ਸ਼ਿਵ ਕੁਮਾਰ ਬਟਾਲਵੀ ਦੇ ਵਾਰਸ ਤੇ ਯਾਦਾਂ

ਗੁਲਜ਼ਾਰ ਸਿੰਘ ਸੰਧੂ
ਬੀਤੇ ਹਫ਼ਤੇ ਮੇਰੇ ਘਰ ਸ਼ਿਵ ਕੁਮਾਰ ਬਟਾਲਵੀ ਦਾ ਬੇਟਾ ਮਿਹਰਬਾਨ ਅਤੇ ਸ਼ਿਵ ਉੱਤੇ ਫਿਲਮ ਬਣਾਉਣ ਲਈ ਯਤਨਸ਼ੀਲ ਹਨੀ ਤ੍ਰੇਹਨ ਇਕੱਠੇ ਹੋ ਗਏ| ਮਿਹਰਬਾਨ ਨੂੰ ਭੂਪਿੰਦਰ ਮਲਕ ਲੈ ਕੇ ਆਇਆ ਸੀ ਤੇ ਤ੍ਰੇਹਨ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਾਲੀ ਅਰਸ਼ਦੀਪ| ਸ਼ਿਵ ਕੁਮਾਰ ਦੀਆਂ ਯਾਦਾਂ ਤੇ ਬਰਕਤਾਂ ਦਾ ਜ਼ਿਕਰ ਤਾਂ ਹੋਣਾ ਸੀ ਉਨ੍ਹਾਂ ਸਮਿਆਂ ਦਾ ਲੇਖਾ-ਜੋਖਾ ਵੀ ਲਿਆ ਗਿਆ|

ਸ਼ਿਵ ਕੁਮਾਰ ਬਟਾਲਵੀ (8.10.37 ਤੋਂ 7.5.73) ਅਲਪ ਆਯੂ ਵਿਚ ਵੱਡੀਆਂ ਗੱਲਾਂ ਮਾਰਨ ਵਾਲਾ ਕਵੀ ਸੀ| 1960 ਤੋਂ 1966 ਦੇ ਸੱਤ ਸਾਲਾਂ ਵਿਚ ਉਸਦੇ ਸੱਤ ਕਾਵਿ-ਸੰਗ੍ਰਹਿ ‘ਪੀੜਾਂ ਦਾ ਪਰਾਗਾ’, ‘ਲਾਜਵੰਤੀ’, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਬਿਰਹਾ ਤੂੰ ਸੁਲਤਾਨ’, ‘ਦਰਦਮੰਦਾਂ ਦੀਆਂ ਆਹੀ’ ਤੇ ‘ਲੂਣਾ’ ਪੁਸਤਕ ਰੂਪ ਵਿਚ ਛਪ ਚੁੱਕੇ ਸਨ| ਇਨ੍ਹਾਂ ਵਿਚ ਅੰਤਲੀ ਰਚਨਾ ‘ਲੂਣਾ’ ਉਸਦਾ ਸ਼ਾਹਕਾਰ ਸੀ ਜਿਸਨੂੰ ਭਾਰਤੀ ਸਾਹਿਤ ਅਕਾਡਮੀ ਨੇ 1967 ਦੇ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ| ਤੀਹ ਸਾਲ ਦੀ ਛੋਟੀ ਉਮਰੇ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਓਹੀਓ ਸੀ| ਅੱਜ ਤੱਕ ਵੀ ਓਹੀਓ ਹੈ| ਚੋਣ ਕਰਨ ਵਾਲੀ ਤਿੰਨ ਮੈਂਬਰੀ ਜਿਊਰੀ ਵਿਚ ਕਰਤਾਰ ਸਿੰਘ ਦੁੱਗਲ ਵੀ ਸੀ ਜਿਸਦੀ ਵੋਟ ਸਭ ਤੋਂ ਹਾਵੀ ਮੰਨੀ ਗਈ| ਉਦੋਂ ਨਵੀਂ ਦਿੱਲੀ ਦਾ ਵਸਨੀਕ ਹੋਣ ਕਾਰਨ ਮੈਂ ਦੁੱਗਲ ਤੇ ਸ਼ਿਵ ਦੋਨਾਂ ਨੂੰ ਜਾਣਦਾ ਸਾਂ| ਸ਼ਿਵ ਦਿੱਲੀ ਜਾ ਕੇ ਮੇਰੇ ਜਾਂ ਅੰਮ੍ਰਿਤਾ ਪ੍ਰੀਤਮ ਦੇ ਘਰ ਹੀ ਰਹਿੰਦਾ ਸੀ| ਉਸਦਾ ਧੰਦਾ ਪਟਵਾਰੀ ਹੋਣ ਕਾਰਨ ਹੀ ਉਸਦੀ ਸੱਜ ਵਿਆਹੀ ਵਹੁਟੀ ਅਰੁਣ ਨੂੰ ਮਖੌਲਤਨ ‘ਮੁੰਡਾ ਪੰਝੀਆਂ ਪਿੰਡਾਂ ਦਾ ਪਟਵਾਰੀ, ਅੱਗੇ ਤੇਰੇ ਭਾਗ ਲੱਛੀਏ’, ਲੋਕ ਟੱਪਾ ਸੁਣਾ ਕੇ ਛੇੜਦਾ ਹੁੰਦਾ ਸਾਂ| ਜਿਥੋਂ ਤੱਕ ਸ਼ਿਵ ਦਾ ਸਬੰਧ ਹੈ ਉਹਦੇ ਨਾਲ ਮਜ਼ਾਕ ਕਰਨ ਵਾਸਤੇ ਮੇਰੇ ਕੋਲ ਇਹ ਤੱਥ ਸੀ ਕਿ ਮੇਰੇ ਬਾਪੂ ਜੀ ਨੇ ਆਪਣੀ ਹਵੇਲੀ ਵਾਲੀ ਬੈਠਕ ਉਸ ਸਮੇਂ ਦੇ ਪਟਵਾਰੀ ਨੂੰ ਦੇ ਰੱਖੀ ਸੀ| ਨੇੜਲੇ ਪਿੰਡਾਂ ਦੇ ਜੱਟ ਮੇਰੇ ਬਾਪੂ ਨਾਲ ਏਸ ਕਰਕੇ ਬਣਾ ਕੇ ਰਖਦੇ ਸਨ ਕਿ ਇਲਾਕੇ ਦਾ ਪਟਵਾਰੀ ਮੇਰੇ ਪਿਤਾ ਦਾ ਦੇਣਦਾਰ ਸੀ|
ਪਟਵਾਰੀ ਦੀ ਖੱਟੀ ਤਾਂ ਪੇਂਡੂ ਲੋਕ ਜਾਣਦੇ ਹੀ ਹਨ ਪਰ ਸ਼ਿਵ ਦੀ ਮਹਿਮਾ ਦਿੱਲੀ ਦੱਖਣ ਹੀ ਨਹੀਂ ਦੇਸ-ਪਰਦੇਸ ਵਿਚ ਹੋ ਰਹੀ ਸੀ| ਇਹ ਗੱਲ ਵਖਰੀ ਹੈ ਕਿ ਉਸਦੀ ਬਰਤਾਨੀਆ ਵਾਲੀ ਫੇਰੀ ਉਸਨੂੰ ਲੈ ਬੈਠੀ| ਓਥੋਂ ਦੇ ਪੰਜਾਬੀ ਪਿਆਰਿਆਂ ਨੇ ਉਸਦੀ ਕਵਿਤਾ ਸੁਣਨ ਤੇ ਮਾਨਣ ਲਈ ਮਹਿੰਗੀ ਤੇ ਵਧੀਆ ਵਿ੍ਹਸਕੀ ਦਾ ਪ੍ਰਬੰਧ ਕੀਤਾ ਹੁੰਦਾ ਜਿਹੜੀ ਸ਼ਿਵ ਨੂੰ ਇੱਕ ਤਰ੍ਹਾਂ ਦੇ ਧੱਕੇ ਨਾਲ ਪਿਲਾਈ ਜਾਂਦੀ| ਉਨ੍ਹਾਂ ਨੇ ਉਸਨੂੰ ਏਨੀ ਦਾਰੂ ਪਿਲਾਈ ਕਿ ਉਥੋਂ ਪਰਤ ਕੇ ਉਹ ਪਹਿਲਾਂ ਵਾਲਾ ਸ਼ਿਵ ਹੀ ਨਹੀਂ ਰਿਹਾ ਤੇ ਅੰਤ 36 ਸਾਲ ਦੀ ਅਲਪ ਆਯੂ ਵਿਚ ਅਲਵਿਦਾ ਕਹਿ ਗਿਆ|
ਜੇ ਉਸਦੀ ਖੱਟੀ ਨੂੰ ਪੈਸਿਆਂ ਨਾਲ ਤੋਲਣਾ ਹੋਵੇ ਤਾਂ ਪੰਝੀਆਂ ਪਿੰਡਾਂ ਦੇ ਪਟਵਾਰੀ ਨਾਲੋਂ ਚੌਗੁਣੀ ਸੀ ਤੇ ਮਹਿਮਾ ਪੱਖੋਂ ਇਸ ਤੋਂ ਕਈ ਗੁਣਾ ਵੱਧ| ਇਹੀਓ ਕਾਰਨ ਹੈ ਕਿ ਉਸਦੇ ਪਰਲੋਕ ਸਿਧਾਰਨ ਪਿਛੋਂ ਪੰਜਾਬੀ ਯੂਨੀਵਰਸਿਟੀ ਨੇ ਉਸਦੀ ਪਤਨੀ ਨੂੰ ਬਣਦੀ ਸਰਦੀ ਨੌਕਰੀ ਹੀ ਨਹੀਂ ਦਿੱਤੀ, ਸਗੋਂ ਰਹਿਣ ਲਈ ਮਕਾਨ ਵੀ ਦਿੱਤਾ| ਏਥੇ ਰਹਿ ਕੇ ਉਸਨੇ ਆਪਣੇ ਬੇਟੇ ਮਿਹਰਬਾਨ ਤੇ ਬੇਟੀ ਪੂਜਾ ਨੂੰ ਪਾਲਿਆ ਤੇ ਪੜ੍ਹਾਇਆ| ਸ਼ਿਵ ਦੇ ਦੇਹਾਂਤ ਸਮੇਂ ਮਿਹਰਬਾਨ ਪੰਜ ਸਾਲ ਦਾ ਸੀ ਤੇ ਪੂਜਾ ਉਸ ਤੋਂ ਡੇਢ ਸਾਲ ਛੋਟੀ| ਅੱਜ ਦੇ ਦਿਨ ਉਹੀਓ ਪੂਜਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਪਰਿਵਾਰ ਸਮੇਤ ਮੌਜਾਂ ਮਾਣਦੀ ਹੈ ਤੇ ਮਿਹਰਬਾਨ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ| ਮਿਹਰਬਾਨ ਦੀ ਮੇਰੇ ਘਰ ਵਾਲੀ ਸੱਜਰੀ ਫੇਰੀ ਅੱਧੀ ਸਦੀ ਦੇ ਅੰਤਰ ਵਾਲੀ ਹੈ| ਸ਼ਿਵ ਦੇ ਚਲਾਣੇ ਸਮੇਂ ਉਹ ਪੰਜ ਸਾਲ ਦਾ ਸੀ ਤੇ ਹੁਣ ਪਚਵੰਜਾ ਤੋਂ ਉੱਤੇ ਹੈ| ਮੜੰਗਾ ਤੇ ਠਰ੍ਹਮਾ ਸ਼ਿਵ ਵਾਲਾ| ਸ਼ਾਇਦ ਉਸ ਤੋਂ ਵੀ ਜ਼ਿਆਦਾ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਨ੍ਹਾਂ ਦਿਨਾਂ ਵਿਚ ਸ਼ਿਵ ਬਟਾਲਵੀ `ਤੇ ਫਿਲਮ ਬਣ ਰਹੀ ਹੈ ਤੇ ਬਣਾਉਣ ਵਾਲਾ ਹਨੀ ਤ੍ਰੇਹਨ ਹੈ ਜਿਸਨੂੰ ਮੇਰੇ ਘਰ ਚੰਡੀਗੜ੍ਹ ਪਰੈੱਸ ਕਲਬ ਵਾਲੀ ਅਰਸ਼ ਦੀਪ ਮਿਹਰਬਾਨ ਦੇ ਬੈਠਿਆਂ ਹੀ ਲੈ ਕੇ ਆ ਗਈ ਸੀ|
ਮੇਰੇ ਕੋਲ ਸ਼ਿਵ ਤੇ ਸ਼ਿਵ ਦੀ ਕਵਿਤਾ ਬਾਰੇ ਬਹੁਤ ਗੱਲਾਂ ਹਨ ਜਿਨ੍ਹਾਂ ਵਿਚੋਂ ਕੁਝ ਤਾਂ ਮੈਂ ਆਪਣੀ ਪੁਸਤਕ ‘ਅੱਗ ਦਾ ਸਫਰ’ ਵਿਚ ਲਿਖ ਚੁੱਕਾ ਹਾਂ ਜਿਸਦਾ ਪ੍ਰਕਾਸ਼ਕ ਲੋਕਗੀਤ ਮੁਹਾਲੀ ਵਾਲਾ ਹਰੀਸ਼ ਜੈਨ ਹੈ| ਪਰ ਹਥਲੀ ਗੱਲ ਮੈਂ ਕਰਤਾਰ ਸਿੰਘ ਦੁੱਗਲ ਦੇ ਘਰ ਵਾਲੀ 1967 ਦੀ ਉਸ ਮਹਿਫਿਲ ਨਾਲ ਅੰਤ ਕਰਦਾ ਹਾਂ ਜਿਸਦਾ ਜ਼ਿਕਰ ਮੈਂ ਪਹਿਲਾਂ ਕਦੇ ਨਹੀਂ ਕੀਤਾ| ਇਹ ਮਹਿਫਲ ਦੁੱਗਲ ਨੇ ਸ਼ਿਵ ਨੂੰ ਨਿਵਾਜਣ ਹਿੱਤ ਰੱਖੀ ਸੀ| ਉਸ ਵਿਚ ਪ੍ਰੀਤਮ ਸਿੰਘ ਸਫ਼ੀਰ, ਅਲੀ ਸਰਦਾਰ ਜ਼ਾਫ਼ਰੀ, ਸੱਜ਼ਾਦ ਜ਼ਹੀਰ, ਕੁਲਵੰਤ ਸਿੰਘ ਵਿਰਕ ਆਦਿ ਦੋ ਦਰਜਨ ਮਹਾਰਥੀ ਹਾਜ਼ਰ ਸਨ| ਪਰ ਇਹ ਸ਼ਾਮ ਸ਼ਿਵ ਦੀਆਂ ਬੇਪਰਵਾਹੀਆਂ ਦੀ ਸਿਖਰ ਹੋ ਸਕਦੀ| ਏਸ ਲਈ ਕਿ ਦੁੱਗਲ ਨੇ ਦਾਰੂਪੀਣ ਨਾ ਹੋਣ ਦੇ ਬਾਵਜੂਦ ਵਧੀਆ ਵਿ੍ਹਸਕੀ ਲਿਆ ਰੱਖੀ ਸੀ| ਸਾਰਿਆਂ ਨੇ ਸ਼ਾਮ ਦੇ ਅੱਠ ਵਜੇ ਦੁੱਗਲ ਦੇ ਪਟੌਦੀ ਹਾਊਸ ਵਾਲੇ ਘਰ ਪਹੁੰਚਣਾ ਸੀ| ਦੁੱਗਲ ਨੇ ਇਹ ਟਾਈਮ ਸ਼ਿਵ ਬਟਾਲਵੀ ਦੀ ਸਹਿਮਤੀ ਨਾਲ ਰੱਖਿਆ ਸੀ|
ਦੁੱਗਲ ਸਮੇਂ ਦਾ ਪਾਬੰਦ ਸੀ| ਉਸਨੇ ਸਾਢੇ ਅੱਠ ਵਜੇ ਤੱਕ ਉਡੀਕਿਆ ਪਰ ਸ਼ਿਵ ਨਹੀਂ ਆਇਆ| ਉਨ੍ਹਾਂ ਦਿਨਾਂ ਵਿਚ ਟੈਲੀਫੋਨ ਦੀ ਸੁਵਿਧਾ ਨਹੀਂ ਸੀ ਜਿਸ ਨਾਲ ਅੱਜ ਵਾਂਗ ਪਤਾ ਕਰ ਸਕਦੇ ਕਿ ਉਹ ਕਿੱਥੇ ਪਹੁੰਚਿਆ ਸੀ ਤੇ ਕਦੋਂ ਤੱਕ ਆ ਜਾਵੇਗਾ| ਦੁੱਗਲ ਨੇ ਖਾਣਾ ਲਗਵਾਇਆ ਤੇ ਸਾਰਿਆਂ ਨੇ ਸ਼ਿਵ ਨੂੰ ਚੇਤੇ ਕਰਦਿਆਂ ਖਾਇਆ| ਜਦੋਂ ਖਾ ਪੀ ਕੇ ਤੁਰਨ ਲੱਗੇ ਤਾਂ ਸ਼ਿਵ ਤੇ ਉਸਦਾ ਕਾਰ ਵਾਲਾ ਮਿੱਤਰ ਪਹੁੰਚ ਗਏ| ਦੋਨਾਂ ਨੇ ਪੀ ਰੱਖੀ ਸੀ|
ਦੁੱਗਲ ਨੇ ਸ਼ਿਵ ਨੂੰ ਨਾਲਾਇਕ ਕਹਿ ਕੇ ਖਾਣਾ ਖਿਲਾਏ ਬਿਨਾ ਤੋਰ ਦਿੱਤਾ| ਮੇਰਾ ਘਰ ਪੰਡਾਰਾ ਰੋਡ ਕਲੋਨੀ ਵਿਚ ਦੋ ਮੀਲ ਦੀ ਦੂਰੀ ਉੱਤੇ ਸੀ| ਮੈਂ ਆਪਣੀ ਕਾਰ ਉਨ੍ਹਾਂ ਦੀ ਕਾਰ ਦੇ ਪਿੱਛੇ ਲਾਈ ਤੇ ਉਨ੍ਹਾਂ ਨੂੰ ਢਾਬੇ ਤੋਂ ਖਾਣਾ ਖੁਆ ਕੇ ਆਪਣੇ ਘਰ ਲੈ ਗਿਆ| ਸ਼ਿਵ ਕੁਮਾਰ ਰਾਤ ਭਰ ਸੌਂ ਨਹੀਂ ਸਕਿਆ| ਸਵੇਰੇ ਪਤਾ ਲਗਿਆ ਕਿ ਉਹ ਕੋਈ ਗੀਤ ਲਿਖਦਾ ਰਿਹਾ ਜਿਹੜਾ ਇੱਕ ਤਰ੍ਹਾਂ ਦਾ ਮੁਆਫੀਨਾਮਾ ਸੀ| ਉਸਦਾ ਨਾਂ ਸੀ ਇੱਕ ਗੀਤ ਦਾ ਜਨਮ| ਉਸ ਮੁਆਫੀਨਾਮੇ ਦੀਆਂ ਲਾਈਨਾਂ ਤਾਂ ਮੈਨੂੰ ਹੁਣ ਚੇਤੇ ਨਹੀਂ ਪਰ ਮੈਂ ਹਥਲੇ ਲੇਖ ਦਾ ਅੰਤ ਉਸਦੇ ਇੱਕ ਹੋਰ ਗੀਤ ਦੀਆਂ ਦੋ ਲਾਈਨਾਂ ਨਾਲ ਕਰਦਾ ਹਾਂ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਹਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਬੇ ਸਪ ਦੇ ਡੰਗ ਵਰਗਾ
ਕੁਦਰਤੀ ਕਰਤੂਤਾਂ ਤੇ ਮਾਨਵੀ ਸਾਂਝਾਂ
ਮੈਂ ਨੱਬਿਆਂ ਦਾ ਹੋ ਗਿਆ ਹਾਂ ਪਰ ਆਪਣੀ ਹੋਸ਼ ਵਿਚ ਮੈਂ ਕੁਦਰਤੀ ਕਹਿਰ ਦਾ ਉਹ ਦ੍ਰਿਸ਼ ਨਹੀਂ ਤੱਕਿਆ ਜਿਹੜਾ ਇਸ ਵਰ੍ਹੇ ਦੀ ਬਰਸਾਤ ਨੇ ਪੇਸ਼ ਕੀਤਾ ਹੈ| ਥਾਂ-ਥਾਂ ਬੱਦਲ ਫਟ ਰਹੇ ਹਨ ਤੇ ਹੜ੍ਹਾਂ ਦਾ ਪਾਣੀ ਰੁੱਖਾਂ-ਬੂਟਿਆਂ, ਕੱਚੇ ਪੱਕੇ ਘਰਾਂ ਤੇ ਮਾਲ ਢਾਂਡੇ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ| ਕਿਸ਼ਤੀਆਂ ਦੀ ਘਾਟ ਅਰਸ਼ੀ ਹੈਲੀਕਾਪਟਰ ਵੀ ਪੂਰੀ ਨਹੀਂ ਕਰ ਸਕਦੇ| ਬੰਦੇ ਹੀ ਬੰਦੇ ਦਾ ਦਾਰੂ ਹੈ| ਉੱਚੇ ਘਰਾਂ ਵਾਲੇ ਨੀਵੇਂ ਵਾਲਿਆਂ ਦਾ ਦੁੱਖ ਵੰਡਾ ਰਹੇ ਹਨ|
ਮੇਰੀ ਉਮਰ ਦੇ ਮਾਨਵਾਂ ਨੇ ਏਸ ਤਰ੍ਹਾਂ ਦੀ ਕਰੋਪੀ 1947 ਦੇ ਸੁਤੰਤਰਤਾ ਦਿਵਸ ਪਿੱਛੋਂ ਤੱਕੀ ਤਾਂ ਸੀ ਪਰ ਓਦੋਂ ਅੱਜ ਵਾਲਾ ਕਹਿਰ ਨਹੀਂ ਸੀ ਵਰਤਿਆ| ਇਸ ਵਾਰੀ ਏਧਰਲੇ ਪੰਜਾਬ ਵਿਚ ਹੀ ਨਹੀਂ ਪਾਕਿਸਤਾਨੀ ਪੰਜਾਬ ਦਾ ਵੀ ਇਹੀਓ ਹਾਲ ਹੈ| ਹੜ੍ਹਾਂ ਦਾ ਪਾਣੀ ਘਰਾਂ ਵਿਚ ਦਾਖਲ ਹੋ ਕੇ ਰਹਿਣ ਵਾਲਿਆਂ ਦੀ ਨੀਂਦ ਹਰਾਮ ਕਰ ਰਿਹਾ ਹੈ| ਵਸਦੇ-ਰਸਦੇ ਘਰ ਤਬਾਹ ਹੋ ਰਹੇ ਨੇ|
ਜੇ ਭਾਰਤ ਤੇ ਪਾਕਿਸਤਾਨ ਕੁਦਰਤ ਦੀ ਇਸ ਕਰੋਪੀ ਦਾ ਸਾਹਮਣਾ ਕਰ ਰਹੇ ਹਨ ਤਾਂ ਨਾਲ ਲਗਦੇ ਅਫ਼ਗਾਨਿਸਤਾਨ ਵਿਚ ਇਹ ਕਰੋਪੀ ਭੂਚਾਲ ਦਾ ਰੂਪ ਧਾਰ ਕੇ ਹਾਵੀ ਹੋਈ ਹੈ| ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਡੇਢ ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ ਤੇ ਇਨ੍ਹਾਂ ਤੋਂ ਦੁਗਣੇ ਜ਼ਖਮੀ ਹੋਏ ਬੈਠੇ ਹਨ| ਇਨ੍ਹਾਂ ਦੀ ਦੇਖਭਾਲ ਤੇ ਮਲ੍ਹਮ ਪੱਟੀ ਲਈ ਡਾਕਟਰੀ ਅਮਲਾ ਨਹੀਂ ਅਹੁੜ ਰਿਹਾ| ਉਨ੍ਹਾਂ ਦੇ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਅਣਕਿਆਸੇ ਭੂਚਾਲ ਦਾ ਸ਼ਿਕਾਰ ਹੋ ਚੁੱਕੇ ਹਨ|
ਅੰਤਿਕਾ
ਨਜ਼ੀਰ ਕੈਸਰ॥
ਉਸ ਤੋਂ ਰੱਬ ਇਬਾਦਤ ਮੰਗੇ,
ਰੱਬ ਤੋਂ ਰਹਿਮਤ ਮੰਗੇ ਓਹ
ਦੋਹਾਂ ਦੇ ਹੱਥਾਂ ਵਿਚ ਕਾਸਾ,
ਕਿਹੜੇ ਪਾਸਿਓਂ ਲੰਘਾਂ ਮੈਂ।