ਰਾਹੁਲ ਗਾਂਧੀ ਦਾ ਪੰਜਾਬ ਦੌਰਾ

ਪੰਜਾਬ ਵਿਚ ਮੀਂਹਾਂ ਨੂੰ ਮੋੜਾ ਪੈਣ, ਹੜ੍ਹਾਂ ਦੇ ਤਬਾਹੀ ਮਚਾ ਕੇ ਹੌਲੀ-ਹੌਲੀ ਪਰਤ ਜਾਣ ਦੇ ਦਿਨਾਂ ਵਿਚ ਪਹਿਲਾਂ ਕੇਜਰੀਵਾਲ, ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੁਣ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਹੀ ਰਾਹੁਲ ਗਾਂਧੀ ਦਾ ਦੌਰਾ ਵੀ ਗੁਰਦਾਸਪੁਰ ਅਤੇ ਪਠਾਨਕੋਟ ਦੇ ਆਲੇ-ਦੁਆਲੇ ਦੇ ਪਿੰਡਾਂ ਤੱਕ ਹੀ ਕੇਂਦਰਿਤ ਰਿਹਾ।

ਰਾਹੁਲ ਗਾਂਧੀ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੀਨਾਨਗਰ ਦੇ ਮਕੌੜਾ ਪੱਤਣ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਦਰਿਆ ਰਾਵੀ ਤੋਂ ਪਾਰ ਪੈਂਦੇ 7 ਪਿੰਡਾਂ ਅੰਦਰ ਲੋਕਾਂ ਦਾ ਹਾਲ ਜਾਣਨ ਲਈ ਇੱਛਾ ਜਤਾਈ ਪਰ ਗੁਰਦਾਸਪੁਰ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਜਾਣ ਤੋਂ ਰੋਕ ਦਿੱਤਾ ਗਿਆ। ਰਾਹੁਲ ਗਾਂਧੀ ਅਤੇ ਉਨ੍ਹਾਂ ਨਾਲ ਪਹੁੰਚੇ ਵੱਡੇ ਆਗੂਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਹਿਸਬਾਜ਼ੀ ਵੀ ਹੋਈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਰਾਵੀ ਦਰਿਆ ਪਾਰ ਵਸਦੇ ਪਿੰਡ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਹਾਲ ਜਾਣਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ?
ਰਾਹੁਲ ਗਾਂਧੀ ਨਾਲ ਪਹੁੰਚੇ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ, ਪਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਨੂੰ ਰਾਵੀ ਦਰਿਆ ਦੇ ਕੰਢੇ ਜਾਣ ਤੋਂ ਰੋਕ ਦਿੱਤਾ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ ਨੇ ਪੁਸ਼ਟੀ ਕੀਤੀ ਕਿ ਰਾਵੀ ਦਰਿਆ ਪਾਰ ਜਾਣ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪੁੱਜ ਗਿਆ ਜਿਨ੍ਹਾਂ ਨੇ ਮੱਲਿਕਾਰਜੁਨ ਖੜਗੇ ਨਾਲ ਗੱਲ ਕੀਤੀ। ਖੜਗੇ ਦੇ ਫੋਨ ਤੋਂ ਬਾਅਦ ਰਾਹੁਲ ਨੇ ਰਾਵੀ ਪਾਰ ਜਾਣ ਦਾ ਪ੍ਰੋਗਰਾਮ ਰੱਦ ਕੀਤਾ। ਅਖ਼ੀਰ ਮੌਕੇ ‘ਤੇ ਵੱਡੀ ਗਿਣਤੀ ‘ਚ ਮੌਜੂਦ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ। ਉਨ੍ਹਾਂ ਦੀਆਂ ਤਕਲੀਫ਼ਾਂ ਤੇ ਮੁਸ਼ਕਲਾਂ ਸੁਣੀਆਂ। ਸਭ ਤੋਂ ਪਹਿਲਾਂ ਉਹ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਰਮਦਾਸ ਦੇ ਪਿੰਡਾਂ ਘੋਨੇਵਾਲ ਤੇ ਮਾਛੀਵਾਲ ਗਏ। ਉੱਥੇ ਰਾਹੁਲ ਨੇ ਸੱਤ ਹੜ੍ਹ ਪਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਤਿੰਨਾਂ ਦੌਰਿਆਂ ਦਾ ਲੇਖਾ-ਜੋਖਾ ਕਰੀਏ ਤਾਂ ਕੇਜਰੀਵਾਲ ਦਾ ਦੌਰਾ ਮੁੱਖ ਮੰਤਰੀ ਦੇ ਬਿਹਾਰ ਜਾਣ ਕਾਰਨ ਅਣਗੌਲਿਆ ਹੋ ਗਿਆ, ਪ੍ਰਧਾਨ ਮੰਤਰੀ ਦਾ ਦੌਰਾ ਰਾਹਤ ਰਾਸ਼ੀ ਘੱਟ ਦਿੱਤੇ ਜਾਣ ਕਾਰਨ ਵਿਵਾਦਾਂ ਵਿਚ ਘਿਰ ਗਿਆ ਅਤੇ ਰਾਹੁਲ ਗਾਂਧੀ ਦਾ ਦੌਰਾ ਪ੍ਰਸ਼ਾਸਨ ਨਾਲ ਪੇਚੇ ਕਰਕੇ ਵਧੇਰੇ ਚਰਚਾ ਵਿਚ ਰਿਹਾ। ਰਾਹੁਲ ਗਾਂਧੀ ਦੇ ਇਸ ਦੌਰੇ ਨਾਲ ਪੰਜਾਬ ਵਿਚ ਨਵੀਂ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ ਅਤੇ ਸਿਆਸੀ ਪਾਰਾ ਨਵੇਂ ਸਿਰੇ ਤੋਂ ਚੜ੍ਹਣ ਦੇ ਆਸਾਰ ਬਣ ਗਏ ਹਨ। ਹਾਲਾਂਕਿ ਮਾਨਸੂਨ ਦੇ ਖ਼ਤਮ ਹੋਣ ਦੀ ਸੰਭਾਵਨਾ ਬਣ ਗਈ ਹੈ। ਦਰਿਆਵਾਂ ਦੇ ਪਾਣੀਆਂ ਦੇ ਉਛਾਲੇ ਵੀ ਘਟ ਰਹੇ ਹਨ।
ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਲੱਖਾਂ ਏਕੜ ਵਿਚ ਪਾਣੀ ਭਰਿਆ ਰਿਹਾ ਹੈ। ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਜ਼ਮੀਨਾਂ ‘ਤੇ ਰੇਤਾ ਅਤੇ ਗਾਰ ਵਿਛ ਗਈ ਹੈ। ਆਉਂਦੀ ਫ਼ਸਲ ਲਈ ਇਨ੍ਹਾਂ ਜ਼ਮੀਨਾਂ ਨੂੰ ਮੁੜ ਤਿਆਰ ਕਰਨਾ ਬੇਹੱਦ ਮੁਸ਼ਕਿਲ ਜਾਪਦਾ ਹੈ। ਮਹੀਨੇ ਭਰ ਤੋਂ ਵੀ ਉੱਪਰ ਸਮੇਂ ਤੱਕ ਇਨ੍ਹਾਂ ਹੜ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਘਰੋਂ ਬੇਘਰ ਕਰੀ ਰੱਖਿਆ ਸੀ। ਇਸ ਸੰਕਟ ਦੀ ਘੜੀ ਵਿਚ ਜਿਸ ਤਰ੍ਹਾਂ ਪੰਜਾਬ ਦੀਆਂ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਅਤੇ ਅਸਥਾਈ ਠਾਹਰਾਂ ‘ਤੇ ਪ੍ਰਭਾਵਤ ਲੋਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਲਈ ਲੋਕਾਂ ਵਿਚ ਰਾਹਤ ਸਮੱਗਰੀ ਵੰਡੀ, ਉਹ ਸਭ ਕੁਝ ਜ਼ਰੂਰ ਹੈਰਾਨ ਕਰ ਦੇਣ ਵਾਲਾ ਸੀ। ਜਿਸ ਲਗਨ ਅਤੇ ਸਮਰਪਣ ਨਾਲ ਇਹ ਕੰਮ ਕੀਤਾ ਗਿਆ ਉਹ ਵਿਸ਼ਵਾਸ ਵੀ ਪੈਦਾ ਕਰਦਾ ਹੈ। ਅਜਿਹੀ ਭਾਵਨਾ ਦੁਖ ਅਤੇ ਦਰਦ ਨੂੰ ਘਟਾਉਂਦੀ ਹੈ ਅਤੇ ਵਿਸ਼ਵਾਸ ਪੈਦਾ ਕਰਦੀ ਹੈ। ਦੇਸ਼ ਅਤੇ ਵਿਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਪੰਜਾਬ ਦੇ ਪਹਿਰੂਆਂ ਨਾਲ ਰਲ ਕੇ ਇਸ ਯੱਗ ਦੇ ਪ੍ਰਭਾਵ ਨੂੰ ਵਧਾਇਆ। ਕਲਾਕਾਰ ਵੀ ਜ਼ਮੀਨ ‘ਤੇ ਉੱਤਰ ਕੇ ਵੱਧ ਤੋਂ ਵੱਧ ਮਦਦ ਤੇ ਸਹਿਯੋਗ ਲਈ ਸਾਹਮਣੇ ਆਏ।
ਅਨੇਕਾਂ ਪੱਧਰਾਂ ‘ਤੇ ਸ਼ੁਰੂ ਕੀਤੇ ਗਏ ਰਾਹਤ ਫੰਡਾਂ ਵਿਚ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਮਾਇਕ ਸਹਾਇਤਾ ਦਿੱਤੀ ਹੈ। ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਵੀ ਵੱਡੀ ਮਾਇਕ ਸਹਾਇਤਾ ਭੇਜੀ। ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਟੀਮਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਇਸ ਸਮੁੱਚੇ ਪਿਛੋਕੜ ਵਿਚ ਪੰਜਾਬ ਸਰਕਾਰ ਨੇ ਨੁਕਸਾਨ ਤੋਂ ਬਾਅਦ ਪੁਨਰ ਨਿਰਮਾਣ ਲਈ ਲਗਾਤਾਰ ਆਪਣੀ ਪ੍ਰਤੀਬੱਧਤਾ ਦਿਖਾਈ ਹੈ। ਇਸ ਤੋਂ ਇਹ ਉਮੀਦ ਜ਼ਰੂਰ ਬੱਝਦੀ ਹੈ ਕਿ ਸਾਂਝੇ ਯਤਨਾਂ ਨਾਲ ਛੇਤੀ ਤੋਂ ਛੇਤੀ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿਚ ਪੁਨਰ ਨਿਰਮਾਣ ਦੀਆਂ ਯੋਜਨਾਵਾਂ ਸ਼ੁਰੂ ਹੋ ਜਾਣਗੀਆਂ। ਇਸ ਵਿਚ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਵੱਧ ਤੋਂ ਵੱਧ ਮਾਇਕ ਮਦਦ ਕਰਨ ਦੀ ਜ਼ਰੂਰਤ ਹੋਵੇਗੀ, ਤਾਂ ਜੋ ਪ੍ਰਭਾਵਿਤ ਹੋਏ ਜੀਵਨ ਨੂੰ ਮੁੜ ਲੀਹਾਂ ‘ਤੇ ਲਿਆਂਦਾ ਜਾ ਸਕੇ ਅਤੇ ਪੰਜਾਬ ਇਕ ਵਾਰ ਫੇਰ ਖੁਸ਼ਹਾਲ ਦਿਸਣਾ ਸ਼ੁਰੂ ਹੋ ਜਾਵੇ।