ਗੁਲਜ਼ਾਰ ਸਿੰਘ ਸੰਧੂ
ਭਾਰਤ ਵਿਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਤਰਲੋਚਨ ਸਿੰਘ ਨੂੰ ਬਰਤਾਨੀਆ ਦੀ ਪੋਠੋਹਾਰ ਐਸੋਸੀਏਸ਼ਨ ਵਲੋਂ ਸਨਮਾਨੇ ਜਾਣ ਦੀ ਖਬਰ ਨੇ ਓਧਰੋਂ ਆਏ ਉਨ੍ਹਾਂ ਮਹਾਰਥੀਆਂ ਦੀ ਯਾਦ ਦਿਲਵਾ ਦਿੱਤੀ ਹੈ ਜਿਨ੍ਹਾਂ ਨੇ ਭਾਰਤ ਆ ਕੇ ਵੱਡੀਆਂ ਮੱਲਾਂ ਮਾਰੀਆਂ| ਇਨ੍ਹਾਂ ਵਿਚੋਂ ਇੰਦਰ ਕੁਮਾਰ ਗੁਜ਼ਰਾਲ ਤੇ ਮਨਮੋਹਨ ਸਿੰਘ ਏਥੋਂ ਦੇ ਪ੍ਰਧਾਨ ਮੰਤਰੀ ਰਹੇ ਤੇ ਹਰਦਿੱਤ ਸਿੰਘ ਮਨਿਕ ਰਾਜਦੂਤ| ਇਨ੍ਹਾਂ ਤੋਂ ਬਿਨਾਂ ਗੁਰਮੁਖ ਸਿੰਘ ਮੁਸਾਫਰ, ਜਨਰਲ ਜਗਜੀਤ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਸੇਨਾ ਤੇ ਸਿਆਸਤ ਵਿਚ ਨਾਮਣਾ ਖੱਟਿਆ ਅਤੇ ਭਾਈ ਜੋਧ ਸਿੰਘ, ਕਵੀ ਮੋਹਨ ਸਿੰਘ ਤੇ ਉਪਨਿਆਸਕਾਰ ਕਰਤਾਰ ਸਿੰਘ ਦੁੱਗਲ ਨੇ ਵਿਦਿਆ ਤੇ ਸਾਹਿਤ ਦੇ ਖੇਤਰ ਵਿਚ|
ਇਹ ਲੰਡਨ ਸਥਿਤ ਪੋਠੋਹਾਰ ਐਸੋਸੀਏਸ਼ਨ ਸਮੇਂ-ਸਮੇਂ ਅਜਿਹੇ ਮਹਾ ਪੁਰਸ਼ਾਂ ਨੂੰ ਨਿਵਾਜਦੀ ਰਹੀ ਹੈ ਜਿਹੜੇ ਦੇਸ਼ ਵੰਡ ਸਮੇਂ ਰਾਵਲਪਿੰਡੀ, ਜਿਹਲਮ, ਤੇ ਕੈਬਲਪੁਰ ਵਿਚ ਆਪਣਾ ਘਰ ਬਾਰ ਤਿਆਗ ਕੇ ਸ਼ਰਨਾਰਥੀ ਹੋ ਗਏ ਤੇ ਏਧਰ ਆ ਕੇ ਆਪਣੀ ਹਿੰਮਤ ਤੇ ਉੱਦਮ ਸਦਕਾ ਵੱਡੀਆਂ ਮੱਲਾਂ ਮਾਰਨ ਦੇ ਯੋਗ ਹੋਏ| ਜ਼ਿੰਦਾਬਾਦ!
ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ‘ਦੇਸ਼ ਸੇਵਕ’ ਤੇ ਮੈਂ
ਤੀਹ ਸਾਲ ਪਹਿਲਾਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਚੰਡੀਗੜ੍ਹ ਤੋਂ ਰੋਜ਼ਾਨਾ ਅਖ਼ਬਾਰ ਜਾਰੀ ਕਰਨ ਦਾ ਸੁਪਨਾ ਲਿਆ ਤਾਂ ਮੈਨੂੰ ਇਸਦੇ ਸੰਪਾਦਕ ਦੀ ਜ਼ਿੰਮੇਵਾਰੀ ਸੌਂਪੀ ਗਈ| ਚੰਡੀਗੜ੍ਹ ਦੇ 29 ਸੈਕਟਰ ਵਿਚ ਟ੍ਰਿਬਿਊਨ ਦੇ ਨੇੜੇ ਇਮਾਰਤ ਵੀ ਤਿਆਰ ਸੀ ਤੇ ਛਾਪਾਖਾਨਾ ਵੀ| ਮੇਰਾ ਕੰਮ ਪਰਚਾ ਜਾਰੀ ਕਰਵਾਉਣ ਤੱਕ ਸੀਮਤ ਸੀ| ਦੋ ਤਿੰਨ ਸਾਲ ਲਾ ਕੇ ਮੈਂ ਉਨ੍ਹਾਂ ਤੋਂ ਛੁੱਟੀ ਲੈ ਲੈਣੀ ਸੀ| ਪਰਚੇ ਵਿਚ ਛਪੀ ਹੋਈ ਸਮੱਗਰੀ ਵੇਖਣ ਦੀ ਜ਼ਿੰਮੇਵਾਰੀ ਕਾਮਰੇਡ ਹਰਕੰਵਲ ਸਿੰਘ ਨੂੰ ਸੌਂਪੀ ਗਈ ਸੀ ਤੇ ਮਸ਼ੀਨਾਂ ਦੀ ਦੇਖ-ਰੇਖ ਮਿਲਦੇ ਜੁਲਦੇ ਵਿਚਾਰਾਂ ਵਾਲੇ ਗੁਰਦਰਸ਼ਨ ਬੀਕਾ ਨੂੰ। ਕਦੀ ਕਦਾਈਂ ਮੰਗਤ ਰਾਮ ਪਾਸਲਾ ਵੀ ਸਵੇਰ ਵਾਲੀ ਮੀਟਿੰਗ ਵਿਚ ਹਾਜ਼ਰ ਹੁੰਦਾ ਸੀ| ਏਸ ਲਈ ਕਿ ਖੱਬੇ ਪੱਖੀ ਧਾਰਨਾ ਨੂੰ ਕਿਸੇ ਕਿਸਮ ਦੀ ਠੇਸ ਨਾ ਆਵੇ| ਮੈਂ ਕੇਵਲ ਪੰਜ ਹਜ਼ਾਰ ਰੁਪਏ ਮਹੀਨਾ ਲੈ ਕੇ ਕੰਮ ਕਰਨਾ ਸੀ|
ਚੰਗੇ ਭਾਗਾਂ ਨੂੰ ਮੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੌਕਰੀ ਬੜੀ ਕੰਮ ਆਈ| ਮੈਂ ਉੱਥੋਂ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦਾ ਮੁਖੀ ਰਹਿ ਚੁੱਕਿਆ ਸਾਂ ਤੇ ਮੇਰੇ ਵਿਦਿਆਰਥੀ ਦੋ ਹਜ਼ਾਰ ਰੁਪਏ ਮਹੀਨਾ ’ਤੇ ਮੇਰਾ ਸਾਥ ਦੇਣਾ ਮੰਨ ਗਏ| ਉਨ੍ਹਾਂ ਵਿਚੋਂ ਤਿੰਨ ਬੀਬੀਆਂ ਮੇਰੇ ਘਰ ਹੀ ਰਹਿੰਦੀਆਂ ਤੇ ਮੇਰੀ ਗੱਡੀ ਵਿਚ ਮੇਰੇ ਨਾਲ ਦਫਤਰ ਜਾਂਦੀਆਂ ਤੇ ਨਾਲ ਹੀ ਵਾਪਸ ਆ ਜਾਂਦੀਆਂ ਸਨ|
ਮੈਂ ਆਪਣੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀਆਂ ’ਤੇ ਕੰਮ ਕੀਤਾ, ਪਰ ਜੋ ਮਜ਼ਾ ਦੇਸ਼ ਸੇਵਕ ਦੀ ਨੌਕਰੀ ਸਮੇਂ ਆਇਆ ਹੋਰ ਕਿਧਰੇ ਨਹੀਂ| ਏਥੇ ਮੈਂ ਆਪਣੀ ਮਰਜ਼ੀ ਦਾ ਮਾਲਕ ਸਾਂ ਤੇ ਮੇਰੇ ਨਿਗਰਾਨ ਮੇਰੀ ਮਰਜ਼ੀ ਖਿੜੇ ਮੱਥੇ ਪਰਵਾਨ ਕਰਦੇ ਸਨ| ਮੈਂ ਪਰਚੇ ਦੀ ਰੂਪ-ਰੇਖਾ ਨਿਰਧਾਰਤ ਕਰਦੇ ਸਮੇਂ ਅੰਗਰੇਜ਼ੀ ਅਖ਼ਬਾਰ ਪਾਇਓਨੀਰ ਨੂੰ ਮੁਖ ਰੱਖਿਆ ਤੇ ‘ਦਾ ਹਿੰਦੂ’ ਤੇ ‘ਟਾਈਮਜ਼ ਆਫ ਇੰਡੀਆ’ ਦੀ ਸਹਿਮਤੀ ਨਾਲ ਉਨ੍ਹਾਂ ਵਿਚਲੀ ਸਮੱਗਰੀ ਦਾ ਅਨੁਵਾਦ ਆਪਣੇ ਪਰਚੇ ਲਈ ਵਰਤਿਆ, ਜਿਹੜਾ ਖੂਬ ਪਸੰਦ ਕੀਤਾ ਗਿਆ| ਸੰਪਾਦਕੀ ਪੰਨੇ ਉੱਤੇ ਮਿਡਲ ਲਿਖਣ ਦੀ ਪਿਰਤ ਪਾਉਣ ਵਾਲਾ ਵੀ ਮੈਂ ਹੀ ਸਾਂ| ਮੇਰੇ ਮਿੱਤਰਾਂ ਵਿਚ ਸੁਰਜੀਤ ਹਾਂਸ ਨੇ ‘ਇਤਲਾਹ ਹੈ’ ਨਾਂ ਦਾ ਕਾਲਮ ਲਿਖਿਆ| ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ ਤੇ ਨਾ ਹੀ ਅਸੀਂ ਦਿੱਤਾ|
ਚੇਤੇ ਰਹੇ ਕਿ ਜਦੋਂ ਕਾਮਰੇਡ ਸੁਰਜੀਤ ਨੇ ਮੈਨੂੰ ਦਿੱਲੀ ਸੱਦਿਆ ਸੀ ਤਾਂ ਮੈਂ ਆਪਣੇ ਉੱਤਰ ਵਿਚ ਕੇਵਲ ਇੱਕ ਹੀ ਗੱਲ ਉੱਤੇ ਜ਼ੋਰ ਦਿਵਾਇਆ ਸੀ ਕਿ ਜੇ ਨਵਾਂ ਅਖ਼ਬਾਰ ਪਾਰਟੀ ਦਾ ਹੈ ਤਾਂ ਮੈਂ ਆਪਣੇ ਆਪ ਨੂੰ ਇਸਦੇ ਯੋਗ ਨਹੀਂ ਸਮਝਦਾ| ‘‘ਪਾਰਟੀ ਵੱਲੋਂ ਲੋਕ ਲਹਿਰ ਕਢਿਆ ਜਾ ਰਿਹਾ ਹੈ’’ ਕਹਿ ਕੇ ਉਸਨੇ ਮੈਨੂੰ ਚਿੰਤਾ ਨਵਿਰਤ ਕਰ ਦਿੱਤਾ|
ਇਸ ਸੰਸਥਾ ਦੀ ਵਡਿਆਈ ਇਹ ਹੈ ਕਿ ਪਿਛਲੇ ਤੀਹ ਸਾਲਾਂ ਤੋਂ ਇਹ ਪਰਚਾ ਬਿਨਾ ਨਾਗਾ ਮੈਨੂੰ ਮਿਲ ਰਿਹਾ ਹੈ| ਇਨ੍ਹਾਂ ਦਿਨਾਂ ਵਿਚ ਇਕ ਕਮਿਊਨਿਸਟ ਨੇਤਾ ਦੀ 23 ਕਿਸ਼ਤਾਂ ਵਿਚ ਛਪੀ ਉਸ ਸਮੱਗਰੀ ਸਮੇਤ ਜਿਸ ਬਾਰੇ ਮੇਰੇ ਮਿੱਤਰ ਮੇਰਾ ਪ੍ਰਤੀਕਰਮ ਜਾਣਨ ਦੇ ਇਛੁਕ ਹਨ| ਮੈਂ ਅੰਤਲੀ ਕਿਸ਼ਤ ਤੱਕ ਟਾਲ-ਮਟੋਲ ਕਰਦਾ ਰਿਹਾ| ਮੇਰਾ ਖਿਆਲ ਸੀ ਕਿ ਅੰਤ ਵਿਚ ਇਸ ਸਮੱਗਰੀ ਦਾ ਲੇਖਕ ਥੋੜ੍ਹਾ ਬਹੁਤ ਠੰਢਾ ਪੈ ਜਾਵੇਗਾ ਕਿਉਂਕਿ ਜਿਸ ਮੰਗਤ ਰਾਮ ਪਾਸਲਾ ਨੂੰ ਉਸਨੇ ਨਿਸ਼ਾਨਾ ਬਣਾ ਰੱਖਿਆ ਸੀ ਉਹਦੇ ਨਾਲ ਰਲ ਕੇ ਉਹ ਵੀ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਵਿਸ਼ਵਾਸ ਪਾਤਰ ਰਹਿ ਚੁੱਕਿਆ ਸੀ|
ਅੰਤਲੀ ਕਿਸ਼ਤ ਵਿਚ ਮੇਰੀ ਆਸ ਨੂੰ ਕੇਵਲ ਏਨਾ ਹੀ ਬੂਰ ਪਿਆ ਕਿ ਮੰਗਤ ਰਾਮ ਨੂੰ ਘਟੀਆ ਮਨੁੱਖ ਤੇ ਬੇਸ਼ਰਮ ਕਹਿਣ ਵਾਲਾ ਲੇਖਕ ਏਥੇ ਇੱਕ ਥਾਂ ‘ਪਾਸਲਾ ਜੀ’ ਲਿਖਦਾ ਹੈ ਤੇ ਇੱਕ ਹੋਰ ਥਾਂ ‘ਮੰਗਤ ਰਾਮ ਪਾਸਲਾ ਜੀ’| ਇਸ ਭਾਣੇ ਦਾ ਕਾਰਨ ਤਾਂ ਪਤਾ ਨਹੀਂ ਵਰਨਾ ਇਸ ਤੋਂ ਪਹਿਲਾਂ ਤਾਂ ਲੇਖਕ ਨੂੰ ਪਾਸਲਾ ਦਾ ਆਪਣੀਆਂ ਪਰਿਵਾਰਕ ਲੋੜਾਂ ਤੋਂ ਬੇਮੁਖ ਹੋ ਕੇ ਪਾਰਟੀ ਦੇ ਦਫ਼ਤਰ ਆਉਣਾ ਵੀ ਚੁਭਦਾ ਸੀ|
ਏਸੇ ਕਿਸ਼ਤ ਵਿਚ ਲੇਖਕ ਨੇ ਵੱਡਾ ਤੱਤ ਇਹ ਕਢਿਆ ਹੈ ਕਿ ਮੰਗਤ ਰਾਮ ਪਾਸਲਾ 28-29 ਸਾਲ ਕਮਿਊਨਿਸਟ ਪਾਰਟੀ ਅਰਥਾਤ ਸੀ.ਪੀ.ਆਈ. (ਐਮ) ਵਿਚ ਰਿਹਾ ਤੇ 8-9 ਸਾਲ ਸੂਬਾ ਸਕੱਤਰ ਤੇ 16 ਸਾਲ ਕੇਂਦਰੀ ਕਮੇਟੀ ਦਾ ਮੈਂਬਰ ‘ਏਨੇ ਸਾਲਾਂ ਵਿਚ ਇਸ ਝੁਡੂ ਨੂੰ ਇਹ ਪਤਾ ਨਹੀਂ ਲੱਗਾ ਕਿ ਕਮਿਊਨਿਸਟ ਪਾਰਟੀ ਕੀ ਹੁੰਦੀ ਹੈ|’ ਜੇ ਉਹ ਏਨਾ ਹੀ ਝੁਡੂ ਹੈ ਜਾਂ ਰਿਹਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੋਰਨਾਂ ਦੇ ਆਸਰੇ ਛਡ ਆਪ ਝੋਲਾ ਚੁੱਕ ਕੇ ਪਾਰਟੀ ਦੇ ਕੰਮ ਕਿਉਂ ਕਰਦਾ ਰਿਹਾ ਹੈ? ਕੀ ਇਹ ਸੱਚ ਨਹੀਂ ਕਿ ਸੱਚੀ ਤੇ ਸੁੱਚੀ ਲਗਨ ਵਾਲੇ ਸਾਰੇ ਸਿਆਸਤਦਾਨ, ਧਾਰਮਿਕ ਬੰਦੇ ਤੇ ਕਲਾਕਾਰ ਆਪੋ ਆਪਣੇ ਪਰਿਵਾਰਾਂ ਤੋਂ ਬੇਮੁਖ ਹੋ ਕੇ ਆਪਣੀ ਲਗਨ ਉੱਤੇ ਪਹਿਰਾ ਦਿੰਦੇ ਆਏ ਹਨ ਤੇ ਦੇ ਰਹੇ ਹਨ|
ਲੇਖਕ ਨੇ ਜਿਸ ਬੰਦੇ ਲਈ ਝੁਡੂ ਸ਼ਬਦ ਵਰਤਿਆ ਹੈ ਉਸਨੂੰ 28-29 ਸਾਲ ਸਰਦਾਰੀ ਬਖਸ਼ਣ ਵਾਲਿਆਂ ਵਿਚ ਹਰਕ੍ਰਿਸ਼ਨ ਸਿੰਘ ਸੁਰਜੀਤ ਸਭ ਤੋਂ ਉੱਤਮ ਹੈ ਜਿਸ ਲਈ ਲੇਖਕ ਮਹਾਨ ਤੇ ਉਤਮ ਸ਼ਬਦ ਵਰਤਦਾ ਹੈ| ਕੀ ਉਸਦੀ ਸੂਝ ਤੇ ਸਿਆਣਪ ਨੂੰ ਏਨੇ ਸਾਲ ਮੰਗਤ ਰਾਮ ਦੇ ਝੁਡੂਪੁਣੇ ਦਾ ਗਿਆਨ ਨਹੀਂ ਹੋਇਆ? ਜੇ ਨਹੀਂ ਤਾਂ ਇਨ੍ਹਾਂ ਕਿਸ਼ਤਾਂ ਦਾ ਲੇਖਕ ਕਾਮਰੇਡ ਸੁਰਜੀਤ ਲਈ ਕਿਹੜਾ ਸ਼ਬਦ ਵਰਤਦਾ ਹੈ?
ਜਿੰਨਾ ਕੁ ਮੈਂ ਲੇਖਕ ਨੂੰ ਜਾਣਦਾ ਹਾਂ ਇਨ੍ਹਾਂ ਕਿਸ਼ਤਾਂ ਦੀ ਸ਼ਬਦਾਵਲੀ ਤੇ ਦਲੀਲਾਂ ਉਸ ਦੀਆਂ ਆਪਣੀਆਂ ਨਹੀਂ ਹੋ ਸਕਦੀਆਂ ਕਿਸੇ ਹੋਰ ਦੀਆਂ ਸੁਝਾਈਆਂ ਜਾਪਦੀਆਂ ਹਨ| ਕਾਮਰੇਡ ਸੁਰਜੀਤ ਨੇ ਤਾਂ ਇਨ੍ਹਾਂ ਨੂੰ ਦੇਸ਼ ਸੇਵਕ ਵਿਚ ਛਪਣ ਵੀ ਨਹੀਂ ਸੀ ਦੇਣਾ| ਇਸ ਨਾਲ ਪਰਚੇ ਦੀ ਪੈਠ ਨੂੰ ਧੱਕਾ ਲਗਦਾ ਹੈ ਨਿੰਦੇ ਗਏ ਵਿਅਕਤੀ ਦੇ ਵੱਕਾਰ ਨੂੰ ਨਹੀਂ| ਚੰਗਾ ਹੁੰਦਾ ਜੇ ਅਦਾਰਾ ਦੇਸ਼ ਸੇਵਕ ਲੇਖਕ ਤੋਂ ਮੁਆਫੀ ਮੰਗ ਕੇ ਇਸਨੂੰ ਵਾਪਸ ਪਰਤਾ ਦਿੰਦਾ| ਕਾਮਰੇਡ ਸੁਰਜੀਤ ਨੇ ਇਹ ਪਰਚਾ ਨਿੱਜੀ ਕਿੜ੍ਹ ਕੱਢਣ ਹਿੱਤ ਨਹੀਂ ਸੀ ਕੱਢਿਆ, ਪਾਰਟੀ ਦੀ ਵਿਚਾਰਧਾਰਾ ਨੂੰ ਜਨ ਸਮੂਹ ਤੱਕ ਪਹੁੰਚਾਉਣ ਲਈ ਕਢਿਆ ਸੀ|
ਅੰਤਿਕਾ
ਮਿਰਜ਼ਾ ਗਾਲਿਬ॥
ਕਭੀ ਨੇਕੀ ਭੀ ਉਸਨੇ ਜੀਅ ਮੈਂ ਗਰ ਆ ਜਾਏ ਹੈ ਮੁਝ ਸੇ
ਜਫਾਏਂ ਕਰਕੇ ਅਪਣੀ ਯਾਦ, ਸ਼ਰਮਾ/ਜਾਏ ਹੈ ਮੁੱਲ ਸੇ।
