ਡਗਸ਼ਈ ਦੀਆਂ ਹਸੀਨ ਪਹਾੜੀਆਂ `ਚ ਗ਼ਦਰ ਲਹਿਰ ਦੇ ਮਹਾਂਬਲੀਆਂ ਦੀਆਂ ਰੂਹਾਂ ਨੂੰ ਮੁਖ਼ਾਤਿਬ ਹੁੰਦਿਆਂ

ਸਰਬਜੀਤ ਧਾਲੀਵਾਲ
ਸਾਹਮਣੇ ਅਖਬਾਰ ਪਿਆ ਹੈ। ਇਸ ਵੱਲ ਵੇਖ ਕੇ ਘਬਰਾਹਟ ਹੋ ਰਹੀ ਹੈ। ਪਹਿਲੇ ਪੰਨੇ `ਤੇ ਛਪੀਆਂ ਖ਼ਬਰਾਂ ਡਰਾ ਰਹੀਆਂ ਨੇ। ਹਿਮਾਚਲ ਵਿਚ ਪਹਾੜ ਰੁੜ੍ਹ ਰਹੇ ਨੇ। ਬੱਦਲ ਫਟ ਰਹੇ ਨੇ। ਲੋਕ ਮਰ ਰਹੇ ਨੇ। ਕੁਦਰਤ ਆਪਣਾ ਵਿਰਾਟ ਰੂਪ ਦਿਖਾ ਰਹੀ ਹੈ ਤੇ ਵਿਕਾਸ ਦੇ ਨਵੇਂ ਮਾਡਲ ਨੂੰ ਸ਼ਰ੍ਹੇਆਮ ਚੁਣੌਤੀ ਦੇ ਰਹੀ ਹੈ।

ਹਾਈਵੇਅ ਬਣਾਉਣ ਵਾਲਿਆਂ ਨੂੰ ਕਹਿ ਰਹੀ ਹੈ ਭੱਜ ਜਾਓ ਇਥੋਂ। ਜੇਕਰ ਤੁਸੀਂ ਮੇਰਾ ਨਾਸ ਮਾਰੋਗੇ ਤਾਂ ਮੈਂ ਵੀ ਗਿਣ-ਗਿਣ ਕੇ ਬਦਲੇ ਲਊਂਗੀ। ਸੈਰੂਆਂ (ਸੈਰ ਕਰਨ ਵਾਲੇ) ਨਾਲ ਵੀ ਕਈ ਥਾਵਾਂ `ਤੇ ਦੁਖਾਂਤ ਵਾਪਰ ਚੁਕਾ ਹੈ। ਪਹਾੜਾਂ ਨਾਲ ਇਸ਼ਕ ਕਰਨ ਵਾਲਿਆਂ `ਚ ਨਮੋਸ਼ੀ ਛਾਈ ਹੋਈ ਹੈ।
ਮੈਂ ਆਪਣੇ ਆਪ ਨਾਲ ਜੂਝ ਰਿਹਾ ਹਾਂ। ਮੈਨੂੰ ਡਗਸ਼ਈ ਜਾਣ ਲਈ ਸੱਦਾ ਆਇਆ ਹੋਇਆ ਹੈ। ਉਥੇ ਰਹਿਣ ਅਤੇ ਖਾਣ-ਪੀਣ `ਤੇ ਕੋਈ ਖਰਚਾ ਨਹੀਂ ਹੋਣਾ। ਇਹ ਜ਼ਿੰਮੇਵਾਰੀ ਸੱਦਾ ਪੱਤਰ ਭੇਜਣ ਵਾਲਿਆਂ ਨੇ ਆਪਣੇ ਸਿਰ ਲਈ ਹੋਈ ਹੈ। ਜਾਣ ਨੂੰ ਮਨ ਕਾਹਲਾ ਹੈ ਪਰ ਸਹਿਮਿਆ ਵੀ ਹੋਇਆਂ। ਮੌਸਮ ਵਿਭਾਗ ਦੀ ਭਵਿੱਖਬਾਣੀ ਝੂਠੀ ਜ਼ਿਆਦਾ ਤੇ ਸੱਚੀ ਘਟ ਸਾਬਿਤ ਹੋ ਰਹੀ ਹੈ। ਜਿਸ ਦਿਨ ਵਿਭਾਗ ਕਹਿੰਦਾ ਸੁੱਕ- ਪਕਾ ਰਹੇਗਾ ਉਸ ਦਿਨ ਮੀਂਹ ਹਟਦਾ ਹੀ ਨਹੀਂ ਤੇ ਜਿਸ ਦਿਨ ਬਾਰਿਸ਼ ਹੋਣ ਦੀ ਗੱਲ ਕਹੀ ਹੁੰਦੀ ਹੈ ਉਸ ਦਿਨ ਕਣੀ ਨਹੀਂ ਡਿਗਦੀ। ਕੁਦਰਤ ਆਪਣੇ ਸਾਰੇ ਭੇਦ ਮਨੁੱਖ ਨੂੰ ਨਹੀਂ ਦੱਸਣ ਲੱਗੀ। ਇਹ ਮੰਨ ਲੈਣਾ ਚਾਹੀਦਾ ਹੈ।
ਦੇਖੀ ਜਾਊ। ਇਹ ਸੋਚ ਕੇ ਮੈਂ ਡਗਸ਼ਈ ਜਾਣ ਲਈ ਤਿਆਰ ਹੋ ਜਾਨਾਂ। ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28 ਤੋਂ ਕਈ ਜਣਿਆਂ ਨੇ ਇਕੱਠੇ ਜਾਣਾ ਹੈ। ਸਾਡੇ ਨਾਲ ਕੁਝ ਵਿਦਿਆਰਥੀ ਵੀ ਜਾਣਗੇ। ਬਾਰਿਸ਼ ਅੱਜ ਵੀ ਪੈ ਰਹੀ ਹੈ। ਅਸੀਂ ਵਰ੍ਹਦੇ ਮੀਹ `ਚ ਹੀ ਚੱਲ ਪੈਂਦੇ ਹਾਂ। ਚੰਡੀਗੜ੍ਹ ਤੋਂ ਥੋੜ੍ਹੀ ਦੂਰ `ਤੇ ਹੀ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਤੇ ਹਸੀਨ ਪਹਾੜ ਦਰਸ਼ਨ ਦੇਣ ਲੱਗਦੇ ਨੇ। ਮੀਂਹ ਨਾਲ ਰੱਜ-ਰੱਜ ਕੇ ਨ੍ਹਾਤੇ ਪਹਾੜ ਫ਼ਿਲਮੀ ਹੀਰੋਇਨਾਂ ਵਰਗੇ ਲੱਗ ਰਹੇ ਨੇ। ਚਾਰ ਚੁਫ਼ੇਰੇ ਹਰਿਆਲੀ ਹੀ ਹਰਿਆਲੀ। ਬੱਦਲ ਵੀ ਇਨ੍ਹਾਂ ਪਹਾੜਾਂ `ਚ ਆ ਕੇ ਨਜ਼ਾਰੇ ਲੈਂਦੇ ਨੇ। ਕੋਈ ਬੱਦਲ ਏਧਰ ਨੂੰ ਲੰਘ ਜਾਂਦਾ ਤੇ ਕੋਈ ਉਧਰ ਨੂੰ।
ਡਗਸ਼ਈ ਭਾਵੇਂ ਚੰਡੀਗੜ੍ਹ ਤੋਂ ਬਹੁਤੀ ਦੂਰ ਨਹੀਂ ਪਰ ਇਹ ਹੈ ਠੰਢੀ, ਲਗਭਗ 6000 ਫੁਟ ਦੀ ਉਚਾਈ `ਤੇ। ਇਸ ਦਾ ਨਾਂ ਹੀ ਅਜਿਹਾ ਕਿ ਸੁਣ ਕੇ ਹੀ ਬੰਦੇ ਨੂੰ ਠੰਢ ਮਹਿਸੂਸ ਹੋਣ ਲੱਗਦੀ ਹੈ। ਅਸੀਂ ਆਪਣੀ ਮੰਜ਼ਿਲ `ਤੇ ਖ਼ੈਰ ਸੁਖ ਨਾਲ ਪਹੁੰਚ ਗਏ ਹਾਂ। ਸਾਡਾ ਠਿਕਾਣਾ ਇਕ ਖੂਬਸੂਰਤ ਥਾਂ `ਤੇ ਬਣੀ ਕੋਠੀ ਵਿਚ ਹੈ। ਕਿਸੇ ਸਰਦੇ-ਪੁਜਦੇ ਪੰਜਾਬੀ ਨੇ ਆਪਣੇ ਸ਼ੌਕ ਪੂਰੇ ਕਰਨ ਲਈ ਬਣਾਈ ਲੱਗਦੀ ਹੈ ਇਹ ਕੋਠੀ। ਜਦੋਂ ਉਹ ਏਥੇ ਨਹੀਂ ਹੁੰਦਾ ਤਾਂ ਇਸ ਦੇ ਕੁਝ ਕਮਰੇ ਕਿਰਾਏ `ਤੇ ਸੈਰੂਆਂ ਨੂੰ ਦੇ ਦਿੰਦਾ ਹੈ। ਦਿਨ ਸਮੇਂ ਤੁਸੀਂ ਇਸ ਕੋਠੀ ਦੀ ਛੱਤ `ਤੇ ਚੜ੍ਹ ਕੇ ਬੱਦਲ ਸੈਰ ਕਰਦੇ, ਇਕ ਘਾਟੀ ਤੋਂ ਦੂਜੀ ਘਾਟੀ ਨੂੰ ਜਾਂਦੇ ਦੇਖ ਸਕਦੇ ਹੋ। ਦੂਰ-ਦੂਰ ਤਕ ਨਜ਼ਰ ਪੈ ਰਹੇ ਦਿਓਦਾਰ ਤੇ ਚੀਲ ਦੇ ਦਰਖਤਾਂ ਦੇ ਦਰਸ਼ਨ ਕਰ ਸਕਦੇ ਹੋ। ਰਾਤ ਨੂੰ ਦੂਰ-ਦੂਰ ਤਕ ਘਾਟੀਆਂ `ਚ ਫੈਲੀ ਰੌਸ਼ਨੀ ਤਾਹਨੂੰ ਆਪਣੇ ਵੱਲ ਇੰਝ ਖਿੱਚਦੀ ਹੈ ਜਿਵੇਂ ਚਕੋਰ ਨੂੰ ਚੰਨ। ਸਾਰੇ ਪਹਾੜ ਅਨੰਤ ਤਾਰਾ ਮੰਡਲ ਲੱਗਦੇ ਨੇ। ਹਰ ਸ਼ੈਅ ਖੂLਬਸੂਰਤ ਪੇਂਟਿੰਗ ਨਜ਼ਰ ਆਉਂਦੀ ਹੈ। ਰੱਬ ਨੇ ਇਹ ਪਹਾੜ ਜ਼ਰੂਰ ਆਪਣੇ ਆਨੰਦ ਲਈ ਬਣਾਏ ਹੋਣੇ। ਉਸਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਸਦਾ ਸਿਰਜਿਆ ਮਨੁੱਖ ਏਨਾ ਲਾਲਚੀ ਹੋ ਚੁੱਕਿਆ ਹੈ ਕਿ ਉਹ ਇਸ ਖੂLਬਸੂਰਤ ਪੇਂਟਿੰਗ ਨੂੰ ਬਦਸੂਰਤ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਾਂ ਕਿ ਇਨ੍ਹਾਂ ਖੂLਬਸੂਰਤ ਘਾਟੀਆਂ `ਚ ਦੇਸ਼ ਭਗਤਾਂ ਦੀ ਰੂਹ ਦਾ ਵੀ ਵਾਸ ਹੈ। ਮੇਰੇ ਵਰਗੇ ਹੋਰ ਵੀ ਲੱਖਾਂ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਵੇਗੀ। ਇਹ ਘਾਟੀਆਂ ਆਜ਼ਾਦੀ ਦੇ ਪ੍ਰਵਾਨਿਆਂ ਦੀ ਬਹਾਦਰੀ ਤੇ ਗੌਰਵ ਦੇ ਵੱਡੇ ਕਿੱਸੇ, ਕਹਾਣੀਆਂ ਸਾਂਭੀ ਬੈਠੀਆਂ ਹਨ। ਅੰਗਰੇਜ਼ ਸ਼ਾਸਕ ਕਿੰਨਾ ਜ਼ਾਲਮ ਸੀ, ਉਸਦੀ ਮਾਨਸਿਕਤਾ ਕਿੰਨੀ ਹਿੰਸਕ ਤੇ ਰਾਖ਼ਸ਼ਨੁਮਾ ਸੀ ਤੇ ਉਨ੍ਹਾਂ ਨੇ ਸੱਤਾ ਵਿਚ ਬਣੇ ਰਹਿਣ ਲਈ ਕਿੰਨੇ ਵਹਿਸ਼ੀ ਤਰੀਕੇ ਅਪਣਾਏ, ਉਸਦੇ ਨਿਸ਼ਾਨ ਅੱਜ ਵੀ ਇਨ੍ਹਾਂ ਘਾਟੀਆਂ `ਚ ਤੇ ਖਾਸ ਕਰਕੇ ਡਗਸ਼ਈ `ਚ ਬਰਕਰਾਰ ਹਨ। ਜੇਕਰ ਤੁਸੀਂ ਆਜ਼ਾਦੀ ਦੀ ਤਹਿਰੀਕ `ਚ ਭਾਗ ਲੈਣ ਵਾਲਿਆਂ ਦੇ ਬੁਲੰਦ ਹੌਂਸਲੇ ਤੇ ਫੌਲਾਦੀ ਇਰਾਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਡਗਸ਼ਈ ਆਉਣ ਲਈ ਜ਼ਰੂਰ ਸਮਾਂ ਕੱਢਣਾ। ਇਨ੍ਹਾਂ ਠੰਢੀਆਂ ਵਾਦੀਆਂ ਵਿਚ ਦਰਜਨਾਂ ਗ਼ਦਰੀਆਂ ਦਾ ਗਰਮ ਖੂਨ ਡੁੱਲਿ੍ਹਆ ਹੋਇਆ ਹੈ।
ਅੰਗਰੇਜ਼ ਤੋਂ ਪਹਿਲਾਂ ਇਥੇ ਮੁਗ਼ਲਾਂ ਨੇ ਵੀ ਬੜੇ ਜ਼ੁਲਮ ਢਾਹੇ, ਤੇ ਇਸ ਜ਼ੁਲਮ ਦੇ ਨਿਸ਼ਾਨ ਡਗਸ਼ਈ ਨੇ ਆਪਣੇ ਨਾਂ `ਚ ਸਾਂਭੇ ਹੋਏ ਨੇ। ਪਹਿਲਾਂ ਇਹ ਛੋਟਾ ਜਿਹਾ ਪਿੰਡ ਸੀ। ਇਹ ਮੰਨਿਆ ਜਾਂਦਾ ਹੈ ਕਿ ਮੁਗ਼ਲ ਕਾਲ ਸਮੇਂ ਇਥੇ ਖੂੰਖਾਰ ਕੈਦੀਆਂ ਦੇ ਮੱਥੇ ਇਕ ਦਾਗ ਲੋਹੇ ਦੇ ਤੱਕਲੇ ਨੂੰ ਗਰਮ ਕਰਕੇ ਦਿੱਤਾ ਜਾਂਦਾ ਸੀ। ਉਸ ਨਿਸ਼ਾਨ ਨੂੰ ‘ਦਾਗ-ਏ-ਸ਼ਾਹੀ’ ਕਿਹਾ ਜਾਂਦਾ ਸੀ। ਹੌਲੀ ਹੌਲੀ ਦਾਗ-ਏ-ਸ਼ਾਹੀ ਲੋਕ ਬੋਲੀ ਵਿਚ ਵਿਗੜਦਾ ਵਿਗੜਦਾ ਦਾਗ ਤੋਂ ਡਗ ਤੇ ਸ਼ਾਹੀ ਤੋਂ ਸ਼ਈ ਬਣ ਗਿਆ। ਤੇ ਲੋਕਾਂ ਨੇ ਇਸਨੂੰ ਡਗਸ਼ਈ ਕਹਿਣਾ ਸ਼ੁਰੂ ਕਰ ਦਿੱਤਾ।
ਉੱਤਰੀ ਭਾਰਤ ਵਿਚ ਆਪਣੇ ਰਾਜ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਅੰਗਰੇਜ਼ਾਂ ਨੇ ਛਾਉਣੀਆਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਕਸੌਲੀ ਤੇ ਸ਼ਿਮਲਾ ਛਾਉਣੀਆਂ ਬਣਾਈਆਂ ਤੇ ਫਿਰ ਕਸੌਲੀ ਛਾਉਣੀ ਬਣਾਉਣ ਲਈ ਪਟਿਆਲਾ ਵਾਲੇ ਰਾਜੇ ਤੋਂ ਮੁਫ਼ਤ `ਚ ਪੰਜ ਪਿੰਡ-ਡਗਸ਼ਈ, ਡੱਬੀ, ਬੁਗਤ, ਚੁਨਾਵਾਗ ਤੇ ਜਾਵੱਗ ਲੈ ਲਏ। ਤੇ 1847 ਵਿਚ ਇਥੇ ਛਾਉਣੀ ਬਣਾਉਣੀ ਸ਼ੁਰੂ ਕਰ ਦਿਤੀ। ਅੰਗਰੇਜ਼ ਗਰਮੀ ਨਹੀਂ ਸੀ ਝੱਲ ਸਕਦੇ। ਦੂਸਰਾ ਗੋਰਖਿਆਂ ਦੇ ਹਮਲੇ ਰੋਕਣ ਲਈ ਵੀ ਇਹ ਕੀਤਾ ਗਿਆ ਸੀ। ਗਰਮੀ ਦੇ ਸਤਾਏ ਅੰਗਰੇਜ਼ਾਂ ਨੇ ਆਪਣੇ ਵੱਡੇ ਟਿਕਾਣੇ ਪਹਾੜਾਂ `ਤੇ ਸਥਾਪਤ ਕੀਤੇ। ਉਨ੍ਹਾਂ `ਚ ਹਿਮਾਚਲ ਮੁੱਖ ਸੀ। ਸਰਦੀ `ਚ ਫੌਜ ਅੰਬਾਲਾ ਛਾਉਣੀ ਤੇ ਗਰਮੀ `ਚ ਸ਼ਿਮਲੇ, ਕਸੌਲੀ ਤੇ ਡਗਸ਼ਈ ਆ ਜਾਂਦੀ ਸੀ।
ਅੰਗਰੇਜ਼ਾਂ ਨੇ ਛਾਉਣੀ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਡਗਸ਼ਈ ਵਿਚ ਜੇਲ੍ਹ ਬਣਾਉਣ ਦਾ ਕੀਤਾ। 1849 ਵਿਚ ਬਣਾਈ ਗਈ ਇਸ ਜੇਲ੍ਹ ਨੂੰ ਦੇਖ ਕੇ ਅਜੇ ਵੀ ਬੰਦੇ ਦਾ ਦਿਲ ਦਹਿਲ ਜਾਂਦਾ ਹੈ। ਇਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਕਿੰਨੇ ਜ਼ਾਲਮ ਸੀ ਅੰਗਰੇਜ਼ ਸ਼ਾਸਕ। ਉਸ ਸਮੇਂ ਇਹ ਜੇਲ੍ਹ ਬਣਾਉਣ `ਤੇ 73000 ਰੁਪਏ ਖਰਚ ਹੋਏ ਸਨ। ਇਸ ਵਿਚ 50 ਕੋਠੜੀਆਂ ਹਨ। ਹਰ ਕੋਠੜੀ ਅੱਠ ਫੁੱਟ ਚੌੜੀ, 12 ਫੁੱਟ ਲੰਬੀ ਤੇ 20 ਫੁੱਟ ਉੱਚੀ ਹੈ। ਅੰਦਰ ਘੁੱਪ ਹਨੇਰਾ। ਅਸਲ ਵਿਚ ਇਹ ਕੋਠੜੀਆਂ ਕਿਸੇ ਹੋਰਰ ਫਿਲ਼ਮ `ਚ ਦਿਖਾਈਆਂ ਗੁਫਾਵਾਂ ਵਰਗੀਆਂ ਨੇ। ਰੌਸ਼ਨੀ ਤੇ ਹਵਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇਲ੍ਹ ਦੇ ਇਕ ਪਾਸੇ ਏਕਾਂਤ ਕਾਰਵਾਸ (ਸੋਲਟਿਅਰੇ ਚੋਨਆਨਿੲਮੲਨਟ) ਲਈ ਕੋਠੜੀਆਂ ਹਨ। ਇਹ ਦੂਸਰੀਆਂ ਕੋਠੀਆਂ ਨਾਲੋਂ ਵੀ ਜ਼ਿਆਦਾ ਡਰਾਉਣੀਆਂ ਹਨ। ਇਹ ਜੇਲ੍ਹ ਆਜ਼ਾਦੀ ਦੇ ਇਤਿਹਾਸ ਦੇ ਸਭ ਤੋਂ ਖੌLਫਨਾਕ ਮੰਜ਼ਰਾਂ ਵਿਚੋਂ ਇਕ ਹੈ। ਇਸ ਨੂੰ ਮਿੰਨੀ ਅੰਡੇਮਾਨ ਵਾਲ਼ੀ ਸੈਲੂਲਰ ਜੇਲ੍ਹ ਵਜੋਂ ਵੀ ਜਾਣਿਆ ਜਾਂਦਾ ਹੈ।
ਮੈਂ ਜੇਲ ਦੀ ਹਰ ਕੋਠੜੀ ਦੇ ਅੰਦਰ ਰਹਿ ਕੇ ਕੁੱਝ ਸਮਾਂ ਗੁਜ਼ਾਰਦਾ ਹਾਂ ਤੇ ਉਨ੍ਹਾਂ ਮਹਾਂ ਬਲੀਆਂ ਨੂੰ ਯਾਦ ਕਰਦਾ ਹਾਂ ਜੋ ਸਾਡੇ ਲਈ ਆਜ਼ਾਦੀ ਦੀ ਲੜਾਈ ਲੜਦੇ ਸ਼ਹੀਦ ਹੋ ਗਏ। ਇਸ ਜੇਲ੍ਹ ਨੂੰ ਦੇਖ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ ਤੇ ਕੁੱਝ ਪਲਾਂ `ਚ ਹੀ ਤੁਹਾਡੇ ਮਨ ਮੰਦਰ `ਤੇ ਉਦਾਸੀ ਛਾ ਜਾਂਦੀ ਹੈ। ਇਨ੍ਹਾਂ ਹਨੇਰ ਕੋਠੜੀਆਂ ਵਿਚ ਕਿਵੇਂ ਆਜ਼ਾਦੀ ਦੇ ਪਰਵਾਨੇ ਤੇ ਗ਼ਦਰੀ ਬਾਬੇ ਮਹੀਨਿਆਂ ਬੱਧੀ ਰਹੇ ਹੋਣੇ? ਉਨ੍ਹਾਂ ਦੇ ਕਿੰਨੇ ਵੱਡੇ ਹੌਂਸਲੇ ਹੋਣਗੇ? ਕਿਸ ਮਿੱਟੀ ਦੇ ਬਣੇ ਹੋਣਗੇ ਉਹ ਲੋਕ? ਕਿਸ ਤਰ੍ਹਾਂ ਅੰਗਰੇਜ਼ ਸਿਪਾਹੀ ਉਨ੍ਹਾਂ `ਤੇ ਜ਼ੁਲਮ ਢਾਉਂਦੇ ਹੋਣੇ? ਇਹ ਸਵਾਲ ਮੇਰੇ ਅੰਦਰ ਖੌਰੂ ਪਾ ਰਹੇ ਹਨ। ਮੈਨੂੰ ਸਤਿੰਦਰ ਸਰਤਾਜ ਯਾਦ ਆ ਰਿਹਾ ਹੈ। ਉਸਦੇ ਗੀਤ ਦੇ ਇਹ ਬੋਲ ਮੇਰੇ ਅੰਦਰ ਖੜ੍ਹੇ ਹੋਏ ਤੂਫ਼ਾਨ ਨੂੰ ਸ਼ਾਂਤ ਕਰਨ `ਚ ਸਹਾਈ ਹੁੰਦੇ ਨੇ।
ਏਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ,
ਸੱਚੇ ਸੁਚੇ ਅਹਿਸਾਸਾਂ ਨਾਲ ਆਪਣਿਆਂ,
ਰੰਗਾਂ ਵਿਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ,
ਜਦੋਂ ਪਤਾ ਹੋਵੇ ਸੀਨਿਆਂ `ਚ ਛੇਕ ਹੋਣਗੇ,
ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ,
ਰੱਸੇ ਚੁੰਮ ਕੇ ਹੱਥੀਂ ਆਪੇ ਆਪਣਾ ਵਜੂਦ,
ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ।

ਵਾਕਿਆ ਹੀ ਇਹ ਆਮ ਬੰਦੇ ਨਹੀਂ ਸੀ। ‘ਨਿਸ਼ਚੇ ਕਰ ਆਪਣੀ ਜੀਤ ਕਰੂੰ’ ਸੋਚ ਦੇ ਧਾਰਨੀ ਸਨ ਇਹ ਲੋਕ। ਮੈਨੂੰ ਲੱਗ ਰਿਹਾ ਹੈ ਕਿ ਹੁਣੇ ਹੀ ਕਿਸੇ ਨਾ ਕਿਸੇ ਕੋਠੜੀ `ਚ ਕਿਸੇ ਮਹਾਂਬਲੀ ਗ਼ਦਰੀ ਬਾਬੇ ਦੀ ਆਵਾਜ਼ ਆਵੇਗੀ ਤੇ ਪੁੱਛੇਗੀ ਕਿ ਆਪਣੇ ਵਤਨ ਦਾ ਕੀ ਹਾਲ ਹੈ, ਜਿਸ ਲਈ ਅਸੀਂ ਆਪਾ ਵਾਰ ਦਿੱਤਾ? ਆਜ਼ਾਦੀ ਤੋਂ ਬਾਅਦ ਦੇ ਦੇਸੀ ਸ਼ਾਸਕਾਂ ਬਾਰੇ ਪੁੱਛਿਆ ਜਾਵੇਗਾ। ਮੇਰੇ ਕੋਲ ਕੋਈ ਢੁਕਵਾਂ ਜਵਾਬ ਨਹੀਂ ਹੋਵੇਗਾ। ਮੈਨੂੰ ਧਰਤੀ ਵੇਲ ਨਹੀਂ ਦੇਵੇਗੀ। ਮੈਂ ਸਿਰਫ ਇਹ ਹੀ ਕਹਿ ਸਕਾਗਾਂ ਕਿ ਤੁਸੀਂ ਸਾਡੇ ਲਈ ਸ਼ਹੀਦ ਹੋ ਗਏ। ਅਸੀਂ ਤੁਹਾਡੀ ਸ਼ਹੀਦੀ ਦੇ ਹਾਣ ਦੇ ਤਾਂ ਕੀ ਹੋਣਾ ਸੀ ਉਸਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੇ। ਅਸੀਂ ਤੁਹਾਡੀ ਸ਼ਹੀਦੀ ਦਾ ਮਾਣ ਵੀ ਨਹੀਂ ਰੱਖ ਸਕੇ। ਅਸੀਂ ਤਾਂ ਤੁਹਾਨੂੰ ਕਦੋਂ ਦੇ ਭੁੱਲ ਗਏ ਸੀ। ਜੇਕਰ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਦੀ ਉਮਰ ਹੁਣ 100 ਸਾਲ ਦੇ ਕਰੀਬ, ਡਗਸ਼ਈ ਨਾ ਰਹਿੰਦਾ ਹੁੰਦਾ ਤਾਂ ਤੁਹਾਨੂੰ ਕਿਸੇ ਨੇ ਯਾਦ ਤਕ ਵੀ ਨਹੀਂ ਸੀ ਕਰਨਾ। ਉਸਦੀ ਹਿੰਮਤ ਸਦਕਾ ਤੁਹਾਡੀ ਕੁਰਬਾਨੀ ਮੁੜ ਜਿੰLਦਾ ਹੋਈ ਹੈ ਤੇ ਇਥੇ ਮਿਊਜ਼ੀਅਮ ਬਣੀ ਹੈ ਜਿਥੇ ਤੁਹਾਡੇ ਨਾਲ ਜੁੜਿਆ ਇਤਿਹਾਸ ਤੇ ਯਾਦਾਂ ਸਾਂਭ ਕੇ ਰੱਖੀਆਂ ਗਈਆਂ ਨੇ ਤੇ ਚਰੰਜੀ ਲਾਲ ਕੰਗਣੀਵਾਲ ਜੀ ਨੇ ਤੁਹਾਡੇ ਬਾਰੇ ਕਿਤਾਬ ਲਿਖ ਕੇ ਆਜ਼ਾਦੀ ਦੀ ਤਵਾਰੀਖ਼ ਦਾ ਇਕ ਅਹਿਮ ਪਹਿਲੂ ਸਾਂਭ ਲਿਆ ਹੈ।
ਉਸ ਬ੍ਰਿਗੇਡੀਅਰ ਪੀ ਐਨ ਅਨੰਥਅਨ ਆਰੀਆ ਦਾ ਵੀ ਧੰਨਵਾਦ ਕਰਨਾ ਬਣਦਾ ਜਿਸਨੇ ਸਾਲ 2011 ਵਿਚ, ਆਜ਼ਾਦੀ ਤੋਂ ਕੋਈ 64 ਸਾਲ ਬਾਅਦ, ਤੁਹਾਡੀ ਯਾਦ ਨੂੰ ਸਦੀਵੀ ਬਣਾਉਣ ਲਈ ਇਸ ਜੇਲ੍ਹ ਦੀ ਇਮਾਰਤ ਨੂੰ ਮਿਊਜ਼ੀਅਮ `ਚ ਬਦਲਣ ਬਾਰੇ ਸੋਚਿਆ ਤੇ ਆਪਣੇ ਸੁਪਨੇ ਨੂੰ ਪੂਰ ਚੜ੍ਹਾਇਆ। ਮੈਨੂੰ ਲੱਗਦਾ ਹੈ ਕਿ ਅਸੀਂ ਅਕ੍ਰਿਤਘਣ ਸਾਬਿਤ ਹੋਏ ਹਾਂ ਤੇ ਅਕ੍ਰਿਤਘਣਾਂ ਦਾ ਭਾਰ ਤਾਂ ਧਰਤੀ ਵੀ ਨਹੀਂ ਝੱਲਦੀ। ਸਾਡੇ ਬਹੁਤੇ ਸ਼ਾਸਕ ਸਭ ਕੁਝ ਨਿਗ਼ਲ ਜਾਂਦੇ ਨੇ। ਉਹ ਰਾਜਨੀਤੀ ਦੀ ਖੇਤੀ ਝੂਠ ਤੂਫ਼ਾਨ ਬੀਜ ਕੇ ਕਰਦੇ ਨੇ ਤੇ ਇਸ ਤੋਂ ਜੋ ਫ਼ਸਲ ਪੈਦਾ ਹੁੰਦੀ ਹੈ ਉਸ ਤੋਂ ਵੱਡੀ ਕਮਾਈ ਕਰਦੇ ਨੇ। ਬਹੁਤੇ ਰਾਜਨੀਤਕ ਲੋਕ ਤਾਂ ਸਾਧ ਦੇ ਭੇਸ `ਚ ਚੋਣਾਂ ਲੜਦੇ ਨੇ ਤੇ ਡਾਕੂ ਬਣ ਕੇ ਰਾਜ ਕਰਦੇ ਨੇ। ਚੋਣਾਂ ਤੋਂ ਬਾਅਦ ਲੋਕ ਪਛਤਾਉਂਦੇ ਨੇ ਪਰ ਫਿਰ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ।
ਮੈਂ ਕਾਫੀ ਦੇਰ ਆਪਣੇ ਆਪ `ਚ ਗੁਆਚਾ ਰਹਿੰਦਾ ਹਾਂ। ਪਲੋ-ਪਲ ਮੇਰੀ ਦਿਲਚਸਪੀ ਡਗਸ਼ਈ ਦੀਆਂ ਮਨ ਨੂੰ ਮੰਤਰ ਮੁਗਧ ਕਰਦੀਆਂ ਘਾਟੀਆਂ, ਦਿਓਦਾਰ ਤੇ ਚੀਲ ਦੇ ਦਰਖਤਾਂ ਨਾਲ ਲੱਦੀਆਂ ਉੱਚੀਆਂ ਪਹਾੜੀਆਂ `ਚ ਘਟਣੀ ਤੇ ਜੇਲ੍ਹ ਬਾਬਤ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਧਣੀ ਸ਼ੁਰੂ ਹੋ ਜਾਂਦੀ ਹੈ। ਬਾਹਰ ਜ਼ੋਰ ਦੀ ਮੀਂਹ ਪੈ ਰਿਹਾ ਹੈ। ਜੇਲ੍ਹ ਦਾ ਬਾਹਰਲਾ ਵਰਾਂਡਾ ਚੋਅ ਰਿਹਾ ਹੈ। ਮੇਰੇ ਨਾਲ ਹੋਰ ਵੀ ਸਾਥੀ ਤੇ ਇਕ ਪਿਆਰੀ ਬੱਚੀ ਵੀ ਹੈ। ਉਹ ਵੀ ਜੇਲ੍ਹ ਦੇਖਣ `ਚ ਦਿਲਚਸਪੀ ਲੈ ਰਹੀ ਹੈ। ਅਸੀਂ ਉਸਨੂੰ ਥੋੜ੍ਹਾ ਬਹੁਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਫੋਟੋਆਂ ਖਿੱਚ ਰਹੇ ਹਾਂ, ਖਿਚਾ ਰਹੇ ਹਾਂ। ਉਸ ਕੋਠੜੀ `ਚ ਜਾਂਦੇ ਹਾਂ ਜਿਥੇ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਰੱਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸਨੂੰ ਸ਼ਿਮਲੇ ਹਾਈ ਕੋਰਟ ਪੇਸ਼ੀ `ਤੇ ਲਿਜਾਂਦੇ ਸਮੇਂ ਇਥੇ ਰੱਖਿਆ ਗਿਆ ਸੀ। ਸ਼ਿਮਲੇ ਪੀਟਰਹੋਫ਼ ਬਿਲਡਿੰਗ, ਜਿਸ ਵਿਚ ਪਹਿਲਾਂ ਅੰਗਰੇਜ਼ ਵਾਇਸਰਾਏ ਰਹਿੰਦੇ ਸਨ, ਵਿਚ ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਥਾਪਤ ਕਰ ਦਿੱਤੀ ਗਈ ਸੀ ਤੇ ਇਥੇ ਨੱਥੂ ਰਾਮ ਗੌਡਸੇ ਦਾ ਕੇਸ ਚਲਿਆ ਸੀ। ਬਾਅਦ `ਚ ਇਸ ਬਿਲਡਿੰਗ ਨੂੰ ਹਿਮਾਚਲ ਰਾਜ ਭਵਨ ਬਣਾ ਦਿੱਤਾ ਗਿਆ ਸੀ।
ਸਭ ਤੋਂ ਪਹਿਲਾਂ ਇਸ ਜੇਲ੍ਹ `ਚ 1857 ਦੇ ਗ਼ਦਰ `ਚ ਸ਼ਾਮਿਲ ਹੋਏ ਨਾਸਰੀ ਰੈਜਮੈਂਟ ਦੇ ਗੋਰਖਾ ਸਿਪਾਹੀਆਂ ਨੂੰ ਕੈਦ ਕੀਤਾ ਗਿਆ ਸੀ। ਬਾਅਦ ਵਿਚ ਆਇਰਿਸ਼ ਕੈਥੋਲਿਕ ਸਿਪਾਹੀ, ਜੋ ਕੇਨਾਟ ਰੇਂਜਰਜ਼ ਬਟਾਲੀਅਨ ਨਾਲ ਸੰਬੰਧਿਤ ਸਨ, ਕੈਦ ਕੀਤੇ ਗਏ। ਉਨ੍ਹਾਂ ਨੇ ਜਲੰਧਰ ਛਾਉਣੀ ਵਿਚ 1920 ਵਿਚ ਆਪਣੇ ਅੰਗਰੇਜ਼ ਅਫਸਰਾਂ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ। ਇਨ੍ਹਾਂ ਬਾਗੀ ਜਵਾਨਾਂ ਦਾ ਲੀਡਰ ਜੈਮ ਡੈਲੀ (22 ਸਾਲ) ਡਗਸ਼ਈ ਜੇਲ `ਚ ਲਿਆਂਦਾ ਗਿਆ ਸੀ। ਡੈਲੀ ਨੂੰ 2 ਨਵੰਬਰ 1920 ਨੂੰ ਜੇਲ੍ਹ `ਚੋਂ ਬਾਹਰ ਕੱਢ ਕੇ ਅੰਗਰੇਜ਼ ਸਿਪਾਹੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਜੇਲ੍ਹ ਨੇੜੇ ਹੀ ਦਫਨਾ ਦਿੱਤਾ ਸੀ। ਉਸ ਸਮੇਂ ਆਇਰਲੈਂਡ ਵਿਚ ਵੀ ਆਜ਼ਾਦੀ ਲਈ ਸੰਘਰਸ਼ ਚੱਲ ਰਿਹਾ ਸੀ। ਆਇਰਿਸ਼, ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵੀ ਸਮਰਥਕ ਸਨ। ਮਹਾਤਮਾ ਗਾਂਧੀ ਨੇ ਵੀ ਇਸ ਜੇਲ `ਚ ਇਕ ਰਾਤ ਬਿਤਾਈ ਸੀ। 1970 `ਚ ਡੈਲੀ ਦੇ ਪਰਿਵਾਰ ਦੇ ਮੈਂਬਰ ਉਸ ਦੀਆਂ ਅਸਥੀਆਂ ਆਇਰਲੈਂਡ ਲੈ ਗਏ ਸਨ।

ਸ਼ਾਇਦ ਹੀ ਕਿਸੇ ਟਾਵੇਂ-ਟੱਲੇ ਨੂੰ ਪਤਾ ਹੋਵੇ ਕਿ ਡਗਸ਼ਈ ਜੇਲ੍ਹ ਵਿਚ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਹੋ ਕੇ ਆਏ ਕੁਝ ਗ਼ਦਰੀ ਬਾਬੇ ਵੀ ਰੱਖੇ ਗਏ ਤੇ ਫਾਂਸੀ ਦਿੱਤੇ ਗਏ ਸੀ।
ਜੇਲ੍ਹ, ਜਿਸ ਨੂੰ ਹੁਣ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ, ਵਿਚ ਵੇਰਵੇ ਸਹਿਤ ਕਾਮਾਗਾਟਾਮਾਰੂ ਜਹਾਜ਼ ਨਾਲ ਸੰਬੰਧਿਤ ਫੋਟੋਆਂ ਲਾਈਆਂ ਗਈਆਂ ਹਨ। ਕੋਲਕੱਤਾ ਦੇ ਬੱਜ-ਬੱਜ ਘਾਟ `ਤੇ ਕਾਮਾਗਾਟਾਮਾਰੂ ਤੇ ਅੰਗਰੇਜ਼ਾਂ ਵੱਲੋਂ ਚਲਾਈ ਗੋਲੀ ਵਿਚ ਬਹੁਤ ਸਾਰੇ ਗ਼ਦਰੀ ਸ਼ਹੀਦ ਹੋ ਗਏ ਸਨ। ਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ `ਚ ਕੁਝ ਮੋਹਰੀ ਗ਼ਦਰੀਆਂ ਨੂੰ ਡਗਸ਼ਈ ਜੇਲ੍ਹ `ਚ ਰੱਖਿਆ ਗਿਆ ਸੀ ਤੇ ਇੱਥੇ ਹੀ ਸ਼ਹੀਦ ਕੀਤਾ ਗਿਆ ਸੀ।
ਇਸੇ ਜੇਲ੍ਹ `ਚ ਮੀਆਂ ਮੀਰ ਛਾਉਣੀ ਦੀ 23 ਰੈਜਮੈਂਟ (ਰਸਾਲੇ) ਦੇ 18 ਬਾਗੀ ਜਵਾਨ ਰੱਖੇ ਗਏ ਸੀ। ਇਨ੍ਹਾਂ ਦਾ 15 ਅਗਸਤ 1915 ਨੂੰ ਕੋਰਟ ਮਾਰਸ਼ਲ ਸ਼ੁਰੂ ਹੋਇਆ ਤੇ 26 ਅਗਸਤ 1915 ਨੂੰ ਸਜ਼ਾ ਸੁਣਾ ਦਿਤੀ ਗਈ। ਇਨ੍ਹਾਂ `ਚ 12 ਨੂੰ ਫਾਂਸੀ, 5 ਨੂੰ ਉਮਰ ਕੈਦ ਤੇ 1 ਨੂੰ ਦਸ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ 12 ਬਾਗੀ ਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਨੂੰ ਜੇਲ੍ਹ ਦੇ ਪਿਛੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਪਰ ਇਸ ਬਾਰੇ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੁਝ ਲੋਕਾਂ ਅਨੁਸਾਰ ਉਨ੍ਹਾਂ ਨੂੰ ਅੰਬਾਲਾ ਜੇਲ੍ਹ `ਚ ਲਿਜਾ ਕੇ ਫਾਂਸੀ ਦਿੱਤੀ ਗਈ ਸੀ। ਹਾਲਾਂਕਿ ਫਾਂਸੀ ਕੋਠੀ ਇਥੇ ਵੀ ਜੇਲ੍ਹ ਦੇ ਨਾਲ ਬਣੀ ਹੋਈ ਹੈ ਪਰ ਅੱਜ-ਕੱਲ੍ਹ ਉਧਰ ਜਾਣ ਨਹੀਂ ਦਿੱਤਾ ਜਾਂਦਾ।
ਜਿਨ੍ਹਾਂ ਨੂੰ ਫਾਂਸੀ ਤੇ ਉਮਰ ਕੈਦ ਦੀ ਸਜ਼ਾ ਹੋਈ ਉਨ੍ਹਾਂ `ਚ ਇਕ ਨੂੰ ਛੱਡ ਕੇ ਬਾਕੀ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀ ਤੇ ਪੰਜ ਤਾਂ ਇਕੱਲੇ ਢੋਟੀਆਂ ਪਿੰਡ ਦੇ ਤੇ ਦੋ ਕਸੇਲ ਪਿੰਡ ਦੇ ਸੀ। ਫਾਂਸੀ ਚੜ੍ਹਨ ਵਾਲਿਆਂ ਵਿਚ ਦਫੇਦਾਰ ਲਛਮਣ ਸਿੰਘ ਚੁਸਲੇਵੜ, ਬੂਟਾ ਸਿੰਘ ਕਸੇਲ, ਬੁੱਧ ਸਿੰਘ ਢੋਟੀਆਂ, ਅਬਦੁੱਲਾ ਗੁਜਰਾਂਵਾਲਾ (ਹੁਣ ਪਾਕਿਸਤਾਨ), ਭਗਤ ਸਿੰਘ ਰੁੜ੍ਹੀਵਾਲ, ਮੋਤਾ ਸਿੰਘ ਰੁੜ੍ਹੀਵਾਲ, ਤਾਰਾ ਸਿੰਘ ਤੇ ਦਫੇਦਾਰ ਵਧਾਵਾ ਸਿੰਘ ਰੁੜ੍ਹੀਵਾਲ, ਇੰਦਰ ਸਿੰਘ ਜੀਓਵਾਲਾ, ਇੰਦਰ ਸਿੰਘ ਸਬਾਜਪੁਰ, ਗੁਜਰ ਸਿੰਘ ਤੇ ਜੇਠਾ ਸਿੰਘ ਲਹੁਕੇ ਸ਼ਾਮਲ ਸਨ।
23 ਰੈਜਮੈਂਟ ਨੂੰ ਪਹਿਲੀ ਸੰਸਾਰ ਜੰਗ `ਚ ਅਗਲੇ ਮੋਰਚੇ (ਸ਼ਾਇਦ ਮੈਸੋਪਟਾਮੀਆ) `ਤੇ ਜਾਣ ਦਾ ਹੁਕਮ ਦਿੱਤਾ ਗਿਆ ਸੀ। ਫੌਜੀ ਵਸਾਵਾ ਸਿੰਘ ਤੇ ਪੂਰਨ ਸਿੰਘ ਦੀ ਰੈਜਮੈਂਟ ਦਾ ਸਾਮਾਨ ਲਿਆਉਣ ਦੀ ਜ਼ਿੰਮੇਵਾਰੀ ਲਾਈ ਗਈ ਸੀ ਪਰ ਉਨ੍ਹਾਂ ਦਾ ਗ਼ਦਰੀਆਂ ਨਾਲ ਸੰਪਰਕ ਸੀ। ਉਨ੍ਹਾਂ ਅਸਲਾਖ਼ਾਨੇ ਦਾ ਸਾਮਾਨ ਬੰਨ੍ਹਦੇ ਸਮੇਂ ਦੋ ਬੰਬ ਆਪਣੇ ਟਰੰਕਾਂ `ਚ ਪਾ ਲਏ। ਉੱਤਰ ਪ੍ਰਦੇਸ਼ ਦੇ ਨਗਾਓਂ ਵਿਚ ਸਾਮਾਨ ਉਤਾਰਦੇ ਸਮੇਂ ਪੂਰਨ ਸਿੰਘ ਦੇ ਟਰੰਕ ਵਾਲਾ ਬੰਬ ਫਟ ਗਿਆ ਤੇ ਸਾਰੀ ਬਗ਼ਾਵਤ ਦੀ ਖੇਡ ਖ਼ਰਾਬ ਹੋ ਗਈ। ਸਾਰੇ ਬਾਗੀਆਂ ਨਾਲ ਗੱਠਜੋੜ ਵਾਲੇ ਫੌਜੀ ਫੜੇ ਗਏ ਤੇ ਜਿਹੜੇ ਅਗਲੇ ਮੋਰਚੇ `ਤੇ ਬਸਰੇ ਪਹੁੰਚੇ, ਉਨ੍ਹਾਂ `ਚ 19 ਨੂੰ ਵਾਪਿਸ ਬੁਲਾ ਲਿਆ ਗਿਆ ਤੇ ਕੁਝ ਨੂੰ ਡਗਸ਼ਈ ਜੇਲ੍ਹ `ਚ ਲਿਆਂਦਾ ਗਿਆ।
ਅਸਲ `ਚ ਗ਼ਦਰ ਪਾਰਟੀ ਦੇ ਆਗੂਆਂ ਨੇ ਭਾਰਤੀ ਦੇਸੀ ਫੌਜੀਆਂ ਨੂੰ ਛਾਉਣੀਆਂ ਵਿਚ ਬਗ਼ਾਵਤ ਕਰਨ ਲਈ ਤਿਆਰ ਕੀਤਾ ਸੀ। ਗ਼ਦਰ ਅਖਬਾਰ `ਚ ਉਹ ਹਮੇਸ਼ਾ ਦੇਸੀ ਫੌਜੀਆਂ ਨੂੰ ਗੋਰੇ ਸ਼ਾਸਕਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਲਈ ਉਕਸਾਊ ਆਰਟੀਕਲ ਛਾਪਦੇ। ਬਾਬਾ ਹਰਨਾਮ ਸਿੰਘ ਟੁੰਡੀਲਾਟ ਵਲੋਂ ਲਿਖੀ ਗ਼ਦਰ ਗੂੰਜ ਵਿਚ ਦੇਸੀ ਫੌਜੀਆਂ ਨੂੰ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕਣ ਲਈ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਛਾਉਣੀਆਂ ਵਿਚ ਦੇਸੀ ਫੌਜੀਆਂ ਨਾਲ ਸੰਪਰਕ ਸਾਧਣ ਲਈ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੁੱਘਾ, ਪੰਡਿਤ ਜਗਤ ਰਾਮ, ਪ੍ਰਿਥਵੀ ਸਿੰਘ ਲਾਲੜੂ, ਭਾਈ ਬੰਤਾ ਸਿੰਘ ਸੰਘਵਾਲ ਤੇ ਭਾਈ ਰੂੜ ਸਿੰਘ ਚੂਹੜਚੱਕ ਨੇ ਬਹੁਤ ਮੁਸ਼ੱਕਤ ਕੀਤੀ। ਉਧਰ ਬੰਗਾਲੀ ਇਨਕਲਾਬੀਆਂ ਜਿਨ੍ਹਾਂ `ਚ ਸੁਚਿੰਦਰ ਨਾਥ ਸਨਿਆਲ ਤੇ ਰਾਸ ਬਿਹਾਰੀ ਬੋਸ ਸ਼ਾਮਿਲ ਸਨ, ਨਾਲ ਸੰਪਰਕ ਕਰਨ ਦਾ ਮੁੱਖ ਕੰਮ ਕਰਤਾਰ ਸਿੰਘ ਸਰਾਭਾ ਤੇ ਭਾਈ ਪਰਮਾ ਨੰਦ ਝਾਂਸੀ ਨੇ ਕੀਤਾ। ਰਾਸ ਬਿਹਾਰੀ ਬੋਸ ਦੇ ਕਹਿਣ `ਤੇ ਸਨਿਆਲ ਨਵੰਬਰ 1914 `ਚ ਜਲੰਧਰ ਆਇਆ ਤੇ ਉਸਨੇ ਜਲੰਧਰ ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ `ਤੇ ਕਰਤਾਰ ਸਿੰਘ ਸਰਾਭਾ ਤੇ ਹੋਰਨਾਂ ਨਾਲ ਮੀਟਿੰਗ ਕੀਤੀ।
ਭਾਈ ਰਣਧੀਰ ਸਿੰਘ, ਜਿਨ੍ਹਾਂ ਨੇ ਗ਼ਦਰ ਲਹਿਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਤੇ 15 ਸਾਲ ਜੇਲ੍ਹ ਕੱਟੀ, ਦਾ ਸੰਬੰਧ ਵੀ ਡਗਸ਼ਈ ਤੇ ਇਸਦੇ ਨਾਲ ਦੇ ਇਲਾਕੇ ਨਾਲ ਰਿਹਾ। ਡਗਸ਼ਈ ਦੇ ਨਾਲ ਹੀ ਅੱਗੇ ਸ਼ਿਮਲੇ ਵੱਲ ਉਨ੍ਹਾਂ ਦਾ ਕੁਮਾਰ ਹੱਟੀ ਵਿਚ ਗੁਰਦੁਆਰਾ ਹੈ। ਬਿਮਾਰੀ ਕਰਕੇ ਜੇਲ੍ਹ ਕੱਟਣ ਤੋਂ ਬਾਅਦ ਉਹ ਲੰਬਾ ਸਮਾਂ, ਇੱਥੇ ਪਹਾੜਾਂ ਵਿਚ ਰਹੇ। ਉਹ ਲਾਹੌਰ `ਚ ਐਫ.ਸੀ ਕਾਲਜ `ਚ ਪੜ੍ਹੇ ਸੀ। ਗ਼ਦਰ ਪਾਰਟੀ ਲਈ ਕੰਮ ਕਰ ਰਹੇ ਬੰਤਾ ਸਿੰਘ ਸੰਘਵਾਲ ਨੂੰ ਗ਼ਦਰ ਪਾਰਟੀ `ਚ ਪੰਜਾਬ `ਚੋਂ ਨੌਜਵਾਨ ਭਰਤੀ ਕਰਨ ਲਈ ਅਮਰੀਕਾ ਤੋਂ ਭੇਜਿਆ ਗਿਆ ਸੀ। ਬੰਤਾ ਸਿੰਘ ਨੂੰ ਈਸ਼ਰ ਸਿੰਘ ਢੁਡੀਕੇ ਨੇ ਸਲਾਹ ਦਿੱਤੀ ਕਿ ਸੰਤ ਰਣਧੀਰ ਸਿੰਘ ਇਸ ਕੰਮ `ਚ ਸਭ ਤੋਂ ਵਧੀਆ ਯੋਗਦਾਨ ਪਾ ਸਕਦੇ ਨੇ। ਉਨ੍ਹਾਂ ਨੇ ਧਾਰਮਿਕ ਪ੍ਰਵਚਨ ਦੇ ਨਾਲ-ਨਾਲ ਗ਼ਦਰ ਪਾਰਟੀ ਦੇ ਪ੍ਰੋਗਰਾਮ ਨੂੰ ਪ੍ਰਚਾਰਨ ਦਾ ਕੰਮ ਵੀ ਅਰੰਭ ਦਿੱਤਾ ਤੇ ਪਾਰਟੀ ਦੀ ਵੱਡੀ ਮਦਦ ਕੀਤੀ। ਉਨ੍ਹਾਂ ਦਾ ਕਰਤਾਰ ਸਿੰਘ ਸਰਾਭੇ ਨਾਲ ਨੇੜੇ ਦਾ ਸੰਬੰਧ ਸੀ। ਜੇਲ੍ਹ ਵਿਚ ਉਨ੍ਹਾਂ ਦਾ ਸ਼ਹੀਦ ਭਗਤ ਸਿੰਘ ਨਾਲ ਵੀ ਮੇਲ ਮਿਲਾਪ ਰਿਹਾ ਤੇ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਜੇਲ੍ਹ `ਚ ਭਾਈ ਰਣਧੀਰ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਸੀ।
ਡਗਸ਼ਈ ਇੰਨਾ ਵੱਡਾ ਇਤਿਹਾਸਕ ਖਜ਼ਾਨਾ ਸਾਂਭੀ ਬੈਠੀ ਹੈ, ਜਿਸ ਦਾ ਸ਼ਾਸਕ ਵਰਗ ਨੂੰ ਚਿੱਤ-ਚੇਤਾ ਵੀ ਨਹੀਂ। ਯੂਨੀਵਰਸਿਟੀਆਂ ਨੂੰ ਇਸ ਇਤਿਹਾਸ ਨੂੰ ਕਿਤਾਬੀ ਰੂਪ ਦੇਣਾ ਚਾਹੀਦਾ ਹੈ ਤੇ ਇਸ ਲਈ ਖੋਜ ਪ੍ਰੋਜੈਕਟ ਬਣਾਉਣੇ ਚਾਹੀਦੇ ਨੇ। ਮੇਰੇ ਲਈ ਡਗਸ਼ਈ ਆਉਣ ਦਾ ਫੈਸਲਾ ਸਾਰਥਕ ਸਿੱਧ ਹੋਇਆ। ਨਹੀਂ ਤਾਂ ਸਾਰੀ ਉਮਰ ਦਾ ਪਛਤਾਵਾ ਪੱਲੇ ਪੈ ਜਾਣਾ ਸੀ।
ਫੋਨ : 98141-23338