ਜਤਿੰਦਰ ਮੌਹਰ
ਫੌਨ: 91-97799-34747
ਸਿਨੇਮੇ ਦਾ ਸਮਾਜ ਨਾਲ ਅਟੁੱਟ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਬਾਬਤ ਫ਼ਿਲਮ ਸਨਅਤ ਦੀ ਸੁਹਿਰਦਤਾ ਦਾ ਅੰਦਾਜ਼ਾ ਅਤੀਤ ਅਤੇ ਵਰਤਮਾਨ ਦੀਆਂ ਫ਼ਿਲਮਾਂ ਤੋਂ ਲੱਗ ਸਕਦਾ ਹੈ। ਭਾਰਤੀ ਸਿਨੇਮੇ ਵਿਚ ਚਾਲੂ ਫ਼ਿਲਮਾਂ ਬਣਾਉਣ ਦੀ ਰਵਾਇਤ ਭਾਰੂ ਰਹੀ ਹੈ। ਸਮਾਜਕ ਮੁੱਦਿਆਂ ਬਾਬਤ ਭਗੌੜਾਵਾਦੀ ਪਹੁੰਚ ਚਾਲੂ ਫ਼ਿਲਮਾਂ ਦਾ ਖ਼ਾਸਾ ਹੈ। ਅਜਿਹੇ ਸਿਨੇਮੇ ਨੂੰ ‘ਮੁਖਧਾਰਾ ਦਾ ਸਿਨੇਮਾ’ ਕਿਹਾ ਗਿਆ। ਚਾਲੂ ਫ਼ਿਲਮਾਂ ਦਾ ਰੁਝਾਨ ਭਾਰੂ ਰਹਿਣ ਦੇ ਬਾਵਜੂਦ ਮੁੱਦਾ ਪ੍ਰਧਾਨ ਅਤੇ ਜ਼ਿੰਮੇਵਾਰ ਸਿਨੇਮੇ ਦੀ ਰਵਾਇਤ ਵੀ ਜਾਰੀ ਰਹੀ ਹੈ ਬੇਸ਼ੱਕ ਇਹ ਘੱਟ-ਗਿਣਤੀ ਵਿਚ ਹੋਵੇ। ਖ਼ਵਾਜਾ ਅਹਿਮਦ ਅੱਬਾਸ ਦੀ ‘ਧਰਤੀ ਕੇ ਲਾਲ’ ਅਤੇ ਸੱਤਿਆਜੀਤ ਰੇਅ ਦੀ ‘ਪਾਥੇਰ ਪਾਂਚਾਲੀ’ ਤੋਂ ਸ਼ੁਰੂ ਹੋਇਆ ਦੌਰ ਮੱਧਮ ਚਾਲ ਚਲਦਾ ਹੋਇਆ ਸੱਤਰਵਿਆਂ, ਅੱਸੀਵਿਆਂ ਅਤੇ ਨੱਬੇਵਿਆਂ ਵਿਚ ਸਿਨੇਮੇ ਦੇ ਵੱਖਰੇ ਰੂਪ ਵਿਚ ਪਛਾਣ ਦਰਜ ਕਰਵਾ ਗਿਆ। ਇਨ੍ਹਾਂ ਫ਼ਿਲਮਾਂ ਨੂੰ ‘ਕਲਾ ਫ਼ਿਲਮਾਂ’ ਦਾ ਨਾਮ ਦਿੱਤਾ ਗਿਆ। ਇਨ੍ਹਾਂ ਫ਼ਿਲਮਾਂ ਦੇ ਵਿਸ਼ਿਆਂ, ਨਿਭਾਅ ਅਤੇ ਦਰਸ਼ਕਾਂ ਤੱਕ ਪਹੁੰਚ ਦਾ ਸਵਾਲ ਹਮੇਸ਼ਾਂ ਬਹਿਸ ਦਾ ਮੁੱਦਾ ਰਿਹਾ ਹੈ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਅਜਿਹੀਆਂ ਫ਼ਿਲਮਾਂ ਬਣਨੀਆਂ ਘਟਣ ਲੱਗ ਪਈਆਂ। ਇਨ੍ਹਾਂ ਫ਼ਿਲਮਾਂ ਨੂੰ ਵਿਤੀ ਮਦਦ ਦੇਣ ਵਾਲੇ ਅਦਾਰੇ ਕੌਮੀ ਫ਼ਿਲਮ ਵਿਕਾਸ ਕਾਰਪੋਰੇਸ਼ਨ (ਐਨæਐਫ਼ਡੀæਸੀæ) ਦੇ ਉੱਦਮ, ਬੱਸ ਨਾਮ-ਨਿਹਾਦ ਜਿਹੇ ਰਹਿ ਗਏ। ਇਹ ਅਦਾਰਾ ਬੰਦ ਹੋਣ ਕਿਨਾਰੇ ਪਹੁੰਚ ਗਿਆ। ਫਿਰ ਵੀ ‘ਕਲਾ ਸਿਨੇਮਾ’ ਦੇ ਕੁਝ ਕੁ ਤਜਰਬੇ ਜਾਰੀ ਰਹੇ। ਖੇਤਰੀ ਬੋਲੀਆਂ ਅਤੇ ਹਿੰਦੀ ਵਿਚ ਅਜਿਹੀਆਂ ਫ਼ਿਲਮਾਂ ਫ਼ਿਲਮ ਮੇਲਿਆਂ ਜਾਂ ਕੌਮੀ ਇਨਾਮਾਂ ਦੇ ਹਵਾਲੇ ਨਾਲ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ। ‘ਕਲਾ ਫ਼ਿਲਮਾਂ’ ਦਾ ਮਾਰਕਾ ਲਾ ਕੇ ਮੁੱਦਾ-ਪ੍ਰਧਾਨ ਸਿਨੇਮੇ ਨੂੰ ਹਾਸ਼ੀਏ ‘ਤੇ ਧੱਕਣਾ ਸੌਖਾ ਹੈ। ‘ਕਲਾ ਫ਼ਿਲਮਾਂ’ ਦਾ ਦੌਰ ਮੱਧਮ ਪੈਣ ਨਾਲ ਕੁਝ ਫ਼ਿਲਮਸਾਜ਼ਾਂ ਨੇ ਮਧਲਾ ਮਾਧਿਅਮ ਚੁਣਨਾ ਸ਼ੁਰੂ ਕੀਤਾ ਜੋ ‘ਕਲਾ’ ਅਤੇ ‘ਮੁੱਖਧਾਰਾ’ ਦੇ ਸਿਨੇਮੇ ਦਾ ਮਿੱਸਾਪਣ (ਮਿਸ਼ਰਨ) ਸੀ। ਇੱਥੇ ਫ਼ਿਲਮ ਦੇ ਨਿਭਾਅ ਅਤੇ ਤਕਨੀਕ ਪੱਖੋਂ ਬੜੇ ਤਜਰਬੇ ਹੋਏ ਪਰ ਸਮਾਜਕ ਮੁੱਦੇ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ। ‘ਕਲਾ ਸਿਨੇਮਾ’ ਦਾ ਦਾਅਵਾ ਆਮ ਲੋਕਾਂ ਨਾਲ ਜੁੜੇ ਹੋਣ ਦਾ ਸੀ। ‘ਮਿੱਸਾ’ ਜਾਂ ‘ਨਵ-ਕਲਾ ਸਿਨੇਮਾ’ ਨਿਭਾਅ ਪੱਖੋਂ ਯਥਾਰਥਵਾਦੀ ਹੁੰਦਾ ਹੋਇਆ ਯਥਾਰਥ ਦੇ ਨੇੜੇ ਨਹੀਂ ਹੁੰਦਾ। ਇਹਦੇ ਕਿਰਦਾਰ ਯਥਾਰਥਵਾਦੀ ਹੋਣ ਦਾ ਭੁਲੇਖਾ ਪਾਉਂਦੇ ਹਨ। ਰਾਮ ਗੋਪਾਲ ਵਰਮਾ, ਅਨੁਰਾਗ ਕਸ਼ਿਅਪ, ਵਿਸ਼ਾਲ ਭਾਰਦਵਾਜ, ਮਨੀ ਰਤਨਮ ਅਤੇ ਵਿਧੂ ਵਿਨੋਦ ਚੋਪੜਾ ਇਸ ਰੁਝਾਨ ਦੇ ਨੁਮਾਇੰਦਾ ਫ਼ਿਲਮਸਾਜ਼ ਹਨ।। ਪਿਛਲੇ ਕੁਝ ਸਾਲਾਂ ਵਿਚ ਐਨæਐਫ਼ਡੀæਸੀæ ਨੇ ਦੁਬਾਰਾ ਸੀਮਤ ਸਰਗਰਮੀ ਸ਼ੁਰੂ ਕੀਤੀ ਹੈ। ਇਹ ਅਦਾਰਾ ‘ਮਿੱਸੇ’ ਜਾਂ ‘ਨਵ-ਕਲਾ’ ਸਿਨੇਮੇ ਵਿਚ ਦਿਲਚਸਪੀ ਦਿਖਾ ਰਿਹਾ ਹੈ। ਇਹਦੀਆਂ ‘ਕਲਾ ਫ਼ਿਲਮਾਂ’ ਫ਼ਿਲਮ ਮੇਲਿਆਂ ਲਈ ਹੁੰਦੀਆਂ ਹਨ। ‘ਅੰਨੇ ਘੋੜੇ ਦਾ ਦਾਨ’ ਵਰਗੀਆਂ ਫ਼ਿਲਮਾਂ ਇਸ ਵਰਗ ਵਿਚ ਆਉਂਦੀਆਂ ਹਨ। ਇਸ ਫ਼ਿਲਮ ਦਾ ਹਦਾਇਤਕਾਰ ਗੁਰਵਿੰਦਰ ਸਿੰਘ ਆਪਣੇ ਆਪ ਨੂੰ ਮਣੀ ਕੌਲ ਦੇ ਘਰਾਣੇ ਵਿਚੋਂ ਮੰਨਦਾ ਹੈ। ਮਣੀ ਕੌਲ ‘ਕਲਾ ਸਿਨੇਮੇ’ ਨਾਲ ਜੁੜੇ ਰਹੇ ਹਨ।
ਵੱਡੇ ਪੱਧਰ ‘ਤੇ ਪਰਦਾਪੇਸ਼ ਹੋਣ ਵਾਲੀਆਂ ਫ਼ਿਲਮਾਂ ਵਿਚ ਐਨæਐਫ਼ਡੀæਸੀæ ਅਨੁਰਾਗ ਕਸ਼ਿਅਪ ਵਰਗਿਆਂ ਨਾਲ ਜੋਟੀ ਪਾਉਂਦਾ ਹੈ। ਬਾਕੀ ਫ਼ਿਲਮਾਂ ਨੂੰ ਉਹ ਸਿਨੇਮਾ ਘਰਾਂ ਤੱਕ ਪੁਚਾਉਣ ਵਿਚ ਦਿਲਚਸਪੀ ਘੱਟ ਦਿਖਾਉਂਦਾ।
ਇੱਥੇ ਇੱਕ ਹੋਰ ਗੱਲ ਵਿਚਾਰਨੀ ਬਣਦੀ ਹੈ ਕਿ ਫ਼ਿਲਮ ਮੰਡੀ ਦੇ ਵਪਾਰੀ, ਲੋਕ ਪੱਖੀ ਸਿਨੇਮੇ ਨੂੰ ਤਵੱਜੋ ਨਹੀਂ ਦਿੰਦੇ। ਸਰਕਾਰੀ ਅਦਾਰੇ ਅਜਿਹੀਆਂ ਫ਼ਿਲਮਾਂ ਲੋਕਾਂ ਤੱਕ ਪਹੁੰਚਾਉਣਾ ਹੀ ਨਹੀਂ ਚਾਹੁੰਦੇ। ਇਸ ਕਰ ਕੇ ‘ਕਲਾ ਫ਼ਿਲਮਾਂ’ ਦੇ ਨਾਮ ਉਤੇ ਉਹ ਸੰਸਾਰ ਸਿਰਜਿਆ ਗਿਆ ਜਿਹੜਾ ਲੋਕ ਪੱਖੀ ਸਿਨੇਮਾ ਦਾ ਵਜੂਦ ਦਿਖਾਉਂਦਾ ਹੋਇਆ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਿਆ ਗਿਆ। ਇਹ ਬੁੱਧੀਜੀਵੀ ਵਰਗ ਦੀ ‘ਬੌਧਿਕ ਅਤੇ ਕਲਾਤਮਕ’ ਭੁੱਖ ਪੂਰਾ ਕਰਨ ਜੋਗਾ ਹੀ ਰਹਿ ਗਿਆ। ਇਹ ਢਕਵੰਜ ਸੱਤਾ ਦੇ ਬਹੁਤ ਸੂਤ ਬੈਠਦਾ ਹੈ ਜਿਹੜੀ ਲੋਕ ਪੱਖੀ ਹੋਣ ਦਾ ਦਿਖਾਵਾ ਵੀ ਕਰਦੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਤੋਂ ਦੂਰ ਵੀ ਰੱਖਦੀ ਹੈ। ਨਵ-ਕਲਾ ਜਾਂ ਮਿੱਸੇ ਸਿਨੇਮੇ ਦੇ ਪਾਖੰਡੀ ਫ਼ਿਲਮਸਾਜ਼ਾਂ ਦੀ ਮਿਸਾਲ ਰਾਮ ਗੋਪਾਲ ਵਰਮਾ ਅਤੇ ਅਨੁਰਾਗ ਕਸ਼ਿਅਪ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ। ਵਰਮਾ ਦੀ ਫ਼ਿਲਮ ‘ਸੱਤਿਆ’ ‘ਨਵ-ਕਲਾ ਫ਼ਿਲਮਾਂ’ ਦੀ ਵਾਪਸੀ ਵਜੋਂ ਮੰਨੀ ਜਾਂਦੀ ਹੈ ਪਰ ਇਹ ਫ਼ਿਲਮ ਝੂਠੇ ਪੁਲਿਸ ਮੁਕਾਬਲਿਆਂ ਨੂੰ ਸਹੀ ਠਹਿਰਾਉਂਦੀ ਹੈ। ਅਨੁਰਾਗ ਕਸ਼ਿਅਪ ਦੀਆਂ ਫ਼ਿਲਮਾਂ ‘ਬਲੈਕ ਫ੍ਰਾਈਡੇ’ ਅਤੇ ‘ਗੈਂਗਜ਼ ਔਫ ਵਾਸੇਪੁਰ’ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭੜਕਾਉਣ ਲਈ ਬਦਨਾਮ ਹਨ। ‘ਬਲੈਕ ਫ੍ਰਾਈਡੇ’ ਫਿਲਮ ਤਾਂ ਬੇਕਸੂਰ ਮੁਸਲਿਮ ਔਰਤਾਂ ਅਤੇ ਬਜ਼ੁਰਗਾਂ ਉੱਤੇ ਤਸ਼ੱਦਦ ਕਰਨ ਨੂੰ ਜ਼ਾਇਜ਼ ਠਹਿਰਾAਣ ਤੱਕ ਚਲੀ ਗਈ ਹੈ। ਫ਼ਿਲਮ ਵਿਚਲਾ ਪੁਲਿਸ ਅਫ਼ਸਰ ਕਹਿੰਦਾ ਹੈ ਕਿ ਜਦੋਂ ਤੱਕ ਮੁਸਲਿਮ ਮੁਲਜ਼ਮਾਂ ਦੀਆਂ ਔਰਤਾਂ ਅਤੇ ਮਾਪਿਆਂ ਉਤੇ ਤਸ਼ੱਦਦ ਨਾ ਕੀਤਾ ਜਾਵੇ, ਇਹ ਜੁਰਮ ਮੰਨਦੇ ਨਹੀਂ ਹਨ। ‘ਗੈਂਗਜ਼ ਔਫ ਵਾਸੇਪੁਰ’ ਬੇਮਕਸਦ ਹਿੰਸਾ ਦਾ ਜਸ਼ਨ ਮਨਾਉਂਦੀ ਹੈ। ਮੁਸਲਮਾਨਾਂ ਦੇ ਮਹੱਰਮ ਵਰਗੇ ਤਿਉਹਾਰ ਦੇ ਦ੍ਰਿਸ਼ ਫ਼ਿਲਮ ਵਿਚ ਇਸ ਤਰ੍ਹਾਂ ਫਿਟ ਕੀਤੇ ਗਏ ਹਨ ਜਿਵੇਂ ਮੁਸਲਿਮ ਲੋਕ, ਧਰਮ ਪੱਖੋਂ ਹਿੰਸਾ-ਪਸੰਦ ਹੋਣ। ਅਨੁਰਾਗ ਦੇ ਹੱਕ ਵਿਚ ਦਲੀਲ ਦਿੱਤੀ ਜਾਂਦੀ ਹੈ ਕਿ ਯਥਾਰਥ ਦਿਖਾਉਣਾ ਫ਼ਿਲਮਸਾਜ਼ ਦਾ ਹੱਕ ਹੈ; ਪਰ ਸਵਾਲ ਪੈਦਾ ਹੁੰਦਾ ਹੈ ਕਿ ਯਥਾਰਥ ਦੀ ਧਾਰਨਾ ਨੂੰ ਕਿਵੇਂ ਸਮਝਿਆ ਜਾਵੇ ਅਤੇ ਦਿਖਾਇਆ ਜਾ ਰਿਹਾ ਸੱਚ ਕਿੰਨਾ ਕੁ ਸੱਚਾ ਹੈ। ਜੇ ਫ਼ਿਲਮਸਾਜ਼ ਨੂੰ ਗੱਲ ਕਹਿਣ ਦਾ ਹੱਕ ਹੈ ਤਾਂ ਉਹਦੀ ਕਲਾ-ਕਿਰਤ ਉੱਤੇ ਲੋਕਾਂ ਨੂੰ ਵੀ ਸਵਾਲ ਉਠਾਉਣ ਦਾ ਹੱਕ ਹੈ। ਫ਼ਿਲਮ ਦੇਖਣ ਵੇਲੇ ਤਿੰਨ ਚੀਜ਼ਾਂ ਅਹਿਮ ਹੁੰਦੀਆਂ ਹਨ। ਫ਼ਿਲਮ ਕਿਹੜਾ ਸਮਾਂ ਦਿਖਾ ਰਹੀ ਹੈ, ਕਿਹੜੇ ਸਮੇਂ ਵਿਚ ਬਣ ਰਹੀ ਹੈ ਅਤੇ ਕਿਨ੍ਹਾਂ ਸਮਿਆਂ ਵਿਚ ਦੇਖੀ ਜਾ ਰਹੀ ਹੈ। ਅੱਜ ਆਲਮੀ ਪੱਧਰ ਉਤੇ ਮੁਸਲਮਾਨਾਂ ਨੂੰ ਅਤਿਵਾਦੀ ਐਲਾਨਣ ਦੀ ਮਸ਼ਕ ਚੱਲ ਰਹੀ ਹੈ ਅਤੇ ਇਹ ਮਸ਼ਕ ਕਾਮਯਾਬ ਵੀ ਹੈ। 9/11 ਦੇ ਹਾਦਸੇ ਤੋਂ ਬਾਅਦ ਨਾਟੋ ਜੰਗਬਾਜ਼, ਮੁਸਲਿਮ ਆਵਾਮ ਉਤੇ ਸਭ ਤੋਂ ਵੱਧ ਕਹਿਰ ਵਰਤਾ ਰਹੇ ਹਨ। ਭਾਰਤ ਅਤੇ ਇਸਰਾਇਲ ਵਰਗੇ ਮੁਲਕ ‘ਦਹਿਸ਼ਤ ਖ਼ਿਲਾਫ਼ ਜੰਗ’ ਦੇ ਨਾਮ ਉਤੇ ਜੰਗਬਾਜ਼ਾਂ ਦੇ ਹਮਾਇਤੀ ਬਣੇ ਹੋਏ ਹਨ। ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਉਪਰਲੇ ਨਾਅਰੇ ਹੇਠ ਦਬਾਇਆ ਜਾ ਰਿਹਾ ਹੈ। ਇਸ ਹਮਲੇ ਦਾ ਮੁੱਖ ਨਿਸ਼ਾਨਾ ਮੁਸਲਮਾਨ ਅਤੇ ਖੱਬੇ-ਪੱਖੀਆਂ ਨੂੰ ਬਣਾਇਆ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਇਸ ਮਾਹੌਲ ਵਿਚ ਅਨੁਰਾਗ ਵਰਗਿਆਂ ਦੀਆਂ ਫ਼ਿਲਮਾਂ ਕੀਹਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ? ਇਸ ਸੂਰਤ ਵਿਚ ਜਮਹੂਰੀ ਸਮਾਜ ਵਿਚ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾਉਣ ਵਾਲੀ ਕਲਾ ਨੂੰ ਕਿਹੜੇ ਖ਼ਾਤੇ ਪਾਈਏ?
ਮੂਲ ਰੂਪ ਵਿਚ ‘ਕਲਾ ਸਿਨੇਮਾ’ ਜਾਂ ‘ਮੁਖਧਾਰਾ ਸਿਨੇਮਾ’ ਵਰਗੇ ਸ਼ਬਦਾਂ ਨੂੰ ਨਵੇਂ ਸਿਰੇ ਤੋਂ ਵਿਚਾਰਨਾ ਚਾਹੀਦਾ ਹੈ। ਇਹ ਵੰਡੀਆਂ ਕਿਵੇਂ ਪਈਆਂ ਅਤੇ ਕਿਉਂ ਪਾਈਆਂ ਗਈਆਂ? ਸਰਕਾਰੀ ਪੈਸੇ ਨਾਲ ਬਣੇ ਅਖੌਤੀ ਕਲਾ ਸਿਨੇਮੇ ਨੂੰ ਫ਼ਿਲਮ ਮੇਲਿਆਂ ਤੱਕ ਸੀਮਤ ਕਿਉਂ ਰੱਖਿਆ ਗਿਆ? ਇਹ ਆਵਾਮ ਦੇ ਸੁਹਜ-ਸਵਾਦ ਦਾ ਹਿੱਸਾ ਕਿਉਂ ਨਹੀਂ ਬਣਿਆ? ਕੋਈ ਵੀ ਫ਼ਿਲਮ, ਕਲਾ ਜਾਂ ਮੁਖਧਾਰਾ ਦੀ ਨਹੀਂ ਹੁੰਦੀ, ਸਗੋਂ ਫ਼ਿਲਮ ਚੰਗੀ ਹੁੰਦੀ ਹੈ ਜਾਂ ਮਾੜੀ। ਮਨੁੱਖੀ ਸੰਵੇਦਨਾ ਅਤੇ ਬਿਹਤਰ ਮਨੁੱਖੀ ਜ਼ਿੰਦਗੀ ਦੀ ਗੱਲ ਕਰਨ ਵਾਲੀ ਕਿਰਤ ਨੂੰ ਅਸੀਂ ਚੰਗੀ ਕਲਾ ਦਾ ਪੈਮਾਨਾ ਮੰਨਦੇ ਹਾਂ; ਉਹ ਕਲਾ ਜੋ ਸੰਵਾਦ ਦਾ ਮਾਹੌਲ ਸਿਰਜਦੀ ਹੈ। ਮਨੁੱਖ ਨੂੰ ਮਨੁੱਖ ਦੀ ਇੱਜ਼ਤ ਕਰਨਾ ਸਿਖਾਉਂਦੀ ਹੈ। ਸਿਨੇਮਾ ਬਾਬਤ ਪ੍ਰਚਾਰੀਆਂ ਜਾਂਦੀਆਂ ਧਾਰਨਾਵਾਂ ਨੂੰ ਨਵੇਂ ਸਿਰਿਉਂ ਸਮਝਣ ਦੀ ਲੋੜ ਹੈ।
Leave a Reply