ਲਗਪਗ ਦੋ ਹਫ਼ਤੇ ਹੜ੍ਹਾਂ ਵਿਚ ਬੁਰੀ ਤਰ੍ਹਾਂ ਡੁੱਬੇ ਰਹੇ ਪੰਜਾਬ ਨੂੰ, ਜਦੋਂ ਹੜ੍ਹਾਂ ਤੋਂ ਰਾਹਤ ਮਿਲਣੀ ਸ਼ੁਰੂ ਹੋਈ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਉੱਤਰ ਚੁੱਕੇ ਪਾਣੀਆਂ ਦਾ ਹਵਾਈ ਸਰਵੇਖਣ ਕਰਨ ਅਤੇ ਕੇਂਦਰੀ ਰਾਹਤ ਦਾ ਪੈਕੇਜ ਲੈ ਕੇ ਗੁਰਦਾਸਪੁਰ ਪਹੁੰਚ ਗਏ। ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1600 ਕਰੋੜ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਾਤੇ ਵਿਚ ਪਹਿਲਾਂ ਹੀ ਐਸ.ਡੀ.ਆਰ.ਐਫ. ਫੰਡ ਦੇ 12 ਹਜ਼ਾਰ ਕਰੋੜ ਮੌਜੂਦ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਵਿੱਤੀ ਮਦਦ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। ਇਹ ਸਾਰੇ ਐਲਾਨ ਪ੍ਰਧਾਨ ਮੰਤਰੀ ਨੇ ਹੜ੍ਹ ਪੀੜਤਾਂ ਨਾਲ ਮੁਲਕਾਤ ਕਰਕੇ ਉਨ੍ਹਾਂ ਦਾ ਦੁੱਖ ਸੁਣਨ ਤੋਂ ਬਾਅਦ ਕੀਤੇ। ਹੜ੍ਹ ਪੀੜਤਾਂ ਨੇ ਆਪਣੇ ਹੋਏ ਨੁਕਸਾਨ ਬਾਰੇ ਪੀਐਮ ਮੋਦੀ ਨੂੰ ਜਾਣੂ ਕਰਵਾਇਆ। ਪਰ ਨਾਲ ਹੀ ਸ਼ਿਕਾਇਤ ਵੀ ਕੀਤੀ ਕਿ 2023 ਵਿਚ ਆਏ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਉਨ੍ਹਾਂ ਨੂੰ ਅਜੇ ਤੱਕ ਵੀ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸਾਨ ਸਨਮਾਨ ਨਿਧੀ ਦੀ ਅਗਾਊਂ ਕਿਸ਼ਤ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਪੂਰੇ ਖੇਤਰ ਦੇ ਪੁਨਰਵਾਸ ਲਈ ਬਹੁ-ਪੱਖੀ ਪਹੁੰਚ ‘ਤੇ ਜ਼ੋਰ ਦਿੱਤਾ – ਇਸ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਘਰਾਂ ਦੀ ਉਸਾਰੀ, ਰਾਸ਼ਟਰੀ ਰਾਜਮਾਰਗਾਂ ਦੀ ਮੁਰੰਮਤ, ਸਕੂਲਾਂ ਦਾ ਪੁਨਰ ਨਿਰਮਾਣ, ਅਤੇ ਪਸ਼ੂਆਂ ਲਈ ਮਿੰਨੀ ਕਿੱਟਾਂ ਦੀ ਵੰਡ ਵੀ ਸ਼ਾਮਲ ਹੋਵੇਗੀ। ਕਿਸਾਨਾਂ ਲਈ ਐਲਾਨੀ ਗਈ ਵਿਸ਼ੇਸ਼ ਸਹਾਇਤਾ ਵਿਚ ਕੁੱਝ ਹੋਰ ਨੁਕਤੇ ਵੀ ਹਨ। ਜਿਨ੍ਹਾਂ ਕੋਲ ਬਿਜਲੀ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਸਹਾਇਤਾ ਮਿਲੇਗੀ। ਹੜ੍ਹਾਂ ਵਿਚ ਪ੍ਰਭਾਵਿਤ ਟਿਊਬਵੈੱਲਾਂ ਅਤੇ ਬੋਰਾਂ ਨੂੰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਮੁੜ ਸੁਰਜੀਤ ਕੀਤਾ ਜਾਵੇਗਾ।
ਡੀਜ਼ਲ ਨਾਲ ਚੱਲਣ ਵਾਲੇ ਬੋਰ ਪੰਪਾਂ ਲਈ ਸੋਲਰ ਪੈਨਲਾਂ ਦੀ ਸਥਾਪਨਾ ਅਤੇ ‘ਪ੍ਰਤੀ ਬੂੰਦ ਹੋਰ ਫਸਲ’ ਦਿਸ਼ਾ-ਨਿਰਦੇਸ਼ਾਂ ਤਹਿਤ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ ਅਧੀਨ ਸ਼ੁਰੂ ਕੀਤੇ ਗਏ “ਵਿਸ਼ੇਸ਼ ਪ੍ਰੋਜੈਕਟ” ਰਾਹੀਂ ਪੇਂਡੂ ਖੇਤਰਾਂ ਵਿਚ ਹੜ੍ਹ ਪ੍ਰਭਾਵਿਤ ਘਰਾਂ ਦੇ ਪੁਨਰ-ਨਿਰਮਾਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹੜ੍ਹਾਂ ਨਾਲ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮੱਗਰ ਸਿੱਖਿਆ ਅਭਿਆਨ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਤਹਿਤ, ਪੰਜਾਬ ਵਿਚ ਪਾਣੀ ਦੀ ਸੰਭਾਲ ਅਤੇ ਰੀਚਾਰਜ ਢਾਂਚਿਆਂ ਦੀ ਵਿਆਪਕ ਉਸਾਰੀ ਅਤੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ।
ਦੂਸਰੇ ਪਾਸੇ ਕੇਂਦਰ ਸਰਕਾਰ ਦੀ ਅੰਤਰ-ਮੰਤਰਾਲਾ ਟੀਮ ਵੀ ਇਨਾਂ੍ਹ ਦਿਨਾਂ ਵਿਚ ਪੰਜਾਬ ਦਾ ਦੌਰਾ ਕਰ ਰਹੀ ਹੈ। ਇਸ ਟੀਮ ਵਲੋਂ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਹੋਰ ਸਹਾਇਤਾ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਦਿ ਵੀ ਹਾਜ਼ਰ ਸਨ।
ਪਰ ਪੰਜਾਬ ਜਿੰਨੇ ਵੱਡੇ ਸੰਕਟ ਵਿਚੀਂ ਗੁਜ਼ਰ ਰਿਹਾ ਹੈ, ਜਾਂ ਤਾਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਉਸਦਾ ਪੂਰਾ ਪਤਾ ਨਹੀਂ ਹੈ ਅਤੇ ਜਾਂ ਫੇਰ ਅਜੇ ਵੀ ਜਾਣ ਬੁੱਝ ਕੇ ਅੱਖਾਂ ਮੀਟੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀਆਂ ਗਈਆਂ ਰਾਹਤਾਂ ਨੂੰ ਪੰਜਾਬ ਨਿਗੂਣੀਆਂ ਸਮਝਦਾ ਹੈ। ਇਸੇ ਕਰਕੇ ਇਨ੍ਹਾਂ ਐਲਾਨਾਂ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਤਿੱਖੇ ਪ੍ਰਤੀਕਰਮ ਸਾਹਮਣੇ ਆਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਲਈ 1600 ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਨੂੰ “ਬਹੁਤ ਹੀ ਘੱਟ” ਕਰਾਰ ਦਿੰਦੇ ਹੋਏ, ਇਸ ਨੂੰ ਊਠ ਦੇ ਮੂੰਹ ਵਿਚ ਜੀਰੇ ਦੇ ਸਮਾਨ ਦੱਸਿਆ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਤੋਂ ਬਹੁਤ ਉਮੀਦਾਂ ਸਨ, ਪਰ ਉਨ੍ਹਾਂ ਨੇ ਸਾਰਿਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਨਾਸ਼ਕਾਰੀ ਨੁਕਸਾਨ ਲਈ 1600 ਕਰੋੜ ਰੁਪਏ ਮੂੰਗਫਲੀ ਦੇ ਦਾਣਿਆਂ ਵਾਂਗ ਵੀ ਨਹੀਂ ਹਨ। ਕੇਂਦਰ ਵਿਚ ਭਾਜਪਾ ਦੇ ਪਿਛਲੇ ਗਿਆਰਾਂ ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਵਿਤਕਰਾ ਸਿਰਫ਼ ਇਸ ਲਈ ਝੱਲਣਾ ਪਿਆ ਹੈ, ਕਿਉਂਕਿ ਸੂਬਾ ਭਗਵਾ ਪਾਰਟੀ ਦੇ ਨਾਲ ਨਹੀਂ ਚੱਲਿਆ ਹੈ। ਨਹੀਂ ਤਾਂ, ਹੋਰ ਕੁਝ ਵੀ ਪੰਜਾਬ ਨਾਲ ਅਜਿਹੇ ਵਿਤਕਰੇ ਦੀ ਵਿਆਖਿਆ ਨਹੀਂ ਕਰਦਾ ਅਤੇ ਉਹ ਵੀ ਉਸ ਸਮੇਂ ਜਦੋਂ ਸੂਬਾ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਕਿਹਾ “ਸ਼ੁਰੂਆਤੀ ਅਨੁਮਾਨਾਂ ਅਨੁਸਾਰ ਹੀ ਹੜ੍ਹਾਂ ਨਾਲ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ।” ਉਨ੍ਹਾਂ ਕਿਹਾ ਕਿ ਬਾਰਾਂ ਹਜ਼ਾਰ ਕਰੋੜ ਰੁਪਏ ਦੀ ਜਿਹੜੀ ਰਾਸ਼ੀ ਪੰਜਾਬ ਸਰਕਾਰ ਕੋਲ ਪਹਿਲਾਂ ਹੀ ਪਈ ਹੋਣ ਦੀ ਗੱਲ ਪ੍ਰਧਾਨ ਮੰਤਰੀ ਕਰ ਰਹੇ ਹਨ ਇਸ ਬਾਰੇ ਅਸਲੀਅਤ ਇਹ ਹੈ ਕਿ ਇਸਨੂੰ ਖਰਚਣ ਉਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਹਨ ਜਿਨ੍ਹਾਂ ਬਾਰੇ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਪ੍ਰਧਾਨ ਮੰਤਰੀ ਸਾਹਿਬ ਨੂੰ ਪੱਤਰ ਲਿਖ ਚੁੱਕੇ ਹਨ।
ਪੰਜਾਬ ਦੀ ਫ਼ਿਤਰਤ ਹੈ ਕਿ ਇਹ ਬੁਰੀ ਤੋਂ ਬੁਰੀ ਮੁਸੀਬਤ ਵਿਚੋਂ ਵੀ ਸਾਬਤ-ਸਬੂਤ ਨਿਕਲ ਆਉਣ ਦੀ ਸ਼ਕਤੀ ਰੱਖਦਾ ਹੈ। ਕਿਸੇ ਅੱਗੇ ਹੱਥ ਅੱਡਣਾ ਇਸਦਾ ਸੁਭਾਅ ਨਹੀਂ ਹੈ। ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਸਪੂਤਾਂ ਨੇ, ਸਾਧੂਆਂ ਸੰਤਾਂ ਅਤੇ ਹੋਰ ਮੋਹਤਬਰਾਂ ਸਮੇਤ ਪੰਜਾਬੀ ਗਾਇਕਾਂ ਅਤੇ ਫਿਲਮ ਅਦਾਕਾਰਾਂ ਨੇ ਜਿਸ ਤ੍ਹਰਾਂ ਖੁਲ੍ਹ ਕੇ ਮਾਲੀ ਸਹਾਇਤਾ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਹੈ, ਉਹ ਬੇਮਿਸਾਲ ਹੈ। ਜਿਸ ਉਤੇ ਪੰਜਾਬ ਜਿੰਨਾ ਮਾਣ ਕਰੇ ਥੋੜ੍ਹਾ ਹੈ। ਪੰਜਾਬ ਨੂੰ ਹੁਣ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ।
ਪਰ ਹੁਣ ਸਵਾਲ ਏਨਾ ਹੀ ਹੈ ਕਿ ਸਾਰੇ ਦੇਸ਼ ਦਾ ਪੇਟ ਭਰਨ ਵਾਲਾ ਪੰਜਾਬ, ਸਭ ਤੋਂ ਅੱਗੇ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲਾ ਪੰਜਾਬ, ਦੇਸ਼ ਦੀ ਸਲਾਮਤੀ ਲਈ ਮਰ ਮਿਟਣ ਵਾਲਾ ਪੰਜਾਬ ਹੁਣ ਜਦੋਂ ਖੁਦ ਮੁਸੀਬਤ ਵਿਚ ਹੈ ਤਾਂ ਦੇਸ਼ ਉਸ ਲਈ ਕੀ ਕਰ ਰਿਹਾ ਹੈ?
