ਜਦੋਂ ‘ਕਿਲੇ’ ਨੇ ਸਾਨੂੰ ‘ਜਿੱਤ’ ਲਿਆ!

ਵਰਿਆਮ ਸਿੰਘ ਸੰਧੂ
ਫੋਨ: 647-535-1539
ਲਾਹੌਰ ਦੇ ਕਿਲਾ ਗੁੱਜਰ ਸਿੰਘ ਥਾਣੇ ਦੀ ਯਾਦ ਇੱਕ ਗਹਿਰਾ ਜ਼ਖ਼ਮ ਬਣ ਕੇ ਮੇਰੀ ਘਰਵਾਲੀ ਦੇ ਕਲੇਜੇ ਵਿਚ ਖੁਭੀ ਤੇ ਖਿੜੀ ਹੋਈ ਸੀ। ਇਹ ਯਾਦ ਰੂਹ ਨੂੰ ਸਕੂਨ ਵੀ ਦਿੰਦੀ ਸੀ, ਦੁੱਖ ਤੇ ਪੀੜ ਵੀ। ਉਹਦੀ ਵਿਲਕਦੀ ਰੀਝ ਸੀ ਕਿਲਾ ਗੁੱਜਰ ਸਿੰਘ ਲਾਹੌਰ ਦੇ ਉਸ ਥਾਣੇ ਨੂੰ ਵੇਖਣ ਦੀ, ਜਿੱਥੇ ਦੇਸ਼ ਵੰਡ ਵੇਲੇ ਉਹਦੇ ਪਿਤਾ ਵੱਡੇ ਥਾਣੇਦਾਰ ਹੁੰਦੇ ਸਨ। ਉਸ ਥਾਣੇ ਦੇ ਇਨਚਾਰਜ! ਇਸ ਥਾਣੇ ਦੀਆਂ ਗੱਲਾਂ ਕਰਦਿਆਂ ਉਹ ਵੈਰਾਗ਼ੀ ਜਾਂਦੀ। ਉਹਦਾ ਗੱਚ ਭਰ ਆਉਂਦਾ, ਅੱਖਾਂ ਦੇ ਕੋਏ ਭਿੱਜ ਜਾਂਦੇ। ਕਿਹੋ ਜਿਹਾ ਹੋਵੇਗਾ ਉਹ ਦਫ਼ਤਰ, ਜਿਸ ਵਿਚ ਉਹ ਵਰਦੀ ਪਾਈ ਕੁਰਸੀ ’ਤੇ ਬਹਿੰਦਾ ਸੀ। ਕਿਹੋ ਜਿਹੇ ਹੋਣਗੇ ਉਹ ਕੁਆਟਰ, ਜਿਨ੍ਹਾਂ ਵਿਚੋਂ ਕਿਸੇ ਇੱਕ ਵਿਚ ਉਹਦੇ ਪਿਤਾ ਨਾਲ ਉਹਦੀ ਮਾਂ ਤੇ ਉਹਦੇ ਵੱਡੇ ਭੈਣ ਭਰਾ ਰਹਿੰਦੇ ਸਨ।

2001 ਵਿਚ ਮੈਂ ‘ਆਲਮੀ ਪੰਜਾਬੀ ਕਾਨਫ਼ਰੰਸ’ ਵਿਚ ਭਾਗ ਲੈਣ ਲਈ ਲਾਹੌਰ ਗਿਆ ਤਾਂ ਸਾਨੂੰ ਪਹਿਲਾਂ ਐੱਸ.ਐੱਸ.ਪੀ. ਦੇ ਦਫ਼ਤਰੋਂ ਆਪਣੀ ‘ਆਮਦ’ ਰਜਿਸਟਰ ਕਰਵਾ ਕੇ ਉਹ ਕਾਗ਼ਜ਼ ਉਸ ਇਲਾਕੇ ਦੇ ਥਾਣੇ ਵਿਚ, ਜਿਥੇ ਅਸੀਂ ਠਹਿਰੇ ਹੋਏ ਸਾਂ, ਦਰਜ ਕਰਾਉਣੇ ਸਨ। ਡਾ. ਜਗਤਾਰ ਤੇ ਮੈਂ ਐੱਸ.ਐੱਸ.ਪੀ. ਦੇ ਦਫ਼ਤਰ ਵਿਚ ਵੀ, ਪਹਿਲਾਂ ਪਤਾ ਨਾ ਲੱਗਣ ਕਰ ਕੇ, ਸ਼ਾਮ ਨੂੰ ਹੀ ਅੱਪੜੇ ਸਾਂ ਤੇ ਕੰਮ ਕਰਾਉਂਦਿਆਂ ਓਥੇ ਹੀ ਰਾਤ ਉੱਤਰ ਆਈ ਸੀ। ਪ੍ਰੋ ਨਿਆਜ਼ੀ, ਜਿਹੜਾ ਸਾਨੂੰ ਆਪਣੀ ਕਾਰ ਵਿਚ ਐੱਸ.ਐੱਸ.ਪੀ. ਦੇ ਦਫ਼ਤਰ ਲੈ ਕੇ ਗਿਆ ਸੀ, ਕਿਲਾ ਗੁੱਜਰ ਸਿੰਘ ਥਾਣੇ ਅੱਗੇ ਉਤਾਰ ਗਿਆ।
ਤਾਂ ਇਹ ਸੀ ਥਾਣਾ ਕਿਲਾ ਗੁੱਜਰ ਸਿੰਘ। ਥਾਣੇ ਦੇ ਦਰਵਾਜ਼ੇ ਅੱਗੇ ਖਲੋਤਿਆਂ ਮੈਨੂੰ ਸ. ਬੰਤਾ ਸਿੰਘ ਯਾਦ ਆਇਆ। ਉਹੋ ਕਈ ਦਹਾਕੇ ਪੁਰਾਣੀ ਨਿੱਕੀਆਂ ਇੱਟਾਂ ਦੀ ਇਮਾਰਤ। ਤਾਂ ਏਥੇ ਸੀ ਰਜਵੰਤ ਦਾ ਪਿਤਾ ਵੱਡਾ ਥਾਣੇਦਾਰ! ਇਸ ਥਾਣੇ ਦਾ ਮਾਲਕ। ਦਿਲ ਵਿਚ ਆਇਆ ਕਿ ਸ਼ਾਇਦ ਸਾਨੂੰ ਉਸ ਦਫ਼ਤਰ ਵਿਚ ਜਾਣ ਦਾ ਮੌਕਾ ਮਿਲੇਗਾ, ਜਿੱਥੇ ਉਹ ਕਦੀ ਕੁਰਸੀ ’ਤੇ ਫੱਬ ਕੇ ਬਹਿੰਦਾ ਸੀ। ਪਰ ਨਹੀਂ। ਪਹਿਰੇ ’ਤੇ ਖਲੋਤੇ ਸਿਪਾਹੀ ਨੂੰ ਜਦੋਂ ਆਪਣਾ ਕੰਮ ਦੱਸਿਆ ਤਾਂ ਉਹਨੇ ਸਾਨੂੰ ਸਿੱਧਾ ਹਵਾਲਦਾਰ ਦੇ ਦਫ਼ਤਰ ਭੇਜ ਦਿੱਤਾ। ਹਵਾਲਦਾਰ ਸਮੇਤ ਸਾਰੇ ਪੁਲਸੀਆਂ ਨੇ ਸਾਡਾ ਸਵਾਗਤ ਕੀਤਾ, ਆਦਰ-ਮਾਣ ਦਿੱਤਾ ਤੇ ਚਾਹ ਪਾਣੀ ਛਕਾ ਕੇ ਕੰਮ ਵੀ ਕਰ ਦਿੱਤਾ। ਐੱਸ.ਐੱਚ.ਓ. ਦਾ ਦਫ਼ਤਰ ਅੰਦਰ ਜਾ ਕੇ ਵੇਖਣ ਦੀ ਮੇਰੀ ਰੀਝ ਦੱਬੀ ਹੀ ਰਹਿ ਗਈ ਕਿਉਂਕਿ ਹਨੇਰਾ ਉੱਤਰ ਆਉਣ ਕਰ ਕੇ ਜਗਤਾਰ ਮੈਨੂੰ ਛੇਤੀ ਹੋਟਲ ਪਹੁੰਚਣ ਲਈ ਕਹਿ ਰਿਹਾ ਸੀ।
ਜਦੋਂ ਮੈਂ ਵਾਪਸ ਆ ਕੇ ਰਜਵੰਤ ਨੂੰ ਦੱਸਿਆ ਕਿ ਮੈਂ ‘ਭਾਪਾ ਜੀ’ ਦੇ ਥਾਣੇ ਵਿਚ ਹੋ ਕੇ ਆਇਆ ਹਾਂ ਤਾਂ ਉਹਨੇ ਗਿਲਾ ਕੀਤਾ ਕਿ ਮੈਂ ਉਨ੍ਹਾਂ ਦੇ ਦਫ਼ਤਰ ਵਿਚ ਕਿਉਂ ਨਹੀਂ ਗਿਆ। ਉਹ ਕੁਰਸੀ ਕਿਉਂ ਨਹੀਂ ਵੇਖੀ, ਜਿੱਥੇ ਉਹ ਬਹਿੰਦੇ ਸਨ।
ਦੋ ਕੁ ਸਾਲ ਬਾਅਦ ਮੇਰਾ ਦੋਬਾਰਾ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਰਜਵੰਤ ਕਹਿੰਦੀ, ‘ਮੈਨੂੰ ਹੋਰ ਤਾਂ ਘੁਮਾਉਣ ਫਿਰਾਉਣ ਲੈ ਕੇ ਨਹੀਂ ਗਏ, ਕਦੀ ਲਾਹੌਰ ਈ ਵਿਖਾ ਲਿਆਓ!’
ਲਾਹੌਰ ਵੇਖਣ ਤੋਂ ਉਹਦੀ ਮੁਰਾਦ ਥਾਣਾ ਕਿਲਾ ਗੁੱਜਰ ਸਿੰਘ ਵੇਖਣ ਤੋਂ ਹੀ ਸੀ। ਉਹਦੀ ਇਸ ਦੱਬੀ ਤਾਂਘ ਨੂੰ ਹਵਾਲਦਾਰ ਦਰਸ਼ਨ ਸਿੰਘ ਨੇ ਹੋਰ ਜੁੰਬਿਸ਼ ਦੇ ਦਿੱਤੀ।
ਹਵਾਲਦਾਰ ਦਰਸ਼ਨ ਸਿੰਘ ਜਲੰਧਰ ਦੇ ਸਾਹਿਤਕ ਤੇ ਸਮਾਜਿਕ-ਸਭਿਆਚਾਰਕ ਖੇਤਰ ਦੇ ਲੋਕਾਂ ਵਿਚ ਬੜਾ ਪਿਆਰਿਆ ਸਤਿਕਾਰਿਆ ਵਿਅਕਤੀ ਸੀ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦਾ ਕਾਰਡ-ਹੋਲਡਰ ਸੀ ਪਰ ਉਹਦੀ ਮੁਹੱਬਤ ਦਾ ਕਲਾਵਾ ਏਨਾ ਮੋਕਲਾ ਸੀ ਕਿ ਉਸ ਵਿਚ ਹਰ ਖ਼ਿਆਲ, ਹਰ ਪਾਰਟੀ ਦੇ ਸੁਹਿਰਦ ਲੋਕ ਆ ਜਾਂਦੇ ਸਨ। ਦਰਸ਼ਨ ਸਿੰਘ ਹਵਾਲਦਾਰ ‘ਪ੍ਰੀਤ-ਲੜੀ’ ਦਾ ਪੱਕਾ ਪਾਠਕ ਰਿਹਾ ਸੀ। ਉਥੋਂ ਹੀ ਉਹਨੂੰ ਅਗਾਂਹਵਧੂ ਵਿਚਾਰਾਂ ਦੀ ਅਜਿਹੀ ਜਾਗ ਲੱਗੀ ਕਿ ਉਹਨੇ ਆਜ਼ਾਦੀ ਤੋਂ ਬਾਅਦ ਛੋਟੇ ਪੁਲਿਸ ਮੁਲਾਜ਼ਮਾਂ ਦੀ ਯੂਨੀਅਨ ਬਣਾ ਲਈ ਤਾਕਿ ਉਨ੍ਹਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਉੱਚ ਅਧਿਕਾਰੀਆਂ ਸਾਹਮਣੇ ਉਠਾਇਆ ਜਾ ਸਕੇ। ਪੁਲਿਸ ਨੇਮਾਂ ਮੁਤਾਬਿਕ ਅਜਿਹੀ ਜਥੇਬੰਦੀ ਬਨਾਉਣੀ ਕਾਨੂੰਨਨ ਜੁਰਮ ਹੋਣ ਕਰ ਕੇ ਉਹਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਉਹਦੀ ਇਸ ਕੁਰਬਾਨੀ ਕਰ ਕੇ ਵੀ ਸਮਾਜ ਵਿਚ ਉਸਦੀ ਬਹੁਤ ਕਦਰ ਸੀ। ਬੜਾ ਸੱਚਾ-ਸੁੱਚਾ ਬੰਦਾ ਸੀ। ਉਹਨੂੰ ਕਈ ਸਕੂਲ-ਕਾਲਜ ਵੀ ਆਪਣੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਬੁਲਾਉਂਦੇ ਰਹਿੰਦੇ।
ਮੁਹੱਬਤੀ ਮੇਲ਼-ਮਿਲਾਪ ਬਣਾਈ ਰੱਖਣ ਲਈ ਕਦੀ-ਕਦੀ ਉਹ ਮੇਰੇ ਵੱਲ ਵੀ ਆ ਜਾਂਦਾ।
ਅੱਜ ਉਹ ਮੇਰੇ ਕੋਲ ਬੈਠਾ ਸੀ। ਚਾਹ-ਪਾਣੀ ਪੀ ਕੇ ਕਹਿੰਦਾ, ‘ਸੰਧੂ ਸਾਹਿਬ! ਤੁਸੀਂ ਉਸ ਦਿਨ ਲੈਕਚਰ ਕਰਦਿਆਂ ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥… ਵਾਲਾ ‘ਸ਼ਿਅਰ’ ਬੋਲਿਆ ਸੀ। ਇਸ ਵਿਚ ‘ਆਵ ਕੀ ਅਉਧ ਨਿਦਾਨ ਬਨੇ’ ਦਾ ਕੀ ਮਤਲਬ ਹੈ…ਮੈਂ ਇਹ ਕੱਲ੍ਹ ਕਿਸੇ ਕਾਲਜ ਵਿਚ ਬੋਲਣਾ ਹੈ!’
ਮੈਂ ਹੱਸ ਪਿਆ। ਆਪਣੀ ਅਕਲ ਮੁਤਾਬਕ ਅਰਥ ਦੱਸਣ ਲੱਗਾ। ਡਰਾਇੰਗ ਰੂਮ ਦੇ ਜਿਸ ਸੋਫ਼ੇ ’ਤੇ ਹਵਾਲਦਾਰ ਦਰਸ਼ਨ ਸਿੰਘ ਬੈਠਾ ਸੀ, ਉਥੋਂ ਐਨ ਸਾਹਮਣੇ ਲੌਬੀ ਵਿਚ ਸਰਦਾਰ ਬੰਤਾ ਸਿੰਘ ਦੀ ਬਾ-ਵਰਦੀ ਵੱਡੀ ਤਸਵੀਰ ਦਿਸਦੀ ਸੀ। ਉਹਨੇ ਮੇਰੀ ਗੱਲ ਅਣਸੁਣੀ ਕਰਦਿਆਂ ਬੜੇ ਉਤੇਜਿਤ ਹੋ ਕੇ ਪੁੱਛਿਆ, ‘ਔਹ ਤਾਂ ਸਰਦਾਰ ਬੰਤਾ ਸਿੰਘ ਦੀ ਤਸਵੀਰ ਲੱਗਦੀ ਹੈ! ਹੈ ਨਾ? ਤੁਹਾਡੇ ਕੀ ਲੱਗਦੇ ਸਨ?’
ਮੈਂ ਬੜਾ ਹੈਰਾਨ ਹੋਇਆ ਕਿ ਹਵਾਲਦਾਰ ਸ. ਬੰਤਾ ਸਿੰਘ ਨੂੰ ਕਿਵੇਂ ਜਾਣਦਾ ਸੀ। ਉਹਨੂੰ ਤਾਂ ਇਸ ਸੰਸਾਰ ਤੋਂ ਗਿਆਂ ਦਹਾਕੇ ਬੀਤ ਚੁੱਕੇ ਸਨ।
‘ਤੁਸੀਂ ਉਨ੍ਹਾਂ ਨੂੰ ਕਿਵੇਂ ਜਾਣਦੇ ਓ?’
ਉਹਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਜਿਵੇਂ ਚਿਰ-ਵਿਛੜਿਆ ਕੋਈ ਡਾਢਾ ਹੀ ਮਿੱਤਰ-ਪਿਆਰਾ ਮਿਲ ਪਿਆ ਹੋਵੇ। ਮੈਂ ਵੇਖਿਆ, ਉਹਨੇ ਐਨਕ ਲਾਹ ਕੇ ਅੱਖਾਂ ਤੋਂ ਸਿੱਲ੍ਹ ਪੂੰਝੀ ਤੇ ਦੱਸਣ ਲੱਗਾ, ‘ਸੰਧੂ ਸਾਹਿਬ! ਲਾਹੌਰ ਦੇ ਕਿਲਾ ਗੁੱਜਰ ਸਿੰਘ ਥਾਣੇ ਵਿਚ ਇਹ ਮੇਰੇ ਅਫ਼ਸਰ ਹੁੰਦੇ ਸਨ। ਮੈਂ ਦੇਸ਼ ਦੀ ਤਕਸੀਮ ਤੱਕ ਇਨ੍ਹਾਂ ਨਾਲ ਕੰਮ ਕੀਤਾ। ਕਿਆ ਬਾਤਾਂ ਸਨ ਸਰਦਾਰ ਬੰਤਾ ਸਿੰਘ ਦੀਆਂ! ਏਨਾ ਨੇਕ, ਏਨਾ ਮਿਲਣਸਾਰ, ਏਨਾ ਸੱਚਾ-ਸੁੱਚਾ ਅਫ਼ਸਰ! ਬੜਾ ਹੀ ਨਿਆਂ-ਪਸੰਦ! ਕਿਸੇ ਨਾਲ ਵਧੀਕੀ ਨਾ ਕਰਦਾ। ਨਾ ਕਿਸੇ ਇਨਸਾਫ਼ ਮੰਗਣ ਵਾਲੇ ਦੇ ਗੇੜੇ ਲਵਾਉਂਦਾ। ਅਗਲੇ ਦੀ ਸ਼ਕਿਤ ਦੀ ਸਦਾਕਤ ਸਮਝ ਕੇ ਤੁਰਤ ਕਾਰਵਾਈ ਕਰਦਾ। ਨਾ ਸਿਫ਼ਾਰਿਸ਼ ਨਾ ਪੈਸਾ, ਉਹਦੇ ਈਮਾਨ ਨੂੰ ਡੁਲਾ ਸਕਦੇ। ਲਾਹੌਰ ਵਿਚ ਉਹਦੀ ਈਮਾਨਦਾਰੀ ਦੀ ਬੜੀ ਪੈਂਠ ਸੀ। ਮੈਂ ਉਸ ਵਰਗੇ ਬੰਦੇ ਬਹੁਤ ਘੱਟ ਵੇਖੇ ਨੇ। ਅੰਗਰੇਜ਼ੀ ਰਾਜ ਵਿਚ ਵੱਡਾ ਥਾਣੇਦਾਰ ਹੋਣਾ ਛੋਟੀ ਗੱਲ ਨਹੀਂ ਸੀ ਤੇ ਉਹ ਵੀ ਲਾਹੌਰ ਵਰਗੇ ਸ਼ਹਿਰ ਵਿਚ! ਨਿੱਤ ਨਿੱਤ ਨਹੀਂ ਜੰਮਦੇ ਐਸੇ ਬੰਦੇ!’
ਰਜਵੰਤ ਆਪਣੇ ਪਿਤਾ ਦੀਆਂ ਅਕਸਰ ਹੀ ਸਿਫ਼ਤਾਂ ਕਰਦੀ। ਸਾਰੀਆਂ ਧੀਆਂ ਕਰਦੀਆਂ ਨੇ। ਸਵਾਦ ਤਾਂ ਹੈ ਕਿ ਕੋਈ ਹੋਰ ਬੰਦਾ ਵੀ ਸਿਫ਼ਤ ਕਰੇ। ਉਹੋ ਅਸਲ ਸੱਚ ਹੁੰਦਾ ਹੈ। ਦਰਸ਼ਨ ਸਿੰਘ ਹਵਾਲਦਾਰ ਨੇ ਮੇਰੇ ਮਨ ਵਿਚ ਸ ਬੰਤਾ ਸਿੰਘ ਦਾ ਰੁਤਬਾ ਹੋਰ ਬੁਲੰਦ ਕਰ ਦਿੱਤਾ।
ਮੈਂ ਰਸੋਈ ਵਿਚ ਕੰਮ ਕਰਦੀ ਆਪਣੀ ਪਤਨੀ ਨੂੰ ਆਵਾਜ਼ ਦਿੱਤੀ, ‘ਰਜਵੰਤ, ਆਈਂ ਭੱਜ ਕੇ। ਹੌਲਦਾਰ ਹੁਰੀਂ ਭਾਪਾ ਜੀ ਨਾਲ ਲਾਹੌਰ ਇੱਕੋ ਥਾਣੇ ਵਿਚ ਕੰਮ ਕਰਦੇ ਰਹੇ ਨੇ!’
ਉਹ ਹੱਥ ਧੋ ਕੇ ਤੁਰਤ ਡਰਾਇੰਗ ਰੂਮ ਵਿਚ ਪਹੁੰਚੀ। ਮੈਂ ਉਸਨੂੰ ਹਵਾਲਦਾਰ ਦੀ ‘ਭਾਪਾ ਜੀ’ ਨਾਲ ਸਾਂਝ ਦੀ ਗੱਲ ਦੱਸੀ ਤਾਂ ਉਹ ਛੇਤੀ ਨਾਲ ਹਵਾਲਦਾਰ ਦੇ ਸਾਹਮਣੇ ਬਹਿ ਕੇ ਆਪਣੇ ਪਿਤਾ ਬਾਰੇ ਕੁਝ ਹੋਰ ਸੁਣਨ ਲਈ ਕਾਹਲੀ ਪੈ ਗਈ। ਹਵਾਲਦਾਰ ਨੇ ਮੈਨੂੰ ਦੱਸੀਆਂ ਗੱਲਾਂ ਦੁਹਰਾਈਆਂ। ਭਾਪਾ ਜੀ ਦੀ ਤਾਰੀਫ਼ ਕੀਤੀ।
‘ਬੀਬੀ! ਤੁਸੀਂ ਵੀ ਲਾਹੌਰ ਵਿਚ ਹੁੰਦੇ ਸੀ ਸਰਦਾਰ ਸਾਹਿਬ ਕੋਲ?’
‘ਨਹੀਂ ਜੀ, ਮੈਂ ਤਾਂ ਪਾਕਿਸਤਾਨ ਬਣਨ ਤੋਂ ਬਾਅਦ ਜੰਮੀ ਸਾਂ। ਮੈਂ ਤਾਂ ਕਿਲਾ ਗੁੱਜਰ ਸਿੰਘ ਥਾਣੇ ਦੀਆਂ ਗੱਲਾਂ ਆਪਣੀ ਮਾਂ ਤੇ ਵੱਡੇ ਭੈਣ-ਭਰਾ ਤੋਂ ਹੀ ਸੁਣੀਆਂ ਨੇ!’
‘ਔਹ ਤਸਵੀਰ ਐਨ ਉਨ੍ਹਾਂ ਵੇਲਿਆਂ ਦੀ ਜਾਪਦੀ ਐ। ਬਿਲਕੁਲ ਇਸੇ ਤਰ੍ਹਾਂ ਹੀ ਵਰਦੀ ਵਿਚ ਸੱਜਿਆ ਵੇਖਿਆ ਹੋਇਆ ਹੈ, ਮੈਂ ਸਰਦਾਰ ਬੰਤਾ ਸਿੰਘ ਨੂੰ!’
‘ਸਰਦਾਰ ਸੋਹਣਾ ਵੀ ਬਹੁਤ ਸੀ। ਉੱਚਾ ਲੰਮਾਂ, ਦਰਸ਼ਨੀ ਜਵਾਨ! ਘੋੜ-ਸਵਾਰ ਵੀ ਕਮਾਲ ਦਾ। ਖੇਡਾਂ ਵਿਚ ਕਈ ਤਗਮੇ ਜਿੱਤੇ ਹੋਏ ਸਨ, ਜਿਨ੍ਹਾਂ ਨੂੰ ਉਹ ਵਰਦੀ ਨਾਲ ਲਾਉਂਦਾ। ਜਚ ਜਚ ਪੈਂਦਾ! ਏਸੇ ਥਾਣੇ ਵਿਚ ਉਹ ਪਹਿਲਾਂ ਛੋਟਾ ਥਾਣੇਦਾਰ ਸੀ। ਘੋੜਾ ਟਪਾਉਣ ਵਾਲੀ ਖੇਡ ਵਿਚ ਬੜਾ ਮਾਹਿਰ ਸੀ। ਉਹਨੇ ਲਾਹੌਰ ਵਿਚ ਹੋਏ ਕਿਸੇ ਵੱਡੇ ਮੁਕਾਬਲੇ ਵਿਚ ਤਮਗ਼ਾ ਜਿੱਤਿਆ। ਅੰਗਰੇਜ਼ ਪiੁਲਸ ਅਫ਼ਸਰ ਖੇਡਾਂ ਵੇਖ ਰਿਹਾ ਸੀ। ਬਹੁਤ ਖ਼ੁਸ਼ ਹੋਇਆ। ਉਹਨੇ ਉਹਨੂੰ ਵੱਡਾ ਥਾਣੇਦਾਰ ਬਣਾਏ ਜਾਣ ਦੀ ਸਿਫ਼ਾਰਿਸ਼ ਕਰ ਦਿੱਤੀ। ਤੇ ਫਿਰ ਤਿੰਨ ਸਾਲ ਉਹਨੇ ਥਾਣੇ ਦੀ ਸਰਦਾਰੀ ਕੀਤੀ।’
ਫਿਰ ਉਹਨੂੰ ਬੰਤਾ ਸਿੰਘ ਦੀ ਮੌਤ ਨਾਲ ਜੁੜੀ ਦੁਰਘਟਨਾ ਚੇਤੇ ਆ ਗਈ।
‘ਸਰਦਾਰ ਬੰਤਾ ਸਿੰਘ ਨੂੰ ਇੰਝ ਨਹੀਂ ਸੀ ਮਰਨਾ ਚਾਹੀਦਾ!’ ਹਵਾਲਦਾਰ ਨੇ ਹਾਉਕਾ ਭਰਿਆ।
ਰਜਵੰਤ ਦੀਆਂ ਅੱਖਾਂ ਭਿੱਜ ਗਈਆਂ।
‘ਮੇਰੇ ਨਾਲ ਸਰਦਾਰ ਹੁਰਾਂ ਦਾ ਬਹੁਤ ਪਿਆਰ ਸੀ। ਮੈਨੂੰ ਕਿਹਾ ਕਰਦੇ, ‘ਦਰਸ਼ਨ ਸਿਹਾਂ! ਮੈਂ ਸੱਚੇ ਸੁੱਚੇ ਬੰਦਿਆਂ ਦਾ ਕਦਰਦਾਨ ਹਾਂ। ਤੁਹਾਡੇ ਵਰਗੇ ਲੋਕ ਪੁਲਿਸ ਵਿਚ ਬਹੁਤ ਥੋੜੇ ਨੇ। ਇਹ ਵੱਧ ਗਿਣਤੀ ਵਿਚ ਹੋਣੇ ਚਾਹੀਦੇ ਨੇ! ਹੋਣ ਤਾਂ ਪੁਲਿਸ ਦਾ ਅਕਸ ਵਧੀਆ ਬਣਦਾ ਏ!’
ਸੱਚਮੁੱਚ ਹਵਾਲਦਾਰ ਸੱਚਾ-ਸੁੱਚਾ ਬੰਦਾ ਹੀ ਤਾਂ ਸੀ! ਉਹਦਾ ਕਦਰਦਾਨ ਕਿਉਂ ਨਾ ਸੱਚਾ-ਸੁੱਚਾ ਹੁੰਦਾ!
ਉਨ੍ਹਾਂ ਵੇਲਿਆਂ ਦੀਆਂ ਕਈ ਯਾਦਾਂ ਸਾਂਝੀਆਂ ਕਰਨ ਤੋਂ ਬਾਅਦ ਹਵਾਲਦਾਰ ਜਾਣ ਲਈ ਉੱਠ ਖਲੋਤਾ ਤੇ ਰਜਵੰਤ ਦੇ ਸਿਰ ’ਤੇ ਪਿਆਰ ਦੇ ਕੇ ਆਖਿਆ, ‘ਬੀਬੀ! ਅੱਗੇ ਤੂੰ ਮੇਰੇ ਲਈ ਸੰਧੂ ਸਾਹਿਬ ਦੀ ਘਰਵਾਲੀ ਸੀ, ਹੁਣ ਮੇਰੇ ਮੋਹਸਿਨ ਦੀ, ਮੇਰੇ ਮਿਹਰਬਾਨ ਦੀ ਧੀ ਹੋਣ ਕਰ ਕੇ ਅੱਜ ਤੋਂ ਮੇਰੀ ਵੀ ਧੀ ਹੋਈ!’
ਹਵਾਲਦਾਰ ਦੇ ਜਾਣ ਪਿੱਛੋਂ ਰਜਵੰਤ ਆਪਣੇ ਭਾਪਾ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਲੱਗੀ। ਇਹ ਗੱਲਾਂ ਉਸਨੇ ਪਤਾ ਨਹੀਂ ਕਿੰਨੀ ਕੁ ਵਾਰ ਮੇਰੇ ਨਾਲ ਸਾਂਝੀਆਂ ਕੀਤੀਆਂ ਸਨ। ਪਰ ਜਦੋਂ ਵੀ ਉਹਦੀ ਦਰਦ-ਦਾਸਤਾਂ ਸੁਣਦਾ ਤਾਂ ਮੇਰਾ ਮਨ ਪਿਘਲ ਜਾਂਦਾ।
ਆਉ ਆਪਾਂ ਰਜਵੰਤ ਨੂੰ ਹੀ ਆਪਣੀ ਗੱਲ ਕਹਿਣ ਦਿੰਦੇ ਹਾਂ। ਉਹਨੇ ਆਪਣੀ ਮਾਂ ਦਾ ਸ਼ਬਦ-ਚਿਤਰ ਲਿਖਿਆ ਸੀ, ‘ਸਾਡੀ ਬੀਬੀ-ਸਾਡੀ ਮਾਂ’-ਇਹ ਬਿਰਤਾਂਤ ਓਸੇ ਲਿਖਤ ਦਾ ਹਿੱਸਾ ਹੈ।
…ਜਦੋਂ ਬੀਬੀ ਦਾ ਵਿਆਹ ਹੋਇਆ ਤਾਂ ਸਾਡਾ ਪਿਤਾ ਫੌਜ ਵਿਚ ਸੀ। ਫਿਰ ਫੌਜ ਛੱਡ ਕੇ ਪੁਲਿਸ ਵਿਚ ਹੋ ਗਿਆ। ਛੇਤੀ ਤਰੱਕੀ ਕਰਦਾ ਵੱਡਾ ਥਾਣੇਦਾਰ ਬਣ ਗਿਆ। ਮੇਰੀ ਬੀਬੀ ਘਰ ਬੈਠੀ ਥਾਣੇਦਾਰਨੀ ਬਣ ਗਈ। ਘਰ ਦਾ ਕੰਮ ਕਰਨ ਲਈ ਪੱਕਾ ਨੌਕਰ। ਖਾਣ-ਪੀਣ, ਪਹਿਨਣ ਦੀਆਂ ਮੌਜਾਂ। ਉਹਨੂੰ ਲੱਗਦਾ ਇਹ ਸਰਦਾਰੀਆਂ ਉਹਦੀ ਪਤਨੀ ਦੀ ਕਿਸਮਤ ਕਰ ਕੇ ਮਿਲੀਆਂ ਨੇ। ਉਹ ਉਹਨੂੰ ਲਾਹੌਰ ਆਪਣੇ ਨਾਲ ਲੈ ਗਿਆ। ਏਥੇ ਉਹ ਕਿਲਾ ਗੁੱਜਰ ਸਿੰਘ ਵਿਚ ਥਾਣੇ ਦਾ ਇਨਚਾਰਜ ਸੀ। ਮਾਂ ਲਈ ਇਹ ਉਹਦੀ ਜ਼ਿੰਦਗੀ ਦੇ ਸਭ ਤੋਂ ਭਲੇ ਦਿਨ ਸਨ।
ਮੇਰੇ ਵੱਡੇ ਭਰਾ ਤੇ ਵੱਡੀ ਭੈਣ ਨੂੰ ਉਨ੍ਹਾਂ ਦਿਨਾਂ ਦੀ ਸੰਭਾਲ ਸੀ। ਉਹ ਉਨ੍ਹਾਂ ਵੇਲਿਆਂ ਦੀਆਂ ਯਾਦਾਂ ਸਾਂਝੀਆਂ ਕਰਦੇ। ਕਿਵੇਂ ਉਹ ਕੁਆਟਰਾਂ ਵਿਚ ਰਹਿੰਦੇ ਹੋਰ ਪਰਿਵਾਰਾਂ ਦੇ ਬੱਚਿਆਂ ਨਾਲ ਖੇਡਦੇ। ਕਿਵੇਂ ਥਾਣੇ ਦੇ ਛੋਟੇ ਮੁਲਾਜ਼ਮ ਉਨ੍ਹਾਂ ਨਾਲ ਲਾਡ ਲਡਾਉਂਦੇ। ਹੁਣ ਉਨ੍ਹਾਂ ਨੂੰ ਆਪਣੇ ਪਿਉ ਦੀ ਸਰਦਾਰੀ ਹੋਰ ਵੀ ਚੇਤੇ ਆਉਂਦੀ।
ਦੇਸ਼ ਦੀ ਵੰਡ ਵੇਲੇ ਵੀ ਸਾਡਾ ਪਿਤਾ ਓਸੇ ਥਾਣੇ ਵਿਚ ਸੀ। ਆਪਣਾ ਟੱਬਰ ਹੀ ਨਹੀਂ, ਹੋਰ ਵੀ ਕਈਆਂ ਨੂੰ ਉਹ ਟਰੱਕ ‘ਤੇ ਲੱਦ ਕੇ ਭਾਰਤ ਵਿਚ ਲੈ ਕੇ ਆਇਆ। ਆਪ ਉਹਦੀ ਡਿਊਟੀ ਫਿæਰੋਜ਼ਪੁਰ ਲੱਗ ਗਈ। ਬੀਬੀ ਆਪਣੇ ਪੁਤ-ਧੀਆਂ ਨੂੰ ਲੈ ਕੇ ਸਹੁਰੇ ਘਰ ਝਬਾਲ ਰਹਿਣ ਲੱਗੀ।
ਬੀਬੀ ਦੱਸਦੀ, ‘ਤੇਰੇ ਭਾਪਾ ਜੀ ਤੈਨੂੰ ਬੜਾ ਪਿਆਰ ਕਰਦੇ। ਇਕ ਵਾਰ ਤੇਰੇ ਗਾਜਰੀ ਰੰਗ ਦੀ ਫਰਾਕ ਪਾਈ ਹੋਈ ਸੀ। ਤੇਰੇ ਭਾਪਾ ਜੀ ਛੁੱਟੀ ਆਏ ਹੋਏ ਸਨ। ਤੇਰੇ ‘ਤੇ ਲਾਡ ਆਇਆ ਤੇ ਕੁੱਛੜ ਚੁੱਕ ਕੇ ਅਸਮਾਨ ਵੱਲ ਉਲਾਰ ਕੇ ਵਾਰ-ਵਾਰ ਬਾਹਵਾਂ ਵਿਚ ਬੋਚ ਕੇ ਆਖਣ, ‘ਮੇਰੀ ਧੀ ਦਾ ਰੰਗ ਤਾਂ ਵੇਖ। ਲਾਲ, ਦਗ ਦਗ ਕਰਦਾ। ਫਰਾਕ ਦੇ ਰੰਗ ਨਾਲ ਈ ਰਲੀ ਪਈ ਏ। ਵੇਖ ਤੇਰੇ ਤੋਂ ਵੀ ਇਹਦਾ ਰੰਗ ਵੱਧ ਲਾਲ ਤੇ ਗੋਰਾ।’
ਬੀਬੀ ਬਾਰੇ ਸਾਡੀ ਵਡੇਰੀ ਉਮਰ ਦੀ ਤਾਈ ਦੱਸਦੀ ਹੁੰਦੀ, ‘ਤੁਹਾਡੀ ਮਾਂ ਬੜੀ ਹੌਲੀ ਜਿਹੀ ਉਮਰ ਦੀ ਸੀ ਜਦੋਂ ਵਿਆਹੀ ਆਈ। ਬੜੀ ਸੋਹਣੀ, ਲਾਲ ਦਗਦਾ ਮਘਦਾ ਰੰਗ। ਜਦੋਂ ਸਾਲੂ ਵਿਚੋਂ ਤੇਰੀ ਮਾਂ ਦੇ ਗੋਰੇ ਚਿੱਟੇ ਹੱਥ ਬਾਹਰ ਨਿਕਲੇ ਤਾਂ ਤੇਰਾ ਪਿਓ ਮੈਨੂੰ ਆਖਣ ਲੱਗਾ, ‘ਭਾਬੀ ਇਹਦੇ ਹੱਥਾਂ ਨੂੰ ਟੋਹ ਟੋਹ ਕੇ ਨਾ ਵੇਖ। ਵੇਖੀਂ ਕਿਤੇ ਆਪਣੇ ਹੱਥਾਂ ਦਾ ਕਾਲਾ ਰੰਗ ਇਹਦੇ ਹੱਥਾਂ ‘ਤੇ ਚੜ੍ਹਾ ਕੇ ਇਹਦੇ ਹੱਥ ਮੈਲੇ ਕਰ ਦਏਂ।’
ਸਾਡੇ ਪਿਤਾ ਨੇ ਸੱਚ-ਮੁੱਚ ਮਾਂ ਦੇ ਹੱਥ ਮੈਲੇ ਨਹੀਂ ਸਨ ਹੋਣ ਦਿੱਤੇ। ਬਜ਼ੁਰਗ ਬਾਬਾ ਜਬਰੂ, ਇਕ ਰਾਜਾ ਸਿੰਘ, ਸਾਡੇ ਘਰ ਦਾ ਰੋਟੀ ਟੁੱਕ ਵੀ ਕਰਦਾ। ਹੱਟੀ ਭੱਠੀ ਦੇ ਕੰਮ ਵੀ ਕਰਦਾ। ਬੀਬੀ ਸਾਨੂੰ ਭੈਣ ਭਰਾਵਾਂ ਨੂੰ ਨਹਾਉਂਦੀ, ਧੁਆਉਂਦੀ। ਸਾਂਭਦੀ, ਸਜਾਉਂਦੀ ਸਵਾਰਦੀ।
ਤੇ ਫਿਰ ਅਚਨਚੇਤ ਬਿਜਲੀ ਡਿੱਗੀ। ਛੱਬੀ ਜਨਵਰੀ 1950 ਦਾ ਦਿਨ ਸੀ। ਸ਼ਾਮ ਹੁੰਦਿਆਂ ਪੁਲਿਸ ਦੀ ਗੱਡੀ ਝਬਾਲ ਪਿੰਡ ਵਿਚ ਪਹੁੰਚੀ। ਗੱਡੀ ਵਿਚ ਸਾਡੇ ਪਿਤਾ ਦੀ ਲਾਸ਼ ਸੀ। ਪਿਤਾ ਨਾਮਵਰ ਘੋੜ-ਸਵਾਰ ਸੀ। ਘੋੜ-ਖੇਡਾਂ ਵਿਚ ਕਈ ਤਗਮੇ ਜਿੱਤ ਚੁੱਕਾ ਸੀ। ਲਾਸ਼ ਲਿਆਉਣ ਵਾਲੇ ਪੁਲਸੀਆਂ ਦੱਸਿਆ…
ਅੱਜ ਵੀ ਗਣਤੰਤਰ ਦਿਹਾੜੇ ‘ਤੇ ਘੋੜ-ਸਵਾਰ ਕਰਤੱਵ ਵਿਖਾ ਰਹੇ ਸਨ। ਪਿਤਾ ਦਾ ਘੋੜਾ ਉਛਲ ਉਛਲ ਰੁਕਾਵਟਾਂ ਪਾਰ ਕਰਦਾ ਜਾ ਰਿਹਾ ਸੀ। ਇਕ ਰੁਕਾਵਟ ‘ਤੇ ਘੋੜਾ ਥੋੜਾ ਕੁ ਝਿਜਕਿਆ ਤਾਂ ਪਿਤਾ ਨੇ ਹੱਲਾ-ਸ਼ੇਰੀ ਦੇਣ ਲਈ ਲਗਾਮ ਨੂੰ ਝਟਕਾ ਦਿੱਤਾ, ਪਿੰਡੇ ਨੂੰ ਅੱਡੀ ਛੁਹਾਈ। ਘੋੜੇ ਨੇ ਕੌੜ ਮੰਨੀ। ਘੋੜਾ ਸਿੱਧਾ ਸੀਖ-ਪੌ ਹੋ ਗਿਆ ਤੇ ਸੰਤੁਲਨ ਵਿਗੜ ਜਾਣ ਕਰਕੇ ਪਿੱਠ ਪਰਨੇ ਡਿੱਗ ਪਿਆ। ਸਾਡਾ ਪਿਤਾ ਘੋੜੇ ਹੇਠਾਂ ਦੱਬਿਆ ਗਿਆ ਤੇ ਨਾਲ ਹੀ ਸਾਡੀ ਸਭਨਾਂ ਦੀ, ਮਾਂ ਤੇ ਸਾਡੇ ਭਰਾ ਤੇ ਭੈਣਾਂ ਦੀ, ਕਿਸਮਤ ਵੀ ਦੱਬੀ ਗਈ। ਘੋੜਾ ਨਹੀਂ ਸੀ ਡਿੱਗਾ, ਸਾਡੀ ਕਿਸਮਤ ’ਤੇ ਪਹਾੜ ਢਹਿ ਪਿਆ ਸੀ। ਉੱਚੇ ਬੁਰਜ ਦੇ ਕਿੰਗਰੇ ਢਹਿ ਗਏ ਸਨ।
ਮੈਨੂੰ ਉਨ੍ਹਾਂ ਕਹਿਰ ਦੀਆਂ ਘੜੀਆਂ ਦੀ ਸੰਭਾਲ ਨਹੀਂ। ਡੇਢ ਸਾਲ ਤਾਂ ਸਾਰੀ ਉਮਰ ਸੀ ਮੇਰੀ। ਪਰ ਮਾਂ ਦੇ ਚੇਤੇ ਵਿਚ ਤਾਂ ਉਹ ਦੁਖਦਾਈ ਘੜੀਆਂ ਸਦਾ ਜਿਊਂਦੀਆਂ ਰਹੀਆਂ ਸਨ। ਕਿੰਨੇ ਸਾਲ, ਕਿੰਨੀ ਵਾਰ ਉਹਨੇ ਹਉਕੇ ਭਰਦਿਆਂ, ਅੱਥਰੂ ਵਹਾਉਂਦਿਆਂ ਇਹ ਦੁਖਦ-ਕਥਾ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਸਾਰੀਆਂ ਭੈਣਾਂ ਨੇ ਪਥਰਾਈ ਚੁੱਪ ਵਿਚ ਉਹਦੇ ਹੰਝੂ ਹਉਕਿਆਂ ਨਾਲ ਆਪਣੇ ਹੰਝੂ ਹਉਕੇ ਰਲਾਏ ਸਨ। ਸਾਡਾ ਸਭ ਤੋਂ ਵੱਡਾ ਭਰਾ ਗਹਿਰਾ ਗ਼ਮ ਸੀਨੇ ਨਾਲ ਲਾ ਕੇ ਚੁੱਪ-ਚੁੱਪ ਰਹਿਣ ਲੱਗਾ। ਉਹਨੂੰ ਆਪਣੀ ਉਮਰ ਦੇ ਦੋਸਤਾਂ ਨਾਲ ਖੇਡਾਂ ਖੇਡਣੀਆਂ ਚੰਗੀਆਂ ਨਾ ਲੱਗਦੀਆਂ।
ਲੋਕ ਤਾਂ ਵੱਖਰੇ ਤੇ ਵੱਡੇ ਪ੍ਰਸੰਗ ਵਿਚ ਇਹ ਕਥਨ ਦੁਹਰਾਉਂਦੇ ਰਹੇ ਹਨ ਪਰ ਮੇਰੀ ਮਾਂ ਇਹਨੂੰ ਆਪਣੇ ਨਿੱਜੀ ਦੁੱਖ ਨਾਲ ਜੋੜ ਕੇ ਆਖਦੀ, ‘ਛੱਬੀ ਜਨਵਰੀ ਦਾ ਉਹ ਦਿਨ ਲੋਕਾਂ ਲਈ ਹੋਊ ਕਿਸੇ ਅਜਾਦੀ ਦਾ ਦਿਨ, ਪਰ, ਸਾਡੇ ਲਈ ਤਾਂ ਉਹ ਬਰਬਾਦੀ ਦਾ ਦਿਨ ਸੀ।’
ਅਸੀਂ ਭੈਣਾਂ ਹਰ ਸਾਲ ਇਸ ਕੋਸ਼ਿਸ਼ ਵਿਚ ਰਹਿੰਦੀਆਂ ਕਿ ਬੀਬੀ ਨੂੰ ਸਾਲ ਬਾਅਦ ਆਉਣ ਵਾਲੇ ਛੱਬੀ ਜਨਵਰੀ ਦੇ ਦਿਨ ਦਾ ਪਤਾ ਹੀ ਨਾ ਲੱਗੇ ਕਿ ਅੱਜ ਛੱਬੀ ਜਨਵਰੀ ਹੈ। ਪਤਾ ਲੱਗਣ ‘ਤੇ ਉਹ ਸਾਰੀ ਦਿਹਾੜੀ ਵੈਣ ਪਾਉਂਦੀ ਰਹਿੰਦੀ। ਉਹਨੂੰ ਲੱਗਦਾ ਕਿ ਉਹਦਾ ਪਤੀ ਜਿਵੇਂ ਹੁਣੇ ਮਰਿਆ ਹੋਵੇ ਤੇ ਵਿਹੜੇ ਵਿਚ ਇਕੱਠੀ ਹੋਈ ਭੀੜ ਦੀ ਕੁਰਲਾਹਟ ਵਿਚ ਉਹਦੀ ਫ਼ੀਰੋਜ਼ਪੁਰੋਂ ਅੱਪੜੀ ਲਾਸ਼ ਪਈ ਹੋਵੇ।
ਇਕ ਵਾਰ ਸਕਿਆਂ ‘ਚੋਂ ਸਾਡੇ ਸੰਵੇਦਨਸ਼ੀਲ ਤਾਏ ਸੋਹਣ ਸਿੰਘ ਨੇ ਮੇਰੇ ਸਿਰ ‘ਤੇ ਪਿਆਰ ਦੇ ਕੇ ਅੱਖਾਂ ‘ਚ ਹੰਝੂ ਭਰ ਲਏ। ਮੈਂ ਉਦੋਂ ਨੌਕਰੀ ਕਰਨ ਲੱਗੀ ਸਾਂ। ਪਹਿਲਾਂ ਤਾਂ ਉਹਨੂੰ ਰੋਂਦਿਆਂ ਵੇਖ ਕੇ ਗੱਲ ਦੀ ਸਮਝ ਨਾ ਆਈ। ਫਿਰ ਕੁਝ ਸੋਚ ਕੇ ਮੇਰਾ ਹਾਸਾ ਨਿਕਲ ਗਿਆ। ਮੈਂ ਆਖਿਆ, ‘ਤਾਇਆ ਜੀ, ਅੱਜ ਪੰਦਰਾਂ ਅਗਸਤ ਹੈ, ਛੱਬੀ ਜਨਵਰੀ ਨਹੀਂ।’ ਅਸਲ ਗੱਲ ਇਹ ਸੀ ਕਿ ਤਾਏ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਡੇ ਪਿਤਾ ਦੀ ਮੌਤ ਸ਼ਾਇਦ ਏਸ, ਪੰਦਰਾਂ ਅਗਸਤ ਵਾਲੇ ‘ਆਜ਼ਾਦੀ ਦਿਹਾੜੇ’ ਨੂੰ ਹੋਈ ਸੀ। ਪਰ ਇਕ ਗੱਲ ਤਾਂ ਜ਼ਰੂਰ ਸੀ ਕਿ ਏਨੇ ਸਾਲ ਬੀਤ ਜਾਣ ਦੇ ਬਾਅਦ ਵੀ ਸਾਡੇ ਪਿਤਾ ਦੇ ਭਰ ਜਵਾਨੀ ਵਿਚ ਤੁਰ ਜਾਣ ਦਾ ਦਰਦ ਉਹਦੇ ਭਰਾ ਦੇ ਮਨ ਵਿਚ ਤਰੋ-ਤਾਜ਼ਾ ਸੀ।
ਅਨੁਮਾਨ ਲਾਇਆ ਜਾ ਸਕਦਾ ਹੈ ਕਿ ਮੇਰੀ ਮਾਂ ਦੇ ਦਿਲ ਅੰਦਰ ਇਸ ਦਰਦ ਦੀ ਕਿੰਨੀ ਡੂੰਘੀ ਚੀਸ ਹੋਵੇਗੀ ਅਤੇ ਇਸ ਮਾਹੌਲ ਵਿਚ ਸਾਡਾ ਬਚਪਨ ਕਿਹੋ ਜਿਹਾ ਬੀਤਿਆ ਹੋਵੇਗਾ। ਪਰ ਇਸ ਅਨੁਮਾਨ ਵਿਚ ਕੁਝ ਹੋਰ ਵੀ ਜੋੜਨਾ ਚਾਹਵਾਂਗੀ। ਤਰਸ ਜਾਂ ਹਮਦਰਦੀ ਮੰਗਣ ਲਈ ਨਹੀਂ। ਜੀਵਨ ਦਾ ਸੱਚ ਬਿਆਨਣ ਲਈ। ਪੰਝੀ ਕੁ ਸਾਲ ਦੀ ਉਮਰ ਹੋਵੇਗੀ ਮਾਂ ਦੀ ਜਦੋਂ ਉਹ ਵਿਧਵਾ ਹੋ ਗਈ। ਜਿਓਂ ਜੰਮੀ ਤੇ ਬੋਦੀਓਂ ਲੰਮੀ ਵਾਲੀ ਕਹਾਵਤ ਸਾਡੀ ਮਾਂ ‘ਤੇ ਢੁਕਦੀ ਹੈ। ਪਤੀ ਦੇ ਘਰ ਵਿਚ ਲਗਭਗ ਬਾਰਾਂ ਤੇਰਾਂ ਵਰ੍ਹੇ ਦੇ ਵਿਆਹੁਤਾ ਤੇ ਲਗਭਗ ਹਰਿਆਲੇ ਜੀਵਨ ਦੇ ਉਰਾਰ-ਪਾਰ ਉਹਦੇ ਲਈ ਭੁੱਜਦਾ ਹੋਇਆ ਮਾਰੂਥਲ ਸੀ। ਤਪਦੀ ਰੇਤ, ਪੈਰਾਂ ਵਿਚ ਛਾਲੇ, ਹੋਠਾਂ ‘ਤੇ ਤਪਦੀ ਪਿਆਸ। ਪਰ ਉਹਨੇ ਮਾਰੂਥਲ ਵਿਚ ਵੀ ਤਾਂ ਤੁਰਨਾ ਸੀ। ਉਹ ਆਪਣੀਆਂ ਬੋਟਾਂ ਵਰਗੀਆਂ ਚਾਰ ਧੀਆਂ ਨੂੰ ਕਿਵੇਂ ਮਾਰੂਥਲ ਦੀ ਤਪਸ਼ ਵਿਚ ਭੁੱਜਣ ਦਿੰਦੀ! ਉਹ ਡਿਗਦੀ-ਢਹਿੰਦੀ ਉਠਦੀ ਤੇ ਅੱਗੇ ਤੁਰ ਪੈਂਦੀ। ਸਿਰ ਦੇ ਸਾਈਂ ਦੇ ਤੁਰ ਜਾਣ ਨਾਲ ਉਹਦੇ ਨਾਲ ਜੁੜੀਆਂ ਸਰਦਾਰੀਆਂ ਵੀ ਤੁਰ ਗਈਆਂ। ਪਤੀ ਦੀ ਮੌਤ ਸਮੇਂ ਮਾਂ ਗਰਭਵਤੀ ਸੀ। ਆਸ ਸੀ ਕਿ ਸ਼ਾਇਦ ਇਸ ਵਾਰੀ ਕੁਦਰਤ ਭੁੱਲ ਕੇ ਪੁਤਰ ਦੀ ਦਾਤ ਬਖ਼ਸ਼ ਦੇਵੇ! ਪਰ ਨਹੀਂ, ਇਕ ਧੀ ਹੋਰ ਆ ਗਈ ਸੀ।
ਮਾਂ ਬਹੁਤ ਦੁਖੀ ਹੋ ਗਈ। ਭਰ ਜਵਾਨ ਵਿਧਵਾ ਔਰਤ! ਚਾਰ ਧੀਆਂ ਦਾ ਸਿਰ ’ਤੇ ਬੋਝ!
ਮੈਂ ਬੱਚੀ ਸਾਂ। ਮਾਂ ਨੂੰ ਰੋਜ਼ ਰੋਂਦਿਆਂ ਵੇਖ ਕੇ ਘਬਰਾ ਜਾਂਦੀ। ਆਪ ਵੀ ਰੋਣ ਲੱਗਦੀ। ਦਰੱਖਤਾਂ ‘ਤੇ ਬੋਲਦੇ ਪੰਛੀ ਵੀ ਰੋਂਦੇ ਲੱਗਦੇ। ਚਰਖ਼ੇ ਦੀ ਘੂੰ-ਘੂੰ ਵੀ ਵੈਣ ਪਾਉਂਦੀ ਲੱਗਦੀ। ਹਰ ਵੇਲੇ ਕੁਝ ਮੰਦਾ ਵਾਪਰ ਜਾਣ ਦਾ ਡਰ ਲੱਗਾ ਰਹਿੰਦਾ। ਆਸਰਾ ਭਾਲਣ ਲਈ ਆਪਣੇ ਪਿਉ ਦੇ ਜਿਊਂਦੇ ਹੋਣ ਦੇ ਚੰਗੇ ਸਮੇਂ ਦੀਆਂ ਗੱਲਾਂ ਸੁਨਾਉਣ ਲਈ ਬੀਬੀ ਨੂੰ ਆਖਦੀ। ਬੀਬੀ ਨਾਲੇ ਰੋਂਦੀ ਨਾਲੇ ਦੱਸਦੀ, ‘ਤੇਰੇ ਭਾਪਾ ਜੀ ਜਦੋਂ ਘਰ ਆਉਂਦੇ ਤਾਂ ਹੱਸਦੇ-ਗਾਉਂਦੇ ਆਉਂਦੇ। ਬੂਹਾ ਲੰਘਦਿਆਂ ਮਖ਼ੌਲ ਨਾਲ ਕਹਿਣਾ, ‘ਘਰ ਆਏ ਪ੍ਰਾਹੁਣੇ ਤੇ ਆਲੂ-ਵੜੀਆਂ ਬਨਾਉਣੇ।’ ਗਲੀ-ਗਵਾਂਢ ਦੇ ਨਿਆਣੇ ਭੱਜੇ ਆਉਂਦੇ। ਉਨ੍ਹਾਂ ਦੁਆਲੇ ਕੱਠੇ ਹੋ ਕੇ ਰੌਲਾ ਪਾਉਂਦੇ ਤੇ ਲਾਡ ਲਡਾਉਂਦੇ। ਉਹ ਉਨ੍ਹਾਂ ਵਿਚ ਪੈਸੇ, ਫ਼ਲ ਤੇ ਮਠਿਆਈਆਂ ਵੰਡਦੇ। ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।’
ਇਹ ਸੋਚ ਕੇ ਮੇਰੇ ਕਲੇਜੇ ਦਾ ਹੁਣ ਵੀ ਰੁੱਗ ਭਰਿਆ ਜਾਂਦਾ ਹੈ। ਸਾਨੂੰ ਤਾਂ ਕਿਸੇ ਨੇ ਵੀ ਏਦਾਂ ਲਾਡ ਨਾ ਲਡਾਏ। ਹੋਰਨਾਂ ਦੇ ਪਿਉ ਆਪਣੀਆਂ ਧੀਆਂ ਨੂੰ ਲਾਡ ਲਡਾਉਂਦੇ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦੇ ਤਾਂ ਮੇਰੇ ਅੰਦਰ ਨੂੰ ਹਾਉਕਾ ਚੀਰ ਜਾਂਦਾ। ਮੈਂ ਪਿਛਲੇ ਅੰਦਰ ਜਾ ਕੇ ਰੋਂਦੀ, ‘ਹਾਇ! ਭਾਪਾ ਜੀ!’

ਇਹ ਸੀ ਰਜਵੰਤ ਦਾ ਰਿਸਦੇ ਜ਼ਖ਼ਮ ਦੀ ਕਹਾਣੀ। ’ਤੇ ਇਹ ਜ਼ਖ਼ਮ ਹੁਣ ਤੱਕ ਰਿਸੀ ਜਾ ਰਿਹਾ ਸੀ।
2023 ਵਿਚ ਲਾਹੌਰ ਵਿਚ ਇੱਕ ਪੰਜਾਬੀ ਕਾਨਫ਼ਰੰਸ ਹੋ ਰਹੀ ਸੀ। ਕਾਨਫ਼ਰੰਸ ਦੇ ਮੇਜ਼ਬਾਨ ਅਹਿਮਦ ਰਜ਼ਾ ਨੇ ਕਾਨਫ਼ਰੰਸ ਵਿਚ ਹਰ ਹਾਲਤ ਵਿਚ ਸ਼ਿਰਕਤ ਕਰਨ ਲਈ ਜ਼ੋਰ ਪਾਇਆ। ਸਾਡਾ ਦੋਵਾਂ ਦਾ ਵੀਜ਼ਾ ਵੀ ਲੱਗ ਗਿਆ, ਪਰ ਅਸੀਂ ਕਿਸੇ ਕਾਰਨ ਕਾਨਫ਼ਰੰਸ ’ਤੇ ਨਾ ਪਹੁੰਚ ਸਕੇ। ਜਨਵਰੀ 2024 ਵਿਚ ਪੰਜਾਬ ਗਏ ਤਾਂ ਰਜਵੰਤ ਜ਼ੋਰ ਪਾਉਣ ਲੱਗੀ ਕਿ ਤਿੰਨ ਮਹੀਨੇ ਲਈ ਮਿਲੇ ਵੀਜ਼ੇ ਦੇ ਦਿਨ ਬਚਦੇ ਨੇ। ਚੱਲੀਏ ਪਾਕਿਸਤਾਨ!
ਤੇ ਅਸੀਂ ਪਾਕਿਸਤਾਨ ਪਹੁੰਚ ਗਏ। ਅੱਧ ਫਰਵਰੀ ਦਾ ਸੁਹਾਵਣਾ ਮੌਸਮ ਸੀ। ਅਹਿਮਦ ਰਜ਼ਾ ਹੁਰੀਂ ਸਾਨੂੰ ਬਾਰਡਰ ਤੋਂ ਲੈ ਗਏ ਤੇ ਸਾਡਾ ਹੋਟਲ ਵਿਚ ਠਹਿਰਾਉ ਕਰ ਦਿੱਤਾ। ਅਹਿਮਦ ਰਜ਼ਾ ਪੰਜਾਬੀ ਤੇ ਉਹਦੇ ਸਾਥੀ ਅੰਜੁਮ ਗਿੱਲ ਨੇ ਸਾਡੇ ਲਈ ਸੱਤ ਸੀਟਾਂ ਵਾਲੀ ਕਾਰ ਕਿਰਾਏ ’ਤੇ ਲੈ ਰੱਖੀ ਸੀ। ਹੋਟਲ ਵਿਚ ਚਾਹ-ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਜਿੱਥੇ ਵੀ ਜਾਣਾ ਚਾਹਵਾਂਗੇ, ਉਹ ਸਾਡੇ ਨਾਲ ਜਾਣਗੇ। ਜਿੰਨੇ ਦਿਨ ਵੀ ਰਹਾਂਗੇ, ਹਰ ਪੜਾਅ ’ਤੇ ਉਹ ਸਾਡੇ ਸੰਗੀ-ਸਾਥੀ ਬਣੇ ਰਹਿਣਗੇ।
ਪਾਕਿਸਤਾਨ ਗਏ ਤਾਂ ਸਾਡੀ ਤਾਂਘ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਦੀ ਤਾਂ ਸੀ ਹੀ, ਪਰ ਉਸਤੋਂ ਵੀ ਪਹਿਲਾਂ ਮੇਰੀ ਸਭ ਤੋਂ ਵੱਡੀ ਪ੍ਰਬਲ ਤਾਂਘ ਮੇਰੇ ਜੱਦੀ ਪਿੰਡ, ਜੱਦੀ ਘਰ ਨੂੰ ਵੇਖਣ ਦੀ ਸੀ ਤੇ ਰਜਵੰਤ ਦੀ ਤਾਂਘ ਕਿਲਾ ਗੁੱਜਰ ਸਿੰਘ ਥਾਣੇ ਵਿਚ ਜਾ ਕੇ ਆਪਣੇ ਪਿਤਾ ਦੀ ਛੋਹ ਨੂੰ ਮਹਿਸੂਸ ਕਰਨ ਦੀ। ਪਰ ਆਪਣੀ ਤਾਂਘ-ਪੂਰਤੀ ਤੋਂ ਪਹਿਲਾਂ ਉਹ ਚਾਹੁੰਦੀ ਸੀ ਕਿ ਮੇਰਾ ਜੱਦੀ ਪਿੰਡ ਭਡਾਣਾ ਵੇਖਿਆ ਜਾਵੇ। ਉਹ ਮੇਰੇ ਅੰਦਰਲੀ ਪੀੜ ਤੇ ਹਸਰਤ ਜਾਣਦੀ ਸੀ। ਦੋ ਵਾਰ ਪਾਕਿਸਤਾਨ ਜਾ ਆਇਆ ਸਾਂ, ਪਰ ਪੁਰਖਿਆਂ ਦੀ ਧਰਤੀ ’ਤੇ ਦਰਸ਼ਨ ਨਹੀਂ ਸਾਂ ਕਰ ਸਕਿਆ। ਸੋ ਕਿਲਾ ਗੁੱਜਰ ਸਿੰਘ ਜਾਣ ਦਾ ਪ੍ਰੋਗਰਾਮ ਅਗਲੇ ਦਿਨ ਦਾ ਬਣਾਇਆ ਗਿਆ।
ਕਿਸੇ ਪਾਕਿਸਤਾਨੀ ਥਾਣੇ ਵਿਚ ਕਿਸੇ ਅਜਨਬੀ ਹਿੰਦੁਸਤਾਨੀਂ ਦਾ ਜਾਣਾ ਸੌਖਾ ਨਹੀਂ ਸੀ। ਅੱਵਲ ਤਾਂ ਕਿਸੇ ਪਾਕਿਸਤਾਨੀ ਥਾਣੇ ਵਿਚ ਤੁਸੀਂ ਐਵੇਂ ਹੀ ਵੜ ਕੇ ਥਾਣੇ ਨੂੰ ਵੇਖਣ ਦੀ ਭਾਵੇਂ ਕਿੰਨੀ ਵੀ ਵਾਜਬ ਇੱਛਾ ਕਿਉਂ ਨਾ ਜ਼ਾਹਿਰ ਕਰੋ, ਤਾਂ ਵੀ, ਅਗਲੇ ਚਾਹੁੰਦੇ ਹੋਏ ਵੀ ਸਿਆਸੀ ਤੇ ਪ੍ਰਬੰਧਕੀ ਉਲਝਣਾ ਵਿਚ ਫਸਣੋਂ ਬਚਣ ਲਈ ਸਹਿਜੇ ਕੀਤੇ ਪ੍ਰਵਾਨਗੀ ਨਹੀਂ ਦੇਣਗੇ। ਜੇ ਥਾਣੇ ਵਾਲੇ ਤੁਹਾਡੇ ਨਾਲ ‘ਜੀ ਆਇਆਂ ਵਾਲਾ’ ਵਿਹਾਰ ਕਰਨਗੇ ਤਾਂ ਸਰਕਾਰੀ ਪੱਧਰ ’ਤੇ ਉਨ੍ਹਾਂ ਵਾਸਤੇ ਕਈ ਮੁਸ਼ਕਿਲਾਂ ਪੇਸ਼ ਆ ਸਕਦੀਆਂ ਨੇ। ਮੈਨੂੰ ਵੀ ਇਸ ਗੱਲ ਦਾ ਅਹਿਸਾਸ ਸੀ। ਪਰ ਅਸੀਂ ਇਸ ਮੁਸ਼ਕਿਲ ਦਾ ਹੱਲ ਪਹਿਲਾਂ ਹੀ ਕਰ ਛੱਡਿਆ ਸੀ।
‘ਗੰਗਾ ਸਾਗਰ’ ਵਾਲੇ ਰਾਇ ਅਜ਼ੀਜ਼ ਉੱਲ੍ਹਾ ਖਾਨ ਮੇਰੇ ਪਰਮ ਮਿੱਤਰ ਹਨ। ਰਾਇਕੋਟ ਦੇ ਰਾਇ ਕੱਲ੍ਹਾ ਦੀ ਉਹ ਨੌਵੀਂ ਸੰਤਾਨ ਹਨ। ਗੁਰੂ ਗੋਬਿੰਦ ਸਿੰਘ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿਚੋਂ ਹੁੰਦੇ ਹੋਏ, ਬਚਦੇ-ਬਚਾਉਂਦੇ ਰਾਇ ਕੱਲ੍ਹਾ ਕੋਲ ਪਹੁੰਚੇ ਤਾਂ ਰਾਇ ਕੱਲ੍ਹਾ ਨੇ ਉਨ੍ਹਾਂ ਨੂੰ ਬੜੇ ਆਦਰ-ਸਤਿਕਾਰ ਨਾਲ ਆਪਣੀਆਂ ਸੇਵਾਵਾਂ ਪੇਸ਼ ਕਰਦਿਆਂ ਠਾਹਰ ਦਿੱਤੀ। ਹਕੂਮਤ ਦੇ ਬਾਗ਼ੀ ਨੂੰ ਆਪਣੇ ਕੋਲ ਠਾਹਰ ਦੇਣਾ ਬੜੇ ਵੱਡੇ ਦਿਲ-ਗੁਰਦੇ ਦਾ ਕੰਮ ਸੀ, ਪਰ ਰਾਇ ਕੱਲ੍ਹਾ ਨੇ ਹਕੂਮਤੀ ਕਹਿਰ ਦੀ ਪ੍ਰਵਾਹ ਨਾ ਕੀਤੀ। ਇਥੋਂ ਹੀ ਗੁਰੂ ਜੀ ਦੇ ਕਹਿਣ ’ਤੇ ਉਹਨੇ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜਿਆ ਕਿ ਉਹ ਜਾਵੇ ਤੇ ਪਤਾ ਕਰ ਕੇ ਆਵੇ ਕਿ ਸਰਸਾ ਨਦੀ ’ਤੇ ਹੋਏ ਪਰਿਵਾਰ-ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਕਿੱਥੇ ਤੇ ਕਿਸ ਹਾਲ ਵਿਚ ਹਨ। ਏਥੇ ਹੀ ਨੂਰੇ ਮਾਹੀ ਨੇ ਛੋਟੇ ਦੋਵਾਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਦੁਖਦਾਈ ਖ਼ਬਰ ਗੁਰੂ ਜੀ ਨੂੰ ਸੁਣਾਈ ਸੀ। ਜਦੋਂ ਗੁਰੂ ਜੀ ਰਾਇ ਕੋਟ ਤੋਂ ਅੱਗੇ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੇ ਰਾਇ ਕੱਲ੍ਹਾ ਨੂੰ ਆਪਣੀਆਂ ਕੁਝ ਯਾਦ-ਨਿਸ਼ਾਨੀਆਂ ਸੌਗਾਤ ਵਜੋਂ ਦਿੱਤੀਆਂ, ਜਿਨ੍ਹਾਂ ਵਿਚ ਇੱਕ ਤਾਂਬੇ ਦਾ ਲੋਟਾ-ਨੁਮਾ ਬਰਤਨ ‘ਗੰਗਾ ਸਾਗਰ’ ਵੀ ਸੀ। ਇਸ ਬਰਤਨ ਵਿਚ ਬਾਰੀਕ ਛੇਕ ਹਨ। ਇਹਦੀ ਬਣਤਰ ਕੁਝ ਇਸ ਪ੍ਰਕਾਰ ਦੀ ਹੈ ਕਿ ਜੇ ਤਰਲ ਪਦਾਰਥ ਇਸ ਵਿਚ ਪਾਉ ਤਾਂ ਨਹੀਂ ਡੁੱਲ੍ਹਦਾ, ਰੇਤ ਪਾਉ ਤਾਂ ਛੇਕਾਂ ਵਿਚੋਂ ਕਿਰ ਜਾਂਦੀ ਹੈ। ਇਹ ਸੌਗਾਤ ਰਾਇ ਪਰਿਵਾਰ ਨੇ ਨੌਂ ਪੀੜ੍ਹੀਆਂ ਤੋਂ ਸੰਭਾਲ ਕੇ ਰੱਖੀ ਹੋਈ ਹੈ। ਇਸ ਬਰਤਨ ਨੂੰ ਕਿਉਂਕਿ ਗੁਰੂ ਜੀ ਦੇ ਮੁਬਾਰਕ ਹੱਥਾਂ ਦੀ ਛੋਹ ਲੱਗੀ ਹੋਈ ਹੈ, ਇਸ ਲਈ ਸਿੱਖ ਸਮਾਜ ਇਸਦੇ ਦਰਸ਼ਨ ਕਰਨ ਦੀ ਤਾਂਘ ਰੱਖਦਾ ਹੈ ਤੇ ਰਾਇ ਕੱਲ੍ਹਾ ਨੇ ਪੰਜਾਬ ਵਿਚ ਵੀ ਤੇ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਦੀ ਇੱਛਾ ਪੂਰਤੀ ਲਈ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਦਾ ਉੱਦਮ ਵੀ ਕੀਤਾ ਹੇ।
ਰਾਇ ਅਜ਼ੀਜ਼ ਉਲ੍ਹਾ ਖਾਨ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਹਨ। ਸੰਸਾਰ ਭਰ ਵਿਚ ਵੱਸਦੇ ਸਿੱਖ-ਸਮਾਜ ਵਿਚ ਤਾਂ ਉਹ ਬਹੁਤ ਪਿਆਰੇ ਸਤਿਕਾਰੇ ਵਿਅਕਤੀ ਹਨ ਹੀ, ਪਾਕਿਸਤਾਨ ਵਿਚ ਵੀ ਉਨ੍ਹਾਂ ਦੀ ਚੰਗੀ ਸੋਭਾ ਹੈ। ਇਮਰਾਨ ਖ਼ਾਨ ਦੇ ਦੋਸਤ ਤੇ ਜਮਾਤੀ ਵੀ ਰਹੇ ਹਨ। ਭਾਵੇਂ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਜੇਲ੍ਹ ਵਿਚ ਸੀ, ਤਾਂ ਵੀ ਸਿਆਸਤਦਾਨਾਂ ਦੀਆਂ ਅਫ਼ਸਰਸ਼ਾਹੀ ਨਾਲ ਗੂੜ੍ਹੀਆਂ ਤੰਦਾਂ ਜੁੜੀਆਂ ਹੀ ਹੁੰਦੀਆਂ ਨੇ। ਉਹ ਉਨ੍ਹੀਂ ਦਿਨੀਂ ਆਪ ਤਾਂ ਕਨੇਡਾ ਵਿਚਲੇ ਸ਼ਹਿਰ ਸਰੀ ਵਿਚ ਆਪਣੇ ਬੇਟੇ ਕੋਲ ਸਨ, ਪਰ ਮੇਰੀ ਬੇਨਤੀ ਮੰਨਦਿਆਂ ਉਨ੍ਹਾਂ ਨੇ ਆਪਣੇ ਭਤੀਜੇ ਸ਼ਹਿਜ਼ਾਦ ਖ਼ਾਲਿਦ ਦੀ ਡਿਊਟੀ ਲਾ ਦਿੱਤੀ ਕਿ ਉਹ ਉਤਲੇ ਅਫ਼ਸਰਾਂ ਨਾਲ ਤਾਲ-ਮੇਲ ਕਰ ਕੇ ਸਾਡਾ ਥਾਣੇ ਵਿਚ ਜਾਣ ਦਾ ਪ੍ਰਬੰਧ ਕਰ ਦੇਵੇ। ਸ਼ਹਿਜ਼ਾਦ ਖ਼ਾਲਿਦ ਵੀ ਰਸੂਖ ਵਾਲਾ ਬੰਦਾ ਹੈ। ਨਨਕਾਣਾ ਸਾਹਿਬ ਦਾ ਨਾਜ਼ਿਮ ਵੀ ਰਹਿ ਚੁੱਕਾ ਹੈ। ਲਾਹੌਰ ਪਹੁੰਚਣ ’ਤੇ ਸ਼ਹਿਜ਼ਾਦ ਖ਼ਾਲਿਦ ਨੇ ਦਸਿਆ ਕਿ ਉਹਦੀ ਉਤਲੇ ਅਫ਼ਸਰਾਂ ਨਾਲ ਗੱਲ ਹੋ ਗਈ ਹੈ। ਜਦੋਂ ਵੀ ਅਸੀਂ ਥਾਣੇ ਜਾਣਾ ਹੋਵੇ ਤਾਂ ਉਹਨੂੰ ਦੱਸ ਦਿੱਤਾ ਜਾਵੇ। ਉਹ ਸਾਨੂੰ ਆਪਣੇ ਨਾਲ ਲੈ ਕੇ ਥਾਣੇ ਵਿਚ ਜਾਵੇਗਾ।
ਮੈਂ ਅਹਿਮਦ ਰਜ਼ਾ ਦੀ ਡਿਊਟੀ ਲਾ ਦਿੱਤੀ ਕਿ ਉਹ ਆਪਣੀ ਸਹੂਲਤ ਮੁਤਾਬਕ ਸ਼ਹਿਜ਼ਾਦ ਖ਼ਾਲਿਦ ਨਾਲ ਮਿਲਣ ਦਾ ਸਮਾਂ ਨਿਸਚਿਤ ਕਰ ਲੈਣ।
ਤੇ ਲਉ ਜੀ ਉਹ ਸਮਾਂ ਆ ਹੀ ਗਿਆ ਜਦੋਂ ਅਸੀਂ ਦੋਵੇਂ ਜੀਅ ਥਾਣਾ ਕਿਲਾ ਗੁੱਜਰ ਸਿੰਘ ਦੇ ਬਾਹਰ ਖਲੋਤੇ ਸਾਂ। ਥਾਣੇ ਦੇ ਅੱਧ-ਖੁੱਲ੍ਹੇ ਦਰਵਾਜ਼ੇ ਵਿਚੋਂ ਵੇਖਿਆ, ਇਹ ਇਮਾਰਤ ਉਹ ਤਾਂ ਲੱਗਦੀ ਨਹੀਂ ਸੀ, ਜਿਹੜੀ ਮੈਂ 2001 ਵਿਚ ਵੇਖੀ ਸੀ। ਇਹ ਤਾਂ ਕੋਈ ਨਵੀਂ ਉਸਰੀ ਖ਼ੂਬਸੂਰਤ ਇਮਾਰਤ ਸੀ। ਅਸੀਂ ਕਿਸੇ ਹੋਰ ਜਗ੍ਹਾ ’ਤੇ ਤਾਂ ਨਹੀਂ ਸਾਂ ਆ ਗਏ!
ਇੰਝ ਲੱਗਦਾ ਸੀ ਜਿਵੇਂ ਕ੍ਰਿਸ਼ਨ-ਸੁਦਾਮੇ ਵਾਲੀ ਕਥਾ ਸਜਿੰਦ ਹੋ ਉੱਠੀ ਹੋਵੇ! ਓਧਰ ਆਪਣੀ ਗ਼ਰੀਬੀ ਦੂਰ ਕਰਨ ਲਈ ਕ੍ਰਿਸ਼ਨ ਭਗਵਾਨ ਦੇ ਦਰਬਾਰ ਵਿਚ ਜੋਦੜੀ ਕਰਨ ਲਈ ਸੁਦਾਮਾ ਪਹੁੰਚਦਾ ਹੈ। ਕਈ ਦਿਨ ਕ੍ਰਿਸ਼ਨ ਉਹਦੀ ਸੇਵਾ-ਪਿਆਰ ਵਿਚ ਜੁੱਟਿਆ ਰਹਿੰਦਾ ਹੈ। ਫ਼ਰਿਆਦ ਕਰਨ ਆਇਆ ਸੁਦਾਮਾ, ਪਰ ਬਿਨਾਂ ਕੁਝ ਮੰਗੇ ਵਾਪਸ ਮੁੜ ਗਿਆ ਤਾਂ ਕੀ ਵੇਖਦਾ ਹੈ, ਉਹਦੇ ਗਰੀਬੜੇ ਘਰ ਦੀ ਥਾਂ ਕ੍ਰਿਸ਼ਨ ਨੇ ਆਲੀਸ਼ਾਨ ਮਹੱਲ ਬਣਵਾ ਦਿੱਤਾ ਸੀ।
ਅਹਿਮਦ ਰਜ਼ਾ ਨੇ ਮੇਰਾ ਭਰਮ ਦੂਰ ਕਰਦਿਆਂ ਦੱਸਿਆ ਕਿ ਇਹ ਗੜ੍ਹੀ ਸ਼ਾਹੂ ਦੀ ਉਹੀ ਥਾਂ ਹੈ ਜਿੱਥੇ ਪੁਰਾਣਾ ਥਾਣਾ ਹੁੰਦਾ ਸੀ। ਹੁਣ ਉਸ ਪੁਰਾਣੀ ਖਸਤਾ ਹੋ ਚੁੱਕੀ ਇਮਾਰਤ ਦੀ ਥਾਂ ਨਵੀਂ ਆਲੀਸ਼ਾਨ ਇਮਾਰਤ ਉਸਾਰੀ ਗਈ ਹੈ।
ਮੈਂ ਸੋਚ ਰਿਹਾ ਸਾਂ, ਕੀ ਨਵੇਂ ਆਲੀਸ਼ਾਨ ਥਾਣੇ ਵਿਚ ਵੀ ਸਾਨੂੰ ਇੰਝ ਹੀ ਸਨਮਾਨ ਮਿਲੇਗਾ!
ਸਾਡੇ ਖਲੋਤਿਆਂ ਹੀ ਰਾਇ ਸ਼ਹਿਜ਼ਾਦ ਖ਼ਾਲਿਦ ਵੀ ਆਪਣੀ ਕਾਰ ਵਿਚੋਂ ਉੱਤਰਿਆ। ਮੁਢਲੀ ‘ਸਾਹਬ-ਸਲਾਮ’ ਤੋਂ ਬਾਅਦ ਅਸੀਂ ਦਰਵਾਜ਼ਾ ਲੰਘ ਕੇ ਥਾਣੇ ਦੀ ਹਦੂਦ ਵਿਚ ਪਹੁੰਚੇ। ਨਵੀਂ ਇਮਾਰਤ ਧਰਤੀ ਦੀ ਸਤਹ ਤੋਂ ਦਸ-ਪੰਦਰਾਂ ਫੁੱਟ ਉਚਾਈ ’ਤੇ ਬਣਾਈ ਗਈ ਹੈ। ਪੌੜੀਆਂ ਅਸੀਂ ਵੇਖਿਆ ਦੋ ਵਰਦੀ ਧਾਰੀ ਅਫ਼ਸਰ ਤੇ ਉਨ੍ਹਾਂ ਦੇ ਸਹਿਕਰਮੀ ਹੱਥ ਵਿਚ ਫੁੱਲਾਂ ਦਾ ਵੱਡਾ ਗੁਲਦਸਤਾ ਫੜੀ ਖਲੋਤੇ ਸਾਡੀ ਉਡੀਕ ਕਰ ਰਹੇ ਸਨ। ਅੰਜੁਮ ਗਿੱਲ ਤੇ ਫ਼ੈਸਲ ਅਲੀ ਨੇ ਸਾਡੀ ਲਾਈਵ ਵੀਡੀਓ ਬਨਾਉਣੀ ਸ਼ੁਰੂ ਕੀਤੀ। ਤੇ ਅਹਿਮਦ ਰਜ਼ਾ ਨੇ ਬੋਲਣਾ ਸ਼ੁਰੂ ਕੀਤਾ:-
‘ਸਤਿ ਸ਼੍ਰੀ ਅਕਾਲ ਤੇ ਨਮਸਕਾਰ ਮਿੱਤਰੋ! ਇਸ ਵੇਲੇ ਮੈਂ ਪਹੁੰਚਾ ਵਾਂ ਪੁਲਿਸ ਸਟੇਸ਼ਨ ਕਿਲਾ ਗੁਜਰ ਸਿੰਘ ਤੇ ਪੁਲਿਸ ਸਟੇਸ਼ਨ ਦੇ ਨਾਮ ਨੂੰ ਸੁਣ ਕੇ ਤੁਸੀਂ ਪਰੇਸ਼ਾਨ ਨਹੀਂ ਹੋਣਾ। ਮੈਂ ਵਰਿਆਮ ਸਿੰਘ ਸੰਧੂ ਸਾਹਿਬ ਤੇ ਰਜਵੰਤ ਕੌਰ ਜੀ ਹੋਰਾਂ ਨੂੰ ਇੱਥੇ ਲੈ ਕੇ ਆਇਆ ਹਾਂ। ਇਸ ਥਾਂ ਨਾਲ, ਇਸ ਪੁਲਿਸ ਸਟੇਸ਼ਨ ਨਾਲ ਖਾਸ ਐਸੋਸੀਏਸ਼ਨ ਹੈ ਰਜਵੰਤ ਕੌਰ ਮਾਂ ਜੀ ਹੋਰਾਂ ਦੀ। ਇਨ੍ਹਾਂ ਦੇ ਜਿਹੜੇ ਬਾਪੂ ਸਨ, ਜਦੋਂ ਪਾਰਟੀਸ਼ਨ ਹੁੰਦੀ ਹੈ, ਉਹ ਇਥੋਂ ਦੇ ਥਾਣੇਦਰ ਸਨ। ਇਨ੍ਹਾਂ ਦੀ ਖ਼ਾਹਿਸ਼ ਸੀ ਤੇ ਇਨ੍ਹਾਂ ਦਾ ਪਾਕਿਸਤਾਨ ਆਣ ਦਾ ਕਾਰਨ ਵੀ ਇਹੀ ਬਣਿਆ ਹੈ ਕਿ ਮੈਂ ਉਸ ਥਾਂ ਨੂੰ ਜਾ ਕੇ ਦੇਖਾਂ ਜਿੱਥੇ ਇਨ੍ਹਾਂ ਦੇ ਬਾਪ ਥਾਣੇਦਾਰ ਸਨ। ਇਹ ਛੋਟੇ ਹੀ ਸਨ ਕਿ ਬਾਪੂ ਜੀ ਪੂਰੇ ਹੋ ਗਏ। ਲੇਕਿਨ ਇਹ ਸਾਰੀ ਜ਼ਿੰਦਗੀ ਸੋਚਦੇ ਰਹੇ ਕਿ ਮੈਂ ਉਨ੍ਹਾਂ ਥਾਵਾਂ ‘ਤੇ ਜਾਵਾਂ, ਜਿਥੇ ਮੇਰੇ ਬਾਪ ਨੇ ਆਪਣੀ ਜ਼ਿੰਦਗੀ ਦੇ ਸੋਹਣੇ ਸਾਲ ਬਿਤਾਏ ਸਨ। ਸੋ ਇਨ੍ਹਾਂ ਦੀ ਖਾਹਿਸ਼ ਅੱਜ ਇਥੇ ਪੂਰੀ ਹੋਈ ਹੈ। ਇਸ ਵੇਲੇ ਅਸੀਂ ਖੜੇ ਹਾਂ ਥਾਣਾ ਗੁਜਰ ਸਿੰਘ ਗੜ੍ਹੀ ਸ਼ਾਹੂ ਦੇ ਵਿਚ ਔਰ ਮਿਲਦੇ ਹਾਂ ਇੱਥੋਂ ਦੇ ਲੋਕਾਂ ਦੇ ਨਾਲ। ਐਸ.ਐਚ.ਓ. ਸਾਹਿਬ ਤੋਂ ਜਾਣਦੇ ਆ ਕਿ ਉਨ੍ਹਾਂ ਕੋਲ ਕੋਈ ਪੁਰਾਣਾ ਰਿਕਾਰਡ ਵੀ ਹੈ ਤੇ ਨਾਲੇ ਇਨ੍ਹਾਂ ਦੇ ਕੀ ਜਜ਼ਬਾਤ ਹਨ, ਇਹ ਵੀ ਤੁਹਾਨੂੰ ਫਿਰ ਸੁਣਵਾਂਦੇ ਹਾਂ। ਆਉ ਚਲੀਏ ਜੀ…’
ਅਸੀਂ ਹੌਲੀ ਹੌਲੀ ਪੌੜੀਆਂ ਚੜ੍ਹਦੇ ਵੱਡੇ ਹਾਲ ਵਿਚ ਪਹੁੰਚਦੇ ਹਾਂ। ਸਾਹਮਣੇ ਖ਼ਾਕੀ ਵਰਦੀਆਂ ਵਿਚ ਜਚਦੇ ਦੋ ਗੱਭਰੂ ਪੁਲਿਸ ਅਫ਼ਸਰ ਖਲੋਤੇ ਸਨ। ਪੁਲਿਸ ਵਾਲਿਆਂ ਦੀਆਂ ਵਰਦੀਆਂ ਤੋਂ ਉਨ੍ਹਾਂ ਦੇ ਨਾਵਾਂ ਦੀ ਸ਼ਨਾਖ਼ਤ ਹੋ ਰਹੀ ਸੀ।
ਕਿਸੇ ਕਰਮਚਾਰੀ ਨੇ ਛੋਟੇ ਥਾਣੇਦਾਰ ਮੁਬੱਸ਼ਰ ਨੂੰ ਫੁੱਲਾਂ ਦਾ ਗੁਲਦਸਤਾ ਫੜਾਇਆ ਤੇ ਉਹਨੇ ਵੱਡੇ ਥਾਣੇਦਾਰ ਯੂਨਸ ਭੱਟੀ ਨੂੰ ਉਹ ਗੁਲਦਸਤਾ ਸੌਂਪ ਦਿੱਤਾ। ਫਿਰ ਦੋਵੇਂ ਗੁਲਦਸਤਾ ਸਤਿਕਾਰ ਵਜੋਂ ਰਜਵੰਤ ਕੌਰ ਦੇ ਹੱਥਾਂ ਵਿਚ ਫੜਾਉਂਦੇ ਹਨ। ਯੁਨਸ ਭੱਟੀ ਪੁਰ-ਖ਼ਲੂਸ ਅੰਦਾਜ਼ ਵਿਚ ਕਹਿੰਦਾ ਹੈ, ‘ਵੈੱਲਕਮ ਜੀ!’
ਅੱਜ ਦੀ ‘ਮਹਿਮਾਨ-ਏ-ਖ਼ਾਸੂਸੀ’ ਤਾਂ ਉਹੋ ਹੀ ਸੀ। ਇਨ੍ਹਾਂ ਪਲਾਂ ਵਿਚ ਉਹ ਕੀ ਮਹਿਸੂਸ ਕਰ ਰਹੀ ਸੀ, ਕੀ ਕੀ ਖ਼ਿਆਲ ਉਹਦੇ ਮਨ ਵਿਚ ਆ ਰਹੇ ਹੋਣਗੇ! ਕੀ ਕੀ ਦ੍ਰਿਸ਼ ਉਹਦੀ ਅੱਖਾਂ ਅੱਗੇ ਲਿਸ਼ਕ ਰਹੇ ਹੋਣਗੇ!…ਇਸਦਾ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਨੀਮ ਗੁਲਾਬੀ ਸੂਟ ਪਹਿਨੀ ਰਜਵੰਤ ਨੇ ਜਦੋਂ ਪੀਲੇ ਤੇ ਗੁਲਾਬੀ ਫੁੱਲ ਆਪਣੀ ਛਾਤੀ ਨਾਲ ਘੁੱਟੇ ਤਾਂ ਉਹਦੇ ਚਿਹਰੇ ਵਿਚ ਵੀ ਗੁਲਾਬ ਘੁਲ ਗਿਆ।
ਅਹਿਮਦ ਰਜ਼ਾ ਬੋਲ ਰਿਹਾ ਸੀ, ‘ਇਹ ਨੇ ਜੀ ਜਨਾਬ ਐਸ.ਐਚ.ਓ. ਸਾਹਿਬ, ਯੂਨਸ ਭੱਟੀ ਸਾਹਿਬ ਤੇ ਇਨ੍ਹਾਂ ਨਾਲ ਨੇ ਜਨਾਬ ਮੁਬੱਸ਼ਰ ਸਾਹਿਬ । ਇਨ੍ਹਾਂ ਦੀ ਮੁਹੱਬਤ ਹੈ…ਬੜੀ ਮੁਹੱਬਤ ਹੈ ਭੱਟੀ ਸਾਹਿਬ ਤੁਹਾਡੀ, ਤੁਹਾਡੇ ਸਟਾਫ ਦੀ ਕਿ ਤੁਸੀਂ ਇਤਨਾ ਪਿਆਰਾ ਵੈਲਕਮ ਕੀਤਾ ਹੈ ਜੀ ਮਾਂ ਰਜਵੰਤ ਕੌਰ ਜੀ ਦਾ। …’
ਰਜਵੰਤ ਗੁਲਦਸਤਾ ਮੇਰੇ ਹੱਥਾਂ ਵਿਚ ਦੇ ਕੇ ਝੁਕ ਕੇ ਦੋਵੇਂ ਹਥਾਂ ਨਾਲ ਧਰਤੀ ਨਮਸਕਾਰਦੀ ਹੈ ਤੇ ਫਿਰ ਆਪਣੇ ਦੋਵੇਂ ਹੱਥ ਮੱਥੇ ਨੂੰ ਛੁਹਾ ਕੇ ਛਾਤੀ ਨਾਲ ਘੁੱਟ ਲੈਂਦੀ ਹੈ। ਸ਼ਾਇਦ ਮਹਿਸੂਸ ਕਰ ਰਹੀ ਹੋਵੇ ਜਿਵੇਂ ਆਪਣੇ ਪਿਤਾ ਦੇ ਚਰਨਾਂ ਨੂੰ ਹੱਥ ਲਾਏ ਹੋਣ।
‘ਕਿੱਥੇ ਚਲੀਏ ਸਰ…?’
ਅਹਿਮਦ ਰਜ਼ਾ ਐਸ.ਐਚ.ਓ. ਯੂਨਸ ਭੱਟੀ ਨੂੰ ਪੁੱਛਦਾ ਹੈ ਤਾਂ ਉਹ ਕਹਿੰਦਾ ਹੈ, ‘ਆਉ! ਮੇਰੇ ਦਫ਼ਤਰ ਵਿਚ ਹੀ ਚੱਲਦੇ ਹਾਂ।’
ਵਰਾਂਡੇ ਵਿਚੋਂ ਲੰਘਦਿਆਂ ਤੇ ਫੇਰ ਅੰਦਰਲੇ ਹਾਲ ਵਿਚੋਂ ਗੁਜ਼ਰਦੇ ਹੋਏ ਵੇਖਦਾ ਹਾਂ। ਕੀ ਇਹ ਥਾਣਾ ਹੈ ਜਾਂ ਕੋਈ ਪੰਜ-ਤਾਰਾ ਹੋਟਲ ਜਾਂ ਕੋਈ ਕਲਾ-ਭਵਨ। ਚਮਕਦਾਰ ਸੰਗਮਰਮਰੀ ਫ਼ਰਸ਼। ਕੰਮ-ਕਾਰ ਲਈ ਆਉਣ ਵਾਲੇ ਲੋਕਾਂ ਦੇ ਬਹਿਣ ਲਈ ਵੱਡਾ ਸਾਰਾ ਡਰਾਇੰਗ ਰੂਮ। ਕੀਮਤੀ ਸੋਫ਼ੇ ਤੇ ਕਾਲੀਨ। ਸੋਫ਼ਿਆਂ ਅੱਗੇ ਚਮਕਦੇ ਮੇਜ਼। ਦੀਵਾਰਾਂ ’ਤੇ ਟੰਗੀਆਂ ਖ਼ੂਬਸੂਰਤ ਪੇਟਿੰਗਜ਼!
ਅਸੀਂ ਥਾਣੇ ਦੇ ਮੁਖੀ ਦੇ ਸੱਜੇ ਹੋਏ ਵੱਡੇ ਦਫ਼ਤਰ ਵਿਚ ਪਹੁੰਚਦੇ ਹਾਂ। ਯੂਨਸ ਭੱਟੀ ਸ਼ੀਸ਼ੇ ਦੇ ਵੱਡੇ ਮੇਜ਼ ਸਾਹਮਣੇ ਡੱਠੀ ਆਪਣੀ ਕੁਰਸੀ ਅੱਗੇ ਖਲੋ ਗਿਆ। ਉਹਦੇ ਸੱਜੇ ਹੱਥ ਮੇਜ਼ ਦੇ ਕੋਨੇ ’ਤੇ ਸਾਲਾਨਾ ਕਲੈਂਡਰ ਪਿਆ ਹੈ ਤੇ ਖੱਬੇ ਪਾਸੇ ਦੇ ਕੋਨੇ ’ਤੇ ਨਿੱਕਾ ਜਿਹਾ ਪਾਕਿਸਤਾਨੀ ਝੰਡਾ। ਉਹ ਆਪਣੇ ਸੱਜੇ ਹੱਥ ਪਈਆਂ ਦੋ ਗੱਦੇਦਾਰ ਕੁਰਸੀਆਂ ’ਤੇ ਸਾਨੂੰ ਬੈਠਣ ਲਈ ਇਸ਼ਾਰਾ ਕਰਦਾ ਹੈ। ਬਹਿਣ ਤੋਂ ਪਹਿਲਾਂ ਰਜਵੰਤ ਫੁੱਲਾਂ ਦਾ ਗੁਲਦਸਤਾ ਮੇਜ਼ ਦੀ ਨੁੱਕਰ ’ਤੇ ਰੱਖਦੀ ਹੈ। ਯੂਨਸ ਭੱਟੀ ਗੁਲਦਸਤੇ ਨੂੰ ਫੜ ਕੇ ਮੇਜ਼ ਦੇ ਵਿਚਕਾਰ ਟਿਕਾ ਦਿੰਦਾ ਹੇ। ਯੂਨਸ ਭੱਟੀ ਛੇ ਫੁੱਟ ਦੇ ਲਗ ਭਗ ਉੱਚਾ-ਲੰਮਾਂ, ਚੰਗੀ ਸੋਹਣੀ ‘ਕਮਾਈ’ ਹੋਈ ਸਿਹਤ ਵਾਲਾ ਨੌਜਵਾਨ ਹੈ। ਉਹਦੇ ਮੇਜ਼ ਦੇ ਸੱਜੇ ਹੱਥ ਪਈਆਂ ਕੁਰਸੀਆਂ ’ਤੇ ਰਜਵੰਤ ਤੇ ਮੈਂ ਬੈਠ ਜਾਂਦੇ ਹਾਂ। ਮੇਜ਼ ਦੇ ਖੱਬੇ ਹੱਥ ਸ਼ਹਿਜ਼ਾਦ ਖਾਲਿਦ ਬੈਠ ਜਾਂਦਾ ਹੈ। ਅਹਿਮਦ ਰਜ਼ਾ ਮੇਜ਼ ਦੇ ਸਾਹਮਣੇ ਬੈਠਾ ਹੈ। ਅੰਜੁਮ ਗਿੱਲ ਤੇ ਫ਼ੈਸਲ ਅਲੀ ਆਪਣੇ ਕੈਮਰਿਆਂ ਨਾਲ ਵੀਡੀਓ ਬਣਾਈ ਜਾ ਰਹੇ ਨੇ। ਹਰ ਪਲ ਨੂੰ ਕੈਮਰੇ ਵਿਚ ਕੀਤਾ ਜਾ ਰਿਹਾ ਹੈ।
ਕੈਮਰਾ ਘੁੰਮ ਕੇ ਦੀਵਾਰ ਵੱਲ ਜਾਂਦਾ ਹੈ।
ਦੀਵਾਰ ’ਤੇ ਲੱਗੀ ਪੱਥਰ ਦੀ ਸਿਲ਼ ’ਤੇ ਅੰਗਰੇਜ਼ੀ ਵਿਚ ਦਿੱਤੀ ਸੂਚਨਾ ਤੋਂ ਪਤਾ ਚੱਲਦਾ ਹੈ ਕਿ ਇਸ ਨਵੀਂ ਇਮਾਰਤ ਦਾ ਨੀਂਹ-ਪੱਥਰ 27 ਅਕਤੂਬਰ 2022 ਨੂੰ ਰੱਖਿਆ ਗਿਆ ਸੀ।
ਪਿਛਲੀ ਦੀਵਾਰ ਦੀ ਸੱਜੀ ਨੁਕਰ ਵਿਚ ਇੱਕ ਬੋਰਡ ’ਤੇ ਥਾਣਾ ਕਿਲਾ ਗੁੱਜਰ ਸਿੰਘ ਦੇ ‘ਸਟੇਸ਼ਨ ਹਾਊਸ ਅਫ਼ਸਰਾਂ’ ਦੇ ਨਾਵਾਂ ਦੀ ਸੂਚੀ ਹੈ। ਇਸ ਸੂਚੀ ਸੀਰੀਅਲ ਨੰਬਰ 36 ਨੰਬਰ ਤੋਂ ਸ਼ੁਰੂ ਹੁੰਦੀ ਹੈ ਤੇ 45ਵੇਂ ਨੰਬਰ ’ਤੇ ਯੂਨਸ ਭੱਟੀ ਦਾ ਨਾਂ ਹੈ, ਜਿਸ ਨੇ 24-08-2023 ਨੂੰ ਥਾਣੇ ਦੇ ਮੁਖੀ ਵਜੋਂ ਕਾਰਜ-ਭਾਰ ਸੰਭਾਲਿਆ ਸੀ। ਇਹ ਸੂਚੀ ਤਾਂ ਬਹੁਤ ਲੰਮੀ ਹੋਣੀ ਚਾਹੀਦੀ ਹੈ। ਵੰਡ ਤੋਂ ਬਾਅਦ ਕੇਵਲ 45ਵਾਂ ਥਾਣਾ-ਮੁਖੀ ਤਾਂ ਨਹੀਂ ਹੋ ਸਕਦਾ! ਹੋ ਸਕਦਾ ਏ ਕਿ ਇਹ ਸੂਚੀ ਵੰਡ ਤੋਂ ਬਾਅਦ ਸ਼ੁਰੂ ਕੀਤੀ ਗਈ ਹੋਵੇ! ਮੈਂ ਸੋਚਦਾ ਹਾਂ, ਜੇ ਇਹ ਸੂਚੀ ਪਿੱਛੇ ਨੂੰ ਤੁਰਦੀ ਜਾਵੇ ਤਾਂ ਕਿਤੇ ਇਹ ਵੀ ਲਿਖਿਆ ਮਿਲ ਜਾਵੇਗਾ-ਥਾਣਾ ਮੁਖੀ, ਸ ਬੰਤਾ ਸਿੰਘ…
ਯੂਨਸ ਭੱਟੀ ਆਪਣੀ ਕੁਰਸੀ ’ਤੇ ਬੈਠ ਜਾਂਦਾ ਹੈ। ਰਜਵੰਤ ਵੱਲ ਆਦਰ ਤੇ ਮੋਹ ਭਿੱਜੀਆਂ ਨਜ਼ਰਾਂ ਨਾਲ ਵੇਖਦਾ ਹੈ।
ਕਮਰੇ ਵਿਚ ਇੱਕ ਡੂੰਘੀ ਖ਼ਾਮੋਸ਼ੀ ਹੈ। ਸਾਰੇ ਹੀ ਸੋਚ ਰਹੇ ਸਨ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ! ਅਚਨਚੇਤ ਰਜਵੰਤ ਕੌਰ ਉੱਠ ਖਲੋਂਦੀ ਹੈ ਤੇ ਥਾਣੇਦਾਰ ਦੀ ਕੁਰਸੀ ਵੱਲ ਇਸ਼ਾਰਾ ਕਰ ਕੇ ਕੰਬਦੀ ਆਵਾਜ਼ ਹੋਈ ਆਵਾਜ਼ ਵਿਚ ਕਹਿੰਦੀ ਹੈ, ‘ਇੱਕ ਮਿੰਟ ਬੇਟੇ! ਕੀ ਮੈਂ ਇਸ ਕੁਰਸੀ ਨੂੰ ਹੱਥ ਲਾ ਸਕਦੀ ਹਾਂ?’
ਯੂਨਸ ਭੱਟੀ ਵੀ ਆਪਣੀ ਕੁਰਸੀ ਤੋਂ ਉੱਠ ਖਲੋਂਦਾ ਹੈ ਤੇ ਭਰਵੀਂ ਮਿਹਰਬਾਨ ਮੁਸਕਰਾਹਟ ਨਾਲ ਕਹਿੰਦਾ ਹੈ, ‘ਆ ਜੋ ਜੀ ਤੁਸੀਂ, ਬਹਿ ਵੀ ਸਕਦੇ ਓ।’
ਅਹਿਮਦ ਰਜ਼ਾ ਖਿੜਿਆ ਹਾਸਾ ਹੱਸਦਾ ਹੈ।
ਯੂਨਸ ਭੱਟੀ ਖਲੋਂਦਾ ਹੈ ਤਾਂ ਉਹਦੇ ਸਿਰ ਪਿੱਛੇ ਦੀਵਾਰ ’ਤੇ ਲੱਗੀ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਦਿਸਦੀ ਹੈ।
ਇੱਕ ਖ਼ਿਆਲ ਉੱਡਦਾ ਜਿਹਾ ਆਇਆ, ਜਿਸਨੂੰ ਹੁਣ ਜ਼ਬਾਨ ਦੇਣ ਦਾ ਮੌਕਾ ਮਿਲਿਆ ਹੈ।
‘ਜਿਨਾਹ ਸਾਹਿਬ! ਮਜ਼੍ਹਬ ਦੇ ਨਾਂ ’ਤੇ, ਕੁਰਸੀ ਵਾਸਤੇ ਮੁਲਕ ਤਾਂ ਵੰਡੇ ਜਾ ਸਕਦੇ ਨੇ, ਇਨਸਾਨੀ ਮੁਹੱਬਤ ਨਹੀਂ ਵੰਡੀ ਜਾ ਸਕਦੀ। ਜਦੋਂ ਇਹ ਮੁਹੱਬਤ ਖਿੜਦੀ ਹੈ ਤਾਂ ਕੁਰਸੀਆਂ ਭੁੱਲ ਜਾਂਦੀਆਂ ਨੇ, ਦੁਸ਼ਮਣੀਆਂ ਯਾਦ ਨਹੀਂ ਰਹਿੰਦੀਆਂ, ਚਾਰੇ ਪਾਸੇ ਖ਼ੁਸ਼ਬੂ ਹੀ ਖ਼ੁਸ਼ਬੂ ਫੈਲ ਜਾਂਦੀ ਹੈ।’
ਮੇਜ਼ ਉੱਤੇ ਪਿਆ ਫੁੱਲਾਂ ਦਾ ਗੁਲਦਸਤਾ ਹੱਸਣ ਲੱਗਦਾ ਹੈ।
ਯੂਨਸ ਭੱਟੀ ਵੀ ਮਿੱਠਾ ਜਿਹਾ ਹੱਸ ਕੇ ਕੁਰਸੀ ਰਜਵੰਤ ਕੌਰ ਦੇ ਬੈਠਣ ਲਈ ਖਾਲੀ ਕਰ ਦਿੰਦਾ ਹੈ ਤੇ ਇਕ ਪਾਸੇ ਖਲੋ ਕੇ ਕੁਰਸੀ ਦੀ ਬਾਹੀ ਨੂੰ ਹੱਥ ਪਾ ਕੇ ਰਜਵੰਤ ਦੇ ਬਹਿਣ ਲਈ ਕੁਰਸੀ ਨੂੰ ਆਸਰਾ ਦਿੰਦਾ ਹੈ। ਫਿਰ ਆਪਣੇ ਬਹਿਣ ਲਈ ਰਜਵੰਤ ਵਾਲੀ ਖਾਲੀ ਕੁਰਸੀ ਵੱਲ ਜਾਂਦਿਆਂ ਕਹਿੰਦਾ ਹੈ, ‘ਇਹ ਕੁਰਸੀ ਪਹਿਲਾਂ ਤੁਹਾਡੇ ਵਾਲਿਦ ਸਾਹਿਬ ਦੀ ਸੀ, ਹੁਣ ਤੁਹਾਡੇ ਬੇਟੇ ਦੀ ਹੈ! ਇਹ ਕੁਰਸੀ ਤੁਹਾਡੀ ਹੀ ਏ।’
ਯੂਨਸ ਭੱਟੀ ਦੇ ਮੁਹੱਬਤੀ ਬੋਲਾਂ ਨੇ ਸਭ ਦਾ ਮਨ ਮੋਹ ਲਿਆ। ਉਹਦੇ ਵਿਹਾਰ ਵਿਚੋਂ ਇਨਸਾਨੀ ਕਿਰਦਾਰ ਦੀ ਬੁਲੰਦੀ ਝਰ-ਝਰ ਪੈ ਰਹੀ ਸੀ। ਉਹਦਾ ਇਹ ਵਤੀਰਾ ਕਿਸੇ ਉਤਲੇ ਅਫ਼ਸਰ ਦੀ ਹਦਾਇਤ ਕਾਰਨ ਨਹੀਂ ਸੀ, ਇਹ ਤਾਂ ਉਹਦੇ ਅੰਦਰਲੀ ਇਨਸਾਨੀ ਖ਼ੂਬਸੂਰਤੀ ਦਾ ਸਹਿਜ ਝਲਕਾਰਾ ਸੀ। ਯੂਨਸ ਭੱਟੀ ਮੇਰੇ ਨਾਲ ਬੈਠ ਜਾਂਦਾ ਹੈ।
ਰਜਵੰਤ ਕੁਰਸੀ ਅੱਗੇ ਖਲੋ ਕੇ ਭਾਵੁਕ ਹੋ ਗਈ ਹੈ। ਉਹਨੇ ਆਪਣੇ ਹੰਝੂ ਲੁਕਾਉਣ ਲਈ ਦੋਵਾਂ ਹੱਥਾਂ ਨਾਲ ਪਲ ਭਰ ਲਈ ਆਪਣੀਆਂ ਅੱਖਾਂ ਨੂੰ ਢੱਕ ਲਿਆ ਤੇ ਫਿਰ ਕੁਰਸੀ ’ਤੇ ਬੈਠ ਗਈ। ਉਹਦੇ ਅੰਦਰ ਕੀ ਵਰੋਲੇ ਉੱਠਦੇ ਹੋਣਗੇ, ਕੀ ਜਾਣਦੇ ਹਾਂ! ਆਪ-ਮੁਹਾਰੇ ਉਹਦੀਆਂ ਅੱਖਾਂ ਵਿਚੋਂ ਅੱਥਰੂਆਂ ਦੀ ਝੜੀ ਵਹਿ ਤੁਰਦੀ ਹੈ।
ਅਹਿਮਦ ਰਜ਼ਾ ਦੀ ਕੁਮੈਂਟਰੀ ਜਾਰੀ ਹੈ, ‘…ਲਓ ਜੀ! ਇਹ ਕੈਸੀ ਮੁਹੱਬਤ ਹੈ! ਕਿਆ ਪਿਆਰ ਹੈ। ਤੁਸੀਂ ਦੇਖ ਸਕਦੇ ਹੋ ਕਿ ਭੱਟੀ ਸਾਹਿਬ ਨੇ ਆਪਣੀ ਕੁਰਸੀ ਉਨ੍ਹਾਂ ਵਾਸਤੇ ਛੱਡ ਦਿੱਤੀ ਹੈ ਔਰ ਉਹ ਇਸ ਟਾਈਮ ਬਹੁਤ ਜਜ਼ਬਾਤੀ ਹਨ। ਰੋ ਰਹੇ ਹਨ। ਕਿਉਂਕਿ ਇਹੀ ਕੁਰਸੀ ਸੀ, ਜਿਹੜੀ ਉਨ੍ਹਾਂ ਦੇ ਬਾਪੂ ਦੀ ਸੀ। ਉਹ ਇਹ ਸੋਚ ਕੇ ਹੀ, ਕਿ, ਕਦੀ ਮੇਰਾ ਬਾਪ ਇੱਥੇ ਬੈਠਦਾ ਹੁੰਦਾ ਸੀ, ਬਹੁਤ ਜਜ਼ਬਾਤੀ ਹੋ ਗਏ ਹਨ…ਬੇਸ਼ਕ ਚੀਜ਼ਾਂ ਬਦਲ ਗਈਆਂ। ਬਿਲਡਿੰਗਜ਼ ਬਦਲ ਗਈਆਂ। ਲੇਕਿਨ ਉਹ ਐਸੋਸੀਏਸ਼ਨ ਜਿਹੜੀ ਹੈ, ਉਹ ਕਦੀ ਨਹੀਂ ਬਦਲਦੀ!’
ਅਹਿਮਦ ਰਜ਼ਾ ਸਿਆਣਾ ਬੰਦਾ ਹੈ। ਵੇਲੇ ਦੀ ਨਜ਼ਾਕਤ ਨੂੰ ਮਹਿਸੂਸ ਵੀ ਕਰਦਾ ਹੈ ਤੇ ਬਿਆਨਣਾ ਵੀ ਜਾਣਦਾ ਹੈ।
ਰਜਵੰਤ ਹੌਸਲਾ ਕਰਦੀ ਹੈ। ਵਿਲਕਦੀ ਆਵਾਜ਼ ਵਿਚ ਬੋਲਣ ਦੀ ਕੋਸ਼ਿਸ਼ ਕਰਦੀ ਹੈ।
ਭਾਵੁਕ ਮਾਹੌਲ ਤੋਂ ਪਸੀਜ ਕੇ ਯੂਨਸ ਭੱਟੀ ਮੇਰੇ ਕੋਲੋਂ ਉੱਠ ਕੇ ਰਜਵੰਤ ਦੀ ਕੁਰਸੀ ਦੀ ਇੱਕ ਬਾਹੀ ਫੜ ਕੇ ਉਹਨੂੰ ਇੱਜ਼ਤ-ਮਾਣ ਦੇਣ ਲਈ ਖਲੋ ਜਾਂਦਾ ਹੈ। ਉਸ ਵੱਲ ਵੇਖ ਕੇ ਹੁਣ ਤੱਕ ਦਰਵਾਜ਼ੇ ਕੋਲ ਖਲੋਤਾ ਛੋਟਾ ਥਾਣੇਦਾਰ ਮੁਬੱਸ਼ਰ ਕਾਹਲੀ ਕਦਮੀਂ ਜਾ ਕੇ ਕੁਰਸੀ ਦੇ ਦੂਜੇ ਸਿਰੇ ਨੂੰ ਫੜ ਕੇ ਖਲੋ ਜਾਂਦਾ ਹੈ। ਵੱਡਿਆਂ ਦਾ ਮਾਣ ਕਰਨ ਦਾ ਇਹ ਇੱਕ ਖ਼ੁਬਸੂਰਤ ਅੰਦਾਜ਼ ਹੈ। ਇਹ ਥਾਣੇਦਾਰ ਰਵਾਇਤੀ ਕਿਸਮ ਦੀ ਪਛਾਣ ਵਾਲੇ ਖਰਾਂਟ ਪੁਲਸੀਏ ਨਹੀਂ, ਕੋਈ ਸੰਵੇਦਨਸ਼ੀਲ ਕਲਾਕਾਰ ਜਾਪਦੇ ਹਨ। ਮੋਹ ਵਿਚ ਭਿੱਜੇ ਹੋਏ। ਉੱਚੇਰੀ ਮਾਨਵਤਾ ਦਾ ਸਬੂਤ ਬਣ ਕੇ ਰਜਵੰਤ ਦੇ ਅਦਬ ਵਿਚ ਉਹਦੇ ਸੱਜੇ-ਖੱਬੇ ਖਲੋਤੇ ਹਨ।
ਅੱਜ ਰਜਵੰਤ ਉਨ੍ਹਾਂ ਪਲ਼ਾਂ ਨੂੰ ਚਿਤਵਦੀ ਹੋਈ ਕਹਿੰਦੀ ਹੈ, ‘ਉਸ ਪਲ਼ ਮੈਨੂੰ ਐਂ ਲੱਗਾ ਜਿਵੇਂ ਮਾਂ ਦੇ ਦੋ ਪੁੱਤ ਉਹਦੇ ਆਸੇ ਪਾਸੇ ਉਹਨੂੰ ਆਸਰਾ ਤੇ ਧਰਵਾਸ ਦੇਣ ਲਈ ਆ ਖਲੋਤੇ ਹੋਣ!’
ਕੁਰਸੀ ਘੁੰਮਣ ਵਾਲੀ ਸੀ। ਜਦੋਂ ਕੁਰਸੀ ਦੇ ਹਿੱਲਣ ਨਾਲ ਰਜਵੰਤ ਨੇ ਸਵਾਹਰੀ ਹੋ ਕੇ ਬਹਿਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਥਾਣੇਦਾਰਾਂ ਨੂੰ ਲੱਗਾ ਕਿ ਸ਼ਾਇਦ ਉਹ ਉੱਠਣ ਲੱਗੀ ਹੈ। ਮੁਬੱਸ਼ਰ ਨੇ ਹੱਥ ਦਾ ਇਸ਼ਾਰਾ ਕਰ ਕੇ ਉਹਨੂੰ ਬੈਠੇ ਰਹਿਣ ਲਈ ਕਿਹਾ। ਯੂਨਸ ਭੱਟੀ ਨੇ ਵੀ ਕਿਹਾ, ‘ਬੈਠੋ! ਬੈਠੋ!’
ਉਹ ਆਪ ਮੇਰੇ ਕੋਲ ਆ ਕੇ ਬੈਠ ਗਿਆ ਤਾਕਿ ਰਜਵੰਤ ਨੂੰ ਸਾਹਮਣਿਉਂ ਵੇਖ/ਸੁਣ ਸਕੇ। ਮੁਬੱਸ਼ਰ ਰਜਵੰਤ ਦੇ ਕੋਲ ਖਲੋਤਾ ਰਿਹਾ।
ਰਜਵੰਤ ਰੋਂਦੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰਦੀ ਹੈ। ‘ਮੇਰਾ ਜਨਮ ਬੇਸ਼ੱਕ ਪਾਕਿਸਤਾਨ ਬਣਨ ਤੋਂ ਬਾਅਦ ਦਾ ਏ ਪਰ ਮੇਰੇ ਫ਼ਾਦਰ ਐਥੇ, ਐਸ ਉਸ ਕੁਰਸੀ ’ਤੇ ਬੈਠਦੇ ਰਹੇ ਆ।’ ਉਹ ਕੁਰਸੀ ਦੀਆਂ ਦੋਵੇਂ ਬਾਹੀਆਂ ਹੱਥਾਂ ਵਿਚ ਘੁੱਟਦੀ ਹੈ।
‘…ਮੈਂ ਇਸ ਕੁਰਸੀ ਨੂੰ ਸਲਾਮ ਕਰਦੀ ਆਂ। ਹੁਣ ਜਿਹੜੇ ਬੱਚੇ ਇਸ ਕੁਰਸੀ ’ਤੇ ਬੈਠੇ ਆ, ਮੈਂ ਉਨ੍ਹਾਂ ਨੂੰ ਨਮਸਕਾਰ ਕਰਦੀ ਆਂ।’ ਉਹ ਯੁਨਸ ਭੱਟੀ ਵੱਲ ਹੱਥ ਜੋੜਦੀ ਹੈ। ਉਹ ਮੋਹ ਭਿੱਜੀ ਹਲਕੀ ਜਿਹੀ ਮੁਸਕਰਾਹਟ ਨਾਲ ‘ਹਾਂ’ ਵਿਚ ਸਿਰ ਹਿਲਾ ਕੇ ਨਮਸਕਾਰ ਦਾ ਜਵਾਬ ਮੋੜਦਾ ਹੈ।
‘ਤੇ ਉਨ੍ਹਾਂ ਨੇ ਆਪਣੀ ਕੁਰਸੀ ਕੋਈ ਕੁਰਸੀ ਛੱਡਦਾ ਨਹੀਂ, ਮੈਨੂੰ ਕੁਰਸੀ ਦਿੱਤੀ। ਸਿਰਫ ਮਾਣ ਵਾਸਤੇ।…ਮੈਂ ਆਪਣੇ ਫ਼ਾਦਰ ਦੀਆਂ ਯਾਦਾਂ ਨੂੰ ਹਿੱਕ ਨਾਲ ਲਾ ਕੇ ਹੁਣ ਤੱਕ ਜੀਂਦੀ ਰਹੀ ਆਂ। ਕਿਉਂਕਿ ਮੈਨੂੰ ਫ਼ਾਦਰ ਆਪਣੇ ਦੀ ਕੋਈ ਸੰਭਾਲ ਨਹੀਂ। ਮੈਂ ਡੇਢ ਸਾਲ ਦੀ ਸੀ ਜਦ ਮੇਰੇ ਫਾਦਰ ਵੰਡ ਤੋਂ ਬਾਅਦ ਉਧਰ ਫਿਰੋਜ਼ਪੁਰ ਚਲੇ ਗਏ। ਉਹ ਏਥੇ ਥਾਣੇਦਾਰ ਸਨ। ਸਾਰੇ ਸਾਨੂੰ ‘ਥਾਣੇਦਾਰ ਦੀਆਂ ਧੀਆਂ’ ਕਹਿ ਕੇ ਪੁਕਾਰਦੇ ਸੀ। ਮੈਨੂੰ ਉਹੀ ਨਿੱਘ ਸੀ ਕਿ ਮੈਂ ਥਾਣੇਦਾਰ ਦੀ ਧੀ ਆਂ। ਮੈਨੂੰ ਕੋਈ ਪਛਾਣ ਨਹੀਂ, ਕੋਈ ਯਾਦ ਨਹੀਂ। ਮੈਂ ਆਪਣੇ ਫ਼ਾਦਰ ਨੂੰ ਯਾਦ ਕਰਕੇ ਉੱਚੀ-ਉੱਚੀ ਰੋਂਦੀ ਸੀ। ਹੁਣ ਤੱਕ ਵੀ, ਭਾਵੇਂ ਕਿ ਮੇਰੀ ਆਪਣੀ ਜਿਹੜੀ ਉਮਰ ਆ, ਉਹ ਵੀ ਅਗਾਂਹ ਜਾਣ ਦੀ ਹੋ ਗਈ ਆ। ਪਰ ਜਿਹੜਾ ਮਾਂ-ਪਿਉ ਦਾ ਨਿੱਘ, ਪਿਆਰ ਏ, ਉਹ ਹਰ ਇਕ ਨੂੰ ਚਾਹੀਦਾ ਹੁੰਦਾ। ਮੈਂ ਅਧੂਰੀ ਆਂ। ਮੇਰੀ ਅੱਧੀ ਬਾਂਹ ਹੈ ਨਹੀਂ, ਮੇਰਾ ਅੱਧਾ ਪਾਸਾ ਹੈ ਨਹੀਂ।’
ਰਜਵੰਤ ਬੜੇ ਵੈਰਾਗ਼ ਭਾਵ ਵਿਚ ਗੜੁੱਚ ਹੈ। ਕੰਬਦੀ ਆਵਾਜ਼ ਵਿਚ ਹਿਚਕੀਆਂ ਤੇ ਹਾਉਕੇ ਹਨ।
‘…ਮੈਂ ਸਦਾ ਇਹੋ ਸੁਣਦੀ ਸੀ ਕਿ ਮੇਰੇ ਫ਼ਾਦਰ ਬੜੇ ਲੰਮੇ-ਉੱਚੇ ਨੌਜਵਾਨ ਸੀ। ਉਹ ਬਹੁਤ ਸੋਹਣੇ ਸੀ। ਉਹ ਅੰਗਰੇਜ਼ਾਂ ਵਰਗੇ ਸੀਗੇ। ਉਨ੍ਹਾਂ ਦੀ ਨੇਚਰ ਬਹੁਤ ਅੱਛੀ ਸੀ। ਬੜੇ ਇਮਾਨਦਾਰ ਅਫ਼ਸਰ