ਮਦਨਦੀਪ ਸਿੰਘ
ਫੋਨ: 85918-59124
ਲਿਲੀਅਨ ਵਾਓਨਿਚ ਦਾ ਨਾਵਲ ‘ਦ ਗੈਡਫਲਾਈ’ ਪਹਿਲੀ ਵਾਰ 1897 ਵਿਚ ਸੰਯੁਕਤ ਰਾਜ ਅਮਰੀਕਾ ਵਿਚ ਪ੍ਰਕਾਸ਼ਿਤ ਹੋਇਆ ਸੀ। ਇਹ ਨਾਵਲ ਮੂਲ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ ਗਿਆ ਸੀ।
ਪੰਜ ਕੁ ਸਾਲ ਪਹਿਲਾਂ ਜੰਗ ਬਹਾਦਰ ਗੋਇਲ ਨੇ ਇਸ ਕਲਾਸਿਕ ਨਾਵਲ ਨੂੰ ਅਨੁਵਾਦ ਕਰ ਕੇ ਪੰਜਾਬੀ ਸਾਹਿਤ ਲਈ ਨੋਬਲ ਕਾਰਜ ਕੀਤਾ
ਅਤੇ ਪੰਜਾਬੀ ਪਾਠਕਾਂ ਨੂੰ ਪੜ੍ਹਨ ਲਈ ਇਕ ਹੋਰ ਮਹਾਂ ਰਚਨਾ ਦਿਤੀ।
ਇਸ ਨਾਵਲ ਨੂੰ ਪੰਜਾਬੀ ਵਿਚ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਸਮਰੱਥ ਭਾਸ਼ਾਵਾਂ ‘ਚ ਸ਼ੁਮਾਰ ਹੈ, ਜਿਹੜੀਆਂ ਭਾਸ਼ਾਵਾਂ ਦੂਸਰੀਆਂ ਭਾਸ਼ਾਵਾਂ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਸਮਰੱਥਾ ਰੱਖਦੀਆਂ ਹਨ। ਜੇਕਰ ਸਮਰੱਥ ਅਨੁਵਾਦਕ ਮਿਲ ਜਾਵੇ ਤਾਂ ਕਿਸੇ ਵੀ ਭਾਸ਼ਾ ਦੀ ਰਚਨਾ ਪੰਜਾਬੀ ਸਾਹਿਤਕਾਰੀ ਦੀ ਰਵਾਨਗੀ ਦਾ ਹਿੱਸਾ ਬਣ ਸਕਦੀ ਹੈ। ਜੰਗ ਬਹਾਦਰ ਗੋਇਲ ਨੇ ਇਸ ਨਾਵਲ ਦਾ ਅਨੁਵਾਦ ਕਰਕੇ ਅਤੇ ਇਸ ਤੋਂ ਪਹਿਲਾਂ ਸੰਸਾਰ ਦੇ ਸ਼ਾਹਕਾਰ ਨਾਵਲਾਂ ਦੀ ਪੰਜਾਬੀ ਵਿਚ ਰਚਨਾ ਕਰਕੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੋਇਆ ਹੈ।
ਨਾਵਲ ‘ਗੈਡਫਲਾਈ’ ਲੇਖਕਾ ਲਿਲੀਅਨ ਵਾਓਨਿਚ ਨੇ ਇੰਗਲੈਂਡ ਵਿਚ ਰਹਿੰਦਿਆਂ ਲਿਖਿਆ ਸੀ। ਬ੍ਰਿਟਿਸ਼ ਪ੍ਰਕਾਸ਼ਕਾਂ ਨੇ ਇਸਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਬ੍ਰਿਟਿਸ਼ ਪ੍ਰਕਾਸ਼ਕਾਂ ਨੇ ਨਾਵਲ ਵਿਚ ਇਤਾਲਵੀ ਆਜ਼ਾਦੀ ਦੇ ਸੰਘਰਸ਼ ਅਤੇ ਚਰਚ ਦੀ ਆਲੋਚਨਾ ਨੂੰ ਵਿਵਾਦਪੂਰਨ ਗਰਦਾਨ ਕੇ ਇਸ ਨਾਵਲ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਵਲ ਨੂੰ ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਦੇ ਪ੍ਰਕਾਸ਼ਨ ਹੈਨਰੀ ਹੋਲਟ ਐਂਡ ਕੰਪਨੀ ਦੁਆਰਾ ਛਾਪਿਆ ਗਿਆ ਸੀ।
ਇਹ ਨਾਵਲ 19ਵੀਂ ਸਦੀ ਦੇ ਇਤਾਲਵੀ ਰਿਸੋਰਜੀਮੈਂਟੋ (ਇਟਲੀ ਦੇ ਏਕੀਕਰਨ ਅਤੇ ਆਜ਼ਾਦੀ ਦੇ ਸੰਘਰਸ਼) ਦੇ ਪਿਛੋਕੜ ‘ਤੇ ਆਧਾਰਤ ਹੈ। ਇਹ ਕਹਾਣੀ ਇੱਕ ਨੌਜਵਾਨ ਆਦਮੀ, ਆਰਥਰ ਬਰਟਨ ਦੇ ਚਰਿੱਤਰ ਦੇ ਵਿਕਾਸ ਅਤੇ ਕੁਰਬਾਨੀ ਦੀ ਦਾਸਤਾਨ ਹੈ। ਜੋ ਆਪਣੇ ਵਿਸ਼ਵਾਸਾਂ ਅਤੇ ਪਛਾਣ ਨੂੰ ਲੈ ਕੇ ਧੋਖਾ ਮਹਿਸੂਸ ਕਰਨ ਤੋਂ ਬਾਅਦ ਆਪਣਾ ਨਾਂਅ ਬਦਲ ਕੇ ‘ਦ ਗੈਡਫਲਾਈ’ (ਇੱਕ ਛੋਟਾ ਪਰ ਤਿੱਖਾ ਦਰਦ ਪਹੁੰਚਾਉਣ ਵਾਲੀ ਮੱਖੀ) ਰੱਖ ਲੈਂਦਾ ਹੈ ਅਤੇ ਇਤਾਲਵੀ ਆਜ਼ਾਦੀ ਦੀ ਲੜਾਈ ਵਿਚ ਜਨੂੰਨੀ ਕ੍ਰਾਂਤੀਕਾਰੀ ਨੌਜਵਾਨ ਵਜੋਂ ਉਭਰਦਾ ਹੈ।
ਇਸ ਨਾਵਲ ਸਬੰਧੀ ਪ੍ਰਕਾਸ਼ਤ ਸਮੱਗਰੀ ਦੇ ਇਤਿਹਾਸਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਵਿਚ ਛਪਣ ਤੋਂ ਬਾਅਦ ਇਸ ਨਾਵਲ ਦਾ ਅਨੁਵਾਦ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਵੱਡੀ ਗਿਣਤੀ ‘ਚ ਹੋਇਆ ਅਤੇ ਸੋਵੀਅਤ ਯੂਨੀਅਨ ਵਿਚ ਬੇਹੱਦ ਪ੍ਰਸਿੱਧ ਹੋਇਆ। ਇੱਥੇ ਇਸ ਦੀਆਂ ਕਰੋੜਾਂ ਕਾਪੀਆਂ ਵਿਕੀਆਂ ਅਤੇ ਇਸ ਨੂੰ ਕਲਾਸਿਕ ਨਾਵਲ ਦਾ ਦਰਜਾ ਪ੍ਰਾਪਤ ਹੋਇਆ। ਰੂਸੀ ਭਾਸ਼ਾ ਵਿਚ ਅਨੁਵਾਦਤ ‘ਗੈਡਫਲਾਈ’ ਨੂੰ ਯੂਐਸਐਸਆਰ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਵੀ ਬਣਾਇਆ ਗਿਆ। ‘ਗੈਡਫਲਾਈ’ ਦਾ ਕ੍ਰਾਂਤੀਕਾਰੀ ਕਿਰਦਾਰ, ਬਲਿਦਾਨ ਅਤੇ ਧਰਮ ‘ਤੇ ਤਿੱਖੀਆਂ ਟਿੱਪਣੀਆਂ ਨੇ ਸੋਵੀਅਤ ਪਾਠਕਾਂ ਨੂੰ ਖੂLਬ ਪ੍ਰਭਾਵਤ ਕੀਤਾ। ਇਸ ਨਾਵਲ ‘ਤੇ ਆਧਾਰਿਤ ਇੱਕ ਓਪੇਰਾ ਵੀ ਰਚਿਆ ਗਿਆ, ਜੋ ਸੋਵੀਅਤ ਯੂਨੀਅਨ ਵਿਚ ਬਹੁਤ ਮਕਬੂਲ ਹੋਇਆ। ਇਸ ਤਰ੍ਹਾਂ, ਇੱਕ ਆਇਰਿਸ਼-ਅਮਰੀਕੀ ਲੇਖਕਾ ਦੁਆਰਾ ਲਿਖਿਆ ਗਿਆ ਨਾਵਲ, ਜੋ ਆਪਣੇ ਦੇਸ਼ ਵਿਚ ਓਨਾ ਪ੍ਰਸਿੱਧ ਨਹੀਂ ਹੋਇਆ, ਉਹ ਸੋਵੀਅਤ ਸੰਘ ਵਿਚ ਇਤਿਹਾਸ ਦੀ ਸਭ ਤੋਂ ਮਸ਼ਹੂਰ ਕਿਤਾਬ ਵਿਚੋਂ ਇੱਕ ਬਣ ਗਿਆ।
ਇਹ ਨਾਵਲ ਸਿਰਫ਼ ਰੋਮਾਂਚਕ ਕਹਾਣੀ ਨਹੀਂ, ਇਹ ਰਚਨਾ ਦਮਨਕਾਰੀ ਸੱਤਾ ਖ਼ਿਲਾਫ਼ ਨਿਰਸਵਾਰਥ ਆਜ਼ਾਦੀ ਲਈ ਸੰਘਰਸ਼ਾਂ ਦਾ ਜੀਵੰਤ ਚਿਤਰਣ ਹੈ। ਇਹ ਇਟਲੀ ਦੀ ਆਜ਼ਾਦੀ ਅਤੇ ਏਕਤਾ ਦੀ ਲੜਾਈ ਦੇ ਇਤਿਹਾਸਕ ਪ੍ਰਸੰਗ ਵਿਚ ਲਿਖਿਆ ਗਿਆ ਕਲਾਸਿਕ ਸ਼ਾਹਕਾਰ ਨਾਵਲ ਹੈ। ਵਾਓਨਿਚ ਦਾ ਇਹ ਨਾਵਲ ਇੱਕ ਪਾਸੇ ਰਾਜਨੀਤਿਕ ਚੇਤਨਾ ਦਾ ਪ੍ਰਤੀਕ ਹੈ, ਦੂਜੇ ਪਾਸੇ ਮਨੁੱਖੀ ਮਨੋਵਿਗਿਆਨ ਅਤੇ ਵਿਅਕਤੀਗਤ ਸੰਘਰਸ਼ ਦੀ ਡੂੰਘੀ ਪੜਚੋਲ ਵੀ ਕਰਦਾ ਹੈ।
ਮੈਂ ਸਮਝਦਾ ਹਾਂ ਇਸ ਦੀ ਸ਼ਾਹਕਾਰ ਰਚਨਾ ਦਾ ਅਨੁਵਾਦ ਐਰਾ-ਗੈਰਾ ਨਹੀਂ ਸੀ ਕਰ ਸਕਦਾ। ਇਹ ਸਿਰਫ਼ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਬਾਵਸਤਾ ਹੋਣ ਦਾ ਮਾਮਲਾ ਨਹੀਂ ਹੈ ਬਲਕਿ ਇਸ ਤਰ੍ਹਾਂ ਦੀ ਕਲਾਸਕੀ ਰਚਨਾ ਦਾ ਅਨੁਵਾਦ ਉਹੀ ਕਰ ਸਕਦਾ ਹੈ ਜੋ ਮੂਲ ਲੇਖਕ ਦੀ ਲੇਖਣ ਅਵਸਥਾ ਦਾ ਹਾਣੀ ਹੋਵੇ। ਮੈਨੂੰ ਨਹੀਂ ਪਤਾ ਇਸ ਨਾਵਲ ਪ੍ਰਤੀ ਪੰਜਾਬੀ ਪਾਠਕਾਂ ਅੰਦਰ ਰੂਸੀ ਪਾਠਕਾਂ ਦੀ ਤਰ੍ਹਾਂ ਉਤਸ਼ਾਹ ਤੇ ਹੇਜ ਕਿਉਂ ਨਹੀਂ ਜਾਗਿਆ ਪਰੰਤੂ ਮੈਂ ਸਮਝਦਾ ਹਾਂ ਕਿ ਜਦੋਂ ਵੀ ਪੰਜਾਬੀ ਪਾਠਕਾਂ ਅੰਦਰ ਸਾਹਿਤ ਪ੍ਰਤੀ ਲਹਿਰ ਦਾ ਹੇਜ ਪੈਦਾ ਹੋਵੇਗਾ ਇਹ ਨਾਵਲ ਪੰਜਾਬੀ ਵਿਚ ਵੱਡੀ ਗਿਣਤੀ ਪੜ੍ਹੇ ਜਾਣ ਵਾਲੇ ਨਾਵਲਾਂ ਦੀ ਗਿਣਤੀ ਵਿਚ ਸ਼ੁਮਾਰ ਹੋਵੇਗਾ।
ਇਸ ਨਾਵਲ ਦਾ ਕੇਂਦਰੀ ਪਾਤਰ ਆਰਥਰ ਬਰਟਨ ਹੈ, ਜੋ ਕਹਾਣੀ ਦੀ ਸ਼ੁਰੂਆਤ ਵਿਚ ਇੱਕ ਨੌਜਵਾਨ, ਆਦਰਸ਼ਵਾਦੀ ਅਤੇ ਧਾਰਮਿਕ ਵਿਅਕਤਿੱਤਵ ਵਜੋਂ ਪਾਠਕਾਂ ਦੇ ਸਾਹਮਣੇ ਆਉਂਦਾ ਹੈ। ਉਹ ਚਰਚ ਅਤੇ ਧਾਰਮਿਕ ਮੁੱਲਾਂ ਵਿਚ ਅਟੱਲ ਵਿਸ਼ਵਾਸ ਰੱਖਦਾ ਹੈ। ਪਰ ਕਥਾ ਦੇ ਵਿਕਾਸ ਦੇ ਨਾਲ ਉਸਦਾ ਇਹ ਵਿਸ਼ਵਾਸ ਹਿਲਦਾ ਹੈ ਅਤੇ ਉਸਦੇ ਜੀਵਨ ਵਿਚ ਇੱਕ ਡੂੰਘਾ ਅੰਦਰੂਨੀ ਸੰਘਰਸ਼ ਉਭਰਦਾ ਹੈ। ਜਦੋਂ ਆਰਥਰ ਨੂੰ ਚਰਚ ਦੇ ਪਾਖੰਡ ਅਤੇ ਰਾਜਨੀਤਕ ਸਾਜ਼ਿਸ਼ਾਂ ਬਾਰੇ ਸੱਚਾਈ ਦਾ ਪਤਾ ਲੱਗਦਾ ਹੈ, ਤਦੋਂ ਉਹ ਮਨੋਵਿਗਿਆਨਕ ਅਤੇ ਆਤਮਿਕ ਤੌਰ ‘ਤੇ ਟੁੱਟ ਜਾਂਦਾ ਹੈ। ਉਸਦੀ ਇਹ ਟੁੱਟ-ਭੱਜ ਉਸਦੇ ਜੀਵਨ ਦੀ ਦਿਸ਼ਾ ਹੀ ਬਦਲ ਦਿੰਦੀ ਹੈ। ਉਹ ਆਪਣੇ ਪੁਰਾਣੇ ਧਾਰਮਿਕ ਵਿਸ਼ਵਾਸਾਂ ਨੂੰ ਛੱਡ ਕੇ ਕ੍ਰਾਂਤੀਕਾਰੀ ਬਣ ਜਾਂਦਾ ਹੈ, ਜੋ ਇਟਲੀ ਦੀ ਆਜ਼ਾਦੀ ਦੇ ਘੋਲ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ। ਵਾਓਨਿਚ ਨੇ ਆਰਥਰ ਦੇ ਇਸ ਜੀਵਨ ਪਰਿਵਰਤਨ ਦਾ ਬਹੁਤ ਸੂਖ਼ਮਤਾ ਨਾਲ ਚਿਤਰਨ ਕੀਤਾ ਹੈ।
ਨਾਵਲ ਵਿਚ ਧਾਰਮਿਕ ਵਿਸ਼ਵਾਸ ਤੋਂ ਬਗ਼ਾਵਤ ਤੱਕ ਦੀ ਯਾਤਰਾ ਸਿਰਫ਼ ਬਾਹਰੀ ਘਟਨਾਵਾਂ ਦਾ ਪ੍ਰਤੀਬਿੰਬ ਨਹੀਂ, ਬਲਕਿ ਆਤਮਿਕ ਅਤੇ ਦਾਰਸ਼ਨਿਕ ਸੰਘਰਸ਼ ਦਾ ਵੀ ਪ੍ਰਤੀਕ ਹੈ। ਆਰਥਰ ਦਾ ‘ਗੈਡਫਲਾਈ’ ਨਾਂਅ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਰਾਜਨੀਤਕ ਪ੍ਰਣਾਲੀ ਅਤੇ ਧਾਰਮਿਕ ਪਾਖੰਡ ‘ਤੇ ਨਿਰੰਤਰ ਡੰਗ ਮਾਰਦਾ ਹੈ, ਬਿਲਕੁਲ ਉਸ ਤਰ੍ਹਾਂ ਜਿਵੇਂ ‘ਗੈਡਫਲਾਈ’ ਹਮੇਸ਼ਾਂ ਚੋਭਾਂ ਮਾਰਦੀ ਰਹਿੰਦੀ ਹੈ। ਇਸ ਨਾਂਅ ਦੀ ਚੋਣ ਪ੍ਰਤੀਕ ਹੈ ਕਿ ਕਿਵੇਂ ਆਰਥਰ ਸਮਾਜਿਕ ਅਤੇ ਰਾਜਨੀਤਕ ਚੇਤਨਾ ਨੂੰ ਜਾਗਰੂਕ ਕਰਨ ਵਾਲੀ ਇੱਕ ਅਡੋਲ ਸ਼ਕਤੀ ਬਣ ਜਾਂਦਾ ਹੈ।
ਨਾਵਲ ਵਿਚ ਇਟਲੀ ਦੀ ਆਜ਼ਾਦੀ ਦੀ ਲੜਾਈ ‘ਗੈਡਫਲਾਈ’ ਸਿਰਫ਼ ਇਤਿਹਾਸਕ ਪਿਛੋਕੜ ਨਹੀਂ, ਸਗੋਂ ਕਹਾਣੀ ਦੇ ਨੈਤਿਕ ਤੇ ਰਾਜਨੀਤਕ ਸੰਦਰਭ ਨੂੰ ਮਜ਼ਬੂਤ ਕਰਨ ਵਾਲਾ ਕੇਂਦਰੀ ਤੱਤ ਹੈ। ਵਾਓਨਿਚ ਨੇ ਆਪਣੀ ਲਿਖਤ ਵਿਚ ਇਟਲੀ ਦੇ ਰਾਜਨੀਤਕ ਦਬਾਅ, ਚਰਚ ਦੀ ਭੂਮਿਕਾ, ਅਤੇ ਲੋਕਾਂ ਦੇ ਦੁਖਾਂ ਦਾ ਬਹੁਤ ਹੀ ਯਥਾਰਥਪੂਰਨ ਚਿਤਰਣ ਕੀਤਾ ਹੈ। ਖ਼ਾਸ ਤੌਰ ‘ਤੇ ਚਰਚ ਅਤੇ ਧਰਮ ਦੀ ਰਾਜਨੀਤਕ ਸਾਜ਼ਿਸ਼ਾਂ ਨਾਲ ਗਠਜੋੜ ਦਾ ਵਿਸ਼ਲੇਸ਼ਣ ਕਰਦਿਆਂ ਲੇਖਕ ਨੇ ਧਾਰਮਿਕ ਸੰਸਥਾਵਾਂ ਦੇ ਪਾਖੰਡ ਨੂੰ ਬੇਨਕਾਬ ਕੀਤਾ ਹੈ। ਨਾਵਲ ਦੀ ਰਚਨਾ ਪ੍ਰਮਾਣ ਬਣ ਜਾਂਦੀ ਹੈ ਕਿ ਕਿਵੇਂ ਧਰਮ, ਜੋ ਮਨੁੱਖੀ ਆਤਮਾ ਦੀ ਸ਼ਾਂਤੀ ਲਈ ਹੋਣਾ ਚਾਹੀਦਾ ਸੀ, ਅਕਸਰ ਰਾਜਨੀਤਕ ਦਬਾਅ ਦਾ ਹਥਿਆਰ ਬਣ ਜਾਂਦਾ ਹੈ।
ਆਰਥਰ ਅਤੇ ਉਸਦੇ ਪਿਤਾ-ਸਮਾਨ ਪਾਦਰੀ ਮੋਂਟਨੇਲੀ ਦਾ ਰਿਸ਼ਤਾ ਨਾਵਲ ਵਿਚ ਕੇਂਦਰੀ ਮਨੋਵਿਗਿਆਨਕ ਧਾਰਾ ਹੈ। ਆਰਥਰ ਦੇ ਬਗ਼ਾਵਤੀ ਰੂਪ ਵਿਚ ਪਰਿਵਰਤਨ ਅਤੇ ਮੋਂਟਨੇਲੀ ਦੇ ਧਾਰਮਿਕ ਪਾਖੰਡ ਵਿਚ ਫਸੇ ਰਹਿਣ ਵਿਚਕਾਰ ਇੱਕ ਗਹਿਰਾ ਸੰਘਰਸ਼ ਨਿਰੰਤਰ ਚੱਲਦਾ ਹੈ। ਜਦੋਂ ਆਰਥਰ ਨੂੰ ਇਹ ਪਤਾ ਲੱਗਦਾ ਹੈ ਕਿ ਮੋਂਟਨੇਲੀ ਸਿਰਫ਼ ਚਰਚ ਦੇ ਹਿਤਾਂ ਦੀ ਰੱਖਿਆ ਲਈ ਸੱਚ ਨੂੰ ਛੁਪਾਉਂਦਾ ਹੈ, ਤਾਂ ਉਸਦੀ ਅੰਦਰੂਨੀ ਟੁੱਟ-ਭੱਜ ਹੋਰ ਵੱਧ, ਹੋਰ ਡੂੰਘੀ ਹੋ ਜਾਂਦੀ ਹੈ। ਇਹ ਰਿਸ਼ਤਾ ਮਨੁੱਖੀ ਸੰਬੰਧਾਂ ਵਿਚ ਵਿਸ਼ਵਾਸ ਅਤੇ ਧੋਖੇ ਦੀ ਜਟਿਲਤਾ ਨੂੰ ਸਮਝਣ ਲਈ ਨਾਵਲ ਇੱਕ ਬੜਾ ਸਮਝ ਵਾਲਾ ਹਿੱਸਾ ਹੈ।
ਨਾਵਲ ਦੀ ਕਥਾ ਰਚਨਾ ਸਧਾਰਣ ਹੋਣ ਦੇ ਬਾਵਜੂਦ ਵਿਚਾਰਧਾਰਕ ਤੌਰ ‘ਤੇ ਬਹੁਤ ਜਟਿਲ ਹੈ। ਵਾਓਨਿਚ ਨੇ ਕਹਾਣੀ ਨੂੰ ਇਸ ਤਰੀਕੇ ਨਾਲ ਲਿਖਿਆ ਹੈ ਕਿ ਪਾਠਕ ਸਿਰਫ਼ ਬਾਹਰੀ ਘਟਨਾਵਾਂ ਨਹੀਂ ਦੇਖਦਾ, ਸਗੋਂ ਕਿਰਦਾਰਾਂ ਦੇ ਅੰਦਰੂਨੀ ਮਨੋਵਿਗਿਆਨ ਵਿਚ ਵੀ ਡੂੰਘਾ ਵਸ ਜਾਂਦਾ ਹੈ। ਆਰਥਰ ਦੀ ਮਨੋਵਿਗਿਆਨਕ ਅਵਸਥਾ ਦੇ ਨਾਲ-ਨਾਲ ਇਟਲੀ ਦੀ ਆਜ਼ਾਦੀ ਦੀ ਲੜਾਈ ਦੀਆਂ ਹਕੀਕਤਾਂ ਨੂੰ ਜੋੜ ਕੇ ਲੇਖਕ ਨੇ ਇੱਕ ਬਹੁ-ਪੱਧਰੀ ਕਥਾ ਦੀ ਸਿਰਜਣਾ ਕੀਤੀ ਹੈ।
‘ਦ ਗੈਡਫਲਾਈ’ ਦਾ ਪ੍ਰਭਾਵ ਸਿਰਫ਼ ਸਾਹਿਤਕ ਸੀਮਾਵਾਂ ਤੱਕ ਹੀ ਸੀਮਿਤ ਨਹੀਂ ਰਿਹਾ। ਇਹ ਨਾਵਲ ਕਈ ਕ੍ਰਾਂਤੀਕਾਰੀ ਲਹਿਰਾਂ ਲਈ ਪ੍ਰੇਰਣਾ ਸਰੋਤ ਬਣਿਆ, ਖ਼ਾਸ ਤੌਰ ‘ਤੇ ਰੂਸ ਅਤੇ ਚੀਨ ਵਿਚ। 20ਵੀਂ ਸਦੀ ਦੇ ਸ਼ੁਰੂ ਵਿਚ ਇਹ ਕਿਤਾਬ ਕ੍ਰਾਂਤੀਕਾਰੀ ਨੌਜਵਾਨਾਂ ਲਈ ਵਿਚਾਰਧਾਰਕ ਹਥਿਆਰ ਵਜੋਂ ਪ੍ਰਸਿੱਧ ਹੋਈ। ਇਸ ਦੀਆਂ ਕਾਪੀਆਂ ਗੁਪਤ ਤੌਰ ‘ਤੇ ਵੰਡੀਆਂ ਜਾਂਦੀਆਂ ਸਨ ਅਤੇ ਕਈ ਭਾਸ਼ਾਵਾਂ ਵਿਚ ਇਸਦਾ ਅਨੁਵਾਦ ਕੀਤਾ ਗਿਆ।
ਵਾਓਨਿਚ ਦੀ ਲਿਖਤ ਸ਼ੈਲੀ ਸਾਦਗੀ ਅਤੇ ਗਹਿਰਾਈ ਦਾ ਸੁੰਦਰ ਮੇਲ ਹੈ। ਉਸਦੀ ਭਾਸ਼ਾ ਸਪੱਸ਼ਟ ਹੈ ਪਰ ਵਿਚਾਰਧਾਰਕ ਪੱਧਰ ‘ਤੇ ਡੂੰਘੀ ਹੈ। ਉਹ ਘਟਨਾਵਾਂ ਦਾ ਚਿਤਰਣ ਕਰਦਿਆਂ ਕਿਰਦਾਰਾਂ ਦੇ ਮਨੋਵਿਗਿਆਨ ਨੂੰ ਸੂਖ਼ਮਤਾ ਨਾਲ ਚਿਤਵਦੀ ਹੈ ਚਿਤਰਣ ਕਰਦੀ ਹੈ। ਇਹੀ ਕਾਰਨ ਹੈ ਕਿ ਨਾਵਲ ਪਾਠਕ `ਤੇ ਚਿਰਸਥਾਈ ਪ੍ਰਭਾਵ ਛੱਡਦਾ ਹੈ। ਇਹ ਸਿਰਫ਼ ਇਤਿਹਾਸਕ ਨਾਵਲ ਨਹੀਂ ਹੈ, ਸਗੋਂ ਮਨੁੱਖੀ ਵਿਸ਼ਵਾਸ, ਬਗ਼ਾਵਤ, ਆਦਰਸ਼ਵਾਦ ਅਤੇ ਰਾਜਨੀਤਕ ਸੰਘਰਸ਼ ਦੀ ਗਾਥਾ ਹੈ। ਇਹ ਕਿਤਾਬ ਇਸ ਗੱਲ ਦਾ ਪ੍ਰਤੀਕ ਹੈ ਕਿ ਵਿਅਕਤੀਗਤ ਅੰਦਰੂਨੀ ਟੁੱਟ-ਭੱਜ ਅਤੇ ਸਮਾਜਿਕ ਅਨਿਆਂਪੂਰਨ ਪ੍ਰਣਾਲੀ ਦੇ ਖ਼ਿਲਾਫ਼ ਲੜਾਈ ਇਕੱਠੇ ਹੋ ਕੇ ਕੀਤੀ ਜਾ ਸਕਦੀ ਹੈ। ਵਾਓਨਿਚ ਦਾ ਇਹ ਨਾਵਲ ਅੱਜ ਵੀ ਉਸੇ ਤਰ੍ਹਾਂ ਪ੍ਰਸੰਗਿਕ ਹੈ ਜਿਵੇਂ 19ਵੀਂ ਸਦੀ ਦੇ ਅੰਤ ਵਿਚ ਸੀ, ਕਿਉਂਕਿ ਇਹ ਮਨੁੱਖੀ ਆਜ਼ਾਦੀ ਅਤੇ ਸੱਚ ਦੀ ਖੋਜ ਦੀ ਅਟੱਲ ਯਾਤਰਾ ਦਾ ਪ੍ਰਤੀਕ ਹੈ।
ਗੈਡਫਲਾਈ ਨਾਵਲ ਵਿਚੋਂ ਇਕ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਛੂਹਣ ਵਾਲੀ ਘਟਨਾ।
ਇੱਕ ਸ਼ਾਮ ਹਵਾ ਵਿਚ ਹਲਕੀ ਠੰਢਕ ਅਤੇ ਖ਼ਾਮੋਸ਼ੀ ਦਾ ਮਾਹੌਲ ਸੀ। ਉਸ ਸ਼ਾਮ ਅਚਨਚੇਤ ਗੈਡਫਲਾਈ ਨੂੰ ਪਿਆਰ ਕਰਨ ਵਾਲੀ ਕੁੜੀ ਉਸ ਦੇ ਸਾਹਮਣੇ ਆ ਜਾਂਦੀ ਹੈ। ਇਹ ਕੁੜੀ ਗੈਡਫਲਾਈ ਦੇ ਕਠੋਰ ਜੀਵਨ ਦਾ ਕੋਮਲ ਪਾਸਾ ਸੀ। ਉਹ ਗੈਡਫਲਾਈ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ। ਪਰੰਤੂ ਉਸਨੂੰ ਗੈਡਫਲਾਈ ਵੱਲੋਂ ਕੋਮਲ ਤੇ ਪਿਆਰ ਭਰੇ ਸ਼ਬਦਾਂ ਵਿਚ ਕੋਈ ਪ੍ਰਤੀਉਤਰ ਨਹੀਂ ਮਿਲਦਾ। ਕੁੜੀ ਦੀਆਂ ਅੱਖਾਂ ‘ਚ ਅਣਗਿਣਤ ਰਾਤਾਂ ਦੇ ਸੁਪਨੇ ਚਮਕਦੇ ਹਨ ਜੋ ਉਸਨੇ ਗੈਡਫਲਾਈ ਨਾਲ ਸਾਂਝੇ ਜੀਵਨ ਬਾਰੇ ਸੋਚੇ ਹੋਏ ਵੇਖੇ ਸਨ। ਉਹ ਹੌਲੀ ਆਵਾਜ਼ ਵਿਚ ਕਹਿੰਦੀ ਹੈ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਉਸਦੇ ਨਾਲ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਉਸਦੇ ਸ਼ਬਦਾਂ ਵਿਚ ਇੰਨਾ ਸੱਚਾਪਣ ਸੀ ਕਿ ਹਰ ਲਫ਼ਜ਼ ਦਿਲ ਦੇ ਅੰਦਰੋਂ ਨਿਕਲਦਾ ਮਹਿਸੂਸ ਹੁੰਦਾ ਸੀ। ਗੱਲ ਕਰਦਿਆਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰਨ ਨੂੰ ਆਉਂਦੀਆਂ, ਪਰ ਉਹ ਹਿੰਮਤ ਨਾਲ ਦਬਾ ਲੈਂਦੀ ਹੈ।
ਗੈਡਫਲਾਈ ਕੁਝ ਸਮੇਂ ਲਈ ਚੁੱਪ ਰਿਹਾ ਹੈ। ਉਸਦੇ ਮਨ ਵਿਚ ਤੂਫ਼ਾਨ ਚੱਲ ਰਿਹਾ ਸੀ। ਉਹ ਉਸਨੂੰ ਪਿਆਰ ਕਰਦਾ ਸੀ, ਪਰ ਉਹ ਜਾਣਦਾ ਸੀ ਕਿ ਉਸਦਾ ਰਸਤਾ ਤਬਾਹੀ ਅਤੇ ਖੂਨ-ਖ਼ਰਾਬੇ ਨਾਲ ਭਰਿਆ ਹੈ। ਉਸ ਨੇ ਆਪਣੇ ਆਪ ਨੂੰ ਉਸ ਰਾਹ ਲਈ ਸਮਰਪਿਤ ਕਰ ਦਿੱਤਾ ਸੀ ਜਿੱਥੇ ਵਿਅਕਤੀਗਤ ਸੁਖ, ਪ੍ਰੇਮ, ਅਤੇ ਆਮ ਜੀਵਨ ਦੀ ਕੋਈ ਥਾਂ ਨਹੀਂ ਸੀ। ਉਸ ਪਲ ਵਿਚ ਉਸਨੂੰ ਅਹਿਸਾਸ ਹੁੰਦਾ ਹੈ ਕਿ ਜੇਕਰ ਉਹ ਇਸ ਕੁੜੀ ਨੂੰ ਆਪਣੇ ਨਾਲ ਜੋੜਦਾ ਹੈ ਤਾਂ ਉਸਦੀ ਮਾਸੂਮੀਅਤ ਨਸ਼ਟ ਹੋ ਜਾਵੇਗੀ। ਉਸਨੇ ਹੌਲੀ ਪਰ ਸਖ਼ਤ ਆਵਾਜ਼ ਵਿਚ ਕਿਹਾ, ‘ਮੇਰਾ ਜੀਵਨ ਤੇਰੇ ਲਈ ਨਹੀਂ ਹੈ।’ ਇਹ ਸੁਣਦੇ ਹੀ ਉਸ ਕੁੜੀ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਆਉਂਦੇ ਹਨ। ਉਹ ਉਸਨੂੰ ਆਖਰੀ ਵਾਰ ਦੇਖਦੀ ਹੈ, ਇੱਕ ਐਸੀ ਨਿਗਾਹ ਨਾਲ ਜੋ ਪਿਆਰ, ਦਰਦ, ਅਤੇ ਵਿਛੋੜੇ ਦੀ ਮਿਲੀ-ਜੁਲੀ ਕਹਾਣੀ ਬਣ ਜਾਂਦੀ ਹੈ। ਬਿਨਾਂ ਕੁਝ ਹੋਰ ਕਹੇ ਉਹ ਹੌਲੀ-ਹੌਲੀ ਮੁੜਦੀ ਹੈ ਅਤੇ ਚਲੀ ਜਾਂਦੀ ਹੈ। ਗੈਡਫਲਾਈ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ, ਸਿਰਫ਼ ਉਸਦੇ ਪਰਛਾਵੇਂ ਨੂੰ ਦੂਰ ਜਾਂਦਾ ਵੇਖਦਾ ਰਹਿੰਦਾ ਹੈ।
ਜਦੋਂ ਕੁੜੀ ਉਸ ਦੀਆਂ ਅੱਖਾਂ ਤੋਂ ਓਝਲ ਹੋ ਜਾਂਦੀ ਹੈ, ਉਹ ਇਕੱਲਾ ਬੈਠ ਕੇ ਆਪਣੇ ਆਪ ਨੂੰ ਟੁੱਟਦਾ ਮਹਿਸੂਸ ਕਰਦਾ ਹੈ। ਉਸ ਦੀਆਂ ਅੱਖਾਂ ਵਿਚੋਂ ਵੀ ਹੰਝੂ ਆਉਂਦੇ ਹਨ, ਪਰ ਉਹ ਜਾਣਦਾ ਸੀ ਕਿ ਉਸਨੇ ਸਹੀ ਫ਼ੈਸਲਾ ਕੀਤਾ ਹੈ। ਇਹ ਘਟਨਾ ਉਸਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਬਣਦੀ ਹੈ ਜਿਸ ਤੋਂ ਬਾਅਦ ਉਹ ਹੋਰ ਵੀ ਨਿਰਦਈ ਹੋ ਜਾਂਦਾ ਹੈ, ਪਰ ਉਸਦੇ ਦਿਲ ਦੇ ਅੰਦਰ ਇੱਕ ਅਜਿਹਾ ਖਾਲੀਪਨ ਰਹਿ ਜਾਂਦਾ ਹੈ ਜੋ ਕਦੇ ਨਹੀਂ ਭਰਦਾ।
