ਅਫ਼ਗਾਨਿਸਤਾਨ ਵਿਚ ਭੂਚਾਲ ਨਾਲ 800 ਮੌਤਾਂ

ਕਾਬਲ: ਅਫ਼ਗਾਨਿਸਤਾਨ ਵਿੱਚ ਐਤਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ 6 ਮਾਪੀ ਗਈ ਹੈ ਅਤੇ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 800 ਹੋ ਗਈ ਹੈ ਅਤੇ 2,500 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੌਤਾਂ ਕੁਨਾਰ ਸੂਬੇ ਵਿੱਚ ਹੋਈਆਂ ਹਨ।

ਅਫ਼ਗਾਨਿਸਤਾਨ ਵਿੱਚ ਇਮਾਰਤਾਂ ਆਮ ਤੌਰ ‘ਤੇ ਨੀਵੀ ਬਣਤਰ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਪੇਂਡੂ ਅਤੇ ਬਾਹਰੀ ਇਲਾਕਿਆਂ ਵਿੱਚ ਘਰ ਕੱਚੀਆਂ ਇੱਟਾਂ ਅਤੇ ਲੱਕੜ ਦੇ ਬਣੇ ਹੁੰਦੇ ਹਨ। ਬਹੁਤ ਸਾਰੇ ਘਰਾਂ ਦੀ ਉਸਾਰੀ ਮਾੜੀ ਹੁੰਦੀ ਹੈ। ਕੁਨਾਰ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਨੂਰਗਲ ਜ਼ਿਲ੍ਹੇ ਦੇ ਇੱਕ ਨਿਵਾਸੀ ਨੇ ਕਿਹਾ ਕਿ ਲਗਪਗ ਪੂਰਾ ਪਿੰਡ ਤਬਾਹ ਹੋ ਗਿਆ ਹੈ, ‘‘ਬੱਚੇ ਮਲਬੇ ਹੇਠ ਹਨ। ਬਜ਼ੁਰਗ ਮਲਬੇ ਹੇਠ ਹਨ। ਨੌਜਵਾਨ ਮਲਬੇ ਹੇਠ ਹਨ।“
ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਕੁਨਾਰ, ਨੰਗਰਹਾਰ ਅਤੇ ਰਾਜਧਾਨੀ ਕਾਬੁਲ ਤੋਂ ਮੈਡੀਕਲ ਟੀਮਾਂ ਇਲਾਕੇ ਵਿੱਚ ਪਹੁੰਚ ਗਈਆਂ ਹਨ। ਜ਼ਮਾਨ ਨੇ ਕਿਹਾ ਕਿ ਬਹੁਤ ਸਾਰੇ ਖੇਤਰਾਂ ਵਿੱਚ ਮੌਤਾਂ ਦੇ ਅੰਕੜੇ ਅਜੇ ਨਹੀਂ ਆ ਸਕੇ।