ਪੰਜਾਬ ਦੇ ਅਦੀਬਾਂ ਲਈ ਇਬਾਦਤਯੋਗ ਥਾਂ-ਪ੍ਰੀਤਨਗਰ

ਜਤਿੰਦਰ ਸਿੰਘ ਔਲ਼ਖ
ਫੋਨ: 91-98155-34653
ਜਦੋਂ ਵੀ ਦੂਰ-ਦਰਾਜ ਦੇ ਕਿਸੇ ਲੇਖਕ ਜਾਂ ਪਾਠਕ ਦਾ ਫੋਨ ਆਉਂਦਾ ਹੈ ਤਾਂ ਬਹੁਤ ਲੋਕਾਂ ਦੀ ਜਿਗਿਆਸਾ ਪ੍ਰੀਤਨਗਰ ਬਾਰੇ ਜਾਨਣ ਦੀ ਹੁੰਦੀ ਹੈ। ਲੇਖਕਾਂ-ਪਾਠਕਾਂ ਅਤੇ ਪੰਜਾਬੀ ਪਿਆਰਿਆਂ ਦਾ ਪ੍ਰੀਤਨਗਰ ਨਾਲ ਮੋਹ ਏਨਾ ਹੈ ਕਿ ਉਨ੍ਹਾਂ ਲਈ ਪ੍ਰੀਤਨਗਰ ਜਾਣਾ ਹੱਜ ਕਰਨ ਵਾਂਗ ਹੁੰਦਾ ਹੈ। ਪ੍ਰੀਤਨਗਰ ਪ੍ਰਤੀ ਲੋਕਾਂ ਦੀ ਖਿੱਚ ਵੇਖ ਕੇ ਹਾਸ਼ਮ ਸ਼ਾਹ ਦਾ ਸ਼ਿਅਰ ਯਾਦ ਆ ਗਿਆ, ਹਾਸ਼ਿਮ ਯਾਰ ਮਿਲੇ ਤੁਧ ਆਖਾਂ, ਅਸਾਂ ਖੂਬ ਡਿੱਠਾ ਸੁਖ ਤੇਰਾ।
ਤੇ ਪ੍ਰੀਤਨਗਰ ਦੀਆਂ ਰਹਿਮਤਾਂ ਦਾ ਸੁੱਖ ਬਹੁਤ ਸਾਰੇ ਅਦੀਬਾਂ, ਕਲਾਕਾਰਾਂ, ਫਿਲਾਸਫਰਾਂ ਨੇ ਮਾਣਿਆ ਹੈ। ਇਹ ਅੱਜ ਵੀ ਪੰਜਾਬ ਦੀ ਧਰਤੀ ‘ਤੇ ਅਮਨ ਦਾ ਹੋਕਾ ਦੇਣ ਵਾਲਿਆਂ ਦੀ ਇਬਾਦਤਗਾਹ ਹੈ ਤਾਂ ਹੈ ਹੀ ਨਾਲ ਹੀ ਇਹ ਕਦੀ ਸਾਵੀਂ-ਪੱਧਰੀ ਜ਼ਿੰਦਗੀ ਸਿਰਜਣ ਦੇ ਚਾਹਵਾਨਾਂ ਦਾ ਗੜ੍ਹ ਵੀ ਰਿਹਾ। ਪ੍ਰੀਤਨਗਰ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਨਵਾਂ ਸੰਸਾਰ ਸਿਰਜਣ ਦਾ ਸੁਪਨਾ ਸੀ ਜਿਸ ਵਿਚ ਸਭ ਪਾਸੇ ਸਮਾਨਤਾ ਦਾ ਪਸਾਰਾ ਹੋਵੇ। ਊਚ-ਨੀਚ, ਡਰ-ਭਉ, ਦਵੈਖ-ਈਰਖਾ ਦਾ ਨਾਮ ਨਿਸ਼ਾਨ ਨਾ ਹੋਵੇ। ਜਿਵੇਂ ਭਗਤ ਬਾਣੀ ਵਿਚ ਆਉਂਦਾ ਹੈ, ‘ਬੇਗਮਪੁਰਾ ਸਹਿਰ ਕਾ ਨਾਉ’ ਅਤੇ ‘ਕਹਿ ਕਬੀਰ ਸੁਖਿ ਸਹਜਿ ਸਮਾਵਉ॥ ਆਪ ਨ ਡਰੋ ਅਵਰ ਨਾ ਡਰਾਉ॥’ ਵਰਗੇ ਸੰਕਲਪ ਮਿਲਦੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅਜਿਹੇ ਸੰਕਲਪਾਂ ਦੀ ਪੂਰਤੀ ਦਾ ਖੁਆਬ ਵੇਖਿਆ। ਅਤੇ ਇਸ ਖੁਆਬ ਨੂੰ ਹਕੀਕਤ ਵਿਚ ਬਦਲਣ ਲਈ ਅਦਭੁੱਤ ਤਰੀਕੇ ਅਤੇ ਕਮਾਲ ਦੇ ਯਕੀਨ ਨਾਲ ਮੈਦਾਨ ਵਿਚ ਨਿੱਤਰੇ।
ਸ਼ ਪ੍ਰੀਤਲੜੀ ਨੇ 374 ਘੁਮਾ ਜਮੀਨ, ਜੋ ਕੱਲਰ ਸੀ ਇਕ ਪੈਸਾ ਗਜ ਦੇ ਹਿਸਾਬ ਨਾਲ ਖਰੀਦੀ। ਉਸ ਵੇਲੇ ਉਹ ਅਮਰੀਕਾ ਤੋਂ ਇੰਜੀਨੀਅਰ ਦੀ ਪੜਾਈ ਕਰਕੇ ਮੁੜੇ ਸਨ। ਇਸ ਜ਼ਮੀਨ ਦਾ ਸੌਦਾ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਕਰਵਾਇਆ ਸੀ। ਇਹ ਜਮੀਨ ਪਿੰਡ ਲੋਪੋਕੇ (ਜਿਲ੍ਹਾ ਲਾਹੌਰ) ਅਜ-ਕਲ੍ਹ ਜਿਲ੍ਹਾ ਅੰਮ੍ਰਿਤਸਰ ਵਿਚ ਪੈਂਦੀ ਹੈ। 7 ਜੂਨ 1938 ਨੂੰ ਪ੍ਰੀਤਨਗਰ ਦੀ ਸਥਾਪਨਾ ਹੋਈ। ਜ਼ਮੀਨ ਵਿਚ ਜਹਾਂਗੀਰ ਵੇਲੇ ਦਾ ਤਲਾਬ ਮੌਜੂਦ ਸੀ। ਇੱਥੇ ਖੂਹ, ਬਾਗ ਬੁਰਜ ਵੀ ਮੌਜੂਦ ਸੀ। ਪ੍ਰੀਤਲੜੀ ਸਮਾਧ ਬਾਬਾ ਫੂਲਾ ਸਿੰਘ ਤੋਂ 1934 ਵਿਚ ਜਾਰੀ ਕੀਤੀ ਗਈ। ਜਹਾਂਗੀਰ ਦੀ ਬੇਗਮ ਨੂਰਜਹਾਂ ਦੀ ਅਰਾਮਗਾਹ ਨੂੰ ਪ੍ਰੈਸ ਵਿਚ ਬਦਲ ਦਿੱਤਾ ਗਿਆ। ਪ੍ਰੀਤਲੜੀ ਦੇ ਪਹਿਲੇ ਸਫੇ ‘ਤੇ ਅੰਕਿਤ ਹੁੰਦਾ ਸੀ,
ਕਿਸੇ ਦਿਲ ਸਾਂਝੇ ਦੀ ਧੜਕਣ
ਕਿਸੇ ਪ੍ਰੀਤ ਗੀਤ ਦੀ ਲੈਅ।
ਪਤੇ ਪ੍ਰੀਤ ਲੜੀ ਦੇ ਦੱਸਣ
ਜਿਸ ਵਿਚ ਪਰੋਤੀ ਸਭੇ ਸ਼ੈਅ।
ਪ੍ਰੀਤਨਗਰ ਦੀ ਰੂਪ ਰੇਖਾ ਪ੍ਰੀਤਲੜੀ ਵਿਚ ਛਪੀ ਤਾਂ ਵੱਖ-ਵੱਖ ਵਰਗਾਂ ਦੇ ਲੋਕ ਪਲਾਟ ਕਟਾਉਣ ਲਈ ਧੜਾਧੜ ਰਕਮਾਂ ਭੇਜਣ ਲੱਗੇ। ‘ਸੰਸਾਰ ਪ੍ਰੀਤ ਮੰਡਲ’ ਅਤੇ ‘ਪ੍ਰੀਤ ਸੈਨਾ’ ਹੋਂਦ ਵਿਚ ਆ ਗਈ। ਪ੍ਰੀਤਨਗਰ ਦੀ ਦਿੱਖ ਨੂੰ ਹੋਰ ਨਿਖਾਰਨ ਅਤੇ ਇਸ ਦੇ ਮਿਥੇ ਨਿਸ਼ਾਨੇ ਨੂੰ ਲੋਕਾਂ ਵਿਚ ਪ੍ਰਸਾਰਣ ਲਈ ਪ੍ਰੀਤ ਸੈਨਕਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਪ੍ਰੀਤ ਸੈਨਕਾਂ ਵਿਚ ਪ੍ਰਮੁੱਖ ਨਾਨਕ ਸਿੰਘ ਨਾਵਲਿਸਟ, ਪਿਆਰਾ ਸਿੰਘ ਸਹਿਰਾਈ, ਨਗਿੰਦਰ ਸਿੰਘ, ਇੰਦਰ ਸਿੰਘ ਚੱਕਰਵਤੀ, ਕਰਤਾਰ ਸਿੰਘ ਸੱਚਦੇਵ, ਪ੍ਰੀਤਮ ਸਿੰਘ ਚਾਹਲ ਆਦਿ ਪ੍ਰਮੁੱਖ ਸਨ।
ਦੇਸ਼-ਕੌਮ, ਮਜਹਬ, ਜਾਤ, ਰੰਗ, ਨਸਲ, ਆਦਿ ਤੁਅਸਬਾਂ ਤੋਂ ਹਟ ਕੇ ਮਨੁੱਖ ਜਾਤੀ ਨੂੰ ਇਨਸਾਨੀਅਤ ਦੇ ਧਰਮ ਵਿਚ ਪਰੋਣਾ 1937 ਦੇ ਪ੍ਰੀਤਲੜੀ ਦਾ ਮਨੋਰਥ ਦੱਸਿਆ ਗਿਆ। ਮਨੁੱਖ ਜਾਤੀ ਦੀ ਸੇਵਾ, ਜ਼ਿੰਦਗੀ ਦਾ ਮਿਆਰ ਉਚਾ ਬਣਾਉਣਾ, ਕੁਦਰਤੀ ਢੰਗ-ਤਰੀਕਿਆਂ ਨਾਲ ਆਪਸੀ ਭਾਈਚਾਰਾ ਪੈਦਾ ਕਰਨਾ, ਸੰਸਾਰ ਅਤੇ ਬ੍ਰਹਿਮੰਡ ਦੇ ਸੁਹੱਪਣ ਨੂੰ ਵਧਾਉਣਾ ਸ਼੍ਰੋਮਣੀ ਮਜਹਬ ਦੱਸਿਆ ਗਿਆ।
ਪ੍ਰੀਤਨਗਰ ਦੀਆਂ ਰੌਣਕਾਂ ਵਧਣ ਲੱਗੀਆਂ। ਇਨਸਾਨੀਅਤ ਧਰਮ ਸਿਰਜਣ ਦੇ ਚਾਹਵਾਨਾਂ ਅਤੇ ਅਮਨ ਦੇ ਪੈਰੋਕਾਰਾਂ ਨੂੰ ਇਕ ਫਰੰਟ ਮਿਲ ਗਿਆ। ਪ੍ਰੀਤਨਗਰ ਬਾਰੇ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਹੈ,
ਪ੍ਰੀਤਨਗਰ ਦੀਆਂ ਖੁੱਲੀਆਂ ਥਾਂਵਾਂ
ਰੁਮਕ-ਰੁਮਕ ਕੇ ਵਗਣ ਹਵਾਵਾਂ
ਅੱਜ ਇੱਥੇ ਹੈ ਕੋਈ ਅਰਸ਼ੀ
ਆਸ ਪਲਮਦੀ ਆਈ।
ਪਿਆਰੇ-ਪਿਆਰੇ ਵਾਸੀ ਇਸ ਦੇ
ਸੋਹਣੇ-ਸੋਹਣੇ ਦਿਲ ਜਿਨ੍ਹਾਂ ਦੇ,
ਨਾ ਕੋਈ ਵੈਰੀ ਨਾਹੀ ਬਿਗਾਨਾ,
ਸਗਲ ਸੰਗ ਬਣ ਆਈ।
ਚੰਨ ਚਾਨਣੀ ਹੇਠ ਤਲਾ ਦੇ,
ਬਹਿ ਗਿਆ ਪ੍ਰੀਤ ਕਾਫਲਾ ਆ ਕੇ
ਟੱਲੀਆਂ ਦੀ ਟੁਣਕਾਰ ਏ ਦੱਸਦੀ
ਦੂਰ ਮੰਜ਼ਿਲ ਦੇ ਰਾਹੀ।
1940 ਵਿਚ ਪ੍ਰੀਤਨਗਰ ਵਿਚ ਇੱਕ ਐਕਟੀਵਿਟੀ ਸਕੂਲ ਖੋਲ੍ਹਿਆ ਗਿਆ। ਜਿਸ ਦੇ ਪਹਿਲੇ ਪ੍ਰਿੰਸੀਪਲ ਸ਼ ਜਗਦੀਸ਼ ਸਿੰਘ ਸਨ। 1940 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਇਹ ਸਭ ਕੁਝ ਖੁਦ ਵੇਖਣ ਆਏ ਅਤੇ ਇਸ ਸਭ ਕੁਝ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰੀਤ ਮਿਲਣੀਆਂ ਵਿਚ ਡਰਾਮੇ ਖੇਡੇ ਜਾਂਦੇ, ਗੀਤ ਗਾਏ ਜਾਂਦੇ। ਬਲਵੰਤ ਗਾਰਗੀ ਦਾ ਨਾਟਕ ‘ਲੋਹਾ ਕੁੱਟ’ ਇੱਥੇ ਖੇਡਿਆ ਗਿਆ। ਸ਼ੀਲਾ ਭਾਟੀਆ ਦਾ ਕਾਵਿ ਨਾਟਕ ਹੁੱਲੇ-ਹੁਲਾਰੇ ਕਈ ਵਾਰ ਖੇਡਿਆ ਗਿਆ। ਇਸ ਦੀਆਂ ਕਲਾਕਾਰ ਕੁੜੀਆਂ ਉਮਾ, ਸ਼ਕੁੰਤਲਾ, ਪ੍ਰਤਿਮਾ, ਉਰਮਿਲਾ (ਅੱਜ ਕਲ੍ਹ ਉਰਮਿਲਾ ਅਨੰਦ), ਸ਼ੀਲਾ ਗ੍ਰਿਫਤਾਰ ਹੋਈਆਂ। ਤੇਰਾ ਸਿੰਘ ਚੰਨ ਦੇ ਉਪੇਰੇ, ਅਮਰਜੀਤ ਗੁਰਦਾਸਪੁਰੀ ਦੀ ਬੁਲੰਦ ਅਤੇ ਸੁਰਿੰਦਰ ਕੌਰ ਦੀ ਮਧੁਰ ਅਵਾਜ ਪ੍ਰੀਤਨਗਰ ਦੇ ਸਨੇਹੀਆਂ ਨੂੰ ਕੀਲ ਲੈਂਦੀ। ਧਾਰਮਿਕ ਲਿਖਾਰੀ ਤੇਜਾ ਸਿੰਘ ਕੋਹਲੀ ਦੀ ਨੂੰਹ ਅਤੇ ਗੋਪਾਲ ਸਿੰਘ ਦੀ ਪਤਨੀ ਤੇਜ ਕੌਰ ਕੋਹਲੀ ਵੱਲੋਂ ਡਰਾਮਿਆਂ ਵਿਚ ਨਿਭਾਏ ਰੋਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਸ਼ ਗੁਰਬਖਸ਼ ਸਿੰਘ ਦੀ ਲੇਖਣੀ ਅਤੇ ਪ੍ਰੀਤਨਗਰ ਦੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਆ ਵੱਸੇ ਲੇਖਕਾਂ ਵਿਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਅਦੀਬਾਂ ਵਿਚ ਬਲਵੰਤ ਗਾਰਗੀ, ਮੁਲਕ ਰਾਜ ਅਨੰਦ, ਬਲਰਾਜ ਸਾਹਨੀ, ਨਾਨਕ ਸਿੰਘ, ਉਪੇਂਦਰ ਨਾਥ ਅਸ਼ਕ, ਸੁਖਬੀਰ, ਚਿਤਰਕਾਰ ਸੋਭਾ ਸਿੰਘ, ਫਿਲਮੀ ਕਲਾਕਾਰ ਅਚਲਾ ਸੱਚਦੇਵਾ, ਅੰਮ੍ਰਿਤਾ ਪ੍ਰੀਤਮ, ਅਮਰਜੀਤ ਚੰਦਨ, ਪ੍ਰਮਿੰਦਰਜੀਤ (ਸੰਪਾਦਕ ‘ਅੱਖਰ’ ਮਾਸਿਕ), ਅਤੇ ਮੁਖਤਾਰ ਗਿੱਲ ਸ਼ਾਮਿਲ ਹਨ। ਹੁਣ ਕੇਵਲ ਕਹਾਣੀਕਾਰ ਮੁਖਤਾਰ ਗਿੱਲ ਹੀ ਇੱਥੇ ਰਹਿੰਦੇ।
ਸਾਹਿਰ ਲੁਧਿਆਣਵੀ ਵੀ ਕੁਝ ਸਮਾਂ ‘ਪ੍ਰੀਤਲੜੀ’ ਉਰਦੂ ਦੇ ਸੰਪਾਦਕ ਬਣ ਕੇ ਇੱਥੇ ਰਹੇ। ਪ੍ਰਸਿੱਧ ਸ਼ਾਇਰ ਪ੍ਰਮਿਦਰਜੀਤ ਤੇ ਮੁਖਤਾਰ ਗਿੱਲ ਨੇ 1975 ਵਿਚ ਇੱਥੋਂ ‘ਲੋਅ’ ਮੈਗਜ਼ੀਨ ਜਾਰੀ ਕੀਤਾ। ਜਿਸ ਦਾ ਨਾਮ ਬਦਲ ਕੇ ਬਾਅਦ ਵਿਚ ‘ਅੱਖਰ’ ਕਰ ਦਿੱਤਾ ਗਿਆ।
1947 ਦੀ ਫਿਰਕੂ ਹਨੇਰੀ ਵੇਲੇ ਇੱਥੇ ਲਾਇਬ੍ਰੇਰੀ ਸਾੜ ਦਿੱਤੀ ਗਈ ਤੇ ਕਈ ਅਦੀਬ ਇੱਥੋਂ ਹੋਰ ਥਾਂਵਾਂ ਵੱਲ ਕੂਚ ਕਰ ਗਏ। ਕਈ ਦੁਬਾਰਾ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕੋਸ਼ਿਸ਼ਾਂ ਸਦਕਾ ਵਾਪਸ ਆ ਗਏ। ਅਦੀਬਾਂ ਦੇ ਕਈ ਘਰ ਉੇਸੇ ਰੂਪ ਵਿਚ ਸੰਭਾਲੇ ਪਏ ਹਨ। ਤੇ ਕੁਝ ਖਤਮ ਹੋ ਚੁੱਕੇ ਹਨ। ਪ੍ਰੀਤਨਗਰ ਦਾ ਪਤਨ 1947 ਦੀ ਫਿਰਕੂ ਹਨੇਰੀ ਵੇਲੇ ਹੋਇਆ ਪਰ 1970 ਵੇਲੇ ਪ੍ਰੀਤਨਗਰ ਅਤੇ ਪ੍ਰੀਤ ਲਹਿਰ ਨੂੰ ਉਦੋਂ ਬਹੁਤ ਸੱਟ ਵੱਜੀ ਜਦੋਂ ਇਲਾਕੇ ‘ਚ ਨਕਸਲਬਾੜੀ ਲਹਿਰ ਜੋਰ ਫੜ ਗਈ। ਇਸ ਇਲਾਕੇ ‘ਚ ਸਾਥੀ ਬਲਦੇਵ ਸਿੰਘ ਮਾਨ, ਸਰਬਜੀਤ ਸਿੰਘ ਭਿੱਟੇਵੱਡ ਸਮੇਤ ਅਨੇਕ ਨਕਸਲੀ ਲੋਕਾਂ ਲਈ ਲੜਦੇ ਹੋਏ ਸ਼ਹੀਦ ਹੋਏ। ਨਕਸਲੀ ਲਹਿਰ ਦੇ ਪ੍ਰਭਾਵ ਹੇਠ ਇੱਕ ਪ੍ਰੀਤ ਮਿਲਣੀ ਸਮੇਂ ਵਰਿਆਮ ਸਿੰਘ ਸੰਧੂ ਨੇ ਉਚੀ ਸੁਰ ਵਿਚ ਪ੍ਰੀਤ ਫਲਸਫੇ ਦੇ ਵਿਰੁਧ ਆਵਾਜ਼ ਉਠਾਈ। ਫਿਰ ਪ੍ਰੀਤਲੜੀ ਦੀ ਛਪਣ ਗਿਣਤੀ ਘਟਣੀ ਸ਼ੁਰੂ ਹੋ ਗਈ। ਪ੍ਰੀਤਨਗਰ ਤੇ ਪ੍ਰੀਤ ਲਹਿਰ ਨੂੰ ਸਮੇਂ-ਸਮੇਂ ਪੰਜਾਬ ਦੀ ਰਾਜਨੀਤਕ ਉਥਲ-ਪੁਥਲ ਦਾ ਵੀ ਸਾਹਮਣਾ ਕਰਨਾ ਪਿਆ। 1942 ਵਿਚ ਅੰਗਰੇਜ਼ਾਂ ਨੇ ਪ੍ਰੀਤਨਗਰ ਵਿਖੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ‘ਤੇ ਪਬੰਦੀ ਲਾ ਦਿੱਤੀ ਸੀ ਕਿਉਂਕਿ ਇੱਥੇ ਨਾਟਕ ‘ਕੱਢ ਦਿਉ ਬਾਹਰ ਫਰੰਗੀਆਂ ਨੂੰ’ ਖੇਡਿਆ ਗਿਆ ਸੀ। ਨਕਸਲੀ ਲਹਿਰ ਤੋਂ ਬਾਅਦ ਖਾਲਿਸਤਾਨੀ ਲਹਿਰ ਨੇ ਤਾਂ ਪ੍ਰੀਤਨਗਰ ਦੀਆਂ ਪ੍ਰੀਤ ਮਿਲਣੀਆਂ ਦਾ ਭੋਗ ਹੀ ਪਾ ਦਿੱਤਾ। ਅੱਡਾ ਲੋਪੋਕੇ ਵਿਚ ਸ਼ ਪ੍ਰੀਤਲੜੀ ਦੇ ਪੋਤਰੇ ਸੁਮੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਤੇ ਲਹਿਰ ਖਤਮ ਹੋ ਗਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਦੇ ਕੁਝ ਜੀਅ ਅਜੇ ਵੀ ਇਥੇ ਰਹਿ ਰਹੇ ਹਨ। ਨਾਨਕ ਸਿੰਘ ਦਾ ਪਰਿਵਾਰ ਅੰਮ੍ਰਿਤਸਰ ਵੱਸ ਗਿਆ।
ਮੁੜ ਟਹਿਕ ਪਈਆਂ ਗੁਲਜ਼ਾਰਾਂ
ਪ੍ਰੀਤ ਲਹਿਰ ਦੇ ਇਕ ਵਾਰ ਖਤਮ ਹੋ ਜਾਣ ਪਿੱਛੋਂ ਅੱਜ ਕਲ੍ਹ ਇੱਥੇ ਮੁੜ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਜੋਰ ਫੜ੍ਹ ਰਹੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਦਮ ਨਾਲ ਇੱਥੇ ਗੁਰਬਖਸ਼ ਸਿੰਘ, ਨਾਨਕ ਸਿੰਘ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਬੜੀ ਆਲੀਸ਼ਾਨ ਇਮਾਰਤ ਵੀ ਉਸਾਰੀ ਗਈ ਹੈ। ਅਕਸਰ ਭਾਰਤ ਅਤੇ ਪਾਕਿਸਤਾਨ ਤੋਂ ਨਾਟਕ ਮੰਡਲੀਆਂ ਇੱਥੇ ਆਈਆਂ ਰਹਿੰਦੀਆਂ ਹਨ। ਓਪਨ ਏਅਰ ਥਿਏਟਰ ਵਿਚ ਰਾਤ ਨੂੰ ਰੌਣਕਾਂ ਲੱਗ ਜਾਂਦੀਆਂ ਹਨ। ਹਰ ਮਹੀਨੇ ਦੇ ਆਖਰੀ ਬੁੱਧਵਾਰ ਇੱਥੇ ਜੁੜ ਕੇ ਸਭਿਆਚਰਕ ਸਰਗਰਮੀਆਂ ਦਾ ਅਨੰਦ ਮਾਣਿਆ ਜਾਂਦਾ ਹੈ। ਪ੍ਰੀਤਨਗਰ ਬਾਰੇ ਮੁਖਤਾਰ ਗਿੱਲ ਦੇ ਸ਼ਬਦ ਹਨ, “ਪ੍ਰੀਤਨਗਰ ਅਤੇ ਪ੍ਰੀਤਲੜੀ ਕਈ ਵਰ੍ਹੇ ਮੇਰੀ ਉਮਰ ਦੇ ਲੇਖਕਾਂ ਦੇ ਆਦਰਸ਼ ਰਹੇ ਹਨ। ਮੇਰੇ ਸਮੇਤ ਬਹੁਤ ਸਾਰਿਆਂ ਨੇ ਆਪਣੀਆਂ ਲਿਖਤਾਂ ਵਿਚ ਗੁਰਬਖਸ਼ ਸਿੰਘ ਦਾ ਪ੍ਰਭਾਵ ਕਬੂਲਿਆ। ਮੇਰੇ ਲਈ ਪ੍ਰੀਤਲੜੀ ਇਬਾਦਤ ਰਹੀ ਹੈ ਤੇ ਪ੍ਰੀਤਨਗਰ ਇਬਾਦਤਗਾਹ। ਮੈਨੂੰ ਪ੍ਰੀਤਨਗਰ ਆਇਆਂ ਚਾਰ ਦਹਾਕੇ ਹੋ ਗਏ ਹਨ। ਇਸ ਦੌਰਾਨ ਮੈਂ ਇਸ ਨੂੰ ਬੜਾ ਨੇੜਿਉਂ ਸਮਝਿਆ ਤੇ ਮਾਣਿਆ ਹੈ। ਗੁਰਬਖਸ਼ ਸਿੰਘ ਦੀ ਸਹਿਜ ਪ੍ਰੀਤ ਦਾ ਜਾਦੂ ਕਈ ਸਾਲ ਮੇਰੇ ਸਿਰ ਚੜ੍ਹ ਕੇ ਬੋਲਦਾ ਰਿਹਾ। ਇੱਥੋਂ ਮੈਨੂੰ ਮੂੰਹ ਮੰਗੀਆਂ ਮੁਹੱਬਤਾਂ ਮਿਲੀਆਂ। ਅੱਜ ਮੈਂ ਆਪਣੀ ਇਕੱਲ ਸੰਗ ਖੰਡਰ ‘ਚ ਬਲਦੇ ਚਿਰਾਗ ਵਾਂਗ ਬਲ ਰਿਹਾ ਹਾਂ। ਮੇਰਾ ਅਤੇ ਪ੍ਰੀਤਨਗਰ ਦਾ ਵੀ ਇਹੋ ਨਸੀਬ ਹੈ।”

Be the first to comment

Leave a Reply

Your email address will not be published.