਚ ਲਿਖਣ ਪੜ੍ਹਨ ਬਾਰੇ ਪੁੱਛਦੇ, ਹੋਰ ਵਧੇਰੇ ਕਮਰਸ਼ੀਅਲ ਹੋਣ ਲਈ ਤਾਕਤ ਦਿੰਦੇ। ਡਾ. ਆਤਮਜੀਤ ਨੇ ਇਸ ਮੇਲੇ ਦੀ ਧੜਕਣ ਨੂੰ ਮੱਠੀ ਨਹੀਂ ਪੈਣ ਦਿੱਤਾ।
ਮੇਲੇ ਦੇ ਤੀਸਰੇ ਦਿਨ ਸ਼ਾਮ ਨੂੰ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਦੇ ਘਰ ਡਾ. ਆਤਮਜੀਤ ਨੇ ਆਪਣੇ ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਦਾ ਪਾਠ ਕੀਤਾ। ਘਰ ਦੇ ਜਿਸ ਹਾਲ ਵਿਚ ਇਹ ਪਾਠ ਹੋਇਆ ਡਾ. ਆਤਮਜੀਤ ਨੇ ਖੁਦ ਓਸ ਹਾਲ ਨੂੰ ਰੰਗਮੰਚੀ ਮਾਹੌਲ ਦਿੱਤਾ। ਕੁਰਸੀਆਂ, ਟੇਬਲ, ਸੋਫੇ, ਲਾਈਟਾਂ ਦੀ ਸੈਟਿੰਗ ਇਸ ਢੰਗ ਨਾਲ ਆਪ ਕੀਤੀ ਕਿ ਉਸ ਹਾਲ ਵਿਚ ਵੜਦਿਆਂ ਕਿਸੇ ਸਹਿਜ ਕਾਰਜ ਹੋਣ ਦਾ ਅਹਿਸਾਸ ਹੁੰਦਾ ਸੀ। ਡਾ. ਦੀਵਾਨ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਪਾਤਰ ਆਤਮਜੀਤ ਰਾਹੀਂ ਮੁਖ਼ਾਤਬ ਹੋਣੇ ਸ਼ੁਰੂ ਹੋਏ ਤਾਂ ਇਹ ਉਸਦੀ ਪਾਠ-ਅਦਾਕਾਰੀ ਦਾ ਕਮਾਲ ਸੀ ਕਿ ਇੰਦਰ ਕੌਰ ਦੇ ਬੋਲਾਂ ਨੇ ਆਪਣੇ ਪਤੀ ਦੀਵਾਨ ਸਿੰਘ ਨੂੰ ਜੰਜ਼ੀਰਿਆਂ ਦੇ ਸਿਰਤਾਜ, ਅੰਬਰ ਦੀ ਪਰਵਾਜ਼, ਇਨਸਾਨੀਅਤ ਦੀ ਅਵਾਜ਼ ਤੇ ਕਿਸ਼ਤੀਆਂ ਵਿਚਲੇ ਜਹਾਜ਼ ਵਜੋਂ ਮੂਹਰੇ ਲਿਆ ਖੜ੍ਹਾ ਕੀਤਾ। ਡਾ. ਦੀਵਾਨ ਸਿੰਘ ਦੀ ਜ਼ਿੰਦਗੀ ਦੇ ਕਈ ਰਹੱਸ ਅੱਗੇ ਆ ਰਹੇ ਸਨ, ਉਸਦੀ ਮਹਾਨ ਕੁਰਬਾਨੀ ਨਾਲ ਨਾਲ ਤੁਰ ਰਹੀ ਸੀ। ਉਸ ਨਾਲ ਉਲਝ ਰਹੇ ਕਿਰਦਾਰਾਂ ਵਿਚੋਂ ਉਸਦਾ ਸੰਘਰਸ਼, ਲੋਕ ਪਿਆਰ ਡਾ. ਆਤਮਜੀਤ ਨੇ ਕਮਾਲ ਦੀ ਸ਼ਬਦਾਬਲੀ ਅਤੇ ਅਦਾਕਾਰੀ ਨਾਲ ਉਭਾਰਿਆ, ਪਾਲੀ ਖਾਦਿਮ ਦਾ ਸੰਗੀਤ ਸਹਾਈ ਹੋ ਰਿਹਾ ਸੀ। ਡਾ. ਦੀਵਾਨ ਸਿੰਘ ਦੇ ਅੰਦਰ ਜਗਦੀ ਮੁਹੱਬਤ ਦੀ ਜੋਤ ਰੌਸ਼ਨ ਹੋਈ, ‘ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਤਬਦੀਲੀ ਵਾਸਤੇ ਰਤਾ ਪਿਆਰ ਮੰਗਦੇ ਨੇ। ਕਿੰਨੇ ਲੋਕ ਕਾਤਲ ਬਣ ਕੇ ਆਏ ਸਨ, ਸੇਵਕ ਬਣ ਕੇ ਪੰਜਾਬ ਗਏ ਨੇ। ਆਪਾਂ ਪਿਆਰ ਈ ਦਿੱਤਾ ਉਨ੍ਹਾਂ ਨੂੰ। ਪਿਆਰ ਕਦੇ ਵੀ ਜਾਇਆ ਨਹੀਂ ਜਾਂਦਾ; ਵੰਡਿਆਂ ਵਧਦਾ ਏ ਪਿਆਰ!’
ਇੰਦਰ ਕੌਰ ਦੇ ਬੋਲਾਂ ਵਿਚ ਵੈਰਾਗ ਅਤੇ ਦਰਦ ਹੈ,‘ਡਾਕਟਰ ਜੀ ਦਾ ਜਿਸਮ ਛਲਣੀ ਹੋ ਗਿਐ। ਪਰ ਉਨ੍ਹਾਂ ਦੇ ਅੰਦਰੋਂ ਆਵਾਜ਼ ਵਾਹਿਗੁਰੂ ਦੀ ਆ ਰਹੀ ਸੀ।… ਪਰ ਨੇਤਾ ਜੀ! ਮੈਨੂੰ ਸਮਝਾਓ, ਤੁਸੀਂ ਕਿਉਂ ਨਹੀਂ ਗਏ? ਵਾਰਡ ਨੰਬਰ ਛੇ ਵਿਚ ਤੁਸੀਂ ਕਿਉਂ ਨਹੀਂ ਗਏ? ਕੀ ਮਜਬੂਰੀ ਸੀ ਤੁਹਾਡੀ? ਨੇਤਾ ਜੀ ਮੇਰਾ ਸਵਾਲ ਏ ਤੁਹਨੂੰ, ਤੁਸੀਂ ਚੁੱਪ ਕਿਉਂ ਓ?’
ਜਰਵਾਣਵੀ ਜ਼ੁਲਮ ਤੇ ਹੰਕਾਰ ਦੇ ਪ੍ਰਤੀਕਰਮ ਵਜੋਂ ਡਾ. ਦੀਵਾਨ ਸਿੰਘ ਦੀ ਕਵਿਤਾ ਹਾਲ ਵਿਚ ਗੂੰਜੀ, ‘ਮੈਂ ਸੌਂ ਗਿਆ ਤੇ ਸੁਫਨਾ ਅਇਆ/ ਕਿ ਜ਼ਿੰਦਗੀ ਆਜ਼ਾਦ ਸੀ/ ਕਿ ਜ਼ਿੰਦਗੀ ਆਬਾਦ ਸੀ/ ਕਿ ਜ਼ਿੰਦਗੀ ਸਵਾਦ ਸੀ। ਮੈਂ ਜਾਗਿਆ ਤੇ ਵੇਖਿਆ/ ਕਿ ਜ਼ਿੰਦਗੀ ਇੱਕ ਫਰਜ਼ ਸੀ/ ਕਿ ਜ਼ਿੰਦਗੀ ਇੱਕ ਕਰਜ਼ ਸੀ/ ਕਿ ਜ਼ਿੰਦਗੀ ਇੱਕ ਮਰਜ਼ ਸੀ’।
ਅਖੀਰ ਇੰਦਰ ਕੌਰ ਦੇ ਬੋਲ ਸਰਕਾਰਾਂ ਦੇ ਮਨਾਂ ਦੀ ਮੈਲ ਨੂੰ ਧਰਤੀ ’ਤੇ ਖਿਲਾਰ ਦਿੰਦੇ ਹਨ ‘ਮੇਰੇ ਬਹੁਤ ਪਿਆਰੇ ਦੀਵਾਨ ਸਿੰਘ! ਮੈਂ ਜਦੋਂ ਟਾਪੂਆਂ ਵੱਲ ਨਜ਼ਰ ਮਾਰਦੀ ਆਂ ਤਾਂ ਖੁਸ਼ ਹੁੰਦੀ ਆਂ ਪਈ ਓਥੇ ਹੁਣ ਅਜ਼ਾਦੀ ਏ। ਨਹਿਰੂ ਤੇ ਗਾਂਧੀ ਓਥੇ ਕਦੇ ਨਹੀਂ ਗਏ ਪਰ ਉਨ੍ਹਾਂ ਦੇ ਬੁੱਤ ਲਾ ਕੇ ਇੱਕ ਸਰਕਾਰ ਨੇ ਉਨ੍ਹਾਂ ਦਾ ਸਨਮਾਨ ਕੀਤੈ। ਵੀਰ ਸਾਵਰਕਰ ਓਥੇ ਗਿਆ ਸੀ ਪਰ ਭੱਜ ਆਇਆ ਸੀ; ਉਹਦੇ ਨਾਂ ਤੇ ਹਵਾਈ ਅੱਡਾ ਬਣਾ ਕੇ ਦੂਜੀ ਸਰਕਾਰ ਨੇ ਉਹਨੂੰ ਯਾਦ ਕੀਤਾ। …ਪਰ ਮੈਂ ਲੋਕਾਂ ਦੀ ਕਰਜ਼ਦਾਰ ਆਂ, ਉਨ੍ਹਾਂ ਤੇਰੇ ਬਣਾਏ ਗੁਰਦਵਾਰੇ ਨੂੰ ਤੇਰਾ ਨਾਂ ਦੇ ਦਿੱਤੈ। ਤੂੰ ਇਸ ਗੁਰਦਵਾਰੇ ਨਾਲ ਦੁਨੀਆਂ ਦੇ ਚੇਤਿਆਂ ਵਿਚ ਵੱਸੇਂਗਾ। ਦੀਵਾਨ ਸਿੰਘ! ਤੂੰ ਨਾਟਕਾਂ ਵਿਚ ਜੀਵੇਂਗਾ! ਤੇਰੇ `ਤੇ ਕਿੱਸੇ ਜ਼ਰੂਰ ਲਿਖੇ ਜਾਣਗੇ! ਤੇਰੇ ਨਾਲ ਮੈਂ ਵੀ ਜ਼ਿੰਦਾ ਰਹਾਂਗੀ!’
ਨਾਟਕ ਪਾਠ ਸਿਖਰ ’ਤੇ ਪਹੁੰਚਦਿਆਂ ਜਦੋਂ ਇੰਦਰ ਕੌਰ ਨੇ ਕਿਹਾ ਕਿ ‘ਮੈਨੂੰ ਮਾਣ ਏ ਮੇਰਾ ਬੰਦਾ ਕਿਸ਼ਤੀ ਨਹੀਂ ਸੀ, ਕਿਸ਼ਤੀਆਂ ਵਿਚ ਜਹਾਜ਼ ਸੀ।’ ਤਾਂ ਸਾਰਾ ਹਾਲ ਗੂੰਜ ਰਿਹਾ ਸੀ… ‘ਕਿਸ਼ਤੀਆਂ ਵਿਚ ਜਹਾਜ਼ ਸੀ – ਦੀਵਾਨ ਸਿੰਘ’। ਸਮਾਪਤੀ ’ਤੇ ਆਤਮਜੀਤ ਡਾਇਸ `ਤੇ ਖੜ੍ਹੇ ਸਨ, ਚੁੱਪ ਏਨੀ ਕਿ ਜਿਵੇਂ ਹਾਲ ਵਿਚ ਕੋਈ ਵੀ ਨਾ ਹੋਵੇ। ਪੱਤਾ ਡਿੱਗਣ `ਤੇ ਵੀ ਖੜਾਕ ਹੋਣ ਵਾਲੀ ਸ਼ਾਂਤੀ ਸੀ। ਇਸ ਚੁੱਪ ਨੂੰ ਡਾ. ਕੁਲਦੀਪ ਸਿੰਘ ਦੀਪ ਨੇ ਇਹ ਐਲਾਨ ਕਰਕੇ ਤੋੜਿਆ ਕਿ ਅੱਜ ਇਸ ਕੌਮਾਂਤਰੀ ਅਦਬੀ ਮੇਲੇ ਵਿਚ ਅਸੀਂ ਇਹ ਮਤਾ ਪਾਸ ਕਰਦੇ ਹਾਂ ਕਿ ਅੰਡੇਮਾਨ ਨਿੱਕੋਬਾਰ ਦੇ ਟਾਪੂਆਂ ਦਾ ਨਾਮ ਡਾ. ਦੀਵਾਨ ਸਿੰਘ ਦੇ ਨਾਮ `ਤੇ ਹੋਵੇ। ਭਰਵੀਂ ਪਰਵਾਨਗੀ ਮਿਲੀ।
ਰਾਤ ਦਾ ਖਾਣਾ ਖਾਂਦਿਆਂ ਡਾ. ਆਤਮਜੀਤ ਸਭ ਨਾਲ ਹੱਸ ਖੇਡ ਰਹੇ ਸਨ, ਉੱਚੀ-ੳੁੱਚੀ ਠਹਾਕੇ ਮਾਰ ਮਾਰ ਕੇ। ਉਨ੍ਹਾਂ ਦੇ ਮੂੰਹੋਂ ਹੱਲਾ ਸ਼ੇਰੀ ਦੇ ਬੋਲ ਆਪ ਮੁਹਾਰੇ ਕਿਰ ਰਹੇ ਸਨ। ’ਕੱਲੇ ’ਕੱਲੇ ਕੋਲ ਜਾ ਰਹੇ ਸਨ ‘ਤੇਰੀ ਕਵਿਤਾ ਕਮਾਲ ਦੀ ਸੀ/ ਗਜ਼ਬ ਦੇ ਸ਼ੇਅਰ ਕਹੇ ਤੂੰ/ ਇਸ ਬਾਰ ਅਦਬੀ ਮੇਲਾ ਤੇਰੇ ਨਾਮ ਰਿਹਾ ਪੁੱਤਰ/ ਮੈਂ ਤੈਨੂੰ ਪਹਿਲੀ ਬਾਰ ਸੁਣਿਆਂ ਤੇਰੇ ਕੋਲ ਤਾਂ ਖਜ਼ਾਨਾ ਬੇਟਾ ਖਜ਼ਾਨਾ/ ਲਿਖਣਾ ਜਾਰੀ ਰੱਖੀਂ ਤੇ ਪੜ੍ਹਿਆ ਵੀ ਕਰ/ ਤੂੰ ਆਪਣੇ ਨਾਟਕ ਵਿਚ ਵੱਡਾ ਸੱਚ ਕਿਹਾ ਸੋਮਪਾਲ/ ਤੂੰ ਬੋਲਦੀ ਬਹੁਤ ਵਧੀਆ, ਨਾਟਕਾਂ ਵਿਚ ਤਾਂ ਤੂੰ ਕਮਾਲ ਕਰ ਸਕਦੀ ਆਂ/ ਹਾਂ, ਤੂੰ ਆਪਣਾ ਓਹ ਸ਼ੇਅਰ ਲਿਖ ਕੇ ਦੇ ਮੈਨੂੰ ਯਾਰ ਉਹ ਕਿਸੇ ਨਾਟਕ ਵਿਚ ਕੰਮ ਆਊਗਾ/ ਔਰਤ ਦੀ ਸੰਵੇਦਨਸ਼ੀਲਤਾ ਬਾਰੇ ਬਹੁਤ ਅਧਿਐਨ ਆ ਚਰਨਜੀਤ ਤੁਹਾਡਾ, ਕੰਠ ਤੇ ਸੁਰ ਵੀ ਆ ਤੁਹਾਡੇ ਕੋਲ/ ਤੁਸੀਂ ਐਂਕਰਿੰਗ ਬਹੁਤ ਵਧੀਆ ਕੀਤੀ ਬੱਲਿਓ/ ਤੁਹਾਡਾ ਪੇਪਰ ਅੱਖਾਂ ਖੋਲ੍ਹਦਾ ਸੀ ਜਨਾਬ ਕਾਫੀ ਅਧਿਐਨ ਕੀਤਾ ਤੁਸੀਂ/ ਵਿਦੇਸ਼ਾਂ ਵਿਚ ਰਹਿ ਕੇ ਵੀ ਪੰਜਾਬੀ ਜ਼ੁਬਾਨ ਸੰਭਾਲੀ ਆ ਤੁਸੀਂ।’ ਇਨ੍ਹਾਂ ਨਿੱਕੇ-ਨਿੱਕੇ ਪਰ ਵੱਡੇ ਅਰਥਾਂ ਵਾਲੇ ਫਿਕਰਿਆਂ ਨਾਲ ਉਹ ਸਭ ਨੂੰ ਸਾਬਾਸ਼ ਦਿੰਦੇ-ਦਿੰਦੇ ਪ੍ਰਬੰਧਕਾਂ ਨੂੰ ਅਵਾਜ਼ ਮਾਰਦੇ ਨੇ, ‘ਅਜ਼ੀਮ, ਰਜਿੰਦਰਜੀਤ, ਅਬੀਰ…ਸੁਣੋ, ਕਾਕਾ ਜੋ ਪ੍ਰਬੰਧ ਤੁਸੀਂ ਕਰਤੇ ਵੱਡੇ ਵੱਡੇ ਨਾਢੂ ਖਾਂ ਨੀ ਕਰ ਸਕਦੇ, ਜ਼ਿੰਦਾਬਾਦ! ਪਿੱਛੇ ਮੁੜ ਕੇ ਨਾ ਦੇਖਿਓ ਮੈਂ ਤੁਹਾਡੇ ਨਾਲ ਆਂ’। ਫਿਰ ਉਹ ਰਸੋਈ ਵਿਚ ਖਾਣਾ ਪਰੋਸਦੀ ਸਰਦਾਰਨੀ ਭਜਨ ਕੌਰ, ਰਾਜੂ ਸ਼ੇਖਰ, ਕੁਲਵੰਤ ਢਿਲੋਂ, ਪਰਮਿੰਦਰ ਹੋਰਾਂ ਕੋਲ ਜਾ ਕੇ ਧੰਨਵਾਦ ਦੀ ਸੁਰ ਵਿਚ ਕਹਿੰਦੇ ਨੇ,‘ਬੀਬੀਓ ਤੁਹਾਡੀ ਸੇਵਾ ਦੇ ਅਰਥ ਵੀ ਡੂੰਘੇ ਆ, ਢਿੱਡ ਭਰੇ ਬਿਨਾਂ ਤਾਂ ਪੜ੍ਹਨ ਸੁਣਨ ਨੂੰ ਵੀ ਮਨ ਨੀ ਕਰਦਾ’।
ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਦੇ ਸੰਵਾਦ ਅਜੇ ਵੀ ਮੇਰੇ ਖਿਆਲਾਂ ਵਿਚ ਘੁੰਮ ਰਹੇ ਸੀ। ਸੁਲਤਾਨ ਵੱਲੋਂ ਮਿਸਤੂਬਾਸੀ ਕੋਲ ਡਾ. ਦੀਵਾਨ ਸਿੰਘ ਬਾਰੇ ਕੀਤੀ ਚੁਗਲੀ ਯਾਦ ਆਉਂਦੀ ਹੈ,‘…ਰਾਤ ਨੂੰ ਬਾਗੀਆਂ ਦੇ ਛੋਟੇ ਛੋਟੇ ਜਹਾਜ਼ ਆਉਂਦੇ ਨੇ ਤੇ ਇੱਕ ਪਗੜੀਧਾਰੀ ਉਨ੍ਹਾਂ ਨੂੰ ਟਾਰਚ ਨਾਲ ਟਿਕਾਣਾ ਦਿਖਾਉਂਦੈ’। ਸਾਹਮਣੇ ਡਾ. ਆਤਮਜੀਤ ਅਦੀਬਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ, ਆਪਣੇ ਅੰਦਾਜ਼ ਅਤੇ ਸ਼ਬਦਾਂ ਦੀ ਟਾਰਚ ਨਾਲ ਸਭ ਦੇ ਜ਼ਿਹਨ ਵਿਚ ਚਾਨਣ ਭਰ ਰਹੇ ਨੇ। ਅਦਬ ਦੀ ਫੌਜ ਤਿਆਰ ਕਰ ਰਹੇ ਨੇ ਤਾਂ ਕਿ ਦੁਨੀਆਂ ਨੂੰ ਆਕਸੀਜਨ ਮਿਲਦੀ ਰਹੇ, ਚਾਨਣ ਹੁੰਦਾ ਰਹੇ, ਮੋਮਬੱਤੀਆਂ ਜਗਾਉਣ ਵਾਲੇ ਜਿਉਂਦੇ ਰਹਿਣ।