ਅਕਾਲੀ ਦਲ ਦੇ ਸੰਕਟ ਬਾਰੇ ਹੋਈਆਂ ਗੰਭੀਰ ਵਿਚਾਰਾਂ
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਬੀਤੇ ਦਿਨ ਯਾਦਵਿੰਦਰ ਸਿੰਘ ਕਰਫਿਊ ਨੇ ਪ੍ਰੋ ਪੰਜਾਬ ਟੀ.ਵੀ. ਉੱਤੇ ਤਿੰਨ ਵੱਡੇ-ਭਾਈ ਅਜਮੇਰ ਸਿੰਘ, ਪ੍ਰਭਸ਼ਰਨਦੀਪ ਸਿੰਘ ਤੇ ਮਨਧੀਰ ਸਿੰਘ ਨੂੰ ਇੱਕ ਵੱਡੀ ਤੇ ਇਤਿਹਾਸਿਕ ਬਹਿਸ ਲਈ ਇਕ ਥਾਂ ਉੱਤੇ ਇਕੱਠਿਆਂ ਕਰ ਦਿੱਤਾ। ਇਹ ਤਿੰਨੇ ਸ਼ਾਇਦ ਹੀ ਕਦੇ ਇੱਕ ਜਗ੍ਹਾ ‘ਤੇ ਮਿਲੇ ਹੋਣ ਜਾਂ ਸ਼ਾਇਦ ਹੀ ਕਿਸੇ ਨੇ ਉਨ੍ਹਾਂ ਨੂੰ ਮਿਲਾਉਣ ਲਈ ਹਿੰਮਤ ਕੀਤੀ ਹੋਵੇ ਜਾਂ ਮਿਲਾਉਣ ਦੀ ਲੋੜ ਮਹਿਸੂਸ ਕੀਤੀ ਹੋਵੇ ਜਾਂ ਇਨ੍ਹਾਂ ਤਿਨਾਂ ਅੰਦਰ ਖੁਦ ਵੀ ਆਪਸ ਵਿਚ ਮਿਲ-ਬੈਠਣ ਦੀ ਰੁਚੀ ਤੇ ਖੁੱਲ-ਦਿਲੀ ਕਦੇ ਪੈਦਾ ਹੋਈ ਹੋਵੇ।
ਇਹ ਤਿੰਨੇ ਵਧੀਆ ਵਕਤਾ ਹਨ। ਆਪਣੀ ਗੱਲ ਨੂੰ, ਆਪਣੀ ਦਲੀਲ ਨੂੰ ਜਚਾ ਕੇ ਪੇਸ਼ ਕਰਨ ਅਤੇ ਮਨਾਉਣ ਵਿਚ ਮਾਹਰ ਹਨ। ਤਿੰਨਾਂ ਦੀ ਪੰਜਾਬ ਦੀ ਤਰਜ਼ੇ-ਜ਼ਿੰਦਗੀ ਉੱਤੇ ਮੁਕੰਮਲ ਪਕੜ ਹੈ। ਤਿੰਨੇ ‘ਆਫ ਦੀ ਰਿਕਾਰਡ’ ਜਾਂ ਆਪਣੇ ਨੇੜੇ ਦੇ ਯਾਰ ਬੇਲੀਆਂ ਵਿਚ ਇੱਕ ਦੂਜੇ ਦੇ ਖਿਲਾਫ ਬੌਧਿਕ ਤੇ ਅਬੌਧਿਕ ਟਿੱਪਣੀਆਂ ਕਰਦੇ ਰਹਿੰਦੇ ਹਨ। ਤਿੰਨਾਂ ਵਿਚ ਪੰਜਾਬ ਦਾ ਦਰਦ ਠਾਠਾਂ ਮਾਰਦਾ ਹੈ। ਇਹ ਵੀ ਇੱਕ ਵੱਡਾ ਸੱਚ ਹੈ ਕਿ ਤਿੰਨਾਂ ਦੇ ਪੈਰੋਕਾਰਾਂ ਅਤੇ ਹਮਦਰਦਾਂ ਦੀ ਕੁੱਲ ਮਿਲਾ ਕੇ ਗਿਣਤੀ ਹਜ਼ਾਰਾਂ ਵਿਚ ਹੈ ਪਰ ਕਿਸ ਵਿਅਕਤੀ ਕੋਲ ਕਿੰਨੀ ਵੱਡੀ ਗਿਣਤੀ ਹੈ, ਇਹ ਦੱਸਣਾ ਵਾਜਿਬ ਨਹੀਂ ਹੋਏਗਾ। ਇਨ੍ਹਾਂ ਤਿੰਨਾਂ ਦੇ ਖੰਭਾਂ ਵਿਚ ਪਰਵਾਜ਼ ਹੈ ਪਰ ਕਿਸ ਦੀ ਉਡਾਰੀ ਕਿੰਨੀ ਉੱਚੀ ਹੈ, ਇਹ ਦੱਸ ਕੇ ਅਸੀਂ ਪੱਖਪਾਤ ਦੇ ਘੇਰੇ ਵਿਚ ਚਲੇ ਜਾਵਾਂਗੇ।
ਯਾਦਵਿੰਦਰ ਸਿੰਘ ਕਰਫਿਊ ਪੰਜਾਬੀ ਐਂਕਰਾਂ ਵਿਚ ਸਿਰਮੌਰ ਸਥਾਨ ਰੱਖਦੇ ਹਨ, ਜੋ ਉਹ ਗੱਲ ਜਾਂ ਤੱਥ ਸਬੰਧਤ ਮਾਹਰ ਕੋਲੋਂ ਕਿਸੇ ਨਾ ਕਿਸੇ ਢੰਗ ਜਾਂ ਸਲੀਕੇ ਨਾਲ ਕਢਵਾ ਹੀ ਲੈਂਦੇ ਹਨ ਜੋ ਇੰਟਰਵਿਊ ਦੇਣ ਵਾਲੇ ਨੇ ਜਾਂ ਇੰਟਰਵਿਊ ਦੇਣ ਵਾਲੇ ਮਾਹਰ ਨੇ ਜਨਤਾ ਕੋਲੋਂ ਦਬਾ ਕੇ ਜਾਂ ਲਕੋ ਕੇ ਰੱਖੀ ਹੁੰਦੀ ਹੈ। ਸਿਮਰਨਜੋਤ ਸਿੰਘ ਮੱਕੜ ਤੇ ਰੰਧਾਵਾ ਸਾਹਿਬ ਵੀ ਸਤਿਕਾਰ ਦੇ ਪਾਤਰ ਹਨ; ਹਾਲਾਂਕਿ ਰੰਧਾਵਾ ਸਾਹਿਬ ਸਵਾਲ ਨੂੰ ਇਨਾ ਲੰਮਾ ਕਰ ਦਿੰਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਉਹ ਇੰਟਰਵਿਊ ਦੇ ਰਹੇ ਹਨ ਜਾਂ ਇੰਟਰਵਿਊ ਲੈ ਰਹੇ ਹਨ। ਮੱਕੜ ਸਾਹਿਬ ਨੇ ਤਾਂ ਸ਼ਾਇਦ ਹੀ ਕੋਈ ਫੀਲਡ ਛੱਡਿਆ ਹੋਵੇ, ਇਥੋਂ ਤੱਕ ਕਿ ਭੂਤ-ਪ੍ਰੇਤ, ਚੁੜੇਲਾਂ, ਰੂਹਾਂ, ਪੁਨਰ-ਜਨਮ ਵਰਗੀਆਂ ਗੱਲਾਂ ਦਾ ਪਤਾ ਲਗਾਉਣ ਲਈ ਸੰਬੰਧਿਤ ਮਾਹਰਾਂ ਨੂੰ ਵੀ ਜਾ ਮਿਲਦੇ ਹਨ ਤਾਂ ਜੋ ਇਨ੍ਹਾਂ ਦੀ ਹੋਂਦ ਜਾਂ ਸਚਾਈਆਂ ਦੀ ਪੈੜ ਨੱਪੀ ਜਾਵੇ। ਇਹ ਤਿੰਨੇ ਐਂਕਰ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਵਿਚ ਸ਼ਾਮਿਲ ਹਨ।
ਵੈਸੇ ਸੰਸਾਰ ਭਰ ਦੇ ਮਹਾਨ ਐਂਕਰਾਂ ਨਾਲ ਵੀ ਕਦੇ ਤੁਹਾਡੀ ਗੂੜੀ ਸਾਂਝ ਅਸੀਂ ਪਵਾਵਾਂਗੇ ਜੋ ਆਪਣੇ ਬਰੀਕ ਹੁਨਰ, ਸੰਜੀਦਗੀ ਤੇ ਇਮਾਨਦਾਰੀ ਦੇ ਗੁਣਾਂ ਦੀ ਵਰਤੋਂ ਕਰਕੇ ਇੰਟਰਵਿਊ ਦੇਣ ਵਾਲਿਆਂ ਨੂੰ ਸੱਚ ਦੇ ਸਾਹਮਣੇ ਖੜਾ ਹੋਣ ਲਈ ਮਜਬੂਰ ਕਰ ਦਿੰਦੇ ਹਨ-ਇਕ ਅਜਿਹਾ ਸੱਚ ਜੋ ਸੱਤਾ ਦੇ ਬਰਾਂਡਿਆਂ ਵਿਚ ਵੀ ਕਈ ਵਾਰ ਹਲਚਲ ਮਚਾ ਦਿੰਦਾ ਰਿਹਾ ਹੈ, ਜ਼ਮੀਰਾਂ ਨੂੰ ਝੰਜੋੜ ਦਿੰਦਾ ਹੈ ਅਤੇ ਜਾਂ ਫਿਰ ਤੁਹਾਨੂੰ ਅੰਦਰੋਂ-ਬਾਹਰੋਂ ਕੁੰਚਰ ਇਸ਼ਨਾਨ ਕਰਵਾ ਦਿੰਦਾ ਹੈ। ਪੰਜਾਬੀ ਐਂਕਰਾਂ ਨੇ ਟੀਸੀ ਦੇ ਉਨਾਂ ਬੇਰਾਂ ਨੂੰ ਅਜੇ ਹੱਥ ਨਹੀਂ ਪਾਇਆ।
ਇਹ ਤਿੰਨੇ ਵੀਰ ਇੰਟਰਵਿਊ ਦੌਰਾਨ ਅਕਾਲੀ ਸਿਆਸਤ ਉੱਤੇ ਬਹਿਸ ਕਰਦਿਆਂ ਕਈ ਪਾਸਿਆਂ ਵੱਲ ਘੁੰਮੇ ਹਨ, ਸਾਰੇ ਜਣੇ ਕਈ ਬਰੀਕ ਤੋਂ ਬਰੀਕ ਨੁਕਤੇ ਆਪਣ-ਆਪਣੇ ਤਰੀਕੇ ਨਾਲ ਸਾਹਮਣੇ ਲਿਆਏ ਹਨ। ਅੰਮ੍ਰਿਤਪਾਲ ਬਾਰੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ, ਇਕ ਥਾਂ ਤੇ ਸਿੱਖ ਸੋਵਰਨ ਸਟੇਟ ਬਾਰੇ ਵੀ ਚਲਦੀ ਬਹਿਸ ਉਧਰ ਨੂੰ ਤਿਲਕਦੀ ਜਾ ਰਹੀ ਸੀ ਅਤੇ ਇਸ ਤੋਂ ਪਹਿਲਾਂ ਕਿ ਮਾਹੌਲ ਕੁੜੱਤਣ ਵਾਲਾ ਹੋ ਜਾਂਦਾ, ਯਾਦਵਿੰਦਰ ਕਰਫਿਊ ਨੇ ਸਾਰੀ ਸਥਿਤੀ ਨੂੰ ਸੰਭਾਲ ਲਿਆ ਤੇ ਬਹਿਸ ਨੂੰ ਮੁੱਦਿਆਂ ਉੱਤੇ ਕੇਂਦਰਿਤ ਕਰਨ ਲਈ ਬੇਨਤੀ ਕੀਤੀ। ਪਾਰਲੀਮੈਂਟ ਸਿਆਸਤ ਵਿਚ ਹਿੱਸਾ ਲੈਣ ਬਾਰੇ ਅਤੇ ਇਸ ਦੀਆਂ ਸੀਮਾਵਾਂ ਬਾਰੇ ਵੀ ਚਰਚਾ ਚੱਲੀ, ਯਾਦਵਿੰਦਰ ਕਰਫਿਊ ਦੀ ਸੁਚੱਜੀ ਦਖਲਅੰਦਾਜ਼ੀ ਨਾਲ ਵੀ ਬਹਿਸ ਮੁੱਦੇ ਉੱਤੇ ਕੇਂਦਰਿਤ ਰਹੀ। ਬਾਗੀ ਤੇ ਬਾਦਸ਼ਾਹੀ ਦਾ ਸੰਕਲਪ ਵੀ ਸਾਹਮਣੇ ਆਇਆ। ਵਰਤਮਾਨ ਹਾਲਤਾਂ ਮੁਤਾਬਕ ਮਿਲਵਰਤਨ ਦੀ ਰਾਜਨੀਤੀ ਦੀ ਅਹਿਮੀਅਤ ਉੱਤੇ ਵੀ ਗੰਭੀਰ ਨੁਕਤੇ ਖੜੇ ਕੀਤੇ ਗਏ।
ਦਿਲਚਸਪ ਹਕੀਕਤ ਇਹ ਹੈ ਕਿ ਤਿੰਨੇ ਹੀ ਖਾੜਕੂ ਰਾਜਨੀਤੀ ਦੇ ਹਮਦਰਦ ਹਨ। ਭਾਈ ਅਜਮੇਰ ਸਿੰਘ ਤੇ ਭਾਈ ਪ੍ਰਭਸ਼ਰਨਦੀਪ ਸਿੰਘ ਨੇ ਤਾਂ ਖਾੜਕੂ ਲਹਿਰ ਦੀ ਸਿਖਰ ਦੁਪਹਿਰ ਨੂੰ ਵਿਚਾਰ ਦੀ ਪੱਧਰ ‘ਤੇ ਵੀ ਹੰਢਾਇਆ ਤੇ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਵੀ ਰਹੇ ਹਨ, ਜਦਕਿ ਭਾਈ ਮਨਧੀਰ ਸਿੰਘ ਉਸ ਸਮੇਂ ਲਹਿਰ ਦਾ ਹਿੱਸਾ ਤੇ ਹਮਦਰਦ ਬਣੇ ਜਦੋਂ ਖਾੜਕੂ ਲਹਿਰ ਦਾ ਸੂਰਜ ਡੁੱਬਣ ਦੇ ਕਰੀਬ ਪਹੁੰਚ ਚੁੱਕਾ ਸੀ। ਵੈਸੇ ਭਾਈ ਮਨਧੀਰ ਸਿੰਘ ਕਿਸੇ ਕੇਸ ਵਿਚ ਕੁਝ ਮਹੀਨੇ ਰੂਪੋਸ਼ ਵੀ ਵਿਚਰਦੇ ਰਹੇ ਸਨ।
ਜੇ ਗੱਲ ਕਲਮ ਦੀ ਤਾਕਤ ਬਾਰੇ ਕਰਨੀ ਹੋਵੇ ਤਾਂ ਭਾਈ ਅਜਮੇਰ ਸਿੰਘ ਕਲਮ ਦੇ ਧਨੀ ਹਨ ਅਤੇ ਪੰਜਾਬ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਹਨ। ਜੇ ਕਿਸੇ ਨੇ 1849 ਤੋਂ ਪਿੱਛੋਂ ਅਰਥਾਤ ਸਿੱਖ ਰਾਜ ਦੇ ਖਤਮ ਹੋ ਜਾਣ ਮਗਰੋਂ ਪੰਜਾਬ ਦੇ ਦਰਦ ਦੀ ਗਾਥਾ ਤੱਥਾਂ ਤੇ ਜਜ਼ਬਿਆਂ ਸਮੇਤ ਅਤੇ ਉਹ ਵੀ ਇੱਕ ਲੜੀ ਵਿਚ ਪਰੋ ਕੇ ਲਿਖੀ ਹੈ ਤਾਂ ਇਹ ਮਾਣ ਅਜਮੇਰ ਸਿੰਘ ਨੂੰ ਹੀ ਜਾਂਦਾ ਹੈ। ਅਜਮੇਰ ਸਿੰਘ ਨੇ ਰਾਜਵਿੰਦਰ ਸਿੰਘ ਰਾਹੀ ਨਾਲ ਮਿਲ ਕੇ ਗਦਰ ਪਾਰਟੀ ਲਹਿਰ ਉੱਤੇ ਖੱਬੇ ਪੱਖੀ ਕਬਜ਼ੇ ਤੇ ਜਕੜ ਨੂੰ ਖਤਮ ਕੀਤਾ ਅਤੇ ਸਿੱਧ ਕੀਤਾ ਕਿ ਜੇ ਇਸ ਲਹਿਰ ਵਿਚ ਸਿੱਖ ਕੌਮ ਦੀ ਸ਼ਮੂਲੀਅਤ ਨਾ ਹੁੰਦੀ ਤਾਂ ਇਹ ਲਹਿਰ ਇਤਿਹਾਸ ਦਾ ਇੱਕ ਨਗੂਣਾ ਜਿਹਾ ਫੁੱਟ ਨੋਟ ਹੀ ਬਣ ਕੇ ਰਹਿ ਜਾਣੀ ਸੀ। ਇਹ ਹੈਰਾਨੀ ਤੇ ਖੁਸ਼ੀ ਵਾਲੀ ਖਬਰ ਹੈ ਕਿ ਉਨ੍ਹਾਂ ਦੀਆਂ ਕਿਤਾਬਾਂ ਦੀ ਛਪਣ ਗਿਣਤੀ ਪੰਜਾਬੀ ਦੇ ਕਿਸੇ ਵੀ ਵੱਡੇ ਨਾਵਲਕਾਰ ਦੀਆਂ ਕਿਤਾਬਾਂ ਦੀ ਛਪਣ ਗਿਣਤੀ ਤੋਂ ਕਿਤੇ ਜ਼ਿਆਦਾ ਹੈ। ਇਸ ਹਕੀਕਤ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਮਾਨਸਿਕਤਾ ਵਿਚ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਮਨਾਂ ਵਿਚ ‘ਵਿਚਾਰ’ ਦੀ ਮਹੱਤਤਾ ਨੇ ਵਿਸ਼ੇਸ਼ ਥਾਂ ਬਣਾ ਲਈ ਹੈ ਅਤੇ ‘ਰੋਮਾਂਸ’ ਦੂਜੇ ਨੰਬਰ ‘ਤੇ ਚਲਾ ਗਿਆ ਹੈ। ਦੇਰ-ਸਵੇਰ ਇਸ ਦੇ ਠੋਸ ਨਤੀਜੇ ਜ਼ਰੂਰ ਸਾਹਮਣੇ ਆਉਣਗੇ ਤੇ ਆ ਵੀ ਰਹੇ ਹਨ। ਇਹ ਕਿਤਾਬਾਂ ਪੜ੍ਹਨ ਨਾਲ ਸਿੱਖ ਮਨਾਂ ਵਿਚ ਵਿਚਾਰ ਤੇ ਜਜ਼ਬੇ ਦੇ ਰੂਪ ਵਿਚ ਇਹ ਗੱਲ ਪੱਕੇ ਪੈਰੀ ਥਾਂ ਬਣਾ ਲੈਂਦੀ ਹੈ ਕਿ ਸਿੱਖ ਇਸ ਦੇਸ਼ ਵਿਚ ਗੁਲਾਮ ਹਨ ਅਤੇ ਉਹ ਦੂਜੇ ਦਰਜੇ ਦੇ ਸ਼ਹਿਰੀ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਹਨ।
ਪ੍ਰਭਸ਼ਰਨਦੀਪ ਸਿੰਘ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੱਖ ਵਿਦਵਾਨਾਂ ਵਿਚੋਂ ਇਕ ਹਨ ਜਿਨ੍ਹਾਂ ਦੀ ਸਾਹਿਤ, ਧਰਮ, ਰਾਜਨੀਤੀ ਤੇ ਦਰਸ਼ਨ ਦੀ ਦੁਨੀਆਂ ਉੱਤੇ ਡੂੰਘੀ ਤੇ ਗਹਿਰ ਗੰਭੀਰ ਪਕੜ ਹੈ। ਉਹ ਪੱਛਮੀ ਵਿਦਵਤਾ ਦੇ ਇਸ ਦਾਅਵੇ ਨੂੰ ਰੱਦ ਕਰਦੇ ਹਨ ਕਿ ਇਹ ਵਿਦਵਤਾ ਆਪਣੇ ਆਪ ਵਿਚ ਨਿਰਪੱਖ ਵੀ ਹੈ ਤੇ ਇਸ ਦਾ ਸੁਭਾਅ ਵਿਸ਼ਵਵਿਆਪੀ (ੁਨਵਿੲਰਸਅਲ) ਹੈ। ਸ਼ਾਇਦ ਉਹ ਉੱਤਰ-ਬਸਤੀਵਾਦ ਦੇ ਉਸ ਪਹਿਲੂ ਉੱਤੇ ਜ਼ੋਰ ਦਿੰਦੇ ਹਨ, ਜਿੱਥੇ ਖੇਤਰੀ ਬੋਲੀਆਂ ਤੇ ਵਿਸ਼ੇਸ਼ ਕਰਕੇ ਮਾਂ ਬੋਲੀ ਦੀ ਮਹੱਤਤਾ ਨੂੰ ਕੇਂਦਰੀ ਸਥਾਨ ਹਾਸਲ ਹੁੰਦਾ ਹੈ। ਇਸ ਦਿਸ਼ਾ ਵਿੱਚ ਉਹ ਸ਼ਾਇਦ ਐਡਵਰਡ ਸਈਦ ਤੇ ਕੀਨੀਆ ਦੇ ਲੇਖਕ ਥੀਓਂਗ ਤੇ ਗਾਇਤਰੀ ਚੱਕਰਵਰਤੀ ਸਪਾਵਕ ਨਾਲ ਜਾ ਖਲੋਂਦੇ ਹਨ ਜੋ ਹਾਸ਼ੀਏ ਤੇ ਖੜੀਆਂ ਆਵਾਜ਼ਾਂ ਨਾਲ ਆਪਣੀ ਆਵਾਜ਼ ਰਲਾਉਂਦੇ ਹਨ। ਉਹ ਪੂਰਬੀ ਤੇ ਪੱਛਮੀ ਵਿਦਵਤਾ ਦੀਆਂ ਦਾਰਸ਼ਨਿਕ ਤੇ ਬੌਧਿਕ ਵੰਨਗੀਆਂ ਨੂੰ ਪੰਜਾਬ ਨਾਲ ਜੋੜ ਕੇ ਵੇਖਦੇ ਹਨ। ਉਹ ਅਕਸਰ ਚੈਨਲਾਂ ਉੱਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਤੇ ਪੰਜਾਬ ਦੀ ਰਾਜਨੀਤੀ ਬਾਰੇ ਉਨ੍ਹਾਂ ਨੇ ਦਰਜਨਾਂ ਲਿਖਤਾਂ ਪੇਸ਼ ਕੀਤੀਆਂ ਹਨ। ਪਿੱਛੇ ਜਿਹੇ ਉਨ੍ਹਾਂ ਦੀ ਪੁਸਤਕ ‘ਦੇਸ ਨਿਕਾਲਾ’ ਵਿਦਵਾਨ ਹਲਕਿਆਂ ਵਿਚ ਵਿਸ਼ੇਸ਼ ਚਰਚਾ ਦਾ ਹਿੱਸਾ ਬਣੀ, ਜਿਸ ਦੀਆਂ ਕਵਿਤਾਵਾਂ ਤੇ ਵਿਸ਼ੇਸ਼ ਕਰਕੇ 50 ਸਫਿਆਂ ਦੀ ਭੂਮਿਕਾ ਤੋਂ ਤੁਹਾਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਦਾਖਲ ਹੋਏ ਖੱਬੇ ਪੱਖੀ ਰੁਝਾਨ, ਖੱਬੇ ਪੱਖੀ ਸਾਹਿਤਕ ਹਿੰਸਾ ਤੇ ਖੱਬੇ ਪੱਖੀ ਬੋਝ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਹ ਇਸ ਸਬੰਧ ਵਿਚ ਇੱਕ ਤਰ੍ਹਾਂ ਦੀ ਅਕਾਦਮਕ ਦਸਤਾਵੇਜ਼ ਹੈ।
ਭਾਈ ਮਨਧੀਰ ਸਿੰਘ ਨੇ ਭਾਵੇਂ ਅਜੇ ਤੱਕ ਕੋਈ ਕਿਤਾਬ ਨਹੀਂ ਲਿਖੀ ਅਤੇ ਨਾ ਹੀ ਸਾਡੇ ਸਾਹਮਣੇ ਉਨ੍ਹਾਂ ਦੀਆਂ ਕੋਈ ਗੰਭੀਰ ਲਿਖਤਾਂ ਹਨ ਜਿਨ੍ਹਾਂ ਤੋਂ ਅਸੀਂ ਉਨ੍ਹਾਂ ਬਾਰੇ ਕੋਈ ਗੰਭੀਰ ਰਾਏ ਜਾਂ ਵਿਚਾਰਧਾਰਕ ਟਿੱਪਣੀ ਕਰ ਸਕੀਏ, ਪਰ ਇਸ ਦੇ ਬਾਵਜੂਦ ਪੰਜਾਬ ਬਾਰੇ, ਸਿੱਖ ਇਤਿਹਾਸ ਬਾਰੇ ਅਤੇ ਦੁਨੀਆਂ ਵਿਚ ਚੱਲ ਰਹੀਆਂ ਧਾਰਾਵਾਂ ਬਾਰੇ ਉਨ੍ਹਾਂ ਦੀਆਂ ਕਈ ਟਿੱਪਣੀਆਂ ਵਿਚ ਨਾ ਕੇਵਲ ਦਿਲਚਸਪ ਮੌਲਿਕਤਾ ਦੀ ਝਲਕ ਮਿਲਦੀ ਹੈ, ਸਗੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਸਿੱਖ ਪੰਥ ਦੀ ਵਰਤਮਾਨ ਤੋਰ ਤੇ ਰੁਝਾਨਾਂ ਨੂੰ ਆਪਣੇ ਅੰਦਰ ਰਚਾ ਕੇ ਤੇ ਵਸਾ ਕੇ ਉਨ੍ਹਾਂ ਨੇ ਆਪਣੀ ਇੱਕ ਸੁਤੰਤਰ ਸਮਝ ਜ਼ਰੂਰ ਬਣਾਈ ਹੋਈ ਹੈ; ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਬਾਰੇ ਵਿਦਵਾਨਾਂ ਦੀਆਂ ਰਾਵਾਂ ਵੱਖਰੀਆਂ ਵੱਖਰੀਆਂ ਤੇ ਇੱਕ ਦੂਜੇ ਦੇ ਉਲਟ ਵੀ ਹੋਣ।
ਕੀ ਇਨ੍ਹਾਂ ਤਿੰਨਾਂ ਸ਼ਖਸ਼ੀਅਤਾਂ ਵਿਚ ਕੋਈ ਕਮਜ਼ੋਰੀਆਂ ਵੀ ਹਨ? ਕੋਈ ਪੱਖਪਾਤੀ ਰੁਝਾਨ ਵੀ ਹਨ? ਜਵਾਬ ਹਾਂ ਵਿੱਚ ਦਿੱਤਾ ਜਾ ਸਕਦਾ ਹੈ। ਇਹ ਤਿੰਨੇ ਖੱਟੇ-ਮਿੱਠੇ ਅਹੰਕਾਰਾਂ ਨਾਲ ਲੈਸ ਹਨ ਅਤੇ ਆਪਣੇ ਬਾਰੇ ‘ਫੀਡਬੈਕ’ ਨੂੰ ਹਾਸਲ ਕਰਨ ਦੀ ਬਰਕਤ ਤੇ ਗੁਣ ਨੂੰ ਨਾ ਹੀ ਉਤਸ਼ਾਹਤ ਕਰਦੇ ਹਨ ਬਲਕਿ ਦਬਾ ਕੇ ਵੀ ਰੱਖਦੇ ਹਨ। ਹੋਰ ਵੱਡੇ ਭਾਰ ਵੀ ਇਨ੍ਹਾਂ ਨੇ ਆਪਣੇ ਨਾਲ ਬੰਨ੍ਹੇ ਹੋਏ ਹਨ ਜਿਸ ਕਰਕੇ ਇਹ ਸਾਰੇ ਵੱਡੀ ਪੱਧਰ ਉੱਤੇ ਹਰਮਨ ਪਿਆਰੇ ਨਹੀਂ ਬਣ ਸਕੇ। ਇਨ੍ਹਾਂ ਬਾਰੇ ਕਿਸੇ ਹੋਰ ਮੌਕੇ ਖੁੱਲ ਕੇ ਤੁਹਾਡੇ ਨਾਲ ਗੱਲਾਂ ਕਰਾਂਗੇ।
ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇਹ ਤਿੰਨੇ ਸ਼ਖਸ਼ੀਅਤਾਂ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦੀਆਂ ਹਨ ਪਰ ਇਹ ਵੀ ਸੱਚ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਸਮੇਂ ਉਹ ਇੱਕ-ਦੂਜੇ ਤੋਂ ਦੂਰੀ ਵੀ ਬਣਾ ਕੇ ਰੱਖਦੇ ਹਨ ਅਤੇ ਇਹ ਕਈ ਵਾਰੀ ਦੂਰੀ ਬਹੁਤ ਲੰਮੀ ਹੁੰਦੀ ਹੈ। ਜਿੱਥੇ ਪ੍ਰਭਸ਼ਰਨਦੀਪ ਸਿੰਘ ਸਿੱਖ ਸੋਵਰਨ ਸਟੇਟ ਖਾਲਿਸਤਾਨ ਬਾਰੇ ਪੂਰੀ ਤਰ੍ਹਾਂ ਸਪਸ਼ਟ ਹਨ ਅਤੇ ਦੂਜਿਆਂ ਨੂੰ ਵੀ ਇਸ ਨਿਸ਼ਾਨੇ ਬਾਰੇ ਸਪਸ਼ਟ ਹੋ ਕੇ ਮੈਦਾਨ ਵਿਚ ਨਿਤਰਨ ਲਈ ਵੰਗਾਰਦੇ ਹਨ ਜਦਕਿ ਭਾਈ ਮਨਧੀਰ ਸਿੰਘ ਨਿਸ਼ਾਨੇ ਬਾਰੇ ਸਪਸ਼ਟਤਾ ਤੇ ਅਸਪਸ਼ਟਤਾ ਦੇ ਬਰੀਕ ਅੰਤਰ ਨੂੰ ਅਕਸਰ ਬਣਾ ਕੇ ਵੀ ਰੱਖਦੇ ਹਨ। ਅਜਮੇਰ ਸਿੰਘ ਵੀ ਕਰੀਬ ਕਰੀਬ ਨਿਸ਼ਾਨੇ ਬਾਰੇ ਛੱਤ-ਪ੍ਰਤੀਸ਼ਤ ਸਪਸ਼ਟ ਨਹੀਂ ਅਤੇ ਭਾਰਤੀ ਸਟੇਟ ਦੇ ਜ਼ੁਲਮ, ਬੇਇਨਸਾਫੀਆਂ ਅਤੇ ਵਧੀਕੀਆਂ ਤੋਂ ਮਾਯੂਸ ਹੋ ਕੇ ਹੀ ਕਦੇ ਕਦੇ ਖਾਲਿਸਤਾਨ ਦੀ ਲੋੜ ਮਹਿਸੂਸ ਕਰਦੇ ਹਨ। ਇਹ ਤਿੰਨੇ ਵੀ ਵੱਖਰੇ-ਵੱਖਰੇ ਮੰਚਾਂ ਉੱਤੇ ਖਲੋ ਕੇ ਨਿਸ਼ਾਨੇ ਬਾਰੇ ਭਾਵੇਂ ਕੁਝ ਵੀ ਕਹਿੰਦੇ ਹੋਣ, ਪਰ ਇਹ ਸਾਰੇ ਇਸ ਹਕੀਕਤ ਤੋਂ ਅਣਜਾਣ ਹਨ ਕਿ ਖਾਲਿਸਤਾਨ ਜਾਂ ਵੱਖਰੇ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਤੇ ਸਿੱਖ ਇਤਿਹਾਸ ਵਿਚ ਚਿੱਟੇ ਦਿਨ ਵਾਂਗ ਰੌਸ਼ਨ ਤੇ ਸਪਸ਼ਟ ਹੈ, ਪਰ ਇਨ੍ਹਾਂ ਵਿਦਵਾਨਾਂ ਦੀ ਵਿਦਵਤਾ ਵਿਚ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀ ਅਤੇ ਇੰਜ ਲੱਗਦਾ ਹੈ ਕਿ ਇਹ ਆਪਣੇ ਫਰਜ਼ ਤੋਂ ਪੂਰੀ ਤਰ੍ਹਾਂ ਅਵੇਸਲੇ ਵੀ ਹਨ ਅਤੇ ਜਾਂ ਫਿਰ ਸਥਾਪਤੀ ਤੇ ਡਰ ਤੋਂ ਅਜੇ ਪੂਰੀ ਤਰ੍ਹਾਂ ਮੁਕਤ ਨਹੀਂ। ਇਸ ਬਾਰੇ ਉਨ੍ਹਾਂ ਦੀ ਅਕਾਦਮਿਕ ਸਮਝ ਵੀ ਨਿਮਾਣੀ ਤੇ ਨਿਤਾਣੀ ਜਾਪਦੀ ਹੈ।
ਅਸਲ ਵਿਚ ਇਹ ਇੰਟਰਵਿਊ ਇੱਕ ਤਰ੍ਹਾਂ ਦੀ ਦਸਤਾਵੇਜ਼ ਹੈ ਜੋ ਚਲੰਤ ਰਾਜਸੀ ਪਾਰਟੀਆਂ ਵਿਚ ਗੰਭੀਰ ਕੰਮ ਕਰਨ ਵਾਲੇ ਸਿਆਸਤਦਾਨਾਂ, ਪੱਤਰਕਾਰਾਂ, ਪ੍ਰਚਾਰਕਾਂ, ਗ੍ਰੰਥੀਆਂ ਤੇ ਵਿਸ਼ੇਸ਼ ਕਰਕੇ ਨਵੀਂ ਕਾਇਮ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ, ਖਾਲਿਸਤਾਨ ਲਈ ਸੰਘਰਸ਼ ਕਰਦੀਆਂ ਜਥੇਬੰਦੀਆਂ-ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਅਤੇ ਸੋਸ਼ਲ ਮੀਡੀਆ ਦੇ ਉੱਘੇ ਖਿਡਾਰੀਆਂ, ਸਿੱਖ ਗੋਸ਼ਟ, ਸਿੱਖ ਸੰਵਾਦ ਤੇ ਹੋਰ ਗਰੁੱਪਾਂ ਨੂੰ ਸਵਾ ਦੋ ਘੰਟੇ ਚਲੀ ਇਸ ਇੰਟਰਵਿਊ ਨੂੰ ਧੀਰਜ ਨਾਲ ਸੁਣਨਾ ਚਾਹੀਦਾ ਹੈ। ਤੁਹਾਨੂੰ ਸੱਚਮੁੱਚ ਬਹੁਤ ਕੁਝ ਹਾਸਲ ਹੋਏਗਾ ਤੇ ਜੋ ਬਹੁਤ ਕੁਝ ਰਹਿ ਗਿਆ ਹੈ ਉਸ ਦਾ ਵੀ ਪਤਾ ਲੱਗੇਗਾ।
ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਕਿ ਇਹ ਇੰਟਰਵਿਊ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਪੁੱਤਰੀ ਬੀਬੀ ਸਤਵੰਤ ਕੌਰ, ਦੂਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਭਾਈ ਕੰਵਰਪਾਲ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੋਟੀ ਦੇ ਆਗੂਆਂ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਪੰਜਾਬੀ ਚੈਨਲਾਂ ਉੱਤੇ ਇੱਕ ਖਾਸ ਹੱਦਬੰਦੀ ਦੀ ਕੈਦ ਵਿਚ ਰਹਿ ਕੇ ਡਿਬੇਟਾਂ ਕਰਾਉਣ ਵਾਲੇ ਐਂਕਰਾਂ, ਸਿੱਖ ਅਫਸਰਸ਼ਾਹੀ ਅਤੇ ਵਾਰਸ ਪੰਜਾਬ ਦੇ ਆਗੂਆਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਵਿਚ ਪੜ੍ਹਨ ਤੇ ਆਪਣੇ ਸਾਥੀਆਂ ਵਿਚ ਵਿਚਾਰਨ ਦੀ ਲੋੜ ਹੈ ਤਾਂ ਜੋ ਕੌਮ ਨੂੰ ਪਤਾ ਲੱਗ ਸਕੇ ਕਿ ਸਿੱਖ ਵਿਦਵਾਨ ਕਿੱਥੇ ਖੜੇ ਹਨ, ਸਿੱਖ ਨੌਜਵਾਨ ਕਿਵੇਂ ਸੋਚਦੇ ਹਨ ਤੇ ਸਿੱਖ ਲੀਡਰਸ਼ਿਪ ਦਾ ਹਾਲ ਕਿਹੋ ਜਿਹਾ ਹੈ।
