ਅਰੁੰਧਤੀ ਰਾਏ ਦੀਆਂ ਆਪਣੀ ਮਾਂ ਬਾਰੇ ਯਾਦਾਂ: ਮਦਰ ਮੇਰੀ ਕਮਜ਼ ਟੂ ਮੀ

ਬੂਟਾ ਸਿੰਘ ਮਹਿਮੂਦਪੁਰ
ਅਰੁੰਧਤੀ ਰਾਏ ਨੇ ਕਦੇ ਵੀ ਆਪਣੀ ਜੀਵਨੀ ਲਿਖਣ ਦੀ ਯੋਜਨਾ ਨਹੀਂ ਬਣਾਈ ਸੀ। ਇਹ ਉਦੋਂ ਬਦਲ ਗਿਆ ਜਦੋਂ ਉਸ ਕੋਲੋਂ ਉਸਦਾ ਸਭ ਤੋਂ ਦਿਲਚਸਪ ਅਤੇ ਗੁੰਝਲਦਾਰ ਵਿਸ਼ਾ- ਮਾਂ ਮੇਰੀ ਰਾਏ-ਖੁੱਸ ਗਿਆ। ਮਦਰ ਮੇਰੀ ਕਮਜ਼ ਟੂ ਮੀ ਮੇਰੀ ਰਾਏ ਦੀ ਦੁਨੀਆ ਦੀ ਝਲਕ ਹੈ: ਅਜਿਹੀ ਔਰਤ ਜਿਸਨੇ ਜ਼ੀਰੋ ਤੋਂ ਸ਼ੁਰੂ ਕਰਕੇ ਸਕੂਲ ਬਣਾਇਆ,

ਈਸਾਈ ਵਿਰਾਸਤ ਕਾਨੂੰਨਾਂ ਤਹਿਤ ਔਰਤਾਂ ਦੇ ਬਰਾਬਰ ਹੱਕਾਂ ਲਈ ਲੜਾਈ ਲੜੀ ਅਤੇ 89 ਸਾਲ ਦੀ ਉਮਰ ਤੱਕ ਦਬੰਗ ਤੜ ਵਾਲੀ ਸੁਪਰ-ਹੀਰੋ ਵਾਂਗ ਕੋਟਿਆਮ ਵਿਚ ਜ਼ਿੰਦਗੀ ਗੁਜ਼ਾਰੀ। ਬਹੁਤ ਹੀ ਭਾਵਨਾਤਮਕ, ਸਰੀਰਕ ਅਤੇ ਸਮਾਜਿਕ ਹਿੰਸਾ ਨਾਲ ਵਿਆਕੁਲ ਇਸ ਦੁਨੀਆ ਵਿਚ ਇਹ ਕਿਤਾਬ ਹੈਰਤਅੰਗੇਜ਼, ਈਮਾਨਦਾਰ ਯਾਦ ਦਿਵਾਉਂਦੀ ਹੈ ਕਿ ਅਸੀਂ ਸਾਰੇ ਟੁੱਟੇ ਹੋਏ ਹਾਂ ਪਰ ਫਿਰ ਵੀ ਪਿਆਰ ਕਰਨ, ਗੁੱਸਾ ਕਰਨ, ਭਿਆਨਕ ਚੀਜ਼ਾਂ ਕਰਨ ਅਤੇ ਅਤਿਅੰਤ ਦਰਿਆਦਿਲੀ ਦਿਖਾਉਣ ਦੇ ਸਮਰੱਥ ਹਾਂ। ਜਿਵੇਂ ਕਿ ਅਰੁੰਧਤੀ ਕਹਿੰਦੀ ਹੈ: ‘ਕਿਉਂਕਿ ਲੋਕ ਵਿਚਾਰਧਾਰਾਵਾਂ ਨਹੀਂ ਹੁੰਦੇ, ਉਹ ਜੰਗਲੀ ਹੁੰਦੇ ਹਨ। ਕੁਝ ਨੂੰ ਸਾਫ਼ ਵੰਡਾਂ, ਸ਼੍ਰੇਣੀਆਂ, ਜਾਂ ‘ਨਕਲੀ-ਥੈਰੇਪੀ’ ਲੇਬਲਾਂ ਦੇ ਤਹਿਤ ਨਹੀਂ ਰੱਖਿਆ ਜਾ ਸਕਦਾ, ਅਤੇ ਫਿਰ ਵੀ ਉਨ੍ਹਾਂ ਨੂੰ ਸਾਹਿਤ ਅਤੇ ਇਤਿਹਾਸ ਦਾ ਹਿੱਸਾ ਬਣਾਏ ਜਾਣ ਦੀ ਲੋੜ ਹੈ।’ ਉਨ੍ਹਾਂ ਨਾਲ ਇਹ ਗੱਲਬਾਤ ਪੱਤਰਕਾਰ ਨੇਹਾ ਦੀਕਸ਼ਤ ਨੇ ਕੀਤੀ, ਜੋ 28 ਅਗਸਤ ਨੂੰ ‘ਦ ਹਿੰਦੂ’ ਵਿਚ ਪ੍ਰਕਾਸ਼ਿਤ ਹੋਈ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਅਨੁਵਾਦ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜੋ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। – ਸੰਪਾਦਕ
ਸਵਾਲ: ਇਕ ਐਸੀ ਦੁਨੀਆ, ਜਿਸ ਵਿਚ ਹਰ ਚੀਜ਼ ਤੇ ਹਰ ਬੰਦੇ ਲਈ ਕੋਈ ਨਾ ਕੋਈ ਸ਼ਬਦ ਤੈਅ ਹੈ ਅਤੇ ਜਿਸ ਵਿਚ ਸਿਰਫ਼ ਸ਼ੁੱਧ ਇਨਕਲਾਬੀਆਂ ਨੂੰ ਹੀ ਪ੍ਰਵਾਨਗੀ ਹਾਸਲ ਹੁੰਦੀ ਹੈ, ਉਸ ਵਿਚ ਆਪਣੀ ਮਾਂ ਮੇਰੀ ਰਾਏ ਬਾਰੇ ਲਿਖਣਾ ਮਹੱਤਵਪੂਰਨ ਕਿਵੇਂ ਹੈ?
ਜਵਾਬ: ਲੋਕ ਹੁਣ ਬਹੁਤ ਹਿੰਸਕ ਹੋ ਗਏ ਹਨ, ਹੁਣ ਹਰ ਆਦਮੀ ਕਿਸੇ ਨਾ ਕਿਸੇ ਫ਼ੈਸਲੇ ‘ਤੇ ਅੱਪੜਣ ਦੀ ਕਾਹਲ ਵਿਚ ਹੈ। ਜਦੋਂ ਮੈਂ ਇਹ ਕਿਤਾਬ ਲਿਖ ਰਹੀ ਸੀ ਤਾਂ ਅਜਿਹਾ ਕਈ ਵਾਰ ਮਹਿਸੂਸ ਹੋਇਆ ਕਿ ਆਪਣੇ ਅਤੀਤ ਵਿਚ ਭੋਗੇ ਹੋਏ ਕੁਝ ਦੁੱਖਾਂ ਨੂੰ ਲੈ ਕੇ ਮੇਰੇ ਅੰਦਰ ਸ਼ਰਮਿੰਦਗੀ ਦੀ ਭਾਵਨਾ ਹੈ। ਉਹ ਜਦ ਇਸ ਦੁਨੀਆ ਤੋਂ ਰੁਖ਼ਸਤ ਹੋਈ ਤਾਂ 89 ਸਾਲ ਦੀ ਸੀ ਅਤੇ ਮੈਂ 61 ਸਾਲ ਦੀ। ਮੈਂ ਸੋਚਿਆ ਕਿਉਂ?
ਅਤੇ ਇਸ ਤੱਥ ਨੂੰ ਸਮਝਣਾ ਕਿ ਸਿਰਫ਼ ਕਿਸੇ ਨੂੰ ਆਪਣੀ ਜ਼ਿੰਦਗੀ ਵਿਚ ਬਣਾਈ ਰੱਖਣ ਲਈ ਹੀ ਤੁਹਾਨੂੰ ਖੁਦ ਨੂੰ ਅਜੀਬ ਜਿਹੀ ਸ਼ਕਲ ’ਚ ਢਲਣਾ ਪਿਆ ਸੀ ਅਤੇ ਹੁਣ ਉਹੀ ਸ਼ਕਲ ਬਿਲਕੁਲ ਹੀ ਬੇਮਾਇਨੇ ਲੱਗਣ ਲੱਗੀ ਹੈ। ਮਿਸਾਲ ਵਜੋਂ, ਕੋਈ ਆਦਮੀ ਕਈ ਮਾਅਨਿਆਂ ਵਿਚ ਬਹੁਤ ਜ਼ਿਆਦਾ ਅਗਾਂਹਵਧੂ ਤੇ ਸਾਫ਼ਗੋ ਹੋ ਸਕਦਾ ਹੈ ਅਤੇ ਫਿਰ ਅਚਾਨਕ ਹੀ ਉਹ ਪੂਰੀ ਤਰ੍ਹਾਂ ਜਾਤੀਵਾਦੀ ਵਿਚਾਰਧਾਰਾ ਦਾ ਰੁਖ਼ ਕਰ ਲੈਂਦਾ ਹੈ ਅਤੇ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਸਾਂਚੇ ਵਿਚ ਰੱਖ ਕੇ ਕਿਵੇਂ ਦੇਖ ਅਤੇ ਸਮਝ ਲਵੋਗੇ? ਪਰ ਇਹੀ ਤਾਂ ਮਨੁੱਖ ਹੋਣਾ ਹੈ। ਲੋਕ ਅਜਿਹੇ ਹੀ ਹੁੰਦੇ ਹਨ। ਉਹ ਵੱਖ-ਵੱਖ ਬਿਖਰੇ ਹੋਏ ਟੁਕੜਿਆਂ ਵਰਗੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਮਾਸਪੇਸ਼ੀਆਂ ਅਤੇ ਲਹੂ ਨੇ ਇਕ ਦੂਜੇ ਨਾਲ ਬੰਨ੍ਹ ਕੇ ਅਤੇ ਜੋੜ ਕੇ ਰੱਖਿਆ ਹੈ।
ਸਵਾਲ: ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਅਸਲ ਰੂਪ ਵਿਚ ਯਾਨੀ ਜਿਵੇਂ ਉਹ ਹਨ ਉਸੇ ਰੂਪ ਵਿਚ ਸਵੀਕਾਰ ਕਰ ਲੈਣ ਲਈ ਕੀ ਦਰਕਾਰ ਹੁੰਦਾ ਹੈ?
ਜਵਾਬ: ਇਕ ਦਿਨ ਮੈਂ ਕਿਸੇ ਨੂੰ ਕਹਿ ਰਹੀ ਸੀ ਕਿ ਮੈਨੂੰ ਲੱਗਦਾ ਹੈ ਕਿ ਸੱਚ ਇਹ ਹੈ ਕਿ ਮੈਂ ਉਨ੍ਹਾਂ ਦੀ ਮਾਂ ਸੀ। ਉਹ ਮੈਂ ਹੀ ਸੀ ਜਿਸਨੇ ਉਸ ਹਿੰਸਕ, ਪ੍ਰਤਿਭਾਸ਼ਾਲੀ, ਕਠੋਰ, ਨਿਰਦਈ ਅਤੇ ਅਦਭੁਤ ਬੱਚੇ ਨੂੰ ਝੱਲਿਆ। ਉਹ ਮੈਂ ਹੀ ਸੀ ਜਿਸਨੂੰ ਉਨ੍ਹਾਂ ਦੀ ਬਿਮਾਰੀ ਕਾਰਨ ਸ਼ਾਂਤ ਅਤੇ ਚੁੱਪ-ਚਾਪ ਰਹਿਣਾ ਪੈਂਦਾ ਸੀ। ਕਈ ਮਾਅਨਿਆਂ ਵਿਚ, ਸਾਡੀਆਂ ਭੂਮਿਕਾਵਾਂ ਇਕ ਦੂਜੇ ਤੋਂ ਬਿਲਕੁਲ ਉਲਟ ਸਨ। ਮੈਨੂੰ ਇੰਝ ਮਹਿਸੂਸ ਹੋਇਆ ਕਿ ਅੰਤ ਵਿਚ ਅਸੀਂ ਦੋਵੇਂ ਜਣੀਆਂ ਦੋ ਅਜਿਹੀਆਂ ਬਾਲਗ ਸਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇਕ ਦੂਜੀ ਨੂੰ ਝੱਲਣਾ ਅਤੇ ਨਜਿੱਠਣਾ ਸੀ। ਬਹੁਤ ਪਹਿਲਾਂ ਹੀ ਮੈਂ ਧੀ ਹੋਣਾ ਤਿਆਗ ਕੇ ਉਨ੍ਹਾਂ ਤੋਂ ਆਪਣੀ ਮਾਂ ਹੋਣ ਦੀ ਉਮੀਦ ਛੱਡ ਚੁੱਕੀ ਸੀ। ਮੈਂ ਉਸ ਤੋਂ ਦੂਰ ਚਲੀ ਗਈ। ਕਿਉਂਕਿ ਜੇਕਰ ਮੈਂ ਅਜਿਹਾ ਨਾ ਕਰਦੀ ਤਾਂ ਟੁੱਟ ਜਾਂਦੀ…ਪਰ ਮੈਂ ਕਦੇ ਨਹੀਂ ਚਾਹਿਆ ਕਿ ਉਹ ਮੇਰੇ ਤੋਂ ਹਾਰ ਜਾਵੇ। ਨਾ ਹੀ ਮੈਂ ਇਹ ਚਾਹੁੰਦੀ ਸੀ ਕਿ ਮੈਂ ਜਿੱਤ ਜਾਵਾਂ। ਮੈਂ ਚਾਹੁੰਦੀ ਸੀ ਕਿ ਉਹ ਇਸ ਦੁਨੀਆ ਤੋਂ ਰਾਣੀ ਵਾਂਗ ਵਿਦਾ ਹੋਵੇ। ਅਤੇ ਉਸ ਨੇ ਇੰਝ ਹੀ ਕੀਤਾ।
ਸਵਾਲ: ਤੁਸੀਂ ਆਪਣੇ ਪਿਤਾ ਨਾਲ ਵੀ ਇੰਝ ਹੀ ਕੀਤਾ, ਜਦੋਂ ਤੁਸੀਂ ਉਸ ਨੂੰ ਪਹਿਲੀ ਵਾਰ ਮਿਲੇ ਤਾਂ ਉਸ ਨੂੰ ਉਵੇਂ ਹੀ ਰਹਿਣ ਦਿੱਤਾ, ਜਿਵੇਂ ਉਹ ਸੀ।
ਜਵਾਬ: ਜਿਵੇਂ ਕਿ ਮੈਂ ਇਸ ਕਿਤਾਬ ਵਿਚ ਲਿਖਿਆ ਹੈ, ਮੈਂ ਪੂਰੀ ਰਾਤ ਆਪਣੇ ਬਾਰੇ ਸੋਚਦੇ ਹੋਏ ਗੁਜ਼ਾਰੀ, ਇਹ ਸੋਚਦੇ ਹੋਏ ਕਿ ਹੇ ਰੱਬਾ, ਮੈਨੂੰ ਕੀ ਚਾਹੀਦਾ ਹੈ ਅਤੇ ਫਿਰ ਸਭ ਕੁਝ ਮੇਰੀ ਕਲਪਨਾ ਤੇ ਉਮੀਦ ਤੋਂ ਪਰੇ ਸੀ। ਮੇਰੀ ਉਮਰ ਉਸ ਸਮੇਂ 25 ਸਾਲ ਸੀ। ਉਦੋਂ ਤੱਕ ਮੈਂ ਇਕ ਅਜਿਹੀ ਸ਼ਖ਼ਸ ਬਣ ਚੁੱਕੀ ਸੀ, ਜਿਸਦੀ ਆਪਣੀ ਰਾਜਨੀਤਿਕ ਸੋਚ ਸੀ। ਜਦੋਂ ਮੈਂ ਉਸ ਨੂੰ ਉਸ ਹਾਲਤ ਵਿਚ ਦੇਖਿਆ- ਪਿਸ਼ਾਬ ਨਾਲ ਲਿੱਬੜੇ ਕੱਪੜੇ, ਥਾਂ-ਥਾਂ ਤੋਂ ਕੱਟੇ ਹੋਏ ਕੰਨ, ਪੂਰੀ ਤਰ੍ਹਾਂ ਹਾਲੋ-ਬੇਹਾਲ, ਤਾਂ ਮੈਨੂੰ ਉਸ ਝਟਕੇ ਤੋਂ ਬਾਹਰ ਆਉਣ ਵਿਚ ਸਿਰਫ਼ ਤਿੰਨ ਸਕਿੰਟ ਲੱਗੇ। ਅਤੇ ਫਿਰ ਅਚਾਨਕ ਮੇਰੇ ਮਨ ਵਿਚ ਆਇਆ- ਸ਼ੁਕਰ ਏ ਰੱਬਾ, ਉਹ ਸੀਈਓ ਨਹੀਂ ਹੈ! ਕਿਉਂਕਿ ਫਿਰ ਉਸ ਨਾਲ ਨਜਿੱਠਣਾ ਮੇਰੇ ਲਈ ਜ਼ਿਆਦਾ ਮੁਸ਼ਕਲ ਹੋਣਾ ਸੀ।
ਸਵਾਲ: ਤੁਸੀਂ ਆਪਣੀ ਮਾਂ ਬਾਰੇ ਲਿਖਿਆ ਹੈ ਕਿ ਉਸ ਨੇ ਆਪਣੇ ਬਾਪ ਦੀ ਹਿੰਸਾ ਤੋਂ ਬਚਣ ਲਈ ਆਪਣੀ ਜ਼ਿੰਦਗੀ ਵਿਚ ਆਉਣ ਵਾਲੇ ਪਹਿਲੇ ਹੀ ਮਰਦ ਨਾਲ ਵਿਆਹ ਕਰ ਲਿਆ ਸੀ। ਇਹ ਗੱਲ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੀ ਹਿੰਸਾ ਬਾਰੇ ਕੀ ਦੱਸਦੀ ਹੈ? ਇਸ ਤਰ੍ਹਾਂ ਦੀ ਹਾਲਤ ਨਾਲ ਕਿਸ ਤਰ੍ਹਾਂ ਦੇ ਸ਼ਖ਼ਸ ਅਤੇ ਸਮਾਜ ਦੀ ਉਸਾਰੀ ਹੁੰਦੀ ਹੈ?
ਜਵਾਬ: ਸਿਰਫ਼ ਏਨਾ ਹੀ ਨਹੀਂ ਕਿ ਮੇਰੀ ਮਾਂ ਨੇ ਆਪਣੇ ਬਾਪ ਦੀ ਹਿੰਸਾ ਝੱਲੀ, ਸਗੋਂ ਉਸ ਹਿੰਸਾ ਨੇ ਉਸ ਦੇ ਅੰਦਰ ਆਪਣੀ ਪੱਕੀ ਜਗ੍ਹਾ ਬਣਾ ਲਈ ਸੀ। ਉਸ ਨੇ ਉਸਨੂੰ ਆਤਮਸਾਤ ਕਰ ਲਿਆ ਸੀ। ਇਹ ਮਹਿਜ਼ ਉਸ ਹਿੰਸਾ ਦਾ ਪ੍ਰਤੀਕਰਮ ਨਹੀਂ ਸੀ। ਸਗੋਂ ਉਹ ਖੁਦ ਵੀ ਉਹੋ ਜਹੀ ਹੀ ਬਣ ਗਈ ਸੀ। ਮੈਨੂੰ ਚੇਤੇ ਹੈ ਕਿ ਕਿਵੇਂ ਮੇਰੇ ਦੋਵੇਂ ਭਰਾ ਅਤੇ ਮੈਂ, ਤਿੰਨੋਂ ਹੀ ਇਹ ਸੁਚੇਤ ਯਤਨ ਕਰਦੇ ਰਹਿੰਦੇ ਸਾਂ ਕਿ ਅਸੀਂ ਉਸ ਹਿੰਸਾ ਨੂੰ ਨਾ ਦੁਹਰਾਈਏ। ਪਰ ਮੇਰਾ ਮੰਨਣਾ ਹੈ ਕਿ ਪੀੜ੍ਹੀਗਤ ਹਿੰਸਾ ਅਤੇ ਸਦਮੇ ਸੱਚੀਂ-ਮੁੱਚੀਂ ਦਾ ਵਰਤਾਰਾ ਹਨ। ਇਹ ਸਿਰਫ਼ ਪਰਿਵਾਰ ਦੇ ਅੰਦਰ ਹੀ ਨਹੀਂ ਹੁੰਦਾ ਸਗੋਂ ਜਾਤਪਾਤੀ, ਨਸਲੀ ਅਤੇ ਧਾਰਮਿਕ, ਸਾਰੇ ਪੱਧਰਾਂ ‘ਤੇ ਮੌਜੂਦ ਹੁੰਦਾ ਹੈ।
ਕਈ ਵਾਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਆਪਣੇ ਸਰੀਰ ਦੇ ਜਾਲ ਵਿਚ ਹੀ ਫਸੇ ਹੋਏ ਹੋ। ਮੈਨੂੰ ਇੰਝ ਲੱਗਦਾ ਹੈ ਕਿ ਜੇਕਰ ਹਿੰਸਾ ਹੁੰਦੀ ਆ ਰਹੀ ਹੈ ਅਤੇ ਤੁਸੀਂ ਉਸ ਤੋਂ ਭਾਵਨਾਤਮਕ, ਸਰੀਰਕ, ਲਿੰਗਕ ਜਾਂ ਸਮਾਜਿਕ ਕਿਸੇ ਵੀ ਪੱਧਰ ‘ਤੇ ਪੀੜਤ ਰਹੇ ਹੋ ਤਾਂ ਉਸ ਹਾਲਤ ਵਿਚ ਖੁਦ ਨੂੰ ਇਕ ਪੀੜਤ ਵਜੋਂ ਨਾ ਦੇਖਣ ਲਈ ਤੁਹਾਨੂੰ ਬਹੁਤ ਤਾਕਤ ਜੁਟਾਉਣੀ ਪੈਂਦੀ ਹੈ। ਜਿਉਂ ਹੀ ਤੁਸੀਂ ਖੁਦ ਨੂੰ ਇਕ ਪੀੜਤ ਮੰਨ ਲੈਂਦੇ ਹੋ, ਤੁਹਾਡੀਆਂ ਸੀਮਾਵਾਂ ਤੈਅ ਹੋ ਜਾਂਦੀਆਂ ਹਨ। ਜਿਵੇਂ ਕਿ ਸਾਡੀਆਂ ਸਮਾਜਿਕ ਬਣਤਰਾਂ ਹਨ, ਉਨ੍ਹਾਂ ਵਿਚ ਇਹ ਕਰ ਸਕਣਾ ਸੌਖਾ ਨਹੀਂ ਹੈ। ਭਾਵੇਂ ਤੁਸੀਂ ਮੁਸਲਮਾਨ ਹੋ, ਔਰਤ ਹੋ ਜਾਂ ਕੁਝ ਹੋਰ, ਅੱਜ ਦੇ ਭਾਰਤ ਵਿਚ ਤਾਂ ਇਹ ਹੋਰ ਵੀ ਮੁਸ਼ਕਲ ਹੈ। ਪਰ ਮੁਸ਼ਕਲ ਹੋਣ ਦੇ ਬਾਵਜੂਦ, ਇਹੀ ਉਹ ਕੰਮ ਹੈ ਜੋ ਤੁਸੀਂ ਕਰਨਾ ਹੈ। ਕੋਈ ਹੋਰ ਆ ਕੇ ਤੁਹਾਨੂੰ ਇਸ ’ਚੋਂ ਬਾਹਰ ਨਹੀਂ ਕੱਢ ਸਕਦਾ।
ਸਵਾਲ: ਤੁਹਾਡੀ ਸ਼ਖ਼ਸੀਅਤ ਬਹੁਤ ਵੱਡੀ ਹੈ। ਭਲਾ ਕਿਸਨੇ ਸੋਚਿਆ ਹੋਵੇਗਾ ਕਿ ਇਕ ਨਿੱਕੇ ਜਿਹੇ ਸ਼ਹਿਰ ਤੋਂ ਵੱਡੇ ਸ਼ਹਿਰ ਵਿਚ ਖੁਦ ਨੂੰ ਸਥਾਪਤ ਕਰਨ ਦੇ ਦੌਰਾਨ ਤੁਹਾਡੇ ਵੀ ਆਪਣੇ ਸੰਘਰਸ਼ ਰਹੇ ਹਨ। ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ: ਸੱਚੀ ਆਜ਼ਾਦੀ, ਸੱਚੀ ਸੁਤੰਤਰਤਾ ਦੀ ਖੋਜ ਸਦਾ ਮੇਰਾ ਰਾਹ-ਦਰਸਾਵਾ ਰਹੀ ਹੈ। ਜ਼ਾਹਿਰ ਹੈ, ਘਰ ਵਿਚ ਜੋ ਕੁਝ ਹੋ ਰਿਹਾ ਸੀ ਉਸ ਤੋਂ ਆਜ਼ਾਦੀ। ਲੋਕ ਕਹਿੰਦੇ ਹਨ –‘ਤੂੰ ਕਿੰਨੀ ਬਹਾਦਰ ਸੀ।’ ਪਰ ਮੈਂ ਕਹਿੰਦੀ ਹਾਂ, ‘ਨਹੀਂ, ਮੈਂ ਬਹਾਦਰ ਨਹੀਂ ਸੀ। ਮੇਰੇ ਕੋਲ ਕੋਈ ਹੋਰ ਬਦਲ ਹੀ ਨਹੀਂ ਸੀ। ਮੇਰੇ ਸਾਹਮਣੇ ਜਾਂ ਤਾਂ ਟੁੱਟ ਕੇ ਬਿਖਰ ਜਾਣ ਦਾ ਬਦਲ ਸੀ ਜਾਂ ਫਿਰ ਉੱਥੋਂ ਬਾਹਰ ਨਿਕਲ ਜਾਣ ਦਾ ਰਾਹ।’ ਇਸ ਲਈ ਇਹ ਬਹਾਦਰੀ ਨਹੀਂ ਸੀ, ਇਸਨੂੰ ਤੁਸੀਂ ਮਜਬੂਰੀ ਕਹਿ ਸਕਦੇ ਹੋ। ਪਰ ਇਕ ਵਾਰ ਜਦੋਂ ਤੁਸੀਂ ਉਹ ਰਾਹ ਚੁਣ ਲੈਂਦੇ ਹੋ ਤਾਂ ਕਿਉਂ ਦਾ ਸਵਾਲ ਤੁਹਾਡੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਅਤੇ ਇਸ ਕਿਉਂ ਦੇ ਜਵਾਬ ਵਿਚ ਮੈਂ ਕਹਿੰਦੀ ਹਾਂ ਕਿਉਂਕਿ ਮੈਂ ਖੁਸ਼ ਹੋਣਾ ਚਾਹੁੰਦੀ ਹਾਂ, ਕਿਉਂਕਿ ਮੈਂ ਦੁੱਖ ਨਹੀਂ ਝੱਲਣਾ ਚਾਹੁੰਦੀ।
ਇਹ ਇਕ ਤਰ੍ਹਾਂ ਨਾਲ ਮੇਰੇ ਦਿਮਾਗ ਵਿਚ ਲਗਾਤਾਰ ਚੱਲਣ ਵਾਲੀ ਖੋਜ ਰਹੀ ਹੈ। ਇੰਝ ਲੱਗਦਾ ਹੈ ਜਿਵੇਂ ਮੇਰੇ ਦਿਮਾਗ ਵਿਚ ਕੁਝ ਰਸਾਇਣਕ ਪ੍ਰਤੀਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਮੈਂ ਉਨ੍ਹਾਂ ਦੀ ਗੰਧ ਦਾ ਪਿੱਛਾ ਕਰਦੀ ਹੋਈ ਹੀ ਆਜ਼ਾਦੀ ਤਲਾਸ਼ਦੀ ਰਹਿੰਦੀ ਹਾਂ। ਇਸਦਾ ਮਤਲਬ ਹੈ ਲਗਾਓ ਤੋਂ ਪੈਦਾ ਹੋਣ ਵਾਲੇ ਬੰਧਨਾਂ ਤੋਂ ਆਜ਼ਾਦ ਹੋਣਾ। ਮਾਇਆ ਦੇ ਲੋਭ ਤੋਂ, ਹਮੇਸ਼ਾ ਮਸ਼ਹੂਰ ਬਣੇ ਰਹਿਣ ਦੀ ਚਾਹਤ ਤੋਂ, ਜਾਂ ਹਮੇਸ਼ਾ ਜਵਾਨ ਦਿਸਣ ਦੀ ਚਾਹ ਤੋਂ- ਇੱਥੋਂ ਤੱਕ ਕਿ ਬੋਟਾਕਸ ਲਗਾ ਕੇ ਜਵਾਨੀ ਬਣਾਈ ਰੱਖਣ ਦੀ ਕੋਸ਼ਿਸ਼ ਤੋਂ ਵੀ ਮੁਕਤ ਹੋਣਾ। ਮੈਂ ਇਹ ਸਭ ਨਹੀਂ ਚਾਹੁੰਦੀ। ਮੈਂ ਸਿਰਫ਼ ਬਣੀ ਰਹਿਣਾ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਕਿ ਮੈਂ ਜਿਵੇਂ ਹਾਂ, ਮੈਨੂੰ ਉਵੇਂ ਰਹਿਣ ਦਿੱਤਾ ਜਾਵੇ।
ਸਵਾਲ: ਤੁਸੀਂ ਕਈ ਵਾਰ ਇਹ ਜ਼ਿਕਰ ਕਰਦੇ ਹੋ ਕਿ ‘ਮੈਂ ਆਪਣੀ ਸਭ ਤੋਂ ਮਹਿਫੂਜ਼ ਜਗ੍ਹਾ ਨੂੰ ਸਭ ਤੋਂ ਖ਼ਤਰਨਾਕ ਬਣਾ ਦਿੰਦੀ ਹਾਂ। ਅਤੇ ਜਦੋਂ ਉਹ ਜਗ੍ਹਾ ਖ਼ਤਰਨਾਕ ਨਹੀਂ ਹੁੰਦੀ, ਤਾਂ ਵੀ ਮੈਂ ਉਸਨੂੰ ਵੈਸਾ ਹੀ ਬਣਾ ਲੈਂਦੀ ਹਾਂ।’ ਇਸਦਾ ਕੀ ਭਾਵ ਹੈ?
ਜਵਾਬ: ਜਦੋਂ ਤੁਹਾਡਾ ਬਚਪਨ ਪੂਰੀ ਤਰ੍ਹਾਂ ਅਸੁਰੱਖਿਅਤ ਰਿਹਾ ਹੋਵੇ…ਕਹਿਣ ਦਾ ਭਾਵ, ਮੰਨ ਲਓ ਤੁਹਾਡੀ ਜ਼ਿੰਦਗੀ ਕਸ਼ਮੀਰ ਵਿਚ ਗੁਜ਼ਰੀ ਹੋਵੇ ਜਾਂ ਤੁਸੀਂ ਸੜਕਾਂ ‘ਤੇ ਹੀ ਜ਼ਿੰਦਗੀ ਗੁਜ਼ਾਰੀ ਹੋਵੇ ਅਤੇ ਅਜਿਹੇ ਹਾਲਾਤ ਵਿਚ ਤੁਹਾਨੂੰ ਬਾਹਰੀ ਚੀਜ਼ਾਂ ਦਾ ਖ਼ਤਰਾ ਹੁੰਦਾ ਹੈ। ਪਰ ਜਦੋਂ ਉਹ ਖ਼ਤਰਾ ਖੁਦ ਤੁਹਾਡੀ ਮਾਂ ਹੀ ਹੋਵੇ ਤਾਂ ਮਾਮਲਾ ਬਿਲਕੁਲ ਵੱਖਰਾ ਹੋ ਜਾਂਦਾ ਹੈ। ਫਿਰ ਤੁਹਾਡਾ ਕਿਸੇ ਵੀ ਚੀਜ਼ ‘ਤੇ ਭਰੋਸਾ ਨਹੀਂ ਬੱਝਦਾ। ਮੈਂ ਹਮੇਸ਼ਾ ਹੀ ਅਸੁਰੱਖਿਆ ਵੱਲ ਖਿੱਚੀ ਚਲੀ ਜਾਂਦੀ ਹਾਂ। ਮੈਂ ਅਸੁਰੱਖਿਆ ਨੂੰ ਬਹੁਤ ਸੌਖਿਆਂ ਸਮਝ ਲੈਂਦੀ ਹਾਂ। ਇਹ ਸੁਖੀ ਪਰਿਵਾਰ ਵਰਗੀ ਬਕਵਾਸ ਧਾਰਨਾ ਮੇਰੇ ਪੱਲੇ ਨਹੀਂ ਪੈਂਦੀ। ਇਸ ਲਈ ਕਈ ਵਾਰ, ਜਦੋਂ ਕੋਈ ਰਿਸ਼ਤਾ ਬਹੁਤ ਸੁਰੱਖਿਅਤ ਦਿਸ ਰਿਹਾ ਹੁੰਦਾ ਹੈ ਤਾਂ ਮੈਨੂੰ ਘੁਟਣ ਮਹਿਸੂਸ ਹੋਣ ਲੱਗਦੀ ਹੈ। ਮੇਰਾ ਦਿਮਾਗ ਉਸ ‘ਖ਼ਤਰੇ’ ਨੂੰ ਲੱਭਣ ਵਿਚ ਜੁੱਟ ਜਾਂਦਾ ਹੈ। ਜਿਵੇਂ, ਮੈਂ ਸੋਚਣ ਲੱਗ ਜਾਂਦੀ ਹਾਂ ‘ਖ਼ਤਰਾ ਕਿੱਥੇ ਹੈ? ਮੈਨੂੰ ਇੱਥੋਂ ਨਿਕਲਣਾ ਹੋਵੇਗਾ!’
ਸਵਾਲ: ਇਸ ਪ੍ਰਸੰਗ ’ਚ ਪਿਆਰ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? ਸਿਰਫ਼ ਮਨੁੱਖਾਂ ਤੋਂ ਹੀ ਨਹੀਂ ਬਲਕਿ ਉਨ੍ਹਾਂ ਜੀਵਾਂ ਤੋਂ ਵੀ, ਜਿਨ੍ਹਾਂ ਦਾ ਜ਼ਿਕਰ ਤੁਸੀਂ ਆਪਣੀ ਕਿਤਾਬ ਵਿਚ ਕੀਤਾ ਹੈ- ਕਾਟੋਆਂ, ਕੁੱਤਿਆਂ, ਖਿੜਕੀ ’ਚੋਂ ਦਿਸਣ ਵਾਲੇ ਪੇੜ-ਪੌਦਿਆਂ ਤੋਂ ਵੀ?
ਜਵਾਬ: ਮੈਨੂੰ ਲੱਗਦਾ ਹੈ ਕਿ ਇਹ ਇਕ ਬਦਲ ਹੈ ਜੋ ਇਨਸਾਨ ਖੁਦ ਚੁਣਦਾ ਹੈ। ਇਕ ਪਰੰਪਰਾਗਤ ਪਿਆਰ ਹੁੰਦਾ ਹੈ- ਜਿਵੇਂ ਮਾਂ-ਬਾਪ ਦਾ, ਪੁੱਤਰ ਦਾ, ਜਾਂ ਬੱਚਿਆਂ ਦਾ। ਪਰ, ਜੇਕਰ ਇਹ ਤੁਹਾਡੇ ਹਿੱਸੇ ਨਹੀਂ ਆਇਆ ਹੈ ਜਾਂ ਫਿਰ ਤੁਸੀਂ ਇਹ ਨਹੀਂ ਚੁਣਿਆ ਹੈ ਤਾਂ ਫਿਰ ਕੀ ਤੁਸੀਂ ਆਪਣੀ ਪੂਰੀ ਜ਼ਿੰਦਗੀ ਤਲਖ਼ੀ ਵਿਚ ਗੁਜ਼ਾਰ ਦਿਓਗੇ? ਜਾਂ ਤੁਸੀਂ ਉਸ ’ਚੋਂ ਬਾਹਰ ਨਿਕਲ ਕੇ ਆਪਣੇ ਲਈ ਇਕ ਐਸੀ ਭਰਪੂਰ ਦੁਨੀਆ ਦੀ ਖੋਜ ਕਰੋਗੇ ਜਿਸ ਵਿਚ ਦੋਸਤ ਹੋਣਗੇ, ਕੁਦਰਤ ਹੋਵੇਗੀ, ਇਕ ਵੱਖਰਾ ਅਤੇ ਨਵਾਂ ਸੰਸਾਰ ਹੋਵੇਗਾ, ਜੋ ਸਹਿਜੇ-ਸਹਿਜੇ ਤੁਹਾਡੀ ਬਹੁਤ ਪਿਆਰੀ ਅਤੇ ਨਿੱਜੀ ਸ਼ੈਅ ਬਣ ਜਾਵੇਗੀ। ਮੇਰੇ ਲਈ ਤਾਂ ਸਿਆਸਤ ਨਾਲ ਜੁੜੇ ਉਹ ਵਿਸ਼ੇ ਵੀ ਅਜਿਹੀਆਂ ਹੀ ਚੀਜ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ ਜਿਨ੍ਹਾਂ ਬਾਰੇ ਅਤੇ ਜਿਨ੍ਹਾਂ ਉੱਪਰ ਮੈਂ ਲਿਖਦੀ ਰਹਿੰਦੀ ਹਾਂ। ਜਾਂ ਇਹ ਕਿਤਾਬ, ਜੋ ਗਾਜ਼ਾ ਦੇ ਪਿਛੋਕੜ ਵਿਚ ਲਿਖੀ ਗਈ ਹੈ- ਇਹ ਮੇਰੇ ਲਈ ਉਨੀ ਹੀ ਵਿਅਕਤੀਗਤ ਹੈ, ਜਿੰਨੀ ਕੋਈ ਹੋਰ ਸ਼ੈਅ ਹੋ ਸਕਦੀ ਹੈ। ਅਤੇ ਖ਼ਾਸ ਕਰਕੇ ਔਰਤਾਂ ਨੂੰ ਮੈਂ ਕਿਸੇ ਤਰ੍ਹਾਂ ਦਾ ਉਪਦੇਸ਼ ਨਹੀਂ ਦਿੰਦੀ ਕਿ ‘ਇਹ ਨਾ ਕਰੋ’, ‘ਵਿਆਹ ਨਾ ਕਰੋ’। ਨਹੀਂ। ਪਰ ਹਾਂ, ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਹੋਰ ਵੀ ਬਹੁਤ ਸਾਰੇ ਰਾਹ ਹਨ। ਜ਼ਿੰਦਗੀ ਜਿਉਣ ਦੇ ਹੋਰ ਬਥੇਰੇ ਤਰੀਕੇ ਹਨ। ਉਨ੍ਹਾਂ ਤੈਅਸ਼ੁਦਾ ਛੋਟੇ-ਛੋਟੇ ਨਕਸ਼ਿਆਂ ਤੋਂ ਵੱਖਰੇ, ਜੋ ਸਮਾਜ ਤੁਹਾਡੇ ਹੱਥ ਵਿਚ ਫੜਾ ਦਿੰਦਾ ਹੈ।
ਸਵਾਲ: ਤੁਸੀਂ ਕਿਤਾਬ ਵਿਚ ਜ਼ਿਕਰ ਕੀਤਾ ਹੈ ਕਿ ਕਿਵੇਂ ਬੁੱਕਰ ਪੁਰਸਕਾਰ ਮਿਲਣ ਤੋਂ ਬਾਅਦ ਲੋਕ ਦ ਗਾਡ ਆਫ਼ ਸਮਾਲ ਥਿੰਗਜ਼ ਬਾਰੇ ਤਰ੍ਹਾਂ-ਤਰ੍ਹਾਂ ਨਾਲ ਗੱਲ ਕਰਨ ਲੱਗੇ ਅਤੇ ਉਸਨੂੰ ਉਸਦੀ ਸਿਆਸਤ ਤੋਂ ਵੱਖਰਾ ਕਰਨ ਲੱਗੇ। ਕੀ ਕੋਈ ਐਸੀ ਮਸ਼ੀਨਰੀ ਕੰਮ ਕਰ ਰਹੀ ਹੈ ਜੋ ਸਾਹਿਤ ’ਚੋਂ ਸਿਆਸਤ ਜਾਂ ਜ਼ਮੀਨੀ ਹਕੀਕਤ ਨੂੰ ਮਿਟਾਉਣਾ ਚਾਹੁੰਦੀ ਹੈ?
ਜਵਾਬ: ਮੈਨੂੰ ਲੱਗਦਾ ਹੈ ਕਿ ਨਿਸ਼ਚਿਤ ਤੌਰ ‘ਤੇ ਹੀ ਅਜਿਹਾ ਕੁਝ ਹੈ। ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਇਹ ਹਮੇਸ਼ਾ ਹੀ ਕਾਰਗਰ ਹੁੰਦਾ ਹੈ ਪਰ ਹਾਂ ਕੋਸ਼ਿਸ਼ਾਂ ਜ਼ਰੂਰ ਹੁੰਦੀਆਂ ਰਹਿੰਦੀਆਂ ਹਨ। ਪੰਜ-ਛੇ ਸਾਲ ਪਹਿਲਾਂ, ਲੋਕਾਂ ਦੀ ਸ਼ਾਇਦ ਅਜਿਹੀ ਸਮਝ ਸੀ ਕਿ ਸਾਹਿਤ ਕੁਝ ਹੋਰ ਹੈ ਅਤੇ ਸਿਆਸਤ ਕੁਝ ਹੋਰ। ਹੁਣ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਬਦਲ ਗਈਆਂ ਹਨ ਕਿਉਂਕਿ ਪੂਰੀ ਦੀ ਪੂਰੀ ਦੁਨੀਆ ਹੀ ਇਕ ਵੱਖਰੇ ਦੇਸ-ਕਾਲ ਵਿਚ ਜਾ ਚੁੱਕੀ ਹੈ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਹਾਂ ਕਿ ਸਾਹਿਤ ਅਤੇ ਸਿਆਸਤ ਨੂੰ ਦੋ ਵੱਖ-ਵੱਖ ਚੀਜ਼ ਮੰਨਣ ਵਾਲੇ ਸਾਹਿਤਕਾਰਾਂ, ਲੇਖਕਾਂ ਦਾ ਇਕ ਪੂਰਾ ਸਮੂਹ ਸੀ, ਪਰ ਅਸਲੀਅਤ ਇਹ ਹੈ ਕਿ ਭਾਵੇਂ ਤੁਸੀਂ ਕਿੰਨਾ ਵੀ ਸੋਚੋ ਕਿ ਤੁਸੀਂ ਗੈਰ-ਸਿਆਸੀ ਲਿਖ ਰਹੇ ਹੋ, ਤੁਹਾਡੀ ਸਿਆਸਤ ਤਾਂ ਉਸ ਵਿਚੋਂ ਝਲਕ ਹੀ ਪੈਂਦੀ ਹੈ।
ਸਵਾਲ: ਸੰਨ 2000 ਦੇ ਦਹਾਕੇ ਵਿਚ ਜਦੋਂ ਤੁਸੀਂ ਲੋਕਾਂ ਦੇ ਅੰਦੋਲਨਾਂ ਦੀ ਗੱਲ ਕਰ ਰਹੇ ਸੀ ਤਾਂ ਤੁਹਾਡੇ ‘ਤੇ ‘ਸੈਲੀਬ੍ਰਿਟੀ’ ਹੋਣ ਦਾ ਇਲਜ਼ਾਮ ਲੱਗਦਾ ਸੀ। ਪਰ ਹੁਣ ਅਸੀਂ ਸਾਰੇ ਇਕ ਅਜਿਹੀ ਦੁਨੀਆ ਵਿਚ ਜੀ ਰਹੇ ਹਾਂ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦਾ ਦਬਦਬਾ ਹੈ, ਅਤੇ ਹੁਣ ਹਰ ਕੋਈ ਸੈਲੀਬ੍ਰਿਟੀ ਹੋਣਾ ਚਾਹੁੰਦਾ ਹੈ। ਅਜਿਹੇ ਹਾਲਾਤ ਵਿਚ ਤੁਸੀਂ ਇਸ ਨਵੀਂ ਦੁਨੀਆ ਦਾ ਮੁਲਾਂਕਣ ਕਿਵੇਂ ਕਰਦੇ ਹੋ? ਉਸਨੂੰ ਕਿਵੇਂ ਦੇਖਦੇ ਹੋ?
ਜਵਾਬ: ਜਦੋਂ ਮੈਂ ‘ਦ ਗਾਡ ਆਫ ਸਮਾਲ ਥਿੰਗਜ਼’ ਲਿਖਿਆ, ਤਾਂ ਇਕਦਮ ਤਕਰੀਬਨ ਸਾਰੇ ਹੀ ਰਸਾਲਿਆਂ ਦੇ ਮੁੱਖ ਪੰਨੇ ‘ਤੇ ਮੇਰੀ ਤਸਵੀਰ ਛਪਣ ਲੱਗੀ ਅਤੇ ਮੈਂ ਇਕ ਸੈਲੀਬ੍ਰਿਟੀ ਬਣ ਗਈ। ਉਸ ਤੋਂ ਬਾਅਦ ਜਦੋਂ ਮੈਂ ‘ਦ ਐਂਡ ਆਫ ਇਮੇਜਿਨੇਸ਼ਨ’ ਲਿਖਿਆ ਅਤੇ ਨਰਮਦਾ ‘ਤੇ ਲਿਖਣ ਲੱਗੀ ਤਾਂ ਗੁੱਸੇ ਦੀ ਇਹ ਲਹਿਰ ਉੱਠ ਖੜ੍ਹੀ।
ਤੁਹਾਨੂੰ ਅਜਿਹੇ ਦੌਰ ’ਚੋਂ ਲੰਘਣਾ ਪੈਂਦਾ ਹੈ ਜਦੋਂ ਲੋਕ ਤੁਹਾਨੂੰ ਗ਼ਲਤ ਸਮਝ ਲੈਂਦੇ ਹਨ, ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਕੁਨਾਂ ਦੇਣ ਲੱਗਦੇ ਹਨ, ਤੁਹਾਡੇ ਇਰਾਦਿਆਂ ‘ਤੇ ਸਵਾਲ ਉਠਾਉਣ ਲੱਗਦੇ ਹਨ। ਮੈਨੂੰ ਲੱਗਦਾ ਹੈ ਕਿ ਮੇਰੀ ਮਾਂ ਮੇਰੀ ਰਾਏ ਨਾਲ ਰਹਿਣ ਦੇ ਦੌਰਾਨ ਜੋ ਸਿਖਲਾਈ ਮਿਲੀ ਉਸ ਨਾਲ ਮੈਨੂੰ ਆਪਣੇ ਹਿੱਸੇ ਦੇ ਇਸ ਦੌਰ ’ਚੋਂ ਨਿਕਲਣ ਵਿਚ ਮੱਦਦ ਮਿਲੀ। ਮੈਂ ਠਾਣ ਲਿਆ ਕਿ ਮੈਂ ਸਿਰਫ਼ ਉਹੀ ਕਰਦੀ ਰਹਾਂਗੀ ਜੋ ਮੈਂ ਕਰਨਾ ਹੈ, ਉਦੋਂ ਤੱਕ, ਜਦ ਤੱਕ ਲੋਕ ਥੱਕ ਨਾ ਜਾਣ, ਅੱਕ ਨਾ ਜਾਣ, ਜਾਂ ਫਿਰ ਘੱਟੋਘੱਟ ਇਸ ਗੱਲ ਨੂੰ ਨਾ ਸਮਝ ਲੈਣ ਕਿ ਉਨ੍ਹਾਂ ਵੱਲੋਂ ਲਗਾਏ ਇਲਜ਼ਾਮ ਸੱਚ ਨਹੀਂ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਉਹ ਲੇਖ ਲਿਖ ਰਹੀ ਸੀ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਵੇਗਾ। ਪਰ ਉਂਝ ਵੀ ਮੈਂ ਪਸੰਦ ਕੀਤੇ ਜਾਣ ਲਈ ਨਹੀਂ ਲਿਖ ਰਹੀ ਸੀ। ਉਸ ਸਮੇਂ ਲਾਈਕ ਬਟਨ ਵਰਗੀ ਕੋਈ ਚੀਜ਼ ਨਹੀਂ ਸੀ ਹੁੰਦੀ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਕਦੇ ਅਜਿਹਾ ਜ਼ਮਾਨਾ ਵੀ ਸੀ। ਕਿਉਂਕਿ ਅੱਜ ਤਾਂ ਭਾਵੇਂ ਤੁਸੀਂ ਮੁਤਵਾਜ਼ੀ ਮੀਡੀਆ ਵਿਚ ਹੀ ਕਿਉਂ ਨਾ ਹੋਵੋ, ਤੁਹਾਡੇ ਲਈ ਜ਼ਰੂਰੀ ਹੁੰਦਾ ਹੈ ਤੁਸੀਂ ਲੋਕਾਂ ਨੂੰ ਪਸੰਦ ਆਵੋ, ਇਹ ਇਕ ਤਰ੍ਹਾਂ ਦੀ ਮਜਬੂਰੀ ਹੋ ਗਈ ਹੈ। ਤੁਹਾਨੂੰ ਕਿਸੇ ਨਾ ਕਿਸੇ ਸਮੂਹ ਦਾ ਹਿੱਸਾ ਬਣਨਾ ਹੀ ਪੈਂਦਾ ਹੈ। ਜਦਕਿ ਓਦੋਂ ਮੈਂ ਇਸ ਸਭ ਕਾਸੇ ਤੋਂ ਅਟੰਕ ਸੀ– ਮੈਂ ਤਾਂ ਬਸ ਉਹੀ ਕਹਿ ਰਹੀ ਸੀ ਜੋ ਮੈਨੂੰ ਸਹੀ ਲੱਗਦਾ ਸੀ।
ਹੁਣ ਹਾਲਾਤ ਬਦਲ ਗਏ ਹਨ, ਆਨਲਾਈਨ ਦੇ ਕਾਰਨ ਇਕ ਪੱਧਰ ‘ਤੇ ਲੋਕਤੰਤਰੀਕਰਨ ਤਾਂ ਹੋਇਆ ਹੈ। ਪਰ ਇਹ ਵੀ ਸੱਚ ਹੈ ਕਿ ਇਹ ਕਾਰਪੋਰੇਟ ਸਪੇਸ ਹੈ ਜੋ ਪੂਰੀ ਤਰ੍ਹਾਂ ਕਾਰਪੋਰੇਟ ਦੇ ਕੰਟਰੋਲ ’ਚ ਹੈ। ਸਭ ਨੂੰ ਆਨਲਾਈਨ ਧੱਕ ਦਿੱਤਾ ਜਾਂਦਾ ਹੈ, ਅਤੇ ਫਿਰ ਮਹੀਨਿਆਂ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਜਾਂਦਾ ਹੈ। ਜਿਵੇਂ ਕਸ਼ਮੀਰ ਵਿਚ ਕੀਤਾ ਗਿਆ। ਇਹ ਤਾਂ ਇੰਝ ਹੈ ਕਿ ਤੁਸੀਂ ਆਰਥਕ ਤੌਰ ‘ਤੇ, ਮੀਡੀਆ ਦੇ ਪੱਧਰ ‘ਤੇ ਸਭ ਨੂੰ ਆਨਲਾਈਨ ਜਾਣ ਲਈ ਮਜਬੂਰ ਕਰ ਦਿੰਦੇ ਹੋ ਅਤੇ ਫਿਰ ਉਸਨੂੰ ਆਪਣੇ ਕੰਟਰੋਲ ਵਿਚ ਲੈ ਲੈਂਦੇ ਹੋ। ਅਤੇ ਜਿਵੇਂ ਹੀ ਚੀਜ਼ਾਂ ਤੁਹਾਡੀ ਪਸੰਦ ਤੋਂ ਅਲੱਗ ਹੋਣ ਲੱਗਦੀਆਂ ਹਨ, ਤੁਸੀਂ ਉਨ੍ਹਾਂ ਨੂੰ ਸਵਿੱਚ ਆਫ ਕਰ ਦਿੰਦੇ ਹੋ। ਅਤੇ ਅਸੀਂ ਸਾਰੇ ਸੋਚਦੇ ਰਹਿੰਦੇ ਹਾਂ ਕਿ ਇਹ ਸਾਰਾ ਕੁਝ ਆਜ਼ਾਦ ਹੈ ਅਤੇ ਅਜਿਹਾ ਹੋਰ ਕੁਝ।
ਸਵਾਲ: ਕਿਤਾਬ ਵਿਚ ਤੁਸੀਂ ਲਿਖਿਆ ਹੈ ਕਿ ਤੁਸੀਂ ਇਕੱਲੇ ਬਹਿ ਕੇ ਸੋਚਣਾ ਚਾਹੁੰਦੇ ਸੀ। ਪਰ ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਕੋਈ ਇਕੱਲੇ ਰਹਿ ਕੇ ਕਿਹੋ ਜਿਹਾ ਸੋਚ ਸਕਦਾ ਹੈ?
ਜਵਾਬ: ਮੈਂ ਤਾਂ ਕਹਾਂਗੀ ਕਿ ਹਫ਼ਤੇ ਵਿਚ ਘੱਟੋ-ਘੱਟ ਕੁਝ ਦਿਨ ਤਾਂ ਇਸਨੂੰ ਪੂਰੀ ਤਰ੍ਹਾਂ ਸਵਿੱਚ ਆਫ ਕਰ ਦੇਣਾ ਚਾਹੀਦਾ ਹੈ। ਮੈਂ ਸੋਸ਼ਲ ਮੀਡੀਆ ਦੇ ਖਿæਲਾਫ਼ ਨਹੀਂ ਹਾਂ। ਮੈਂ ਫੇਸਬੁੱਕ ਜਾਂ ਕਿਸੇ ਹੋਰ (ਮਾਰਕ ਜ਼ੁਕਰਬਰਗ ਦੀ ਸਿਆਸਤ ਵੱਖਰੀ ਗੱਲ ਹੈ) ਦੇ ਖਿæਲਾਫ਼ ਨਹੀਂ ਹਾਂ। ਮੇਰੇ ਸੋਸ਼ਲ ਮੀਡੀਆ ਉੱਪਰ ਨਾ ਹੋਣ ਦਾ ਕਾਰਨ ਨੈਤਿਕ ਨਿਰਣਾ ਨਹੀਂ ਹੈ। ਮੈਂ ਸੋਸ਼ਲ ਮੀਡੀਆ ‘ਤੇ ਇਸ ਲਈ ਨਹੀਂ ਹਾਂ ਕਿਉਂਕਿ ਮੈਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਮੇਰਾ ਦਿਮਾਗ ਹਮੇਸ਼ਾ ਹੀ ਬੇਵਜਾ੍ਹ ਦੇ ਸ਼ੋਰ ਨਾਲ ਭਰਿਆ ਰਹੇਗਾ, ਅਤੇ ਇਹ ਵੀ ਕਿ ਮੈਨੂੰ ਰੁਕਣ ਤੇ ਰੁਕ ਕੇ ਸੋਚਣ ਤੱਕ ਦਾ ਸਮਾਂ ਵੀ ਨਹੀਂ ਮਿਲੇਗਾ। ਕਿਉਂਕਿ ਜਦੋਂ ਤੁਸੀਂ ਇਕੱਲੇ ਵੀ ਹੁੰਦੇ ਹੋ, ਤਾਂ ਵੀ ਤੁਸੀਂ ਕਦੇ ਇਕੱਲੇ ਨਹੀਂ ਹੁੰਦੇ। ਜਿਵੇਂ ਕਿ ਮੈਂ ਆਪਣੀ ਕਿਤਾਬ ਵਿਚ ਲਿਖਿਆ ਹੈ, ਮੇਰਾ ਬਚਪਨ ਨਦੀ ਕਿਨਾਰੇ ਬੀਤਿਆ, ਕਾਟੋਆਂ ਨਾਲ, ਜਿੱਥੇ ਨਾ ਤਾਂ ਕੋਈ ਦੁਕਾਨ ਸੀ ਤੇ ਨਾ ਹੀ ਰੈਸਤਰਾਂ ਅਤੇ ਨਾ ਹੀ ਕੋਈ ਸਿਨੇਮਾ ਹਾਲ, ਫ਼ੋਨ ਵੀ ਨਹੀਂ ਸੀ। ਇਹੀ ਮੇਰੀ ਸ਼ਖਸੀਅਤ ਦੀ ਬੁਨਿਆਦ ਹੈ, ਅਤੇ ਮੈਂ ਮੰਨਦੀ ਹਾਂ ਕਿ ਇਹ ਮੇਰਾ ਸੁਭਾਗ ਸੀ। ਅੱਜ ਤਾਂ ਲੋਕਾਂ ਦੇ ਦਿਮਾਗ ਵਿਕਸਤ ਹੋਣ ਤੋਂ ਪਹਿਲਾਂ ਹੀ ਹੱਥਾਂ ਵਿਚ ਫ਼ੋਨ ਆ ਜਾਂਦਾ ਹੈ ਅਤੇ ਉਹ ਉਸਦੇ ਨਾਲ ਹੀ ਵੱਡੇ ਹੋ ਰਹੇ ਹਨ। ਲੋਕਾਂ ਦੇ ਸਾਹਮਣੇ ਜਾਣਕਾਰੀਆਂ ਅਤੇ ਸੂਚਨਾਵਾਂ ਦਾ ਅੰਬਾਰ ਹੈ, ਇੰਨੀਆਂ ਜਾਣਕਾਰੀਆਂ ਜਿੰਨੀਆਂ ਕੋਈ ਇਨਸਾਨੀ ਦਿਮਾਗ ਕਦੇ ਸੰਭਾਲ ਹੀ ਨਹੀਂ ਸਕਦਾ।
ਇਸ ਲਈ ਮੈਨੂੰ ਲੱਗਦਾ ਹੈ ਕਿ ਅਸੀਂ ਇਕ ਵਿਆਪਕ ਮਾਨਸਿਕ ਸਿਹਤ ਸੰਕਟ ਵੱਲ ਵਧ ਰਹੇ ਹਾਂ। ਪਹਿਲਾਂ ਕਿਹਾ ਜਾਂਦਾ ਸੀ ਕਿ ਪਾਗਲਪਨ ਦਾ ਸੰਬੰਧ ਦਿਮਾਗ ਵਿਚ ਸੁਣਾਈ ਦੇਣ ਵਾਲੀਆਂ ਆਵਾਜ਼ਾਂ ਨਾਲ ਹੁੰਦਾ ਹੈ। ਪਰ ਹੁਣ ਹਾਲਤ ਅਜਿਹੀ ਹੈ ਕਿ ਤੁਸੀਂ ਕਦੇ ਇਕੱਲੇ ਹੁੰਦੇ ਹੀ ਨਹੀਂ। ਇਹ ਆਵਾਜ਼ਾਂ, ਇਹ ਸ਼ੋਰ ਹਮੇਸ਼ਾ ਹੀ ਤੁਹਾਡੇ ਨਾਲ ਹੁੰਦਾ ਹੈ।
ਸਵਾਲ: ਸਾਨੂੰ ਉਸ ਟਰੱਸਟ ਬਾਰੇ ਦੱਸੋ, ਜੋ ਤੁਸੀਂ ਪੈਸਾ ਵੰਡਣ ਲਈ ਬਣਾਇਆ। ਤੁਸੀਂ ਉਸ ਕੰਮ ਦੀ ਗੱਲ ਕਰਦੇ ਹੋ, ਜੋ ਕਰਨਾ ਜ਼ਰੂਰੀ ਹੈ ਪਰ ਜਿਸ ਨੂੰ ਵੱਡਾ ਸਰਮਾਇਆ ਫੰਡ ਨਹੀਂ ਦਿੰਦਾ।
ਜਵਾਬ: ਮੈਂ ਕੈਪੀਟਲਿਜ਼ਮ: ਦ ਘੋਸਟ ਸਟੋਰੀ (ਸਰਮਾਏਦਾਰੀ: ਪ੍ਰੇਤ-ਕਥਾ) ਨਾਂ ਦਾ ਲੇਖ ਲਿਖਿਆ ਸੀ। ਉਸ ਵਿਚ ਮੈਂ ਇਹ ਦੱਸਿਆ ਸੀ ਕਿ ਦਾਨ ਦਰਅਸਲ ਉਹ ਢੰਗ ਹੈ ਜਿਸਦੀ ਵਰਤੋਂ ਵੱਡੇ-ਵੱਡੇ ਕਾਰਪੋਰੇਟ ਸਮੂਹ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਕਰਦੇ ਹਨ। ਉਹ ਨਾ ਸਿਰਫ਼ ਪ੍ਰਭਾਵ ਪਾਉਂਦੇ ਹਨ ਬਲਕਿ ਨੀਤੀ ਬਣਾਉਣ ਦੇ ਅਮਲ ਨੂੰ ਆਪਣੇ ਕਬਜ਼ੇ ਵਿਚ ਵੀ ਲੈ ਲੈਂਦੇ ਹਨ। ਇਸ ਲਈ ਇਕ ਮਜ਼ਬੂਤ ਆਲੋਚਨਾ ਅਤੇ ਇਨ੍ਹਾਂ ਕਾਰਪੋਰੇਟ ਸੰਸਥਾਵਾਂ ਪ੍ਰਤੀ ਤਿੱਖਾ ਵਿਰੋਧ ਵਿਕਸਤ ਹੋਇਆ। ਇਹ ਪਤਾ ਸੀ ਕਿ ਉਹ ਅਧਿਕਾਰਾਂ ਨੂੰ ਦਾਨ ਵਿਚ ਬਦਲ ਰਹੇ ਹਨ, ਕਾਰਕੁਨਾਂ ਨੂੰ ਕਰਮਚਾਰੀ ਬਣਾ ਰਹੇ ਹਨ, ਇਹੀ ਸਭ ਹੋ ਰਿਹਾ ਸੀ।
ਜਦੋਂ ਮੈਨੂੰ ਆਪਣੀਆਂ ਕਿਤਾਬਾਂ ‘ਤੋਂ ਮੇਰੀ ਜ਼ਰੂਰਤ ਤੋਂ ਜ਼ਿਆਦਾ ਪੈਸਾ ਆਉਣ ਲੱਗਾ ਤਾਂ ਮੇਰੇ ਮਨ ਵਿਚ ਇਹ ਖਿæਆਲ ਆਇਆ ਕਿ ਲੋਕ ਇਹ ਗੱਲ ਕਹਿ ਹੀ ਨਹੀਂ ਪਾਉਂਦੇ ਕਿ ਮੈਨੂੰ ਐਨੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਮੈਂ ਖੁਸ਼ ਹਾਂ। ਮੈਂ ਕਿਸੇ ਤਰ੍ਹਾਂ ਦਾ ਕੋਈ ਤਿਆਗ ਨਹੀਂ ਕਰ ਰਹੀ। ਮੈਂ ਮਨਪਸੰਦ ਕੱਪੜੇ ਪਾਉਂਦੀ ਹਾਂ, ਮੌਜ-ਮਸਤੀ ਕਰਦੀ ਹਾਂ ਤਾਂ ਫਿਰ ਜੋ ਵਾਧੂ ਹੈ ਉਹ ਹੋਰਾਂ ਨਾਲ ਕਿਉਂ ਨਾ ਵੰਡਾਂ?
ਪਰ ਹੁਣ ਇਹ ਨਾਜ਼ੁਕ ਪ੍ਰਕਿਰਿਆ ਹੋ ਗਈ ਹੈ ਕਿ ਇਸ ਕੰਮ ਨੂੰ ਕੀਤਾ ਕਿਵੇਂ ਜਾਵੇ। ਇਹ ਕਿਵੇਂ ਸਪੱਸ਼ਟ ਕੀਤਾ ਜਾਵੇ ਕਿ ਇਹ ਸਿਆਸੀ ਇਕਮੁੱਠਤਾ ਦਾ ਕਾਰਜ ਹੈ, ਨਾ ਕਿ ਦਾਨ ਜਾਂ ਖ਼ੈਰਾਤ। ਇਹ ਕਿਸੇ ਅਪਰਾਧ-ਬੋਧ ’ਚੋਂ ਕੀਤਾ ਗਿਆ ਕੰਮ ਨਹੀਂ ਹੈ।
ਇਹ ਮੇਰੇ ਬਾਪ ਦਾ ਪੈਸਾ ਨਹੀਂ ਹੈ, ਇਹ ਮੈਂ ਆਪਣੀ ਮਿਹਨਤ ਨਾਲ ਕਮਾਇਆ ਹੈ। ਇਹ ਉਹੀ ਗੱਲ ਹੈ ਜਿਵੇਂ ਕਿ ਸਿਆਸੀ ਚੀਜ਼ਾਂ ਵਿਅਕਤੀਗਤ ਹੁੰਦੀਆਂ ਹਨ ਅਤੇ ਵਿਅਕਤੀਗਤ ਚੀਜ਼ਾਂ ਸਿਆਸੀ।
ਇਸੇ ਸੋਚ ਨਾਲ ਅਸੀਂ ਇਹ ਟਰੱਸਟ ਬਣਾਇਆ– ਉਨ੍ਹਾਂ ਲੋਕਾਂ ਨਾਲ ਮਿਲ ਕੇ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਜਿਨ੍ਹਾਂ ਦੀ ਸਿਆਸੀ ਸਮਝ ਮੇਰੀ ਸਿਆਸੀ ਸਮਝ ਨਾਲ ਮੇਲ ਖਾਂਦੀ ਹੈ। ਇਸਦਾ ਸਾਲਮ ਮਕਸਦ ਇਹੀ ਸੀ ਕਿ ਅਸੀਂ ਕਿਸੇ ਉੱਪਰ ਪੈਸਾ ਨਹੀਂ ਸੁੱਟਾਂਗੇ। ਜੇਕਰ ਕੋਈ ਪਹਿਲਾਂ ਤੋਂ ਕੁਝ ਕੰਮ ਕਰ ਰਿਹਾ ਹੈ ਅਤੇ ਉਸਨੂੰ ਥੋੜ੍ਹਾ ਸਹਾਰਾ ਚਾਹੀਦਾ ਹੈ, ਤਾਂ ਹੀ ਮੱਦਦ ਕਰਾਂਗੇ। ਪਰ ਸਿਰਫ਼ ਪੈਸੇ ਦੇ ਕੇ ਕਿਸੇ ਨੂੰ ਨਵਾਂ ਕੰਮ ਸ਼ੁਰੂ ਕਰਾਉਣ ਦੀ ਗੱਲ ਨਹੀਂ ਸੀ। ਸ਼ਰਤ ਇਹੀ ਸੀ ਕਿ ਉਹ ਵਿਅਕਤੀ ਜਾਂ ਸੰਸਥਾ ਪਹਿਲਾਂ ਤੋਂ ਹੀ ਉਸ ਕੰਮ ਵਿਚ ਲੱਗਿਆ ਹੋਵੇ।
ਦੂਜੀ ਗੱਲ, ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਐੱਨ.ਜੀ.ਓ. ਵਾਲੀ ਮਸ਼ੀਨਰੀ ਚਲਾਉਣੀ ਨਹੀਂ ਆਉਂਦੀ, ਨਾ ਤਜਵੀਜ਼ਾਂ ਲਿਖਣੀਆਂ ਆਉਂਦੀਆਂ ਹਨ, ਨਾ ਅੰਗਰੇਜ਼ੀ ਵਿਚ ਕਾਗਜ਼ ਤਿਆਰ ਕਰਨੇ ਆਉਂਦੇ ਹਨ। ਪਰ ਉਹ ਸਾਰੇ ਲੋਕ ਬਹੁਤ ਚੰਗਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਬਸ ਥੋੜ੍ਹੀ ਜਿਹੀ ਮੱਦਦ ਚਾਹੀਦੀ ਹੈ– ਕਦੇ ਸਫ਼ਰ ਦਾ ਖ਼ਰਚ, ਕਦੇ ਜਿਉਂਦੇ ਰਹਿਣ ਲਈ ਮੱਦਦ।
ਇਹ ਕੋਈ ਆਪਣੇ ਲਈ ਕੀਤਾ ਜਾਣ ਵਾਲਾ ਕੰਮ ਨਹੀਂ ਹੈ। ਇਹ ਜਨਤਾ ਦਾ ਪੈਸਾ ਹੈ, ਅਤੇ ਇਸਨੂੰ ਜ਼ਿੰਮੇਵਾਰੀ ਨਾਲ ਵਰਤਣਾ ਜ਼ਰੂਰੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਲੋਕ– ਲੇਖਕ ਵਗੈਰਾ – ਪੈਸਿਆਂ ਬਾਰੇ ਲਿਖਦੇ ਹੀ ਨਹੀਂ।
ਸਵਾਲ: ਤੁਸੀਂ ਹਿੰਦੂ ਰਾਸ਼ਟਰਵਾਦ ਅਤੇ ਕਾਰਪੋਰੇਟ ਹਿੱਤਾਂ ਦੇ ਮੇਲ ਦੀ ਮਿਸ਼ਰਤ-ਧਾਤ (ਅਲੌਏ) ਬਾਰੇ ਲਿਖਦੇ ਹੋ। ਪਿਛਲੇ 11-12 ਵਰਿ੍ਹਆਂ ਵਿਚ ਇਸਨੇ ਨਾ ਸਿਰਫ਼ ਭਾਰਤ, ਬਲਕਿ ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਕਿਵੇਂ ਘੜਿਆ ਹੈ?
ਜਵਾਬ: ‘ਦ ਡਾਕਟਰ ਐਂਡ ਦ ਸੇਂਟ’ ਵਿਚ ਮੈਂ ਲਿਖਿਆ ਸੀ, ਜੇਕਰ ਤੁਸੀਂ ਜ਼ਰਾ ਕੁ ਗੌਰ ਨਾਲ ਦੇਖੋ ਕਿ ਇਹ ਕਾਰਪੋਰੇਸ਼ਨਾਂ ਕੌਣ ਹਨ ਅਤੇ ਇਹ ਪਰਿਵਾਰ ਕਿਸ ਜਾਤੀ ‘ਚੋਂ ਹਨ…ਤਾਂ ਇਸ ਤੋਂ ਕੀ ਪਤਾ ਲੱਗਦਾ ਹੈ?
ਇਹ ਸਿਰਫ਼ ਹਿੰਦੂ ਰਾਸ਼ਟਰਵਾਦ ਦੀ ਗੱਲ ਨਹੀਂ ਹੈ। ਇਹ ਤਾਂ ਉਸ ਤਰੀਕੇ ਨਾਲ ਜਾਤੀ ਨੂੰ ਆਧੁਨਿਕ ਅਤੇ ਕਾਰਪੋਰੇਟ ਰੂਪ ਵਿਚ ਢਾਲਣ ਜਿਹਾ ਹੈ। ਇਹ ਬਿਲਕੁਲ ਹੈਰਾਨ ਕਰਨ ਵਾਲੀ ਗੱਲ ਹੈ। ਫਿਰ ਤੁਸੀਂ ਜੱਜਾਂ ਨੂੰ ਦੇਖੋ, ਮੀਡੀਆ ਨੂੰ ਦੇਖੋ, ਉਸਦੇ ਮਾਲਕਾਂ ਨੂੰ ਦੇਖੋ – ਸਭ ਮਿਲਾ ਕੇ ਇਹ ਅਜਿਹਾ ਹੈ ਜਿਵੇਂ ਤੁਸੀਂ ਇਕ ਨਸਲਵਾਦੀ (ਅਪਾਰਥਾਈਡ) ਸਮਾਜ ਚਲਾ ਰਹੇ ਹੋ, ਪਰ ਇਹ ਰੰਗਭੇਦ ‘ਤੇ ਆਧਾਰਤ ਨਹੀਂ ਹੈ, ਬਲਕਿ ਕਿਸੇ ਹੋਰ ਕੋਡ ‘ਤੇ ਆਧਾਰਤ ਹੈ। ਇਸਦਾ ਮਕਸਦ ਕੀ ਹੈ? ਇਸਦਾ ਮਕਸਦ ਸਿਰਫ਼ ਏਨਾ ਹੈ ਕਿ ਰਾਸ਼ਟਰਵਾਦ ਦੇ ਭੇਸ ਵਿਚ, ਕੁਝ ਖ਼ਾਸ ਜਾਤੀਆਂ ਦਾ ਸੱਤਾ ਉੱਪਰ ਕਬਜ਼ਾ ਬਰਕਰਾਰ ਰਹੇ। ਅਤੇ ਦੌਲਤ-ਜਾਇਦਾਦ ਹੌਲੀ-ਹੌਲੀ ਹੋਰ ਵੀ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਸਿਮਟਦੀ ਚਲੀ ਜਾਵੇ।
ਸਵਾਲ: ਹਾਲ ਹੀ ਵਿਚ ਤੁਹਾਡੀ ਕਿਤਾਬ ‘ਆਜ਼ਾਦੀ’ ਉੱਤੇ ਕਸ਼ਮੀਰ ਵਿਚ ਪਾਬੰਦੀ ਲਗਾ ਦਿੱਤੀ ਗਈ। ਤੁਹਾਡੇ ਖਿæਲਾਫ਼ ਯੂ.ਏ.ਪੀ.ਏ. ਕਾਨੂੰਨ ਦੇ ਮੁਕੱਦਮੇ ਵੀ ਦਰਜ ਹੋਏ, ਤੁਸੀਂ ਜੇਲ੍ਹ ਵੀ ਗਏ। ਪਰ ਫਿਰ ਵੀ ਤੁਸੀਂ ਕਿਤਾਬ ਵਿਚ ਲਿਖਦੇ ਹੋ ‘ਜਿੰਨਾ ਮੈਨੂੰ ਦੇਸ਼ਦ੍ਰੋਹੀ ਕਹਿ ਕੇ ਸਤਾਇਆ ਗਿਆ, ਉਨਾ ਹੀ ਮੈਨੂੰ ਯਕੀਨ ਹੁੰਦਾ ਗਿਆ ਕਿ ਭਾਰਤ ਹੀ ਉਹ ਜਗ੍ਹਾ ਹੈ ਜਿਸਨੂੰ ਮੈਂ ਪਿਆਰ ਕਰਦੀ ਹਾਂ, ਭਾਰਤ ਹੀ ਮੇਰੀ ਆਪਣੀ ਜਗ੍ਹਾ ਹੈ।’ ਇਸ ‘ਤੇ ਕੀ ਕਹਿਣਾ ਚਾਹੋਗੇ?
ਜਵਾਬ: ਪੱਛਮੀ ਮੁਲਕਾਂ ਵਿਚ ਰਹਿਣ ਵਾਲੇ ਬਹੁਤ ਸਾਰੇ ਲੋਕ ਥੋੜ੍ਹੀ ਜਹੀ ਸਰਪ੍ਰਸਤੀ ਵਾਲੀ ਭਾਵਨਾ ਨਾਲ ਮੈਥੋਂ ਪੁੱਛਦੇ ਹਨ ਕਿ ‘ਤੁਸੀਂ ਇਸ ਜਗ੍ਹਾ ਨੂੰ ਛੱਡ ਕਿਉਂ ਨਹੀਂ ਦਿੰਦੇ? ਜਾਂ ਕੀ ਤੁਸੀਂ ਇਸ ਜਗ੍ਹਾ ਨੂੰ ਛੱਡਣ ਬਾਰੇ ਸੋਚਦੇ ਹੋ?’ ਹੁਣ ਤੁਸੀਂ ਹੀ ਸੋਚੋ ਕਿ ਇਹ ਕਿਹੋ ਜਿਹਾ ਸਵਾਲ ਹੈ? ਉੱਥੇ ਜਾ ਕੇ ਮੈਂ ਕੀ ਕਰਾਂਗੀ? ਇਕ ਚੂਹੇ ਵਾਂਗ ਆਪਣੀ ਜ਼ਿੰਦਗੀ ਗੁਜ਼ਾਰਾਂਗੀ, ਬਿਨਾਂ ਕੁਝ ਕੀਤੇ ਚੁੱਪ-ਚਾਪ ਰਹਾਂਗੀ ਨਾ?
ਇੱਥੇ ਰਹਿ ਕੇ ਤੁਸੀਂ ਘੱਟੋ-ਘੱਟ ਅਜਿਹੀ ਚੀਜ਼ ਲਈ ਲੜ ਰਹੇ ਹੋ ਜਿਸਨੂੰ ਤੁਸੀਂ ਪਿਆਰ ਕਰਦੇ ਹੋ। ਇਸ ਜਗ੍ਹਾ ਬਾਰੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇਨਸਾਨ ਸੱਚਮੁੱਚ ਪਿਆਰ ਕਰਦਾ ਹੈ। ਉਹੀ ਗੁੱਸੇ ਨੂੰ ਊਰਜਾ ਦਿੰਦੀਆਂ ਹਨ। ਅਜਿਹਾ ਨਹੀਂ ਹੈ ਕਿ ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ। ਅਤੇ ਸਾਨੂੰ ਸਭ ਨੂੰ ਚੇਤੇ ਹੈ ਕਿ ਚੰਗੇ ਦਿਨਾਂ ਵਿਚ ਮਾਣ-ਇੱਜ਼ਤ ਦਾ ਕੀ ਮਤਲਬ ਹੁੰਦਾ ਸੀ, ਜੋ ਹੁਣ ਗਾਇਬ ਹੋ ਚੁੱਕਾ ਹੈ। ਇਹ ਹੁਣ ਸਮਾਜਿਕ ਤੌਰ ‘ਤੇ ਵੀ, ਰਾਜਨੀਤਿਕ ਤੌਰ ‘ਤੇ ਵੀ ਗਾਇਬ ਹੋ ਚੁੱਕਾ ਹੈ। ਹੁਣ ਲੋਕ ਬਿਨਾਂ ਵਜ੍ਹਾ ਚੌੜੇ ਹੋ ਕੇ ਘੁੰਮਦੇ ਫਿਰਦੇ ਹਨ ਅਤੇ ਇਹ ਬੇਹੱਦ ਸ਼ਰਮਨਾਕ ਹੈ। ਮੈਨੂੰ ਕਿਸੇ ਤਰ੍ਹਾਂ ਦਾ ਕੋਈ ਰਾਸ਼ਟਰੀ ਮਾਣ ਨਹੀਂ ਹੈ। ਜਦ ਤੱਕ ਕੋਈ ਮੈਨੂੰ ਇਹ ਨਾ ਦੱਸ ਦੇਵੇ ਕਿ ਆਖਿæਰਕਾਰ ਮੈਨੂੰ ਕਿਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ। ਮੈਨੂੰ ਇਸ ਜਗ੍ਹਾ ਨਾਲ ਬਹੁਤ ਪਿਆਰ ਹੈ, ਪਰ ਕੌਮੀ ਮਾਣ ਵਰਗੀ ਕੋਈ ਭਾਵਨਾ ਮੇਰੇ ਅੰਦਰ ਨਹੀਂ ਹੈ। ‘ਦ ਹਿੰਦੂ’ ਦੇ ਧੰਨਵਾਦ ਸਹਿਤ॥