ਪੰਜਾਬ ਦੇ ਨਕਸਲੀ ਆਗੂ ਪੋ੍ਰ. ਹਰਭਜਨ ਸੋਹੀ ਬਾਰੇ ਆਪਣੀਆਂ ਯਾਦਾਂ ਦੇ ਇਸ ਲੇਖ ਵਿਚ ਅਤਰਜੀਤ ਨੇ ਆਪਣੇ ਜਾਤੀ ਹਵਾਲਿਆਂ ਨਾਲ ਦੱਸਿਆ ਹੈ ਕਿ ਲਹਿਰ ਦੇ ਉਸ ਸ਼ੁਰੂਆਤੀ ਦੌਰ ਵਿਚ ਪੋ੍ਰ. ਸੋਹੀ ਅਤੇ ਉਸ ਦੇ ਵਿਚਾਰਧਾਰਕ ਸਾਥੀ ਅਲੱਗ-ਥਲੱਗ ਕਰ ਦਿਤੇ ਗਏ ਅਤੇ ਮਾਅਰਕੇਬਾਜ਼ ਧਿਰ ਵਲੋਂ ਜਾਤੀ ਦੁਸ਼ਮਣਾਂ ਦੀ ਸਫਾਏ ਦੀ ਲਾਈਨ ਦਾ ਡੰਕਾ ਇੰਜ ਵਜਿਆ ਰਿਹਾ। ਉਸ ਦੌਰ ਵਿਚ ਸੰਗਰੂਰ ਜ਼ਿਲ੍ਹੇ ਅੰਦਰ ਕਿਲਾ ਹਕੀਮਾ ਵਿਖੇ ਜਨਰਲ ਬਲਵੰਤ ਸਿੰਘ ਦੀ ਹੱਤਿਆ, 8 ਦਸੰਬਰ 1968 ਨੂੰ ਸਮਾਓਂ ਵਿਖੇ ਲਾਲਿਆਂ ਦੀ ਜ਼ਮੀਨ ‘ਤੇ ਕਬਜ਼ੇ ਵਾਲੇ ਐਕਸ਼ਨ ਦੇ ਨਾਲ-ਨਾਲ ਹਥਿਆਰ ਲੁਟਣ ਲਈ ਥਾਣਾ ਚਮਕੌਰ ਸਾਹਿਬ ਵਲ ਐਕਸ਼ਨ ਦੇ ਵੇਰਵੇ ਅਤੇ ਪੁਲੀਸ ਟਾਊਟਾਂ ਅਤੇ ਸੂਦਖੋਰਾਂ ਦੀਆਂ ਹੱਤਿਆਵਾਂ ਦੀ ਵਿਸਥਾਰਤ ਜਾਣਕਾਰੀ ਵੀ ਇਸ ਲੇਖ ਵਿਚ ਸਾਂਝੀ ਕੀਤੀ ਗਈ ਹੈ।-ਸੰਪਾਦਕ
‘ਦੇਖ ਜਿਹੋ ਜਿਹੀਆਂ ਹਾਲਤਾਂ ਬਲਕਿ ਭੰਬਲਭੂਸੇ ਵਿਚੋਂ ਅੱਜ ਲਹਿਰ ਗੁਜ਼ਰ ਰਹੀ ਹੈ, ਇਸ ਵਿਚ ਅਜਿਹਾ ਹੋਣਾ ਸੁਭਾਵਕ ਸੀ| ਤੂੰ ਆਪਣੀ ਤਾਕਤ ਇਕੱਠੀ ਕਰ| ਪਾਰਟੀ ਤੇਰੇ ਕੋਲ਼ੋਂ ਇਹ ਉਮੀਦ ਰੱਖਦੀ ਹੈ|’ ਸੁਣ ਕੇ ਮੈਂ ਕੁੱਝ ਚਿਰ ਚੁੱਪ ਰਿਹਾ| ਫਿਰ ਜਿਵੇਂ ਜ਼ੁਬਾਨ ਨੇ ਸਾਥ ਦਿੱਤਾ-‘ਠੀਕ ਐ ਜੇ ਪਾਰਟੀ ਇਉਂ ਸਮਝਦੀ ਹੈ ਤਾਂ ਮੈਂ ਤਿਆਰ ਹਾਂ| ਉਸ ਦਿਨ ਤੋਂ ਮੈਂ ਪੱਕੇ ਤੌਰ ’ਤੇ ਨਾਗੀ ਰੈਡੀਆ ਬਣ ਗਿਆ ਤੇ ਚਾਰੂ ਗਰੁੱਪ ਵਾiਲ਼ਆਂ ਲਈ ਗੱਦਾਰ| ਮੈਨੂੰ ਫਿਰ ਤੋਂ ਪਾਰਟੀ ਸਫ਼ਾਂ ਵਿਚ ਥਾਂ ਮਿਲ਼ ਗਈ ਸੀ|
ਉਹ ਸਮਾਂ ਵੀ ਯਾਦ ਆਉਂਦਾ ਹੈ, ਜਦੋਂ ਮੈਂ ਭੋਲੇਪਣ ਵਿਚ ਹਰਭਜਨ ਨੂੰ ਪੁੱਛਿਆ ਸੀ-‘ਹਰ ਪਾਸੇ ਇਹ ਚਰਚਾ ਹੈ ਕਿ ਹਰਭਜਨ ਪੰਜਾਬ ਦੀ ਲੀਡਰੀ ਚਾਹੁੰਦੈ, ਹਾਕਮ ਸਮ੍ਹਾਉਂ ਨਾਲ ਹੋਰ ਕੋਈ ਮੱਤਭੇਦ ਨਹੀਂ| ਹਰਭਜਨ ਨੇ ਬਹੁਤ ਸਹਿਜ ਨਾਲ ਉੱਤਰ ਦਿੱਤਾ ਸੀ-‘ਇਸ ਦਾ ਜਵਾਬ ਏਨਾ ਸੌਖਾ ਨਹੀਂ, ਜੋ ਇਸੇ ਵਕਤ ਦਿੱਤਾ ਜਾ ਸਕੇ| ਸਮਾਂ ਆਪੇ ਬੋਲ ਕੇ ਦੱਸੇਗਾ| ਲੀਡਰੀ ਦਾ ਨਹੀਂ, ਬਹੁਤ ਕੁੱਝ ਹੋਰ ਹੈ, ਜੋ ਤੈਨੂੰ ਸਮੇਂ ਨਾਲ ਪਤਾ ਲੱਗ ਜਾਊਗਾ’
ਅਸਲ ਵਿਚ ਸੋਹੀ ਗਰੁੱਪ ਕਾ. ਨਾਗੀ ਰੈਡੀ ਦੀ ਤਾਲਮੇਲ ਕਮੇਟੀਆਂ ਬਣਾ ਕੇ ਲੰਮੇ ਸੰਵਾਦ ਰਾਹੀਂ ਪਾਰਟੀ ਦੀ ਉਸਾਰੀ ਕਰਨ ਦੀ ਵਕਾਲਤ ਕਰਦਾ ਸੀ, ਜਦੋਂ ਕਿ ਕਾਮਰੇਡ ਚਾਰੂ ਮੌਜੂਮਦਾਰ ਨੇ ਤੱਤ-ਭੜੱਥੇ ਪਾਰਟੀ ਦਾ ਐਲਾਨ ਕਰ ਦਿੱਤਾ ਸੀ, ਜਿਸ ਦੀ ਤਰਜ਼ ’ਤੇ ਹਾਕਮ ਸਮ੍ਹਾਉਂ ਨੇ ਵੀ ਕਮਿਊਨਿਸਟ ਪਾਰਟੀ (ਮਾਰਕਸੀ-ਲੈਨਿਨੀ) ਦਾ ਝੰਡਾ ਗੱਡ ਦਿੱਤਾ ਸੀ| ਇਹ ਪੁਜ਼ੀਸ਼ਨਾਂ ਲੈਣ ਕਾਰਨ ਹੀ ਇਨ੍ਹਾਂ ਨੂੰ ਇਜਲਾਸ ਵਿਚੋਂ ਬਾਹਰ ਕੱਢ ਕੇ ਗੁਰੀਲਿਆਂ ਦੀ ਕਮਾਂਡ ਵਿਚ ਪਹਿਰਾ ਲਾ ਕੇ ਸਾਰੀ ਰਾਤ ਬਾਹਰ ਬਿਠਾਈ ਰੱਖਿਆ ਸੀ| ਜਦੋਂ ਅਸੀਂ ਸਾਰੇ ਦਿਨ ਚੜ੍ਹੇ ਹੇਠਾਂ ਉੱਤਰੇ, ਇਨ੍ਹਾਂ ਸੱਤ ਨੂੰ ਜਾਣ ਦਿੱਤਾ ਗਿਆ ਸੀ| ਉਸ ਦਿਨ ਮੈਨੂੰ ਵੀ ਇਹੋ ਜਾਪਿਆ ਸੀ ਕਿ ਇਹ ਲਹਿਰ ਵਿਚੋਂ ਭਗੌੜੇ ਹੋ ਗਏ ਹਨ| ਇਸ ਇਜਲਾਸ ਤੋਂ ਬਾਅਦ ਇਸ ਗਰੁੱਪ ਨੂੰ ਭਗੌੜੇ, ਬੇਦਾਵੀਏ, ਗੱਦਾਰ ਤੇ ਹੋਰ ਪਤਾ ਨਹੀਂ ਕੀ ਕੀ ਸ਼ਬਦਾਵਲੀ ਦੇ ਹਾਰ ਪਵਾਏ ਜਾਂਦੇ ਰਹੇ| ਇੱਕ ਸਮਾਂ ਤਾਂ ਅਜਿਹਾ ਵੀ ਆਇਆ ਕਿ ਇਨ੍ਹਾਂ ਨੂੰ ਸਿਰ ਲੁਕਾਉਣ ਲਈ ਥਾਂ ਮਿਲ਼ਣੀ ਵੀ ਦੁੱਭਰ ਹੋ ਗਈ| ਇਹ ਸਤਰਾਂ ਲਿਖਣ ਵੇਲ਼ੇ ਮੈਂ ਹੈਰਾਨ ਹੁੰਦਾ ਹਾਂ ਕਿ ਅਜਿਹੀਆਂ ਹਾਲਤਾਂ ਵਿਚ ਵੀ ਉਹ ਪੂਰੇ ਸਿਦਕ ਨਾਲ ਭੂਮੀਗਤ ਹੋ ਕੇ ਆਪਣੀਆਂ ਗਤੀਵਿਧੀਆਂ ਕਿਵੇਂ ਜਾਰੀ ਰੱਖ ਸਕੇ ਹੋਣਗੇ| ਮੈਂ ਜਿਸ ਸਿੱਟੇ ’ਤੇ ਅੱਪੜਦਾ ਹਾਂ, ਉਹ ਇਹ ਹੈ ਕਿ ਇਹ ਲੋਕ ਮਾਰਕਸੀ-ਲੈਨਿਨੀ ਸਿਧਾਂਤ ਨਾਲ ਪੂਰੀ ਤਰ੍ਹਾਂ ਲੈਸ ਸਨ| ਜਜ਼ਬਾਤੀ ਉਬਾਲ਼ ਤੋਂ ਨਿਰਲੇਪ, ਅਣਭਿੱਜ|
ਫ਼ਿਜ਼ਾ ਵਿਚ ਗਰਮ-ਗਰਮ ਖ਼ਬਰਾਂ ਦਾ ਬਾਜ਼ਾਰ ਮਘਿਆ ਹੋਇਆ ਸੀ| ਇਸ ਤਸ਼ੱਦਦ ਦੇ ਮੁਕਾਬਲੇ ਵਿਅਕਤੀਗਤ ਸਫ਼ਾਏ ਦੀ ਲਹਿਰ ਨੇ ਵੀ ਜ਼ੋਰ ਫੜ ਲਿਆ| ਲਹਿਰ ਨੂੰ ਜਨਤਕ ਜਥੇਬੰਦੀਆਂ ਦੇ ਘੇਰੇ ’ਚੋਂ ਬਾਹਰ ਕੱਢ ਕੇ, ਲੜਾਈ ਨੂੰ ਪੁਲਿਸ ਅਤੇ ਮੁਖ਼ਬਰਾਂ ਦੇ ਸਫ਼ਾਏ ਦਾ ਰੂਪ ਦੇ ਦਿੱਤਾ ਗਿਆ| ਗੁਰੀਲਾ ਯੁੱਧ ਤੇਜ਼ ਹੋ ਗਿਆ ਸੀ| ਹਰ ਪਾਸੇ ਠੂਹ-ਠਾਹ|
‘8 ਦਸੰਬਰ 1968 ਦਾ ਇਨਕਲਾਬੀ ਦਿਨ| ਲਾਲ ਫਰੇਰੇ ਨੂੰ ਲਾਲ ਸਲਾਮ| ਸਾਥੀ ਹਾਕਮ ਸਿੰਘ ਦੀ ਅਗਵਾਈ ਵਿਚ ਪਾਰਟੀ ਲਾਈਨ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਉਸਦੇ ਆਪਣੇ ਪਿੰਡ ਸਮਾਉਂ ਦੀ ਚੋਣ ਕਰ ਲਈ ਗਈ| ਇੱਥੇ ਸ਼ੇਰਪੁਰ ਦੇ ਮਹਾਜਨਾਂ ਨੂੰ ਤਿੰਨ ਸੌ ਏਕੜ ਜ਼ਮੀਨ ਸਰਕਾਰ ਨੇ ਅਲਾਟ ਕੀਤੀ ਹੋਈ ਸੀ| ਇਸ ਉੱਪਰ ਢੋਲ ਵਜਾ ਕੇ ਰਵਾਇਤੀ ਹਥਿਆਰਾਂ ਨਾਲ ਕਬਜ਼ਾ ਕੀਤਾ ਗਿਆ| ਮਹਾਜਨ ਪਿੰਡ ਛੱਡ ਕੇ ਕਿਧਰੇ ਅਲੋਪ ਹੋ ਗਏ ਹਨ| ਹੇਠਾਂ ਲਿਖਿਆ ਹੋਇਆ ਸੀ-‘ਨਕਸਲਬਾੜੀ ਦਾ ਰਾਹ ਸਾਡਾ ਰਾਹ| ਇਨਕਲਾਬ ਜ਼ਿੰਦਾਬਾਦ!’
ਇਸ ਤੋਂ ਬਾਅਦ ਗੁਰੀਲਾ ਦਸਤੇ ਵੱਡੀ ਪੱਧਰ ’ਤੇ ਐਕਸ਼ਨ ਕਰਨ ਲੱਗੇ| ਸੂਦਖੋਰਾਂ, ਪੁਲਸ ਟਾਊਟਾਂ ਦਾ ਸਫ਼ਾਇਆ ਚੱਲਦਾ ਰਿਹਾ| ਆਮ ਲੋਕਾਂ ਵਿਚ ਇਸ ਦਾ ਸਹਿਮ ਹੀ ਜ਼ਿਆਦਾ ਫੈਲਿਆ| ਗਿਣਵੇਂ ਲੋਕਾਂ ਦਾ ਹੀ ਸਮਰਥਨ ਮਿiਲ਼ਆ ਪਰ ਜ਼ਿਆਦਾਤਰ ਇਨ੍ਹਾਂ ਲੋਕਾਂ ਦੀ ਡਾਕੂਆਂ ਨਾਲ ਤੁਲਨਾ ਕੀਤੀ ਜਾਣ ਲੱਗੀ| ਸੀ.ਪੀ.ਆਈ. ਦਾ ਪੇਂਡੂ ਕਾਡਰ ਕਾਫ਼ੀ ਵੱਡੀ ਗਿਣਤੀ ਵਿਚ ਸਮਰਥਨ ਦੇਣ ਲੱਗਿਆ ਪਰ ਸੀ.ਪੀ.ਆਈ. (ਮ) ਵੱਲੋਂ ਇਸ ਦੇ ਵਿਰੁੱਧ ਪ੍ਰਚਾਰ ਜਾਰੀ ਰਿਹਾ|
ਰਿਪੋਰਟਾਂ ‘ਰੋਹਲੇ-ਬਾਣ’ ਮੈਗਜ਼ੀਨ ਦਾ ਹਿੱਸਾ ਸਨ-‘8 ਜੂਨ 1969 ਨੂੰ ਕਿਲਾ ਹਕੀਮਾਂ ਦਾ ਐਕਸ਼ਨ ਕੀਤਾ ਗਿਆ| ਮਹਾਰਾਜਾ ਪਟਿਆਲ਼ਾ ਨੇ ਪਿੰਡ ਦੇ ਹਕੀਮਾਂ ਨੂੰ ਬਹੁਤ ਸਾਰੀ ਜ਼ਮੀਨ ਦਿੱਤੀ ਹੋਈ ਸੀ| ਮੁਜ਼੍ਹਾਰਾ ਲਹਿਰ ਦੇ ਭੈਅ ਕਾਰਨ ਉਹ ਜ਼ਮੀਨ ਜਨਰਲ ਬਲਵੰਤ ਸਿੰਘ ਨੂੰ ਸਸਤੇ ਭਾਅ ਵੇਚ ਗਏ ਸਨ| ਬਲਵੰਤ ਸਿੰਘ ਨੇ ਲਾਲ ਪਾਰਟੀ ਦੇ ਖ਼ਿਲਾਫ਼ ਸਰਕਾਰ ਦੀ ਮੱਦਦ ਕੀਤੀ ਸੀ ਤੇ ਲੋਕਾਂ ਉੱਪਰ ਧੱਕਾ ਵੀ ਬਹੁਤ ਕਰਦਾ ਸੀ, ਸੀ ਵੀ ਪੁੱਜ ਕੇ ਅੱਯਾਸ਼| ਉਸਦਾ ਕਤਲ ਕਰਕੇ ਉਸਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ|’
ਰਿਪੋਰਟ ਆਈ ਸੀ-‘30 ਅਪ੍ਰੈਲ 1969 ਨੂੰ ਚਮਕੌਰ ਸਾਹਿਬ ਦੇ ਥਾਣੇ ’ਤੇ ਹਮਲਾ ਕੀਤਾ ਗਿਆ| ਬਿਰਲਾ ਸੀਡ ਫਾਰਮ ਦੇ ਮਜ਼ਦੂਰਾਂ ਨੇ ਹੜਤਾਲ਼ ਕੀਤੀ ਸੀ| ਹੜਤਾਲ਼ ਨੂੰ ਤੁੜਵਾਉਣ ਵਾਲੇ ਅਨਸਰਾਂ ਦੀ ਇਨਕਲਾਬੀ ਕਾਰਕੁੰਨਾਂ ਨੇ ਕੁੱਟ ਮਾਰ ਕਰ ਦਿੱਤੀ| ਇਸ ਨਾਲ ਪੁਲਸ ਨੇ ਵੀ ਲੋਕਾਂ ਉੱਪਰ ਅੰਨ੍ਹਾਂ ਤਸ਼ੱਦਦ ਆਰੰਭ ਦਿੱਤਾ| ਚਮਕੌਰ ਸਾਹਿਬ ਦੇ ਥਾਣੇਦਾਰ ਨੇ ਇੱਕ ਇਨਕਲਾਬੀ ਸਾਥੀ ਹਰਦੇਵ ਸਿੰਘ ਦੀ ਕੁੱਟ ਕੁੱਟ ਕੇ ਬਾਂਹ ਤੋੜ ਦਿੱਤੀ ਸੀ| ਉਸ ਥਾਣੇਦਾਰ ਦੇ ਸਫ਼ਾਏ ਦਾ ਫ਼ੈਸਲਾ ਲਿਆ ਗਿਆ| ਗੁਰੀਲਾ ਜੱਥਾ ਥਾਣੇ ਦੇ ਅੰਦਰ ਵੀ ਚਲਾ ਗਿਆ|’
ਇਸ ਦੇ ਫੇਲ੍ਹ ਹੋਣ ਬਾਰੇ ਆਤਮ ਆਲੋਚਨਾ ਵੀ ਛਪੀ ਸੀ-‘ਹਮਲੇ ਦਾ ਐਕਸ਼ਨ ਉਲੀਕਿਆ ਗਿਆ ਸੀ ਕਿ ਜਦੋਂ ਗੁਰੀਲੇ ਐਕਸ਼ਨ ਕਰ ਚੁੱਕਣ ਤਾਂ ਡਿਊਟੀ ਵਾਲਾ ਸਾਥੀ ਫੌਰੀ ਤੌਰ ’ਤੇ ਬਿਜਲੀ ਬੰਦ ਕਰ ਦੇਵੇ| ਹੋਇਆ ਇਹ ਕਿ ਉਸ ਹਰਫਲ਼ੇ ਹੋਏ ਸਾਥੀ ਨੇ ਐਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਬੰਦ ਕਰ ਦਿੱਤੀ| ਪੁਲਸੀਏ ਮੇਜਾਂ ਹੇਠ ਲੁਕ ਗਏ ਜਾਂ ਆਪਣੇ ਕਮਰਿਆਂ ਵਿਚ ਵੜ ਗਏ| ਅੰਦਰ ਹਨ੍ਹੇਰਾ ਹੋਣ ਕਰਕੇ ਤਲਵਿੰਦਰ ਸਿੰਘ ਨਾਂ ਦਾ ਕਾਰਕੁੰਨ ਬਾਹਰ ਨਿੱਕਲ਼ਣ ਦਾ ਰਾਹ ਨਾ ਲੱਭ ਸਕਿਆ| ਉਹ ਪੁਲਸ ਦੇ ਹੱਥ ਆ ਗਿਆ| ਉਸ ਉੱਪਰ ਅੰਨ੍ਹਾਂ ਤਸ਼ੱਦਦ ਕੀਤਾ ਗਿਆ ਤੇ ਉਸ ਦੁਆਰਾ ਕੀਤੀਆਂ ਨਿਸ਼ਾਨਦਈਆਂ ’ਤੇ ਬਹੁਤ ਸਾਰੇ ਹਮਦਰਦਾਂ ’ਤੇ ਬੇਤਹਾਸ਼ਾ ਕਹਿਰ ਟੁੱਟਿਆ| ਵੱਡਾ ਮੁੱਲ ਤਾਰ ਕੇ ਐਕਸ਼ਨ ਅਸਫ਼ਲ ਰਿਹਾ|’
ਪੁਲਸ ਇੰਸਪੈਕਟਰ ਪ੍ਰਿਥੀਪਾਲ ਸਿੰਘ ਅਤੇ ਡੀ.ਐੱਸ.ਪੀ. ਸਿਕੰਦਰ ਸਿੰਘ ਦਾ ਸਫ਼ਾਇਆ ਕਰ ਦਿੱਤਾ ਗਿਆ| ਗੁਰੀਲੇ ਕਿਵੇਂ ਸਿਕੰਦਰ ਸਿੰਘ ਦੀ ਕੋਠੀ ਵਿਚ ਪਹੁੰਚੇ? ਬਗ਼ੀਚੀ ਵਿਚ ਲੁਕ ਕੇ ਬੈਠੇ| ਕੇਸੀਂ ਅਸ਼ਨਾਨ ਕਰਕੇ ਵਾਲ ਸੁਕਾਉਂਦਾ ਸ਼ਿਕਾਰ ਕ੍ਰਾਂਤੀਕਾਰੀਆਂ ਦੇ ਅੜਿੱਕੇ ਚੜ੍ਹ ਗਿਆ| ਖ਼ੁਦ ਨਾਜ਼ਮ ਨੇ ਸਟੇਨ ਗੰਨ ਦਾ ਬਰਸਟ ਮਾਰ ਕੇ ਉਸਨੂੰ ਪਾਰ ਬੁਲਾਇਆ|
ਇਸੇ ਤਰ੍ਹਾਂ ਪੁਲਸ ਟਾਊਟਾਂ ਦੇ ਸਫ਼ਾਏ ਦੀ ਲਹਿਰ ਵਿਚ ਜਲੰਧਰ ਜ਼ਿਲ੍ਹੇ ਦੇ ਪੁਲਸ ਮੁਖ਼ਬਰ ਮਿਲਖੀ ਸਿੰਘ, ਆਤਮਾ ਸਿੰਘ, ਖੁਸ਼ਹਾਲ ਸਿੰਘ, ਲੰਬਰਦਾਰ ਅਜੀਤ ਸਿੰਘ, ਤਾਰਾ ਸਿੰਘ, ਪੈਪਸੂ ਇੰਡਸਟਰੀ ਦਾ ਮਾਲਕ ਰਤਨ ਸਿੰਘ ਤੇ ਉਸ ਦੇ ਦੋਸਤ ਸਤਨਾਮ ਸਿੰਘ ਗੁਰੀਲਿਆਂ ਨੇ ਪਾਰ ਬੁਲਾ ਦਿੱਤੇ| ਨੂਰਮਹਿਲ ਦੇ ਇਲਾਕੇ ਵਿਚ ਇਕ ਗੁਰੀਲਾ ਪੁਲਸ ਦੇ ਅੜਿੱਕੇ ਆ ਗਿਆ ਤਾਂ ਉਸ ਨੇ ਆਪਣੀ ਕੱਛ ਵਿਚ ਛੁਪਾਇਆ ਬੰਬ ਚਲਾ ਕੇ ਆਪ ਹੀ ਸ਼ਹੀਦੀ ਪ੍ਰਾਪਤ ਕਰ ਲਈ ਤੇ ਇਕ ਇੰਸਪੈਕਟਰ ਅਤੇ ਤਿੰਨ ਸਿਪਾਹੀਆਂ ਨੂੰ ਪਾਰ ਬੁਲਾ ਦਿੱਤਾ| ਇਸ ਦੇ ਨਾਲ ਹੀ ਬਦਲੇ ਵਿਚ ਪੁਲਸ ਨੇ ਗੁਰੀਲਿਆਂ ਤੇ ਖੁੱਲ੍ਹੇ ਹਮਦਰਦਾਂ ਨੂੰ ਚੁਣ-ਚੁਣ ਕੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰਨਾ ਆਰੰਭ ਦਿੱਤਾ| ਇੱਥੋਂ ਤੱਕ ਕਿ ਕਈ ਬੇਕਸੂਰ ਰਿਸ਼ਤੇਦਾਰ ਅਤੇ ਕੁੜੀਆਂ ਦੇ ਪ੍ਰਾਹੁਣੇ ਵੀ ਝੂਠੇ ਪੁਲਸ ਮੁਕਾਬਲਿਆਂ ਦੀ ਭੇਟ ਚੜ੍ਹ ਗਏ| ਜੇ ਗੁਰੀਲੇ ਇੱਕ ਵਿਅਕਤੀ ਉੱਪਰ ਐਕਸ਼ਨ ਕਰਦੇ, ਤਾਂ ਪੁਲਸ ਰਾਹੀਂ ਚਾਰ ਪੰਜ ਵਿਅਕਤੀ ਝੂਠੇ ਮੁਕਾਬਲੇ ਵਿਚ ਮਾਰ ਦਿੱਤੇ ਜਾਂਦੇ|
ਇਨ੍ਹਾਂ ਆਗੂਆਂ ਦੀ ਸਮਝ ਮੁਤਾਬਿਕ ਹਰੇਕ ਵਿਅਕਤੀ ਨੂੰ ਉਹਦੇ ਵਿਤ ਮੁਤਾਬਕ ਥਾਂ ਦਿੱਤੀ ਜਾਵੇ| 70ਵਿਆਂ ਦੇ ਪਹਿਲੇ ਸਾਲਾਂ ਵਿਚ ਇਸ ਗਰੁੱਪ ਨੂੰ ਖੜ੍ਹਨ ਜੋਗੀ ਧਰਤੀ ਮਿਲ਼ ਗਈ| ਪਿੰਡਾਂ ਵਿਚ ਨੌਜੁਆਨ ਭਾਰਤ ਸਭਾਵਾਂ ਦਾ ਜਾਲ਼ ਵਿਛਣ ਲੱਗਿਆ| ਵਾਹੀਕਾਰਾ ਯੂਨੀਅਨ ਦੀਆਂ ਇਕਾਈਆਂ ਉਸਰਨ ਲੱਗੀਆਂ| ਗੁਰਸ਼ਰਨ ਸਿੰਘ ਭਾਅ ਜੀ ਆਪਣੀ ਵੱਡੀ ਅਫ਼ਸਰੀ ਛੱਡ ਕੇ ਨਾਟਕ ਮੰਚਨ ਦੇ ਮੈਦਾਨ ਵਿਚ ਕੁੱਦ ਪਏ| ਪਿੰਡਾਂ ਵਿਚ ਉਨ੍ਹਾਂ ਦੇ ਨਾਟਕਾਂ ਦੀਆਂ ਧੁੰਮਾਂ ਪੈ ਰਹੀਆਂ ਸਨ| ਮੀਂਹ ਦੇ ਛਰਾਟੇ ਵਾਂਗ ਥਾਂ-ਥਾਂ ਤੋਂ ਸਾਹਿਤਕ ਰਸਾਲੇ ਉਗਮ ਪਏ| ਅਮਰਜੀਤ ਚੰਦਨ ਨੇ ‘ਦਸਤਾਵੇਜ਼’ ਨਾਂ ਦਾ ਹੱਥ-ਲਿਖਤ ਸਾੲਕਲੋਸਟਾਈਲ ਪਰਚਾ ਆਰੰਭ ਦਿੱਤਾ ਸੀ| ਗੁਰਸ਼ਰਨ ਭਾਅ ਜੀ ਦੇ ਦਫ਼ਤਰ ਵਿਚ ਚੰਦਨ ਹੈਂਡ ਗਰਨੇਡ ਘੁਮਾਉਂਦਾ ਫੜਿਆ ਗਿਆ| ਉਸ ਨੂੰ ਵੀ ਨਾਗੀ ਰੈਡੀ ਵਾਲ਼ੀ ਲਾਈਨ ਪਸੰਦ ਸੀ| ਭਾਅ ਜੀ ਨੇ ਪੁਲਸ ਨੂੰ ਵਰਜ ਦਿੱਤਾ ਕਿ ਇਹ ਛੋਟੇ ਪੁਲਸ ਅਫ਼ਸਰ ਕਾਨੂੰਨੀ ਤੌਰ ’ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਕਰ ਸਕਦੇ| ਆਖ਼ਰ ਉਹ ਪੰਜਾਬ ਦੇ ਨਹਿਰੀ ਵਿਭਾਗ ਦੇ ਉੱਚੇ ਅਹੁਦੇ ’ਤੇ ਬਿਰਾਜਮਾਨ ਸਨ| ਉੱਪਰੋਂ ਸਰਕਾਰੀ ਪ੍ਰਵਾਨਗੀ ਤੋਂ ਬਾਅਦ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਸੰਭਵ ਹੋ ਸਕਦੀ ਸੀ|
ਅਜਿਹੇ ਸਮਿਆਂ ਵਿਚ ਪੰਜਾਬ ਦੀਆਂ ਸਾਹਿਤਕ ਜਾਂ ਇਨਕਲਾਬੀ ਸਟੇਜਾਂ ਉੱਪਰ ਮੋਰੀਆਂ ਕਵਿਤਾਵਾਂ ਰੰਗ ਖਿੜਾ ਰਹੀਆਂ ਸਨ| ਥਾਂ-ਥਾਂ ਤੋਂ ਛਪਦੇ ਮੈਗਜ਼ੀਨਾਂ ਵਿਚ ਮੇਰੀਆਂ ਕਹਾਣੀਆਂ ਛਪ ਰਹੀਆਂ ਸਨ| ਕਾiਲ਼ਆ ਸੰਘਿਆ ਦੇ ਇੱਕ ਸਮਾਗਮ ਵਿਚ ਜਦ ਮੈਂ ਆਪਣੀ ਕਵਿਤਾ ਬੋਲ ਕੇ ਹੇਠਾਂ ਉੱਤਰਿਆ ਤਾਂ ਗੁਰਸ਼ਰਨ ਭਾਅ ਜੀ ਮੈਨੂੰ ਕਹਿਣ ਲੱਗੇ-‘ਕਿੰਨੀਆਂ ਕੁ ਕਹਾਣੀਆਂ ਹੋ ਗਈਆਂ ਤੇਰੇ ਕੋਲ਼? ਪੰਦਰਾਂ ਅਠਾਰਾਂ ਕੁ ਤਾਂ ਹੋਣਗੀਆਂ ਭਾਅ ਜੀ| ਮੈਂ ਕਿਹਾ|
‘ਸਾਰੀਆਂ ਮੇਰੇ ਕੋਲ਼ ਭੇਜ ਦੇ|’ ਉਨ੍ਹਾਂ ਦੀ ਹਦਾਇਤ ਤੋਂ ਬਾਅਦ ਮੈਂ ਖ਼ਾਲਸਾ ਨਿਵਾਸ ਜਾ ਕੇ ਕਹਾਣੀਆਂ ਦੇ ਆਇਆ ਸਾਂ| 1972 ਵਿਚ ਉਨ੍ਹਾਂ ਨੇ ਮੇਰੀ ਪਹਿਲੀ ਕਿਤਾਬ ਮਾਸ-ਖੋਰੇ ਛਾਪ ਕੇ ਪਹਿਲਾ ਪੁਰਸਕਾਰ ਮੇਰੀ ਝੋਲ਼ੀ ਪਾ ਦਿੱਤਾ ਸੀ| ਇਸ ਕਹਾਣੀ ਸੰਗ੍ਰਹਿ ਨੂੰ ਇਸ ਗਰੁੱਪ ਦੇ ਪਾਠਕ ਵਰਗ ਨੇ ਬੜਾ ਹੀ ਮਾਣ ਬਖ਼ਸ਼ਿਆ|
ਚਾਰੂ ਮੌਜ਼ੂਮਦਾਰ ਦੀ ਖਾੜਕੂ ਹਥਿਆਰਬੰਦ ਲਾਈਨ ਦੇ ਉਲ਼ਟ ਪੱਖ ਲੈਣਾ ਇਸ ਧਿਰ ਦੇ ਰਾਹ ਵਿਚ ਔਕੜਾਂ ਦੇ ਪਹਾੜ ਲਈ ਖੜ੍ਹਾ ਸੀ| ਜੇ ਹਥਿਆਬੰਦ ਲਾਈਨ ਦਾ ਵਿਰੋਧ ਕਰਨਾ ਹੈ ਤਾਂ ਕੁੱਝ ਵੱਡਾ ਕਰਕੇ ਦਿਖਾਉਣ ਦੀ ਜ਼ਰੂਰਤ ਸੀ| ਇਸ ਲਈ ਇਸ ਗਰੁੱਪ ਦੀ ਅਗਵਾਈ ਲੋਕ ਜੱਥੇਬੰਦੀਆਂ ਉਸਾਰਨ ਉੱਪਰ ਜ਼ੋਰ ਦਿੱਤਾ ਜਾਣਾ ਜ਼ਰੂਰੀ ਸੀ| ਜਿਵੇਂ ਕਿ ਪਹਿਲਾਂ ਵੀ ਜ਼ਿਕਰ ਆ ਚੁੱਕਾ ਹੈ ਕਾਲਜਾਂ ਯੂਨੀਵਰਸਿਟੀਆਂ ਦੇ ਨੌਜੁਆਨ ਜਨਤਕ ਲਾਈਨ ਨਾਲ ਵੱਡੀ ਪੱਧਰ ’ਤੇ ਜੁੜ ਰਹੇ ਸਨ| ਪਿੰਡਾਂ ਵਿਚ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਨੌਜੁਆਨ ਭਾਰਤ ਸਭਾਵਾਂ ਉਸਾਰਨ ਉੱਪਰ ਜ਼ੋਰ ਦਿੱਤਾ ਗਿਆ ਸੀ| ਵਿਦਿਆਰਥੀ ਯੂਨੀਅਨਾਂ ਦੀਆਂ ਇਕਾਈਆਂ ਲੱਗਪੱਗ ਹਰ ਕਾਲਜ, ਯੂਨੀਵਰਸਿਟੀ ਵਿਚ ਕਾਇਮ ਹੋ ਚੁੱਕੀਆਂ ਸਨ| ਕਿਸਾਨੀ ਨੂੰ ਜਗਾਉਣ ਦੀ ਜ਼ਰੂਰਤ ਸੀ| ਕਿਸਾਨੀ ਨੇ ਹੀ ਤਾਂ ਜਗੀਰਦਾਰੀ ਦੇ ਵਿਰੁੱਧ ਇਨਕਲਾਬੀ ਧਿਰ ਬਣ ਕੇ ਉੱਭਰਨਾ ਸੀ| ਇਸ ਲਈ ਕਲਾ ਜੱਥੇ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ ਗਈ| ਬਠਿੰਡੇ ਦੀ ਪੇਂਡੂ ਨਾਟਕ ਮੰਡਲ਼ੀ ਉਸ ਨੀਤੀ ਦੀ ਦੇਣ ਸੀ| ਘੁੱਦੇ ਦੇ ਮਾਸਟਰ ਬੱਗਾ ਸਿੰਘ, ਅੱਜ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਪੰਜਾਬ, ਬਠਿੰਡਾ ਇਕਾਈ, ਬੂਟਾ ਰਾਮ ਗਹਿਰੀ ਅੱਖ (ਉਸ ਦੀ ਪਹਿਲੀ ਕਾਵਿ ਪੁਸਤਕ ਇਸ ਸਿਰਲੇਖ ਹੇਠ ਛਪੀ ਸੀ), ਨਥਾਣੇ ਤੋਂ ਹਰਿਆਣੇ ਵਿਚ ਰਣੀਆ ਖੇਤਰ ਵਿਚ ਤਾਇਨਾਤ ਸੈਨੇਟਰੀ ਇੰਸਪੈਕਰ ਬੂਟਾ ਸਿੰਘ, ਰਾਮੇ ਤੋਂ, ਗੁਰਦਿਆਲ ਸਿਘ ਰਾਮਣਵਾਸ, ਬੰਤ ਸਿੰਘ ਭੁੱਚੋ ਖ਼ੁਰਦ, ਮਹਿੰਦਰ ਸਿੰਘ, ਜੱਸੀ ਪਾਉ ਵਾਲ਼ੀ ਤੋਂ ਮੰਦਰ ਰਾਹੀ, ਭੁੱਚੋ ਖ਼ੁਰਦ ਤੋਂ ਦਲੀਪ ਸਿੰਘ ਆਦਿ ਇਹ ਨਾਟਕ ਮੰਡਲੀ ਪਿੰਡਾਂ ਨੂੰ ਜਗਾਉਣ ਤੁਰੀ ਹੋਈ ਸੀ|
ਮੈਂ ਕਿਉਂਕਿ ਕਵਿਤਾ ਬਹੁਤ ਮਿੱਠੀ ਸੁਰ ਵਿਚ ਤਰੰਨਮ ਵਿਚ ਗਾ ਕੇ ਬੋਲਦਾ ਸਾਂ| ਜੱਥੇਬੰਦੀ ਮੇਰੇ ਇਸ ਗੁਣ ਦੀ ਵੀ ਵਰਤੋਂ ਕਰਨ ਨੂੰ ਤਰਜੀਹ ਦੇਣ ਲੱਗੀ| ਥੋੜ੍ਹਾ-ਬਹੁਤਾ ਬੈਂਜੋ ਉੱਪਰ ਵੀ ਮੇਰਾ ਹੱਥ ਚੱਲਦਾ ਸੀ| ਮੈਨੂੰ ਇਸ ਕਲਾ ਨੂੰ ਵਿਕਸਤ ਕਰਨ ਦੀ ਹਦਾਇਤ ਹੋਈ| ਮੈਂ ਅਗਲੇ ਦਿਨ ਹੀ ਅੰਮ੍ਰਿਤਸਰ ਦੀ ਬੱਸ ਫੜੀ ਤੇ ਬਾਜ਼ਾਰ ਮਾਈ ਸੇਵਾਂ ਤੋਂ ਦੋ ਢੱਡਾਂ ਖ਼ਰੀਦ ਲਿਆਇਆ| ਢਾਡੀ ਜੱਥਾ ਤਿਆਰ ਕਰਨ ਲਈ ਮੁੰਡਿਆਂ ਦੀ ਚੋਣ ਕੀਤੀ ਜਾਣ ਲੱਗੀ| ਉਨ੍ਹੀਂਂ ਦਿਨੀਂ ਹੀ ਮੈਂ ਢਾਡੀ ਜੱਥਾ ਤਿਆਰ ਕੀਤਾ ਸੀ| ਮੇਰੀ ਰਗ ਬੜੀ ਸਾਫ਼ ਤੇ ਸੁਰਬੱਧ ਸੀ| ਆਪ ਵੀ ਮੈਂ ਗੁਰਦੁਆਰੇ ਦੀਆਂ ਸਟੇਜਾਂ ਉੱਪਰ ਬੈਂਜੋ ’ਤੇ ਧਾਰਮਕ ਗੀਤ ਗਾਉਂਦਾ ਰਿਹਾ ਸਾਂ| ਲੋਕ ਧੁਨਾਂ ’ਤੇ ਮੈਂ ਚੰਗੇ ਗੀਤ ਲਿਖ ਲੈਂਦਾ ਸਾਂ| ਇਸ ਤੋਂ ਇਲਾਵਾ ਲੋਕ ਧੁਨਾਂ ਖ਼ਾਸ ਕਰਕੇ ਢਾਡੀ ਦੇ ਗੀਤ ਕਲੀਆਂ ਅਮਰ ਸਿੰਘ ਸ਼ੌਕੀ ਦੀ ਗਾਇਨ ਸ਼ੈਲੀ ਮੇਰੀ ਚਾਹਤ ਸੀ| ਬੈਂਜੋ ਉੱਪਰ ਤਾਂ ਮੇਰੀਆਂ ਉਂਗਲ਼ਾਂ ਵਾਹਵਾ ਚੱਲਦੀਆਂ ਸਨ ਪਰ ਢੱਡਾਂ ਵਜਾਉਣ ਵਾਲੇ ਕਿਵੇਂ ਤਿਆਰ ਕੀਤੇ ਜਾਣ, ਇਹ ਸਮੱਸਿਆ ਸੀ| ਸੋਹੀ ਮੇਰੇ ਕੋਲ਼ੋਂ ਪਤਾ ਕਰਦਾ ਰਹਿੰਦਾ ਸੀ| ਇਸ ਸਮੱਸਿਆਂ ਦਾ ਹੱਲ ਜੱਥੇਬੰਦੀ ਨੇ ਕੱਢ ਲਿਆ| ਮੈਨੂੰ ਦੋ ਲੜਕੇ ਹਰਦੀਪ ਮਹਿਣਾ ਤੇ ਬੰਤ ਸਿੰਘ ਭੁੱਚੋ ਖ਼ੁਰਦ ਦਿੱਤੇ ਗਏ| ਮੈਂ ਢੱਡਾਂ ਦੀ ਆਵਾਜ਼ ਮੂੰਹ ਨਾਲ ਸਹੀ ਕੱਢ ਸਕਦਾ ਸਾਂ| ਸੋ ਬਾਜ਼ਾਰ ਮਾਈ ਸੇਵਾ ਦੀ ਮਿਊਜ਼ਿਕ ਦੀ ਦੁਕਾਨ ਤੋਂ ਦੋ ਢੱਡਾਂ ਖ਼ਰੀਦ ਲਿਆਇਆ| ਹਰਭਜਨ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ| ਇਸ ਨਾਲ ਪੇਂਡੂ ਨਾਟਕ ਮੰਡਲ਼ੀ ਵਿਚ ਚੰਗੀ ਜਾਨ ਪੈ ਜਾਣੀ ਸੀ| ਪਹਿਲਾਂ ਮੈਂ ਆਪ ਢੱਡਾਂ ਉੱਪਰ ਅਭਿਆਸ ਕੀਤਾ ਕਿਵੇਂ ਦਮ ਕਿਵੇਂ ਦੱਬਣਾ ਹੈ, ਜਿਸ ਨਾਲ ਤਿੱਖੀ ਤੇ ਭਾਰੀ ਆਵਾਜ਼ ਪੈਦਾ ਹੋਣੀ ਹੁੰਦੀ ਹੈ| ਮੂੰਹ ਨਾਲ ਉਹੀ ਆਵਾਜ਼ ਕੱਢ ਲੈਣ ਦਾ ਗੁਰ ਕੰਮ ਆਇਆ| ਕੁੱਝ ਹੀ ਦਿਨਾਂ ਵਿਚ ਮੈਂ ਢੱਡ ਉੱਪਰ ਵੀ ਉਹੀ ਆਵਾਜ਼ ਕੱਢਣ ਦੇ ਸਮਰੱਥ ਹੋ ਗਿਆ| ਭੁੱਚੋ ਕਲਾਂ ਮੇਰੀ ਨੌਕਰੀ ਚੱਲ ਰਹੀ ਸੀ ਤੇ ਮੈਂ ਇੱਕ ਧਰਮਸ਼ਾਲਾ ਵਿਚ ਰਹਿੰਦਾ ਸਾਂ| ਆਥਣ ਵੇਲ਼ੇ ਬੰਤ ਭੁੱਚੋ ਖ਼ੁਰਦ ਅਤੇ ਹਰਦੀਪ ਮਹਿਣਾ ਮੇਰੇ ਕੋਲ਼ ਆ ਜਾਂਦੇ| ਵੱਡੀ ਰਾਤ ਤੱਕ ਅਸੀਂ ਅਭਿਆਸ ਕਰਦੇ ਰਹਿੰਦੇ| ਉਹ ਕਦੇ ਮੇਰੇ ਕੋਲ਼ ਰਹਿ ਪੈਂਦੇ ਕਦੇ ਵਾਪਸ ਘਰਾਂ ਨੂੰ ਪਰਤ ਜਾਂਦੇ| ਕੁੱਝ ਹੀ ਦਿਨਾਂ ਵਿਚ ਉਨ੍ਹਾਂ ਨੂੰ ਦਮ ਦੱਬਣ ਦੀ ਜਾਚ ਆ ਗਈ| ਅਮਰ ਸਿੰਘ ਸ਼ੌਂਕੀ ਦੇ ਗੀਤਾਂ ਦੀ ਤਰਜ਼ ’ਤੇ ਲਿਖੇ ਮੇਰੇ ਗੀਤ ਹੁਣ ਢੱਡ ਬੈਂਜੋ ’ਤੇ ਬੋਲੇ ਜਾਣ ਲੱਗੇ| ਜਿੱਥੇ ਨੌਜੁਆਨ ਭਾਰਤ ਸਭਾ ਵੱਲੋਂ ਪ੍ਰੋਗਰਾਮ ਕਰਾਇਆ ਜਾਣਾ ਹੁੰਦਾ ਮੈਂ ਉੱਥੇ ਆਪਣੀ ਬੈਂਜੋ ਲੈ ਕੇ ਪਹੁੰਚ ਜਾਂਦਾ| ਹਰਦੀਪ ਮਹਿਣਾ ਤੇ ਬੰਤ ਭੁੱਚੋ ਖ਼ੁਰਦ ਕਿਉਂਕਿ ਨਾਟਕ ਮੰਡਲੀ ਦੇ ਵੀ ਪਾਤਰ ਸਨ, ਉਹ ਪਹਿਲਾਂ ਹੀ ਪਹੁੰਚੇ ਹੁੰਦੇ| ਸ਼ੁਰੂਆਤੀ ਲਈ ਸਾਨੂੰ ਸਟੇਜ ’ਤੇ ਚੜ੍ਹਾਇਆ ਜਾਂਦਾ| ਮੈਂ ਪਹਿਲਾਂ ਕੁੱਝ ਚਿਰ ਲਈ ਬੈਂਜੋ ਉੱਪਰ ਕੋਈ ਧੁਨ ਵਜਾਉਂਦਾ| ਫਿਰ ਅਸਲੀ ਗੀਤ ਦੀਆਂ ਸੁਰਾਂ ’ਤੇ ਉਂਗਲ਼ਾਂ ਨੱਚਣ ਲੱਗਦੀਆਂ| ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਖਾਲੀ ਸਮੇਂ ਵਿਚ ਅਸੀਂ ਕਿਸਾਨੀ ਨੂੰ ਜਗਾਉਣ ਲਈ ਆਪਣੇ ਗੀਤਾਂ ਦਾ ਰੰਗ ਬੰਨ੍ਹਦੇ|
ਪੇਂਡੂ ਨਾਟਕ ਮੰਡਲ਼ੀ ਦੀ ਵੀ ਪਿੰਡਾਂ ਵਿਚ ਤੂਤੀ ਬੋਲਣ ਲੱਗੀ| ਪਗੜੀ ਸੰਭਾਲ ਜੱਟਾ, ਮੇਰਾ ਲਿਖਿਆ ਨਾਟਕ ਸ਼ਹੀਦ ਭਗਤ ਸਿੰਘ, ਜਿਸ ਵਿਚ ਮੇਰੀ ਸਲਾਹ ਨਾਲ ਫਾਂਸੀ ਦੇਣ ਦਾ ਹੂਬਹੂ ਦ੍ਰਿਸ਼ ਪੇਸ਼ ਕੀਤਾ ਗਿਆ ਸੀ (ਤਿਨਾਂ ਪਾਤਰਾਂ ਦੀਆਂ ਕੱਛਾਂ ਹੇਠ ਦੀ ਮੋਢਿਆਂ ਤੋਂ ਬੈਲਟਾਂ ਪਾ ਕੇ ਗਲ ਵਿਚ ਫਾਂਸੀ ਦਾ ਫੰਧਾ ਪਾਇਆ ਜਾਂਦਾ, ਜਦੋਂ ਪੈਰਾਂ ਹੇਠੋਂ ਫੱਟਾ ਖਿੱਚਿਆ ਜਾਂਦਾ ਤਾਂ ਸਾਰਾ ਵਜ਼ਨ ਬੈਲਟਾਂ ਉੱਪਰ ਤੁਲ ਜਾਂਦਾ ਸੀ| ਤਿੰਨੋ ਪਾਤਰ ਆਪਣੀਆਂ ਧੌਣਾਂ ਇੱਕ ਪਾਸੇ ਸੁੱਟ ਲੈਂਦੇ ਸਨ| ਪਰ ਇਹ ਨਾਟਕ ਇੱਕ ਰਾਤ ਬੱਗਾ ਸਿੰਘ ਦੇ ਘਰ ਉਸ ਦੇ ਕਹਿਣ ਅਨੁਸਾਰ ਮੋਮਬੱਤੀ ਦੀ ਭੇਟ ਚੜ੍ਹ ਗਿਆ ਸੀ|
ਕਾਮਰੇਡ ਹੋਚੀ ਮਿੰਨ੍ਹ ਦੀ ਕਮਾਂਡ ਹੇਠ ਵੀਅਤਨਾਮੀ ਜਨਤਾ ਅਮਰੀਕਨ ਸਾਮਰਾਜ ਵਿਰੁੱਧ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ| ਵੀਅਤਨਾਮੀ ਗੁਰੀਲਿਆਂ ਦੇ ਕਾਰਨਾਮੇ ਕਾਮਰੇਡ ਮੇਘ ਸਾਨੂੰ ਸੁਣਾਉਂਦਾ ਕਿ ਕਿਵੇਂ ਬੰਬਾਂ ਦੇ ਅੱਗ ਦੇ ਲੂੰਬਿਆਂ ਦੀ ਛਾਂ ਹੇਠ ਮੁੱਠੀ ਭਰ ਗੁਰੀਲੇ ਹਜ਼ਾਰਾਂ ਅਮਰੀਕਨ ਕਠਪੁਤਲੀ ਸਿਪਾਹੀਆਂ ਦੇ ਛੱਕੇ ਛੁਡਾ ਰਹੇ ਹਨ| ਇੱਕ ਵਾਰ ਉਸ ਨੇ ਵੀਅਤਨਾਮੀ ਗੁਰੀਲਿਆਂ ਦੇ ਲੜਾਈ ਦੇ ਯੁੱਧ ਪੇਚਕ ਦਾਅ ਬਿਆਨ ਕੀਤੇ ਕਿ ਕਿਵੇਂ ਉਨ੍ਹਾਂ ਨੇ ਮਧੂ-ਮੱਖੀਆਂ ਨੂੰ ਹੀ ਆਪਣੇ ਮਿੱਤਰ ਤੇ ਅਮਰੀਕਨ ਸਿਪਾਹੀਆਂ ਦੀਆਂ ਦੁਸ਼ਮਣ ਬਣਾ ਦਿੱਤੀਆਂ ਹਨ| ਵੀਅਤਨਾਮੀ ਗੁਰੀਲੇ ਮਾਰੇ ਗਏ ਅਮਰੀਕਨ ਸਿਪਾਹੀਆਂ ਦੀਆਂ ਵਰਦੀਆਂ ਵਿਚ ਘਾਹ ਫੂਸ ਭਰ ਕੇ ਰੱਸੀਆਂ ਨਾਲ ਬੰਨ੍ਹ ਲੈਂਦੇ ਹਨ ਤੇ ਮਧੂ-ਮੱਖੀਆਂ ਦੇ ਛੱਤਿਆਂ ਵਿਚ ਲਿਜਾ ਮਾਰਦੇ ਹਨ| ਡੂਮਣੇ ਦੀਆਂ ਮੱਖੀਆਂ ਵਰਦੀ ਨੂੰ ਚਿੰਬੜ ਜਾਂਦੀਆਂ ਹਨ| ਗੁਰੀਲੇ ਵਰਦੀ ਨੂੰ ਲੈ ਕੇ ਜੰਗਲ ਵਿਚ ਭੱਜ ਨਿੱਕਲ਼ਦੇ ਹਨ| ਮੱਖੀਆਂ ਵੀ ਤਬੂਤਾਂ ਦਾ ਪਿੱਛਾ ਕਰਦੀਆਂ ਦੁਸ਼ਮਣ ਉੱਪਰ ਟੁੱਟ ਪੈਂਦੀਆਂ ਹਨ| ਵਾਰ ਵਾਰ ਸਤਾਈਆਂ ਮੱਖੀਆਂ ਅਮਰੀਕਨ ਖੂਨ ਦੀ ਮਹਿਕ ਨੂੰ ਪਛਾਣ ਜਾਂਦੀਆਂ ਹਨ| ਫਿਰ ਜਦ ਵੀ ਅਮਰੀਕਨ ਫੌਜੀ ਵੀਅਤਨਾਮੀ ਗੁਰੀਲਿਆਂ ਦਾ ਪਿੱਛਾ ਕਰਦੇ ਜੰਗਲ ਵਿਚੋਂ ਲੰਘਦੇ ਹਨ ਤਾਂ ਮੱਖੀਆਂ ਉਨ੍ਹਾਂ ਉੱਪਰ ਟੁੱਟ ਪੈਂਦੀਆਂ ਹਨ| ਦੂਜੇ ਬੰਨੇ ਇਸ ਤਰ੍ਹਾਂ ਘਿਰੇ ਅਮਰੀਕਨ ਫੌਜੀਆਂ ਉੱਪਰ ਵੀਅਤਨਾਮੀ ਗੁਰੀਲੇ ਤਾਬੜ-ਤੋੜ ਹਮਲੇ ਕਰ ਕੇ ਅਮਰੀਕਨਾ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ| ਬੜੇ ਦਿਲਚਸਪ ਬਿਰਤਾਂਤ ਸੁਣਾਏ ਜਾਂਦੇ ਸਨ| ਇਸੇ ਤਰ੍ਹਾਂ ਦਾ ਇੱਕ ਹੋਰ ਬਿਰਤਾਂਤ ਯਾਦ ਆਉਂਦਾ ਹੈ| ਵੀਅਤਨਾਮੀ ਗੁਰੀਲੇ ਬਾਂਸ ਦੀਆਂ ਤਿੱਖੀਆਂ ਕਲਮਾਂ ਘੜ ਕੇ, ਨੋਕਾਂ ਉੱਪਰ ਕੋਈ ਜ਼ਹਿਰ ਆਦਿ ਲਾ ਕੇ ਜੰਗਲ ਵਿਚ ਗੱਡ ਦਿੰਦੇ ਹਨ| ਜਦੋਂ ਉਨ੍ਹਾਂ ਮਗਰ ਮਧੂਮੱਖੀਆਂ ਪੈ ਜਾਂਦੀਆਂ ਹਨ ਤਾਂ ਕਈ ਵਾਰ ਉਨ੍ਹਾਂ ਦੇ ਭੱਜੇ ਜਾਂਦਿਆਂ ਦੇ ਬੂਟ ਵੀ ਲਹਿ ਜਾਂਦੇ ਹਨ| ਨੰਗੇ ਪੈਰਾਂ ਵਿਚ ਬਾਂਸ ਦੀਆਂ ਕਿੱਲੀਆਂ ਧਸ ਜਾਂਦੀਆਂ ਹਨ ਤੇ ਜ਼ਹਿਰ ਉਨ੍ਹਾਂ ਦੇ ਖੂਨ ਵਿਚ ਦਾਖ਼ਲ ਹੋ ਜਾਂਦੀ ਹੈ| ਅਨੇਕਾਂ ਹੀ ਅਮਰੀਕਨ ਸਿਪਾਹੀ ਬੀਮਾਰ ਹੋ
ਕੇ ਮੌਤ ਦੇ ਮੂੰਹ ਜਾ ਪੈਂਦੇ ਹਨ| ਇਸ ਤਰ੍ਹਾਂ ਅਮਰੀਕਨ ਸਿਪਾਹੀਆਂ ਦੀਆਂ ਮੌਤਾਂ ਵਿਚ ਹੋਏ ਵਧਾਰੇ ਕਾਰਨ ਅਮਰੀਕਨ ਲੋਕਾਂ ਵਿਚ ਅਮਰੀਕਨ ਨੀਤੀਆਂ ਦਾ ਵਿਰੋਧ ਸ਼ੁਰੂ ਹੋ ਗਿਆ| ਇੱਕ ਦਿਨ ਅਮਰੀਕਨ ਸਾਮਰਾਜ ਉੱਥੋਂ ਪੂਛ ਦਬਾ ਕੇ ਨਿੱਕਲ਼ੇਗਾ| ਇਸ ਤਰ੍ਹਾਂ ਦੇ ਬਿਰਤਾਂਤ ਸਾਡੇ ਮਨਾਂ ਵਿਚ ਜੋਸ਼ ਭਰਦੇ|
ਹਾਕਮ ਸਮ੍ਹਾਉਂ ਦੇ ਗੁਰੀਲਾ ਜਥਿਆਂ ਦੀਆਂ ਸਰਗਰਮੀਆਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਤੱਕ ਜਾ ਅੱਪੜੀਆਂ ਸਨ| ਉਨ੍ਹਾਂ ਦੇ ਗਰੁੱਪਾਂ ਵਿਚ ਪਾਟਕ ਵੀ ਪੈਣ ਲੱਗੇ| ਕੋਈ ਸਰਾਫ਼ ਗਰੁੱਪ ਕਰ ਕੇ ਜਾਣ ਲੱਗਿਆ, ਕਈ ਗਰੁੱਪ ਸੱਤਿਆ ਨਰਾਇਣ ਦੇ ਨਾਂ ਨਾਲ| ਉਨ੍ਹੀਂਂ ਦਿਨੀਂ ਜਿੰਨੀ ਕੁ ਮੈਨੂੰ ਲਹਿਰ ਦੀ ਜਾਣਕਾਰੀ ਸੀ, ਸਾਡੇ ਪਿੰਡ ਦੇ ਗੋਬਿੰਦਰ ਨਾਗੀ ਰੈਡੀ ਗਰੁੱਪ ਦੀ ਲਾਈਨ ਅਨੁਸਾਰ ਵਾਹੀਕਾਰਾ ਯੂਨੀਅਨ ਦੀਆਂ ਵੀ ਇਕਾਈਆਂ ਉਸਾਰੀਆਂ ਜਾਣ ਲੱਗੀਆਂ| ਨੰਦ ਸਿੰਘ ਮਹਿਤਾ ਦੀ ਅਗਵਾਈ ਵਿਚ ਵੱਡੀ ਸਫ਼ਲਤਾ ਮਿਲ਼ ਰਹੀ ਸੀ| ਸਾਡਾ ਜੱਥਾ ਇਸ ਉਸਾਰੀ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਸੀ| ਮੈਨੂੰ ਯਾਦ ਹੈ ਕਿ ਸ਼ਾਇਦ ਇਹ 72-73 ਦਾ ਸਮਾਂ ਸੀ, ਜਸਵੰਤ ਸਿੰਘ ਖਾਲੜਾ ਦੀ ਅਗਵਾਈ ਵਿਚ ਖਾਲੜਾ ਮੰਡੀ ਵਿਚ ਨੌਜੁਆਨ ਭਾਰਤ ਸਭਾ ਦਾ ਡੈਲੀਗੇਟ ਇਜਲਾਸ ਹੋਣਾ ਸੀ| ਗੁਰਸ਼ਰਨ ਭਾਅ ਜੀ ਨੇ ਉੱਥੇ ਨਾਟਕ ਖੇਡਣੇ ਸਨ| ਪੂਰਕ ਜੱਥੇ ਦੇ ਤੌਰ ’ਤੇ ਸਾਨੂੰ ਉਸ ਪ੍ਰੋਗਰਾਮ ਵਿਚ ਪਹੁੰਚਣ ਦਾ ਜੱਥੇਬੰਦੀ ਵੱਲੋਂ ਸੰਦੇਸ਼ ਸੀ| ਭਾਅ ਜੀ ਨੇ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਨਾਵਲ ਤੂਤਾਂ ਵਾਲਾ ਖੂਹ ਆਧਾਰਤ ਨਾਟਕ ਖੇਡਿਆ ਤਾਂ ਸਾਡੇ ਜੱਥੇ ਨੂੰ ਸਟੇਜ ਦਾ ਸੱਦਾ ਆਇਆ| ਉਸ ਵੇਲ਼ੇ ਤੱਕ ਮੰਦਰ ਰਾਹ ਵੀ ਲੱਕੜ ਦੀਆਂ ਠੂਲ੍ਹੀਆਂ ਜਿਹੀਆਂ ਵਿਚ ਸਾਡੇ ਨਾਲ ਘੁੰਗਰੂ ਛਣਕਾ ਕੇ ਤਾਲ ਨਾਲ ਤਾਲ ਮਿਲਾਉਣ ਲੱਗ ਪਿਆ| ਬੈਂਜੋ ਤੋਂ ਬਲੇਡ ਨੇ ਤਾਰਾਂ ਛੇੜੀਆਂ ਤੇ ਢਾਡੀਆਂ ਨੇ ਢੱਡਾਂ ਦੇ ਦਮ ਦੱਬਦਿਆਂ ਤਾਲ ਦਿੱਤਾ ਤਾਂ ਮੇਰੇ ਉੱਪਰ ਵੀ ਨਸ਼ਾ ਜਿਹਾ ਤਾਰੀ ਹੋ ਗਿਆ| ‘ਜੱਟਾ ਸੁੱਤੈਂ ਲੰਮੀਆਂ ਤਾਣ ਕੇ ਕਿਸੇ ਕਾਲ਼ੀ ਗਫ਼ਲਤ ਸੰਗ| ਉਇ ਕਈ ਕੱਕਰ ਸਿਆਲ਼ੇ ਸਿਰਾਂ ਤੋਂ ਗਏ ਚੁੱਪ-ਚੁਪੀਤੇ ਲੰਘ|’ ਮੁੰਡਿਆਂ ਨੇ ਖਿੱਚ ਕੇ ਪੂਰੀਆਂ ਉੱਚੀਆਂ ਤੇ ਸੁਰਬੱਧ ਧੁਨਾਂ ਵਿਚ ਇਹ ਗੀਤ ਗਾਇਆ ਤਾਂ ਪੰਡਾਲ ਵਿਚ ਇੱਕ ਤਰ੍ਹਾਂ ਦਾ ਸਨਾਟਾ ਹੀ ਛਾ ਗਿਆ| ਜਿਉਂ ਹੀ ਅਸੀਂ ਸਟੇਜ ਤੋਂ ਹੇਠਾਂ ਉੱਤਰੇ ਗੁਰਸ਼ਰਨ ਭਾਅ ਜੀ ਨੇ ਮੈਨੂੰ ਬੁੱਕਲ਼ ਵਿਚ ਲੈ ਲਿਆ-‘ਅਤਰਜੀਤ ਤੁਸੀਂ ਤੂਤਾਂ ਵਾਲੇ ਖੂਹ ਨਾਟਕ ਦਾ ਅਰਥ ਕਰ ਦਿੱਤਾ ਏ| ਭਾਵ ਸਮਝਾ ਦਿੱਤਾ ਈ ਦਰਸ਼ਕਾਂ ਨੂੰ|’ ਇਹ ਪਿਆਰ ਇਸ ਜੱਥੇਬੰਦਕ ਲਾਈਨ ਨੇ ਸਾਡੀ ਝੋਲੀ ਪਾਇਆ ਸੀ, ਜੇ ਮੈਂ ਚਾਰੂਵਾਦੀਆਂ ਦੇ ਖੇਮੇ ’ਚੋਂ ਇਨ੍ਹਾਂ ਆਗੂਆਂ ਨੇ ਬਾਹਰ ਨਾ ਕੱਢਿਆ ਹੁੰਦਾ ਤਾਂ ਕਿਸੇ ਖਾਲ਼ ਦੀ ਵੱਟ ’ਤੇ ਖੂਨ ਵਿਚ ਲੱਥ-ਪੱਥ ਪਏ ਹੋਣਾ ਸੀ| ਜਸਵੰਤ ਸਿੰਘ ਖਾਲੜਾ ਨੇ ਵੀ ਸਾਨੂੰ ਰੱਜਵਾਂ ਪਿਆਰ ਦਿੱਤਾ ਸੀ|
ਇਸ ਜੱਥੇਬੰਦੀ ਦੀ ਇਹ ਲਾਈਨ ਸੀ ਕਿ ਹੇਠਲੇ ਪੱਧਰ ਤੱਕ ਜਦ ਤੱਕ ਪ੍ਰਚਾਰ ਰਾਹੀਂ ਆਪਣੀ ਵਿਚਾਰਧਾਰਾ ਲੋਕ ਮਨਾਂ ਦਾ ਹਿੱਸਾ ਨਹੀਂ ਬਣਦੀ, ਹਥਿਆਰ ਚੁੱਕਣੇ ਗੈਰ ਵਿਗਿਆਨਕ ਹਨ| ਪੰਜਾਬ ਦੀਆਂ ਰਾਜਨੀਤਕ ਅਤੇ ਭੂਗੋਲਕ ਹਾਲਤਾਂ ਤਾਂ ਹਥਿਆਰਬੰਦ ਘੋਲ ਲਈ ਉੱਕਾ ਹੀ ਸਾਜ਼ਗਾਰ ਨਹੀਂ ਸਨ| ਸੋਹੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਗਰੁੱਪ ਹਰ ਗੱਲ ਤੋਲ-ਮਿਣ ਕੇ ਕਰਦਾ ਸੀ| ਇਸ ਵਿਚ ਕੋਈ ਸ਼ੱਕ ਨਹੀਂ, ਹਰਭਜਨ ਸੋਹੀ ਨੂੰ ਮਾਰਕਸੀ-ਲੈਨਿਨੀ ਦਰਸ਼ਨ ਦੀ ਜਿੱਥੇ ਜ਼ਿਆਦਾ ਪਕੜ ਸੀ, ਉੱਥੇ ਲਾਗੂ ਕਰ ਕੇ ਸਿੱਟੇ ਕੱਢਣ ਦੀ ਵੀ ਅਥਾਹ ਯੋਗਤਾ ਸੀ| ਹਰ ਪਹਿਲੂ ਵਿਚ ਵਿਗਿਆਨਕ ਸ਼ਬਦ ਦੀ ਵਰਤੋਂ ਹੋਣ ਕਰਕੇ ਹਥਿਆਰਬੰਦ ਲਾਈਨ ਦੇ ਸਮਰਥਕ ਵਿਅੰਗ ਨਾਲ ਇਸ ਲਾਈਨ ਨੂੰ ਵਿਗਿਆਨਕਾਂ ਦਾ ਗੁੱਟ ਕਹਿੰਦੇ| ਇਹ ਵਿਗਿਆਨਕਾਂ ਦੀ ਯੋਗਤਾ ਦਾ ਫਲ਼ ਸੀ ਕਿ ਗੌਰਮਿੰਟ ਟੀਚਰਜ਼ ਯੂਨੀਅਨ ਵਿਚ ਸਾਇੰਸ ਮਾਸਟਰ ਯਸ਼ ਦੁਆਰਾ ਯੋਗ ਅਗਵਾਈ ਦਿੱਤੀ ਜਾ ਰਹੀ ਸੀ| ਮਾਸਟਰ ਗੁਰਦਿਆਲ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਿਚ ਸਰਗਰਮ ਸੀ| ਵਿਦਿਆਰਥੀ ਯੂਨੀਅਨ ਵਿਚ ਪ੍ਰਿਥੀਪਾਲ ਰੰਧਾਵਾ ਦਾ ਨਾਂ ਧਰੂ ਤਾਰੇ ਵਾਂਗ ਚਮਕ ਰਿਹਾ ਸੀ| ਉਨ੍ਹੀਂਂ ਦਿਨੀਂ ਪੰਜਾਬੀ ਯੂਨੀਵਰਸਿਟੀ ਵਿਚ ਦਰਸ਼ਨ ਜੈਕ, ਬਿੱਟੂ ਸਰਗਰਮ ਸਨ| ਕੋਟਕਪੂਰਾ ਪਾਸਿਓਂ ਨਰਿੰਦਰ ਚਾਹਲ ਦਾ ਨਾਂ ਬੋਲਦਾ ਸੀ| ਮੇਰੇ ਲਈ ਇਹ ਸਾਰੇ ਹੀ ਪ੍ਰੇਰਨਾ ਸਰੋਤ ਸਨ| ਮੈਂ ਅਕਸਰ ਹੀ ਇਨ੍ਹਾਂ ਨੂੰ ਮਿਲ਼ਣ ਚਲਾ ਜਾਂਦਾ ਸਾਂ|
ਜਨਤਕ ਲੀਹ ਆਪਣਾ ਰੰਗ ਵਿਖਾ ਰਹੀ ਸੀ| ਦਿਨ-ਬਦਿਨ ਨਵਾਂ ਕਾਡਰ ਇਸ ਦਿਸ਼ਾ ਵੱਲ ਖਿੱਚਿਆ ਆ ਰਿਹਾ ਸੀ| ਮੋਗਾ ਰੈਲੀ ਕਰਕੇ ਲੋਕਾਂ ਅਤੇ ਨੌਜੁਆਨਾਂ ਨੂੰ ਵੱਡਾ ਸੁਨੇਹਾ ਦਿੱਤਾ ਜਾ ਚੁੱਕਾ ਸੀ| ਮੋਗਾ ਰੈਲੀ ਨੂੰ ਨਵ-ਸੋਧਵਾਦ ਦਾ ਨਾਂ ਦੇ ਕੇ ਇਨਕਲਾਬੀ ਧਿਰ ਨੇ ਵਿਰੋਧ ਕਰਨ ਲਈ ਰਾਤੋ-ਰਾਤ ਸਾਰੇ ਪੰਜਾਬ ਵਿਚ ਲੋਕ-ਯੁੱਧ ਦੀ ਧਾਰ ਨੂੰ ਤਿੱਖਾ ਕਰਨ ਲਈ ਇਸ਼ਤਿਹਾਰ ਲਾਇਆ| ਨਾਥੀ ਜ਼ੈਲਦਾਰ ਥੱਬਾ ਇਸ਼ਿਤਿਹਾਰਾਂ ਲੈ ਕੇ ਮੇਰੇ ਕੋਲ਼ ਭੁੱਚੋ ਕਲਾਂ ਆਇਆ| ਮੈਂ ਉਸ ਨੂੰ ਜਵਾਬ ਨਾ ਦੇ ਸਕਿਆ, ਆਟੇ ਦੀ ਲੇਵੀ ਬਣਾ ਕੇ ਨਾਲ ਤੁਰ ਪਿਆ| ਅਸੀਂ ਭਗਤੇ ਤੋਂ ਲੈ ਕੇ ਰਾਮਪੁਰਾ ਫੂਲ ਤੱਕ ਸਭ ਪਿੰਡਾਂ ਦੇ ਬੱਸ ਅੱਡਿਆਂ ਉੱਪਰ ਇਸ਼ਤਿਹਾਰ ਲਾ ਦਿੱਤੇ ਸਨ| ਸੀ.ਪੀ.ਆਈ., ਸੀ.ਪੀ.ਐਮ. ਜੋ ਖੁੱਲ੍ਹੀਆਂ ਗਤੀਵਿਧੀਆਂ ਕਰਦੀਆਂ ਹੋਣ ਕਰਕੇ ਆਪਣੇ ਇਸ਼ਤਿਹਾਰਾਂ ਉੱਪਰ ਪ੍ਰਕਾਸ਼ਕ ਅਤੇ ਪ੍ਰੈੱਸ ਦਾ ਨਾਂ ਪ੍ਰਕਾਸ਼ਤ ਕਰ ਲਿਆ ਕਰਦੀਆਂ ਸਨ| ਇਨ੍ਹਾਂ ਕ੍ਰਾਂਤਕਾਰੀ ਸਾਥੀਆਂ ਨੇ ਵੀ ਦਾਅ-ਪੇਚ ਦਾ ਖ਼ਿਆਲ ਨਾ ਰੱਖਦਿਆਂ ਪ੍ਰਕਾਸ਼ਕ ਅਤੇ ਪ੍ਰੈੱਸ ਦਾ ਨਾਂ ਛਾਪਣ ਵਰਗੀ ਬੇਸਮਝੀ ਕਾਰਨ ਸਮੁੱਚੀ ਲੀਡਰਸ਼ਿੱਪ ਤੇ ਕਾਡਰ ਲਈ ਬਿਪਤਾ ਖੜ੍ਹੀ ਕਰ ਦਿੱਤੀ| ਇਹ ਠੀਕ ਹੈ ਕਿ ਕੋਈ ਵੀ ਪ੍ਰੈੱਸ ਕਾਨੂੰਨੀ ਤੌਰ ’ਤੇ ਪ੍ਰਕਾਸ਼ਕ ਅਤੇ ਆਪਣੀ ਪ੍ਰੈੱਸ ਦਾ ਨਾਂ ਛਾਪੇ ਬਗੈਰ ਕੋਈ ਇਸ਼ਤਿਹਾਰ ਆਦਿ ਨਹੀਂ ਛਾਪਦੀ| ਪਰ ਕਾਮਰੇਡ ਇਸ਼ਤਿਹਾਰ ਲਾਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਉਹ ਸਤਰ ਮਿਟਾ ਸਕਦੇ ਸਨ, ਜੋ ਕਾਹਲ਼ੀ ਵਿਚ ਉਨ੍ਹਾਂ ਨੇ ਨਾ ਮਿਟਾਈ| ਇਸ ਦਾ ਸਿੱਟਾ ਇਹ ਨਿੱਕਲਿਆ ਕਿ ਪੁਲਸ ਦੇ ਹੱਥ ਸਾਰੇ ਸਰੋਤ ਆ ਗਏ| ਧੜਾ-ਧੜ ਗ੍ਰਿਫ਼ਤਾਰੀਆਂ ਦਾ ਦੌਰ ਚੱਲ ਪਿਆ| ਬਹੁਤ ਸਾਰਾ ਕਾਡਰ ਨੰਗਾ ਹੋ ਗਿਆ| ਕਿਸੇ ਤਰ੍ਹਾਂ ਮੈਂ ਤੇ ਨਾਥੀ ਆਪਣਾ ਬਚਾ ਕਰ ਗਏ| ਅਸੀਂ ਕਿਸੇ ਕੋਲ ਭਾਫ਼ ਵੀ ਨਾ ਕੱਢੀ ਕਿ ਇਸ ਮਹਾਨ ਕਾਰਜ ਵਿਚ ਸਾਡਾ ਵੀ ਕੋਈ ਯੌਗਦਾਨ ਸੀ| ਅਜਿਹੀ ਗਲਤੀ ‘ਤੋਂ ਵੀ ਸਬਕ ਸਿੱਖਣ ਦੀ ਥਾਂ ਉਹ ਧਿਰ ਜਨਤਕ ਲਾਈਨ ਪ੍ਰਤੀ ਦੁਸ਼ਮਣਾਨਾ ਰਵਈਆ ਛੱਡ ਨਹੀਂ ਸੀ ਰਹੀ| ਦੋਸ਼ ਤੇ ਦੋਸ਼ ਤੇ ਤੂਹਮਤਾਂ ਤੱਕ ਅੱਪੜ ਜਾਂਦੇ ਸਨ, ਹਥਿਆਰਬੰਦ ਘੋਲ਼ਾਂ ਦੇ ਸਮਰਥਕ| ਇਸ ਤੋਂ ਉਲ਼ਟ ਇਹ ਧਿਰ ਗਰਮ ਲਾਈਨ ਵਿਚ ਜੁਟੇ ਨੌਜੁਆਨਾਂ ਨੂੰ ਇਮਾਨਦਾਰ ਅਤੇ ਕਾਜ਼ ਪ੍ਰਤੀ ਸੁਹਿਰਦ, ਕੁਰਬਾਨੀ ਦੇ ਪੁਤਲੇ ਅਤੇ ਪ੍ਰਤੀਬੱਧ ਮੰਨਦੀ ਸੀ| ਉਨ੍ਹਾਂ ਦੀ ਕੁਰਬਾਨੀ ਦੀ ਭਾਵਨਾ ਨੂੰ ਪ੍ਰਵਾਨ ਕਰਦਿਆਂ, ਇਹ ਵਿਚਾਰ ਪੇਸ਼ ਕੀਤਾ ਜਾਂਦਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਸੱਚੀਆਂ-ਸੁੱਚੀਆਂ ਹਨ ਪਰ ਰਾਹ ਗ਼ਲਤ ਚੁਣਿਆ ਗਿਆ ਹੈ| ਲਾਈਨ ਇਸ ਵਿਚ ਨੁਕਸ ਕੱਢਦੀ ਸੀ, ਜਦੋਂ ਕਿ ਦੂਜੀ ਧਿਰ ਇਨ੍ਹਾਂ ਉੱਪਰ ਵਿਅਕਤੀਗਤ ਚਿੱਕੜ ਉਛਾਲ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਸੀ ਕਰਦੀ| ਸੋਹੀ ਵਾਲ਼ੀ ਲਾਈਨ ਆਪਣੀ ਧੁਨ ਦੀ ਪੱਕੀ ਹਰ ਦੋਸ਼ ਨੂੰ ਮੁਸਕਰਾ ਕੇ ਦਰ-ਕਿਨਾਰ ਕਰ ਜਾਂਦੀ ਸੀ| ਜਿਵੇਂ ਜਿਵੇਂ ਨੌਜੁਆਨ, ਖ਼ਾਸ ਕਰਕੇ ਪੜ੍ਹੇ-ਲਿਖੇ ਕਾਲਜਾਂ ਯੂਨੀਵਰਸਿਟੀਆਂ ਦੇ ਮੁੰਡੇ-ਕੁੜੀਆਂ ਇਸ ਲਹਿਰ ਵੱਲ ਉਮ੍ਹਲ਼ ਪਏ ਸਨ, ਜਿਸ ਨਾਲ ਨਾਗ਼ੀ ਰੈਡੀ ਵਜੋਂ ਜਾਣੀ ਜਾਂਦੀ ਲਹਿਰ ਦਿਨ-ਪ੍ਰਤੀ ਦਿਨ ਬਲਵਾਨ ਹੋਣ ਲੱਗੀ| ਮੈਂ ਹਰਭਜਨ ਸੋਹੀ ਦਾ ਕੋਈ ਲੈਕਚਰ ਨਹੀਂ ਸੀ ਸੁਣਿਆ ਤੇ ਨਾ ਮੈਨੂੰ ਗਰੁੱਪ ਵਿਚ ਹੁੰਦੀ ਕਿਸੇ ਵਿਚਾਰ ਚਰਚਾ ਦਾ ਸਾਰ ਪਤਾ ਸੀ, ਪਰ ਮੈਂ ਅਮਲ ਵਿਚੋਂ ਦੇਖ ਰਿਹਾ ਸਾਂ ਕਿ ਹਰ ਕਦਮ ਸੰਭਲ ਕੇ ਪੁੱਟਿਆ ਜਾਂਦਾ ਸੀ, ਸੋਚ ਵਿਚਾਰ ਕੇ| ਮੈਂ ਇਸ ਗੱਲੋਂ ਹੈਰਾਨ ਹੁੰਦਾ ਕਿ ਇਹ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਹਨ, ਜੋ ਕਿਸੇ ਵੀ ਦੋਸ਼ ਦਾ ਜਵਾਬ ਤੱਕ ਨਹੀਂ ਦਿੰਦੇ| ਇਹ ਲੋਕ ਇਸ ਧਾਰਨਾ ’ਤੇ ਚੱਲਦੇ ਸਨ, ਕਿ ਇਹ ਆਮ ਰਵੱਈਆ ਹੈ ਕਿ ਤੁਸੀਂ ਕਿਸੇ ਦੇ ਵਿਰੁੱਧ ਭੜਾਸ ਕੱਢੋ| ਅਗਲੇ ਜਵਾਬ ਦੇਣਗੇ ਤਾਂ ਤੁਹਾਡੀ ਵੀ ਨਾਲ ਚਰਚਾ ਹੋਵੇਗੀ| ਤੁਸੀਂ ਆਪਣਾ ਨਾਂ ਦੂਜਿਆਂ ਦੇ ਮੋਢਿਆਂ ’ਤੇ ਚੜ੍ਹ ਕੇ ਮੁਫ਼ਤ ਵਿਚ ਚਮਕਾ ਲਉਗੇ|
