ਗੁਲਜ਼ਾਰ ਸਿੰਘ ਸੰਧੂ
ਨਿੱਕ-ਸੁੱਕ ਦੇ ਪਾਠਕਾਂ ਲਈ ਇਹ ਖ਼ਬਰ ਨਵੀਂ ਹੋ ਸਕਦੀ ਹੈ ਕਿ ਪਹਿਲੀ ਸਤੰਬਰ 2025 ਤੋਂ ਇੰਡੀਆ ਪੋਸਟ ਦੀ ਰਜਿਸਟਰਡ ਡਾਕ ਸੇਵਾ ਰਸਮੀ ਤੌਰ `ਤੇ ਬੰਦ ਕੀਤੀ ਜਾ ਰਹੀ ਹੈ| ਕੋਈ ਸਮਾਂ ਸੀ ਡਾਕੀਆ ਸਿਰਫ ਸੁਨੇਹਾ ਨਹੀਂ ਸੀ ਪਹੁੰਚਾਉਂਦਾ ਸਗੋਂ ਘਰ ਦੇ ਜਾਣ-ਪਛਾਣ ਮੈਂਬਰਾਂ ਵਾਂਗ ਹੁੰਦਾ ਸੀ| ਘਰਾਂ ਵਾਲੇ ਉਸਦੀ ਆਵਾਜ਼, ਉਸਦੀ ਸਾਈਕਲ ਘੰਟੀ ਦਾ ਟੁਣਕਣ ਤੇ ਉਸਦੇ ਥੈਲੇ ਵਿਚ ਕੈਦ ਲਫਾਫੇ ਨੂੰ ਉਤਸ਼ਾਹ ਨਾਲ ਉਡੀਕਦੇ ਸਨ|
ਅੱਜ ਦੀ ਤਕਨੀਕੀ ਉੱਨਤੀ ਨਾਲ ਜੁੜੇ ਸੋਸ਼ਲ ਮੀਡੀਆ, ਮੋਬਾਈਲ ਫੋਨਾਂ ਤੇ ਇੰਟਰਨੈੱਟ ਦੇ ਰਵਾਇਤੀ ਡਾਕ ਸੇਵਾ ਨੂੰ ਖਤਮ ਕਰ ਦਿੱਤਾ ਹੈ| ਪਿੰਡਾਂ ਦੇ ਕਾਸ਼ਤਕਾਰ ਤੇ ਕਾਮੇ ਹਲ ਵਾਹੁੰਦੇ ਹੋਣ ਜਾਂ ਸਾਈਕਲ ਸਵਾਰ, ਮੋਬਾਈਲ ਫੋਨ ਉਨ੍ਹਾਂ ਦੀ ਜੇਬ ਵਿਚ ਹੁੰਦਾ ਹੈ| ਇਹ ਤੇ ਇਹੋ ਜਿਹੀਆਂ ਹੋਰ ਸੇਵਾਵਾਂ ਨੇ ਬੰਦੇ ਨੂੰ ਬੰਦੇ ਤੋਂ ਏਨਾ ਦੂਰ ਕਰ ਦਿੱਤਾ ਹੈ ਕਿ ਇੱਕੋ ਘਰ ਵਿਚ ਰਹਿੰਦੇ ਮਾਪੇ ਆਪਣੇ ਬੱਚਿਆਂ ਨਾਲ ਗੱਲ ਕਰਨ ਵੇਲੇ ਬਿਜਲਈ ਯੰਤਰਾਂ ਦਾ ਸਹਾਰਾ ਲੈਂਦੇ ਹਨ| ਇਸ ਨੇ ਸਾਡੀਆਂ ਭਾਵਨਾਵਾਂ ਤੇ ਸਾਂਝਾਂ ਨੂੰ ਸੱਟ ਮਾਰੀ ਹੈ|
ਇਹ ਵੀ ਸੱਚ ਹੈ ਕਿ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਇਹ ਤਰੱਕੀ ਹਜ਼ਮ ਨਹੀਂ ਹੋ ਰਹੀ ਪਰ ਇਹ ਗੱਲ ਵੀ ਕਿਸੇ ਨੂੰ ਭੁੱਲੀ ਹੋਈ ਨਹੀਂ ਕਿ ਤੇਜ਼ੀ ਨਾਲ ਬਦਲਦੀਆਂ ਸਥਿਤੀਆਂ ਦੇ ਹਾਣੀ ਹੋਣ ਵਾਸਤੇ ਇਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ| ਸਾਨੂੰ ਚਾਹੀਦਾ ਹੈ ਕਿ ਅਸੀਂ ਨਵੀਨਤਾ ਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਤੇ ਪੁਰਾਤਨਤਾ ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕਰੀਏ!
ਜੇ ਨਵੀਂ ਤਕਨੀਕ ਦੀਆਂ ਬਰਕਤਾਂ ਦੀ ਪੁਸ਼ਟੀ ਕਰਨੀ ਹੋਵੇ ਤਾਂ ਦੱਸ ਸਕਦਾ ਹਾਂ ਕਿ ਉਪਰੋਕਤ ਜਾਣਕਾਰੀ ਚੰਡੀਗੜ੍ਹ ਬੈਠੇ ਇਸ ਲੇਖਕ ਕੋਲ ਹਿਸਾਰ ਦੀ ਨੌਜਵਾਨ ਬੀਬੀ ਪ੍ਰਿਯੰਕਾ ਸੌਰਭ ਰਾਹੀਂ ਪਹੁੰਚੀ ਹੈ| ਮਹੀਨਿਆਂ ਜਾਂ ਹਫਤਿਆਂ ਵਿਚ ਨਹੀਂ, ਕੁਝ ਘੰਟਿਆਂ ਦਾ ਸਫ਼ਰ ਕਰਕੇ| ਜ਼ਿੰਦਾਬਾਦ!
ਉਦੇ ਪ੍ਰਤਾਪ ਸੰਧੂ ਦਾ ਫਿਲਮ ਜਗਤ
ਮੈਨੂੰ ਫਿਲਮੀ ਦੁਨੀਆਂ ਵਿਚ ਦਿਲਚਸਪੀ ਨਹੀਂ| ਫ਼ਿਲਮਾਂ ਵੀ ਕਦੀ ਕਦਾਈਂ ਦੇਖਦਾ ਹਾਂ| 2-3 ਵਾਰ ਇੰਟਰਵਲ ਹੁੰਦਿਆਂ ਘਰ ਪਰਤਦਾ ਰਿਹਾ ਹਾਂ| ਕਦੀ ਸੋਚਿਆ ਹੀ ਨਹੀਂ ਸੀ ਕਿ ਸਾਡੇ ਪਰਿਵਾਰ ਦਾ ਉਦੇ ਪ੍ਰਤਾਪ ਸਿੰਘ ਸੰਧੂ ਅਮਰੀਕਨ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਕੇ ਫਿਲਮਾਂ ਦੇ ਡਾਇਲਾਗ ਲਿਖਣ ਲੱਗੇਂਗਾ| ‘ਕਿੱਸਾ ਪੰਜਾਬ’ ਤੇ ਤਿੰਨ ਹੋਰ ਫਿਲਮਾਂ ਦੇ ਡਾਇਲਾਗ ਲਿਖਣ ਤੋਂ ਪਿੱਛੋਂ ਉਸ ਨੇ ਵੱਡੀ ਮੱਲ ਮਾਰੀ ਤੇ ‘ਦਿਲ ਦੀਆਂ ਗੱਲਾਂ’ ਦੀ ਕਹਾਣੀ ਲਿਖ ਕੇ ਖ਼ੁਦ ਹੀ ਇਸਦੇ ਡਾਇਲਾਗ ਲਿਖਣ ਵਿਚ ਰੁਝ ਗਿਆ|
ਮੈਂ ਉਸਦੀ ਫ਼ਿਲਮ ‘ਸ਼ਾਇਰ’ ਵੇਖੀ ਹੈ| ਕਾਰਨ ਇਹ ਕਿ ਉਸ ਵਿਚ ਮੇਰੇ ਜੱਦੀ ਪੁਸ਼ਤੀ ਪਿੰਡਾਂ ਵੱਲ ਦੇ ਦੇਬੀ ਮਕਸੂਸਪੁਰੀ ਨੇ ਭਾਗ ਲਿਆ ਸੀ| ਫ਼ਿਲਮ ਵਧੀਆ ਸੀ ਪਰ ਮੈਂ ਕਦੀ ਨਹੀਂ ਸੀ ਸੋਚਿਆ ਕਿ ਇਕ ਦਿਨ ਇਸਦੀ ਢੁਕਵੀਂ ਡਾਇਰੈਕਸ਼ਨ ਸਦਕਾ ਇਸਨੂੰ ਫਿਲਮਫੇਅਰ ਐਵਾਰਡ ਨਾਲ ਨਿਵਾਜਿਆ ਜਾਵੇਗਾ| ਇਹ ਉਦੇ ਪ੍ਰਤਾਪ ਦੀ ਅਠਵੀਂ ਫਿਲਮ ਹੈ| ਸਵਾਗਤ ਹੈ ਤੇ ਵਧਾਈਆਂ|
ਸਭਿਆਚਾਰਕ ਤਾਣਾ ਪੇਟਾਂ ਜਾਨਣ ਦੀ ਲੋੜ
1956 ਵਿਚ ਪੰਜਾਬੀ ਕਲਚਰ ਦਾ ਸ਼ਾਹਜਹਾਂ ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਰੰਧਾਵਾ ਨੇ ‘ਪੰਜਾਬ’ ਨਾਂ ਦੀ ਪੁਸਤਕ ਤਿਆਰ ਕਰਨੀ ਸੀ| ਉਸਨੇ ਮੁੱਖ ਮੰਤਰੀ, ਪ੍ਰਤਾਪ ਸਿੰਘ ਕੈਰੋਂ ਤੋਂ ਸਹਾਇਤਾ ਮੰਗੀ ਤਾਂ ਪੰਜਾਬ ਦੇ ਭਾਸ਼ਾ ਵਿਭਾਗ ਦਾ ਸਾਰਾ ਅਮਲਾ ਪਟਿਆਲਾ ਤੋਂ ਕੂਚ ਕਰਕੇ ਰੰਧਾਵਾ ਦੇ ਦਿੱਲੀ ਵਾਲੇ ਦਫਤਰ ਹਾਜ਼ਰ ਹੋ ਗਿਆ| ਕਿਹੜਾ ਕਾਂਡ ਕਿਹੜੇ ਲੇਖਕ ਤੋਂ ਲਿਖਵਾਉਣਾ ਹੈ ਇਸਦਾ ਵੇਰਵਾ ਉਨ੍ਹਾਂ ਨੇ ਤਿਆਰ ਕਰਕੇ ਲਿਆਂਦਾ ਸੀ| ਜਦ ਪੰਜਾਬ ਦੇ ਰਸਮ ਰਿਵਾਜ ਵਾਲੇ ਕਾਂਡ ਦੀ ਗੱਲ ਚੱਲੀ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ| ਰੰਧਾਵਾ ਨੇ ਇਹ ਕਾਂਡ ਲਿਖਣ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਅਤੇ ਮੈਨੂੰ ਆਪਣੇ ਨਾਨਕਿਆਂ ਦਾ ਦਾਦਕਿਆਂ ਤੋਂ ਪਛਾਣ ਦੇ ਆਦੇਸ਼ ਦੇ ਕੇ ਇਹ ਵੀ ਕਿਹਾ ਕਿ ਮੈਨੂੰ ਹਰਿਆਣਾ, ਹਿਮਾਚਲ, ਤੇ ਪੰਜਾਬ (ਓਦੋਂ ਪੰਜਾਬ ਸੂਬੇ ਨੂੰ ਫਲ ਨਹੀਂ ਸੀ ਪਿਆ) ਦੌਰਾ ਕਰਨ ਪਵੇ ਤਾਂ ਲੋੜੀਂਦਾ ਖਰਚਾ ਭਾਰਤੀ ਖੇਤੀਬਾੜੀ ਖੋਜ ਕਾਊਂਸਲ ਦੇਵੇਗੀ|
ਐਮ ਐਸ ਰੰਧਾਵਾ ਕਾਊਂਸਲ ਦੇ ਮੁਖੀ ਸਨ ਤੇ ਮੈਂ ਇਸਦੀਆਂ ਪੰਜਾਬੀ ਪ੍ਰਕਾਸ਼ਨਾਵਾਂ ਦਾ ਇੰਚਾਰਜ| ਪੁਸਤਕ ਦੇ ਬਾਕੀ ਕਾਂਡ ਲਿਖਣ ਲਈ ਮੁਲਕ ਰਾਜ ਆਨੰਦ ਤੇ ਡਾ. ਗੰਡਾ ਸਿੰਘ, ਵਰਗੇ ਇੱਕ ਦਰਜਨ ਮਹਾਰਥੀਆਂ ਦੇ ਨਾਂ ਵੀ ਪ੍ਰਵਾਨ ਕੀਤੇ ਗਏ| ਮੈਂ ਰਸਮ ਰਿਵਾਜ ਵਾਲਾ ਕਾਂਡ ਲਿਖਣ ਲਈ ਦੌਰੇ ਵੀ ਕੀਤੇ, ਸੈਂਕੜੇ ਡਿਸਟਰਿਕਟ ਗੈਜ਼ਟੀਅਰ ਤੇ ਪੁਸਤਕਾਂ ਵੀ ਪੜ੍ਹੀਆਂ ਅਤੇ ਅਨੇਕਾਂ ਮਾਈਆਂ ਬੀਬੀਆਂ ਤੇ ਬਜ਼ੁਰਗਾਂ ਤੋਂ ਪੁੱਛ-ਗਿਛ ਵੀ ਕੀਤੀ, ਜਿਸਨੂੰ ਠੀਕ ਬੂਰ ਪਿਆ ਤੇ ਮੇਰਾ ਲਿਖਿਆ ਕਾਂਡ ਖੂਬ ਸਲਾਹਿਆ ਗਿਆ|
