ਅਤਰਜੀਤ
ਨਕਸਲੀ ਲਹਿਰ ਦੇ ਅਰੰਭਲੇ ਦਿਨਾਂ ਦੇ ਆਪਣੀਆਂ ਯਾਦਾਂ ਦੇ ਇਸ ਸਿਲਸਿਲੇ ਵਿਚ ਅਤਰਜੀਤ ਨੇ ਦੱਸਿਆ ਹੈ ਕਿ ਪੋ੍ਰ. ਸੋਹੀ ਦੀ ਅਗਵਾਈ ਹੇਠਲੇ ਨਾਗੀ ਧੜੇ ਵਿਚ ਹਰਭਜਨ ਹਲਵਾਰਵੀ ਤੇ ਗੋਬਿੰਦਰ ਸਿੰਘ ਵਰਗੇ ਉਨ੍ਹਾਂ ਦਿਨਾਂ ਵਿਚ ਇਨਕਲਾਬੀ ਰੰਗ ਵਿਚ ਰੰਗੇ ਹੋਏ ਨੌਜਵਾਨਾਂ ਦੀ ਸ਼ਮੂਲੀਅਤ ਕਿਵੇਂ ਹੋਈ।
ਪੰਜਾਬ ਦੇ ਲੋਕਾਂ ਦੀ ਚੇਤਨਾ ਨੂੰ ਸਾਨ੍ਹ ‘ਤੇ ਲਾਉਣ ਲਈ ਵੱਖ-ਵੱਖ ਕਸਬਿਆਂ ਵਿਚ ਸਾਹਿਤ ਸਭਾਵਾਂ ਤੇ ਨੌਜਵਾਨ ਸਭਾਵਾਂ ਕਿਸ ਉਤਸ਼ਾਹ ਨਾਲ ਬਣਾਈਆਂ ਗਈਆਂ ਅਤੇ ਵਰਿਆਮ ਸਿੰਘ ਸੰਧੂ ਵਰਗੇ ਉਭਰਦੇ ਕਹਾਣੀਕਾਰ, ਅਜਮੇਰ ਔਲਖ ਵਰਗੇ ਨਾਟਕਕਾਰ, ਅਮਰਜੀਤ ਚੰਦਨ ਵਰਗੇ ਹੋਣਹਾਰ ਕਵੀ, ਚਮਨਲਾਲ ਪ੍ਰਭਾਕਰ ਅਤੇ ਡਾ. ਸੁਰਿੰਦਰ ਦੁਸਾਂਝ ਵਰਗੇ ਬੁੱਧੀਜੀਵੀ ਲਹਿਰ ਨਾਲ ਪੂਰੇ ਉਤਸ਼ਾਹ ਨਾਲ ਇਸ ਦੌਰ ਵਿਚ ਹੀ ਜੁੜੇ।-ਸੰਪਾਦਕ
‘ਪੰਜਾਬ ਕਮਿਊਨਿਸਟ ਰੈਵੋਲਿਊਸ਼ਰੀ ਕਮੇਟੀ’ ਦੀ ਅਗਵਾਈ ਵਿਚ ਕਈ ਕਿਸਮ ਦੀਆਂ ਖਾੜਕੂ ਜਥੇਬੰਦੀਆਂ ਨੇ ਖਾੜਕੂ ਮੁਜ਼ਾਹਰੇ ਲਾਮਬੰਦ ਕਰ ਕੇ ਨੌਜੁਆਨਾਂ ਨੂੰ ਆਪਣੇ ਨਾਲ ਜੋੜਨ ਲਈ ਯਤਨ ਤੇਜ਼ ਕੀਤੇ ਹੋਏ ਸਨ| ਇਸ ਨਾਲ ਦੂਜੇ ਗਰੁੱਪਾਂ ’ਚੋਂ ਟੁੱਟ ਕੇ ਨੌਜੁਆਨ ਇੱਧਰ ਸ਼ਾਮਿਲ ਹੋਣੇ ਸ਼ੁਰੂ ਹੋ ਗਏ| ਇਸ ਨਾਲ ‘ਗੁਰੀਲਾ ਵਾਰ ਫੇਅਰ’ ਵਿਚ ਵਿਸ਼ਵਾਸ ਰੱਖਣ ਵਾਲੇ ਗਰੁੱਪ ਵੀ ਜਨਤਕ ਲਾਈਨ ਦੀ ਅਹਿਮੀਅਤ ਸਮਝਣ ਲੱਗੇ| ਹਰਭਜਨ ਹਲਵਾਰਵੀ ਇੱਕ ਅਜਿਹਾ ਨੌਜਵਾਨ ਸੀ ਜਿਸ ਨੂੰ ਮੈਂ ਪਹਿਲੀ ਵਾਰ ਮਨੋਹਰ ਨਾਂ ਹੇਠ ਮਾਸਟਰ ਮੇਘ ਦੇ ਘਰ ਮਿiਲ਼ਆ| ਮੈਂ ਉਸ ਦੀ ਬਾਂਹ ਉੱਪਰ ਅੰਗਰੇਜ਼ੀ ਦੇ ਦੋ ਅੱਖਰ ਐੱਚ.ਐੱਸ. ਪੜ੍ਹ ਲਏ, ਜਿਨ੍ਹਾਂ ਨੂੰ ਮੈਂ ਤੁਰੰਤ ਹੀ ਭੁਲਾਉਣ ਦਾ ਯਤਨ ਕੀਤਾ ਸੀ| ਠੀਕ ਹੈ, ਉਹ ਹਰਭਜਨ ਹਲਵਾਰਵੀ ਨਹੀਂ, ਮਨੋਹਰ ਸੀ| ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਕਿਸੇ ਥਾਣੇਦਾਰ ਦੇ ਕਤਲ ਵਿਚ ਉਸਦਾ ਨਾਂ ਬੋਲਦਾ ਸੀ| ਰੂਹ-ਪੋਸ਼ੀ ਦੀ ਸੂਰਤ ਵਿਚ ਉਹ ਸੱਤਿਆ ਨਾਰਾਇਣ ਵਾਲ਼ੀ ਲਾਈਨ ਛੱਡ ਕੇ ਆਪਣੇ ਸ਼ਾਗਿਰਦ ਗੋਬਿੰਦਰ ਤੇ ਕੁੱਝ ਸਾਥੀਆਂ ਸਮੇਤ ਬਠਿੰਡਾ ਸੋਹੀ ਗਰੁੱਪ ਵਿਚ ਸ਼ਾਮਲ ਹੋਇਆ ਸੀ|
ਮੇਰਾ ਜ਼ਿਆਦਾ ਆਉਣ-ਜਾਣ ਮੇਘ ਰਾਮਪੁਰਾ ਫੂਲ ਅਤੇ ਹਰਭਜਨ ਸੋਹੀ ਦੇ ਘਰ ਹੀ ਸੀ| ਠਾਣਾ ਸਿੰਘ ਮੈਨੂੰ ਇੱਕ ਵਾਰ ਆਪਣੇ ਸਹੁਰੇ ਪਿੰਡ ਚਾਉ ਕੇ ਨੂੰ ਜਾਂਦਾ ਮਿiਲ਼ਆ ਸੀ| ਉਹ ਅਜੇ ਪ੍ਰੀਤਲੜੀ ਦਾ ਪਾਠਕ ਸੀ| ਰਾਮਪੁਰਾ ਫੂਲ ਤੋਂ ਪਿੰਡ ਮੰਡੀ ਕਲਾਂ ਤੱਕ ਮੈਂ ਕਾਮਰੇਡ ਮਾਉ ਦਾ ਨਾਂ ਰਟਦਾ ਗਿਆ ਸੀ ਤੇ ਕਾਮਰੇਡ ਠਾਣਾ ਸਿੰਘ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ| ਪੰਦਰਾਂ ਵੀਹ ਮਿੰਟਾਂ ਦੇ ਇਸ ਸਫ਼ਰ ਦੀ ਅੱਜ ਤੱਕ ਯਾਦ ਤਾਜ਼ਾ ਹੈ|
ਇਹ ਦੋਵੇਂ ਘਰ ਲਹਿਰ ਦਾ ਜਿਵੇਂ ਕੇਂਦਰ ਬਣ ਕੇ ਉੱਭਰੇ ਹੋਏ ਸਨ| ਤੀਜਾ ਘਰ ਅਫ਼ੀਮ ਵਾਲ਼ੀ ਗਲ਼ੀ ਵਿਚ ਕਾਮਰੇਡ ਵੇਦ ਪ੍ਰਕਾਸ਼ ਗੁਪਤਾ ਦਾ ਸੀ, ਜਿੱਥੇ ਅਸੀਂ ਹਵਾਈ ਗੰਨ ਵਿਚ ਮਣਕੇ ਜਿਹੇ ਪਾ ਕੇ ਨਿਸ਼ਾਨਾ ਲਾਉਣ ਦੀ ਜਾਚ ਸਿੱਖਦੇ ਹੁੰਦੇ ਸਾਂ| ਸਭ ਮੁੰਡੇ-ਕੁੜੀਆਂ ਇਨ੍ਹਾਂ ਘਰਾਂ ਵਿਚ ਹੀ ਇਕੱਠੇ ਹੁੰਦੇ ਸਨ| ਖੁੱਲ੍ਹ ਅਤੇ ਪ੍ਰੇਮ ਦੀਆਂ ਜਿਵੇਂ ਨਦੀਆਂ ਵਗ ਰਹੀਆਂ ਹੋਣ, ਮੇਰੇ ਲਈ ਇਹ ਵਿਲੱਖਣ ਕਿਸਮ ਦਾ ਅਨੁਭਵ ਸੀ| ਇਹ ਕੁੱਝ ਤਾਂ ਹੁਣ ਤੱਕ ਦੀ ਜ਼ਿੰਦਗੀ ਵਿਚ ਕਿਤੇ ਵੀ ਵੇਖਣ ਨੂੰ ਨਹੀਂ ਸੀ ਮਿiਲ਼ਆ|
ਇਸ ਲਹਿਰ ਵਿਚ ਹਰਦੇਵ ਭਗਤੂਆਣਾ ਸਭ ਤੋਂ ਵੱਡੀ ਉਮਰ ਦਾ ਕਾਮਰੇਡ ਸੀ| ਵੇਖਣ ਨੂੰ ਅਨਪੜ੍ਹ ਜਾਪਦਾ, ਪਰ ਮਾਰਕਸੀ ਚਿੰਤਨ ਦਾ ਤਾਂ ਜਿਵੇਂ ਮੁਜੱਸਮਾ ਸੀ| ਇੱਕ ਦਿਨ ਉਹ ਮੇਰੇ ਕੋਲ਼ ਆਇਆ ਤੇ ਕਹਿਣ ਲੱਗਿਆ-‘ਕੋਈ ਵਧੀਆ ਜਿਹਾ ਗੀਤ ਤਿਆਰ ਕਰ, ਵਿਆਹਾਂ-ਸ਼ਾਦੀਆਂ ਨੂੰ ਨਵੇਂ ਅਰਥ ਦੇਣ ਵਾਲਾ| ਗੀਤ ਇਹੋ ਜਿਹਾ ਹੋਵੇ ਕਿ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਬਦਲ ਪੇਸ਼ ਕਰੇ| ਮੇਰੇ ਵੱਲੋਂ ਕਾਰਨ ਪੁੱਛਣ ’ਤੇ ਉਸ ਨੇ ਦੱਸਿਆ ਕਿ ਹਰਭਜਨ ਸੋਹੀ ਦੀ ਸ਼ਾਦੀ ਭੁੱਚੋ ਖ਼ੁਰਦ ਵਾਲੇ ਉਜਾਗਰ ਦੀ ਭੈਣ ਮਹਿੰਦਰ ਨਾਲ ਹੋ ਰਹੀ ਹੈ| ਪਿੰਡ ਵਿਚ ਹੀ ਬਿਲਕੁਲ ਸਾਦੀਆਂ ਰਸਮਾਂ ਨਾਲ ਇਹ ਵਿਆਹ ਹੋਵੇਗਾ| ਤੂੰ ਦਾਜ-ਦਹੇਜ ਅਤੇ ਫੋਕੀਆਂ ਰਸਮਾਂ ਬਾਰੇ ਗੀਤ ਤਿਆਰ ਕਰ| ਸੁਣ ਕੇ ਮੈਂ ਹੈਰਾਨ ਹੋਇਆ ਕਿ ਹਰਭਜਨ ਤਾਂ ਸੋਨੇ ਦੇ ਤਬੀਤ ਵਰਗਾ ਨੌਜਵਾਨ ਹੈ, ਬਹੁਤ ਹੀ ਸੁਨੱਖੀਆਂ ਕੁੜੀਆਂ ਉਹਦੇ ਦੁਆਲ਼ੇ ਪੈਲਾਂ ਪਾਉਂਦੀਆਂ ਸਨ| ਇਹ ਫ਼ੈਸਲਾ ਉਸ ਨੇ ਕਿਵੇਂ ਲਿਆ| ਮੇਰੇ ਜਮਾਤੀ ਉਜਾਗਰ ਸਿੰਘ ਦੀ ਭੈਣ ਮਹਿੰਦਰ ਤਾਂ ਦੇਖਣੀ-ਪਾਖਣੀ ਸਾਧਾਰਨ ਕਿਸਮ ਦੀ ਹੀ ਸੀ| ਕਾਮਰੇਡ ਹਰਦੇਵ ਨੇ ਮੈਨੂੰ ਸਮਝਾਇਆ ਕਿ ਕੁੜੀਆਂ ਵਿਚੋਂ ਪਾਰਟੀ ਲਾਈਨ ਨੂੰ ਮਹਿੰਦਰ ਹੀ ਵੱਧ ਸਮਝਦੀ ਹੈ, ਬਹੁਤੀਆਂ ਕੁੜੀਆਂ ਤਾਂ ਭਾਵੁਕਤਾ ਅਧੀਨ ਹੀ ਵਿਚਰ ਰਹੀਆਂ ਹਨ| ਸਿਰਫ਼ ਮਹਿੰਦਰ ਹੀ ਅਜਿਹੀ ਕੱਦਾਵਰ ਕੁੜੀ ਹੈ, ਜੋ ਕਾਮਰੇਡ ਹਰਭਜਨ ਸੋਹੀ ਦੇ ਮੋਢੇ ਨਾਲ ਮੋਢਾ ਮੇਚਣ ਦੇ ਯੋਗ ਹੈ| ਮੈਂ ਇਸ ਗੱਲੋਂ ਵੀ ਹੈਰਾਨ ਸਾਂ ਕਿ ਇਸ ਸ਼ਾਦੀ ਨੂੰ ਉਜਾਗਰ ਨੇ ਵੀ ਬੜੇ ਸਹਿਜ ਨਾਲ ਪਰਵਾਨ ਕੀਤਾ ਸੀ| ਸੋਹੀ ਦੀ ਇਹ ਚੋਣ ਸੀ ਜਾਂ ਪਾਰਟੀ ਦਾ ਫ਼ੈਸਲਾ, ਮੈਂ ਇਹਦੇ ਬਾਰੇ ਤਾਂ ਕੁੱਝ ਨਹੀਂ ਕਹਿ ਸਕਦਾ ਪਰ ਸੀ ਇਹ ਜੱਗੋਂ ਬਾਹਰਾ ਫ਼ੈਸਲਾ, ਕਿਉਂਕਿ ਹਰਭਜਨ ਨੇ ਸੁੰਦਰਤਾ ਦੀਆਂ ਪੁਤਲੀਆਂ ’ਚੋ ਕਿਸੇ ਦੀ ਚੋਣ ਨਹੀਂ ਸੀ ਕੀਤੀ| ਵਿਚਾਰਧਾਰਕ ਤੌਰ ’ਤੇ ਪਰਪੱਕ ਸਾਦੀ ਜਿਹੀ ਮੂਰਤ-ਸੂਰਤ ਤੇ ਸੁੰਦਰ ਸੀਰਤ ਵਾਲ਼ੀ ਮਹਿੰਦਰ ਕੌਰ, ਜੋ ਨਕਸਲੀ ਆਗੂ ਉਜਾਗਰ ਸਿੰਘ ਦੀ ਸਕੀ ਭੈਣ ਹੈ, ਨਾਲ ਜੱਥੇਬੰਦਕ ਰੂਪ ਦੇ ਕੇ ਸ਼ਾਦੀ ਸੰਪੰਨ ਹੋਈ ਸੀ|
ਪਾਰਟੀ ਦੇ ਬਠਿੰਡਾ ਗਰੁੱਪ ਵਿਚ ਅਜੇ ਮੈਂ ਹੀ ਇੱਕ ਲੇਖਕ ਵਜੋਂ ਸ਼ਾਮਲ ਸਾਂ ਤੇ ਮੇਰੇ ਕੋਲ਼ੋਂ ਹੀ ਇਹ ਉਮੀਦ ਰੱਖੀ ਜਾਂਦੀ ਸੀ| ਸਿਰਫ਼ ਉਮੀਦ ਹੀ ਨਹੀਂ, ਵਿਕਾਸ ਕਰਨ ਦੇ ਵੀ ਮੌਕੇ ਪ੍ਰਦਾਨ ਕੀਤੇ ਜਾਂਦੇ ਸਨ| ਮੈਂ ਗੀਤ ਤਿਆਰ ਕਰ ਲਿਆ, ਜੋ ਪੰਜਾਹ ਸੱਠ ਕੁ ਔਰਤਾਂ-ਮਰਦਾਂ ਦੇ ਜੁੜੇ ਇਕੱਠ ਵਿਚ ਤਰੰਨਮ ਵਿਚ ਗਾਇਆ ਗਿਆ| ਗੀਤ ਦੀਆਂ ਸਤਰਾਂ ਸਨ-‘ਝੂਮ ਉੱਠੀ ਸਾਡੇ ਵਿਹੜੇ ’ਚ ਬਹਾਰ ਦੋਸਤੋ| ਟਹਿਕਿਆ ਫੁੱਲਾਂ ਵਾਂਗ ਸਾਡਾ ਜਾਂ ਪਿਆਰ ਦੋਸਤੋ| ਕਿਤੇ ਦਾਜ਼ਾਂ ਤੇ ਦਹੇਜ਼ਾਂ ਦੇ ਨੇ ਪਾਏ ਪਿੱਟਣੇ| ਝੂਠੇ-ਮੂਠੇ ਜਿਹੇ ਰਿਵਾਜ਼ਾਂ ਲੋਕੀਂ ਪਾਏ ਸੁੱਕਣੇ| ਇੱਕ ਲੋਕ-ਲੱਜਾ ਵਾਲਾ ਹੈ ਪਹਾੜ ਦੋਸਤੋ| ਝੂਮ ਉੱਠੀ…।’ ਕਾਫ਼ੀ ਲੰਮਾ ਗੀਤ ਸੀ ਜੋ ਮੈਂ ਪਹਿਲੀ ਵਾਰ ਅਜਿਹੀ ਥਾਂ ’ਤੇ ਗਾਇਆ, ਜਿੱਥੇ ਨਵੀਂਆਂ ਕਦਰਾਂ-ਕੀਮਤਾਂ ਉਸਾਰਨ ਦੀ ਗੱਲ ਚੱਲੀ ਸੀ| ਵੱਡੀ ਗੱਲ ਇਹ ਕਿ ਸਮਾਜ ਵਿਚ ਦੁਰਕਾਰੇ ਬੰਦੇ ਨੂੰ ਇਨਕਲਾਬੀ ਲੋਕਾਂ ਵਿਚ ਥਾਂ ਮਿਲ਼ੀ ਸੀ| ਇਸ ਸ਼ਾਦੀ ਨੇ ਕਈ ਸੁਣੱਖੀਆਂ ਕੁੜੀਆਂ ਦੇ ਭਰਮ ਵੀ ਤੋੜੇ, ਜੋ ਸੋਹੀ ਨਾਲ ਸ਼ਾਦੀ ਕਰਨ ਦੇ ਸੁਪਨੇ ਲੈ ਰਹੀਆਂ ਸਨ| ਇਹ ਪਹਿਲੀ ਸ਼ਾਦੀ ਸੀ, ਜੋ ਰਾਜਨੀਤਕ ਪਾਰਟੀ ਵਿਚ ਸਿਧਾਂਤਕ ਸਮਝਾਂ ਨਾਲ ਹੋਈ ਸੀ| ਇੱਕ ਦੋ ਕੁੜੀਆਂ ਤਾਂ ਸੁਪਨੇ ਟੁੱਟਣ ਦਾ ਸਦਮਾਂ ਵੀ ਬਰਦਾਸ਼ਤ ਨਹੀਂ ਸੀ ਕਰ ਸਕੀਆਂ, ਮਾਨਸਕ ਤਵਾਜ਼ਨ ਵੀ ਖੋ ਬੈਠੀਆਂ ਸਨ| ਅਨੁਸ਼ਾਸਨ ਦੇ ਬੱਧੇ ਹਰਭਜਨ ਸੋਹੀ ਨੇ ਨਿਵੇਕਲ਼ੀ ਮਿਸਾਲ ਕਾਇਮ ਕਰ ਵਿਖਾਈ ਸੀ, ਜੋ ਘੱਟੋ-ਘੱਟ ਮੇਰੇ ਲਈ ਜ਼ਰੂਰ ਹੀ ਅਚੰਭਾਜਨਕ ਸੀ, ਕਿਉਂਕਿ ਮੈਂ ਤਾਂ ਅਜਿਹੀ ਸ਼ਾਦੀ ਦੀ ਕਲਪਣਾ ਹੀ ਨਹੀਂ ਸੀ ਕਰ ਸਕਿਆ ਤੇ ਫਿਰ ਜਿੱਥੇ ਮੈਨੂੰ ਏਨਾ ਮਾਣ ਸਤਿਕਾਰ ਮਿiਲ਼ਆ ਸੀ| ਇਹ ਗੀਤ ਬਾਅਦ ਵਿਚ ਜੱਥੇਬੰਦੀ ਦੀ ਨਿਗਰਾਨੀ ਵਿਚ ਹੋਈਆਂ ਹੋਰ ਸ਼ਾਦੀਆਂ ਮੌਕੇ ਵੀ ਗਾਇਆ|
ਪਾਰਟੀ ਵਿਚ ਇੱਕ ਲੇਖਕ ਵਜੋਂ ਮੇਰੀ ਥਾਂ ਬਣ ਗਈ ਤਾਂ ਇਸ ਬਣੀ ਥਾਂ ਨੂੰ ਪੱਕਾ ਕਰਨ ਲਈ ਸੋਹੀ ਗਰੁੱਪ ਨੇ ਨਵਾਂ ਏਜੰਡਾ ਪੇਸ਼ ਕੀਤਾ ਕਿ ਸਾਹਿਤ-ਸੱਭਿਆਚਾਰ ਵਿਚ ਕਾਰਜਸ਼ੀਲ ਨੌਜੁਆਨਾਂ ਨੂੰ ਮੰਚ ਮੁਹੱਈਆ ਕੀਤਾ ਜਾਵੇ, ਜਿੱਥੇ ਉਨ੍ਹਾਂ ਦੀ ਰਚਨਾਵਾਂ ਉੱਪਰ ਚਰਚਾ ਵੀ ਹੋਵੇ ਤੇ ਉਨ੍ਹਾਂ ਨੂੰ ਸੇਧ ਵੀ ਦਿੱਤੀ ਜਾਵੇ| ਇਸ ਕਾਰਜ ਲਈ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਨੂੰ ਚੁਣਿਆ ਗਿਆ| ਇਸ ਤੋਂ ਪਹਿਲਾਂ ਇੱਥੇ ਜਸਵੰਤ ਵਫ਼ਾ, ਜੀਤ ਸਿੰਘ ਚਾਹਲ, ਗੁਰਬਚਨ ਸਿੰਘ ਤਾਂਘੀ, ਰੋਸ਼ਨ ਫੂਲਵੀ, ਧਰਮ ਸਿੰਘ ਰੰਧਾਵਾ ਆਦਿ ਦੁਆਰਾ ਪੰਜਾਬੀ ਸਾਹਿਤ ਸਭਾ ਕਾਫ਼ੀ ਸਰਗਰਮ ਰਹੀ ਸੀ, ਜੋ ਸਮੇਂ ਨਾਲ ਗੈਰ-ਸਰਗਰਮ ਹੋ ਗਈ ਸੀ। ਭਾਵੇਂ ਕਿ ਰੋਸ਼ਨ ਫੂਲਵੀ ਆਪਣੇ ਤੌਰ ’ਤੇ ਕੁੱਝ ਨਾ ਕੁੱਝ ਲਿਖਦਾ ਰਹਿੰਦਾ ਸੀ| ਜਸਵੰਤ ਵਫ਼ਾ ਦੀ ਮਹਿਕਮੇ ਵੱਲੋਂ ਪ੍ਰਬੰਧਕੀ ਆਧਾਰ ’ਤੇ ਦੂਰ ਬਦਲੀ ਕਰ ਦਿੱਤੀ| ਮਾਸਟਰ ਮੇਘ ਦੀ ਨਿਗਰਾਨੀ ਵਿਚ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਗਿਆ| ਇਹ ਸਮਾਂ ਸੀ ਜਦੋਂ ਲਹਿਰ ਦੀ ਚੜ੍ਹਤ ਦੇ ਦਿਨੀਂ ਬਹੁਤ ਸਾਰੇ ਸਾਹਿਤਕ ਮੈਗਜ਼ੀਨ ਛਪਣੇ ਸ਼ੁਰੂ ਹੋ ਚੁੱਕੇ ਸਨ| ਬਾਰੂ ਸਤਵਰਗ, ਕਰਤਾਰ ਸਿੰਘ ਦੁਖੀਆ ਪੱਤਰਕਾਰ, ਬੋਘੜ ਉਦਾਸ, ਪਾਲਾ ਲਹਿਰਾ ਮੁਹੱਬਤ, ਜਸਵੰਤ ਸਿੰਘ ਭੈਣੀ ਮਹਿਰਾਜ ਆਦਿ ਇਸ ਵਿਚ ਸ਼ਾਮਲ ਹੋਏ| ਚਮਨ ਲਾਲ ਪ੍ਰਭਾਕਰ ਜੋ ਧੜਾ-ਧੜ ਛਪਦੇ ਮੈਗਜ਼ੀਨਾਂ ਨੂੰ ਚਿੱਠੀਆਂ ਭੇਜਦਾ, ਜੋ ਇੱਕ ਖ਼ਾਸ ਕਿਸਮ ਦਾ ਸੰਵਾਦ ਛੇੜਨ ਵਾਲ਼ੀਆਂ ਹੁੰਦੀਆਂ, ਉਨ੍ਹੀਂਂ ਦਿਨੀਂ ਸਰਕਾਰੀ ਹਾਈ ਸਕੂਲ ਪੂਹਲਾ ਵਿਖੇ ਹਿੰਦੀ ਅਧਿਆਪਕ ਦੇ ਤੌਰ ’ਤੇ ਨਿਯੁਕਤ ਸੀ, ਨੂੰ ਸਭਾ ਦਾ ਸਕੱਤਰ ਬਣਾਇਆ ਗਿਆ| ਪੂਹਲੇ ਤੋਂ ਹੀ ਜੁੱਤੀ-ਜੋੜੇ ਦਾ ਕਾਰੀਗਰ ਭੂਰਾ ਸਿੰਘ ਕਲੇਰ ਜਿਸ ਨੂੰ ਚਮਨ ਲਾਲ ਪ੍ਰਭਾਕਰ ਸਭਾ ਵਿਚ ਲੈ ਕੇ ਆਇਆ ਸੀ ਵਿਹੜਿਆਂ ਦੇ ਜੀਵਨ ’ਤੇ ਬਹੁਤ ਵਧੀਆਂ ਕਹਾਣੀ ਲਿਖਦਾ ਸੀ| ਇੱਕੋ ਧਰਾਤਲ ਦੇ ਅਸੀਂ ਦੋ ਸਮਕਾਲੀ ਕਹਾਣੀਕਾਰ ਬਠਿੰਡਾ ਜ਼ਿਲ੍ਹੇ ਵਿਚ ਉੱਭਰੇ| ਭੂਰਾ ਸਿੰਘ ਕਲੇਰ ਨੂੰ ਵੀ ਇਸ ਗਰੁੱਪ ਵੱਲੋਂ ਪੂਰਾ ਥਾਪੜਾ ਸੀ| ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਦੀ ਸਥਾਪਨਾ ਹੋਣ ਦੀ ਦੇਰ ਸੀ, ਮਹਿਰਾਜ ਤੋਂ ਇੱਕ ਲੇਖਕ ਮਾਸਟਰ ਬਾਰੂ ਸਤਵਰਗ, ਜੋ ਬਾਅਦ ਵਿਚ ਇੱਕ ਪ੍ਰਤੀਬੱਧ ਕ੍ਰਾਂਤੀਕਾਰੀ ਨਾਵਲਕਾਰ ਵਜੋਂ ਸਥਾਪਤ ਹੋਇਆ, ਕਈ ਜਣਿਆਂ ਨੂੰ ਨਾਲ ਲੈ ਕੇ ਮੈਂਬਰ ਬਣਿਆ| ਉਸ ਨੂੰ ਛੱਡ ਕੇ ਹੋਰਨਾਂ ਲਈ ਸਾਹਿਤ ਤਾਂ ਕਾਲ਼ਾ ਅੱਖਰ ਮੈਂਸ ਬਰਾਬਰ ਸੀ, ਫਿਰ ਵੀ ਉਹ ਸਾਥੀ ਮੀਟਿੰਗਾਂ ਵਿਚ ਘਚੋਲ਼ਾ ਪਾਉਣ ਲਈ ਪੂਰੇ ਉਸਤਾਦ ਸਨ| ਉਨ੍ਹਾਂ ਵਿਚੋਂ ਇੱਕ ਲੇਖਕ ਬੋਘੜ ਉਦਾਸ ਸੀ, ਜੋ ਅਭਿਆਸੀ ਤੌਰ ’ਤੇ ਵਿੰਗੀ-ਟੇਢੀ ਜਿਹੀ ਛੰਦਾਬੰਦੀ ਕਰਨ ਦਾ ਯਤਨ ਕਰਦਾ| ਉਸ ਦੀ ਛੰਦਾਬੰਦੀ ਵਿਚ ਹਮੇਸ਼ਾ ਹੀ ਸੋਹੀ ਗਰੁੱਪ ਦੀ ਜਨਤਕ ਲਾਈਨ ਉੱਪਰ ਵਿਅੰਗ ਜਾਂ ਬਦਖੋਈ ਹੀ ਹੁੰਦੀ| ਜਸਵੰਤ ਭੈਣੀ ਸੁਹਣੇ ਗੀਤ ਲਿਖਦਾ ਅਤੇ ਗਾਉਂਦਾ ਵੀ ਵਧੀਆ| ਮਹਿਰਾਜ ਤੋਂ ਹੀ ਕਰਮ ਸਿੰਘ, ਜੋ ਯਮਲੇ ਵਰਗੀ ਆਵਾਜ਼ ਵਿਚ ਇਨਕਲਾਬੀ ਗੀਤ ਗਾ ਕੇ ਸਭ ਨੂੰ ਹੈਰਾਨ ਕਰ ਦਿੰਦਾ| ਗੋਬਿੰਦਪੁਰੇ ਤੋਂ ਹਸੰੰਦੜ ਜਿਹਾ ਹਰਦੇਵ, ਜੋ ਸੁਰੀਲੀ ਆਵਾਜ਼ ਵਿਚ ਗਾਉਂਦਾ ਹੁੰਦਾ ਸੀ| ਮੈਂ ਤਾਂ ਅਜੇ ਕਿਸੇ ਰਚਨਾ ਉੱਪਰ ਟਿੱਪਣੀ ਕਰਨ ਦੇ ਸਮਰੱਥ ਹੀ ਨਹੀਂ ਸਾਂ, ਤਾਂ ਵੀ ਮੇਰੀ ਲਿਖਣ ਕਲਾ ਨੂੰ ਨਿਖਾਰਨ ਵਿਚ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ ਲਗਾਤਾਰ ਯਤਨ ਜਾਰੀ ਸੀ| ਰਚਨਾਵਾਂ ਪੜ੍ਹੀਆਂ ਜਾਂਦੀਆਂ, ਉਸਾਰੂ ਬਹਿਸ ਹੁੰਦੀ, ਨਿੱਗਰ ਸੁਝਾਅ ਦਿੱਤੇ ਜਾਂਦੇ| ਹਰ ਵਰਗ ਨੂੰ ਕਿਸੇ ਨਾ ਕਿਸੇ ਰੂਪ ਵਿਚ ਇਸ ਲਹਿਰ ਵੱਲ ਲਿਆਉਣ ਦੇ ਇਹ ਸ਼ਾਨਦਾਰ ਉਪਰਾਲੇ ਸਨ| ਜੇ ਕਾਮਰੇਡ ਮੇਘ ਜਾਂ ਚਮਨ ਲਾਲ ਪ੍ਰਭਾਕਰ ਨੇ ਉਸ ਦੀ ਕਵੀਸ਼ਰੀ ਉੱਪਰ ਕੋਈ ਟਿੱਪਣੀ ਕਰ ਦੇਣੀ-‘ਸਾਥੀ ਨੂੰ ਹੋਰ ਅਭਿਆਸ ਅਤੇ ਮਿਹਨਤ ਕਰਨੀ ਚਾਹੀਦੀ ਹੈ|’-ਤਾਂ ਬਾਰੂ ਸਤਵਰਗ ਇਸ ਦਾ ਸਖ਼ਤੀ ਨਾਲ ਵਿਰੋਧ ਕਰਦਾ-‘ਸਾਥੀ ਤੁਸੀਂ ਇੱਕ ਲੇਖਕ ਨੂੰ ਉਤਸ਼ਾਹਤ ਕਰਨ ਦੀ ਥਾਂ ਦਿਲ ਢਾਹੁਣ ਵਾਲ਼ੀਆਂ ਗੱਲਾਂ ਕਰਦੇ ਓਂ|’ ਹਰੇਕ ਮੀਟਿੰਗ ਵਿਚ ਆਮ ਤੌਰ ’ਤੇ ਅਜਿਹੀ ਹੀ ਨੋਕ-ਝੋਕ ਹੁੰਦੀ ਰਹਿੰਦੀ| ਮੈਂ ਜੋ ਕੁੱਝ ਵੀ ਲਿਖ ਕੇ ਲਿਆਉਂਦਾ, ਕ੍ਰਾਂਤੀਕਾਰੀ ਦੋਸਤਾਂ ਦੀ ਨਜ਼ਰ ਵਿਚ ਸੋਧਵਾਦੀ, ਨਵ-ਸੋਧਵਾਦੀ ਕਹਿ ਕੇ ਇੱਕ ਪਾਸੜ ਆਲੋਚਨਾ ਦਾ ਸ਼ਿਕਾਰ ਹੋ ਜਾਂਦਾ| ਫਿਰ ਵੀ ਸਾਹਿਤ ਦੀ ਜੀਵਨ ਵਿਚ ਭੂਮਿਕਾ ਨਿਰਧਾਰਤ ਕਰਨ ਦਾ ਇਹ ਸ਼ਾਨਦਾਰ ਉਪਰਾਲਾ ਸੀ, ਜੋ ਵਿਚਾਰਾਂ ਦੇ ਇਸ ਭੇੜ ਵਿਚ ਵਧੀਆ ਸਿੱਟੇ ਕੱਢ ਰਿਹਾ ਸੀ| ਮੇਰੀ ਸਮਝ ਵੀ ਵਿਕਸਤ ਹੋ ਰਹੀ ਸੀ ਕਿ ਕਿਸੇ ਵੀ ਲਹਿਰ ਨੂੰ ਮਕਾਨਕੀ ਤਰੀਕੇ ਨਾਲ ਹੀ ਇੱਕ ਪਰਤ ਵਿਚ ਹੀ ਨਹੀਂ ਉਸਾਰਿਆ ਜਾ ਸਕਦਾ, ਇਸ ਦੇ ਬਹੁ-ਦਿਸ਼ਾਵੀ ਪਸਾਰਾਂ ਨੂੰ ਸਮਝ ਕੇ ਸੁਯੋਗ ਵਰਤੋਂ ਕਰਨਾ ਹੀ ਵਿਗਿਆਨਕ ਦ੍ਰਿਸ਼ਟੀਕੋਣ ਹੈ| ਇਸ ਵਿਗਿਆਨਕ ਦ੍ਰਿਸ਼ਟੀ ਦੀ ਡੂੰਘੀ ਪਕੜ ਹੀ ਨਾਗੀ ਰੈਡੀ ਗਰੁੱਪ ਦੀ ਸਮਝ ਸੀ| ਹਰਭਜਨ ਸੋਹੀ ਜਾਂ ਉਸ ਦੀ ਬਾਕੀ ਆਗੂ ਟੀਮ ਤਾਂ ਕਿਧਰੇ ਦਿਖਾਈ ਨਹੀਂ ਸੀ ਦਿੰਦੀ, ਪਰ ਉਸ ਆਗੂ ਟੀਮ ਦੀ ਝਲਕ ਇਨ੍ਹਾਂ ਗਤੀਵਿਧੀਆਂ ਵਿਚੋਂ ਸਾਫ਼ ਦੇਖੀ ਜਾ ਸਕਦੀ ਸੀ|
ਇਹ ਜੱਥੇਬੰਦੀ ਕੋਈ ਵੀ ਫਰੰਟ ਖਾਲੀ ਨਹੀਂ ਸੀ ਛੱਡ ਰਹੀ| ਬਠਿੰਡਾ ਗਰੁੱਪ ਜਾਂ ਨਾਗੀ ਰੈਡੀ ਵਜੋਂ ਜਾਣੇ ਜਾਂਦੇ ਇਸ ਗਰੁੱਪ ਨੇ ਜਨਤਕ ਉਭਾਰ ਸਿਰਜਣ ਲਈ ਹੋਰ ਫਰੰਟਾਂ ਦੇ ਨਾਲ ਸਾਹਿਤ ਅਤੇ ਸੱਭਿਆਚਾਰ ਵੱਲ ਉਚੇਚਾ ਧਿਆਨ ਦਿੱਤਾ| ਪੰਜਾਬ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੂਰੀ ਤਰ੍ਹਾਂ ਸਰਗਰਮ ਸੀ, ਜਿਸ ਦੇ ਪ੍ਰਧਾਨ ਸਿਰਮੌਰ ਆਲੋਚਕ ਤੇ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਨ| ਇਸ ਸੰਸਥਾ ਵਿਚ ਜ਼ਿਆਦਾਤਰ ਲੇਖਕ ਸੀ.ਪੀ.ਆਈ., ਸੀ.ਪੀ.ਐਮ. ਨਾਲ ਸਬੰਧਤ ਹੀ ਸਨ| ਰਜਿ. ਹੋਣ ਕਰਕੇ ਉਸ ਨੂੰ ਸਰਕਾਰੀ ਸਭਾ ਮੰਨ ਕੇ ਨਵੀਂ ‘ਕੇਂਦਰੀ ਪੰਜਾਬੀ ਲੇਖਕ ਸਭਾ ਗੈਰ-ਸਰਕਾਰੀ’ ਦੀ ਸਥਾਪਨਾ ਕੀਤੀ ਗਈ| ਉਭਰਵੇਂ ਰੂਪ ਵਿਚ ਸਥਾਨਕ ਸਭਾਵਾਂ ਗਿਣਤੀ ਦੀਆਂ ਹੀ ਸਨ| ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਸਰਪ੍ਰਸਤੀ ਵਿਚ ਚੱਲਦੀ ਲਿਖਾਰੀ ਸਭਾ ਬਰਨਾਲਾ, ਪੰਜਾਬੀ ਸਾਹਿਤ ਸਭਾ ਰਾਮਪੁਰ, ਪੰਜਾਬੀ ਸਾਹਿਤ ਸਭਾ ਜਗਤਪੁਰ, ਨਵੀਂ ਉਸਰੀ ਪੰਜਾਬੀ ਸਾਹਿਤ ਸਭਾ ਪਲਾਹੀ ਉਸ ਸਮੇਂ ਵੱਧ ਚਰਚਿਤ ਸਨ|
ਡਾ. ਸੁਰਿੰਦਰ ਦੁਸਾਂਝ, ਜੋ ਕਿ ਯੂਨੀਵਰਸਿਟੀ ਵਿਚ ਪੱਤਰ-ਵਿਵਹਾਰ ਦੇ ਪ੍ਰਾ-ਅਧਿਆਪਕ ਸਨ, ਸੋਹੀ ਗਰੁੱਪ ਦੀ ਮਿਕਨਾਤੀਸੀ ਸਮਝ ਦਾ ਹੀ ਸਿੱਟਾ ਸੀ ਕਿ ਉਨ੍ਹਾਂ ਨੇ ਸਾਹਿਤ ਤੇ ਸੱਭਿਆਚਾਰ ਦਾ ਫਰੰਟ ਆਪਣੇ ਜ਼ਿੰਮੇ ਲੈ ਲਿਆ| ਕੇਂਦਰੀ ਪੰਜਾਬ ਲੇਖਕ ਸਭਾ (ਰਜਿ.) ਦੇ ਮੁਕਾਬਲੇ ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਵਿੰਚ ਕੇਂਦਰੀ ਪੰਜਾਬੀ ਲੇਖਕ ਸਭਾ (ਗੈਰ-ਸਰਕਾਰੀ) ਦੀ ਸਥਾਪਨਾ ਕੀਤੀ ਗਈ| ਸ਼ਾਇਦ ਇਸ ਸੰਸਥਾ ਦਾ ਸਕੱਤਰ ਵੀ ਚਮਨ ਲਾਲ ਪ੍ਰਭਾਕਰ ਹੀ ਸੀ| ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ‘ਹੇਮ ਜਯੋਤੀ’ ਰਸਾਲਾ ਕੱਢਿਆ ਜਾਂਦਾ ਸੀ| ਇਸ ਦੇ ਸੰਪਾਦਕ ਵਕੀਲ ਸੁਰੇਂਦਰ ਹੇਮਜਯੋਤੀ ਸਨ| ਡਾ. ਦੁਸਾਂਝ ਨੇ ਉਨ੍ਹਾਂ ਨੂੰ ਵੀ ਆਪਣੇ ਨਾਲ ਲੈ ਲਿਆ| ਇਸ ਅਦਾਰੇ ਨਾਲ ਚਮਨ ਲਾਲ ਪ੍ਰਭਾਕਰ, ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ ਔਲਖ, ਸੀ. ਮਾਰਕੰਡਾ, ਅਮਰਜੀਤ ਚੰਦਨ, ਪ੍ਰੋ. ਸਵਿੰਦਰਜੀਤ ਸਾਗਰ, ਪ੍ਰੋ. ਨਰਿੰਜਣ ਸਿੰਘ ਢੇਸੀ, ਕਥਾਕਾਰ ਪ੍ਰੇਮ ਪ੍ਰਕਾਸ਼ ਤੇ ਹੋਰ ਨਾਂ ਯਾਦ ਨਹੀਂ ਆ ਰਹੇ, ਜੁੜ ਗਏ ਸਨ|
ਕ੍ਰਾਂਤੀਕਾਰੀ ਲਹਿਰ ਦਾ ਚੜ੍ਹਾਅ ਮੱਧਮ ਪੈਣ ਲੱਗਿਆ ਤਾਂ ਪੁਲਸੀ ਜ਼ਬਰ ਦੀ ਇੰਤਹਾ ਹੋ ਗਈ| ਜਾਨਾਂ ਤਲ਼ੀਆਂ ’ਤੇ ਰੱਖ ਕੇ ਲੜ ਰਹੇ ਭੂਮੀਗਤ ਗੁਰੀਲਿਆਂ ਦੇ ਰਿਸ਼ਤੇਦਾਰਾਂ ਨੂੰ ਫੜ-ਫੜ ਕੇ ਝੂਠੇ ਪੁਲਸ ਮੁਕਾਬਲੇ ਬਣਾਏ ਜਾਣ ਲੱਗੇ ਤਾਂ ਅਨੇਕਾਂ ਹੀ ਧੀਆਂ ਦੇ ਗਲ਼ ਵਿਚ ਰੰਡੇਪਾ ਪਾ ਦਿੱਤਾ ਗਿਆ| ਕਾਮਰੇਡ ਦਿਯਾ ਸਿੰਘ, ਬਾਬਾ ਹਰੀ ਸਿੰਘ ਮਰਗਿੰਦ, ਪਿਆਰਾ ਸਿੰਘ ਬੇਅੰਤ ਸਿੰਘ ਤੇ ਹੋਰ ਬਹੁਤ ਸਾਰੇ ਜੁਝਾਰੂ ਸੂਰਮੇਂ ਪੁਲਸੀ ਜਬਰ ਨੇ ਨਿਘਾਰ ਲਏ ਸਨ| ਮੁਖ਼ਬਰਾਂ ਦਾ ਜਾਲ਼ ਵਿਛਾ ਕੇ ਬਾਦਲ ਹਕੂਮਤ ਦੇ ਸ਼ਿਸ਼ਕਰੇ ਪੁਲਸੀਏ ਮਨ-ਮਾਨੀਆਂ ਕਰਨ ਲੱਗੇ ਤਾਂ ਕੇਂਦਰੀ ਪੰਜਾਬੀ ਲੇਖਕ ਸਭਾ (ਗੈਰ ਸਰਕਾਰੀ) ਦੁਆਰਾ ਸਾਹਿਤ ਅਤੇ ਰਾਜਨੀਤੀ ਦੇ ਵਿਸ਼ੇ ਉੱਪਰ ਆਰੀਆ ਹਾਈ ਸਕੂਲ ਰਾਮਪੁਰਾ ਫੂਲ ਦੇ ਅਹਾਤੇ ਵਿਚ ਬਹੁਤ ਵੱਡਾ ਸਮਾਗਮ ਕੀਤਾ ਗਿਆ| ਧੁੰਦਲੀ ਜਿਹੀ ਯਾਦ ਹੈ, ਸ਼ਾਇਦ ਸ਼ਵਿੰਦਰਜੀਤ ਸਾਗਰ ਨੇ ਕੋਈ ਪੇਪਰ ਪੜ੍ਹਿਆ ਸੀ| ਸ਼ਾਮੀਂ ਸੈਂਕੜਿਆਂ ਦੀ ਗਿਣਤੀ ਵਿਚ ਲੇਖਕਾਂ ਪਾਠਕਾਂ ਤੇ ਆਮ ਲੋਕਾਂ ਨੇ ਸ਼ਹਿਰ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਜਿਸ ਵਿਚ ਪੁਲਸੀ ਜ਼ਬਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ| ਇਹ ਪੰਜਾਬ ਦਾ ਪਹਿਲਾ ਪ੍ਰਦਰਸ਼ਨ ਸੀ, ਜਿਸ ਨੇ ਲੋਕਾਂ ਵਿਚ ਇਸ ਗੱਲ ਨੂੰ ਉਭਾਰਿਆ ਕਿ ਬਾਦਲ ਸਰਕਾਰ ਲੋਕਾਂ ਦੀ ਦੁਸ਼ਮਣ ਹੈ| ਕ੍ਰਾਂਤੀਕਾਰੀ ਲਹਿਰ ਲੋਕਾਂ ਦੇ ਹਿਤਾਂ ਦੀ ਤਰਜ਼ਮਾਨੀ ਕਰਨ ਵਾਲ਼ੀ ਲਹਿਰ ਹੈ| ਸ਼ਹਿਰ ਛੋਟਾ ਹੋਣ ਕਰਕੇ ਭਾਵੇਂ ਇਹ ਸ਼ਹਿਰ ਦੇ ਚੌਕ ਤੱਕ ਮਸਾਂ ਦੋ-ਤਿੰਨ ਕੁ ਸੌ ਗਜ਼ ਤੱਕ ਹੀ ਸੀ, ਜਿੱਥੇ ਰਾਤ ਨੂੰ ਪ੍ਰਭਾਵਸ਼ਾਲੀ ਕਵੀ ਦਰਬਾਰ ਕੀਤਾ ਗਿਆ| ਕਵੀ ਦਰਬਾਰ ਵਿਚ ਜਸਵੰਤ ਸਿੰਘ ਕੈਲਵੀ, ਸਵਰਨ ਰਾਹੀ, ਸੰਤ ਰਾਮ ਉਦਾਸੀ, ਸੀ. ਮਾਰਕੰਡਾ, ਮਹਿੰਦਰਪਾਲ ਭੱਠਲ਼, ਅਮਰਜੀਤ ਚੰਦਨ, ਮੈਂ ਤੇ ਹੋਰ ਕਈ ਸ਼ਾਮਲ ਹੋਏ| ਪੁਲਸ ਪ੍ਰਸ਼ਾਸਨ ਦੇ ਜ਼ਬਰ ਦਾ ਖੂਬ ਪਿੱਟ ਸਿਆਪਾ ਕੀਤਾ ਗਿਆ| ਬਠਿੰਡਾ ਗਰੁੱਪ ਦੀ ਕ੍ਰਾਂਤੀਕਾਰੀ ਜੁਝਾਰ ਲਹਿਰ ਪ੍ਰਤੀ ਸੁਹਿਰਦਤਾ ਦਾ ਇਹ ਸ਼ਾਨਦਾਰ ਨਮੂਨਾ ਸੀ|
ਪੰਜਾਬ ਪੱਧਰੀ ‘ਸਾਹਿਤ ਸੱਭਿਆਚਾਰ ਮੰਚ’ ਦੁਆਰਾ ਸੁਰੇਂਦਰ ਹੇਮਜਯੋਤੀ ਦੇ ਸੰਪਾਦਨ ਹੇਠ ਹੇਮ ਜਯੋਤੀ ਮੈਗਜ਼ੀਨ ਨੇ ਨਵੀਆਂ ਦਿਸ਼ਾਵਾਂ ਵੱਲ ਪੁਲਾਂਘ ਪੁਟਦਿਆਂ ਜੂਨ 1970 ਦੀ ਪਹਿਲੀ ਹੀ ਸੰਪਾਦਕੀ ਵਿਚ ਐਲਾਨ ਕੀਤਾ-‘ਵਰਤਮਾਨ ਸਮੇਂ ਵਿਚ ਇੱਕ ਵਿਅਕਤੀ ਨੂੰ ਅਨੇਕ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ| ਸਮੱਸਿਆਵਾਂ ਹਰ ਖ਼ੇਤਰ ਵਿਚ ਹਨ-ਰਾਜਨੀਤਕ, ਸੱਭਿਆਚਾਰਕ, ਸਮਾਜਿਕ, ਆਰਥਕ| ਹਰ ਰਾਹ ’ਤੇ ਕਾਲ਼ੇ ਬੋਲਾਂ ਦੇ ਵਾ-ਵਰੋਲ਼ੇ ਭੂਤ ਬਣ ਕੇ ਚਿੰਬੜੇ ਹੋਏ ਨੇ| ਦੋ ਮੂੰਹੇਂ ਪੱਥਰ ਦੇ ਬਸਤਰ ਪਹਿਨ ਕੇ ਬਲਗਮ ਸੁੱਟ ਰਹੇ ਹਨ| ਇਨ੍ਹਾਂ ਬੀਮਾਰ ਅਪਸਾਰਵਾਦੀ ਅਣੂਆਂ ਤੋਂ ਅੱਜ ਦੇ ਯੁਵਕ ਨੇ ਨਿਜ਼ਾਤ ਪਾਉਣੀ ਹੈ|’
‘ਸਾਡੇ ਦੇਸ਼ ਵਿਚ ਇੱਕ ਨਹੀਂ ਲੱਖਾਂ ਸਮੱਸਿਆਵਾਂ ਕੁੰਡਲੀ ਪਾਈ ਬੈਠੀਆਂ ਹਨ| ਸਾਨੂੰ ਪਲ-ਪਲ ਦੰਭ, ਫਰੇਬ ਤੇ ਬੇਇਨਸਾਫ਼ੀ ਨਾਲ ਲੋਹਾ ਲੈਣਾ ਪੈ ਰਿਹਾ ਹੈ| ਇਨ੍ਹਾਂ ਤੇਈ ਵਰਿ੍ਹਆਂ ਅੰਦਰ ਗੁਲ਼ੀਆਂ, ਫ਼ਸਾਦ, ਤੁਅੱਸਬੀ, ਕਤਲੇਆਮ ਦਾ ਘਣਾ ਜੰਗਲ ਉੱਗਿਆ ਹੈ ਤੇ ਇਸ ਘਣੇ ਜੰਗਲ ਦੇ ਅੰਧਕਾਰ ਅੰਦਰ ਪੂਰੇ ਦਾ ਪੂਰਾ ਦੇਸ਼ ਭਟਕ ਰਿਹਾ ਹੈ| ਸੱਭਿਆਚਾਰ ਦਾ ਸੁਰ ਖ਼ਤਮ ਹੋਣ ਵਿਚ ਨਹੀਂ ਆ ਰਿਹਾ| ਨਿੱਤ ਕਿਤੇ ਨਾ ਕਿਤੇ ਰਾਂਚੀ, ਭਵਿੰਡੀ, ਅਮਿਦਾਬਾਦ ਰੱਤ ਦੇ ਟੋਬਿਆਂ ’ਚ ਲਿਤਾੜੇ ਜਾ ਰਹੇ ਹਨ| ਇੱਕ ਵੀ ਸ਼ਬਦ ਅਰਥਾਂ ਦਾ ਵਿਦਰੋਹ ਬਣ ਕੇ ਕਿਉਂ ਨਹੀਂ ਜਾਗਦਾ?
ਬੌਧਿਕ ਵਰਗ, ਦੇਸ਼ ਦੀ ਰੀੜ੍ਹ ਦੀ ਹੱਡੀ, ਸਿਉਂਕਿਆ ਪਿਆ ਹੈ। ਕਾਲ਼ੇ ਅੱਖਰਾਂ ਨਾਲ ਅੱਟੀਆਂ ਪਈਆਂ ਪੁਸਤਕਾਂ ਉਸ ਨੇ ਨਿਗਲ਼ੀਆਂ, ਪਰ ਪਚਾਈਆਂ ਨਹੀਂ| ਉਸ ਦੀ ਆਵਾਜ਼ ਵਿਚ ਸ਼ਕਤੀ ਨਹੀਂ, ਨਾ ਹੀ ਉਸਦੇ ਕਦਮਾਂ ਵਿਚ ਗਹਿਰਾਈ ਹੈ…|’ ਇਸ ਪਹਿਲੇ ਅੰਕ ਨੇ ਸਾਹਿਤਕ-ਸੱਭਿਆਚਾਰਕ ਮੈਦਾਨ ਭਖਾ ਦਿੱਤਾ| ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਥਿਆਰਬੰਦ ਲੜਾਈ ਤਾਂ ਜਿਵੇਂ ਗੁੱਲੀ-ਡੰਡੇ ਦੀ ਖੇਡ ਹੋਵੇ| ਮੁਸ਼ਕਲ ਤਾਂ ਵਿਚਾਰਧਾਰਕ ਲੜਾਈ ਦੇਣ ਸਮੇਂ ਆਉਂਦੀ ਹੈ| ਠੀਕ ਹੈ ਇਨਕਲਾਬੀ ਗੁਰੀਲੇ ਕੋਈ ਵੱਡਾ ਐਕਸ਼ਨ ਕਰਨ ਲਈ ਸ਼ਹਿ ਲਾ ਕੇ ਦੁਸ਼ਮਣ ਉੱਪਰ ਝਪਟ ਪੈਂਦੇ ਸਨ ਤੇ ਐਕਸ਼ਨ ਕਰ ਕੇ ਛਿਪਨ ਵੀ ਹੋ ਜਾਂਦੇ ਸਨ| ਪਰ ਲੋਕਾਂ ਦੇ ਮਨਾਂ ਵਿਚ ਪੈਦਾ ਹੋਈ ਗੁਲਾਮੀ ਦੀ ਉੱਲੀ ਨੂੰ ਲਾਹੁਣ ਦਾ ਉਪਰਾਲਾ ਕਿਤੇ ਮੁਹਾਲ ਕਾਰਜ ਸੀ| ਇਹ ਖੱਪਾ ਹੇਮ ਜਯੋਤੀ ਰਸਾਲਾ ਪੂਰ ਰਿਹਾ ਜਾਪਦਾ ਸੀ|
(ਚੱਲਦਾ)
