ਗੁਲਜ਼ਾਰ ਸਿੰਘ ਸੰਧੂ
ਮੇਰੇ ਬਚਪਨ ਤੇ ਜਵਾਨੀ ਦੇ ਦਿਨਾਂ ਵਿਚ ਦੀਵਾਲੀ ਧੂੰਆਂ ਧਾਰ ਨਹੀਂ ਸੀ ਹੁੰਦੀ। ਸੁੱਚੀ ਰੋਸ਼ਨੀ ਤੇ ਦੋ ਚਾਰ ਬੰਬ ਪਟਾਕਿਆਂ ਦਾ ਤਿਉਹਾਰ ਹੁੰਦੀ ਸੀ। ਪਿਛਲੇ ਅੱਸੀ ਸਾਲਾਂ ਵਿਚ ਬੰਬ ਪਟਾਕਿਆਂ ਤੇ ਆਤਸ਼ਬਾਜ਼ੀ ਦੀ ਬਹੁਤਾਤ ਨੇ ਇਸ ਨੂੰ ਏਨਾ ਮਾੜਾ ਰੂਪ ਦੇ ਛੱਡਿਆ ਹੈ ਕਿ ਮੀਡੀਏ ਵਿਚ ਜੀਵਾਂ ਦੇ ਨਾਜ਼ਕ ਅੰਗਾਂ ਦੇ ਜ਼ਖ਼ਮੀ ਹੋਣ ਬਾਰੇ ਸੋਚ ਕੇ ਮਨ ਖਰਾਬ ਹੁੰਦਾ ਹੈ। ਪਟਾਕਿਆਂ ਵਾਲੀਆਂ ਦੁਕਾਨਾਂ ਦੇ ਸੜ ਕੇ ਸੁਆਹ ਹੋਣ ਦੇ ਸਮਾਚਾਰ ਮਿਲਦੇ ਹਨ। ਪਟਾਕਿਆਂ ਤੋਂ ਬਿਨਾਂ ਦੀਵਾਲੀ ਦੇ ਉਤਸਵ ਸਮੇਂ ਬੱਚੇ-ਬੁੱਢਿਆਂ ਲਈ ਦੂਜੀ ਖਿੱਚ ਦਾ ਕਾਰਨ ਮਠਿਆਈ ਹੁੰਦੀ ਹੈ। ਸਮੇਂ ਦੇ ਬਦਲਣ ਨਾਲ ਇਨ੍ਹਾਂ ਮਠਿਆਈਆਂ ਵਿਚ ਹੁੰਦੀ ਮਿਲਾਵਟ ਦੇ ਕਿੱਸੇ ਹੋਰ ਵੀ ਦੁਖਦਾਈ ਹਨ। ਪੈਸਾ ਕਮਾਉਣ ਖਾਤਰ ਲੋਕ ਕੀ ਕੁਝ ਕਰਦੇ ਹਨ, ਸੋਚ ਕੇ ਧੁੜਧੁੜੀ ਆ ਜਾਂਦੀ ਹੈ। ਮਾਨਵ ਜਾਤੀ ਕਿਹੜੇ ਰਾਹ ਤੁਰ ਪਈ ਹੈ?
ਹੁਣ ਦੋ ਚਾਰ ਸਾਲਾਂ ਤੋਂ ਦੀਵਾਲੀ ਦੇ ਉਪਾਸ਼ਕ ਬੰਬ ਪਟਾਕੇ ਤੇ ਆਤਸ਼ਬਾਜ਼ੀ ਦੀ ਵਰਤੋਂ ਘਟਾ ਰਹੇ ਹਨ ਤੇ ਮਿੱਠੇ ਦੀ ਥਾਂ ਕਾਜੂ, ਪਿਸਤਾ, ਬਦਾਮ ਅਖਰੋਟ ਤੇ ਸੌਗੀ ਆਦਿ ਦੀ ਵਰਤੋਂ ਕਰਨ ਲੱਗੇ ਹਨ। ਇਸ ਸਾਲ ਮੈਨੂੰ ਇਸ ਗੱਲ ਦਾ ਚੰਗਾ ਅਨੁਭਵ ਹੋਇਆ ਹੈ। ਕਿਸੇ ਕਾਰਨ ਮੈਨੂੰ ਇਨ੍ਹਾਂ ਦਿਨਾਂ ਵਿਚ ਸਰਹਿੰਦ, ਖੰਨਾ, ਖਮਾਣੋਂ ਤੇ ਮੋਰਿੰਡਾ ਜਾਣ ਦਾ ਅਵਸਰ ਮਿਲਿਆ ਤਾਂ ਇਹ ਜਾਣ ਕੇ ਖੁਸ਼ੀ ਹੋਈ ਕਿ ਪਟਾਕਿਆਂ ਤੇ ਮਿਠਾਈ ਵਾਲੇ ਦੁਕਾਨਦਾਰ ਨਮੋਸ਼ ਬੈਠੇ ਸਨ। ਉਨ੍ਹਾਂ ਦੀ ਵਿਕਰੀ ਨੂੰ ਕਾਫੀ ਸੱਟ ਲੱਗੀ ਹੈ। ਲੋਕ ਸਿਆਣੇ ਹੋ ਰਹੇ ਹਨ। ਉਨ੍ਹਾਂ ਦੀ ਨੀਅਤ ਪਹਿਚਾਨਣ ਲੱਗੇ ਹਨ। ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਸੀ ਕਿ ਮੋਹਾਲੀ ਵਿਚ ‘ਵੇਰਕੇ’ ਵਾਲਿਆਂ ਦੀ ਮਿਠਾਈ ਦੀਵਾਲੀ ਵਾਲੀ ਰਾਤ ਹੀ ਖਤਮ ਹੋ ਚੁੱਕੀ ਸੀ। ਇਸ ਤੋਂ ਪਹਿਲਾਂ ‘ਵੇਰਕੇ’ ਦੀ ਮਠਿਆਈ ਦੀਵਾਲੀ ਤੋਂ ਹਫਤਾ ਭਰ ਪਿੱਛੋਂ ਤੱਕ ਮਿਲਦੀ ਰਹਿੰਦੀ ਸੀ। ਖਾਸ ਕਰਕੇ ਪੰਜੀਰੀ ਤੇ ਪਿੰਨੀਆਂ। ਮੈਨੂੰ ਆਪ ਸੋਨ ਪਾਪੜੀ ਨਾਲ ਹੀ ਗੁਜ਼ਾਰਾ ਕਰਨਾ ਪਿਆ। ਪੰਜੀਰੀ ਨਾ ਮਿਲਣ ਦਾ ਦੁੱਖ ਤਾਂ ਹੈ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕਾਂ ਨੇ ਮਿਲਾਵਟ ਵਾਲੀ ਮਠਿਆਈ ਠੁਕਰਾ ਕੇ ‘ਵੇਰਕੇ’ ਦੀਆਂ ਚੀਜ਼ਾਂ ਉਪਰ ਧਿਆਨ ਦਿੱਤਾ ਹੈ।
ਇਹ ਗੱਲ ਹੋਰ ਵੀ ਚੰਗੀ ਰਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਤੋਂ ਵਚਨ ਲੈ ਰਖਿਆ ਸੀ ਕਿ ਉਹ ਪਟਾਕੇ ਨਹੀਂ ਚਲਾਉਣਗੇ। ਇਸ ਦਾ ਅਸਰ ਪ੍ਰਤੱਖ ਸੀ। ਮੇਰੇ ਘਰ ਰਹਿਣ ਵਾਲੇ ਬੱਚੇ ਮੈਨੂੰ ਫੁਲਝੜੀ ਚਲਾਉਣ ਤੋਂ ਵੀ ਮਨਾ ਕਰ ਰਹੇ ਸਨ। ਐਤਕਾਂ ਦੀ ਦੀਵਾਲੀ ਨੇ ਸੱਚ ਮੁੱਚ ਚਾਨਣ ਵਲ ਮੋੜ ਕੱਟਿਆ ਹੈ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਮੈਂ ਜਾਣਦਾ ਹਾਂ ਕਿ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਤੋਂ ਦੁਖਦਾਈ ਘਟਨਾਵਾਂ ਆਈਆਂ ਹਨ। ਸੰਭਵ ਹੈ ਕਿ ਇਸ ਵਰ੍ਹੇ ਦੀ ਦੀਵਾਲੀ ਦੇ ਬਦਲਦੇ ਤੇਵਰ ਵੇਖ ਕੇ ਅਗਲੇ ਸਾਲ ਤੋਂ ਰੁਝਾਨ ਹੋਰ ਵੀ ਚੰਗਾ ਹੋ ਸਕਦਾ ਹੈ।
ਡਾæ ਜਸਪਾਲ ਸਿੰਘ ਦੇ ਸੇਵਾ ਕਾਲ ਵਿਚ ਮੁੜ ਵਾਧਾ: ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾæ ਜਸਪਾਲ ਸਿੰਘ ਦੇ ਸੇਵਾ ਕਾਲ ਵਿਚ ਇੱਕ ਵਾਰੀ ਫੇਰ ਵਾਧਾ ਕਰਨ ਦਾ ਫੈਸਲਾ ਲਿਆ ਹੈ। ਪੰਜਾਬੀ ਯੂਨੀਵਰਸਿਟੀ ਇੱਕੋ ਇਕ ਸੰਸਥਾ ਹੈ ਜੋ ਆਪਣੇ ਮੁਖੀਆਂ ਦੇ ਦੋ ਤੋਂ ਵੀ ਵੱਧ ਵਾਰੀ ਸੇਵਾ ਕਾਲ ਵਿਚ ਵਾਧਾ ਕਰਦੀ ਰਹੀ ਹੈ। ਪਹਿਲੀ ਵਾਰੀ ਅਜਿਹਾ ਵਾਧਾ ਲੈਣ ਵਾਲਾ ਪ੍ਰੋæ ਕਿਰਪਾਲ ਸਿੰਘ ਨਾਰੰਗ ਸੀ, ਪ੍ਰਸਿੱਧ ਇਤਿਹਾਸਕਾਰ ਤੇ ਪੰਜਾਬ ਦੀ ਧਰਤੀ ਦਾ ਜੰਮਪਲ। ਦੂਜੀ ਵਾਰੀ ਵਾਧੇ ਲੈਣ ਵਾਲੇ ਵੀ ਪੰਜਾਬ ਤੋਂ ਹੀ ਸਨ। ਡਾæ ਜਸਪਾਲ ਸਿੰਘ ਦਾ ਪਿਛੋਕੜ ਜੰਮੂ ਕਸ਼ਮੀਰ ਦਾ ਹੈ ਤੇ ਵਿਦਿਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ। ਉਹ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪੰਜਾਬੀ ਯੂਨੀਵਰਸਿਟੀ ਆਇਆ ਸੀ। ਪੰਜਾਬ ਦੀ ਧਰਤੀ ਤੋਂ ਬਾਹਰੋਂ ਪ੍ਰਵੇਸ਼ ਕਰਕੇ ਤੀਜੀ ਟਰਮ ਵਿਚ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ। ਮੈਂ ਦਿੱਲੀ ਵਿਖੇ ਉਸ ਨੂੰ ਧੜੱਲੇ ਨਾਲ ਕੰਮ ਕਰਦਿਆਂ ਵੇਖਿਆ ਹੈ। ਉਹ ਬਹੁਤ ਦੂਰ ਦੀ ਸੋਚਦਾ ਹੈ। ਨਵੇਂ ਵਾਧੇ ਲਈ ਉਚੇਚੀ ਵਧਾਈ ਦਾ ਹੱਕਦਾਰ ਹੈ।
ਵਣਜਾਰਨ ਗਾਇਕਾ ਦੇ ਗੁਆਚੇ ਬੋਲ: ਰਾਜਸਥਾਨ ਦੇ ਵਣਜਾਰਾ ਪਿਛੋਕੜ ਵਾਲੀ ਪਾਕਿਸਤਾਨੀ ਗਾਇਕਾ ਰੇਸ਼ਮਾ ਦੇ ਤੁਰ ਜਾਣ ਨਾਲ ਜਾਪਦਾ ਹੈ ਕਿ ਹੇਠ ਲਿਖੇ ਬੋਲ ਸਦਾ ਲਈ ਗੁਆਚ ਗਏ ਹਨ,
-ਤੂੰ ਮਿਲ ਜਾਵੇਂ ਦੁਖ ਮੁਕ ਜਾਂਦੇ ਨੇ
-ਚੰਗਾ ਨਹੀਂ ਕੀਤਾ ਦਿਲਾ ਅੱਖੀਆਂ ਮਿਲਾ ਕੇ
-ਗਮ-ਏ-ਹਯਾਤ ਵਿਚ ਕੋਈ ਕਮੀ ਨਹੀਂ ਆਈ।
-ਮਾਏ ਨੀ ਮਾਏ ਸਾਡੇ ਪਿੰਡ ਇਸ਼ਕੇ ਦਾ ਰੋਗ ਆ ਗਿਆ।
-ਹਾਏ ਰੱਬਾ ਨਈਓਂ ਲਗਦਾ ਦਿਲ ਮੇਰਾ
ਇਹ ਤਾਂ ਸੱਚ ਹੈ ਕਿ ਇਹ ਸਾਰੇ ਬੋਲ ‘ਲੰਮੀ ਜੁਦਾਈ’ ਦੇ ਗਏ ਹਨ ਪਰ ਇਹ ਵੀ ਸੱਚ ਹੈ ਕਿ ਇਹ ਬੋਲ ਲੰਮੀ ਜੁਦਾਈ ਦੇਣ ਵਾਲੇ ਉਕਾ ਹੀ ਨਹੀਂ। ਇਸ ਲਈ ਕਿ ਗਮ-ਏ-ਹਯਾਤ ਵਿਚ ਕਦੀ ਘਾਟ ਨਹੀਂ ਆਉਂਦੀ ਤੇ ਇਹ ਵੀ ਕਿ ਇਹ ਗਮ ਆਸ਼ਕਾਂ ਦੀ ਗਲੀ ਵਿਚ ਸਦੀਵੀ ਮੁਕਾਮ ਛੱਡਣ ਵਾਲਾ ਹੁੰਦਾ ਹੈ।
ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਸਾਨੂੰ ਦੁੱਖ ਹੀ ਨਹੀਂ। ਹੈ ਵੀ ਤੇ ਸਦਾ ਰਹੇਗਾ। ਸਾਡੀ ਧਰਤੀ ਦੀ ਜੰਮੀ ਵਣਜਾਰਨੇ!
ਆਪਣੇ ਤੋਂ ਛੋਟੇ ਜੀਵ ਨੂੰ ਤੋਰਨਾ: ਮੈਂ ਮਾਮੇ ਮਾਸੀਆਂ ਦਾ ਚਹੇਤਾ ਰਿਹਾ ਹਾਂ। ਮੈਨੂੰ ਪਾਲਣ-ਪੋਸਣ ਵਿਚ ਉਨ੍ਹਾਂ ਦਾ ਹੱਥ ਮੇਰੇ ਮਾਪਿਆਂ ਨਾਲੋਂ ਵੱਧ ਸੀ। ਜੇ ਉਹ ਨਾ ਹੁੰਦੇ ਮੈਂ ਪੜ੍ਹ ਕੇ ਵੱਡੀਆਂ ਨੌਕਰੀਆਂ ਦੇ ਸਿਰ ਹੋਣ ਦੀ ਥਾਂ ਪਿੰਡ ਵਿਚ ਹਲ ਵਾਹੁਣਾ ਸੀ।
ਹੁਣ ਉਸ ਪੌੜੀ ਦਾ ਆਖਰੀ ਡੰਡਾ ਵੀ ਟੁੱਟ ਗਿਆ ਹੈ। ਮੈਥੋਂ ਤਿੰਨ ਸਾਲ ਛੋਟੀ ਮੇਰੀ ਮਾਸੀ ਸਵਰਨ ਕੌਰ। ਖੰਨਾ ਮੰਡੀ ਵਾਲੀ। ਉਸ ਦੀ ਔਲਾਦ ਵਿਦੇਸ਼ਾਂ ਵਿਚ ਹੈ। ਚਿਤਾ ਨੂੰ ਅੱਗ ਦਿਖਾਉਣ ਵਾਲਾ ਵੀ ਮੈਂ ਹੀ ਸਾਂ। ਭਾਣਜਾ-ਪੁੱਤਰ ਹੋਣ ਦੇ ਨਾਤੇ। ਉਸ ਦੀ ਦੇਖਭਾਲ ਕਰ ਰਹੀ ਪੋਤਰੀ ਪ੍ਰੀਤੀ ਦਾ ਰੋਣਾ ਕੰਧਾਂ ਚੀਰਨ ਵਾਲਾ ਸੀ। ਹੋਰ ਦੋ ਹਫਤੇ ਤਾਈਂ ਉਸ ਨੇ ਵਿਆਹੀ ਜਾਣਾ ਸੀ। ਦਾਦੀ ਪਹਿਲਾਂ ਹੀ ਤੁਰ ਗਈ। ਆਪਣੇ ਤੋਂ ਛੋਟੇ ਜੀਵ ਨੂੰ ਲਾਂਬੂ ਲਾਉਣਾ ਤਾਂ ਮੇਰੇ ਲਈ ਵੀ ਓਪਰਾ ਸੀ। ਕਹਿਣ ਵਾਲੇ ਰੱਬ ਦਾ ਭਾਣਾ ਕਹਿ ਰਹੇ ਸਨ। ਅਸੀਂ ਉਸ ਰੱਬ ਨੂੰ ਕੀ ਕਹਿੰਦੇ ਜਿਸ ਨੂੰ ਭਾਣਾ ਵਰਤਾਉਣ ਦੀ ਜਾਚ ਨਹੀਂ ਹੈ!
ਅੰਤਿਕਾ: (ਹਰਿਭਜਨ ਸਿੰਘ)
ਪੈਰ ਹੇਠਾਂ ਬੁਝ ਗਿਆ ਅੰਗਿਆਰ
ਏਨਾ ਆਖ ਕੇ
ਵੰਡ ਕੇ ਦੁਨੀਆਂ ਨੂੰ ਤੜਪਾਂ
ਮੈਂ ਤਾਂ ਹੁਣ ਬੇਨੂਰ ਹਾਂ।
Leave a Reply