ਘੱਗਰ ਨੂੰ ਚੌੜਾ ਕਰਨ ਸੰਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ: ਹਰਪਾਲ ਚੀਮਾ

ਸੰਗਰੂਰ:ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਪੱਕੇ ਹੱਲ ਲਈ ਵਚਨਬੱਧ ਹੈ ਅਤੇ ਇਸ ਦਰਿਆ ਨੂੰ ਚੌੜਾ ਕਰ ਕੇ ਇਸਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ।

ਪੰਜਾਬ ਦੇ ਲੋਕਾਂ ਦੀ ਹੁੰਦੀ ਖ਼ੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ। ਇਹ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ, ਹਰਪਾਲ ਸਿੰਘ ਚੀਮਾ ਨੇ ਖਨੌਰੀ ਹੈੱਡ ਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖ਼ਤਰੇ ਦਾ ਨਿਸ਼ਾਨ 748 ਫੁੱਟ ਹੈ ਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿਚ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਕਾਂਸਲ, ਚੇਅਰਮੈਨ ਜੋਗੀ ਰਾਮ ਭੁੱਲਣ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ ਖਨੌਰੀ, ਵੀਰਭਾਨ ਕਾਂਸਲ ਬਲਾਕ ਪ੍ਰਧਾਨ, ਬਬਲੀ ਸ਼ਰਮਾ ਬਨਾਰਸੀ ਆੜ੍ਹਤੀਆਂ ਐਸੋਸੀਏਸ਼ਨ ਪ੍ਰਧਾਨ ਖਨੌਰੀ, ਬਲਵਿੰਦਰ ਐਮ.ਸੀ., ਕ੍ਰਿਸ਼ਨ ਐਮ.ਸੀ., ਸੁਭਾਸ਼ ਐਮ.ਸੀ., ਰਣਜੀਤ ਨੰਬਰਦਾਰ, ਬਜਿੰਦਰ ਐਮ. ਸੀ., ਪਵਨ ਐਮ.ਸੀ., ਬਿੰਦੂ ਬੇਦੀ ਸੀਨੀਅਰ ਆਪ ਆਗੂ, ਗੁਰਮੇਲ ਕਲਰਕ, ਜੱਸੂ ਐਮ.ਸੀ., ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ।